ਲੁਹਾਰਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਲੁਹਾਰਾ, ਮੋਗਾ – ਬਰਨਾਲਾ ਸੜਕ ‘ਤੇ ਸਥਿਤ ਹੈ ਅਤੇ ਮੋਗਾ ਤੋਂ 32 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਪਹਿਲੇ ਪਹਿਲ ਇੱਥੇ ਲੁਹਾਰਾਂ ਦੀ ਬਸਤੀ ਸੀ ਜੋ ਕਿਸੇ ਕਾਰਨ ਉਜੜ ਕੇ ਚਲੀ ਗਈ। ਬਾਅਦ ਵਿੱਚ ਇਸੇ ਥਾਂ ‘ਤੇ ਮਹਿਰ ਮਿੱਠਾ ਤੇ ਰਾਇ ਯੋਧ ਦੀ ਬੰਸਾਵਲੀ ਵਿੱਚ ਸਭਾ ਸਿੰਘ ਨੇ ਕਾਂਗੜ ਤੋਂ ਆ ਕੇ ਪਿੰਡ ਦੀ ਮੋਹੜੀ ਗੱਡੀ ਅਤੇ ਲੁਹਾਰਾਂ ਦੀ ਬਸਤੀ ਤੋਂ ਪਿੰਡ ਦਾ ਨਾਂ ਲੁਹਾਰਾ ਪੈ ਗਿਆ।
ਪਿੰਡ ਵਿੱਚ ਇੱਕ ਪੁਰਾਣਾ ਖੂਹ ਹੈ ਜਿਸ ਬਾਰੇ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਿਕ ਇੱਕ ਵਾਰ ਸੇਲਬਰਾ ਪਿੰਡ ਤੋਂ · ਭਾਈ ਭਗਤੇ • ਦੀ ਔਲਾਦ ਵਿਚੋਂ ਕੋਈ ਇੱਥੋਂ ਵਿਆਹੁਣ ਆਇਆ। ਰਸਮ ਮੁਤਾਬਕ ਕੁੜੀਆਂ ਨੇ ਜੁੱਤੀ ਚੁੱਕ ਲਈ ਤੇ ਲਾਗ ਮੰਗੀ। ਉਧਰ ਭਾਈ ਕਿਆਂ ਨੇ ਲਾਗ ਦੇਣੀ ਚਾਹੀ ਤਾਂ ਕੁੜੀਆਂ ਨੇ ਬੋਲੀ ਮਾਰੀ ਤੇ ਕਿਹਾ, “ਐਹ ਚੁੱਕ ਲੈ ਜੁੱਤੀ ਤੂੰ ਕਿਹੜਾ ਖੂਹ ਲੁਆ ਦਏਗਾ। ” ਅਣਖ ਵਿੱਚ ਆ ਕੇ ਪਹਿਲਾਂ ਮੁੰਡੇ ਵਾਲਿਆਂ ਨੇ ਖੂਹ ਲੁਆਇਆ ਤੇ ਫੇਰ ਜੁੱਤੀ ਲਈ ਨਾਲ ਹੀ ਬਚਨ ਕੀਤਾ ਕਿ ਇਸ ਖੂਹ ਦੇ ਪਾਣੀ ਨਾਲ ਹੈਜ਼ਾ ਨਹੀਂ ਹੋਏਗਾ ਤੇ ਹੈਜ਼ੇ ਦੇ ਮਰੀਜ਼ ਵੀ ਠੀਕ ਹੋਣਗੇ। ਇਸ ਖੂਹ ਤੋਂ ਲੋਕੀ ਦੂਰੋਂ ਦੂਰੋਂ ਪਾਣੀ ਲਿਜਾਇਆ ਕਰਦੇ ਸਨ। ਇਸ ਪਿੰਡ ਵਿੱਚ ਬਹੁਤੇ ਘਰ ਧਾਲੀਵਾਲਾਂ ਤੇ ਖਹਿਰਿਆਂ ਦੇ ਹਨ। ਤਕਰੀਬਨ ਅੱਧੀ ਵਸੋਂ ਮਜ਼੍ਹਬੀ ਸਿੱਖਾਂ ਤੇ ਸੈਂਸੀਆਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ