ਸਾਹਨੇਵਾਲ
ਸਥਿਤੀ :
ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਦੀ ਨਗਰ ਪੰਚਾਇਤ ਹੈ ਅਤੇ ਲੁਧਿਆਣਾ-ਅੰਬਾਲਾ ਰੇਲਵੇ ਸਟੇਸ਼ਨ ਲਾਈਨ ਤੇ ਸਥਿਤ ਲੁਧਿਆਣਾ ਤੋਂ 15 ਕਿਲੋਮੀਟਰ ਅਤੇ ਖੰਨਾ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਜੋ ਹੁਣ ਨਗਰ ਪੰਚਾਇਤ ਹੈ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਸੁੱਲਾ ਨਾਮੀ ਬਜ਼ੁਰਗ ਨੇ ਵਸਾਇਆ। ਇਹ ਬਜ਼ੁਰਗ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੀਚਾ ਭਦਨਾ ਤੋਂ ਆਇਆ ਸੀ। ਇਸ ਦੇ ਨਾਂ ਤੇ ਪਿੰਡ ਦਾ ਨਾ ਸਾਹਨਾ ਤੇ ਫੇਰ ਬਦਲਕੇ ‘ਸਾਹਨੇਵਾਲ’ ਪੈ ਗਿਆ। ਇਸ ਦੇ ਪੰਜ ਪੁੱਤਰਾਂ ਜਾਦੋ, ਨੱਥੂ, ਬਾਲਾ, ਹਮੀਰਾ ਤੇ ਵਜ਼ੀਰਾ ਦੇ ਨਾ ਤੇ ਪਿੰਡ ਦੀਆਂ ਪੰਜ ਪੱਤੀਆਂ ਹਨ। ਵਜ਼ੀਰਾ ਪੱਤੀ ਵਾਲੇ ਨੇ ਪਿੰਡ ਸਾਹਨੀ ਵਸਾਇਆ ਜੋ ਸਾਹਨੇਵਾਲ ਤੋਂ 2 ਕਿਲੋਮੀਟਰ ਦੂਰ ਹੈ। ਇਸ ਪਿੰਡ ਵਿੱਚ ਕਸੂਰ (ਪਾਕਿਸਤਾਨ) ਤੋਂ ਝੰਡੀ ਖੱਤਰੀ ਵੀ ਆ ਕੇ ਵੱਸ ਗਏ। ਛੋਟੀਆਂ ਛੋਟੀਆਂ ਮਿਸਲਾਂ ਵੇਲੇ ਇੱਥੇ ਇੱਕ ਰਾਜਾ ਸੁਧਾ ਸਿੰਘ ਮਾਂਗਟ ਹੋਇਆ ਜਿਸਨੇ ਇੱਥੇ ਇੱਕ ਕਿਲ੍ਹਾ ਵੀ ਬਣਵਾਇਆ ਸੀ ਜੋ ਹੁਣ ਖਤਮ ਹੋ। ਚੁੱਕਾ ਹੈ। ਅਜ਼ਾਦੀ ਦੀ ਲੜਾਈ ਵੇਲੇ ਗਦਰ ਪਾਰਟੀ ਦੇ ਸ. ਕੇਹਰ ਸਿੰਘ ਇਸ ਪਿੰਡ ਦੇ ਸਨ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਅਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ। ਦੂਸਰੇ ਅਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਪੰਡਤ ਚਾਲੀਆਂ ਰਾਮ ਸਨ। ਜਰਨੈਲੀ ਸੜਕ ਤੇ ਸਥਿਤ ਹੋਣ ਕਰਕੇ ਇਹ ਹੁਣ ਇੱਕ ਵਪਾਰਕ ਕਸਬਾ ਬਣ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ