ਸਰਹਾਲ ਕਾਜ਼ੀਆਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਸਰਹਾਲ ਕਾਜ਼ੀਆਂ, ਮੁਕੰਦਪੁਰ-ਬਹਿਰਾਮ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ ਵੀ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੇ ਇੱਕ ਸਯਦ ਮੁਸਲਮਾਨ ਦੀ ਸਰਾਂ ਸੀ ਅਤੇ ਇਸ ਪਿੰਡ ਦਾ ਕਾਜ਼ੀ ਲਾਹੌਰ ਦਰਬਾਰ ਵਿੱਚ ਮੁਲਾਜ਼ਮ ਸੀ। ਇੱਕ ਵਾਰ ਬਾਦਸ਼ਾਹ ਸ਼ਾਹਜਹਾਨ ਹੱਜ ਨੂੰ ਜਾਂਦਿਆਂ ਇਸ ਪਿੰਡ ਵਿੱਚ ਰਾਤ ਠਹਿਰਿਆ ਅਤੇ ਉਸਦੀ ਬੇਗ਼ਮ ਨੂੰ ਬੱਚਾ ਪੈਦਾ ਹੋਇਆ। ਉਸ ਕਾਜ਼ੀ ਦੀ ਪਤਨੀ ਨੇ ਬੇਗ਼ਮ ਦੀ ਬਹੁਤ ਸੇਵਾ ਕੀਤੀ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਪਿੰਡ ਦੀ ਜ਼ਮੀਨ ਦਾ ਪੰਜਵਾਂ ਹਿੱਸਾ ਜਗੀਰ ਵਜੋਂ ਉਸਨੂੰ ਦੇ ਦਿੱਤਾ ਅਤੇ ਪਿੰਡ ਦਾ ਨਾਂ ‘ਸਰਹਾਲ (ਸਰਾਂ+ਹਾਲ) ਕਾਜ਼ੀਆਂ’ ਰੱਖ ਦਿੱਤਾ। ਇਸ ਪਿੰਡ ਵਿੱਚ ਮਹਿਤੋ ਜੱਟ ਵੀ ਰਹਿੰਦੇ ਸਨ ਜੋ ਕਾਜ਼ੀ ਦੇ ਪਰਿਵਾਰ ਨੂੰ ਤੰਗ ਕਰਦੇ ਸਨ। ਬਾਦਸ਼ਾਹ ਦੇ ਬੰਦਿਆ ਨੇ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ ਅਤੇ ਉਹਨਾਂ ਮਹਿਤੋ ਲੋਕਾਂ ਨੇ ਨਵਾਂ ਪਿੰਡ ਸਰਹਾਲ ਮੁੰਡੀ ਵਸਾ ਲਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਲੇਰ ਗੋਤ ਦੇ ਜੱਟ ਇੱਥੇ ਮੌਰੂਸੀ ਬਣ ਕੇ ਵਸ ਗਏ ਜੋ ਬਾਅਦ ਵਿੱਚ ਮੌਰੂਸੀਆਂ ਟੁੱਟਣ ਤੇ ਮਾਲਕ ਬਣ ਗਏ। ਸਿੱਖ ਰਾਜ ਵੇਲੇ ਇਹ ਸ. ਸੋਭਾ ਸਿੰਘ ਦੀ ਜਗੀਰ ਸੀ ਜਿਸਦਾ ਵਰਤਾਉ ਆਮ ਲੋਕਾਂ ਨਾਲ ਸ਼ਲਾਘਾਯੋਗ ਸੀ ।
ਇੱਥੇ ਇੱਕ ਗੁਰਦੁਆਰੇ ਤੋਂ ਇਲਾਵਾ ਚਾਰ ਹੋਰ ਪੂਜਣਯੋਗ ਥਾਵਾਂ ਹਨ। ਪਹਿਲੀ ਜਗ੍ਹਾ ਸਾਧੂ ਬ੍ਰਹਮ ਦਰਿਆ ਦੀ ਹੈ ਜੋ ਦੱਸਿਆ ਜਾਂਦਾ ਹੈ ਕਿ ਬਹੁਤ ਕਰਨੀ ਵਾਲੇ ਸੋਲਾ ਦੂਸਰੀ ਜਗ੍ਹਾ ਬਾਬਾ ਜਵਾਹਰ ਸਿੰਘ ਦੀ ਹੈ ਜਿਸ ਨੂੰ ‘ਝੰਡੀ ਜੀ’ ਕਹਿੰਦੇ ਹਨ। ਇਹ ਹਰਿਆਣੇ ਵਿੱਚ ‘ਜੋਹੜ ਜੀ ‘ ਵਿਖੇ ਮੁੱਖ ਜਗ੍ਹਾ ਦੀ ਸ਼ਾਖਾ ਹੈ। ਤੀਜੀ ਜਗ੍ਹਾ ਸ਼ਿਵਾਲਾ ਹੈ ਜਿੱਥੇ ਜਨਮ ਅਸ਼ਟਾਮੀ ਮਨਾਈ ਜਾਂਦੀ ਹੈ। ਚੌਥੀ ਜਗ੍ਹਾ ‘ਬਾਲਾ ਪੀਰ’ ਦੀ ਸਮਾਧ ਹੈ ਜੋ ਇੱਕ ਮੁਸਲਮਾਨ ਫਕੀਰ ਦੀ ਹੈ ਜੋ ਬਾਲ ਉਮਰ ਵਿੱਚ ਹੀ ਧਰਤੀ ਵਿੱਚ ਸਮਾ ਗਿਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ