ਰਣਸੀਂਹ ਕਲਾਂ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰਣਸੀਂਹ ਕਲਾਂ, ਮੋਗਾ – ਬਰਨਾਲਾ ਸੜਕ ਤੋਂ 3 ਕਿਲੋਮੀਟਰ ਦੂਰ, ਮੋਗਾ ਸਟੇਸ਼ਨ ਤੋਂ 35 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ 600 ਸਾਲ ਪਹਿਲੇ ਬੰਨ੍ਹਿਆ ਗਿਆ ਦੱਸਿਆ ਜਾਂਦਾ ਹੈ। ਇੱਥੇ ਪਹਿਲੇ ਜੰਗਲ ਤੇ ਵਿਰਾਨ ਜਗ੍ਹਾ ‘ਤੇ ਮਾਨਾ ਲੋਕਾਂ ਦੀ ਕੁਝ ਅਬਾਦੀ ਸੀ। ਕਾਂਗੜ ਦੇ ਰਣ ਸਿੰਹੁ ਜੋ ਇਧਰ ਮਾਲ ਡੰਗਰ ਚਾਰਨ ਆਇਆ ਕਰਦਾ ਸੀ, ਨੇ ਇੱਕ ਦਿਨ ਜਦ ਇੱਥੋਂ ਦੇ ਲੋਕ ਕਿਧਰੇ ਬਾਹਰ ਵਿਆਹ ਸ਼ਾਦੀ ‘ਤੇ ਗਏ ਹੋਏ ਸਨ ਤਾਂ ਮੌਕਾ ਦੇਖ ਕੇ ਕਬਜ਼ਾ ਕਰ ਲਿਆ। ਲੋਕਾਂ ਦੇ ਵਾਪਸ ਆਉਣ ‘ਤੇ ਉਹਨਾਂ ਨੂੰ ਕੁੱਟ ਮਾਰ ਕੇ ਪਿੰਡ ਵਿਚੋਂ ਭਜਾ ਦਿੱਤਾ। ਤੇ ਪੂਰਨ ਤੌਰ ‘ਤੇ ਆਪਣਾ ਕਬਜ਼ਾ ਕਰ ਕੇ ਪਿੰਡ ਦੀ ਮੋੜੀ ਗੱਡ ਦਿੱਤੀ। ਬਾਅਦ ਵਿੱਚ ਉਸਦੇ ਨਾਂ ‘ਤੇ ਹੀ ਪਿੰਡ ਦਾ ਨਾਂ ‘ਰਣਸੀਂਹ’ ਪੈ ਗਿਆ। ਪਿੰਡ ਵਿੱਚ ਜੱਟ, ਧਾਲੀਵਾਲਾਂ ਤੋਂ ਬਿਨਾਂ ਸਿੱਧੂ, ਗਿੱਲ ਤੇ ਟਿਵਾਣਾ ਘਰ ਵੀ ਹਨ। ਪਿੰਡ ਦੀ 40 ਪ੍ਰਤੀਸ਼ਤ ਵਸੋਂ ਮਜ਼ਬੀ ਸਿੱਖਾਂ ਦੀ ਹੈ।
ਪਿੰਡ ਦੀ ਜ਼ਮੀਨ ਦੇ ਕੁੱਲ ਰਕਬੇ ਵਿਚੋਂ 128 ਏਕੜ ਜ਼ਮੀਨ 1924 ਤੱਕ ਮਹੰਤਾਂ ਦੇ ਕਬਜ਼ੇ ਵਿੱਚ ਸੀ ਜੋ ਕਿ ਪਿੰਡ ਵਾਸੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਭੰਗਾਣੀ ਦੇ ਯੁੱਧ ਵਿੱਚ ਸਾਥ ਦੇਣ ਵਾਲੇ ਮਹੰਤ ਕਿਰਪਾਲ ਦਾਸ ਨੂੰ ਦਾਨ ਵਜੋਂ ਭੇਟ ਕੀਤੀ ਹੋਈ ਸੀ ਪ੍ਰੰਤੂ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਇਹ ਜ਼ਮੀਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਹੇਠ ਆ ਗਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ