ਮੰਡੀਰ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਮੰਡੀਰ ਜਾਂ ਮੰਡੀਰਾਂ ਵਾਲਾ, ਮੋਗਾ- ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਮੋਗਾ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੌਣੇ ਤਿੰਨ ਸੌ ਸਾਲ ਪਹਿਲੇ ਇਸ ਦਾ ਬਾਨੀ ਸ. ਤੇਜਾ ਸਿੰਘ ਚੜਿੱਕ ਪਿੰਡ ਤੋਂ ਇੱਥੇ ਆ ਕੇ ਵੱਸਿਆ।
ਪਿੰਡ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਇੱਕ ਵਾਰ ਪੰਜਾਬ ਵਿੱਚ ਕਾਲ ਪੈ ਗਿਆ ਅਤੇ ਪਸ਼ੂ ਡੰਗਰ ਚਾਰੇ ਤੇ ਪਾਣੀ ਦੀ ਘਾਟ ਕਰਕੇ ਮਰਨ ਲੱਗੇ। ਇਸ ਥਾਂ ‘ਤੇ ਕਈ ਛੱਪੜ ਟੋਭੇ ਪਾਣੀ ਨਾਲ ਭਰੇ ਰਹਿੰਦੇ ਸਨ ਤੇ ਆਸ ਪਾਸ ਖੁਲ੍ਹੀਆਂ ਚਰਾਂਦਾ ਸਨ । ਸ. ਤੇਜਾ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਇਸ ਮੰਡ (ਨੀਵੀਂ ਧਰਤੀ) ਪਈ ਧਰਤੀ ‘ਤੇ ਅਹੀਰਾਂ ਵਾਂਗ ਪਸ਼ੂ ਡੰਗਰ ਚਾਰਨ ਆ ਜਾਂਦੇ ਤੇ ਕਈ ਕਈ ਦਿਨ ਇੱਥੇ ਟਿੱਕੇ ਰਹਿੰਦੇ। ਆਖਰ ਇਸ ਦਾ ਨਾ ‘ਅਹੀਰਾਂ ਦੀ ਮੰਡ’ ਪੈ ਗਿਆ। ਹੌਲੀ ਹੌਲੀ ‘ਮੰਡ ਅਹੀਰਾਂ’ ਤੇ ਫੇਰ ਪਿੰਡ ਦਾ ਨਾਂ ‘ਮੰਡੀਰ’ ਹੋ ਗਿਆ।
ਇਸ ਪਿੰਡ ਨੇ ਕੁਦਰਤ ਦੀਆਂ ਕਈ ਕਹਿਰਾਂ ਝੱਲੀਆਂ। ਇਸ ਪਿੰਡ ਦਾ 1950, 1952, 1955 ਤੇ ਫੇਰ 1962 ਦੇ ਹੜ੍ਹਾਂ ਨੇ ਬੁਰਾ ਹਾਲ ਕੀਤਾ ਤੇ ਹਰ ਵਾਰੀ ਪਿੰਡ ਢਹਿ ਢੇਰੀ ਹੋ ਜਾਂਦਾ ਰਿਹਾ। ਆਖਰ 1962 ਦੇ ਨੁਕਸਾਨ ਨੂੰ ਵੇਖ ਕੇ ਸ. ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੇ ਇਸ ਨੂੰ ਨਹਿਰ ਦੇ ਦੂਜੇ ਪਾਸੇ ਉੱਚੀ ਥਾਂ ਤੇ ਵਿਸ਼ੇਸ਼ ਸਰਕਾਰੀ ਸਹਾਇਤਾ ਨਾਲ ਮਾਡਲ ਪਿੰਡ ਦੇ ਰੂਪ ਵਿੱਚ ਬਣਾਇਆ। ਪਰ ਕਈਆਂ ਨੇ ਆਪਣੀ ਪਹਿਲੀ ਥਾਂ ਨਹੀਂ ਛੱਡੀ। ਇਹ ਦੋਵੇਂ ਬਸਤੀਆਂ ਨਹਿਰ ਦੇ ਦੋਹਾਂ ਕਿਨਾਰਿਆਂ ਤੇ ਇੱਕ ਨੀਵੀ ਤੇ ਇੱਕ ਉੱਚੀ ਬਣੀਆਂ ਹੋਈਆਂ ਹਨ।
ਪਿੰਡ ਵਿੱਚ ਇੱਕ ਗੁਰਦੁਆਰਾ, ਧਰਮਸ਼ਾਲਾ ਤੇ ਇੱਕ ਮੁਰਲੀ ਦਾਸ ਦਾ ਡੇਰਾ ਹੈ। ਜਿੱਥੇ ਫੌੜੇ ਫਿਨਸੀ ਤੇ ਦੱਦ-ਚੰਬਲ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ