ਸ਼ਰੀਹ
ਤਹਿਸੀਲ ਨਕੋਦਰ ਦਾ ਇਹ ਪਿੰਡ ਸ਼ਰੀਹ, ਨਕੋਦਰ – ਫਗਵਾੜਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਸ਼ੰਕਰ ਤੋਂ 2 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਲਗਭਗ ਸੱਤ ਸਦੀਆਂ ਪਹਿਲਾਂ ਇਸ ਪਿੰਡ ਨੂੰ ਸੰਧੂ ਜੱਟਾਂ ਦੇ ਬਜ਼ੁਰਗ ਰਾਧੰਨ ਨੇ ਵਸਾਇਆ। ਸ਼ਰੀਹ ਦਰਖਤ ਦੇ ਆਲੇ ਦੁਆਲੇ ਵਸਣ ਕਰਕੇ ਪਿੰਡ ਦਾ ਨਾਂ ਸ਼ਰੀਹ ਜਾਂ ਸਰੀਹ ਪੈ ਗਿਆ। ਰਾਧੰਨ ਦੀ ਔਲਾਦ ਵਿਚੋਂ ਇੱਕ ਲੜਕੀ ਬਿਲਗੇ ਸੰਘੇੜਿਆਂ ਦੇ ਵਿਆਹੀ ਗਈ ਜੋ ਵਾਪਸ ਸ਼ਰੀਹ ਰਹਿਣ ਲਈ ਆ ਗਈ। ਕਹਿੰਦੇ ਹਨ ਕਿ ਬਜ਼ੁਰਗ ਮੋਢੀ ਨੇ ਇੱਕ ਪੀਰ ਨੂੰ ਪੁੱਛਿਆ ਕਿ ਪਿੰਡ ਵਿੱਚ ਦੋ ਗੋਤ ਵੱਸ ਸਕਣਗੇ ਜਾਂ ਨਹੀਂ ਤਾਂ ਉਸਨੇ ਜੁਆਬ ਦਿੱਤਾ ਕਿ ਉਹਨਾਂ ਦੀ ਪਾਈ ਹੋਈ ਛੰਨ (ਛੱਤ) ਟੁੱਟ ਗਈ ਤਾਂ ਦੋਵੇਂ ਗੋਤ ਵੱਸ ਸਕਣਗੇ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਛੰਨ ਟੁੱਟ ਗਈ ਤੇ ਉਸਤੋਂ ਬਾਅਦ ਸੰਧੂ ਤੇ ਸੰਘੇੜੇ ਦੋਵੇਂ ਇਸ ਪਿੰਡ ਵਿੱਚ ਵਧਦੇ ਫੁੱਲਦੇ ਰਹੇ। ਪਿੰਡ ਦੇ ਚਾਰ ਦਰਵਾਜਿਆਂ ਵਿਚੋਂ ਵੇ ਸੰਧੂਆਂ ਦੇ ਤੇ ਦੋ ਸੰਘੇੜਿਆਂ ਦੇ ਜਾਣੇ ਜਾਂਦੇ ਹਨ।
ਜਦੋਂ ਗੁਰੂ ਅਰਜਨ ਦੇਵ ਜੀ ਇਸ ਪਿੰਡ ਵਿਚੋਂ ਲੰਘੇ ਤਾਂ ਇੱਕ ਪਰਿਵਾਰ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤਾਂ ਉਹਨਾਂ ਨੇ ਉਸ ਪਰਿਵਾਰ ਨੂੰ ਵਰ ਦਿੱਤਾ ਕਿ ਉਹਨਾਂ ਦੀ ਚੌਧਰ ਹਮੇਸ਼ਾਂ ਬਣੀ ਰਹੇਗੀ। ਉਸ ਪਰਿਵਾਰ ਨੂੰ ਚੌਧਰੀਕਿਆਂ ਕਿਹਾ ਜਾਂਦਾ ਹੈ ਤੇ ਉਹਨਾਂ ਦੀ ਚੌਧਰ ਵੀ ਕਾਇਮ ਰਹੀ।
ਸ਼ਰੀਹ ਦੀ ਛਿੰਝ ਇਲਾਕੇ ਭਰ ਵਿੱਚ ਮਸ਼ਹੂਰ ਹੈ, ਇਹ ਹੋਰ ਛਿੰਝਾਂ ਤੋਂ ਬਾਅਦ ਪੈਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਭਲਵਾਨ ਸਮਝਦਾ ਹੋਵੇ ਕਿ ਕਿਸੇ ਹੋਰ ਪਿੰਡ ਦੀ ਛਿੰਝ ਵਿੱਚ ਉਸ ਨਾਲ ਨਿਆਂ ਨਹੀਂ ਹੋਇਆ ਤਾਂ ਉਹ ਆਖਰੀ ਛਿੰਝ ਵਿੱਚ ਸ਼ਰੀਹ ਨਿਆਂ ਲਈ ਆਉਂਦਾ ਹੈ।
ਪਿੰਡ ਦੇ ਬਾਬਾ ਸਤਨਾਮ ਸਿੰਘ ਨੇ ਅਜ਼ਾਦੀ ਲਹਿਰ ਵਿੱਚ ਉੱਘਾ ਹਿੱਸਾ ਪਾਇਆ ਉਹਨਾਂ ਦੀ ਮੌਤ ਵੀ ਪੁਲੀਸ ਦੀ ਕੁੱਟ ਨਾਲ ਹੋਈ। ਲੁਧਿਆਣਾ ਜੇਲ੍ਹ ਵਿਚੋਂ ਆਪਣੇ ਦੋ ਹੋਰ ਸਾਥੀਆਂ ਨਾਲ ਸੁਰੰਗ ਲਾ ਕੇ ਨਿਕਲਣ ਵਾਲੇ ਕਮਿਊਨਿਸਟ ਆਗੂ ਸ੍ਰੀ ਰਜਿੰਦਰ ਸਿੰਘ ਇਸੇ ਪਿੰਡ ਦੇ ਸਨ। ਇਸ ਪਿੰਡ ਨੂੰ ‘ਕਰਮੇ ਵਾਲਾ ਸ਼ਰੀਹ’ ਵੀ ਕਿਹਾ ਜਾਂਦਾ ਹੈ ਕਿਉਂਕਿ ਕਰਮਾ ਇਸ ਪਿੰਡ ਦਾ ਗਰੀਬਾਂ ਦੀ ਮਦਦ ਕਰਨ ਵਾਲਾ ਡਾਕੂ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ