ਰੌਣੀ
ਸਥਿਤੀ :
ਤਹਿਸੀਲ ਪਾਇਲ ਦਾ ਰੌਣੀ ਪਿੰਡ ਖੰਨਾ ਤੋਂ 25 ਕਿਲੋਮੀਟਰ ਦੂਰ, ਖੰਨਾ – ਮਲੇਰਕੋਟਲਾ ਰੋਡ ਤੇ ਵੱਸਿਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਿੰਡ ਬਠਿੰਡਾ ਦੇ ਰਾਜਾ ਬੈਨੀਪਾਲ ਦੇ ਪੁੱਤਰ ਗੰਢੂ ਨੇ ਵਸਾਇਆ। ਇਸ ਪਿੰਡ ਦੇ ਲੋਕ ਆਪਣੇ ਆਪ ਨੂੰ ਗੰਢੂ ਲਿਖਦੇ ਸਨ ਪਰ ਹੁਣ ਬਿਨੈਪਾਲ ਲਿਖਣ ਲੱਗ ਗਏ ਹਨ। ਦੱਸਿਆ ਜਾਂਦਾ ਹੈ ਕਿ ਬਠਿੰਡਾ ਦੇ ਰਾਜਾ ਬਿਨੈਪਾਲ ਨੇ ਆਪਣੀ ਰਾਣੀ ਨੂੰ ਔਲਾਦ ਨਾ ਹੋਣ ਕਾਰਨ ਜੰਗਲਾਂ ਵਿੱਚ ਭੇਜ ਦਿੱਤਾ। ਦੂਜੀ ਰਾਣੀ ਦੇ ਭੀ ਔਲਾਦ ਪੈਦਾ ਨਾ ਹੋਣ ਕਾਰਨ ਰਾਜੇ ਨੇ ਪੰਡਿਤਾਂ ਤੋਂ ਪੁੱਛਿਆ। ਪੰਡਿਤਾਂ ਨੇ ਜਵਾਬ ਦਿੱਤਾ। ਕਿ ਪਹਿਲੀ ਰਾਣੀ ਦੇ ਹੀ ਔਲਾਦ ਹੋ ਸਕਦੀ ਸੀ। ਰਾਜੇ ਨੇ ਪਹਿਲੀ ਰਾਣੀ ਨੂੰ ਲੱਭਣ ਦਾ ਹੁਕਮ ਦਿੱਤਾ। ਕਿਹਾ ਜਾਂਦਾ ਹੈ ਕਿ ਰਾਣੀ ਜਿਸ ਨੂੰ ਬੱਚਾ ਹੋਣ ਵਾਲਾ ਸੀ, ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰ ਗਈ ਪਰ ਉਸ ਦਾ ਇੱਕ ਦੁੱਧ (ਗੰਢ) ਹਰਾ ਰਿਹਾ ਜਦ ਕਿ ਸਾਰਾ ਸਰੀਰ ਖਤਮ ਹੋ ਗਿਆ। ਜਦ ਰਾਜੇ ਦੇ ਮੁਲਾਜ਼ਮ ਜੰਗਲ ਵਿੱਚ ਪੁੱਜੇ ਉਹ ਰਾਣੀ ਦੇ ਮ੍ਰਿਤ ਸਰੀਰ ਅਤੇ ਬੱਚੇ ਨੂੰ ਰਾਜੇ ਕੋਲ ਲੈ ਗਏ। ਪਹਿਚਾਣ ਤੋਂ ਬਾਅਦ ਬੱਚੇ ਨੂੰ ਰਾਜੇ ਨੇ ਰੱਖ ਲਿਆ ਤੇ ਉਸਦਾ ਨਾਂ ਗੰਢੂ ਰੱਖ ਦਿੱਤਾ ।
ਰਾਜਾ ਬੈਨੀਪਾਲ ਦੀ ਮੌਤ ਤੋਂ ਪਿੱਛੋਂ ਰਾਜ ਗੱਦੀ ਗੰਢੂ ਨੂੰ ਦੇ ਦਿੱਤੀ ਗਈ। ਉੱਥੇ ਕਾਲ ਪੈ ਜਾਣ ਕਾਰਨ ਗੰਢੂ ਗੋਰਾਇਆ ਤੋਂ ਹੁੰਦਾ ਹੋਇਆ ਆਪਣੇ ਕੁਝ ਸਾਥੀਆਂ ਸਮੇਤ ਪਿੰਡ ਭਾਉਣੀ ਕੋਲ ਪੁੱਜ ਗਿਆ। ਭਾਉਣੀ ਪਿੰਡ ਦੇ ਲੋਕਾਂ ਨੇ ਇੱਕ ਬ੍ਰਾਹਮਣ ਦੀ ਲੜਕੀ ਨਾਲ ਵਧੀਕੀ ਕਰਨੀ ਚਾਹੀ, ਵਿਰੋਧ ਕਰਨ ਤੇ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਪਿੰਡ ‘ਚੋਂ ਕੱਢ ਦਿੱਤਾ। ਗੰਢੂ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਸ਼ਰਨ ਦੇ ਦਿੱਤੀ। ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਪਰ ਗੰਢੂ ਨੇ ਕਿਹਾ ਕਿ ਉਹ ਸ਼ਰਨ ਆਏ ਦੀ ਮਦਦ ਜ਼ਰੂਰ ਕਰਨਗੇ ਜਿਸ ਤੇ ਝਗੜਾ ਸ਼ੁਰੂ ਹੋ ਗਿਆ। ਉਸ ਸਮੇਂ ਉਥੋਂ ਪਿੰਡ ਸਰੋਧ ਦੇ ਵਾਸੀ ਬਾਬਾ ਸੱਜਣ ਸਿੰਘ ਆਪਣੀ ਪਤਨੀ ਦਾ ਮੁਕਲਾਵਾ ਲੈ ਕੇ ਲੰਘ ਰਹੇ ਸਨ, ਲੜਾਈ ਦੇਖ ਕੇ ਰੁੱਕ ਗਏ ਅਤੇ ਆਪਣੀ ਪਤਨੀ ਦੇ ਵਿਰੋਧ ਦੇ ਬਾਵਜੂਦ ਗੰਢੂ ਅਤੇ ਉਸ ਦੇ ਸਾਥੀਆਂ ਦੀ ਮਦਦ ਦਾ ਫੈਸਲਾ ਕਰ ਲਿਆ। ਉਹਨਾਂ ਕਿਹਾ ਕਿ ਜਿੱਥੇ ਉਹਨਾਂ ਦਾ ਸਿਰ ਗਿਰੇਗਾ, ਉੱਥੇ ਪਿੰਡ ਦਾ ਦਰਵਾਜ਼ਾ ਬਣਾਇਆ ਜਾਵੇ। ਇਸ ਲਈ ਲੜਾਈ ਸਮੇਂ ਜਿੱਥੇ ਉਹਨਾਂ ਦਾ ਸਿਰ ਗਿਰਿਆ, ਉੱਥੇ ਦਰਵਾਜ਼ਾ ਬਣਾਇਆ ਗਿਆ । ਕਿਹਾ ਜਾਂਦਾ ਹੈ ਕਿ ਉਹ ਸਿਰ ਗਿਰਨ ਦੇ ਬਾਵਜੂਦ ਲੜਦੇ ਰਹੇ ਅਤੇ ਪਿੰਡ ਦੇ ਦੂਜੇ ਪਾਸੇ ਉਹਨਾਂ ਦਾ ਧੜ ਗਿਰਿਆ ਜਿੱਥੇ ਉਹਨਾਂ ਦੀ ਸਮਾਧ ਬਣਾਈ ਗਈ ਹੈ। ਪਿੰਡ ਵਾਸੀ ਭੱਜ ਗਏ ਅਤੇ ਗੰਢੂ ਨੇ ਨਵਾਂ ਪਿੰਡ ਵਸਾ ਲਿਆ। ਹੁਣ ਰਣ ਵਿੱਚ ਜਿੱਤ ਜਾਣ ਕਾਰਨ ਇਸ ਪਿੰਡ ਦਾ ਨਾਂ ਰੌਣੀ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ