ਮੱਲੂ ਪੋਤਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੱਲੂਪੋਤਾ, ਬੰਗਾ-ਫਗਵਾੜਾ ਸੜਕ ਤੋਂ 1 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਮੱਲੂਪੋਤਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਸਵਾ ਚਾਰ ਸੌ ਸਾਲ ਪਹਿਲਾਂ ਬਾਂਗਰ ਇਲਾਕੇ ਦੇ ਵਾਸੀ ਮੱਲੂ ਨੇ ਵਸਾਇਆ। ਮੱਲੂ ਦਾ ਇੱਕ ਪੁੱਤਰ ਅਤੇ ਇੱਕ ਪੋਤਰਾ ਸੀ। ਪੁੱਤਰ ਦੀ ਮੌਤ ਜਵਾਨੀ ਵਿੱਚ ਹੀ ਹੋ ਗਈ ਅਤੇ ਉਸਦਾ ਪੋਤਾ ਉਸਨੂੰ ਸੰਭਾਲਣ ਲਈ ਰਹਿ ਗਿਆ। ਇਸ ਜਗ੍ਹਾ ਤੇ ਹੌਲੀ ਹੌਲੀ ਅਬਾਦੀ ਵਧਦੀ ਗਈ ਅਤੇ ਇਸ ਬਾਬੇ ਪੋਤੇ ਦੇ ਨਾਂ ਤੇ ਇਸ ਵਸੋਂ ਦਾ ਨਾਂ ‘ਮੱਲੂ ਪੋਤਾ’ ਪ੍ਰਚਲਤ ਹੋ ਗਿਆ।
ਗੁਰੂ ਅਮਰ ਦਾਸ ਜੀ ਦੇ ਸਿੱਖ ਗੰਗੂ ਸ਼ਾਹ ਇਸ ਪਿੰਡ ਦੇ ਸਨ ਜਿਨ੍ਹਾਂ ਨੂੰ ‘ਗੁਰੂ ਜੀ ਨੇ 21ਵੀਂ ਮੰਜੀ ਦਾ ਆਗੂ ਥਾਪ ਕੇ ਦੁਆਬੇ ਵਿੱਚ ਪ੍ਰਚਾਰ ਲਈ ਭੇਜਿਆ। ਇਹਨਾਂ ਦੀ ਯਾਦ ਵਿੱਚ ਇਸ ਪਿੰਡ ਵਿੱਚ ਗੁਰਦੁਆਰਾ ‘ਮੰਜੀ ਸਾਹਿਬ’ ਹੈ।
ਗੁਰੂ ਗੋਬਿੰਦ ਸਿੰਘ ਜੀ ਵੇਲੇ ਜਲੰਧਰ ਦੇ ਸੇਠ ਨਹਿਰ ਮੱਲ ਨੇ ਆਪਣੇ ਪੁੱਤਰ ਨੂੰ ਸਿੱਖੀ ਧਾਰਨ ਕਰਨ ਕਰਕੇ ਘਰੋਂ ਕੱਢ ਦਿੱਤਾ ਸੀ। ਉਸ ਦਾ ਨਾਂ ਰਾਮ ਸਿੰਘ ਸੀ ਜੋ ਸਿੱਖਾਂ ਦੀ ਕਿਸੇ ਲੜਾਈ ਵਿੱਚ ਸ਼ਹੀਦ ਹੋ ਗਿਆ। ਨਹਿਰ ਮੱਲ ਆਪਣੇ ਪੁੱਤਰ ਦੀ ਮੌਤ ਉਪਰੰਤ ਆਪਣੀ ਪੋਤਰੀ ਨੂੰ ਲੈ ਕੇ ਗੁਰੂ ਦੀ ਸ਼ਰਨ ਵਿੱਚ ਅਨੰਦਪੁਰ ਚਲ ਪਿਆ। ਰਸਤੇ ਵਿੱਚ ਪਠਾਣਾ ਨੇ ਘੇਰ ਲਿਆ। ਇਸ ਮੁਸ਼ਕਲ ਸਮੇਂ ਤੇ ਇਸ ਪਿੰਡ ਦੇ ਬਾਬਾ ਸੰਤ ਸਿੰਘ ਨੇ ਉਹਨਾਂ ਦੀ ਰੱਖਿਆ ਕੀਤੀ ਅਤੇ ਪਠਾਣਾਂ ਨਾਲ ਲੜਦੇ ਹੋਏ ਸਤਲੁਜ ਦੇ ਕੰਢੇ ਥਾਣਾ ਪੱਤਣ ਕੋਲ ਸ਼ਹੀਦ ਹੋ ਗਏ। ਇਹਨਾਂ ਦਾ ਅਸਥਾਨ ਉੱਥੇ ਅਤੇ ਇਸ ਪਿੰਡ ਵਿੱਚ ਬਣਿਆ। ਹੋਇਆ ਹੈ। ਇਹਨਾਂ ਦੇ ਪਰਿਵਾਰ ਨੂੰ ‘ਸਿੱਖਾ ਦੇ’ ਕਰਕੇ ਜਾਣਿਆ ਜਾਂਦਾ ਹੈ।
ਪਿੰਡ ਵਿੱਚ ਇੱਕ ਬਾਬੇ ਲੱਖੇ ਦਾ ਅਸਥਾਨ ‘ਲੱਖੋਆਣਾ’ ਹੈ ਜਿਸ ਦੀ ਸਾਰਾ ਪਿੰਡ ਮਾਨਤਾ ਕਰਦਾ ਹੈ। ਬਾਬਾ ਖਾਨਦਾਸ ਦੇ ਡੇਰੇ ਦੀ ਮਾਨਤਾ ਇਲਾਕੇ ਦੇ ਸਨਾਤਨ ਧਰਮ ਦੇ ਪੈਰੋਕਾਰ ਕਰਦੇ ਹਨ ਅਤੇ ਇੱਥੇ ਮਹਾਜਨ ਲੋਕ ਭੱਦਣ ਕਰਦੇ ਹਨ। ਬਾਬਾ ਸੂਰੇ ਦਾ ਅਸਥਾਨ ਹਰੀਜਨ ਬਸਤੀ ਵਿੱਚ ਹੈ ਜਿਸ ਨੂੰ ‘ਸਰੇਆਣਾ’ ਕਹਿੰਦੇ ਹਨ, ਇੱਥੇ ਹਰ ਸਾਲ ਛਿੰਝ ਪੈਂਦੀ ਹੈ।
1947 ਦੀ ਵੰਡ ਵੇਲੇ ਇੱਥੋਂ ਦੇ ਮੁਸਲਮਾਨਾਂ ਨੂੰ ਬੜੇ ਸਤਿਕਾਰ ਨਾਲ ਪਿੰਡ ਵਾਲਿਆਂ ਨੇ ਬਹਿਰਾਮ ਦੇ ਕੈਂਪ ਤੱਕ ਪਹੁੰਚਾਇਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ