ਵਰਿਪਾਲ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਵਰਿਪਾਲ, ਅੰਮ੍ਰਿਤਸਰ-ਤਰਨਤਾਰਨ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਸ਼ੁਰੂਆਤ ਬਾਰੇ ਦੱਸਿਆ ਜਾਂਦਾ ਹੈ ਕਿ ਮਾਲਵੇ ਤੋਂ ਦੋ ਭਰਾ ‘ਵਰਿਆਮ’ ਤੇ ‘ਪਾਲਾ’ ਏਥੇ ਆਏ, ਜਿਨ੍ਹਾਂ ਨੇ ਇਹ ਪਿੰਡ ਬੱਧਾ ਤੇ ਉਹਨਾਂ ਦੋਵਾਂ ਦੇ ਨਾਵਾਂ ਤੇ ਪਿੰਡ ਦਾ ਨਾਂ ‘ਵਰਿਪਾਲ’ ਰੱਖਿਆ ਗਿਆ। ਪਿੰਡ ਵਿੱਚ 40 ਪ੍ਰਤੀਸ਼ਤ ਜੱਟ ਸਿੱਖ, 20 ਪ੍ਰਤੀਸ਼ਤ ਮਜ੍ਹਬੀ ਸਿੱਖ ਤੇ ਲਗਭਗ 40 ਪ੍ਰਤੀਸ਼ਤ ਹਿੰਦੂ ਆਦਿ ਹਨ।
ਜੈਤੋ ਦੇ ਮੋਰਚੇ ਵਿੱਚ 300 ਸਿੰਘਾਂ ਦੇ ਪਹਿਲੇ ਜੱਥੇ ਦੀ ਜਥੇਦਾਰੀ ਇੱਥੋਂ ਦੇ ਜਥੇਦਾਰ ਊਧਮ ਸਿੰਘ ਨੇ ਕੀਤੀ। ਉਹਨਾਂ ਨੂੰ 7 ਸਾਲ ਦੀ ਕੈਦ ਹੋਈ।
ਇਸ ਪਿੰਡ ਵਿੱਚ ਸਟੀਲ ਦੇ ਕੜੇ, ਕਿਰਪਾਨਾਂ ਤੇ ਗਾਤਰੇ ਘਰਾਂ ਵਿੱਚ ਖਰਾਦ ਤੇ ਮਸ਼ੀਨਾਂ ਲਾ ਕੇ ਤਿਆਰ ਕੀਤੇ ਜਾਂਦੇ ਹਨ ਤੇ ਅੰਮ੍ਰਿਤਸਰ ਅਤੇ ਹੋਰ ਥਾਵਾਂ ਤੇ ਭੇਜੇ ਜਾਂਦੇ ਹਨ। ਹੋਲੀ ਦੇ ਦਿਨਾਂ ਵਿੱਚ ਇੱਥੇ ਪੂਰਾ ਹਫਤਾ ਦੀਵਾਨ ਲਗਦੇ ਹਨ ਅਤੇ ਇਹ ਇੱਕ ਕਿਸਮ ਦਾ ਪਿੰਡ ਦਾ ਸਲਾਨਾ ਮੇਲਾ ਹੁੰਦਾ ਹੈ। ਲੋਕ ਧਾਰਮਿਕ ਖਿਆਲਾਂ ਦੇ ਹਨ ਅਤੇ ਕਾਰ ਸੇਵਾ ਵਿੱਚ ਭਾਗ ਲੈਣ ਲਈ ਟਰਾਲੀਆਂ ਤੇ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ