ਰੜ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਰੜ, ਮਾਨਸਾ – ਬਰਨਾਲਾ ਸੜਕ ਤੇ ਮਾਨਸਾ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਸਾਢੇ ਤਿੰਨ ਸੌ ਸਾਲ ਪਹਿਲਾਂ ਪਿੰਡ ਬਲ੍ਹੇ ਦੀ ਥੇਹ ਤੋਂ ਉੱਠ ਕੇ ਆਏ ਸੱਤ ਸੱਕੇ ਭਰਾਵਾਂ ਨੇ ਬੰਨਿਆ। ਇਸ ਪਿੰਡ ਦਾ ਨਾਉ ਸੱਤੇ ਭਰਾਵਾਂ ਵਿੱਚੋਂ ਇੱਕ ਦੇ ਨਾਂ ਤੇ ਰੱਖਿਆ ਗਿਆ। ਥੋੜ੍ਹੇ ਚਿਰ ਉਪਰੰਤ ਇਨ੍ਹਾਂ ਵਿੱਚੋਂ ਕੁੱਝ ਲੋਕ ਵੱਖੋ-ਵੱਖ ਪਿੰਡ ਬਲ੍ਹੋ, ਚਾਉਕੇ, ਭਾਈ ਡੱਲਾ, ਰੜ-ਮਾਨਸਾ ਤੇ ਬਣਾ ਵਾਲੀ ਆਦਿ ਪਿੰਡਾਂ ਵਿੱਚ ਵਸ ਗਏ। ਇੱਥੋਂ ਦੇ ਇੱਕ ਉੱਘੇ ਖਿਡਾਰੀ ਰੋਡ ਰਾਮ ਦੇ ਇਸੇ ਪਿੰਡ ਦੇ ਵਸਨੀਕ ਹੋਣ ਕਰਕੇ ਇਸ ਨੂੰ ‘ਰੋਡ ਕੀ ਰੜ’ ਵੀ ਕਿਹਾ ਜਾਂਦਾ ਹੈ। ਕਿਸੇ ਜੁਰਮ ਕਰਕੇ ਮਹਾਰਾਜਾ ਪਟਿਆਲਾ ਨੇ ਰੋਡ ਨੂੰ ਉਮਰ ਕੈਦ ਕਰ ਦਿੱਤੀ ਅਤੇ ਕੁੱਝ ਕੁ ਦਿਨਾਂ ਪਿੱਛੋਂ ਮਹਾਰਾਜੇ ਨੇ ਜੇਲ੍ਹ ਵਿੱਚ ਜਾ ਕੇ ਕੈਦੀਆਂ ਦੀਆਂ ਖੇਡਾਂ ਕਰਵਾਈਆਂ। ਰੋਡ ਬੇੜੀਆਂ ਸਮੇਤ ਖੇਡ ਕੇ ਰਿਆਸਤ ਭਰ ਵਿੱਚ ਪ੍ਰਥਮ ਰਿਹਾ। ਇਸ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਪਟਿਆਲਾ ਨੇ ਇਸ ਨੂੰ ਬਿਨਾਂ ਕਿਸੇ ਸ਼ਰਤ ਤੇ ਰਿਹਾ ਕਰ ਦਿੱਤਾ।
ਇੱਥੇ ਮਸਤੂਆਣੇ ਵਾਲੇ ਸੰਤ ਅਤਰ ਸਿੰਘ ਜੀ ਨੇ ਪਿੰਡ ਦੇ ਬਾਹਰ ਗੁਰਦੁਆਰਾ ਉਸਾਰਣ ਲਈ ਪਿੰਡ ਵਾਲਿਆਂ ਨੂੰ ਪ੍ਰੇਰਿਆ। ਪਿੰਡ ਵਾਲਿਆਂ ਨੇ ਉਹ ਜਗ੍ਹਾਂ ਪਿੰਡ ਦੇ ਬਾਹਰ ਹੋਣ ਦੀ ਔਕੜ ਦੱਸੀ ਤੇ ਸੰਤਾਂ ਨੇ ਕਿਹਾ ਕਿ ਇਹ ਪਿੰਡ ਦੇ ਵਿਚਕਾਰ ਆ ਜਾਏਗਾ। ਹੁਣ ਪਿੰਡ ਇੰਨਾ ਫੈਲ ਗਿਆ ਹੈ ਕਿ ਗੁਰਦੁਆਰਾ ਪਿੰਡ ਦੇ ਵਿਚਕਾਰ ਹੈ। ਪਿੰਡ ਦੇ ਪ੍ਰਸਿੱਧ ਫ਼ਕੀਰ ਗਰੀਬ ਦਾਸ ਆਪਣੇ ਸਾਧੂ ਸੁਭਾਅ ਅਤੇ ਫ਼ਕੀਰੀ ਕਰਕੇ ਪ੍ਰਸਿੱਧ ਸਨ। ਉਨ੍ਹਾਂ ਦੀ ਸਮਾਧ ਤੇ ਹਰ ਸਾਲ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ