ਮੌਜ ਗੜ੍ਹ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਮੌਜਗੜ੍ਹ, ਅਬੋਹਰ- ਗੰਗਾ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੰਜ ਕੋਸੀ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅਬੋਹਰ ਦੇ ਇਲਾਕੇ ਵਿੱਚ ਮੌਜਗੜ੍ਹ ਪਿੰਡ ‘ਬਾਗਾਂ ਵਾਲਾ’ ਕਰਕੇ ਜਾਣਿਆ ਜਾਂਦਾ ਹੈ। ਇਸ ਪਿੰਡ ਦੀ ਨੀਂਹ ਇੱਕ ਮੁਸਲਮਾਨ ਮੌਜਦੀਨ ਨੇ ਅੱਜ ਤੋਂ ਲਗਭਗ ਪੌਣੇ ਤਿੰਨ ਸੌ ਸਾਲ ਪਹਿਲਾਂ ਰੱਖੀ ਸੀ। ਉਸਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ਮੌਜਗੜ੍ਹ ਪੈ ਗਿਆ। ਪਿੰਡ ਦਾ ਬਾਨੀ ਪਿੰਡ ਵਸਾਉਣ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਿਆ ਅਤੇ ਸੰਨ 1750 ਈ. ਵਿੱਚ ਝਾਂਜੜੀਆਂ ਗੋਤ ਦੇ ਜਾਟ ਧਰਮਾ ਰਾਮ ਨੇ ਪਿੰਡ ਬਝੂੰਦਾ ਜ਼ਿਲ੍ਹਾ ਚਰੂ (ਰਾਜਸਥਾਨ) ਤੋਂ ਆ ਕੇ ਇਹ ਪਿੰਡ ਆਪਣੇ ਨਾਂ ਅਲਾਟ ਕਰਵਾ ਲਿਆ, ਨਾਲ ਵਾਲੇ ਪਿੰਡ ਪੰਜਕੋਸੀ ਦੇ ਭੂਰਾ ਰਾਮ ਜਾਖੜ ਦੀ ਮਦਦ ਨਾਲ ਪਿੰਡ ਦੀਆਂ ਸਰਕਾਰੀ ਸ਼ਰਤਾਂ ਪੂਰੀਆਂ ਕਰ ਲਈਆਂ ਤੇ ਜਾਖੜਾਂ ਨਾਲ ਇਸ ਪਿੰਡ ਦੀ ਜ਼ਮੀਨ ਦਾ ਬਰਾਬਰ ਬਰਾਬਰ ਬਟਵਾਰਾ ਕਰ ਲਿਆ। ਬਾਅਦ ਵਿੱਚ ਜਾਖੜਾਂ ਨੇ ਝਾਂਜੜੀਆਂ ਦੇ ਹਿੱਸੇ ਵਿੱਚੋਂ ਚੌਥਾ ਹਿੱਸਾ ਜ਼ਮੀਨ ਖਰੀਦ ਕੇ ਪਿੰਡ ਦੀ ਨੰਬਰਦਾਰੀ ਸਾਂਭ ਲਈ।
ਇਸ ਪਿੰਡ ਦੀ ਵਧੇਰੇ ਵਸੋਂ ਜਾਟਾਂ ਦੀ ਹੈ ਜਿਸ ਵਿੱਚ ਜਾਖੜ, ਝਾਂਜੜੀਆਂ, ਕਾਜਲਾ, ਗੜ੍ਹ ਤੇ ਸਾਂਘਾਂ ਗੋਤ ਦੇ ਜਾਟ ਸ਼ਾਮਲ ਹਨ। ਘੁਮਿਆਰ, ਮੇਘਵਾਲ, ਬ੍ਰਾਹਮਣ, ਬਾਲਮੀਕੀ, ਧਾਨਕ ਤੇ ਨਾਇਕ ਆਦਿ ਵੀ ਪਿੰਡ ਵਿੱਚ ਵਸਦੇ ਹਨ। ਇਸ ਪਿੰਡ ਵਿੱਚ ਸਿੱਖਾਂ ਦੀ ਅਬਾਦੀ ਨਹੀਂ ਹੈ। ਪਿੰਡ ਵਿੱਚ ਦੋ ਮੰਦਰ ਹਨ ਅਤੇ ਇੱਕ ਗੰਗਾਧਰ ਦਾ ਮੰਦਰ ਹੈ ਜੋ ਇਸੀ ਪਿੰਡ ਦਾ ਰਹਿਣ ਵਾਲਾ ਇੱਕ ਠਾਕਰ ਸੀ ਜੋ ਸਾਧੂ ਸੀ ਜੋ ਸਾਰੀ ਉਮਰ ਜਤੀ ਰਿਹਾ। ਹਰ ਮਹੀਨੇ ਗਿਆਰਸ ਦੇ ਦਿਨ ਇੱਥੇ ਮੇਲਾ ਲੱਗਦਾ ਹੈ ਅਤੇ ਕਹਿੰਦੇ ਹਨ ਕਿ ਇੱਥੇ ਸੁੱਖਣਾ ਸੁੱਖਿਆਂ ਸਰੀਰ ਦੇ ਮੋਹਕੇ ਝੜ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ