ਬੇਲਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬੇਲਾ, ਚਮਕੌਰ ਸਾਹਿਬ – ਬੋਲਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਰੂਪ ਨਗਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਆਲੇ ਦੁਆਲੇ ਫੈਲੇ ਜੰਗਲ ਬੇਲਿਆਂ ਕਾਰਨ ਇਸ ਪਿੰਡ ਦਾ ਨਾਂ ਬੇਲਾ ਰੱਖਿਆ ਗਿਆ। ਇਹ ਪਿੰਡ ਮੁਗ਼ਲ ਕਾਲ ਸਮੇਂ ਵੱਸਿਆ ਦੱਸਿਆ ਜਾਂਦਾ ਹੈ। ਇੱਥੋਂ ਦੇ ਬਜ਼ਾਰ ਚੌਂਕਾਂ ਦੀ ਬਣਤਰ ਜੈਪੁਰ ਨਾਲ ਮਿਲਦੀ ਹੈ। ਇਹ ਪਿੰਡ ਸੰਮਤ 1873 ਬਿ. ਵਿੱਚ ਹਰਦਿਆਲ ਸਿੰਘ ਦੀ ਵੰਡ ਵਿੱਚ ਆਇਆ। ਸ. ਹਰਦਿਆਲ ਸਿੰਘ, ਸਿੰਘ ਪੁਰੀਆ ਮਿਸਲ ਦੇ ਸ. ਬੁੱਧ ਸਿੰਘ ਦੇ ਸੱਤ ਪੁੱਤਰਾਂ ਵਿਚੋਂ ਇੱਕ ਸਨ। ਇੱਥੋਂ ਦੇ ਕਿਲ੍ਹੇ ਵਿਚੋਂ ਮਿਲੇ ਇੱਕ ਪੱਥਰ ਤੋਂ ਪਤਾ ਲੱਗਦਾ ਹੈ ਕਿ ਸ. ਬੁੱਧ ਸਿੰਘ ਦੇ ਪੋਤਰੇ ਸ. ਜਸਵੰਤ ਸਿੰਘ ਨੇ ਕਿਲ੍ਹੇਵਿਚ ਰੰਗ ਮਹਿਲ ਬਣਵਾਇਆ।
ਸ. ਹਰਦਿਆਲ ਸਿੰਘ ਧਾਰਮਿਕ ਰੁਚੀਆਂ ਵਾਲਾ ਪੁਰਖ ਸੀ। ਉਸ ਨੇ ‘ਚਮਕੌਰ ਸਾਹਿਬ’ ਵਿਖੇ ਗੁਰਦੁਆਰਾ ‘ਕਤਲਗੜ੍ਹ ਸਾਹਿਬ (ਗੁ. ਸ਼ਹੀਦ ਗੰਜ) ਦੇ ਦਰਬਾਰ ਵਿੱਚ ਬਉਲੀ ਦੀ ਮੁੱਢਲੀ ਸੇਵਾ ਕਰਾਈ। ਉਦੋਂ ਇਸ ਸਥਾਨ ‘ਤੇ ਵੱਸ ਰਹੇ 8 ਗਰੀਬ ਪਰਿਵਾਰਾਂ ਨੂੰ ਉਸ ਨੇ 100 ਵਿਘੇ ਫੀ ਪਰਿਵਾਰ ਜ਼ਮੀਨ ਦੇ ਕੇ ਬੇਲੇ ਨੇੜੇ ਚਮਾਰ ਮਾਜਰਾ (ਮਨਜੀਤਪੁਰਾ) ਵੱਸਾ ਦਿੱਤਾ। ਬੇਲੇ ਵਿਖੇ ਪੁਰਾਤਨ ਮੰਦਰ ਅਤੇ ਮਸੀਤ ਵੀ ਉਸ ਵਲੋਂ ਹੀ ਉਸਾਰੇ ਗਏ ਸਨ। ਪਿੰਡ ਵਿੱਚ ਸ. ਹਰਦਿਆਲ ਸਿੰਘ ਤੇ ਉਸਦੀ ਧਰਮ ਪਤਨੀ ਦੀਆਂ ਯਾਦਗਾਰੀ ਸਮਾਧਾਂ ਹਨ ਜਿਨ੍ਹਾਂ ਦੀ ਸਾਰਾ ਪਿੰਡ ਮਾਨਤਾ ਕਰਦਾ ਹੈ।
ਕਦੇ ਇਹ ਪਿੰਡ ਚੰਗਾ ਵਪਾਰਕ ਕੇਂਦਰ ਸੀ ਅਤੇ ਬੇਲੇ ਦੀ ਖੰਡ ਮਸ਼ਹੂਰ ਸੀ। ਸੰਤਾਲੀ ਤੋਂ ਪਹਿਲਾਂ ਇੱਥੇ ਮੁਸਲਮਾਨਾਂ ਦੇ ਸੌ ਘਰ ਸਨ। ਹੁਣ ਪਿੰਡ ਵਿੱਚ ਸੈਣੀ, ਜੱਟ, ਖੱਤਰੀ, ਬ੍ਰਾਹਮਣ, ਬਾਣੀਏ, ਝਿਊਰ, ਬਾਲਮੀਕ ਅਤੇ ਰਾਮਦਾਸੀਏ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ