ਮਾਣਕਪੁਰ ਸ਼ਰੀਫ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਮਾਣਕਪੁਰ ਸ਼ਰੀਫ, ਕੁਰਾਲੀ – ਖਿਜ਼ਰਾਬਾਦ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਇਤਿਹਾਸਕ ਪਿੰਡ ਲਗਭਗ ਸਾਢੇ ਪੰਜ ਸੌ ਸਾਲ ਪਹਿਲਾਂ ਰਾਜਪੂਤ ਮਾਣਕ ਚੰਦ ਦਹੀਆ ਵਲੋਂ ਵਸਾਇਆ ਗਿਆ। ਉਸਦੇ ਨਾਂ ‘ਤੇ ਹੀ ਪਿੰਡ ਦਾ ਨਾਂ ‘ਮਾਣਕਪੁਰ’ ਪੈ ਗਿਆ। ਤਕਰੀਬਨ 150 ਸਾਲ ਪਹਿਲਾਂ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਦੇ ਮੁਰੀਦ ਮੁਹੰਮਦ ਸ਼ਾਹ ਖਾਮੋਸ਼ ਹੈਦਰਾਬਾਦੀ ਵਲੋਂ ਉਹਨਾਂ ਦਾ ਰੋਜਾ ਮੁਬਾਰਿਕ ਬਣਵਾਇਆ ਗਿਆ। ਜਿਸ ਕਾਰਨ ਇਹ ਪਿੰਡ ਇਸਲਾਮੀ ਦੁਨੀਆਂ ਵਿੱਚ ਪ੍ਰਸਿੱਧ ਹੈ ਅਤੇ ਇਸਨੂੰ ‘ਮਾਣਕਪੁਰ ਸ਼ਰੀਫ’ ਕਿਹਾ ਜਾਣ ਲੱਗਾ। 125 ਵਿਘੇ ਵਿੱਚ ਚੌਰਸ ਚਬੂਤਰੇ ‘ਤੇ ਬਣਿਆ ਇਹ 80 ਫੁੱਟ ਮਜ਼ਾਰ, ਇਸਦੇ ਨਾਲ ਬਣੀ ਮਸਜਿਦ, ਚਾਰ ਮੰਜ਼ਲੀ ਡਿਊਢੀ ਅਤੇ ਬਾਹਰਲਾ ਪੱਕਾ ਤਲਾਬ ਇਮਾਰਤ-ਸਾਜ਼ੀ ਦੇ ਵਧੀਆ ਨਮੂਨੇ ਹਨ। ਈਦ ਤੋਂ ਅਗਲੇ ਮਹੀਨੇ ਇੱਥੇ ਸਲਾਨਾ ਉਰਸ ਹੁੰਦਾ ਹੈ ਜਿੱਥੇ ਹਰ ਮਜ਼ਹਬ ਦੇ ਲੋਕ ਆਉਂਦੇ ਹਨ ਅਤੇ ਇਸ ਮੇਲੇ ਦਾ ਮੁੱਖ ਆਕਰਸ਼ਣ ਇੱਥੇ ਲੱਗਦੀਆਂ ਕਵਾਲੀਆਂ ਹੁੰਦੀਆਂ ਹਨ। ਇੱਥੇ ਇੱਕ ਇਸਲਾਮੀਆ ਸਕੂਲ ਵੀ ਖੋਲ੍ਹਿਆ ਗਿਆ ਹੈ। ਮਜ਼ਾਰ ਦੇ ਨਾਂ ‘ਤੇ 900 ਵਿਘੇ ਜ਼ਮੀਨ ਤੇ 60 ਵਿਘੇ ਦਾ ਬਾਗ ਹੈ ਜਿਸ ਦਾ ਪ੍ਰਬੰਧ ਵਕਫ ਬੋਰਡ ਪਾਸ ਹੈ।
ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਰਾਜਪੂਤ ਰੰਘੜ ਮੁਸਲਮਾਨਾਂ ਦਾ ਗੜ੍ਹ ਸੀ ਪ੍ਰੰਤੂ ਹੁਣ ਇੱਥੇ ਮੁਸਲਮਾਨਾਂ ਦੇ ਕੁਝ ਘਰ ਹੀ ਹਨ। ਇਸ ਪਿੰਡ ਵਿੱਚ 50 ਪ੍ਰਤੀਸ਼ਤ ਤੋਂ ਵੱਧ ਆਬਾਦੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਹੈ, ਬਾਕੀ ਜੱਟਾਂ, ਬ੍ਰਾਹਮਣਾਂ ਤੇ ਬਾਣੀਆਂ ਦੇ ਘਰ ਹਨ। ਪਿੰਡ ਵਿੱਚ ਦੋ ਗੁਰਦੁਆਰੇ, ਹਰੀਜਨ ਧਰਮਸ਼ਾਲਾ, ਸ਼ਿਵਾਲਾ ਅਤੇ ਗੁੱਗੇ ਦੀ ਮਾੜ੍ਹੀ ਪੂਜਨੀਕ ਸਥਾਨ ਹਨ। ਇੱਥੋਂ ਦੀ ਛਿੰਝ ਚੰਗੀ ਭਰਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ