ਹਰੀਕੇ ਕਲਾਂ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ‘ਹਰੀਕੇ ਕਲਾਂ’ ਮੁਕਤਸਰ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਰੀਵਾਲਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ‘ਨੋਥੇਹ ਹਰੀਕੇ’ ਦੇ ਨਾਂ ‘ਤੇ ਪਿਆ। ਇਸ ਨੂੰ ਲੁੱਟ ਕੇ ਢੇਰੀ ਕਰ ਦਿੱਤਾ ਗਿਆ ਸੀ ਤੇ ਇਹ ਮੁੜ ਵੱਸਿਆ। ਇਹ ਪਿੰਡ ਸਿੱਧੂ ਬਰਾੜਾਂ ਦੇ ਬਜ਼ੁਰਗਾਂ ਨੇ ਵਸਾਇਆ।
ਕਿਹਾ ਜਾਂਦਾ ਹੈ ਕਿ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਨਾਲ ਵਾਲੇ ਪਿੰਡ ‘ਸਰਾਏ ਨਾਗਾ’ ਦੀ ਬਜਾਏ ਇਸ ਪਿੰਡ ਵਿੱਚ ਹੋਇਆ ਪਰ ਇਸ ਬਾਰੇ ਵਾਦ ਵਿਵਾਦ ਹੈ।
ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਪਿੰਡ ਖੋਖਰ ਤੋਂ ਹੋ ਕੇ ਇਸ ਪਿੰਡ ਪੁੱਜੇ ਸਨ। ਇਸ ਪਿੰਡ ਦੇ ਲੋਕਾਂ ਨੂੰ ਗੁਰੂ ਜੀ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਹ ਖੋਖਰ ਪਿੰਡ ਤੋਂ ਪਾਣੀ ਲੈਣ ਚਲ ਪਏ ਕਿਉਂਕਿ ਪਿੰਡ ਦਾ ਖਾਰਾ ਪਾਣੀ ਉਹ ਗੁਰੂ ਜੀ ਨੂੰ ਪਿਆਉਣ ਯੋਗ ਨਹੀਂ ਸਮਝਦੇ ਸਨ । ਗੁਰੂ ਜੀ ਪਿੰਡ ਦੇ ਲੋਕਾਂ ਨੂੰ ਰਸਤੇ ਵਿੱਚ ਹੀ ਮਿਲ ਗਏ ਤੇ ਉਹਨਾਂ ਦੇ ਪੁੱਛਣ ਤੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਪਾਣੀ ਖਾਰਾ ਹੈ ਤੇ ਉਹ ਮਿੱਠਾ ਪਾਣੀ ਲੈਣ ਜਾ ਰਹੇ ਹਨ ਤਾਂ ਗੁਰੂ ਜੀ ਨੇ ਉਹਨਾਂ ਨੂੰ ਵਾਪਸ ਮੋੜ ਲਿਆਂਦਾ ਤੇ ਕਿਹਾ ਕਿ ਤੁਹਾਡੇ ਪਿੰਡ ਦਾ ਪਾਣੀ ਖਾਰਾ ਨਹੀਂ ਮਿੱਠਾ ਹੈ। ਉਸ ਸਮੇਂ ਤੋਂ ਪਿੰਡ ਦਾ ਪਾਣੀ ਮਿੱਠਾ ਹੋ ਗਿਆ। ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਲੁੰਗੀ ਤੇ ਖੇਸ ਭੇਟ ਕੀਤਾ। ਗੁਰੂ ਜੀ ਨੇ ਲੁੰਗੀ ਤੇੜ ਬੰਨ ਲਈ ਤੇ ਖੇਸ ਮੋਢੇ ‘ਤੇ ਰੱਖ ਲਿਆ ਤੇ ਕਿਹਾ, “ਤੇੜ ਲੁੰਗੀ ਮੋਢੇ ਖੇਸ, ਜਿਹਾ ਦੇਸ ਤਿਹਾ ਭੇਸ”।
ਇਸ ਪਿੰਡ ਵਿੱਚ ਬਾਬਾ ਲਾਂਗਰਾ ਸਿੰਘ ਦਾ ਡੇਰਾ ਸੀ ਜਿੱਥੇ ਆਏ ਗਏ ਯਾਤਰੂਆਂ ਨੂੰ ਲੰਗਰ ਮਿਲਦਾ ਸੀ। ਬਾਬਾ ਲਾਂਗਰਾ ਦੀ ਸਮਾਧ ਪਿੰਡ ਵਿੱਚ ਮੌਜੂਦ ਹੈ ਅਤੇ ਲੋਕੀ ਉੱਥੇ ਮੰਨਤਾਂ ਮੰਗਦੇ ਹਨ। ਕਿਹਾ ਜਾਂਦਾ ਹੈ ਕਿ ਬਾਬਾ ਲਾਂਗਰਾ ਸਿੰਘ ਦੇ ਬਚਨ ਬਿਲਾਸ ਵੀ ਗੁਰੂ ਸਾਹਿਬ ਨਾਲ ਹੋਏ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ