ਮੁਲਾਂਪੁਰ ਗਰੀਬਦਾਸ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਮੁਲਾਂਪੁਰ ਗਰੀਬਦਾਸ, ਚੰਡੀਗੜ੍ਹ – ਸਿਸਵਾਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਸਵਾ ਦੋ ਸੌ ਸਾਲ ਪੁਰਾਣਾ ਹੈ। ਇਸ ਪਿੰਡ ਵਾਲੀ ਜਗ੍ਹਾ ਤੇ ਹਥਨੌਰ ਨਾਂ ਦੀ ਇੱਕ ਰਿਆਸਤ ਹੁੰਦੀ ਸੀ। ਹਥਨੌਰ ਦੇ ਰਾਜੇ ਦੀ ਕਾਂਗੜੇ ਦੇ ਰਾਜੇ ਦੀ ਲੜਕੀ ਨਾਲ ਸ਼ਾਦੀ ਹੋਈ ਜੋ ਜੈਂਯਤੀਦੇਵੀ ਦੀ ਬਹੁਤ ਭਗਤ ਸੀ, ਇਹ ਮੰਦਰ ਇਸ ਪਿੰਡ ਤੋਂ 4 – 5 ਕਿਲੋਮੀਟਰ ਦੂਰ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਹੈ। ਰਾਣੀ ਨੇ ਦੇਵੀ ਦਾ ਮੰਦਰ ਬਣਾਇਆ। ਹਥਨੌਰ ਦਾ ਰਾਜਾ ਬਹੁਤ ਅਯਾਸ਼ ਸੀ ਉਸ ਨੇ ਰਾਣੀ ਨਾਲ ਦੇਵੀ ਬਾਰੇ ਬੇਅਦਬੀ ਦਾ ਸਲੂਕ ਕੀਤਾ ਜਿਸ ਤੇ ਰਾਣੀ ਬਹੁਤ ਦੁਖੀ ਹੋਈ। ਉਸੇ ਰਾਤ ਮਨੀਮਾਜਰਾ ਪਿੰਡ ਦੇ ਇੱਕ ਜੱਟ ਗਰੀਬਦਾਸ ਨੂੰ ਸੁਪਨਾ ਆਇਆ ਕਿ ਦੇਵੀ ਉਸ ਨੂੰ ਕਹਿ ਰਹੀ ਹੈ ਕਿ ਹਥਨੌਰ ਦੇ ਕਿਲ੍ਹੇ ਉੱਤੇ ਹਮਲਾ ਕਰਕੇ ਰਾਜੇ ਨੂੰ ਖਤਮ ਕੀਤਾ ਜਾਵੇ। ਗਰੀਬ ਦਾਸ ਨੇ ਆਪਣੇ ਸਾਥੀਆਂ ਨਾਲ ਹਥਨੌਰ ‘ਤੇ ਹਮਲਾ ਕਰ ਦਿੱਤਾ ਅਤੇ ਰਾਜੇ ਨੂੰ ਖਤਮ ਕਰ ਦਿੱਤਾ। ਗਰੀਬ ਦਾਸ ਦੇ ਸਾਥੀਆਂ ਨੇ ਹਥਨੌਰ ਨੂੰ ਤਬਾਹ ਕਰ ਦਿੱਤਾ ਅਤੇ ਥੇਹ ਬਣਾ ਦਿੱਤਾ। ਰਾਜੇ ਦੇ ਹਿਮਾਇਤੀ ਮਾਰੇ ਗਏ, ਜੋ ਬੱਚ ਗਏ ਉਹਨਾਂ ਵਿਚੋਂ ਇੱਕ ਮੂਲ ਰਾਜ ਬ੍ਰਾਹਮਣ ਸੀ। ਜਿਸਨੂੰ ਮੂਲਾ ਕਹਿੰਦੇ ਸਨ । ਉਹ ਗਰੀਬ ਦਾਸ ਨੂੰ ਮਿਲਿਆ ਤੇ ਬਾਕੀ ਬਚੇ ਵਸਨੀਕਾਂ ਲਈ ਨਵਾਂ ਪਿੰਡ ਵਸਾਉਣ ਦੀ ਯੋਜਨਾ ਬਣਾਈ। ਪੁਰਾਣੇ ਹਥਨੌਰ ਵਾਲੀ ਥਾਂ ‘ਤੇ ਪਾਣੀ ਦੀ ਥੁੜ ਸੀ ਇਸ ਲਈ ਨਵੇਂ ਪਿੰਡ ਦੀ ਜਗ੍ਹਾ ਇੱਕ ਬਰਸਾਤੀ ਤਲਾਬ ਦੇ ਨਾਲ ਲੱਭੀ ਗਈ। ਇੱਥੇ ਨਵੀਆਂ ਝੁੱਗੀਆਂ ਬਣਾਈਆਂ ਗਈਆਂ ਅਤੇ ਪਿੰਡ ਦਾ ਨਾਂ ਦੋਹਾਂ ਦੇ ਨਾਂ ‘ਤੇ ‘ਮੁੱਲਾਂਪੁਰ ਗਰੀਬਦਾਸ’ ਰੱਖਿਆ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ