ਬਰੇਟਾ
ਸਥਿਤੀ :
ਬਰੇਟਾ ਜ਼ਿਲ੍ਹਾ ਮਾਨਸਾ ਦੀ ਸਬ ਤਹਿਸੀਲ ਹੈ। ਬੁੱਢਲਾਡਾ-ਜਾਖਲ ਸੜਕ ਤੇ ਸਥਿਤ ਹੈ। ਬੁੱਢਲਾਡਾ ਤੋਂ ਇਸ ਦੀ ਦੂਰੀ 15 ਕਿਲੋਮੀਟਰ ਹੈ ਅਤੇ ਜਾਖਲ ਤੋਂ 14 ਕਿਲੋਮੀਟਰ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਬਰੇਟਾ ਕੋਈ ਸਵਾ ਛੇ ਸੌ ਸਾਲ ਪੁਰਾਣਾ ਪਿੰਡ ਹੈ। ਇਸ ਪਿੰਡ ਦਾ ਵਿਕਾਸ ਇੱਥੋਂ 2 ਮੀਲ ਦੂਰ ਪਿੰਡ ਜਲਵੇੜਾ ਤੋਂ ਹੋਇਆ। ਉਸ ਜ਼ਮਾਨੇ ਵਿੱਚ ਜਲਵੇੜਾ ਦਾ ਜੱਲਾ ਰੰਗੜ ਇਸ ਇਲਾਕੇ ਦਾ ਚੌਧਰੀ ਸੀ। ਜ਼ਿਲ੍ਹਾ ਗੰਗਾ ਨਗਰ (ਰਾਜਸਥਾਨ) ਦੇ ਪਿੰਡ ਦਦਰੇੜਾ ਤੋਂ ਆਏ ਇੱਕ ਸੂਰਜਵੰਸੀ ਚੌਹਾਨ, ਅਗਨੀਕੁਲ ਦੇ ਕੁੱਝ ਬੰਦਿਆਂ ਨੇ ਇਸ ਜੱਲਾ ਰੰਗੜ ਪਾਸ ਬਤੌਰ ਕਾਰਮੁਖਤਿਆਰ ਆ ਕੇ ਨੌਕਰੀ ਕੀਤੀ ਜੋ ਕਿ ਤਿੰਨ ਪੁਸ਼ਤਾਂ ਤੱਕ ਚਲਦੀ ਰਹੀ। ਜੱਲੇ ਰੰਗੜ ਪਾਸ ਕਾਫੀ ਲੰਬਾ ਚੌੜਾ ਇਲਾਕਾ ਸੀ। ਬਾਅਦ ਵਿੱਚ ਸੂਰਜਵੰਸ਼ੀ ਚੌਹਾਨਾਂ ਨੇ ਦਿੱਲੀ ਦਰਬਾਰ ਨਾਲ ਸਾਂਢ-ਗਾਂਢ ਕਰ ਲਈ। ਉਹ ਇਸ ਇਲਾਕੇ ਦਾ ਟੈਕਸ ਵਗੈਰਾ ਆਪਣੇ ਨਾ ਹੇਠ ਭਰਣ ਲੱਗੇ ਅਤੇ ਹਰ ਸਾਲ ਤੋਹਫ਼ੇ, ਨਜ਼ਰਾਨੇ ਪੇਸ਼ ਕਰਕੇ ਜ਼ਮੀਨ ਚੌਹਾਨਾਂ ਦੇ ਨਾਂ ਹੇਠ ਕਰਵਾ ਲਈ।
‘ਬਰੇਟਾ’ ਨਾਂ ‘ਬੜ-ਬੇਟਾ’ ਤੋਂ ਪਿਆ ਹੈ। ਇਹ ਰਾਜਪੂਤ ਮੁਜਾਰੇ ਦਾ ਪੁੱਤਰ ਸੀ। ਇਹ ਤਲਵਾਰ ਦਾ ਧਨੀ, ਮਸ਼ਹੂਰ ਪਹਿਲਵਾਨ ਤੇ ਬਹਾਦਰ ਰਾਜਪੂਤ ਸੀ। ਉਸ ਨੇ ਬਹਾਦਰੀ ਨਾਲ 13,000 ਏਕੜ ਭੂਮੀ ਤੇ ਕਬਜ਼ਾ ਕੀਤਾ ਜਿਸ ਤੇ ਇਹ ਪਿੰਡ ਬਰੇਟਾ ਵਿੱਚੋਂ ਤਿੰਨ ਹੋਰ ਪਿੰਡ ਵਸੇ ਜਿਵੇਂ ਕਿ ਬਹਾਦਰਗੜ੍ਹ, ਡੂਡੀਆਂ ਅਤੇ ਦਿਆਲਪੁਰ। ਇਸ ਤਰ੍ਹਾਂ ਜਲਵੇੜਾ ਸਮੇਤ ਪੰਜੇ ਪਿੰਡਾਂ ਦਾ ਗੋਤ ਚੌਹਾਨ ਹੈ।
ਇਸ ਪਿੰਡ ਵਿੱਚ ਕਈ ਸਦੀਆਂ ਪੁਰਾਣਾ ਟੋਭਾ ਹੈ ਜਿਸ ਨੂੰ ‘ਬੀਬੜੀਆਂ ਵਾਲਾ ਟੋਭਾ’ ਕਿਹਾ ਜਾਂਦਾ ਹੈ। ਇਸ ਦੀ ਬੜੀ ਮਾਨਤਾ ਹੈ। ਔਰਤਾਂ ਆ ਕੇ ਇਸ ਟੋਭੇ ਵਿੱਚੋਂ ਮਿੱਟੀ ਕੱਢਦੀਆਂ ਹਨ ਤੇ ਸੁੱਖਾ ਮੰਗਦੀਆਂ ਹਨ। ਇੱਕ ਦੋ ਸਦੀਆਂ ਪੁਰਾਣੀ ਬਾਬਾ ਜੰਗਲੀ ਸ਼ਾਹ ਦੀ ਸਮਾਧ ਹੈ। ਇਸ ਮੁਸਲਮਾਨ ਪੀਰ ਦੀ ਸਮਾਧ ਦੀ ਬੜੀ ਮਾਨਤਾ ਹੈ।
ਬਰੇਟਾ ਵਿੱਚ ਇੱਕ ਬੜੇ ਸਿੱਧ ਮਹਾਤਮਾ ਬਾਬਾ ਗੁਲਾਬ ਪੁਰੀ ਹੋਏ ਹਨ। ਇਨ੍ਹਾਂ ਨੇ ਆਪਣੀਆਂ ਰਿਧੀਆਂ-ਸਿੱਧੀਆਂ ਨਾਲ ਮਹਾਰਾਜਾ ਕਰਮ ਸਿੰਘ ਪਟਿਆਲਾ ਨੂੰ ਇਤਨਾ ਪ੍ਰਭਾਵਿਤ ਕੀਤਾ ਸੀ ਕਿ ਉਨ੍ਹਾਂ ਨੇ ਡੇਰੇ ਨੂੰ 320 ਵਿੱਘਾ ਜ਼ਮੀਨ ਦਾਨ ਵਜੋਂ ਦਿੱਤੀ। ਪਿੰਡ ਵਾਸੀਆਂ ਨੂੰ ਗੁੱਗੇ ਦੀ ਮਾੜੀ ਵਿੱਚ ਬੜੀ ਸ਼ਰਧਾ ਹੈ। ਇਸ ਪਿੰਡ ਵਿੱਚ ਦੋ ਗੁਰਦੁਆਰੇ ਤੇ ਤਿੰਨ ਮੰਦਿਰ ਹਨ। ਲੋਕ ਆਮ ਤੌਰ ਤੇ ਸਨਾਤਨੀ ਖਿਆਲਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ