ਸੇਖਾ
ਸਥਿਤੀ :
ਤਹਿਸੀਲ ਬਰਨਾਲਾ ਦਾ ਪਿੰਡ ਸੇਖਾ, ਬਰਨਾਲਾ – ਰਾਇਕੋਟ ਸੜਕ ਤੋਂ 8 ਕਿਲੋਮੀਟਰ ਦੂਰ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸੇਖਾ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੇਖਾਵਤ ਭਰਾਈਂ ਦਾ ਵਸਾਇਆ ਦੱਸਿਆ ਜਾਂਦਾ ਹੈ, ਬੰਦੋਬਸਤ ਦੇ ਕਾਗ਼ਜ਼ਾਂ ਅਨੁਸਾਰ ਇਹ ਪਿੰਡ ਕੋਈ ਸਾਢੇ ਤਿੰਨ ਸੌ ਸਾਲ ਪੁਰਾਣਾ ਹੈ। ਪਿੰਡ ਤੋਂ ਲਹਿੰਦੇ ਵੱਲ ਇੱਕ ਕਿਲੋਮੀਟਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਹੈ ਅਤੇ ਥੋੜ੍ਹਾ ਅੱਗੇ ਸੰਤ ਮਾਧੋ ਦਾਸ ਦਾ ਮੱਟ ਜੋ ਬਹੁਤ ਪੁਰਾਤਨ ਹੈ। ਹਰ ਸਾਲ ਭਾਦੋਂ ਦੀ ਨੌਵੀਂ ਨੂੰ ਇੱਥੇ ਮੇਲਾ ਲੱਗਦਾ ਹੈ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ 1665 ਈਸਵੀ ਵਿੱਚ ਇੱਥੇ ਆਏ ਤੇ ਗੁਰਦੁਆਰੇ ਵਾਲੀ ਥਾਂ ਤੇ ਬੋਹੜ ਥੱਲੇ ਤਿੰਨ ਦਿਨ ਬੈਠੇ ਰਹੇ ਪਰ ਕੋਈ ਪਿੰਡ ਦਾ ਵਾਸੀ ਨਹੀਂ ਆਇਆ। ਪਿੰਡ ਦਾ ਮਾਲਕ ਤਰਲੋਕਾ ਜਸਵੰਦਾ ਸੀ ਜੋ ਸੰਤ ਮਾਧੋ ਦਾਸ ਦਾ ਸ਼ਰਧਾਲੂ ਸੀ ਤੇ ਹੋਰ ਕਿਸੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਗੁਰੂ ਜੀ ਤੀਸਰੇ ਦਿਨ ਇਹ ਕਹਿੰਦੇ ਹੋਏ ਕਿ ਇੱਥੇ ਕੁੱਝ ਨਹੀਂ ਸਭ ਉਜਾੜ ਹੈ ਪਿੰਡ ਕਟੂ ਦੇ ਰਸਤੇ ਤੁਰ ਪਏ। ਇਸ ਗੱਲ ਦਾ ਜਦੋਂ ਤਰਲੋਕੇ ਦੀ ਭੈਣ ਨੂੰ ਪਤਾ ਲੱਗਿਆ ਤਾਂ ਉਹ ਸਮੇਤ ਦੁੱਧ ਦੀ ਕਾੜ੍ਹਨੀ ਸਿਰ ਉੱਪਰ ਰੱਖਕੇ ਕੱਟੂ ਪਿੰਡ ਦੇ ਰਸਤੇ ਚੱਲ ਪਈ ਤੇ ਡੇਢ ਮੀਲ ਦਾ ਫਾਸਲਾ ਤਹਿ ਕਰਕੇ ਗੁਰੂ ਜੀ ਨੂੰ ਜਾ ਮਿਲੀ । ਗੁਰੂ ਜੀ ਨੇ ਕਿਹਾ ਬੀਬੀ ਤੇਰੀ ਸ਼ਰਧਾ ਮਹਾਨ ਹੈ- ਬਾਰਾਂ-ਬਾਰਾਂ ਕੋਹਾਂ ਵਿੱਚ ਜਵੰਦਿਆਂ ਦੇ ਵੀ ਟਾਵਾਂ-ਟਾਵਾਂ ਦੀਵਾ ਜਗਿਆ ਕਰੇਗਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ