ਸਨੌਰ
ਸਥਿਤੀ :
ਪਟਿਆਲਾ ਤੋਂ ਲਗਭਗ 7 ਕਿਲੋਮੀਟਰ ਦੂਰ ਪੂਰਬ ਵੱਲ ਸਥਿਤ ਇਹ ਪਿੰਡ ਹੁਣ ਪਟਿਆਲਾ ਸ਼ਹਿਰ ਵਿੱਚ ਸ਼ਾਮਿਲ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਇੱਕ ਮੁਸਲਮਾਨੀ ਸਮੇਂ ਦਾ ਮਸ਼ਹੂਰ ਪੁਰਾਣਾ ਕਸਬਾ ਹੈ। ਮੁਸਲਮਾਨ ਅਫਗਾਨਿਸਤਾਨ ਤੋਂ ਆ ਕੇ ਇੱਥੇ ਵੱਸੇ ਸਨ ਤੇ ਆਪਣੇ ਨਾਲ ਮਿਰਚਾਂ ਦੇ ਬੀਜ ਲਿਆਏ ਸਨ। ਉਨ੍ਹਾਂ ਨੇ ਲਾਲ ਤੇ ਪੀਲੀ ਮਿਰਚ ਦੀ ਖੇਤੀ ਸ਼ੁਰੂ ਕੀਤੀ ਜਿਸ ਤੋਂ ਇੰਨੀ ਪੈਦਾਵਾਰ ਹੋਈ ਕਿ ਇਹ ਇਲਾਕਾ ਸਨੌਰ ਤੋਂ ਸਮਾਣਾ ਤੱਕ ਮਿਰਚਾਂ ਲਈ ਮਸ਼ਹੂਰ ਹੋ ਗਿਆ। ਅਫਗਾਨ ਮੁਸਲਮਾਨਾਂ ਨੂੰ ਮਿਰਚਾਂ ਤੋਂ ਏਨੀ ਆਮਦਨ ਹੋਈ ਕਿ ਉਹ ਅਮੀਰ ਹੋ ਗਏ ਤੇ ਸੋਨੇ ਵਾਂਗ ਚਮਕਦੀ ਪੀਲੀ ਮਿਰਚ ਦੀ ਪੈਦਾਵਾਰ ਕਰਨ ਵਾਲੇ ਇਲਾਕੇ ਦਾ ਨਾਂ ਉਨ੍ਹਾਂ ਨੇ ‘ਸੋਨਾ ਨਗਰੀ’ ਰੱਖ ਲਿਆ ਜਿਹੜਾ ਬਾਅਦ ਵਿੱਚ ਵਿਗੜ ਕੇ ‘ਸਨੌਰ’ ਬਣਿਆ।
ਬਾਬਰ ਰਾਜ ਦੇ ਸਮੇਂ ਇਸ ਪਿੰਡ ਦਾ ਮੁਖੀ ਮਲਿਕ ਬਹਾਲਦੀਨ ਖੋਖਰ ਸੀ ਜਿਹੜਾ ਇਸ ਇਲਾਕੇ ਦੇ 84 ਪਿੰਡਾਂ ਦਾ ਮੁਖੀ ਸੀ। ਇਸ ਦੇ ਨਾਂ ਤੇ ਖੋਖਰ ਪੱਤੀ ਅੱਜ ਵੀ ਮਸ਼ਹੂਰ ਹੈ। 1748 ਵਿੱਚ ਪਟਿਆਲਾ ਰਾਜ ਦੇ ਬਾਨੀ ਆਲਾ ਸਿੰਘ ਨੇ ਕੁੱਝ ਸਮੇਂ ਲਈ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਪਿੰਡ ਵਿੱਚ ਇੱਕ ਵੱਡਾ ਕਿਲ੍ਹਾ ‘ਰਾਣੀ ਆਸ ਕੌਰ’ ਦੇ ਨਾਂ ਤੇ ਬਣਵਾਇਆ ਜੋ ਹੁਣ ਖੰਡਰ ਹੋ ਚੁੱਕਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ