ਰਹੂੜਿਆਂ ਵਾਲੀ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਰਹੂੜਿਆਂ ਵਾਲੀ, ਮੁਕਤਸਰ – ਅਬੋਹਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਮੁਕਤਸਰ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 200 ਸਾਲ ਪਹਿਲਾਂ ਇੱਥੇ ਇੱਕ ਛੱਪੜ ਹੁੰਦਾ ਸੀ ਅਤੇ ਇੱਥੇ ਰਹੂੜਿਆਂ। ਦੇ ਕਾਫੀ ਰੁੱਖ ਸਨ, ਜਿਸ ਕਾਰਨ ਇਸ ਪਿੰਡ ਦਾ ਨਾਂ ਰਹੂੜਿਆਂ ਵਾਲੀ ਕਰਕੇ ਪ੍ਰਸਿੱਧ ਹੋ ਗਿਆ। ਰਹੂੜਿਆਂ ਦੇ ਰੁੱਖਾਂ ਦੀ ਲਕੜੀ ਕਾਫੀ ਮਜ਼ਬੂਤ ਤੇ ਕੀਮਤੀ ਹੁੰਦੀ ਹੈ ਅਤੇ ਇਸ ਦੇ ਚਰਖੇ ਤੇ ਹੋਰ ਸਮਾਨ ਬਣਦਾ ਹੈ। ਕਿਸੇ ਜ਼ਮਾਨੇ ਵਿੱਚ ਇਸ ਪਿੰਡ ਵਿੱਚ ਚਰਖੇ ਬਨਾਉਣ ਦੇ ਬਹੁਤ ਕਾਰੀਗਰ ਹੁੰਦੇ ਸਨ। ਹੁਣ ਵੀ ਪੁਰਾਣੇ ਖਾਨਦਾਨੀ ਕਾਰੀਗਰ ਹਨ ਜੇ ਚਰਖੇ ਬਣਾਉਂਦੇ ਹਨ।
1857 ਵਿੱਚ ਗਦਰ ਸਮੇਂ ਕੈਥਲ ਸਟੇਟ ਤੇ ਭਾਈ ਸੰਗਤ ਸਿੰਘ ਆਦਿ ਦਾ ਕਬਜ਼ਾ ਸੀ। ਇਸ ਪਿੰਡ ਨੂੰ ਵਸਾਉਣ ਵਾਲਾ ਬਾਬਾ ਚੜ੍ਹਤ ਸਿੰਘ ਹੇਅਰ ਕੈਥਲ ਸਟੇਟ ਵਿੱਚ ਮਹਿਕਮਾ ਮਾਲ ਦੇ ਉੱਚ ਅਧਿਕਾਰੀ ਸਨ। ਗਦਰ ਸਮੇਂ ਬਾਬਾ ਚੜ੍ਹਤ ਸਿੰਘ ਹੇਅਰ ਬਠਿੰਡਾ ਭਲਾਈਆਣਾ ਦੇ ਰਸਤੇ ਮੁਕਤਸਰ ਪੁੱਜੇ ਅਤੇ ਇੱਥੇ ਗੁਰਦੁਆਰੇ ਵਿੱਚ ਸ਼ਰਨ ਲਈ। ਬਾਬਾ ਜੀ ਇੱਕ ਲਾਇਕ ਤੇ ਕਾਬਲ ਹਕੀਮ ਸਨ ਤੇ ਮੁਕਤਸਰ ਦੇ ਪੁਜਾਰੀ ਸਿੰਘਾਂ, ਜਿੰਨ੍ਹਾਂ ਦਾ ਪਿੰਡ ਮੁਕਤਸਰ ਤੇ ਕਬਜ਼ਾ ਸੀ ਦੇ ਵੱਡੇ ਬਜ਼ੁਰਗ ਬਾਬਾ ਮੇਘ ਸਿੰਘ ਉਸ ਸਮੇਂ ਕਾਫੀ ਬੀਮਾਰ ਸਨ। ਬਾਬਾ ਚੜ੍ਹਤ ਸਿੰਘ ਨੇ ਉਹਨਾਂ ਦਾ ਇਲਾਜ ਕੀਤਾ ਤੇ ਉਹ ਠੀਕ ਹੋ ਗਏ। ਉਨ੍ਹਾਂ ਨੇ ਖੁਸ਼ ਹੋ ਕੇ ਇੱਥੇ ਇੱਕ ਪੱਤੀ ਦੀ ਭੂਮੀ ਦੇਣ ਦੀ ਪੇਸ਼ਕਸ਼ ਬਾਬਾ ਚੜ੍ਹਤ ਸਿੰਘ ਨੂੰ ਕੀਤੀ ਪਰ ਉਹਨਾਂ ਕਿਹਾ ਕਿ ਉਹਨਾਂ ਦੇ ਸੱਤ ਪੁੱਤਰ ਹਨ ਅਤੇ ਇੱਕ ਪੱਤੀ ਦੀ ਭੂਮੀ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਚਲੇਗਾ। ਅਖੀਰ ‘ਚ ਰਹੂੜਿਆਂ ਵਾਲਾ 300 ਏਕੜ ਦਾ ਰਕਬਾ ਉਹਨਾਂ ਨੂੰ ਦੇ ਦਿੱਤਾ ਗਿਆ। ਉਸ ਵੇਲੇ ਇਹ ਇਲਾਕਾ ਰਿਆਸਤ ਫਰੀਦਕੋਟ ਵਿੱਚ ਸੀ ਅਤੇ ਮੁਕਤਸਰ ਦੀ ਪੁਰਾਣੀ ਤਹਿਸੀਲ ਦੀ ਇਮਾਰਤ ਰਿਆਸਤ ਫਰੀਦਕੋਟ ਦਾ ਕਿਲ੍ਹਾ ਸੀ। ਲਾਰਡ ਵਿਲੀਅਮ ਬੈਟਿੰਗ ਦੇ ਸਬਸਿਡੀਅਰੀ ਸਿਸਟਮ ਦੇ ਅਧੀਨ ਰਿਆਸਤ ਫਰੀਦਕੋਟ ਨੇ ਇਹ ਇਲਾਕਾ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। ਬਾਬਾ ਚੜ੍ਹਤ ਸਿੰਘ ਆਪਣੇ ਭਰਾਵਾਂ, ਲੜਕਿਆਂ ਤੇ ਸਹੁਰਿਆਂ ਨੂੰ ਨਾਲ ਲੈ ਕੇ ਆ ਗਏ ਉਹਨਾਂ ਨਾਲ ਕੁੱਝ ਗਿੱਲ ਗੋਤ ਦੇ ਲੋਕ ਵੀ ਸਨ । ਬਾਬਾ ਜੀ ਨਾਲ ਕੁੱਝ ਰਾਮਗੜ੍ਹੀਆ ਬਰਾਦਰੀ ਦੇ ਲੋਕ ਵੀ ਆਏ ਸਨ ਉਹਨਾਂ ਦੀ ਸੰਤਾਨ ਅਜ ਵੀ ਜ਼ਮੀਨ ਦੀ ਮਾਲਕ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ