ਮੱਤਾ
ਤਹਿਸੀਲ ਜੈਤੋ ਦਾ ਪਿੰਡ ਮੱਤਾ, ਜੈਤੋਂ ਫਰੀਦਕੋਟ ਸੜਕ ਤੋਂ 4 ਕਿਲੋ ਮੀਟਰ ਅਤੇ ਰੇਲਵੇ ਸਟੇਸ਼ਨ ਅਜੀਤ ਗਿੱਲ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਬਹੁਤ ਪੁਰਾਣਾ ਹੈ ਅਤੇ ਇਸਦਾ ਨਾਂ ਕਿਸੇ ਵਡੇਰੇ ਦੇ ਨਾਂ ਤੇ ਪਿਆ। ਇਸ ਪਿੰਡ ਦੀ ਬਹੁਤੀ ਵਸੋਂ ਕਪੂਰੇ ਦੇ ਬਰਾੜਾਂ ਦੀ ਹੈ। ਇੱਥੇ ਰਿਆਸਤ ਕਪੂਰੇ ਕਿਆ ਦਾ ਰਾਜ ਰਿਹਾ ਹੈ ਜਿਸਦਾ ਆਖਰੀ ਮਹਾਰਾਜਾ ਹਰਿੰਦਰ ਸਿਘ ਸੀ । ਬਰਾੜਾਂ ਤੋਂ ਇਲਾਵਾ ਇੱਥੇ ਵਾਂਦਰ, ਗਿੱਲ ਗੋਤਾਂ ਦੇ ਘਰ ਹਨ ਅਤੇ ਲਗਭਗ ਤੀਸਰਾ ਹਿੱਸਾ ਅਬਾਦੀ ਹਰੀਜਨਾਂ ਦੀ ਹੈ।
ਜੈਤੋ ਦੇ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਅੰਮ੍ਰਿਤਸਰ ਤੋਂ ਆਉਂਦੇ ਜੱਥਿਆਂ ਦਾ ਆਖਰੀ ਪੜ੍ਹਾਅ ਮੱਤਾ ਹੁੰਦਾ ਸੀ । ਸਤਿਆਗ੍ਰਹੀ ਜੱਥਾ ਕਈ ਵੇਰ ਏਥੇ ਰਾਤ ਕੱਟਦਾ ਤੇ ਅਗਲੇ ਦਿਨ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦਾ। ਮੱਤੇ ਦੇ ਲੋਕ ਜੱਥੇ ਨੂੰ ਪਨਾਹ ਦੇਂਦੇ ਉਹਨਾਂ ਨੂੰ ਖਾਣ ਲਈ ਭੋਜਨ ਦੇਂਦੇ। ਇਸ ਦੇ ਇਵਜ ਵਿੱਚ ਅੰਗਰੇਜ਼ ਸਰਕਾਰ ਵਲੋਂ ਭਾਰੀ ਜੁਰਮਾਨੇ ਕੀਤੇ ਜਾਂਦੇ, ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ ਤੇ ਹਰ ਤਰ੍ਹਾਂ ਨਾਲ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ