ਰਾਮਾਦਿੱਤੇ ਵਾਲਾ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਰਾਮਾਦਿੱਤੇ ਵਾਲਾ ਮਾਨਸਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਮਾਨਸਾ-ਸਰਸਾ ਸੜਕ ਤੋਂ 3 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਲਗਭਗ ਸਵਾ ਤਿੰਨ ਸੌ ਸਾਲ ਪਹਿਲਾਂ ਰਾਜਸਥਾਨ ਤੋਂ ਆਏ ਬਜ਼ੁਰਗ ਰਾਜੂ ਨੇ ਬੰਨ੍ਹਿਆ ਸੀ। ਦੱਸਿਆ ਜਾਂਦਾ ਹੈ ਕਿ ਪਿੰਡ ਹਸਨਪੁਰ ਦੀ ਵਸਨੀਕ ਇੱਕ ਔਰਤ ਦੇ ਇਕੋ-ਇੱਕ ਪੁੱਤਰ ਨੂੰ ਇੱਥੋਂ ਦੇ ਧਾੜਵੀ ਬੂਗਰੇ ਨੇ ਮਾਰ ਦਿੱਤਾ ਤੇ ਉਸਦਾ ਧੰਨ ਮਾਲ ਵੀ ਲੁੱਟ ਲਿਆ। ਉਸਨੇ ਐਲਾਨ ਕੀਤਾ ਕਿ ਜੋ ਧਾੜਵੀ ਬੁਗਰੇ ਨੂੰ ਮਾਰੇਗਾ ਉਸ ਨਾਲ ਉਹ ਆਪਣੀ ਲੜਕੀ ਵਿਆਹ ਦੇਵੇਗੀ ਤੇ ਬਾਕੀ ਦਾ ਧੰਨ ਮਾਲ ਵੀ ਦੇਵੇਗੀ। ਬਾਬੂ ਰਾਜ ਜੋ ਆਪ ਵੀ ਧਾੜਵੀ ਸੀ ਬੂਗਰੇ ਨੂੰ ਮਾਰਨ ਲਈ ਹਸਨਪੁਰ ਦੇ ਜੰਗਲਾਂ ਵਿੱਚ ਕਾਫੀ ਦੇਰ ਫਿਰਦਾ ਰਿਹਾ ਤੇ ਅੰਤ ਬੂਗਰੇ ਨੂੰ ਮਾਰ ਕੇ ਔਰਤ ਦੀ ਕੁੜੀ ਨਾਲ ਵਿਆਹ ਕਰ ਲਿਆ। ਸਖਤ ਕਾਲ ਕਰਕੇ ਤੇ ਧਾੜਵੀਆਂ ਦੀ ਲੁੱਟ ਮਾਰ ਕਰਕੇ ਪਿੰਡ ਕੁੱਝ ਸਾਲਾਂ ਬਾਅਦ ਉੱਜੜ ਗਿਆ। ਫੇਰ 70-80 ਸਾਲਾਂ ਬਾਅਦ ਮਾਨਸ਼ਾਹੀਆਂ ਦੇ ਇੱਕ ਬਜ਼ੁਰਗ ਰਾਮ ਦਿੱਤੇ ਨੇ ਇਸ ਪਿੰਡ ਨੂੰ ਫੇਰ ਤੋਂ ਆਬਾਦ ਕੀਤਾ ਅਤੇ ਉਸ ਦੇ ਨਾਂ ਤੇ ਹੀ ਪਿੰਡ ਦਾ ਨਾਂ ਪੈ ਗਿਆ। ਪਿੰਡ ਜਵਾਹਰ ਕੇ, ਚਕੇਰੀਆਂ, ਮਾਨਸਾ ਕਲਾਂ ਤੇ ਮਾਨਸਾ ਖੁਰਦ ਇਸੇ ਪਿੰਡ ਵਿੱਚੋਂ ਹੀ ਬੱਝੇ ਦੱਸੇ ਜਾਂਦੇ ਹਨ।
ਪਿੰਡ ਦੇ ਕੋਲ ਦੋ ਢਾਬਾਂ ਵਿਚਕਾਰ ਇੱਕ ਕੁਟੀਆ ਹੈ ਜਿਸ ਵਿੱਚ ਵਿਦਵਾਨ ‘ਤੇ ਤਪੱਸਵੀ ਸਾਧੂ ਆ ਕੇ ਠਹਿਰਦੇ ਹਨ ਅਤੇ ਲੋਕਾਂ ਨੂੰ ਧਾਰਮਿਕ ਉਪਦੇਸ਼ ਕਰਦੇ ਹਨ। ਭਾਰੀ ਤਪੱਸਵੀ ਸੰਤ ਮੋਤੀ ਰਾਮ ਤੇ ਸੰਤ ਗੰਗਾ ਰਾਮ ਜੋ ਜਮਾਂਦਰੂ ਅੰਨਾ ਸੀ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਇੱਥੇ ਹੀ ਬਿਤਾਇਆ। ਸੰਤ ਗੰਗਾ ਰਾਮ ਘੜਾ-ਸੱਟਾ ਦੱਸਣ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੱਕ ਪ੍ਰਸਿੱਧ ਹੈ। ਉਹ ਮਾਂ ਭੈਣ ਦੀਆਂ ਗੰਦੀਆਂ ਗਾਲ੍ਹਾਂ ਕੱਢਦਾ ਹੈ ਤੇ ਲੋਕੀ ਉਨ੍ਹਾਂ ਸ਼ਬਦਾਂ ਤੋਂ ਹੀ ਨੰਬਰ ਬਣਾ ਕੇ ਸੱਟਾ ਲਾ ਦਿੰਦੇ ਹਨ ਤੇ ਉਹੀਓ ਸੱਟਾ ਨਿਕਲ ਆਉਂਦਾ ਹੈ। ਇਨ੍ਹਾਂ ਢਾਬਾਂ ਦੇ ਸੰਤਾਂ ਦੀ ਬੜੀ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ