ਲਾਲਿਆਂ ਵਾਲੀ
ਸਥਿਤੀ :
ਤਹਿਸੀਲ ਸਰਦੂਲਗੜ੍ਹ ਦਾ ਪਿੰਡ ਲਾਲਿਆਂ ਵਾਲੀ, ਮਾਨਸਾ – ਸਰਸਾ ਸੜਕ ਤੇ ਮਾਨਸਾ ਰੇਲਵੇ ਸਟੇਸ਼ਨ ਤੋਂ 17 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜੰਗਲ ਬੀਆਬਾਨ ਵਿੱਚ ਨਿਵਾਣ ਥਾਂ ਤੇ ਢਾਬ ਉੱਪਰ ਵੱਸਿਆ ਅਤਿ ਪੁਰਾਣਾ ਪਿੰਡ ਲਾਲਿਆ ਵਾਲੀ ਹੈ। ਕਹਿੰਦੇ ਹਨ ਜਦੋਂ ਝਨੀਰ ਦੀ ਜੂਹ ਵਿੱਚ ਚਹਿਲਾਂ ਨੇ ਪਿੰਡ ਸਾਹਨਿਆਵਾਲੀ ਬੰਨ੍ਹ ਲਿਆ ਤਾਂ ਇਸ ਦਾ ਬਦਲਾ ਲੈਣ ਲਈ ਝਨੀਰ ਵਾਸੀਆਂ ਨੇ ਪਿੰਡ ਲਾਲਿਆਂਵਾਲੀ ਬੰਨ੍ਹਣ ਲਈ ਇੱਕ ਪੁਰਾਣੀ ਅਤੇ ਅਤਿ ਨੀਵੀਂ ਢਾਬ ਵਿਚਕਾਰ ਆਪਣੇ ਬੰਦੇ ਛੁਪਾ ਦਿੱਤੇ ਤਾਂ ਜੋ ਚਹਿਲਾਂ ਨੂੰ ਇਸ ਦਾ ਪਤਾ ਨਾ ਲੱਗ ਸਕੇ। ਜਦੋਂ ਪਿੰਡਾਂ ਦੀ ਹਦਬੰਦੀ ਲਈ ਪੁੱਜਾ ਅਫਸਰ ਇਸ ਪਾਸੇ ਆਇਆ ਤੇ ਝਨੀਰ ਵਿਖੇ ਰਹਿਣ ਉਪਰੰਤ ਕੁੱਤੇ ਭੌਂਕਣ ਤੇ ਆਦਮੀਆਂ ਦੇ ਬੋਲਣ ਦੀ ਆਵਾਜ਼ ਸੁਣ ਕੇ ਇਨ੍ਹਾਂ ਬਾਰੇ ਪੁੱਛਿਆ ਤਾਂ ਲੋਕਾਂ ਨੇ ਕਿਹਾ ਕਿ ਇਹ ਢਾਬ ਤੇ ਬੈਠੇ ਲੋਕ ਸਿਕਲੀਗਰ ਹਨ ਅਤੇ ਕੁੱਤੇ ਭੀ ਉਹਨਾਂ ਦੇ ਭੌਂਕ ਰਹੇ ਹਨ। ਇਹ ਸੁਣ ਕੇ ਅਫਸਰ ਅੱਗੇ ਚੱਲਿਆ ਗਿਆ ਤੇ ਇਸ ਦੇ ਸਿੱਟੇ ਵਜੋਂ ਲਾਲਿਆਂ ਵਾਲੀ ਪਿੰਡ ਦੀ ਹੱਦਬੰਦੀ ਵੀ ਹੋ ਗਈ ਜਿਸ ਦੀ ਜੂਹ ਪਿੰਡ ਸਾਹਨਿਆਂ ਵਾਲੀ ਨਾਲ ਹੀ ਲਗਦੀ है।
ਇਕ ਦੰਦ ਕਥਾ ਅਨੁਸਾਰ ਭੋਏ ਨਾਂ ਦਾ ਇੱਕ ਵਿਅਕਤੀ ਆਪਣਾ ਮੁਕਲਾਵਾ ਲੈ ਕੇ ਇੱਥੋਂ ਦੀ ਲੰਘ ਰਿਹਾ ਸੀ ਤਾਂ ਉਸ ਨੂੰ ਟਿੱਬੀ ਦੇ ਮੁਸਲਮਾਨ ਲੁਟੇਰਿਆਂ ਨੇ ਘੇਰ ਲਿਆ। ਇਨ੍ਹਾਂ ਲੁਟੇਰਿਆਂ ਨਾਲ ਲੜਦੇ ਇਸ ਬਹਾਦਰ ਦਾ ਸਿਰ ਕੱਟ ਕੇ ਡਿੱਗ ਪਿਆ ਜਿੱਥੇ ਲੋਕਾਂ ਨੇ ਸਮਾਧ ਬਣਾ ਕੇ ਮਾਨਤਾ ਆਰੰਭ ਕਰ ਦਿੱਤੀ। ਹੁਣ ਇੱਥੇ ਹਾੜ ਮਹੀਨੇ ਦੀ ਚੌਦਸ ਨੂੰ ਇੱਕ ਭਾਰੀ ਮੇਲਾ ਲਗਦਾ ਹੈ, ਗੰਢ ਜੋੜਿਆਂ ਦੇ ਨਾਲ ਦੂਜੀਆਂ ਸੁੱਖਾਂ ਵੀ ਸੁੱਖੀਆਂ ਜਾਂਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ