ਮਾਹਲ ਖੁਰਦ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮਾਹਲ ਖੁਰਦ, ਰਾਹੋਂ-ਫਿਲੌਰ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 9 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਾਹਲ ਕਲਾਂ, ਮਾਹਲ ਖੁਰਦ, ਮਾਹਲ ਗਹਿਲਾ ਅਤੇ ਮਾਹਲਪੁਰ ਇਹ ਚਾਰੇ ਪਿੰਡ ਚਾਰ ਭਰਾਵਾਂ ਨੇ ਵਸਾਏ ਦੱਸੇ ਜਾਂਦੇ ਹਨ। ਇਹ ਜ਼ਮੀਨ ਗਰਚੇ ਪਿੰਡ ਦੀ ਜ਼ਮੀਨ ਸੀ ਅਤੇ ਰੂਪਾ ਮੱਝਾ ਚਰਾਂਦਾ ਇੱਧਰ ਆਇਆ ਉਸਦੇ ਨਾਲ ਪਿੰਡ ਦੇ ਸਰਦਾਰ ਦੀ ਕੁੜੀ ਦਾ ਵਿਆਹ ਹੋਇਆ ਅਤੇ ਇਹ ਪਿੰਡ ਵਾਲੀ 500 ਏਕੜ ਜ਼ਮੀਨ ਉਸਨੂੰ ਵਿਆਹ ਵਿੱਚ ਦਿੱਤੀ ਗਈ ਜਿੱਥੇ ਉਸਨੇ ‘ਮਾਹਲ ਖੁਰਦ’ ਪਿੰਡ ਵਸਾਇਆ। ਉਸਦਾ ਪੁੱਤਰ ਜੀਵਾ ਹੋਇਆ ਜਿਸਦੀ ਔਲਾਦ ਪਿੰਡ ਵਿੱਚ ਵਸਦੀ ਹੈ।
ਰੂਪੇ ਨੇ ਪਿੰਡ ਵਿੱਚ ਇੱਕ ਛੱਪੜ ਬਣਵਾਇਆ ਜਿਸ ਦਾ ਨਾਂ ਰੁਪਾਣਾ ਛੱਪਰ ਹੈ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਹਾਥੀਆਂ ਨੂੰ ਇੱਥੇ ਇਸ਼ਨਾਨ ਕਰਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਪਿੰਡ ਵਾਲਿਆਂ ਨੂੰ ਕੁਝ ਮੰਗਣ ਲਈ ਕਿਹਾ ਅਤੇ ਪਿੰਡ ਵਾਲਿਆਂ ਨੇ ਮੰਗ ਕੀਤੀ ਕਿ ਸਾਡੇ ਪਸ਼ੂ ਦਰਿਆ ਸਤਲੁਜ ਵਿੱਚ ਪਾਣੀ ਪੀਦੇਂ ਰਹਿਣ। ਇਸ ਲਈ ਮਹਾਰਾਜਾ ਨੇ 500 ਏਕੜ ਬੇਟ ਦੀ ਜ਼ਮੀਨ ਪਿੰਡ ਨੂੰ ਬਖਸ਼ ਦਿੱਤੀ ਅਤੇ ਇਸ ਪਿੰਡ ਕੋਲ 1000 ਏਕੜ ਜ਼ਮੀਨ ਹੋ ਗਈ ਅਤੇ ਪਿੰਡ ਦੀ ਹੱਦ ਦਰਿਆ ਸਤਲੁਜ ਨਾਲ ਜਾ ਲੱਗੀ। ਬਾਅਦ ਵਿੱਚ ਬੰਨ ਲਗਣ ਨਾਲ ਦਰਿਆ ਦਾ ਬਹਾਅ ਦੱਖਣ ਵੱਲ ਕਾਫੀ ਪਰੇ ਹੱਟ ਗਿਆ ਅਤੇ ਵਿਚਕਾਰ ਫਾਂਬੜਾ, ਜੁਲਾਹ-ਮਾਜਰਾ ਆਦਿ ਨਵੇਂ ਪਿੰਡ ਵੱਸ ਗਏ ਅਤੇ ਪਿੰਡ ਦਾ ਲਿੰਕ ਸਤਲੁਜ ਨਾਲੋਂ ਟੁੱਟ ਗਿਆ। ਇੱਥੇ ਇੱਕ ਮਹਾਤਮਾ ਸੰਤ ਭੂਰੀ ਵਾਲੇ ਹੋਏ ਹਨ ਜਿਹਨਾਂ ਦੀ ਯਾਦ ਵਿੱਚ ਇੱਥੇ ਇੱਕ ਗੁਰਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ