ਰਾਊਕੇ ਕਲਾਂ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰਾਊਕੇ ਕਲਾਂ, ਮੋਗਾ – ਨਿਹਾਲ ਸਿੰਘ ਵਾਲਾ ਸੜਕ ਤੇ ਸਥਿਤ ਹੈ ਤੇ ਮੋਗਾ ਤੋਂ 24 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਪੇ ਦੇ ਪਿੰਡਾਂ ਵਿਚੋਂ ਰਾਊਕੇ ਕਲਾਂ ਸਿਰਕੱਢ ਪਿੰਡ ਹੈ ਜੋ ਲਗਭਗ ਪੰਜ ਸੋ ਸਾਲ ਪਹਿਲਾਂ ਡੱਫਰ ਦੇ ਪੁੱਤਰ ‘ਰਾਉਂ’ ਨੇ ਬੰਨਿਆ ਸੀ, ਜਿਸ ਤੋਂ ਇਸ ਦਾ ਨਾਂ ‘ਰਾਉਕੇ’ ਪੈ ਗਿਆ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੰਗ ਜਿੱਤਣ ਤੋਂ ਬਾਅਦ ਇੱਥੇ ਆਏ ਤੇ ਇੱਕ ਕਿੱਲੇ ਨਾਲ ਆਪਣਾ ਘੋੜਾ ਬੰਨਿਆ ਜੋ ਬਾਅਦ ਵਿੱਚ ਜੰਡ ਦਾ ਦਰਖਤ ਬਣ ਗਿਆ। ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ‘ਜੰਡ ਸਾਹਿਬ’ ਸ਼ੁਸ਼ੋਭਿਤ ਹੈ।
ਪਿੰਡ ਦੇ ਦਸੌਧਾਂ ਸਿੰਘ ਦੀ ਲੜਕੀ ਸਰਦਾਰਨੀ ਸਦਾ ਕੌਰ ਦਾ ਵਿਆਹ ਕਨ੍ਹਈਆ ਮਿਸਲ ਦੇ ਸ. ਗੁਰਬਖ਼ਸ ਸਿੰਘ ਨਾਲ ਹੋਇਆ। ਸ. ਗੁਰਬਖਸ਼ ਸਿੰਘ ਦਾ ਝਗੜਾ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾ ਸਿੰਘ ਨਾਲ ਚਲਦਾ ਸੀ। ਸ. ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਸਰਦਾਰਨੀ ਸਦਾ ਕੌਰ ਨੇ ਆਪਣੀ ਤਿੰਨ ਸਾਲ ਦੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਸਾਢੇ ਤਿੰਨ ਸਾਲ ਦੇ ਰਣਜੀਤ ਸਿੰਘ ਨਾਲ ਕਰਕੇ ਦੁਸ਼ਮਣੀ ਨੂੰ ਰਿਸ਼ਤੇ ਵਿੱਚ ਬਦਲ ਕੇ ਆਪਣੀ ਸਿਆਣਪ ਦਾ ਸਬੂਤ ਦਿੱਤਾ।
ਸਰਦਾਰਨੀ ਸਦਾ ਕੌਰ ਦੀਆਂ ਫੌਜਾਂ ਦਾ ਪ੍ਰਸਿੱਧ ਜਰਨੈਲ ਸ. ਬਘੇਲ ਸਿੰਘ ਵੀ ਇਸੇ ਪਿੰਡ ਦਾ ਸੀ। ਕਈ ਪਿੰਡ ਵਾਸੀਆਂ ਨੇ ਜੈਤੋ ਦੇ ਮੋਰਚੇ ਵਿੱਚ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ