ਬਹਾਦਰਪੁਰ
ਸਥਿਤੀ :
ਤਹਿਸੀਲ ਬੁੱਢਲਾਡਾ ਦਾ ਪਿੰਡ ਬਹਾਦਰਪੁਰ, ਬੁੱਢਲਾਡਾ – ਜਾਖਲ ਸੜਕ ਤੋਂ 1 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਲ ਬਰੇਟਾ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਵਾ ਛੇ ਸੌ ਸਾਲ ਪਹਿਲਾਂ ਇੱਕ ਅਲੀਆ ਬਹਾਦਰ ਨਾਮੀ ਆਦਮੀ ਨੇ ਵਸਾਇਆ ਜੋ ਬਰੇਟਾ ਤੋਂ ਸ਼ਿਕਾਰ ਖੇਡਣ ਇਸ ਪਿੰਡ ਵਾਲੀ ਥਾਂ ਤੇ ਆਇਆ ਉਸਨੇ ਵੇਖਿਆ ਕਿ ਇੱਕ ਸ਼ੇਰ ਇੱਥੋਂ ਦੇ ਇੱਕ ਭੇਡਾਂ ਦੇ ਵਾੜੇ ਵਿੱਚੋਂ ਬੱਚਾ ਚੁੱਕਣਾ ਚਾਹੁੰਦਾ ਸੀ। ਪਰ ਭੇਡਾਂ ਨੇ ਉਸ ਦਾ ਪੂਰਾ ਮੁਕਾਬਲਾ ਕੀਤਾ ਤੇ ਸ਼ੇਰ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ, ਅੰਤ ਵਿੱਚ ਸ਼ੇਰ ਨੱਸ ਗਿਆ। ਇਸ ਦ੍ਰਿਸ਼ ਨੂੰ ਵੇਖ ਕੇ ਰਾਜਪੂਤ ਅਲੀਆ ਬਹਾਦਰ ਨੇ ਸੋਚਿਆ ਕਿ ਜੇ ਇੱਥੇ ਦੇ ਜਾਨਵਰ ਇਤਨੀ ਤਾਕਤ ਰੱਖਦੇ ਹਨ ਤੇ ਬਹਾਦਰ ਹਨ ਤਾਂ ਇੱਥੇ ਜੇ ਪਿੰਡ ਵਸਾਇਆ ਜਾਵੇ ਤਾਂ ਇੱਥੋਂ ਦੇ ਲੋਕ ਵੀ ਬਹਾਦਰ ਹੋਣਗੇ। ਇਹ ਸੋਚ ਕੇ ਉਸਨੇ ਪਿੰਡ ਦੀ ਮੋੜ੍ਹੀ ਗੱਡ ਦਿੱਤੀ ਅਤੇ ਪਿੰਡ ਦਾ ਨਾਂ ‘ਬਹਾਦਰਪੁਰ’ ਰੱਖ ਦਿੱਤਾ।
ਅਲੀਆ ਬਹਾਦਰ ਰਾਜਸਥਾਨ ਦੇ ਪਿੰਡ ਦਦਰੇੜਾ ਤੋਂ ਸੀ। ਉਸਦੇ ਖਾਨਦਾਨ ਦੇ ਕੁੱਝ ਲੋਕਾਂ ਨੇ ਨਾਲ ਦੇ ਪਿੰਡ ਜਲਵੇੜਾ ਵਿਖੇ ਜੱਲੇ ਰੰਘੜ ਦੀ ਨੌਕਰੀ ਕੀਤੀ। ਬਾਅਦ ਵਿੱਚ ਉਸਦੇ ਖਾਨਦਾਨ ਦੇ 5 ਪਿੰਡ ਵੱਸੇ ਜਿਵੇਂ ਜਲਵੇੜਾ, ਬਰੇਟਾ, ਦਿਆਲਪੁਰਾ, ਡੂਡੀਆ ਤੇ ਬਹਾਦਰਪੁਰ। ਇਨ੍ਹਾਂ ਪੰਜਾਂ ਦਾ ਮੁੱਢਲਾ ਖਾਨਦਾਨ ਤੇ ਗੋਤ ਇੱਕੋ ਹੈ। ਇਨ੍ਹਾਂ ਨੂੰ ਸੂਰਜਬੰਸੀ ਅਗਨੀਕੁਲ ਰਾਜਪੂਤ ‘ਚੌਹਾਨ’ ਕਿਹਾ ਜਾਂਦਾ ਹੈ।
ਸਤ੍ਹਾਰਵੀ ਸਦੀ ਵਿੱਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਦੇ ਮੀਲ ਦੂਰ ਪਿੰਡ ਅਕਬਰਪੁਰ ਖੁਡਾਲ ਵਿਖੇ ਆਪਣੇ ਸਿੰਘ ਭਾਈ ਗੁਲਾਬ ਦਾਸ ਸੁਨਿਆਰੇ ਨੂੰ। ਮੁਕਤ ਕਰਾਉਣ ਸਮੇਂ (ਜਿਸ ਨੂੰ ਨਵਾਬ ਨੇ ਖੁਡਾਲ ਪਿੰਡ ਵਿੱਚ ਭੋਰੇ ਵਿੱਚ ਬੰਦ ਕਰ ਕੇ ਉੱਪਰ ਪੱਥਰ ਰੱਖਿਆ ਹੋਇਆ ਸੀ) ਆਏ ਅਤੇ ਗੁਲਾਬ ਦਾਸ ਨੂੰ ਮੁਕਤ ਕਰਵਾ ਕੇ ਵਾਪਸ ਜਾਂਦੇ ਸਮੇਂ ਇਸੇ ਪਿੰਡ ਬਹਾਦਰਪੁਰ ਵਿੱਚ ਇੱਕ ਜੰਡ ਹੇਠਾਂ ਬੈਠ ਕੇ ਕੁੱਝ ਸਮਾਂ ਆਰਾਮ ਕੀਤਾ, ਇੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਕੋਲੋਂ ਇੱਕ ਨਿਸ਼ਾਨ ਸਾਹਿਬ ਗੱਡਵਾਇਆ। ਇਸ ਥਾਂ ਤੇ ਅੱਜਕੱਲ੍ਹ ਗੁਰਦੁਆਰਾ ਜੰਡ ਸਰ ਬਣਿਆ ਹੈ, ਉਹ ਜੰਡ ਹੁਣ ਵੀ ਹਰਾ ਭਰਾ ਹੈ ਇਸ ਗੁਰਦੁਆਰੇ ਪ੍ਰਤੀ ਲੋਕਾਂ ਦੀ ਬੜੀ ਮਾਨਤਾ ਹੈ ਹਰ ਮਹੀਨੇ ਚਾਨਣੇ ਪੱਖ ਦੀ ਦਸਵੀਂ ਨੂੰ ਇੱਥੇ ਭਾਰੀ ਇਕੱਠ ਹੁੰਦਾ ਹੈ ਤੇ ਸੁੱਖਾਂ ਪੂਰੀਆਂ ਜਾਂਦੀਆਂ ਹਨ। ਤਿੰਨ ਮੰਜ਼ਲਾ ਗੁਰਦੁਆਰਾ ਪਿੰਡ ਦੇ ਵਿਚਕਾਰ ਹੈ। ਇੱਥੇ ਇੱਕ ਬੁੱਢੀ ਮਾਤਾ ਦਾ ਸਥਾਨ ਵੀ ਹੈ ਜਿਸ ਤੇ ਹਰ ਸਾਲ ਚੇਤ ਦੇ ਮਹੀਨੇ ਦੇ ਚਾਨਣੇ ਪੱਖ ਦੇ ਬੁੱਧਵਾਰ ਪੂੜੇ ਤੇ ਸ਼ੱਕਰ ਨਾਲ ਮੱਥਾ ਟੇਕਿਆ। ਜਾਂਦਾ ਹੈ। ਮੁੰਡਾ ਜੰਮਣ ਦੀ ਝੰਡ ਤੇ ਨਵੇਂ ਵਿਆਹੇ ਜੋੜੇ ਦੀ ਸੁੱਖ ਪੂਰੀ ਜਾਂਦੀ ਹੈ।
ਇਸ ਪਿੰਡ ਵਿੱਚ ਕਈ ਨਾਮੀ ਪਹਿਲਵਾਨ ਹੋਏ ਹਨ, ਮੇਹਰ ਸਿੰਘ, ਸੁਰਜਨ ਸਿੰਘ, ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ਅਖਾੜੇ ਦੇ ਪਹਿਲਵਾਨ ਰਹੇ। ਸ. ਨੰਦ ਸਿੰਘ ਜਿਸ ਨੂੰ 1945 ਦੀ ਬਰਮਾ ਦੀ ਲੜਾਈ ਵਿੱਚ ਬਹਾਦਰੀ ਲਈ ਵਿਕਟੋਰੀਆ ਕਰਾਸ ਮਿਲਿਆ ਇਸੇ ਪਿੰਡ ਦਾ ਜੰਮਪਲ ਸੀ। ਇਹ ਬਹਾਦਰ 12 ਦਸੰਬਰ 1947 ਨੂੰ ਜੰਮੂ ਕਸ਼ਮੀਰ ਵਿਖੇ ਵੀਰਤਾ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਭਾਰਤ ਸਰਕਾਰ ਨੇ ਮਰਨ ਉਪਰੰਤ ਇਸ ਨੂੰ ਮਹਾਵੀਰ ਚੱਕਰ ਪ੍ਰਦਾਨ ਕੀਤਾ। ਇਸੇ ਬਹਾਦਰ ਦੇ ਨਾਂ ਤੇ 1956 ਵਿੱਚ ਮੇਰਠ ਦੀ ਛਾਉਣੀ ਵਿੱਚ ਸਟੇਡੀਅਮ ਕਾਇਮ ਕੀਤਾ ਗਿਆ ਜਿਸ ਨੇ ਦੋ ਸਰਵਉੱਚ ਸਨਮਾਨ ਪ੍ਰਾਪਤ ਕੀਤੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ