ਭੜੀ ਪਨੈਚਾਂ (ਪਟਿਆਲਾ)
ਸਥਿਤੀ :
ਤਹਿਸੀਲ ਨਾਭਾ ਦਾ ਇਹ ਮਸ਼ਹੂਰ ਪਿੰਡ ਨਾਭਾ ਗੋਬਿੰਦਗੜ੍ਹ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਤੋਂ 16 ਕਿਲੋਮੀਟਰ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੁਗਲਾਂ ਦੇ ਸਮੇਂ ਵਿੱਚ ਇਸ ਪਿੰਡ ਦੇ ਲੋਕ ਗੁਰੀਲਾ ਲੜਾਈ ਲੜਕੇ ਬੇਵਸ ਔਰਤਾਂ ਨੂੰ ਮੁਗਲਾਂ ਦੇ ਪੰਜੇ ਤੋਂ ਛੁਡਵਾਉਂਦੇ ਤੇ ਉਨ੍ਹਾਂ ਦੇ ਘਰੀਂ ਪਹੁੰਚਾਉਂਦੇ ਸਨ। ਉਸ ਸਮੇਂ ਇਸ ਇਲਾਕੇ ਵਿੱਚ ਭਾਰੀ ਜੰਗਲ ਹੁੰਦੇ ਸਨ ਤੇ ਮੁਗਲ ਇਨ੍ਹਾਂ ਜੰਗਲਾਂ ਵਿੱਚੋਂ ਨਿਕਲ ਕੇ ਸਰਹੰਦ ਸਰਕਾਰ ਕੋਲ ਪੁੱਜ ਜਾਂਦੇ ਸਨ ਪਰ ਇਸ ਪਿੰਡ ਦੇ ਲੋਕ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ ਸਨ।
ਇਹ ਪਿੰਡ ਲਗਭਗ 500 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਕਿ ਪਨੈਚਾਂ ਗੋਤ ਦੇ ਭਾਈਆਂ ਨੇ ਇਹ ਪਿੰਡ ਵਸਾਇਆ ਸੀ ਜਿਸ ਕਰਕੇ ਇਸ ਪਿੰਡ ਦਾ ਨਾਂ ‘ਭੜੀ ਪਨੈਚਾਂ’ ਪੈ ਗਿਆ।
6 ਪਿੰਡ ਵਿੱਚ ਇੱਕ ਬਾਬਾ ਖਿਆਲੀ ਦਾ ਮੰਦਰ ਹੈ ਜਿਸ ਨੇ ਮੁਗਲਾਂ ਦਾ ਜ਼ੋਰਦਾਰ ਮੁਕਾਬਲਾ ਕੀਤਾ ਦੱਸਿਆ ਜਾਂਦਾ ਹੈ। ਪਿੰਡ ਦੇ ਬਾਹਰ ਇੱਕ ਹੋਰ ਸੰਤ ਦਾ ਡੇਰਾ ਹੈ ਜਿਸ ਨੂੰ ਬਾਬਾ ਬ੍ਰਹਮ ਗਿਆਨੀ ਦਾ ਅਸਥਾਨ ਕਿਹਾ ਜਾਂਦਾ ਹੈ ਜਿਨ੍ਹਾਂ ਬਾਰੇ ਪ੍ਰਸਿੱਧ ਹੈ ਕਿ ਉਹ ਜਿਉਂਦੇ ਹੀ ਇਸ ਅਸਥਾਨ ‘ਤੇ ਸਮਾ ਗਏ ਸਨ। ਕਿਹਾ ਜਾਂਦਾ ਹੈ ਕਿ ਬਾਬਾ ਬ੍ਰਹਮ ਗਿਆਨੀ ਜਦੋਂ ਨਾਮ ਜਪਦੇ ਤਾਂ ਉਨ੍ਹਾਂ ਦੀ ਆਵਾਜ਼ ਪਟਿਆਲਾ ਤੱਕ ਸੁਣਾਈ ਦੇਂਦੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ