ਰਾਮੂਵਾਲਾ ਕਲਾਂ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਰਾਮੂਕਲਾਂ, ਮੋਗਾ – ਕੋਟਕਪੂਰਾ ਸੜਕ ਤੋਂ 10 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ ਵੀ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਰਾਮੂਵਾਲਾ ਕਲਾਂ ਦੇ ਪੱਛਮ ਵੱਲ ਪੁਰਾਣਾ ਪਿੰਡ ਹੈ। ਲਗਭਗ ਸਵਾ ਤਿੰਨ ਸੌ ਸਾਲ ਪਹਿਲਾਂ ਇਸ ਪਿੰਡ ਦੀ ਮੋੜੀ ਰਾਮੂ ਨਾਂ ਦੇ ਵਿਅਕਤੀ ਨੇ ਗੱਡੀ ਸੀ ਜਿਸਦਾ ਪਿਛੋਕੜ ਪੜਦਾਦਿਆਂ ਦੇ ਪੜਦਾਦਾ ‘ਸਿੰਘ’ ਨਾਲ ਜੁੜਦਾ ਹੈ। ਰਾਮੂ ਨੇ ਆਪਣੇ ਵਡੇਰਿਆਂ ਦੇ ਨਾਂ ਤੇ ਪਿੰਡ ਦੀਆਂ ਪੱਤੀਆਂ ਦੇ ਨਾਂ ਜੈਮਲ ਤੇ ਡੱਲਾ ਰੱਖੇ। ਰਾਮੂ ਤੇ ਹੈਬਾ ਦੋ ਸੱਕੇ ਭਰਾ ਸਨ, ਹੈਬਾ ਬੇਹੱਦ ਲੜਾਕਾ ਸੂਰਬੀਰ ਸੀ ਜਿਸਦੇ ਨਾਂ ਦੀ ਦੂਰ ਦੂਰ ਤੱਕ ਧਾਕ ਸੀ। ਪਿੰਡ ਦੇ ਪੂਰਬ ਵੱਲ ਰਾਮੂ ਤੇ ਹੈਬੇ ਨੇ ਚਮਕੌਰ ਦੀ ਗੜ੍ਹੀ ਵਰਗਾ ਇੱਕ ਕਿਲ੍ਹਾ ਬਣਾਇਆ।
1843 ਦੇ ਲਗਭਗ, ਇੱਕ ਮੀਲ ਦੀ ਵਿੱਥ ਤੇ ਗੋਤੀ ਭਰਾਵਾਂ ਨੇ ਚੱਕ ਦੀਆਂ ਵੰਡੀਆਂ। ਪਾ ਲਈਆਂ ਜਿਸ ਕਰਕੇ ‘ਰਾਮੂਵਾਲਾ ਨਵਾਂ’ ਹੋਂਦ ਵਿੱਚ ਆਇਆ ਅਤੇ ਇਸ ਪਿੰਡ ਨੂੰ ਰਾਮੂਵਾਲਾ ਕਲਾਂ ਕਿਹਾ ਜਾਣ ਲੱਗਾ।
ਇਸ ਪਿੰਡ ਵਿੱਚ ਇੱਕ ਬਾਬਾ ਪੂਰਨ ਦਾਸ ਹੋਇਆ ਹੈ ਜਿਸ ਦੇ ਨਾਂ ਤੇ ਪਿੰਡ ਵਿੱਚ ਇੱਕ ਡੇਰਾ ਵੀ ਬਣਿਆ ਹੋਇਆ ਹੈ। ਲੋਕਾਂ ਨੇ ਸ਼ਰਧਾ ਨਾਲ ਉਸ ਦੀ ਸਮਾਧ ਬਣਾਈ। ਹੈ। ਪਿੰਡ ਵਿੱਚ ‘ਦਲੁਆਣਾ’ ਨਾਂ ਦਾ ਇੱਕ ਹੋਰ ਡੇਰਾ ਹੈ। 1880 ਦੇ ਲਗਭਗ ਇੱਕ ਪਰਉਪਕਾਰੀ ਹਸਤੀ ਬਾਬਾ ਭਾਨ ਸਿੰਘ ਨੇ ਪਿੰਡ ਦੀ ਕੱਚੀ ਧਰਮਸ਼ਾਲਾ ਵਿੱਚ ਬੱਚਿਆਂ ਲਈ ਇੱਕ ਸਕੂਲ ਚਾਲੂ ਕੀਤਾ ਸੀ ਜਿਸ ਵਿੱਚ ਪੰਜ ਗ੍ਰੰਥੀ ਤੇ ਦਸ ਗ੍ਰੰਥੀ ਪੜ੍ਹਾਈ ਜਾਂਦੀ ਸੀ। ਉਹਨਾਂ ਤੋਂ ਬਾਅਦ ਸੰਤ ਚੰਦਾ ਸਿੰਘ ਨੇ ਇਸ ਕੰਮ ਨੂੰ ਅੱਗੇ ਤੋਰਿਆ। ਇਨ੍ਹਾਂ ਦੇ ਯਤਨਾਂ ਸਦਕਾ ਇਹ ਪਿੰਡ ਗੁਰਮਤਿ ਤੇ ਸਿੱਖ ਸਿਧਾਂਤਾਂ ਦਾ ਕੇਂਦਰ ਬਣ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ