ਬਹੋਨਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਬਹੋਨਾ, ਮੋਗਾ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਮੋਗਾ ਤੋਂ ਨਿਕਲ ਕੇ ਜਿਹੜੇ ਬਤਾਲੀ ਪਿੰਡ ਬਣੇ (ਬਤਾਲੀਆ) ਉਹਨਾਂ ਵਿਚੋਂ ਇੱਕ ਬਹੋਨਾ ਹੈ। ਇਸ ਪਿੰਡ ਦਾ ਇਤਿਹਾਸ ਲਗਭਗ ਸਵਾ ਦੋ ਸੌ ਸਾਲ ਪੁਰਾਣਾ ਹੈ । ਭੱਲੋ ਤੇ ਲੱਲੋ ਦੋ ਗਿੱਲ ਗੋਤ ਦੇ ਬਜ਼ੁਰਗ ਸਨ ਜਿਨ੍ਹਾਂ ਨੇ ਮੋਗਾ ਦੀ ਮਹਿਲਾ ਸਿੰਘ ਪੱਤੀ ਤੋਂ ਆ ਕੇ ਇਸ ਪਿੰਡ ਦਾ ਮੁੱਢ ਬੰਨ੍ਹਿਆ।
ਪਿੰਡ ਦੇ ਨਾਮਕਰਣ ਬਾਰੇ ਦੱਸਿਆ ਜਾਂਦਾ ਹੈ ਕਿ ਕਾਫੀ ਸਮੇਂ ਪਹਿਲੇ ਇਸ ਪਿੰਡ ਵਾਲੀ ਥਾਂ ‘ਤੇ ਇੱਕ ਪੁਰਾਤਨ ਸ਼ਹਿਰ ਹੁੰਦਾ ਸੀ ਜੋ ਕੁਦਰਤੀ ਆਫਤ ਦਾ ਸ਼ਿਕਾਰ ਹੋ ਕੇ ਇੱਕ ਥੇਹ ਦਾ ਰੂਪ ਧਾਰਨ ਕਰ ਗਿਆ। ਉਸ ਤਬਾਹ ਹੋਏ ਸ਼ਹਿਰ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ਬਹੋਨਾ ਪੈ ਗਿਆ। ਕਹਿੰਦੇ ਹਨ ਕਿ ਕਿਸੇ ਸਮੇਂ ਇੱਥੇ ਦਰਿਆ ਸਤਲੁਜ ਵਗਦਾ ਸੀ, ਪਿੰਡ ਦਾ ਥੇਹ ਪੁੱਟਣ ‘ਤੇ ਉਸ ਵਿਚੋਂ ਇੱਕ ਤਲਵਾਰ ਪ੍ਰਾਪਤ ਹੋਈ ਜਿਸ ਉਪਰ
ਬਹੋਨਾ ਸਿੰਘ ਖੁਦਿਆ ਹੋਇਆ ਸੀ। ਇਸ ਤਰ੍ਹਾਂ ਪਿੰਡ ਦਾ ਨਾਂ ਬਹੋਨਾ ਰੱਖਿਆ ਗਿਆ। ਪਿੰਡ ਵਿੱਚ ਸਾਰੇ ਗਿੱਲ ਗੋਤ ਦੇ ਜ਼ਿਮੀਦਾਰ ਹਨ। ਅਬਾਦੀ ਦਾ ਤੀਜਾ ਹਿੱਸਾ ਹਰੀਜਨਾਂ ਦੀ ਹੈ। ਪਿੰਡ ਵਿੱਚ ਇੱਕ ਗੁਰਦੁਆਰਾ, ਤਿੰਨ ਧਰਮਸ਼ਾਲਾ ਤੇ ਤਿੰਨ ਕੁਟੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ