ਭਾਗੀ ਬਾਂਦਰ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਪਿੰਡ, ਬਠਿੰਡਾ – ਸਰਦੂਲਗੜ੍ਹ ਸੜਕ ਤੇ ਸਥਿਤ ਹੈ ਤੇ ਤਲਵੰਡੀ ਸਾਬੋ ਤੋਂ 3 ਕਿਲੋ ਮੀਟਰ ਦੂਰ ਤੇ ਰੇਲਵੇ ਸਟੇਸ਼ਨ ਰਾਮਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੰਜਾਬ ਭਰ ਵਿੱਚ ਝਗੜਾਲੂ ਪਿੰਡਾਂ ਦਾ ਮੋਹਰੀ ਰਿਹਾ ਹੈ। ਇਸ ਪਿੰਡ ਦਾ ਮੁੱਢ ਲਗਭਗ ਸਵਾ ਚਾਰ ਸੌ ਸਾਲ ਪਹਿਲਾ ਬੱਝਿਆ ਦੱਸਿਆ ਜਾਂਦਾ ਹੈ। ਇਸ ਪਿੰਡ ਦੇ ਵੱਖੋ-ਵੱਖਰੇ ਪਿੰਡਾਂ ਭਾਗੀ ਤੇ ਬਾਂਦਰ ਦੇ ਜੁੜਵੇਂ ਰੂਪ ਨੂੰ ਮੌਜੂਦਾ ਪਿੰਡ ਭਾਗੀ ਬਾਂਦਰ ਕਿਹਾ ਜਾਂਦਾ ਹੈ।
ਭਾਗੀ ਨਾਂ ਦਾ ਪਿੰਡ ਸਿੱਧੂਆਂ ਦੀ ‘ਭਾਗੀ’ ਨਾਮੀ ਔਰਤ ਨੇ ਬੰਨਿਆ ਸੀ ਪ੍ਰੰਤੂ ਇਸ ਦੇ ਨਾਲ ਹੀ ਪੈਂਦਾ ਦੂਸਰਾ ਪਿੰਡ ਬਾਂਦਰ ਹਨੂੰਮਾਨ ਕੋਟ ਦੇ ਭੱਟੀ ਰਾਜਪੂਤ ਰਜਵਾੜੇ ‘ਕਛਣ’ ਦੇ ਜਲਾਵਤਨ ਹੋਏ ਇੱਕ ਪੁੱਤਰ ਬਾਂਦਰ ਨੇ ਬੰਨਿਆ ਦੱਸਿਆ ਜਾਂਦਾ ਹੈ। ਬਾਂਦਰ ਪਿੰਡ ਵਿੱਚ ਵਸਣ ਵਾਲੇ ਭੱਟੀ ਰਾਜਪੂਤਾਂ ਦਾ ਗੋਤਰ ਵੀ ਉਨ੍ਹਾਂ ਦੇ ਵਡੇਰੇ ਬਾਂਦਰ ਦੇ ਨਾਂ ਤੇ ਬਾਂਦਰ ਹੀ ਪ੍ਰਚੱਲਿਤ ਹੋ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਦੀ ਜੰਗ ਲੜਣ ਪਿੱਛੋਂ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਨੂੰ ਜਾਂਦੇ ਹੋਏ ਲਗਭਗ 1706 ਈ. ਵਿੱਚ ਇਸ ਪਿੰਡ ਵਿਖੇ ਕੁੱਝ ਸਮਾਂ ਲਈ ਰੁਕੇ। ਜਿਸ ਜੰਡ ਦੇ ਕਿੱਲੇ ਨਾਲ ਘੋੜਾ ਬੰਨਿਆ ਉਹ ਹਾਲੇ ਵੀ ਮੌਜੂਦ ਹੈ ਤੇ ਨਾਲ ਹੀ ਇਤਿਹਾਸਕ ਗੁਰਦੁਆਰਾ ਸੁਸ਼ੋਭਿਤ ਹੈ ਜਿਸਦਾ ਪ੍ਰਬੰਧ ਪਿੰਡ ਵਾਸੀ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ