ਬੁਹਾਰਾ
ਸਥਿਤੀ:
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਬੁਹਾਰਾ, ਨਵਾਂ ਸ਼ਹਿਰ-ਫਿਲੌਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅਣਵੰਡੇ ਪੰਜਾਬ ਦੇ ਜਿਲ੍ਹਾ ਲਾਹੌਰ ਵਿੱਚ ਇੱਕ ਪਿੰਡ ਘੁਮਿੰਡ ਜਗੀਰਦਾਰਾਂ ਦਾ ਪਿੰਡ ਸੀ ਜਿਥੋਂ ਕਿਸੇ ਨੇ ਆ ਕੇ ਅੰਮ੍ਰਿਤਸਰ ਜਿਲ੍ਹੇ ਵਿੱਚ ਸਰਹਾਲੀ ਪਿੰਡ ਵਸਾਇਆ। ਸਰਹਾਲੀ ਤੋਂ ਕਿਸੇ ਨੂੰ ਜਗੀਰ ਪਿੰਡ ਕਲਸਾਣਾ (ਤਹਿਸੀਲ ਕੁਰੂਕਸ਼ੇਤਰ) ਵਿੱਚ ਮਿਲੀ। ਸਿੱਖਾਂ ਦੇ ਰਾਜ ਵੇਲੇ ਪਿੰਡ ਬੁਹਾਰਾ ਦੇ ਨਾਲ ਪਿੰਡ ਮੀਰਪੁਰ ਲੱਖਾ ਵਿੱਚ ਕਿਲ੍ਹਾ ਸੀ ਅਤੇ ਕਲਸਾਣੇ ਦਾ ਇੱਕ ਫੌਜੀ ਅਫਸਰ ਸ. ਦੇਸਾ ਸਿੰਘ ਉੱਥੇ ਰਹਿੰਦਾ ਸੀ। ਉਹ ਸ. ਹਰੀ ਸਿੰਘ ਨਲੂਆ ਦੀ ਕੁਲ ਵਿਚੋਂ ਸੀ। ਉਸਨੂੰ ਜਗੀਰ ਵਜੋਂ 300 ਏਕੜ ਜ਼ਮੀਨ ਮਿਲੀ ਜਿਸ ਵਿੱਚ ਉਸਨੇ ਆਪਣੇ ਪੁੱਤਰ ਦੇ ਨਾਂ ਤੇ ‘ਬੁਹਾਰਾ ਜਗੀਰਦਾਰਾਂ’ ਪਿੰਡ ਵਸਾਇਆ। ਜਿਸ ਨੂੰ ਅੱਜ ਕਲ ਸਿਰਫ ਬੁਹਾਰਾ ਹੀ ਬੁਲਾਇਆ ਜਾਂਦਾ ਹੈ।
ਅੰਗਰੇਜ਼ਾ ਦੇ ਰਾਜ ਸਮੇਂ ਇਸ ਪਿੰਡ ਦੇ ਹਰ ਘਰ ਵਿਚੋਂ ਇੱਕ ਬੰਦਾ ਫੌਜ ਵਿੱਚ ਸੇਵਾ ਕਰਦਾ ਸੀ। ਇਸ ਸਨਮਾਨ ਵਜੋਂ ਇਸ ਪਿੰਡ ਨੂੰ ਵੱਡੀ ਗਰਾਂਟ ਮਿਲੀ ਸੀ ਜਿਸ ਨਾਲ ਜੰਝ ਘਰ ਦੀ ਇਮਾਰਤ ਉਸਾਰੀ ਗਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ