ਮੱਤੇਵਾਲ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਮੱਤੇਵਾਲ, ਟਾਹਲੀ ਸਾਹਿਬ-ਬੋਪਾਰਾਏ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੁਟਾਰੀ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੰਜਾਬ ਵਿੱਚ ਦਸਵੀਂ ਤੇ ਗਿਆਰਵੀਂ ਸਦੀਂ ਵਿੱਚ ਨਾਥ ਜੋਗੀਆਂ ਦੇ ਮੱਤ ਦਾ ਬਹੁਤ ਜ਼ੋਰ ਰਿਹਾ ਹੈ। ਗਿਆਰਵੀਂ ਸਦੀ ਦੇ ਅੰਤ ਵਿੱਚ ਇੱਕ ਜੋਗੀ ‘ਮੱਤ’ ਨੇ ਆਪਣੇ ਚੇਲਿਆ ਸਮੇਤ ਇੱਕ ਉੱਚੇ ਟਿੱਲੇ ਨੂੰ ਆਪਣੇ ਮੱਤ ਦੇ ਪ੍ਰਚਾਰ ਦਾ ਕੇਂਦਰ ਬਣਾ ਲਿਆ। ਬਾਠ ਗੋਤ ਦੇ ਜੱਟਾਂ ਨੇ ਜ਼ਮੀਨ ‘ਤੇ ਕਬਜ਼ਾ ਕਰਕੇ ਵਾਹੀ ਖੇਤੀ ਸ਼ੁਰੂ ਕਰ ਦਿੱਤੀ। ਪਿੰਡ ਮੱਤੇ ਨਾਥ ਦੇ ਨਾਂ ਤੇ ਪ੍ਰਸਿੱਧ ਹੋ ਗਿਆ ਤੇ ਇਸ ਦਾ ਨਾਂ ‘ਮੱਤੇਵਾਲ’ ਪੈ ਗਿਆ।
ਇੱਥੋਂ ਦੇ ਅਰੋੜਾ ਬਰਾਦਰੀ ਦੇ ਪੂਰਵਜ ਆਰੀਆ ਲੋਕਾਂ ਹੱਥੋਂ ਸਿੰਧ ਵਿਚੋਂ ਉਜੜ ਕੇ ਪੰਜਾਬ ਵੱਲ ਆ ਕੇ ਖਿੰਡਰ-ਪੁੰਡਰ ਗਏ ਸਨ। ਇੱਕ ਅਰੋੜਾ ਪ੍ਰਭਾਤੀ ਰਾਮ ਮੱਤੇਵਾਲ ਆ ਗਿਆ ਤੇ ਪਰਿਵਾਰ ਸਮੇਤ ਵੱਸ ਗਿਆ। ਸਿੱਖ ਧਰਮ ਦੀ ਚੜ੍ਹਤ ਵੇਲੇ ਇਨ੍ਹਾਂ ਨੇ ਸਿੱਖ ਧਰਮ ਅਪਨਾਅ ਲਿਆ। ਪਿੰਡ ਵਿੱਚ ਇਹਨਾਂ ਦੇ ਕਾਫੀ ਘਰ ਹਨ। ਬਾਅਦ ਵਿੱਚ ਸੰਧੂ, ਭੁੱਲਰ, ਸਵਾਈ ਤੇ ਡਡਵਾਲ ਗੋਤਾਂ ਦੇ ਜੱਟ ਇੱਥੇ ਆ ਕੇ ਵੱਸੇ। ਹੋਰ ਜਾਤਾਂ ਦੇ ਲੋਕ ਵੀ ਇੱਥੇ ਆ ਕੇ ਵੱਸ ਗਏ ਅਤੇ ਇਹ ਇੱਕ ਕਸਬਾ ਬਣ ਗਿਆ।
ਮਹਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਇੱਕ ਪਰਗਣਾ ਸੀ ਅਤੇ ਮਹਾਰਾਜਾ ਨੇ ਇੱਥੇ ਇੱਕ ਕਿਲ੍ਹਾ ਵੀ ਬਣਵਾਇਆ ਸੀ । ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਹਰਿਗੋਬਿੰਦਪੁਰ ਨੂੰ ਜਾਂਦੇ ਸਮੇਂ ਇਸ ਪਿੰਡ ਦੀ ਜੂਹ ਵਿੱਚ ਠਹਿਰੇ ਸਨ। ਜਿਸ ਬੇਰੀ ਨਾਲ ਉਹਨਾਂ ਨੇ ਘੋੜਾ ਬੰਨ੍ਹ ਕੇ ਆਪਣੇ ਲਸ਼ਕਰ ਸਮੇਤ ਵਿਸ਼ਰਾਮ ਕੀਤਾ ਸੀ, ਉਸ ਥਾਂ ਤੇ ਬਹੁਤ ਸੁੰਦਰ ਗੁਰਦੁਆਰਾ ‘ਬੇਰ ਸਾਹਿਬ ਉਸਾਰਿਆ ਗਿਆ ਹੈ ਜਿੱਥੇ ਮੱਸਿਆ ਤੇ ਭਾਰੀ ਮੇਲਾ ਲੱਗਦਾ ਹੈ। ਅਗਰਵਾਲ ਬਰਾਦਰੀ ਦੇ ਸ੍ਰੀ ਹਰਧਨ ਸ਼ਾਹ ਨੇ ਇੱਕ ਸੁੰਦਰ ਸ਼ਿਵ ਮੰਦਰ ਦੀ ਉਸਾਰੀ ਕਰਵਾਈ ਸੀ। ਇਸ ਮੰਦਰ ਤੇ ਬੇਹਤਰੀਨ ਚਿੱਤਰਕਲਾ ਦੇ ਨਮੂਨੇ ਹਨ। ਪਿੰਡ ਵਿੱਚ ਜੋਗੀਆ ਦੇ ਮੰਦਰ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ