ਸਲ੍ਹੀਣਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਸਲ੍ਹੀਣਾ, ਮੋਗਾ – ਫਿਰੋਜ਼ਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।.
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਲ੍ਹੀਣਾ ਸ਼ਬਦ ‘ਸਰੀਣਾ’ ਤੋਂ ਵਿਗੜ ਕੇ ਬਣਿਆ ਹੈ। ਅਜ ਤੋਂ ਲਗਭਗ 500 ਸਾਲ ਪਹਿਲਾਂ ‘ਸਰੀਣ ਖਤਰੀਆਂ’ ਨੇ ਵਸਾਇਆ ਸੀ ਜਿਸ ਕਰਕੇ ਇਸ ਦਾ ਨਾਂ ‘ਸਰੀਣਾ’ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਇਸੇ ਨਾਂ ਨਾਲ ਪ੍ਰਸਿੱਧ ਸੀ ਪਿੱਛੋਂ ਜਾ ਕੇ ‘ਸਲ੍ਹੀਣਾ’ ਹੋ ਗਿਆ ਜੋ ਅਜ ਤੱਕ ਪ੍ਰਚਲਤ ਹੈ। ਸਰੀਣ ਖਤਰੀਆਂ ਨੇ ਪਿੰਡ ਦੇ ਵਿਚਕਾਰ ਇੱਕ ਕਿਲ੍ਹਾ ਬਣਾਇਆ ਜਿਸ ਦੀਆਂ ਕੰਧਾਂ ਅਤੇ ਤਹਿਖਾਨੇ ਅਜ ਵੀ ਮੌਜੂਦ ਹਨ। ਇਲਾਕਾ ਸੰਗਤਪੁਰਾ ਤੋਂ ਇੱਕ ਸੂਦ ਖਾਨਦਾਨ ਇੱਥੇ ਆ ਕੇ ਵੱਸਿਆ। ਇੱਕ ਉਪਲ ਖਤਰੀ ਸਰਦਾਰ ਇੱਥੇ ਵੱਸੇ ਜਿਨ੍ਹਾਂ ਨੇ ਇਸ ਪਿੰਡ ਨੂੰ ਵਪਾਰ ਲਈ ਮਸ਼ਹੂਰ ਕਰ ਦਿੱਤਾ। ਹੌਲੀ ਹੌਲੀ ਸਰਦਾਰ ਆਪਣੇ ਅਸਲੀ ਪਿੰਡਾਂ ਨੂੰ ਚਲੇ ਗਏ ਅਤੇ ਵਪਾਰ ਘਟਦਾ ਗਿਆ।
ਕਿਹਾ ਜਾਂਦਾ ਹੈ ਕਿ ਡਰੋਲੀ ਰਹਿਣ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਇੱਥੇ ਝਿੜੀ ਵਿੱਚ ਸ਼ਿਕਾਰ ਕਰਨ ਆਉਂਦੇ ਸਨ। ਇੱਕ ਵਾਰੀ ਉਹਨਾਂ ਨੇ ਇੱਥੇ ਕਈ ਦਿਨ ਡੇਰਾ ਕੀਤਾ ਅਤੇ ਖੂਹ ਦਾ ਠੰਡਾ ਜਲ ਛਕਿਆ। ਜਿਸ ਕਿੱਲੇ ਤੇ ਉਹਨਾਂ ਨੇ ਘੋੜਾ ਬੰਨ੍ਹਿਆ ਸੀ ਉਹ ਅੱਜ ‘ਵਣ’ ਦੇ ਰੂਪ ਵਿੱਚ ਮੌਜੂਦ ਹੈ ਜਿੱਥੇ ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਵਿੱਚ ਇੱਕ ਬਾਉਲੀ ਵੀ ਹੈ।
ਸੰਤਾਂ ਮਹਾਤਮਾਂ ਵਿਚੋਂ ਇੱਥੋਂ ਦੇ ਕਰਨੀ ਵਾਲੇ ਪੁਰਸ਼ ‘ਬਾਬਾ ਲਾਲ ਗਿਰ’ ਹੋਏ ਹਨ, ਉਹਨਾਂ ਦਾ ਸੁਰਗਵਾਸ ਇਸ ਪਿੰਡ ਵਿੱਚ ਹੋਇਆ। ਉਹਨਾਂ ਦੇ ਡੇਰੇ ਤੇ ਲੋਕੀ ਸੁੱਖਾਂ ਪੂਰਦੇ ਹਨ ਤੇ ਸੁੱਖਦੇ ਹਨ।
ਇੱਥੋਂ ਦੇ ਸ੍ਰੀ ਹਰੀਰਾਮ ਅਤੇ ਬਾਬੂ ਜਗਨ ਨਾਥ ਪ੍ਰਸਿੱਧ ਸੁਤੰਤਰਤਾ ਸੰਗ੍ਰਾਮੀ ਹੋਏ ਹਨ ਕਈ ਪਿੰਡ ਵਾਸੀਆਂ ਨੇ ਜੈਤੋਂ ਦੇ ਮੋਰਚੇ ਵਿੱਚ ਵੀ ਹਿੱਸਾ ਲਿਆ।
ਪਿੰਡ ਵਿੱਚ ਇੱਕ ਪੱਤੀ ਖਤਰੀ ਸਰਦਾਰਾਂ ਦੀ ਹੈ। ਜਿਸ ਵਿੱਚ ਸਰੀਣ, ਤਾਂਗੜੀ, ਘਈ, ਤੇਹਣ ਅਤੇ ਕਕੜੀਏ ਹਨ। ਦੂਸਰੀ ਪੱਤੀ ਸਿਵੀਆ ਜੱਟਾਂ ਦੀ ਹੈ ਜਿਨ੍ਹਾਂ ਵਿੱਚ ਵਿਰਕ, ਸਰਾਂ, ਢਿੱਲੋਂ ਹਨ। ਮਜ਼੍ਹਬੀ ਸਿੱਖ ਅਤੇ ਛੀਂਬਆਂ ਦੇ ਵੀ ਕੁਝ ਘਰ ਹਨ। ਮਹਾਜਨਾ ਦੀਆਂ ਵੱਖਰੀਆਂ ਗਲੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ