ਲੱਡੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਇਹ ਪਿੰਡ ਲੰਡੇ ਮੋਗਾ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ 21 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਤਾਰਵੀਂ ਸਦੀ ਦੇ ਅਖੀਰ ਵਿੱਚ ‘ਸੇਵਾ ਉਰਫ ਲੰਡਾ’ ਨੇ ਪੱਕੇ ਪਥਰਾਲੇ ਤੋਂ ਆ ਕੇ ਇਹ ਪਿੰਡ ਬੰਨ੍ਹਿਆ। ਸਮੇਂ ਨਾਲ ‘ਮੌਜਾ ਲੰਡਾ’ ਕਿਹਾ ਜਾਣ ਲੱਗ ਪਿਆ ਅਤੇ ਹੁਣ ਲੰਡੇ ਲਿਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੁਦਕੀ ਦੇ ਸਰਦਾਰ ਮਹਾਣ ਸਰਾਂ ਦੀ ਭੈਣ ਮਹਾਰਾਜੇ ਪਟਿਆਲੇ ਦੀ ਰਾਣੀ ਸੀ। ਉਸੇ ਦੇ ਜ਼ੋਰ ਨਾਲ ਇਹ ਪਿੰਡ ਵੱਸਿਆ। ਪਰ ਰਾਜੇ ਫਰੀਦਕੋਟ ‘ਰਾਓ ਜੋਧ’ ਨੇ ਆਪਣੇ ਸੱਕੇ ਬਰਾੜ ਗੋਤ ਦੇ ਬੁੱਢੇ (ਗਜਿਆਣੇ ਤੋਂ) ਅਤੇ ਤਲੋਕਾ (ਸਮਾਲਸਰ) ਨੂੰ ਪਿੰਡ ਦੇ ਬਾਹਰ ਵਸਾ ਕੇ ਪਿੰਡ ਲੰਡੇ ਉੱਪਰ ਕਬਜ਼ਾ ਕਰਵਾ ਦਿੱਤਾ। ਮਹਾਣ ਸਰਾਂ ਨੇ ਫੇਰ ਪਿੰਡ ‘ਤੇ ਕਈ ਹਮਲੇ ਕੀਤੇ। ਬਾਬੇ ਸਲੇਮੇ ਦੀ ਸਮਾਧ ਤੇ ਸਿੱਖਾਂ ਵਾਲੀ ਛੱਪੜੀ ਲੜਾਈ ਦੇ ਚਿੰਨਾਂ ਵਜੋਂ ਮੌਜੂਦ ਹਨ। ਪਿੰਡ ਵਿੱਚ ਦੋ ਪੱਤੀਆਂ ਬੁੱਢਾ ਤੇ ਤਲੋਕੇ ਦੀਆਂ ਹਨ। ਇਹ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਹੈ।
ਇਹ ਪਿੰਡ ਪਹਿਲਾਂ ਮਹਾਰਾਜੇ ਫਰੀਦਕੋਟ ਦੇ ਰਾਜ ਵਿੱਚ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਚਲਾ ਗਿਆ। ਅੰਗਰੇਜ਼ ਰਾਜ ਸਮੇਂ ਜ਼ੈਲਦਾਰ ਲਾਲ ਸਿੰਘ ਨੇ 1880 ਵਿੱਚ ਪ੍ਰਾਇਮਰੀ ਸਕੂਲ ਬਣਵਾਇਆ। ਅਜ਼ਾਦੀ ਦੀ ਲੜਾਈ ਵਿੱਚ ਇਸ ਪਿੰਡ ਨੇ ਬਹੁਤ ਹਿੱਸਾ ਪਾਇਆ। ਜੈਤੋ ਦੇ ਮੋਰਚੇ ਸਮੇਂ ਪਹਿਲਾ ਜਥਾ ਦੋ ਦਿਨ ਇੱਥੇ ਠਹਿਰਿਆ। ਉਸ ਤੋਂ ਪ੍ਰਭਾਵਤ ਹੋ ਕੇ ਇੱਥੋਂ ਦੇ 60 ਆਦਮੀ ਮੋਰਚੇ ਵਿੱਚ ਗਏ ਜਿਨ੍ਹਾਂ ਵਿੱਚ 3 ਸ਼ਹੀਦ ਤੇ ਸੱਤ ਫੱਟੜ ਹੋਏ। ਪਿੰਡ ਦੇ ਗੰਗਾ ਸਿੰਘ ਅਤੇ ਉਜਾਗਰ ਸਿੰਘ ਆਈ. ਐਨ. ਏ. ਵਿੱਚ ਸ਼ਾਮਲ ਹੋਏ। ਇੱਥੋਂ ਦਾ ਇੱਕ ਆਦਮੀ ਰੂਸ ਦੇ ਇਨਕਲਾਬ ਵਿੱਚ ਸ਼ਹੀਦ ਹੋਇਆ, ਜਿਸ ਦਾ ਵਰਣਨ ਇੱਕ ਰੂਸੀ ਪੁਸਤਕ ਵਿੱਚ ਹੈ।
ਪਿੰਡ ਵਿੱਚ ਤਿੰਨ ਪੁਰਾਣੇ ਥੇਹ, ਪੰਜ ਧਰਮਸ਼ਾਲਾਵਾਂ ਅਤੇ ਤਿੰਨ ਗੁਰਦੁਆਰੇ ਹਨ। ਪਿੰਡ ਦੇ ਇੱਕ ਮੀਲ ਬਾਹਰ ਛੇਵੀਂ ਪਾਤਸ਼ਾਹੀ ਦਾ ‘ਗੁਰਦੁਆਰਾ ਗੁਰੂਸਰ ਹੈ। ’
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ