ਬਹਿਬਲ ਕਲਾਂ
ਸਥਿਤੀ :
ਤਹਿਸੀਲ ਜੈਤੋਂ ਦਾ ਪਿੰਡ ਬਹਿਬਲ ਕਲਾਂ, ਫਰੀਦਕੋਟ – ਬਾਜਾਖਾਨਾ – ਬਠਿੰਡਾ ਸੜਕ ਤੋਂ 5 ਕਿਲੋਮੀਟਰ ਦੂਰ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹਿਬਲ ਨਾਂ ਦੇ ਸਿੱਧੂ – ਬਰਾੜਾਂ ਦੇ ਬਜ਼ੁਰਗਾਂ ਨੇ ਬੱਧਾ। ਪਿੰਡ ਦੇ ਬੱਝਣ ਦੇ ਸਮੇਂ ਦਾ ਪਤਾ ਨਹੀਂ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਧਰਤੀ ਦੇ ਆਉਣ ਤੋਂ ਪਹਿਲਾਂ ਇਹ ਪਿੰਡ ਵੱਸਿਆ ਹੋਇਆ ਸੀ। ਜਦ ਸਿੱਧੂ ਇੱਥੇ ਟਿੱਕ ਗਏ ਤਾਂ ਉਹਨਾਂ ਨੇ ਭੋਤਨਾਂ ਤੋਂ ਸੇਖੋਂ ਗੋਤ ਦੇ ਜ਼ਿਮੀਦਾਰਾਂ ਨੂੰ ਅੱਧੀ ਜ਼ਮੀਨ ਦੇ ਕੇ ਇੱਥੇ ਵਸਾਇਆ। ਪਿੰਡ ਵਿੱਚ ਹਾਲੇ ਵੀ ਬਹਿਬਲ ਤੇ ਭੋਤਨਾਂ ਦੇ ਨਾਂ ਤੇ ਦੋ ਪੱਤੀਆਂ ਹਨ।
ਗੁਰੂ ਗੋਬਿੰਦ ਸਿੰਘ ਜੀ ਚਾਲੀ ਸਿੰਘਾਂ ਦੇ ਬੇਦਾਵਾ ਦੇ ਜਾਣ ਪਿਛੋਂ, ਆਪਣੇ ਭਗਤ ਕਪੂਰੇ ਪਾਸੋਂ ਕਿਸੇ ਮਦਦ ਤੋਂ ਕੋਰਾ ਜੁਆਬ ਲੈ ਕੇ ਆਪਣੇ ਮੁੱਠੀ ਭਰ ਮਰਜੀਵੜੇ ਸਿੰਘਾਂ: ਨਾਲ ਇਸ ਇਲਾਕੇ ਵਿੱਚ ਆਏ। ਉਹਨੀਂ ਦਿਨੀ ਕਾਲ ਪਿਆ ਹੋਣ ਦੇ ਬਾਵਜੂਦ ਬਹਿਬਲ ਅਤੇ ਆਸ ਪਾਸ ਦੀਆਂ ਸੰਗਤਾਂ ਨੇ ਗੁਰੂ ਜੀ ਅਤੇ ਉਹਨਾਂ ਦੇ ਸਿੰਘਾਂ ਦੀ ਯਥਾ-ਸ਼ਕਤੀ ਸੇਵਾ ਕੀਤੀ। ਆਪੋ ਆਪਣੇ ਘਰੀਂ ਸਿੰਘਾਂ ਨੂੰ ਵੰਡ ਕੇ ਲੈ ਗਏ ਅਤੇ ਜਲ ਪਾਣੀ ਛਕਾਇਆ। ਗੁਰੂ ਜੀ ਅਜਿਹੇ ਕਠਿਨ ਸਮੇਂ ਉਹਨਾਂ ਦੀ ਸੇਵਾ ਅਤੇ ਸ਼ਰਧਾ ਤੋਂ ਬੜੇ ਪ੍ਰਭਾਵਿਤ ਹੋਏ। ‘ਗੁਰਦੁਆਰਾ ਟਿੱਬੀ ਸਾਹਿਬ’ ਪਿੰਡ ਦੇ ਲੋਕਾਂ ਨੇ ਉਗਰਾਹੀ ਕਰਕੇ ਬਣਵਾਇਆ ਹੈ। ਪਿੰਡ ਦੇ ਵਿਚਕਾਰ ਇੱਕ ਹੋਰ ਗੁਰਦੁਆਰਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੋਂ ਗੁਰੂ ਜੀ ਦੇ ਘੋੜਿਆਂ ਨੇ ਪਾਣੀ ਪੀਤਾ ਸੀ। ਇਸਦੇ ਦੁਆਲੇ ਛੱਪੜ ਵਿੱਚ ਅਜੇ ਤੱਕ ਪਿੰਡ ਦੇ ਵਸਨੀਕ ਜੰਗਲ-ਪਾਣੀ ਗਏ ਹੱਥ ਨਹੀਂ ਧੋਂਦੇ। ਪਿੰਡ ਵਿੱਚ ਇੱਕ ਬਾਬੇ ਮਨਸਾ ਰਾਮ ਦੀ ਸਮਾਧ ਹੈ ਜਿਸ ਨੂੰ ਕਿੱਲਿਆਂ ਵਾਲਾ ਪੀਰ ਵੀ ਆਖਦੇ ਹਨ। ਵਣ ਹੇਠ ਛੋਟੀ ਟਿੱਬੀ ਉੱਤੇ ਅਨੇਕਾਂ ਰੰਗੀਨ ਕਿੱਲੇ ਗੱਡੇ ਹੋਏ ਹਨ। ਇੱਥੇ ਦੁੱਧ ਵਾਲਾ ਪਸ਼ੂ ਨਾ ਮਿਲਣ ਤੇ ਸੁੱਖ ਸੁੱਖੀ ਜਾਂਦੀ ਹੈ ਤੇ ਕਿੱਲਾ ਗੱਡਿਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ