ਸੱਦਾ ਸਿੰਘ ਵਾਲਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਸੱਦਾ ਸਿੰਘ ਵਾਲਾ, ਮੋਗਾ – ਫਿਰੋਜ਼ਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡੁਗਰੂ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਪੁਰਾਣੇ ਰਿਕਾਰਡ ਮੁਤਾਬਕ ‘ਸੱਦਾ ਸਿੰਘ ਵਾਲਾ` ਅਕਬਰ ਦੇ ਸਮੇਂ ਤਿਹਾੜੇ ਦਾ ਪਰਗਣਾ ਸੀ ਜੋ ਸੂਬਾ ਸਰਹੰਦ ਦੇ ਅਧੀਨ ਸੀ। ਬਹੁਤ ਚਿਰ ਘੁੱਗ ਵੱਸਣ ਤੋਂ ਬਾਅਦ ਤਰਾਂ ਦੇ ਹਮਲੇ ਵੇਲੇ ਇਹ ਉਜਾਰ ਬਣ ਗਿਆ। 1761 ਈ. ਵਿੱਚ ਕਰਮ ਸਿੰਘ ਪੈਂਚਗੜੀਏ (ਜਿਸਨੇ ਦੌਲਤਪੁਰ ‘ਤੇ ਕਬਜ਼ਾ ਕੀਤਾ ਸੀ) ਦੇ ਭਰਾ ਸੱਦਾ ਸਿੰਘ ਨੇ ਇੱਥੇ ਮੋੜ੍ਹੀ ਗੱਡ ਕੇ ਆਪਣੇ ਨਾਮ ‘ਤੇ ਪਿੰਡ ਵਸਾਇਆ। ਇਸ ਦੇ ਹੋਰ ਦੋ ਭਰਾ ਦਿਆਲ ਸਿੰਘ ਤੇ ਨਾਹਰ ਸਿੰਘ ਅਨੰਦਪੁਰੀ ਸਨ । ਸੱਦਾ ਸਿੰਘ ਦੀ ਕੋਈ ਔਲਾਦ ਨਹੀਂ ਸੀ। ਦਿਆਲ ਸਿੰਘ ਦੀ ਧੀ ਜੋ ਉੱਤਮ ਸਿੰਘ ਨਾਲ ਵਿਆਹੀ ਸੀ ਉਹ ਇਸ ਪਿੰਡ ਦੀ ਵਾਰਸ ਬਣੀ। ਦਿਆਲ ਸਿੰਘ ਨੇ ਸੱਦਾ ਸਿੰਘ ਵਾਲਾ ਦੇ ਨਾਲ 6 ਪਿੰਡ (ਕਈ ਬਾਰਾਂ ਦਸਦੇ ਹਨ) ਆਪਣੀ ਧੀ ਨੂੰ ਦਾਜ ਵਿੱਚ ਦਿੱਤੇ। ਇਸ ਤਰ੍ਹਾਂ ਉੱਤਮ ਸਿੰਘ ਇਸ ਇਲਾਕੇ ਦਾ ਮਾਲਕ ਬਣ ਗਿਆ। ਇਸ ਪਿੰਡ ਵਿੱਚ ਉਸਨੇ ਇੱਕ ਕੱਚਾ ਕਿੱਲ੍ਹਾ ਬਣਾਇਆ। ਕਿਲ੍ਹੇ ਦੇ ਨੇੜੇ ਵਾਲੇ ਛੱਪੜ ਨੂੰ ਲੋਕ ਸਰਕਾਰ ਵਾਲਾ ਛੱਪੜ ਕਹਿੰਦੇ ਹਨ।
ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਡਰੋਲੀ ਭਾਈ ਤੋਂ ਸਨ੍ਹੇਰ ਤੇ ਠੱਠਾ ਕਿਸ਼ਨ ਸਿੰਘ ਨੂੰ ਜਾਣ ਸਮੇਂ ਇਸ ਪਿੰਡ ਵਿੱਚ ਦੁਪਹਿਰ ਕੱਟ ਕੇ ਗਏ ਸਨ। ਜਿੱਥੇ ਅੱਜ ਵੀ ‘ਭਾਈ ਭਿਆਣਾ’ ਨਾਂ ਦਾ ਗੁਰਦੁਆਰਾ ਕਾਇਮ ਹੈ। ਉਸ ਸਮੇਂ ਇੱਥੇ ਭਾਈ ਭਿਆਣੇ ਦੀ ਝਿੜੀ ਮੌਜੂਦ ਸੀ ਜਿਸਦੀ ਠੰਡੀ ਛਾਂ ਹੇਠ ਗੁਰੂ ਜੀ ਨੇ ਵਿਸ਼ਰਾਮ ਕੀਤਾ। ਪਿੰਡ ਵਾਲਿਆਂ ਨੂੰ ਅਫਸੋਸ ਹੈ ਕਿ ਕਿਸੇ ਵੀ ਇਤਿਹਾਸਕਾਰ ਨੇ ਇਸ ਦਾ ਜ਼ਿਕਰ ਨਹੀਂ ਕੀਤਾ।
ਪਿੰਡ ਵਿੱਚ ਉਪਲ ਸੰਧੂ ਤੇ ਗਿੱਲਾਂ ਦੀਆਂ ਦੋ ਪੱਤੀਆਂ ਹਨ। ਇੱਕ ਪੱਤੀ ਹਰੀਜਨਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ