ਮਾਣੂੰਕੇ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਮਾਣੂੰਕੇ ਬਾਘਾ ਪੁਰਾਣਾ – ਨਿਹਾਲ ਸਿੰਘ ਵਾਲਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 27 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
: ਇਹ ਪਿੰਡ ਲਗਭਗ ਸਾਢੇ ਤਿੰਨ ਸੌ ਸਾਲ ਪਹਿਲਾਂ ਸੰਧੂ ਗੋਤ ਦੇ ਗਾਹੂ ਨੇ ਆਪਣੇ ਪਿਉ ਮਾਣੂੰ ਦੇ ਨਾਂ ਤੇ ਬੰਨਿਆ। ਮਹਾਰਾਜਾ ਆਲਾ ਸਿੰਘ ਨੇ ਆਪਣੇ ਇੱਕ ਫੌਜੀ ‘ਹੁੰਨਦਾ’ ਦੀ ਬਹਾਦਰੀ ਤੇ ਖੁਸ਼ ਹੋ ਕੇ ਇਹ ਇਲਾਕਾ ਉਸਦੇ ਮੰਗਣ ਤੇ ਉਸਨੂੰ ਦੇ ਦਿੱਤਾ। ਇਸ ਤਰ੍ਹਾਂ ‘ਗਾਹੂ’ ਨੇ ਅੱਠ ਦਿਨ ਦੀ ਮੁਹਲਤ ਲੈ ਕੇ ਇਹ ਪਿੰਡ ਛੱਡ ਦਿੱਤਾ। ‘ਹੁੰਨਦਾ’ ਨੇ ‘ਘੱਲਾਂ’ ਤੋਂ ਆਪਣੇ ਪੋਤਰਿਆਂ ਸਾਉਲ ਤੇ ਨੰਦ ਨੂੰ ਲਿਆ ਕੇ ਦੁਬਾਰਾ ਪਿੰਡ ਦੀ ਮੋਹੜੀ ਗੱਡ ਦਿੱਤੀ। ਕਿਉਂਕਿ ਹੁਨੰਦਾ ਗਿੱਲ ਸੀ, ਉਸਨੇ ਪਿੰਡ ਦਾ ਨਾਂ ਵੀ ‘ਮਾਣੂੰਕੇ ਗਿੱਲ’ ਰੱਖ ਦਿੱਤਾ।
ਇਸ ਪਿੰਡ ਵਿੱਚ ਸਾਰੇ ਜੱਟਾਂ ਦੇ ਘਰ ਗਿੱਲ ਜੱਟਾਂ ਦੇ ਹਨ। ਪਿੰਡ ਦਾ ਤੀਜਾ ਹਿੱਸਾ ਘਰ ਮਜ਼ਬੀ ਸਿੱਖ ਤੇ ਰਵਿਦਾਸ ਸਿੱਖਾਂ ਦੇ ਹਨ। ਬਜ਼ੁਰਗਾਂ ਮੁਤਾਬਕ ਇਹ ਪਿੰਡ ਲਾਇਲਪੁਰ ਦੇ ਨਕਸ਼ੇ ਤੇ ਬਣਿਆ ਹੈ।
ਪਿੰਡ ਵਿੱਚ ਸੱਤ ਧਰਮਸ਼ਾਲਾਵਾਂ ਹਨ ਜਿਨ੍ਹਾਂ ਵਿਚੋਂ ਦੋ ਮਜ਼ਬੀ ਸਿੱਖਾਂ ਦੀਆਂ ਹਨ। ਪਿੰਡ ਵਿੱਚ ਪੰਜ ਗੁਰਦੁਆਰੇ ਹਨ ਜਿਹਨਾਂ ਵਿਚੋਂ ਇੱਕ ਗਿਆਨੀ ਸਿੰਘ ਦਾ ਗੁਰਦੁਆਰਾ ਹੈ ਜਿੱਥੇ ਕਿਸੇ ਵੇਲੇ ਗਿਆਨੀ ਦੀ ਡਿਗਰੀ ਕਰਾਈ ਜਾਂਦੀ ਸੀ ਜੋ ਮਾਨਤਾ ਪ੍ਰਾਪਤ ਸੀ। ਪਿੰਡ ਦੇ ਬਾਹਰ ਪੋਨੇ ਵਾਲੇ (ਜਗਰਾਉਂ) ਬਾਬਾ ਮੋਹਕਮਦੀਨ ਦਰਵੇਸ਼ ਦੇ ਦੋ ਚੇਲਿਆਂ ਬਾਬਾ ਬਸੰਤ ਸਿੰਘ ਤੇ ਬਾਬਾ ਸੁਹੇਲ ਸਿੰਘ ਦੇ ਦੋ ਡੇਰਿਆਂ ਵਿੱਚ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਜਿੱਥੇ ਪਹਿਲੇ ਬਹੁਤ ਭਾਰੀ ਮੇਲੇ ਲੱਗਦੇ ਸਨ ਪਰ ਹੁਣ ਸਿਰਫ ਧਾਰਮਿਕ ਇਕੱਠ ਹੁੰਦੇ ਹਨ। ਇਹ ਪਿੰਡ ਕਮਿਊਨਿਸਟ ਪਾਰਟੀ ਦਾ ਗੜ੍ਹ ਰਿਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ