ਰੌਂਤਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰੌਂਤਾ, ਮੋਗਾ – ਬਠਿੰਡਾ ਸੜਕ ਤੋਂ 5 ਕਿਲੋਮੀਟਰ ਹੈ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 32 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਾਲੀ ਜਗ੍ਹਾ ‘ਤੇ ਬਹੁਤ ਪਹਿਲੇ ਇੱਕ ਥੇਹ ਸੀ ਜਿੱਥੇ ਰੌਂਤ ਗੋਤ ਦੇ ਰਾਜਪੂਤ ਜੱਟਾਂ ਦੀ ਅਬਾਦੀ ਸੀ ਜੋ ਕਿਸੇ ਕਾਰਨ ਕਰਕੇ ਉਜੜ ਗਿਆ। ਥੇਹ ਦੇ ਨਾਲ ਢਾਬ ਸੀ। ਜਿਸਨੂੰ ‘ਰੌਂਤੇ ਦੀ ਢਾਬ’ ਕਿਹਾ ਜਾਂਦਾ ਸੀ, ਇਸ ਢਾਬ ‘ਤੇ ਲੋਕੀ ਦੂਰੋਂ ਦੂਰੋਂ ਪਸ਼ੂਆਂ ਨੂੰ ਪਾਣੀ ਪਿਆਉਣ ਲਿਆਇਆ ਕਰਦੇ ਸਨ।
1710 ਬਿਕ੍ਰਮੀ ਵਿੱਚ ਉਦਾਸੀ ਸੰਤ ਬਾਬਾ ਅੰਮਰਤੀਆ ਜੀ ਸਾਧੂਆਂ ਦੀ ਮੰਡਲੀ ਸਮੇਤ ਤੁਰਦੇ ਫਿਰਦੇ ਇੱਥੇ ਪਹੁੰਚੇ। ਉਹਨਾਂ ਦਿਨੀਂ ਮੀਆਂ ਲਖਮੀਰ ਜੱਟ ਧਾਲੀਵਾਲ (ਜਿਸ ਕੋਲ ਅਠਾਰਾਂ ਪਰਗਣਿਆਂ ਦੀ ਹਾਕਮੀ ਸੀ) ਦਾ ਮੁਖਤਾਰੇ ਆਮ ਸਈਆਦ ਸ਼ਾਹੂ ਅਸਵਾਰ ਵੀ ਸ਼ਿਕਾਰ ਕਰਦਾ ਇੱਥੇ ਆ ਪਹੁੰਚਿਆ। ਉਜਾੜ ਥਾਂ ‘ਤੇ ਸਾਧੂਆਂ ਦੀ ਮੰਡਲੀ ਦੇਖ ਕੇ ਉਹਨੇ ਮੀਆਂ ਲਖਮੀਰ ਨੂੰ ਜਾ ਕੇ ਦੱਸਿਆ। ਮੀਆਂ ਲਖਮੀਰ ਨੇ ਬਾਬਾ ਅੰਮਰਤੀਆ ਨੂੰ ਜੰਗਲ ਆਬਾਦ ਕਰਨ ਦੀ ਬੇਨਤੀ ਕੀਤੀ ਤੇ ਸਰਕਾਰ ਤੋਂ ਪਟਾ ਲਿਖਾ ਕੇ ਸਾਧੂਆਂ ਦੇ ਲੰਗਰ ਸਦਾ ਵਰਤ ਲਈ ਹਿੱਸਾ ਹਾਕਮੀ, ਮੁਕਰਰ ਕਰ ਦਿੱਤਾ। ਬਾਬਾ ਜੀ ਨੇ ਮੀਆਂ ਦੀ ਬੇਨਤੀ ਪਰਵਾਨ ਕਰਕੇ ਪਿੰਡ ਦੀ ਮੋੜ੍ਹੀ ਗੱਡ ਕੇ ਉਸੇ ਥੇਹ ਦੇ ਨਾਂ ‘ਤੇ ਪਿੰਡ ਦਾ ਨਾਂ ‘ਰੌਂਤਾ’ ਰੱਖ ਦਿੱਤਾ। ਬਾਬਾ ਜੀ ਆਪ 32 ਸਾਲ ਤੱਕ ਉੱਥੇ ਰਹੇ ਤੇ ਸਮੇਂ ਸਮੇਂ ‘ਤੇ ਓਧਰ ਆਏ ਲੋਕਾਂ ਨੂੰ ਪਨਾਹ ਦੇ ਕੇ ਆਬਾਦ ਕਰਦੇ ਰਹੇ। ਕੁਝ ਅਰਸੇ ਬਾਅਦ ਸੰਤਾਂ ਨੇ ਪਿੰਡ ਦੇ ਪ੍ਰਬੰਧ ਨੂੰ ਸੰਭਾਲਣ ਤੋਂ ਮੁਕਤ ਹੋਣ ਲਈ ਭਾਈ ਰੂਪ ਚੰਦ ਦੇ ਪਰਿਵਾਰ ਵਿਚੋਂ ਭਾਈ ਮੋਹਰ ਸਿੰਘ ਨੂੰ ਦਿਆਲ ਪੁਰਿਓਂ ਸੱਦ ਕੇ 250 ਘੁਮਾਂ ਜ਼ਮੀਨ ਰੱਖ ਕੇ ਬਾਕੀ ਰਕਬਾ ਸੌਂਪ ਦਿੱਤਾ। ਆਸ ਪਾਸ ਦੇ ਪਿੰਡਾਂ ਨਾਲ ਲੁੱਟ ਮਾਰ ਤੇ ਹੱਦਾਂ ਬਾਰੇ ਝਗੜੇ ਵੀ ਹੁੰਦੇ ਰਹੇ ਜਿਨ੍ਹਾਂ ਵਿੱਚ 26-27 ਬੰਦੇ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਬਾਬਾ ਜੁਆਲ ਗਿਰ ਦਾ ਨਾਂ ਵੀ ਹੈ। 1901 ਬਿਕ੍ਰਮੀ ਵਿੱਚ ਅੰਗਰੇਜ਼ਾਂ ਦੇ ਆਉਣ ‘ਤੇ ਇਹ ਪਿੰਡ ‘ਪੱਤੀ ਭਾਈ ਸੰਪੂਰਣ ਸਿੰਘ’ ਕਾਗਜ਼ਾਂ ਵਿੱਚ ਦਰਜ ਹੋਇਆ। ਬਾਅਦ ਵਿੱਚ ਇਹ ਪਿੰਡ ਤਿੰਨ ਪੱਤੀਆਂ ਵਿੱਚ ਵੰਡਿਆ ਗਿਆ।
ਪਿੰਡ ਵਿੱਚ ਤਕਰੀਬਨ ਤੀਜਾ ਹਿੱਸਾ ਆਬਾਦੀ ਇੱਕਲੇ ਰਾਮਦਾਸੀਏ ਤੇ ਮਜ਼ਬੀ ਸਿੱਖਾਂ ਦੀ ਹੈ। ਕੁਝ ਬੋਰੀਏ ਸਿੱਖ ਵੀ ਹਨ। ਬਾਬਾ ਅੰਮਰਤੀਏ ਦਾ ਮੌਜੂਦਾ ਪਰਿਵਾਰ ਧਾਲੀਵਾਲ ਕਹਾਉਂਦਾ ਹੈ। ਬਹੁਤੇ ਘਰ ਸਿੱਧੂ, ਧਾਲੀਵਾਲ, ਭੰਗੂ, ਮੁੰਡੇਰ, ਮਾਨ, ਗਰੇਵਾਲ ਜੱਟਾਂ ਦੇ ਹਨ।
ਪਿੰਡ ਵਿੱਚ ਇੱਕ ਗੁਰਦੁਆਰਾ, ਇੱਕ ਡੇਰਾ ਸੰਤ ਲਛਮਣ ਦਾਸ ਦਾ ਤੇ ਇੱਕ ਉਦਾਸੀ ਸੰਤਾਂ ਦਾ ਹੈ। ਬਾਬਾ ਅੰਮਰਤੀਆ ਜੀ ਦੀ ਸਮਾਧ ਵੀ ਪਿੰਡ ਵਿੱਚ ਹੈ। ਜਿੱਥੇ ਵਿਸਾਖੀ ਨੂੰ ਮੇਲਾ ਲੱਗਦਾ ਹੈ, ਲੋਕੀ ਸੁਖਨਾਂ ਸੁਖਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ