ਬਿਲਾਸਪੁਰ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇਹ ਪਿੰਡ ਬਿਲਾਸਪੁਰ – ਮੋਗਾ, ਬਰਨਾਲਾ ਤੇ ਜਗਰਾਉਂ ਤੋਂ ਇੱਕੋ ਜਿੰਨੀ ਦੂਰੀ ਤੇ ਹੈ। ਮੋਗਾ – ਬਰਨਾਲਾ ਸੜਕ ਤੇ ਸਥਿਤ ਮੋਗਾ ਤੋਂ 33 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਪੌਣੇ ਛੇ ਸੌ ਸਾਲ ਪਹਿਲਾਂ ਅਕਬਰ ਦੇ ਜਮਾਨੇ ਵਿੱਚ ਇਹ ਪਿੰਡ ਭਾਗੀਕੇ ਦੇ ਨੇੜੇ ਬੱਝਿਆ ਸੀ। ਸਾਰੇ ਪਿੰਡ ਕੋਲ 200 ਘੁਮਾਂ ਜ਼ਮੀਨ ਸੀ। ਪਿੰਡ ਵਾਲੇ ਜ਼ਮੀਨ ਦਾ ਮਾਮਲਾ ਅਕਬਰ ਨੂੰ ਨਹੀਂ ਦੇ ਸਕਦੇ ਸਨ। ਇਸ ਕਰਕੇ ਅਕਬਰ ਨੇ 200 ਘੁਮਾ ਜ਼ਮੀਨ ਵਿਚੋਂ 50 ਘੁਮਾਂ ਜ਼ਮੀਨ ਪਿੰਡ ਭਾਗੀਕੇ, 50 ਘੁਮਾਂ ਜ਼ਮੀਨ ਪਿੰਡ ਹਿੰਮਤਪੁਰਾ ਤੇ 50 ਘੁਮਾਂ ਜ਼ਮੀਨ ਮਾਛੀਕੇ ਦੇ ਨੰਬਰਦਾਰਾਂ ਵਿੱਚ ਵੰਡ ਦਿੱਤੀ ਅਤੇ ਉਸ ਤੋਂ ਬਾਅਦ ਜ਼ਮੀਨ ਦਾ ਮਾਮਲਾ ਲੈਣ ਲਈ ਅਕਬਰ ਨੇ ਆਪਣੇ ਕੁਝ ਕੁ ਸਿਪਾਹੀ ਭੇਜ ਦਿੱਤੇ। ਕੁਝ ਬੰਦਿਆਂ ਨੇ ਸਿਪਾਹੀਆਂ ਨੂੰ ਰਾਤ ਠਹਿਰਣ ਲਈ ਕਿਹਾ ਕਿ ਮਾਮਲੇ ਦੇ ਪੈਸੇ ਉਹ ਸਵੇਰੇ ਇਕੱਠੇ ਕਰਕੇ ਦੇ ਦੇਣਗੇ। ਜਦ ਰਾਤ ਨੂੰ ਸਿਪਾਹੀ ਸੁੱਤੇ ਹੋਏ ਸਨ ਤਾਂ ਕੁਝ ਸ਼ਾਰਰਤੀ ਬੰਦਿਆਂ ਨੇ ਝੁੱਗੀ ਨੂੰ ਅੱਗ ਲਗਾ ਦਿੱਤੀ ਅਤੇ ਸਿਪਾਹੀ ਅਤੇ ਘੋੜੇ ਮਾਰੇ ਗਏ ਤਾਂ ਲੋਕ ਅਕਬਰ ਤੋਂ ਡਰਦੇ ਮਾਰੇ ਪਿੰਡ ਛੱਡ ਕੇ ਭੱਜ ਗਏ ਜਿਨ੍ਹਾਂ ਵਿੱਚ ਭੋਗ ਤੇ ਜਲਾਲ ਵੀ ਸੀ ਜੋ ਦੋਵੇਂ ਚਾਚਾ ਭਤੀਜਾ ਸਨ। ਕੁਝ ਸਮਾਂ ਬਾਅਦ ਦੋਵੇਂ ਪੁਰਾਣੇ ਪਿੰਡ ਵੱਲ ਚਲ ਪਏ ਪਰ ਰਸਤੇ ਵਿੱਚ ਹਠੂਰ ਤੋਂ ਕੋਈ 5 ਮੀਲ ਦੂਰ ਉਹਨਾਂ ਦੇ ਗੱਡੇ ਦਾ ਧੁਰਾ ਟੁੱਟ ਗਿਆ। ਉੱਥੇ ਨੇੜੇ ਹੀ ਇੱਕ ਸੰਤ ਦੀ ਕੁਟੀਆ ਸੀ। ਉਸਦੇ ਪੁੱਛਣ ਤੇ ਦੋਹਾਂ ਨੇ ਦੱਸਿਆ ਕਿ ਉਹ ਆਪਣੇ ਉੱਜੜੇ ਪਿੰਡ ਨੂੰ ਫਿਰ ਵਸਾਉਣ ਜਾ ਰਹੇ ਹਨ ਤਾਂ ਉਸਨੇ ਉਹਨਾਂ ਨਾਲ ਬਚਨ ਬਿਲਾਸ ਕੀਤੇ ਤੇ ਉੱਥੇ ਹੀ ਵੱਸਣ ਦੀ ਸਲਾਹ ਦਿੱਤੀ। ਦੋਹਾਂ ਨੇ ਉੱਥੇ ਹੀ ਡੇਰਾ ਲਾ ਲਿਆ। ਸੰਤ ਦੇ ਬਚਨ ਬਿਲਾਸ ਦੇ ਅਸਰ ਨਾਲ ਪਿੰਡ ਬੱਝਾ ਇਸ ਕਰਕੇ ਪਿੰਡ ਦਾ ਨਾਂ ‘ਬਿਲਾਸਪੁਰ’ ਰੱਖਿਆ ਗਿਆ। ਭੋਗੂ ਤੇ ਜਲਾਲ ਦੇ ਨਾਂ ਉੱਤੇ ਹੀ ਪਿੰਡ ਦੀਆ ਦੋ ਪੱਤੀਆਂ ਹਨ।
ਇਸ ਪਿੰਡ ਦੇ ਬਾਬਾ ਬੁੱਧ ਸਿੰਘ ਨੇ ਮੁੱਦਕੀ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਸ਼ਹੀਦੀ ਪਾਈ। ਅਜ਼ਾਦ ਹਿੰਦ ਫੌਜ ਵਿੱਚ ਇੱਥੋਂ ਦੇ ਕਾਫੀ ਨੌਜਵਾਨਾਂ ਨੇ ਹਿੱਸਾ। ਲਿਆ । ਬਾਬਾ ਗੰਗਾ ਸਿੰਘ, ਬਾਬਾ ਰੂੜ ਸਿੰਘ ਅਤੇ ਚੰਨਣ ਸਿੰਘ ਰਾਮਗੜ੍ਹੀਆ ਨੇ ਸਿੰਘ ਸਭਾ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ। ਇਸ ਪਿੰਡ ਵਿੱਚ ਕਾਮਰੇਡਾਂ ਦਾ ਚੰਗਾ ਪ੍ਰਭਾਵ ਰਿਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ