ਸ਼ਾਹਬਾਜ਼ਪੁਰਾ
ਸਥਿਤੀ :
ਤਹਿਸੀਲ ਰਾਏਕੋਟ ਦਾ ਪਿੰਡ ਸ਼ਾਹਬਾਜ਼ਪੁਰ, ਰਾਏਕੋਟ – ਬਰਨਾਲਾ ਸੜਕ ਤੋਂ 34 ਕਿਲੋਮੀਟਰ ਤੇ ਰਾਏਕੋਟ ਤੋਂ 4 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 1680 ਵਿੱਚ ਵਸਾਇਆ ਦੱਸਿਆ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਦੇ ਪੁਰਖੇ ਪਹਿਲਾਂ ਨੇੜੇ ਦੇ ਪਿੰਡ ਕੁਤਬਾ ਵਿੱਚ ਆ ਕੇ ਰਹੇ ਸਨ । ਪਿੰਡ ਦੇ ਮਾਲਕ ਦੋ ਭਰਾ, ਕੁਤਬਦੀਨ ਤੇ ਸਹਿਬਾਜ਼ ਖਾਂ ਸਨ। ਕੁਝ ਸਮਾਂ ਪਿੱਛੋਂ ਸਹਿਬਾਜ਼ ਖਾਂ ਦੇ ਕਹਿਣ ਉੱਤੇ, ਉਸ ਦੇ ਹਿੱਸੇ ਦੀ ਜ਼ਮੀਨ ਵਿਚ, ਬਾਹਰ ਤੋਂ ਆਏ ਲੋਕ ਜਾ ਬੈਠੇ ਤੇ ਉੱਥੇ ਵਿਕਸਤ ਹੋਏ ਪਿੰਡ ਦਾ ਨਾਂ ‘ਸਹਿਬਾਜ਼ਪੁਰ’ ਪ੍ਰਚੱਲਿਤ ਹੋ ਗਿਆ। ਆਰੰਭ ਵਿੱਚ ਇਸ ਪਿੰਡ ਦੇ ਇਰਦ-ਗਿਰਦ ਸੱਤ ਬੁਰਜੀਆਂ ਤੇ ਦੋ ਮੁੱਖ ਦਰਵਾਜ਼ਿਆਂ ਵਾਲੀ ਚਾਰਦੀਵਾਰੀ ਹੁੰਦੀ ਸੀ । ਇਹ ਸਭ 1870 ਤੱਕ ਢਹਿ ਗਈ ਤੇ ਫਿਰ 1911 ਵਿੱਚ ਕੁਤਬਾ ਪਿੰਡ ਵੱਲ ਇੱਕ ਵੱਡਾ ਪੱਕਾ ਦਰਵਾਜ਼ਾ, ਪਿੰਡ ਦਾ ਮੁੱਖ ਦੁਆਰਾ ਬਣਾਇਆ ਗਿਆ ਜੋ ਹੁਣ ਤੱਕ ਕਾਇਮ ਹੈ। ਬਾਬਾ ਰੂੜ ਸਿੰਘ (1870-1946) ਜੋ ਬੱਬਰ ਅਕਾਲੀ ਲਹਿਰ ਦਾ ਸਰਗਰਮ ਕਾਰਕੁਨ ਸੀ ਨੇ ਪਹਿਲ ਕਰਕੇ ਪਿੰਡ ਵਿੱਚ ਫੇਰਿਆਂ ਦੀ ਥਾਂ ਆਪਣੀ ਲੜਕੀ ਦੇ ਵਿਆਹ ਸਮੇਂ ਆਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ ਸੀ । ਬਾਬਾ ਜੀ ਨੇ ਜੈਤੋ ਦੇ ਮੋਰਚੇ ਵਿੱਚ ਜੱਥੇ ਭੇਜੇ ਤੇ ਕੈਦ ਕੱਟੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ