ਭਸੌੜ ਪਿੰਡ ਦਾ ਇਤਿਹਾਸ | Bhasour Town History

ਭਸੌੜ

ਭਸੌੜ ਪਿੰਡ ਦਾ ਇਤਿਹਾਸ | Bhasour Town History

ਸਥਿਤੀ :

ਇਹ ਤਹਿਸੀਲ ਧੂਰੀ ਦਾ ਪਿੰਡ ਭਸੌੜ, ਮਲੇਰਕੋਟਲਾ-ਧੂਰੀ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਹਿੰਮਤਾਨਾ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਹੈ।

ਇਤਿਹਾਸਕ ਪਿਛੋਕੜ :

ਪਿੰਡ ਦੇ ਨਾਂ ਬਾਰੇ ਕਿਹਾ ਜਾਂਦਾ ਹੈ ਕਿ ਪਹਿਲਾਂ ਇੱਥੇ ਬਹੁਤ ਵੱਡਾ ਸ਼ਹਿਰ ਕਾਦਰਾਬਾਦ ਸੀ। ਇਸ ਦਾ ਸਬੂਤ ਪੁਰਾਣੇ ਖੂਹਾਂ ਦੀਆਂ ਇੱਟਾਂ ਉੱਤੇ ਉੱਕਰੇ ਸ਼ਬਦਾਂ ਤੋਂ ਵੀ ਮਿਲਦਾ ਹੈ। ਫਿਰ ਇੱਥੋਂ ਦੇ ਬਾਣੀਏ ਦਿੱਲੀ ਜਾ ਵੱਸੇ ਜਿਨ੍ਹਾਂ ਦੀਆਂ ਵਹੀਆਂ ਤੇ ਵੀ ਕਾਦਰਾਬਾਦ ਸ਼ਹਿਰ ਤੇ ਇਸ ਦੀ ਸਥਿਤੀ ਬਾਰੇ ਲਿਖਿਆ ਮਿਲਦਾ ਹੈ। ਇੱਥੇ ਇੱਕ ਬਹੁਤ ਵੱਡਾ ਥੇਹ ਹੈ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ। ਇਸੇ ਸ਼ਹਿਰ ਦੀ ਇੱਕ ਬਸਤੀ ਦਾ ਨਾਂ ਭਸੌੜ ਸੀ। ਸੜਕ ਤੋਂ ਪਹਿਲਾਂ ਜਿਸ ਕੱਚੇ ਰਸਤੇ ਰਾਹੀਂ ਇਹ ਪਿੰਡ ਧੂਰੀ ਸ਼ਹਿਰ ਨਾਲ ਮਿਲਦਾ ਸੀ ਉਸ ਰਸਤੇ ਉੱਤੇ ਇੱਕ ਖੇਤ ਨੂੰ ਭਸੌੜੀ ਵਾਲਾ ਖੇਤ ਕਹਿੰਦੇ ਹਨ। ਕੋਈ 500 ਸਾਲ ਪਹਿਲਾਂ ਕੁੱਝ ਦੂਰੀ ਤੇ ਇਹ ਪਿੰਡ ਵਸਿਆ ਤੇ ਇਸ ਦਾ ਨਾਂ ਵੀ ਭਸੌੜ ਰੱਖਿਆ। ਗਿਆ।

ਬਾਬੂ ਤੇਜਾ ਸਿੰਘ ਇਸ ਪਿੰਡ ਦੀ ਇੱਕ ਪ੍ਰਸਿੱਧ ਹਸਤੀ ਹੋਏ ਹਨ। ਜਿਨ੍ਹਾਂ ਨੇ ‘ਖ਼ਾਲਸਾ ਕੁਆਰੀ ਕੰਨਿਆ ਕਾਲਜ ਭਸੌੜ’ ਖੋਲ੍ਹਿਆ ਜੋ ਲਾਹੌਰ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਸੀ। ਇੱਥੋਂ ਕੋਈ 500 ਦੇ ਕਰੀਬ ਲੜਕੀਆਂ ਨੇ ਵਿੱਦਿਆ ਪ੍ਰਾਪਤ ਕੀਤੀ ਜਿੱਥੇ ਵਿੱਦਿਆ ਨਾਲ ਸਿੱਖੀ ਗੁਰਮਰਿਆਦਾ ਵੀ ਸਿਖਾਈ ਜਾਂਦੀ ਸੀ। ਮਹਾਰਾਜਾ ਰਿਪਦੁਮਨ ਸਿੰਘ ਨਾਭਾ ਦੀ ਪਤਨੀ ਤੇ ਸ. ਪ੍ਰਤਾਪ ਸਿੰਘ ਕੈਰੋਂ (ਸਾਬਕਾ ਮੁੱਖ ਮੰਤਰੀ ਪੰਜਾਬ) ਦੀ ਪਤਨੀ ਨੇ ਵੀ ਇੱਥੋਂ ਵਿੱਦਿਆ ਪ੍ਰਾਪਤ ਕੀਤੀ । ਬਾਬੂ ਤੇਜਾ ਸਿੰਘ 6 ਅਖ਼ਬਾਰ ਕੱਢਦੇ ਸਨ, ਖਾਲਸਾ ਸੁਆਣੀ ਅੰਮ੍ਰਿਤਸਰ, ਮਾਲਵਾ ਗਜ਼ਟ, ਪੰਚ ਖ਼ਾਲਸਾ ਸਮਾਚਾਰ, ਕਾਰਾਰ ਬਹਾਦੁਰ ਅੰਮ੍ਰਿਤਸਰ, ਖ਼ਾਲਸਾ ਪਾਰਲੀਆਮੈਂਟ ਗ਼ਜ਼ਟ ਅੰਮ੍ਰਿਤਸਰ ਅਤੇ ਖ਼ਾਲਸਾ ਪੰਚਾਇਣ। ਬਾਅਦ ਵਿੱਚ ਸ. ਚੰਦਾ ਸਿੰਘ ਨੇ ਮਲਾਇਆ ਤੋਂ ਆ ਕੇ ਖਾਲਸਾ ਪਾਰਲੀਆਮੈਂਟ ਗਜ਼ਟ ਭਸੌੜ ਤੋਂ ਛਾਪਣਾ ਸ਼ੁਰੂ ਕੀਤਾ ਜਿਸ ਨੇ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਅਸਥਾਨ ਬਣਾਇਆ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!