ਰਣੀਆਂ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰਣੀਆਂ – ਮੋਗਾ – ਬਰਨਾਲਾ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 17 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਲਗਭਗ ਸਾਢੇ ਚਾਰ ਸੌ ਸਾਲ ਪੁਰਾਣਾ ਹੈ। ਇਹ ਪਿੰਡ ‘ਰਣ ਸਿੰਘ’ ਨਾਮੀਂ ਜ਼ਿਮੀਦਾਰ ਨੇ ਬੁੱਟਰ ਤੋਂ ਆ ਕੇ ਇੱਥੇ ਆਬਾਦ ਕੀਤਾ ਜੋ ‘ਢਿੱਲੋਂ’ ਗੋਤ ਦਾ ਸੀ। ਰਣ ਸਿੰਘ ਦਾ ਪੁੱਤਰ ਸ਼ਾਦਾ ਤੇ ਸ਼ਾਦੇ ਦੇ ਤਿੰਨ ਪੁੱਤਰ ਭਾਗ, ਮੋਹਰੀ ਤੇ ਸੂਰਾ ਸਨ । ‘ਰਣ ਸਿੰਘ’ ਤੋਂ ਪਿੰਡ ਦਾ ਨਾਂ ‘ਰਣੀਆਂ’ ਪੈ ਗਿਆ। ਪਿੰਡ ਬੱਝਣ ਤੋਂ ਕੁਝ ਸਮਾਂ ਬਾਅਦ 1759 ਈ. ਨੂੰ ਪਿੰਡ ਘੋਲੀਆਂ ਕਲਾਂ ਤੋਂ ਮੇਹਰ ਚੰਦ ਦੇ ਵੱਡੇ ਵਡੇਰੇ ਵੀ ਇੱਥੇ ਆ ਕੇ ਵੱਸ ਗਏ। ਮੇਹਰ ਚੰਦ ਦਾ ਪੁੱਤਰ ਵੀਰ ਸਿੰਘ ਤੇ ਵੀਰ ਸਿੰਘ ਦਾ ਪੁੱਤਰ ਖਜ਼ਾਨ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਫੌਜ ਵਿੱਚ ਸੀ। ਪਿੰਡ ਦੇ ਕੁਝ ਹੋਰ ਲੋਕ ਵੀ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਫੌਜ ਵਿੱਚ ਸਨ।
ਪਿੰਡ ਵਿੱਚ ਬਹੁ ਗਿਣਤੀ ਗਿੱਲ ਗੋਤ ਦੇ ਜੱਟਾਂ ਦੀ ਹੈ। ਇਸ ਤੋਂ ਇਲਾਵਾ ਧਾਲੀਵਾਲ, ਢਿੱਲੋਂ, ਸਿੱਧੂ ਤੇ ਰਾਮਗੜ੍ਹੀਏ ਸਰਦਾਰਾਂ ਦੇ ਵੀ ਕੁਝ ਘਰ ਹਨ। ਪਿੰਡ ਵਿੱਚ ਇੱਕ ਪ੍ਰਸਿੱਧ ਗੁਰਦੁਆਰਾ ‘ਪਾਰ ਬ੍ਰਹਮਪੁਰੀ’ ਹੈ ਜਿਸ ਦੇ ਬਾਨੀ ਸੰਤ ਸਰਦਾਰਾ ਸਿੰਘ ਇਸ ਪਿੰਡ ਦੇ ਰਹਿਣ ਵਾਲੇ ਸਨ ਜਿਹਨਾਂ ਨੇ ਲੋਕ ਸੇਵਾ ਤੇ ਪ੍ਰਭੂ ਭਗਤੀ ਵਿੱਚ ਜੀਵਨ ਬਿਤਾਇਆ। ਦੂਰੋਂ ਦੂਰੋਂ ਲੋਕ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਸਨ ਤੇ ਉਹ ਮਰੀਜ਼ਾਂ ਨੂੰ ਮੁਫ਼ਤ ਦੇਸੀ ਦਵਾਈ ਦੇਂਦੇ ਸਨ। ਹੁਣ ਵੀ ਇੱਥੇ ਮੱਸਿਆ ਤੇ ਸੰਗਰਾਂਦ ਨੂੰ ਆਸ ਪਾਸ ਦੇ ਪਿੰਡਾਂ ਦਾ ਭਾਰੀ ਇੱਕਠ ਹੁੰਦਾ ਹੈ।
ਪਿੰਡ ਦੇ ਲਹਿੰਦੇ ਪਾਸੇ ਇੱਕ ਸਮਾਧ ਬਾਬਾ ਬੂਟਾ ਰਾਮ ਸਿੱਧ ਪੀਰ ਦੀ ਹੈ। ਕਹਿੰਦੇ ਹਨ ਇੱਥੇ ਸ਼ਰਧਾਲੂਆਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ। ਸੰਤ ਭਾਈ ਵੀਰ ਸਿੰਘ ਖਡੂਰ ਸਾਹਿਬ ਤੋਂ ਆ ਕੇ ਇੱਥੇ ਰਹਿਣ ਲੱਗੇ ਜਿਨ੍ਹਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਵਿਦਿਆ ਦਾ ਚਾਨਣ ਲੋਕਾਂ ਵਿੱਚ ਵੰਡਿਆ । ਸੰਤ ਹੀਰਾ ਸਿੰਘ, ਸੰਤ ਜੈਮਲ ਸਿੰਘ ਨਿਰਮਲੇ ਸਾਧੂ ਤੇ ਸੰਤ ਹਰਦਿੱਤ ਸਿੰਘ ਵੀ ਇੱਥੋਂ ਦੇ ਰਹਿਣ ਵਾਲੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ