ਲਖਨੌਰ ਪਿੰਡ ਦਾ ਇਤਿਹਾਸ | Lakhnaur Village History

ਲਖਨੌਰ

ਲਖਨੌਰ ਪਿੰਡ ਦਾ ਇਤਿਹਾਸ | Lakhnaur Village History

ਸਥਿਤੀ :

ਤਹਿਸੀਲ ਮੁਹਾਲੀ ਦਾ ਪਿੰਡ ਲਖਨੌਰ, ਚੰਡੀਗੜ੍ਹ, ਸਰਹੰਦ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 18 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦੇ ਪਿਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦਾ ਬਜ਼ੁਰਗ ਸਰਹਿੰਦ ਨੇੜੇ ਪਿੰਡ ਬੋਰਮੱਠੀ ਵਿੱਚ ਵੱਸਦਾ ਸੀ। ਉਸ ਬਜ਼ੁਰਗ ਨੇ ਉਸੇ ਪਿੰਡ ਦੇ ਇੱਕ ਪੰਡਤ ਨੂੰ ਪਹੋਏ ਜਾ ਕੇ ਵੀਹ ਵਿਸਵੇ (ਇੱਕ ਬਿਘਾ) ਜ਼ਮੀਨ ਦਾਨ ਵਜੋਂ ਲਿਖਵਾ ਦਿੱਤੀ। ਉਹ ਪੰਡਤ ਦੇ ਮਨ ਵਿੱਚ ਖੋਟ ਸੀ ਉਹ ਪਿੰਡ ਵਿੱਚ ਆ ਕੇ ਰਹਿਣ ਲੱਗ ਪਿਆ, ਅਤੇ ਕਹਿਣ ਲੱਗਾ ਕਿ ਤੁਸੀਂ ਇਸ ਪਿੰਡ ਦੀ ਵਿਸਵਾ ਵਿਸਵਾ (ਸਾਰੀ ਜ਼ਮੀਨ) ਜ਼ਮੀਨ ਮੈਨੂੰ ਦਾਨ ਵਜੋਂ ਦਿੱਤੀ ਹੈ ਇਸ ਲਈ ਤੁਹਾਡਾ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਇਸ ਤਰ੍ਹਾਂ ਉਹ ਬਜ਼ੁਰਗ ਆਪਣੇ ਪਰਿਵਾਰ ਨੂੰ ਲੈ ਕੇ ਇਸ ਪਿੰਡ ਵਾਲੀ ਥਾਂ ‘ਤੇ ਆ ਕੇ ਬੈਠ ਗਿਆ। ਪਾਣੀ ਦੀ ਘਾਟ ਸੀ, ਨਾਲ ਵਾਲੇ ਪਿੰਡ ਘੜੂੰਏ ਦੀਆਂ ਮੱਝਾਂ ਜੰਗਲ ਦੇ ਵਿਚਕਾਰ ਟੋਭੇ ਤੋਂ ਲਿੱਬੜ ਕੇ ਆਈਆਂ ਤਾਂ ਘੜੂੰਏ ਦੇ ਲੋਕਾਂ ਨੇ ਬੋਰਮੱਠੀ ਤੋਂ ਆਏ ਪਰਿਵਾਰ ਨੂੰ ਇਸ ਟੋਡੇ ਬਾਰੇ ਦੱਸਿਆ ਅਤੇ ਇੱਥੇ ਵੱਸਣ ਦੀ ਸਲਾਹ ਦਿੱਤੀ। ਇਸ ਪਰਿਵਾਰ ਨੇ ਉਸ ਟੋਭੇ ਦੇ ਨੇੜੇ ਉੱਚੀ ਜਗ੍ਹਾ ‘ਤੇ ਪਿੰਡ ਦੀ ਮੋੜ੍ਹੀ ਗੱਡ ਦਿੱਤੀ। ਇਹ ਪਿੰਡ ਲਗਭਗ ਸਵਾ ਤਿੰਨ ਸੌ ਸਾਲ ਪਹਿਲੇ ਇੱਥੇ ਵੱਸਿਆ। ਇਸ ਪਿੰਡ ਦੇ ਲੋਕਾਂ ਦਾ ਗੋਤ ‘ਲਾਖਿਆਨ’ ਸੀ ਜਿਸ ਤੋਂ ਇਸ ਪਿੰਡ ਦਾ ਨਾਂ ‘ਲਖਨੌਰ’ ਪੈ ਗਿਆ। ਹੁਣ ਤੱਕ ਇਸ ਪਿੰਡ ਦੇ ਲੋਕੀ ਆਪਣੇ ਪਿਛੋਕੜ ਪਿੰਡ ਬੋਰਮੱਠੀ ਆਪਣੇ ਬਜ਼ੁਰਗਾਂ ਦੀਆਂ ਸਮਾਧਾਂ ‘ਤੇ ਮੱਥਾ ਟੇਕਣ ਤਾਂ ਜਾਂਦੇ ਹਨ। ਪਰ ਉੱਥੋਂ ਦਾ ਪਾਣੀ ਤੱਕ ਨਹੀਂ ਪੀਂਦੇ। ਲਾਖਿਆਨ ਗੋਤ ਤੋਂ ਇਲਾਵਾ ਇਸ ਪਿੰਡ ਵਿੱਚ ਕੁਝ ਘਰ ਹੁੰਦਲ, ਭਗੂ ਹੀਰਾਂ, ਮਾਣਕ ਤੇ ਧਾਲੀਵਾਲ ਗੋਤ ਦੇ ਹਨ। ਪਿੰਡ ਦੇ ਲੋਕ ਕਾਫੀ

ਉੱਦਮੀ ਹਨ ਤੇ ਹੋਰ ਪਿੰਡਾਂ ਦੀ ਜ਼ਮੀਨ ਵੀ ਖਰੀਦ ਕੇ ਪਿੰਡ ਵੱਡਾ ਕਰ ਲਿਆ ਹੈ। ਪਿੰਡ ਵਿੱਚ ਦੋ ਗੁਰਦੁਆਰੇ, ਇੱਕ ਹਰੀਜਨਾਂ ਤੇ ਇੱਕ ਜੱਟਾਂ ਦਾ ਹੈ। ਇਸ ਪਿੰਡ ਦੇ ਤਿੰਨ ਬਜ਼ੁਰਗ ਅਜ਼ਾਦ ਹਿੰਦ ਫ਼ੌਜ ਵਿੱਚ ਰਹਿ ਚੁੱਕੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!