ਹੇੜੀਆਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹੇੜੀਆਂ ਬੰਗਾ-ਫਗਵਾੜਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾਂ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ:
ਸਿੱਖ ਰਾਜ ਤੋਂ ਪਹਿਲਾਂ ਇੱਥੇ ਇੱਕ ਬਹੁਤ ਵੱਡਾ ਢੱਕ ਸੀ। ਜਿੱਥੇ ਪਸ਼ੂਆਂ ਦੀਆਂ ਹੇੜਾਂ ਚੁਗਦੀਆਂ ਰਹਿੰਦੀਆਂ ਸਨ ਅਤੇ ਪਸ਼ੂਆਂ ਦੀ ਮੰਡੀ ਵੀ ਲਗਦੀ ਸੀ। ਹੇੜਾਂ ਤੋਂ ਇਸ ਪਿੰਡ ਦਾ ਨਾਂ ਹੇੜੀਆਂ ਪੈ ਗਿਆ। ਇਹ ਜੰਗਲੀ ਇਲਾਕਾ ਸੀ ਤੇ ਸ਼ਿਕਾਰੀ ਇੱਥੇ ਸ਼ਿਕਾਰ ਕਰਦੇ ਸਨ। ‘ਹੇੜੀ’ ਦਾ ਅਰਥ ਸ਼ਿਕਾਰੀ ਵੀ ਹੈ।
ਇਹ ਪਿੰਡ ਚਾਚੇ ਭਤੀਜੇ ਭੰਬੇ ਅਤੇ ਝੰਡੇ ਨੇ ਜਲੰਧਰ ਕੋਲ ਪਤਾਰਾ ਪਿੰਡ ਤੋਂ ਇੱਥੇ ਆ ਕੇ ਵਸਾਇਆ। ਪਤਾਰਾ ਪਿੰਡ ਇਹਨਾਂ ਦੇ ਬਜ਼ੁਰਗਾਂ ਨੇ ‘ਖੁਨਖੁਨ’ ਪਿੰਡ ਤੋਂ ਆ ਕੇ ਵਸਾਇਆ ਸੀ, ਇਸ ਕਰਕੇ ਇਹਨਾਂ ਦਾ ਗੋਤ ‘ਖੁਨਖੁਨ’ ਹੈ। ਇੱਥੇ ਤੇ ਭੰਬੇ ਦੀ ਔਲਾਦ ਐਸ ਵੇਲੇ ਪਿੰਡ ਵਿੱਚ ਵੱਸ ਰਹੀ ਹੈ। ਸੁਰੇ ਖਾਂ ਨਾਂ ਦਾ ਇੱਕ ਰੰਗੜ ਪਿੰਡ ਗੁਣਾਚੌਰ ਤੋਂ ਇੱਥੇ ਆ ਕੇ ਵਸ ਗਿਆ। ਸੂਰੇ ਖਾਂ ਦੀ ਕੋਈ ਔਲਾਦ ਨਹੀਂ ਸੀ। ਇਸ ਕਰਕੇ ਉਹ ਆਪਣੀ ਸਾਰੀ ਜ਼ਮੀਨ ਇੱਥੇ 250 ਏਕੜ, 500 ਰੁਪਏ ਦੀ ਫਰਜ਼ੀ ਰਜਿਸਟਰੀ ਬਣਾ ਕੇ ਇਸ ਪਿੰਡ ਦੇ ਸਿੱਖਾਂ ਨੂੰ ਮੁਫਤ ਤੇ ਗਿਆ। ਇੱਥੇ ਸੁਰਪੁਰ ਪਿੰਡ ਵਖਰਾ ਵਸਾਇਆ ਗਿਆ ਜੋ ਸਮੇਂ ਦੀ ਚਾਲ ਨਾਲ ਸੁਰਾਪੁਰ ਥੇਹ ਦੇ ਨਾਂ ਨਾਲ ਹੇੜੀਆਂ ਦਾ ਹੀ ਇੱਕ ਹਿੱਸਾ ਜਾਣਿਆ ਜਾਂਦਾ ਹੈ। ਨਾਲ ਲਗਦਾ ਪਿੰਡ ‘ਬੱਜੋ’ ਹੈ ਜਿਸ ਤੇ ਕਬਜ਼ਾ ਕਰਕੇ ਪਿੰਡ ਵਿੱਚ ਹੀ ਮਿਲਾ ਲਿਆ ਗਿਆ ਹੈ।
ਪਿੰਡ ਦੇ ਇੱਕ ਮਹਾਨ ਪੁਰਸ਼ ਭਾਈ ਹਰੀਆ ਜੀ ਹੋਏ ਹਨ ਜਿਹਨਾਂ ਦੀ ਪਿੰਡ ਵਿੱਚ ਸਮਾਧ ਹੈ। ਦੂਸਰੇ ਮਹਾਂ ਪੁਰਖ ਸ. ਇੰਦਰ ਸਿੰਘ ਹੋਏ ਹਨ, ਇੰਦਰਪੁਰੀ ਦੇ ਨਾਂ ਤੇ ਇਹਨਾਂ ਦਾ ਗੁਰਦੁਆਰਾ ਬਣਿਆ ਹੈ। ਇੰਦਰਪੁਰੀ ਦੀ ਆਮਦਨ ਨਾਲ ਤੇ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਕੇਹਰ ਸਿੰਘ ਦੀ ਹਿੰਮਤ ਨਾਲ ਅਤੇ ਵਿਦੇਸ਼ਾ ਵਿੱਚ ਵੱਸੇ ਲੋਕਾਂ ਦੀ ਮਦਦ ਨਾਲ 1977 ਵਿੱਚ ਇੰਦਰਪੁਰੀ ਗਰਲਜ਼ ਹਾਈ ਸਕੂਲ ਕਾਇਮ ਕੀਤਾ ਗਿਆ। ਇੰਗਲੈਂਡ ਤੋਂ ਦੇਸ਼ ਪ੍ਰਦੇਸ਼ ਅਖ਼ਬਾਰ ਕੱਢਣ ਵਾਲੇ ਸ. ਤਰਸੇਮ ਸਿੰਘ ਪੁਰੇਵਾਲ ਇਸ ਪਿੰਡ ਵਿੱਚ ਗਿਆਨੀ ਗੁਰਬਚਨ ਸਿੰਘ ਤੇ ਦਾਮਾਦ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ