ਸਾਕਾ 1984 ਸੰਪਾਦਕ ਪ੍ਰਭਸ਼ਰਨਬੀਰ ਸਿੰਘ | Saka 1984 Sampadak PrabhSharanBir Singh

ਮੁੱਖ ਬੰਧ

Contents hide

ਜੂਨ 1984 ਦਾ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਅੱਜ ਸਿੱਖ ਇਤਿਹਾਸ ਦਾ ਅਟੁੱਟ ਅੰਗ ਬਣ ਚੁੱਕਾ ਹੈ। ਆਉਣ ਵਾਲਾ ਸਿੱਖ ਇਤਿਹਾਸ ਇਸ ਸਾਕੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੁੰਦਾ ਹੀ ਰਹੇਗਾ। ਇਹ ਉਸ ਤਣਾਓ ਦਾ ਵਿਸਫੋਟ ਸੀ ਜੋ ਧੁਰੋਂ ਆਜ਼ਾਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਾਰਤੀ ਲੋਕਤੰਤਰ ਦੇ ਗਲਬੇ ਹੇਠ ਆ ਜਾਣ ਕਾਰਨ ਪੰਥ ਨੂੰ ਝੱਲਣਾ ਪਿਆ। ਇਸ ਸਾਕੇ ਨੇ ਭਾਰਤੀ ਹਕੂਮਤ ਅਤੇ ਹਿੰਦੂ ਕੌਮ ਨਾਲ ਸਿੱਖ ਪੰਥ ਦੇ ਸੰਬੰਧਾਂ ਬਾਰੇ ਸਾਨੂੰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ। ਬਹੁਗਿਣਤੀ ਲੋਕਾਂ ਦਾ ਪ੍ਰਭਾਵ ਇਹ ਹੈ ਕਿ ਇਸ ਸਾਕੇ ਦੇ ਵਾਪਰਨ ਕਾਰਨ ਹਿੰਦੂ-ਸਿੱਖ ਸੰਬੰਧਾਂ ਵਿਚ ਇੱਕ ਅਮਿੱਟ ਤ੍ਰੇੜ ਪੈ ਚੁੱਕੀ ਹੈ। ਪਰ ਇਸ ਸਾਕੇ ਦੇ ਇਕਹਿਰੇ ਕਾਰਨਾਂ ਦੀ ਤਲਾਸ਼ ਕਰਨੀ, ਜਿਵੇਂ ਕਿ ਵੋਟਾਂ ਦੀ ਰਾਜਨੀਤੀ ਨੂੰ ਕਈ ਵਾਰ ਇਸ ਸਾਕੇ ਦਾ ਇੱਕੋ-ਇੱਕ ਕਾਰਣ ਮੰਨ ਲਿਆ ਜਾਂਦਾ ਹੈ, ਸਮਝ ਦੀ ਘਾਟ ਦੀ ਸੂਚਕ ਹੈ। ਇਕਹਿਰੇ ਕਾਰਨਾਂ ਦੀ ਤਲਾਸ਼ ਨਾਲੋਂ ਸਥਿਤੀ ਨੂੰ ਵੱਖ ਵੱਖ ਨਜ਼ਰੀਆਂ ਤੋਂ ਦੇਖਣਾ ਜ਼ਿਆਦਾ ਲਾਭਦਾਇਕ ਹੁੰਦਾ ਹੈ। ਇਹ ਕਿਤਾਬ ਇਸੇ ਦਿਸ਼ਾ ਵੱਲ ਕਦਮ ਪੁੱਟਣ ਦਾ ਹੀ ਇੱਕ ਯਤਨ ਹੈ।

ਮੈਨੂੰ ਖ਼ੁਦ ਇੱਕ ਵਿਦਿਆਰਥੀ ਹੋਣ ਦੇ ਨਾਤੇ ਜਿੰਨਾਂ ਕੁ ਸਿੱਖ ਵਿਦਿਆਰਥੀਆਂ ਅਤੇ ਨੌਜੁਆਨਾਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੈ, ਉਸ ਤੋਂ ਮੈਨੂੰ ਲੱਗਿਆ ਕਿ ਸਿੱਖਾਂ ਦੇ ਉਪਰੋਕਤ ਵਰਗਾਂ ਅੰਦਰ ਇਸ ਸਾਕੇ ਬਾਰੇ ਜਿੰਨੀ ਸਮਝ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ, ਉਹ ਨਹੀਂ ਹੈ। ਇਸਦਾ ਕਾਰਨ ਇਸ ਸਾਕੇ ਬਾਰੇ ਮਿਲਣ ਵਾਲੀਆਂ ਲਿਖਤਾਂ ਦੀ ਘਾਟ ਵੀ ਹੋ ਸਕਦਾ ਹੈ। ਜਿੰਨੀਆਂ ਵੀ ਲਿਖਤਾਂ ਇਸ ਸਾਕੇ ਬਾਰੇ ਮਿਲਦੀਆਂ ਹਨ, ਲਗਭਗ ਉਹ ਸਾਰੀਆਂ ਹੀ ਕਿਸੇ ਨਾ ਕਿਸੇ ਇਕਹਿਰੇ ਨਜ਼ਰੀਏ ਤੋਂ ਹੀ ਲਿਖੀਆਂ ਹੋਈਆਂ ਹਨ। ਪਰ ਇੱਥੇ ਰਚਨਾਵਾਂ ਦੀ ਚੋਣ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਇਸ ਸਾਕੇ ਦੇ ਬਹੁਤ ਸਾਰੇ ਪੱਖ ਅਤੇ ਇਸ ਸਾਕੇ ਬਾਰੇ ਬਹੁਤ ਸਾਰੇ ਨਜ਼ਰੀਏ ਸਾਹਮਣੇ ਆ ਸਕਣ। ਆਸ ਹੈ ਕਿ ਅਜਿਹਾ ਕਰਨ ਨਾਲ ਭਵਿੱਖ ਦੇ ਚਿੰਤਨ ਲਈ ਨਵੇਂ ਰਾਹ ਖੁੱਲਣਗ।

ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਸਿਧਾਂਤਕ ਵਿਸ਼ਲੇਸ਼ਣ ਦਾ ਹੈ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਉੱਘੇ ਸਿੱਖ ਵਿਦਵਾਨਾਂ ਦੇ ਇਸ ਸਾਕੇ ਬਾਰੇ ਵੱਖੋ-ਵੱਖਰੀ ਪਹੁੰਚ ਵਾਲੇ ਲੇਖ ਸ਼ਾਮਿਲ ਹਨ। ਦੂਜੇ ਭਾਗ ਵਿੱਚ ਅੱਖੀਂ ਡਿੱਠੇ ਬਿਰਤਾਂਤ ਹਨ ਜੋ ਇਸ ਸਾਕੇ ਦੌਰਾਨ ਵਾਪਰੇ ਜ਼ੁਲਮ ਦੀ ਭਿਆਨਕਤਾ ਅਤੇ ਸਿੰਘਾਂ ਦੀ ਸਿਦਕਦਿਲੀ ਉੱਤੇ ਸਾਡੀ ਝਾਤ ਪਵਾਉਂਦੇ ਹਨ। ਤੀਜੇ ਭਾਗ ਵਿੱਚ ਰੱਬ ਦੇ ਘਰ ਉੱਤੇ ਢਾਹੇ ਜਾ ਰਹੇ ਕਹਿਰ ਨੂੰ ਦੇਖ ਸੰਵੇਦਨਸ਼ੀਲ ਮਨਾਂ ਵਿੱਚੋਂ ਨਿਕਲੀਆਂ ਹੂਕਾਂ ਸ਼ਾਮਿਲ ਹਨ। ਇਸ ਭਾਗ ਨੂੰ ਸਾਹਿਤ ਦਾ ਨਾਂ ਦਿੱਤਾ ਗਿਆ ਹੈ।

ਮੈਂ ਅਤਿ ਧੰਨਵਾਦੀ ਹਾਂ ਪ੍ਰੋ: ਜਗਦੀਸ਼ ਸਿੰਘ ਜੀ ਦਾ, ਜਿੰਨ੍ਹਾਂ ਦੀਆਂ ਵੱਡਮੁੱਲੀਆਂ ਸਲਾਹਾਂ ਬਗੈਰ ਇਹ ਕਿਤਾਬ ਕਦੇ ਵੀ ਹੋਂਦ ਵਿਚ ਨਾ ਆ ਸਕਦੀ। ਜਿਹਨਾਂ ਵਿਦਵਾਨ ਸੱਜਣਾਂ ਦੀਆਂ ਰਚਨਾਵਾਂ ਇੱਥੇ ਛਾਪਣ ਦੀ ਖੁਸ਼ੀ ਲਈ ਜਾ ਰਹੀ ਹੈ, ਉਹਨਾਂ ਦਾ ਵੀ ਮੈਂ ਅਤਿ ਧੰਨਵਾਦੀ ਹਾਂ। ਸਾਰੀਆਂ ਘਾਟਾਂ ਅਤੇ ਊਣਤਾਈਆਂ ਲਈ ਕੇਵਲ ਤੇ ਕੇਵਲ ਮੈਂ ਹੀ ਜੁੰਮੇਵਾਰ ਹਾਂ। ਆਸ ਹੈ ਕਿ ਸੰਗਤਾਂ ਇਸ ਨਿਮਾਣੀ ਕੋਸ਼ਿਸ਼ ਨੂੰ ਪ੍ਰਵਾਨ ਕਰਨਗੀਆਂ।

 ਪ੍ਰਭਸ਼ਰਨਬੀਰ ਸਿੰਘ

26 ਮਈ 2004 ਚੰਡੀਗੜ੍ਹ

ਭਾਗ – ਪਹਿਲਾ ਸਿਧਾਂਤਕ ਵਿਸ਼ਲੇਸ਼ਣ

ਜ਼ਖਮ ਨੂੰ ਸੂਰਜ ਬਣਨ ਦਿਉ

ਡਾ. ਗੁਰਭਗਤ ਸਿੰਘ

ਜੂਨ 1984 ਦਾ ਉਪਰੇਸ਼ਨ ਬਲੂ ਸਟਾਰ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ਪਰਮ ਨੈਤਿਕਤਾ ਉੱਤੇ ਹੋਈ ਹੋਵੇ-ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ-ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ। ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤਕ ਸੀਮਿਤ ਨਹੀਂ, ਇਹ ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ। “ਬਿਚਿਤ੍ਰ ਨਾਟਕ” ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਪੱਸ਼ਟ ਕੀਤਾ ਹੈ ਕਿ ਸੰਕਟ ਦੀ ਘੜੀ ਵਿਚ ਕਿਰਪਾਨ ਜਾਂ ਖੜਗ ਰੂਪ ਅਕਾਲ ਪੁਰਖ ਦਾ ਵਰਤਾਰਾ “ਸ੍ਰਿਸ਼ਟਿ ਉਬਾਰਨ” ਲਈ ਹੈ। ਇਸ ਦੇ ਸਾਧਾਰਣ ਅਰਥ ਇਹ ਹਨ ਕਿ ਖੜਗ ਦਾ ਚੱਲਣਾ ਇਕ ਨਿਰਉਦੇਸ਼ ਹਿੰਸਾ ਨਹੀਂ ਸਗੋਂ ਸ੍ਰਿਸ਼ਟੀ ਦੇ ਰੁਕੇ ਵਿਕਾਸ ਨੂੰ ਅੱਗੇ ਤੋਰਨਾ ਹੈ। ਜਿਸ ਰੂਪ ਵਿਚ ਵੀ ਰੁਕਾਵਟਾਂ ਆਈਆਂ ਹਨ-ਕਾਇਨੀਤੀ, ਸੱਭਿਆਚਾਰਕ, ਰਾਜਨੀਤਿਕ, ਆਰਥਿਕ ਆਦਿ, ਉਨ੍ਹਾਂ ਰੁਕਾਵਟਾਂ ਅਤੇ ਵਿਰੋਧਾਂ ਨੂੰ ਹਟਾਉਣਾ ਅਤੇ ਗਤੀ ਨੂੰ ਕਾਇਮ ਰੱਖਣਾ ਹੈ।

ਏਨੀ ਵੱਡੀ ਵਚਨਬੱਧਤਾ ਅਤੇ ਸਿਰਜਨਾਤਮਕ ਜਿੰਮੇਵਾਰੀ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਦੇ ਦਿੱਤੀ ਹੈ, ਇਸ ਦੇ ਹਾਣ ਦਾ ਬਣਨਾ ਕੋਈ ਸੌਖੀ ਗੱਲ ਨਹੀਂ। ਇਸ ਮੰਤਵ ਲਈ ਗੁਰਬਾਣੀ, ਗੁਰੂ ਸਾਹਿਬਾਨ ਦੇ ਜੀਵਨ ਅਤੇ ਸ਼ਹੀਦਾਂ ਦੇ ਕਰਮ ਵੱਲ ਵਾਰ-ਵਾਰ ਜਾਣਾ ਪਵੇਗਾ, ਉੱਥੋਂ ਪ੍ਰੇਰਣਾ ਲੈਣੀ ਪਵੇਗੀ। ਪਰ ਵੱਡੀ ਲੋੜ ਇਸ ਗੱਲ ਦੀ ਹੈ ਕਿ ਕਿਸੇ ਜ਼ਖ਼ਮ ਨੂੰ ਰਿਸਦਾ ਨਾ ਰੱਖਿਆ ਜਾਵੇ, ਵੱਡੀਆਂ ਕੌਮਾਂ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉਹ ਕਿਸੇ ਜ਼ਖਮ ਨੂੰ ਇਸ ਤਰ੍ਹਾਂ ਯਾਦ ਨਹੀਂ ਕਰਦੀਆਂ ਕਿ ਉਨ੍ਹਾਂ ਕੌਮਾਂ ਦੀ ਵਰਤਮਾਨ ਅਤੇ ਭਵਿੱਖ ਪ੍ਰਤੀ ਸੋਚ ਅਸੰਤੁਲਿਤ ਹੋ ਜਾਵੇ। ਆਪਣੇ ਭਵਿੱਖਰਥੀ ਚਿੰਤਨ, ਆਪਣੇ ਯੂਟੋਪੀਏ ਤੋਂ ਦੂਰ ਹੋ ਜਾਵੇ। ਸਾਰੀ ਗੁਰਬਾਣੀ ਵਿੱਚ, ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਵਿੱਚ ਇਕ ਵੀ ਸਤਰ ਨਹੀਂ ਜਿਥੇ ਕੋਈ ਜ਼ਖਮ ਰਿਸਦਾ ਨਜ਼ਰ ਆਵੇ। ਹਰ ਸਤਰ ਰੌਸ਼ਨੀ ਹੈ, ਸੂਰਜਾਂ ਦੀ ਇੰਤਹਾ, ਅਨੇਕਾਂ ਗਿਆਨ ਅਤੇ ਅਨੁਭਵ ਸ੍ਰੋਤਾਂ ਦੇ ਅੰਬਾਰ, ਜਿੱਥੋਂ ਵਰਤਮਾਨ ਅਤੇ ਭਵਿੱਖ ਲਈ ਸਿਰਜਣਾਤਮਕ ਹੋਣ ਦੀ ਬੇਅੰਤ ਪ੍ਰੇਰਣਾ ਲਈ ਜਾ ਸਕਦੀ ਹੈ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਪਰੇਸ਼ਨ ਬਲੂ ਸਟਾਰ ਜਿਹੇ ਜ਼ਖਮ ਨੂੰ ਵੀ ਪਰਮ ਪ੍ਰੇਰਣਾ ਸ੍ਰੋਤ ਬਣਨ ਦੇਈਏ। ਗੁਰੂ ਸਾਹਿਬਾਨ ਦੀ ਮਿਸਾਲ ਵਾਂਗ ਇਸ ਨੂੰ ਇੱਕ ਸ਼ੁਆ, ਗਿਆਨ-ਕਿਰਨ, ਬਲਕਿ ਇਸ ਤੋਂ ਵੀ ਅੱਗੇ ਲੰਘ ਕੇ, ਸੂਰਜ ਬਣਨ ਦੇਈਏ। ਸਾਡੇ ਸਮਿਆਂ ਵਿਚ ਯਹੂਦੀ ਭਰਾਤਰੀਅਤਾ ਨੇ ਆਪਣੇ ਹੋਲੋਕੌਸਟ ਬਾਰੇ ਇਹੀ ਵਰਤਾਰਾ ਬਣਾਇਆ ਹੈ।

ਕੁਝ ਗਿਆਨਸ਼ੀਲ ਗੱਲਾਂ ਸਹਿਜੇ ਹੀ ਸਿੱਖੀਆਂ ਜਾ ਸਕਦੀਆਂ ਹਨ। ਪਹਿਲੀ ਇਹ ਕਿ ਅਜਿਹੇ ਘੱਲੂਘਾਰੇ ਕਿਉਂ ਵਾਪਰਦੇ ਹਨ? ਇਸ ਦੀ ਰਾਜਨੀਤੀ ਕੀ ਹੈ? ਸਾਡੇ ਵਿਸ਼ਵ ਵਿਚ ਸੋਲ੍ਹਵੀਂ ਸਦੀ ਤੋਂ ਪਿੱਛੋਂ ਵਿਸ਼ਵ ਇਕ ਵੱਡੀ ਮੰਡੀ ਬਣ ਗਿਆ ਹੈ। ਪੱਛਮੀ ਕੌਮਾਂ ਨੇ ਇਸ ਮੰਡੀ ਨੂੰ ਵੱਡਾ ਕੀਤਾ ਹੈ। ਦੌਲਤ ਇਕੱਠੀ ਕਰਨ ਲਈ ਦੂਜੇ ਦੇਸ਼ਾਂ ਨੂੰ ਗੁਲਾਮ ਬਣਾਇਆ। ਅਜਿਹੇ ਦਰਸ਼ਨ ਅਤੇ ਪ੍ਰਬੰਧ ਰਚੇ ਜਿਨ੍ਹਾਂ ਨਾਲ ਏਸ਼ੀਆ ਅਤੇ ਅਫਰੀਕਾ ਨੂੰ ਪਰਤੰਤਰ ਰੱਖਿਆ ਜਾ ਸਕੇ। ਅਜਿਹੇ ਗ੍ਰੰਥ ਅਤੇ ਵਿੱਦਿਅਕ ਪ੍ਰਬੰਧ ਵੀ ਉਸਾਰੇ ਗਏ ਜੋ ਦਾਨ ਭਾਵਨਾ ਨਾਲ ਅਨੁਸ਼ਾਸ਼ਿਤ ਕਰਨ। ਜਿਹੜੀਆਂ ਕੌਮਾਂ ਅਤੇ ਵਿਅਕਤੀ ਬਗ਼ਾਵਤ ਕਰਦੇ ਸਨ, ਉਨ੍ਹਾਂ ਨੂੰ ਸ਼ਕਤੀ ਨਾਲ ਮਿਟਾਇਆ ਗਿਆ। ਸਾਡੇ ਸ਼ਾਸਕ ਵਰਗ ਨੇ ਵੀ ਪੱਛਮੀ ਕੌਮਾਂ ਦੇ ਇਸ ਸਾਮਰਾਜੀ ਦਰਸ਼ਨ ਅਤੇ ਵਰਤਾਰੇ ਨੂੰ ਵਿਰਾਸਤ ਵਿਚ ਲਿਆ ਹੈ। ਜੋ ਇਕ ਕੌਮਵਾਦੀ ਢਾਂਚਾ ਉਹ ਉਸਾਰ ਰਹੇ ਹਨ ਅਤੇ ਜਿਸ ਦੀ ਉਹ ਪਹਿਰੇਦਾਰੀ ਕਰ ਰਹੇ ਹਨ, ਉਸ ਵਿਚ ਭਾਰਤੀ ਉਪਮਹਾਂਦੀਪ ਵਿਚ ਵੱਖਰੀ ਹਸਤੀ ਰੱਖਣ ਵਾਲੀਆਂ ਕੌਮਾਂ ਨੂੰ ਸਹਿਜੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਹਸਤੀ ਸਥਾਪਨ ਨਾਲ ਵੱਡੀ ਮੰਡੀ ਬਣਾਉਣ ਵਿਚ ਵੀ ਔਖ ਆਉਂਦੀ ਹੈ। ਅਜਿਹੀ ਸਾਮਰਾਜੀ ਦ੍ਰਿਸ਼ਟੀ ਅਤੇ ਦੌਲਤ ਇਕੱਠੀ ਕਰਨ ਦੀ ਹੋੜ ਕਾਰਣ ਹੀ ਉਪਰੇਸ਼ਨ ਬਲੂ ਸਟਾਰ ਵਾਪਰਿਆ ਸੀ । ਬਾਕੀ ਕਾਰਣ ਛੋਟੇ ਅਤੇ ਨਿਗੂਣੇ ਹਨ।

ਇਸ ਸਮੇਂ ਵੱਡਾ ਪ੍ਰਸ਼ਨ ਇਹ ਹੈ ਕਿ ਭਾਰਤੀ ਉਪਮਹਾਂਦੀਪ ਇਕ ਕੌਮੀ ਬਣੇ ਜਾਂ ਬਹੁ-ਕੌਮੀ। ਇਸ ਦਾ ਬਹੁ-ਕੌਮੀ ਚਰਿੱਤਰ ਪਹਿਲਾਂ ਹੀ ਇਕ ਅਸਲੀਅਤ ਹੈ ਜਿਸ ਨੂੰ ਮੰਨਿਆ ਨਹੀਂ ਗਿਆ। ਭਾਰਤੀ ਉਪ ਮਹਾਂਦੀਪ ਦੇ ਸਾਰੇ ਰਾਜ ਜਾਂ ਪ੍ਰਾਂਤ ਲਗਭਗ ਸੁਤੰਤਰ ਕੌਮੀ ਸੱਭਿਆਚਾਰਾਂ ਦੇ ਘਰ ਹਨ। ਇਨ੍ਹਾਂ ਸਭ ਨੂੰ ਵਧਣ ਫੁੱਲਣ ਲਈ ਬਹੁ-ਕੌਮੀ ਸੰਵਿਧਾਨ ਅਤੇ ਬਹੁ-ਕੌਮੀ ਕਨਫੈਡਰੇਟਿਵ ਰਾਜਨੀਤਿਕ ਸੰਗਠਨ ਦੀ ਲੋੜ ਹੈ ਜੋ ਅਜੇ ਤੱਕ ਤਿਆਰ ਨਹੀਂ ਕੀਤਾ ਗਿਆ। ਇਹ ਸਭ ਕੌਮੀ ਸੱਭਿਆਚਾਰ ਕੇਵਲ ਮੰਡੀ ਦੀਆਂ ਵਸਤਾਂ ਨਹੀਂ ਹਨ, ਜਿਨ੍ਹਾਂ ਨੂੰ ਸ਼ਾਸਕ ਵਰਗ ਦੇ ਹਿਤਾਂ ਵਿੱਚ ਜ਼ੋਰ ਨਾਲ ਹਥਿਆਇਆ ਜਾਵੇ, ਸਗੋਂ ਇਨ੍ਹਾਂ ਦੇ ਸ਼ਾਨਦਾਰ ਅਤੇ ਗੌਰਵਸ਼ੀਲ ਸੁਪਨਿਆਂ, ਸ਼ਾਇਰੀਆਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ ਤਾਂਕਿ ਇਹ ਸੱਭਿਆਚਾਰਕ ਅਤੇ ਸਿਰਜਨਾਤਮਕ ਤੌਰ ‘ਤੇ ਹਰ ਰੋਜ਼ ਵੱਧ ਚੇਤੰਨ ਹੋ ਰਹੇ ਜਗਤ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।

ਦੂਜੀ ਵੱਡੀ ਗੱਲ ਜੋ ਇਸ ਮਹਾਂਨਾਸ਼ ਤੋਂ ਸਿੱਖਣ ਵਾਲੀ ਹੈ, ਉਹ ਇਹ ਹੈ ਕਿ ਖਾਲਸਾ ਘ੍ਰਿਣਾ-ਮੁਕਤ ਕੌਮ ਦੇ ਤੌਰ ‘ਤੇ ਸਾਜਿਆ ਗਿਆ ਹੈ। ਇਸ ਦੀ ਜੰਗ ਜਬਰ ਵਿਰੁੱਧ ਹੈ, ਅਨੇਕਤਾ ਨੂੰ ਵਿਨਾਸ਼ ਕਰਨ ਵਾਲੀਆਂ ਸ਼ਕਤੀਆਂ ਦੇ ਵਿਰੁੱਧ ਹੈ, ਵਿਸਮਾਦ ਅਤੇ ਅਨੇਕਤਾ ਦੇ ਵੈਰੀ ਹੀ ਖਾਲਸਾ ਕੌਮ ਲਈ “ਦਾਨਵ” ਹਨ-ਅੱਜ ਦੇ ਪ੍ਰਸੰਗ ਵਿਚ ਕੇਵਲ ਦੌਲਤ ਇਕੱਠੀ ਕਰਨ ਵਾਲੇ, ਕੌਮਾਂ ਅਤੇ ਲੋਕਾਂ ਨੂੰ ਸਿਰਫ ਮੰਡੀ ਦੀਆਂ ਵਸਤਾਂ ਸਮਝਣ ਵਾਲੇ, ਭਾਵੇਂ ਉਹ ਕਿਸੇ ਸੰਪਰਦਾਇ ਨਾਲ ਸੰਬੰਧਿਤ ਹੋਣ। ਕੋਈ ਵੀ ਪੂਰੀ ਸੰਪਰਦਾਇ ਜਾਂ ਸਮੂਹ ਪੂਰੇ ਦਾ ਪੂਰਾ ਲੁਟੇਰਿਆਂ ਦਾ ਨਹੀਂ ਹੁੰਦਾ, ਉਨ੍ਹਾਂ ਵਿਚੋਂ ਇਕ ਵਰਗ ਹੀ ਹੁੰਦਾ ਹੈ। ਇਸ ਲਈ ਖਾਲਸਾ ਕਿਸੇ ਸੰਪਰਦਾਇ ਦਾ ਵਿਰੋਧੀ ਨਹੀਂ ਹੋ ਸਕਦਾ, ਉਸ ਵਿਚੋਂ ਕੇਵਲ ਲੁਟੇਰਿਆਂ ਅਤੇ ਜਾਬਰਾਂ ਦਾ ਵਿਰੋਧੀ ਹੀ ਹੋ ਸਕਦਾ ਹੈ। ਇਸ ਮਹਾਂਨਾਸ਼ ਲਈ ਜ਼ਿੰਮੇਵਾਰ ਕਿਸੇ ਇਕ ਧਰਮ ਜਾਂ ਸੰਪਰਦਾਇ ਨੂੰ ਨਹੀਂ ਠਹਿਰਾਇਆ ਜਾ ਸਕਦਾ, ਕੇਵਲ ਉਸ ਵਿਚ ਮੌਜੂਦ ਦਾਨਵਾਂ ਦੀ ਹੀ ਨਿਸ਼ਾਨਦੇਹੀ ਕਰਨੀ ਬਣਦੀ ਹੈ।

ਇਸ ਮਹਾਂਨਾਸ਼ ਤੋਂ ਪਿੱਛੋਂ ਤੀਜੀ ਮਹੱਤਵਪੂਰਨ ਗੱਲ ਜਿਸ ਬਾਰੇ ਸੋਚ ਕਰਨੀ ਲੋੜੀਂਦੀ ਹੈ, ਉਹ ਇਹ ਹੈ ਕਿ ਖਾਲਸਾ ਵਾਹਿਗੁਰੂ ਦਾ ਹੈ। ਇਸ ਨੂੰ ਦੂਹਰੀ ਪ੍ਰਭੂ- ਸੱਤਾ ਸੰਪੰਨਤਾ (ਡਬਲ ਸੌਵਰਨਟੀ) ਦਿੱਤੀ ਗਈ ਹੈ-ਮੀਰੀ ਅਤੇ ਪੀਰੀ ਦੀ। ਪਰ ਇਸ ਦਾ ਭਾਵ ਅਰਾਜਕਤਾ ਨਿਸ਼ਚੇ ਨਹੀਂ। ਖਾਲਸਾ ਸਿੱਧਾ ਵਾਹਿਗੁਰੂ ਦੇ ਹੁਕਮ ਅਧੀਨ ਹੈ, ਪਰ ਵਾਹਿਗੁਰੂ ਵਿਸਮਾਦ ਦਾ ਗੁਰੂ ਹੈ। ਵਿਸਮਾਦ ਏਕਤਾ ਅਤੇ ਅਨੇਕਤਾ ਦਾ ਸਮਵਰਤਕ ਹੈ, ਇਸ ਨਾਲ ਪ੍ਰੇਰਿਤ ਆਨੰਦ ਹੈ ਜੋ ‘ਸਰਬੱਤ ਦੇ ਭਲੇ’ ਲਈ ਵੀ ਵਚਨਬੱਧ ਹੈ। ਇਸ ਲਈ ਖਾਲਸਾ ਆਪਣੀ ਦੂਹਰੀ ਪ੍ਰਭੂ-ਸੱਤਾ- ਸੰਪੰਨਤਾ ਨੂੰ ਸਹਿਜ-ਅਨੁਸ਼ਾਸ਼ਨ ਵਿਚ ਨਿਭਾਏਗਾ।

ਇਸ ਦਾ ਅਰਥ ਇਹ ਹੈ ਕਿ ਏਕਤਾ-ਅਨੇਕਤਾ ਹੀ ਸ੍ਰਿਸ਼ਟੀ ਅਤੇ ਜੀਵਨ ਦੀ ਅਸਲੀਅਤ ਹੈ ਇਸ ਵਿਚ ਵਿਚਰਨਾ ਹੀ ਸਹਿਜ ਹੈ। ਇਸ ਸਹਿਜ ਨੂੰ ਕਾਇਮ ਰੱਖਣ ਲਈ ਹੀ ਖਾਲਸਾ ਯੁੱਧ ਕਰਦਾ ਹੈ। ਇਸ ਯੁੱਧ ਦੇ ਮੌਡਲ ਹੁਣ ਬਦਲ ਗਏ ਹਨ। ਨਾ ਉਹ ਮੁਗਲਈ ਰਹੇ ਹਨ ਅਤੇ ਨਾ ਹੀ ਸਾਮਰਾਜੀ। ਹੁਣ ਖੜਗ ਕਈ ਰੂਪਾਂ ਵਿਚ ਚੱਲਦੀ ਹੈ। ਹੁਣ ਲੋਕਤੰਤਰ ਅਤੇ ਇਸ ਦੀਆਂ ਸੰਸਥਾਵਾਂ ਵੀ ਆਜ਼ਾਦੀ ਲਈ ਲੜਨ ਦਾ ਮੈਦਾਨ ਹਨ। ਦੂਜੇ ਦਾ ਭਲਾ ਕਰਨ ਅਤੇ ਇਸ ਲਈ ਧਿਰ ਬਣ ਕੇ ਖੜਨ ਲਈ ਵੀ ਲੋਕਤੰਤਰ ਦੀਆਂ ਸੰਸਥਾਵਾਂ ਵਿਚੋਂ ਲੰਘਣਾ ਜ਼ਰੂਰੀ ਹੈ। ਅੱਜ ਖੜਗਧਾਰੀ ਹੋਣ ਦਾ ਅਰਥ ਲੋਕਤੰਤਰ ਦੇ ਪੈਂਤੜਿਆਂ ਨੂੰ ਸਮਝਣਾ ਵੀ ਹੈ। ਇਸ ਦੀਆਂ ਗੁੰਝਲਦਾਰ ਸੰਸਥਾਵਾਂ ਵਿਚ ਸ਼ਾਮਿਲ ਹੋ ਕੇ ਵਿਰੋਧਾਂ ਨੂੰ ਸਮਝਣਾ, ਉਨ੍ਹਾਂ ਨੂੰ ਸਮਾਪਤ ਕਰਨ ਲਈ ਵਿਉਂਤਾਂ ਬਣਾਉਣੀਆਂ ਵੀ “ਸਰਬੱਤ ਦੇ ਭਲੇ” ਅਤੇ ਖਾਲਸਾ ਕੌਮ ਦੀ ਨਿਰੰਤਰ ਸਥਾਪਤੀ ਲਈ ਜ਼ਰੂਰੀ ਹਨ। ਲੋਕਤੰਤਰ ਨੂੰ ਮਨ ਵਿਚ ਵਸਾਉਣ, ਇਸ ਦੇ ਢੰਗਾਂ ਰਾਹੀਂ ਮਾਧਿਅਸਥ ਹੋਣ ਅਤੇ ਸੰਬੰਧਿਤ ਅਭਿਆਸ ਕਰਨ ਤੋਂ ਬਿਨਾਂ, ਖਾਲਸਾ ਕੌਮ ਜਾਂ ਦੂਜੀਆਂ ਕੌਮਾਂ ਲਈ ਠੀਕ ਪੁਜੀਸ਼ਨ ਨਹੀਂ ਲਈ ਜਾ ਸਕਦੀ। ਉਹ ਪੁਜ਼ੀਸ਼ਨ ਜੋ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਵੀ ਸਵੀਕਾਰ ਹੋਵੇ। ਅੱਜ ਕੋਈ ਜੰਗ ਇਕੱਲਿਆਂ ਨਹੀਂ ਲੜੀ ਜਾ ਸਕਦੀ। ਹੁਣ ਇਹ ਕੇਵਲ ਅੰਤਰਰਾਸ਼ਟਰੀ ਭਾਈਚਾਰਿਆਂ ਦਾ ਹਿੱਸਾ ਬਣ ਕੇ ਹੀ ਹੋ ਸਕਦੀ ਹੈ।

ਜਦੋਂ ਇਸ ਮਹਾਂਨਾਸ ਨੂੰ ਖਾਲਸਾ ਭਰਾਤਰੀਅਤਾ ਨੇ ਸੂਰਜ ਵਿਚ ਬਦਲ ਲਿਆ ਤਾਂ ਇਹ ਕੇਵਲ ਉਪਭਾਵੁਕਤਾ, ਘ੍ਰਿਣਾ ਅਤੇ ਸੌੜੀ ਨਿਸ਼ਾਨਦੇਹੀ ਤੋਂ ਅੱਗੇ ਲੰਘ ਜਾਵੇਗਾ। ਇਸੇ ਘਟਨਾ ਵਿੱਚੋਂ ਸਿਰਜਣਾ ਦਾ ਹੜ੍ਹ ਆਵੇਗਾ। ਅਜੇ ਤਕ ਇਹ ਵਾਪਰਿਆ ਨਹੀਂ। ਯਹੂਦੀ ਚਿੰਤਕਾਂ ਨੇ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਕੁੱਲ ਭਾੲ8ਲੀਚਾਰਿਆਂ ਦੀ ਵਿਲੱਖਣਤਾ ਦੇ ਵਿਰੋਧੀ ਪ੍ਰਬੰਧਾਂ ਅਤੇ ਉਨ੍ਹਾਂ ਦੇ ਆਧਾਰਾਂ ਨੂੰ ਵੰਗਾਰ ਵਿੱਚ ਬਦਲ ਦਿੱਤਾ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਭਾਈਚਾਰੇ ਜਾਂ ਕੌਮ ਨਾਲ ਮੁੜ ਕੇ ਮਹਾਂਨਾਸ਼ ਨਾ ਵਾਪਰੇ। ਇਸ ਪ੍ਰਸੰਗ ਵਿਚ ਦੋ ਵੱਡੇ ਚਿੰਤਕਾਂ ਨੇ ਪਰਮ ਦੇਣ ਦਿੱਤੀ ਹੈ। ਫਰਾਂਸ ਦਾ ਲੈਵਿਨਾਸ ਜਿਸ ਨੇ ਇਹ ਸਥਾਪਿਤ ਕੀਤਾ ਹੈ ਕਿ ਹਰ ਪਰਮਾਣਿਕ ਪਰਵਚਨ ਦੂਜੇ ਨਾਲ ਸਨਮੁੱਖ (ਫੇਸ ਟੂ ਫੇਸ) ਸੰਵਾਦ ਹੈ। ਦੂਜੇ ਨਾਲ ਨੈਤਿਕ ਸੰਬੰਧ ਅਤੇ ਉਸ ਪ੍ਰਤੀ ਜ਼ਿੰਮੇਵਾਰੀ ਦੀ ਸਵੀ ਕ੍ਰਿਤੀ ਹੈ। ਯਾਕ ਦੈਰਿਦਾ ਨੇ ਇਹ ਸਥਾਪਿਤ ਕੀਤਾ ਹੈ ਕਿ ਪਰਵਚਨ ਵਿੱਚੋਂ ਦੂਜੇ ਦੀ ਟ੍ਰੇਸ (ਸੁਰਾਗ) ਜਾ ਨਹੀਂ ਸਕਦੀ। ਦੂਜੇ ਵਿੱਚ ਇੰਨੀਆਂ ਸੰਭਾਵਨਾਵਾਂ ਹੁੰਦੀਆਂ ਹਨ ਕਿ ਅਸੀਂ ਉਸ ਨੂੰ ਕਦੇ ਵੀ ਪੂਰੇ ਚਿੰਨ੍ਹ ਵਿਚ ਬੰਨ੍ਹ ਨਹੀਂ ਸਕਦੇ। ਲੈਵਿਨਾਸ ਅਤੇ ਦੈਰਿਦਾ ਨੇ ਦੁਨੀਆਂ ਦੇ ਸਰਬ ਚਿੰਤਨ ਨੂੰ ਦੂਜੇ ਲਈ ਸਤਿਕਾਰ ਭਰਪੂਰ ਬਣਾ ਦਿੱਤਾ ਹੈ। ਜਿਸ ਪਰਵਚਨ ਵਿਚ ਦੂਜੇ ਜਾਂ ਪਰ (ਅਦਰ) ਨੂੰ ਉਸ ਦੀ ਸੁੰਦਰਤਾ ਅਤੇ ਸੰਭਾਵਨਾਵਾਂ ਵਿੱਚ ਪਛਾਣਿਆ ਨਹੀਂ ਜਾ ਸਕਦਾ, ਉਹ ਸਮਝ ਅਤੇ ਪਰਵਚਨ ਅਧੂਰੇ ਹਨ। ਦੂਜੇ ਨੂੰ ਇਹ ਸਥਾਨ ਦੇ ਕੇ ਇਨ੍ਹਾਂ ਚਿੰਤਕਾਂ ਨੇ ਹਰ ਪਰਵਚਨ ਅਤੇ ਹਰ ਸੰਸਥਾ ਨੂੰ ਦੂਜੇ ਨੂੰ ਪਛਾਨਣ ਅਤੇ ਉਸ ਲਈ ਸਤਿਕਾਰ ਦੇਣ ਨਾਲ ਜੋੜ ਦਿੱਤਾ। ਅਜਿਹਾ ਚਿੰਤਨ ਨਾ ਹੋਂਦ ਵਿਚ ਆ ਸਕਦਾ ਜੇ ਜਰਮਨ ਹੋਲੋਕੌਸਟ ਨੂੰ ਇਸ ਨਵੀਂ ਸੋਚ ਦਾ ਸੂਰਜ ਨਾ ਬਣਾਇਆ ਜਾਂਦਾ। ਸਿੱਖ ਕੌਮ, ਖਾਲਸਾ ਭਰਾਤਰੀਅਤਾ ਨੇ ਅਜੇ ਅਜਿਹੀ ਸਿਰਜਨਾ ਦਾ ਹੜ੍ਹ ਲਿਆਉਣਾ ਹੈ, ਇਸ ਦੀ ਉਡੀਕ ਹੈ। ਗੁਰੂ ਸਾਹਿਬਾਨ ਦੀ ਬਾਣੀ ਦੀ ਮਿਸਾਲ ਪਹਿਲਾਂ ਮੌਜੂਦ ਹੈ।

ਸਿੱਖ ਵਿਰੋਧੀ ਪ੍ਰਵਚਨ ਦਾ ਪ੍ਰਤੀਕ

ਡਾ. ਮਿਹਰ ਸਿੰਘ ਗਿੱਲ

ਸੰਨ 1984 ਈ. ਵਿੱਚ ਕੀਤਾ ਗਿਆ ਬਲਿਊ ਸਟਾਰ ਸਾਕਾ ਸਿੱਖਾਂ ਵਿੱਚ ਤੀਜੇ ਵੱਡੇ ਘੱਲੂਘਾਰੇ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਰਹੇਗਾ। ਹਰਿਮੰਦਰ ਸਾਹਿਬ ਵਿੱਚ ਫੌਜ ਦਾ ਇਹ ਦਾਖਲਾ ਦੋ ਸੌ ਬਾਈ ਸਾਲ ਬਾਅਦ ਹੋਇਆ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਜਿਨ੍ਹਾਂ ਬਾਰੇ ਮੁਕੰਮਲ ਵੇਰਵਾ ਸ਼ਾਇਦ ਕਦੇ ਵੀ ਪ੍ਰਾਪਤ ਨਾ ਹੋ ਸਕੇ। ਲੱਖਾਂ ਰੁਪਏ ਦਾ ਸਮਾਨ ਲੁੱਟਿਆ ਤੇ ਜਲਾਇਆ ਗਿਆ। ਇਸ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ‘ਤੇ ਆਏ ਹਰ ਉਮਰ ਦੇ ਵਰਗ ਦੇ ਲੋਕਾਂ ਨੂੰ ਕਈ ਤਰ੍ਹਾਂ ਨਾਲ ਤਸੀਹੇ ਦਿੱਤੇ ਗਏ ਅਤੇ ਖੱਜਲ ਖੁਆਰ ਕੀਤਾ ਗਿਆ।

ਇਹ ਸਭ ਕੁਝ ਸਿੱਖਾਂ ਵਿਰੁੱਧ ਕੀਤਾ ਗਿਆ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦਿੱਤੀਆਂ ਅਤੇ ਜਿਨ੍ਹਾਂ ਨੇ 1948, 1965 ਅਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿੱਚ ਸਿਰ ਕੱਢਵਾਂ ਯੋਗਦਾਨ ਪਾਇਆ ਸੀ। ਸੰਨ 1962 ਵਿੱਚ ਚੀਨ ਨਾਲ ਹੋਈ ਲੜਾਈ ਵਿੱਚ ਸਿੱਖਾਂ ਦੀ ਬਹਾਦਰੀ ਅਤੇ ਸੂਰਬੀਰਤਾ ਦੀ ਪਾਈ ਗਈ ਧਾਂਕ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ। ਬਲਿਊ ਸਟਾਰ ਘੱਲੂਘਾਰਾ ਕਿਉਂ ਕੀਤਾ ਗਿਆ, ਕੀ ਇਹ ਟਾਲਿਆ ਜਾ ਸਕਦਾ ਸੀ, ਇਸ ਦੇ ਮੁੱਖ ਮਨੋਰਥ ਕੀ ਸਨ ਆਦਿ ਸਵਾਲਾਂ ਬਾਰੇ ਇਸ ਲੇਖ ਵਿੱਚ ਚਰਚਾ ਕੀਤੀ ਗਈ ਹੈ।

ਭਾਵੇਂ ਬਲਿਊ ਸਟਾਰ ਉਪਰੇਸ਼ਨ ਬਾਰੇ ਬੜਾ ਕੁਝ ਲਿਖਿਆ ਜਾ ਚੁੱਕਾ ਹੈ, ਪਰੰਤੂ ਇਸ ਕਾਰਵਾਈ ਦੌਰਾਨ ਜੋ ਸਿੱਖਾਂ ਉੱਪਰ ਵਾਪਰਿਆ ਸੀ ਉਸ ਦਾ ਪੂਰਾ ਵੇਰਵਾ, ਉਸ ਦੇ ਮੂਲ ਕਾਰਨ, ਅਤੇ ਉਸ ਕਾਰਨ ਸਿੱਖਾਂ ਉਤੇ ਪਏ ਪ੍ਰਭਾਵਾਂ ਦਾ ਲੇਖਾ ਜੋਖਾ ਅਜੇ ਪੂਰੇ ਵਿਸਥਾਰ ਵਿੱਚ ਕੀਤਾ ਜਾਣਾ ਬਾਕੀ ਹੈ। ਇਸ ਸਾਕੇ ਦੌਰਾਨ ਲਗਭਗ ਤਿੰਨ ਦਰਜਨ ਗੁਰਦੁਆਰਿਆਂ ਵਿਖੇ ਫੌਜ ਵਲੋਂ ਕਾਰਵਾਈ ਕੀਤੀ ਗਈ ਸੀ। ਪਰੰਤੂ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਿਰਫ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਕੀਤੇ ਗਏ ਨੁਕਸਾਨ ਤਕ ਹੀ ਸੀਮਿਤ ਹੁੰਦੀ ਹੈ ਅਤੇ ਉਹ ਵੀ ਕੇਵਲ ਅੰਸ਼ਕ ਰੂਪ ਵਿੱਚ। ਇਸ ਤਰ੍ਹਾਂ ਦੇ ਕੀਤੇ ਜਾਣ ਵਾਲੇ ਬਿਰਤਾਂਤ ਸਚਾਈ ਤੋਂ ਕਿਤੇ ਦੂਰ ਹਨ। ਮਿਸਾਲ ਵਜੋਂ ਮਈ 20, 2001 ਨੂੰ ਅੰਗਰੇਜ਼ੀ ਟ੍ਰਿਬਿਊਨ ਵਿੱਚ ਪੰਜਾਬ ਪੁਲਿਸ ਦੇ ਇੱਕ ਸਾਬਕਾ ਐਸ.ਪੀ., ਜੋ ਦਰਬਾਰ ਸਾਹਿਬ ਵਿੱਚ ਹੋਈ ਫੌਜੀ ਕਾਰਵਾਈ ਦਾ ਚਸ਼ਮਦੀਦ ਗਵਾਹ ਸੀ, ਅਨੁਸਾਰ ਇਕੱਲੇ ਉਸ ਇਲਾਕੇ ਵਿਚੋਂ ਅੱਠ ਸੌ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਬਾਰੇ ਸਰਕਾਰੀ ਅੰਕੜੇ ਬਹੁਤ ਘੱਟ ਗਿਣਤੀ ਦਸਦੇ ਆਏ ਹਨ।

ਇਸ ਤਰ੍ਹਾਂ ਅੰਮ੍ਰਿਤਸਰ ਤੋਂ ਬਾਹਰ ਦੇ ਗੁਰਧਾਮਾਂ, ਜਿੱਥੇ ਇਸ ਸਾਕੇ ਸਮੇਂ ਫੌਜੀ ਕਾਰਵਾਈ ਕੀਤੀ ਗਈ ਸੀ, ਵਿਖੇ ਵੀ ਕਈ ਥਾਵਾਂ ਉੱਤੇ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਲੇਖਕ ਨੂੰ ਫੌਜੀ ਕਾਰਵਾਈ ਤੋਂ ਦਸ ਦਿਨ ਬਾਅਦ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਾਣ ਦਾ ਮੌਕਾ ਮਿਲਿਆ ਸੀ। ਇਸ ਗੁਰਦੁਆਰੇ ਦੀ ਸਰਾਂ ਵਿੱਚ ਸ਼ਾਇਦ ਹੀ ਕੋਈ ਐਸਾ ਕਮਰਾ ਸੀ ਜਿਸ ਦੇ ਬਾਹਰ ਜਾਂ ਅੰਦਰ ਗੋਲੀਆਂ ਦੇ ਜਾਂ ਖੂਨ ਦੇ ਨਿਸ਼ਾਨ ਨਹੀਂ ਸਨ। ਸਪਸ਼ਟ ਹੈ ਕਿ ਉਸ ਤੋਂ ਪਹਿਲਾਂ ਸਾਰੇ ਕਮਰਿਆਂ ਦੀ ਧੁਲਾਈ ਵੀ ਕੀਤੀ ਗਈ ਹੋਵੇਗੀ। ਇਸ ਦਾ ਭਾਵ ਇਹ ਹੈ ਕਿ ਗੁਰਦੁਆਰਾ ਦੁਖ ਨਿਵਾਰਨ ਪਟਿਆਲਾ ਵਿਖੇ ਵੀ ਕਾਫੀ ਜਾਨੀ ਨੁਕਸਾਨ ਹੋਇਆ ਸੀ। ਆਲੇ ਦੁਆਲੇ ਰਹਿਣ ਵਾਲੇ ਲੋਕਾਂ ਅਨੁਸਾਰ ਇੱਥੇ ਫੌਜੀ ਕਾਰਵਾਈ ਸਮੇਂ ਲਗਭਗ ਪੈਂਤੀ-ਚਾਲੀ ਮਿੰਟ ਗੋਲੀ ਚੱਲਣ ਦੀ ਆਵਾਜ਼ ਆਉਂਦੀ ਰਹੀ ਸੀ। ਸੁਭਾਵਕ ਹੈ ਕਿ ਇੰਨਾ ਸਮਾਂ ਇਹ ਹਵਾ ਵਿੱਚ ਤਾਂ ਨਹੀਂ ਚਲਦੀ ਰਹੀ ਹੋਵੇਗੀ। ਇਸ ਤਰ੍ਹਾਂ ਜਿਨ੍ਹਾਂ ਹੋਰ ਧਾਰਮਿਕ ਅਸਥਾਨਾਂ ਉੱਤੇ ਉਸ ਸਮੇਂ ਫੌਜੀ ਕਾਰਵਾਈ ਹੋਈ ਸੀ ਉਨ੍ਹਾਂ ਵਿਚੋਂ ਕਈ ‘ਤੇ ਚੋਖਾ ਜਾਨੀ ਮਾਲੀ ਨੁਕਸਾਨ ਹੋਇਆ ਹੋਵੇਗਾ ਜਿਸ ਬਾਰੇ ਕਦੀ ਕੋਈ ਗੱਲ ਨਹੀਂ ਕੀਤੀ ਗਈ। ਇਸ ਗੁਰਦੁਆਰਾ ਕੰਪਲੈਕਸ ਵਿਖੇ ਬਾਕੀ ਥਾਵਾਂ ਉਤੇ ਵੀ ਗੋਲੀਆਂ ਦੇ ਨਿਸ਼ਾਨ ਸਾਫ ਨਜ਼ਰ ਆਉਂਦੇ ਸਨ।

ਜਿਸ ਕੌਮ ਦਾ ਇਤਿਹਾਸ ਬਲਵਾਨ ਅਤੇ ਗੌਰਵਸ਼ਾਲੀ ਹੋਵੇ ਉਸ ਨੂੰ ਦਬਾ ਕੇ ਰੱਖਣਾ ਲਗਭਗ ਅਸੰਭਵ ਹੁੰਦਾ ਹੈ। ਸਿੱਖ ਇਤਿਹਾਸ ਦਾ ਹਰ ਕਦਮ ਨਿੱਗਰ ਸ਼ਾਨ ਨਾਲ ਭਰਪੂਰ ਹੈ। ਇਸੇ ਕਾਰਨ ਹਰ ਰਾਜਸੀ ਦੌਰ ਵਿੱਚ ਉਨ੍ਹਾਂ ਨੇ ਹਰ ਵੰਗਾਰ ਦਾ ਡੱਟ ਕੇ ਅਤੇ ਆਪਣੇ ਨਿਆਰੇ ਢੰਗ ਨਾਲ ਜੁਆਬ ਦਿੱਤਾ ਹੈ।

ਸੰਨ 1978 ਤੋਂ 1984 ਤਕ ਜਿੱਥੇ ਸਿੱਖਾਂ ਵਿੱਚ ਆਪਣੇ ਰਾਜਸੀ ਹੱਕਾਂ ਬਾਰੇ ਚੇਤਨਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਉੱਥੇ ਉਨ੍ਹਾਂ ਵਿੱਚ ਆਪਣੇ ਵਿਰਸੇ ਪ੍ਰਤੀ ਜਾਗ੍ਰਤੀ ਅਤੇ ਮਾਣ ਵੀ ਬਹੁਤ ਪ੍ਰਚੰਡ ਹੋਏ। ਅਜਿਹਾ ਵਾਪਰਨਾ ਭਾਰਤ ਦੇ ਹਾਕਮ ਵਰਗ ਦੇ ਇਕਸਾਰੀਕਾਰਨ (homogenisation) ਦੇ ਸਿਧਾਂਤ ਅਤੇ ਸੰਬੰਧਤ ਹੈਂਕੜੇ ਵਾਲੇ ਪ੍ਰਵਚਨ (discourse) ਲਈ ਇੱਕ ਵੱਡਾ ਚੈਲਿੰਜ ਸੀ। ਲਗਭਗ ਤੀਹ-ਪੈਂਤੀ ਸਾਲ ਤਕ ਵੱਖ ਵੱਖ ਤਰ੍ਹਾਂ ਦੇ ਸਰਕਾਰ ਨਿਯੰਤਰਤ ਅਤੇ ਸਰਕਾਰ ਨਿਰਦੇਸ਼ਤ ਮੀਡੀਏ ਦਾ ਯੋਜਨਾਬੱਧ ਤਰੀਕੇ ਨਾਲ ਪਾਇਆ ਗਿਆ ਪ੍ਰਭਾਵ ਇਕਾਇਕ ਬੇਅਸਰ ਹੋ ਗਿਆ ਸੀ। ਹਰ ਪਾਸੇ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਦੀ ਚੜ੍ਹਤਲ ਬਣੀ ਹੋਈ ਸੀ। ਇਸ ਬਦਲਦੀ ਪ੍ਰਸਥਿਤੀ ਤੋਂ ਭਾਰਤੀ ਸਰਕਾਰ ਤੇ ਭਾਰਤੀ ਹਾਕਮ ਵਰਗ ਦਾ ਡੂੰਘੀ ਚਿੰਤਾ ਦਾ ਸ਼ਿਕਾਰ ਹੋਣਾ ਲਾਜ਼ਮੀ ਸੀ। ਜਿਥੇ ਹਾਕਮ ਸ਼੍ਰੇਣੀ ਫਾਸ਼ਿਸਟ ਦ੍ਰਿਸ਼ਟੀ ਰੱਖਦੀ ਹੋਵੇ ਉੱਥੇ ਅਜਿਹੇ ਵੱਖਰੀ ਸੋਚ ਵਾਲੇ ਘੱਟ ਗਿਣਤੀ ਲੋਕਾਂ ਨਾਲ ਸਵੈਮਾਨ ਵਾਲੀ ਐਡਜਸਟਮੈਂਟ ਦੀ ਥਾਂ ਨਿਰੋਲ ਧੱਕੇਸ਼ਾਹੀ ਵਾਲਾ ਰੁਖ ਅਪਣਾਇਆ ਜਾਂਦਾ ਹੈ। ਅਜਿਹੇ ਲੋਕਾਂ ਦੇ ਗੰਭੀਰ ਰਾਜਨੀਤਿਕ ਚੈਲਿੰਜ ਨੂੰ ਬਿਲਕੁਲ ਤਹਿਸ ਨਹਿਸ ਕਰਨ ਲਈ ਜ਼ਰੂਰੀ ਹੁੰਦਾ ਹੈ ਉਨ੍ਹਾਂ ਦੇ ਸਮੂਹਿਕ ਗੌਰਵ ਅਤੇ ਸ਼ਾਨ ਨੂੰ ਢਹਿ ਢੇਰੀ ਕਰਨਾ। ਸੰਨ 1984 ਈ. ਵਿਖੇ ਭਾਰਤ ਸਰਕਾਰ ਵਲੋਂ ਸਿੱਖਾਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਮੁੱਖ ਰੂਪ ਵਿੱਚ ਸਿੱਖਾਂ ਦੇ ਮਾਣ, ਤਾਣ ਅਤੇ ਸ਼ਾਨ ਨੂੰ ਖਤਮ ਕਰਨ ਲਈ ਹੀ ਸਨ। ਫਰਵਰੀ 1984 ਵਿੱਚ ਹਰਿਆਣਾ ਵਿੱਚ ਸਿੱਖਾਂ ਨੂੰ ਕਈ ਦਿਨਾਂ ਤਕ ਬੱਸਾਂ ਵਿੱਚੋਂ ਕੱਢ ਕੇ ਉਨ੍ਹਾਂ ਦੀ ਮਾਰ ਕੁਟਾਈ ਅਤੇ ਹਰ ਤਰ੍ਹਾਂ ਨਾਲ ਨਿਰਾਦਰ ਕੀਤਾ ਜਾਣਾ, ਬਲਿਊ ਸਟਾਰ ਉਪਰੇਸ਼ਨ ਅਤੇ ਸਮੁੱਚੇ ਪੰਜਾਬ ਵਿੱਚ ਤਿੰਨ ਚਾਰ ਦਿਨਾਂ ਦਾ ਕਰਫਿਊ ਅਤੇ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਬੇਰੋਕ ਨਸਲਕੁਸ਼ੀ ਅਤੇ ਲੁੱਟਮਾਰ ਆਦਿ ਸਭ ਸਿੱਖਾਂ ਦੇ ਸਮੂਹਕ ਗੌਰਵ ਨੂੰ ਨਸ਼ਟ ਕਰਨ ਲਈ ਹੀ ਯੋਜਨਾ ਬੱਧ ਤਰੀਕੇ ਨਾਲ ਚੁੱਕੇ ਗਏ ਕਦਮ ਸਨ।

ਕੀ ਬਲਿਊ ਸਟਾਰ ਉਪਰੇਸ਼ਨ ਟਾਲਿਆ ਜਾ ਸਕਦਾ ਸੀ?

ਜੇਕਰ ਸਰਕਾਰ ਦਾ ਮੰਤਵ ਉਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿ ਰਹੇ ਖਾੜਕੂ ਸਿੰਘਾਂ ਨੂੰ ਬਾਹਰ ਕੱਢਣਾ ਹੀ ਸੀ ਤਾਂ ਉਸ ਲਈ ਇਹ ਘੱਲੂਘਾਰਾ ਕਰਨਾ ਜ਼ਰੂਰੀ ਨਹੀਂ ਸੀ। ਪਹਿਲੀ ਤਾਂ ਗੱਲ ਇਹ ਕਿ ਜੇਕਰ ਕੇਵਲ ਇਹੀ ਇੱਕ ਮੰਤਵ ਸੀ ਤਾਂ ਫਿਰ ਲਗਭਗ ਤਿੰਨ ਦਰਜਨ ਇਤਿਹਾਸਕ ਗੁਰਦੁਆਰਾ ਵਿਖੇ ਇੱਕੋ ਸਮੇਂ ਨਾਂ ਤਾਂ ਫੌਜੀ ਕਾਰਵਾਈ ਕਰਨ ਦੀ ਲੋੜ ਸੀ ਅਤੇ ਨਾ ਹੀ ਸਾਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੀ। ਪਰੰਤੂ ਜੇਕਰ ਮੰਨ ਵੀ ਲਈਏ ਕਿ ਇਸ ਫੌਜੀ ਕਾਰਵਾਈ ਦਾ ਮੰਤਵ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਖਾੜਕੂ ਸਿੰਘਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਕੱਢਣਾ ਸੀ ਤਾਂ ਬਾਕੀ ਸੰਭਵ ਤਰੀਕੇ ਵੀ ਵਰਤਣ ਦੀ ਲੋੜ ਸੀ। ਇਸ ਮੰਤਵ ਲਈ ਤਿੰਨ ਰਾਹ ਹੋ ਸਕਦੇ ਸਨ:- (ੳ) ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਖਾੜਕੂ ਸਿੰਘਾਂ ਨੂੰ ਬਾਹਰ ਆਉਣ ਲਈ ਕਿਹਾ ਜਾਣਾ। (ਅ) ਦੂਸਰਾ ਰਾਹ ਸੀ ਦਰਬਾਰ ਸਾਹਿਬ ਦੇ ਉਸ ਹਿੱਸੇ ਦੀ ਘੇਰਾ ਬੰਦੀ ਕਰਕੇ ਪਾਣੀ ਅਤੇ ਰਸਦ ਦੀ ਸਪਲਾਈ ਬੰਦ ਕਰਨਾ। (ੲ) ਤੀਸਰਾ ਮਾਰਗ ਸੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨਾ। ਸਰਕਾਰ ਨੇ ਪਹਿਲਾ ਰਾਹ ਇਸ ਕਰਕੇ ਨਾ ਚੁਣਿਆ ਕਿਉਂਕਿ ਉਸ ਨੂੰ ਡਰ ਸੀ ਕਿ ਜੇਕਰ ਖਾੜਕੂ ਸਿੰਘ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ‘ਤੇ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਮਾਣ ਸਤਿਕਾਰ ਸਿੱਖ ਲੋਕਾਂ ਵਿੱਚ ਹੋਰ ਵੀ ਵਧ ਜਾਵੇਗਾ। ਇਸ ਤੋਂ ਬਿਨਾਂ ਇਸ ਨਾਲ ਸਿੱਖ ਪ੍ਰੰਪਰਾ ਅਤੇ ਅਕਾਲ ਤਖਤ ਸਾਹਿਬ ਦੀ ਹੋਰ ਵੀ ਚੜ੍ਹਤ ਸਪੱਸ਼ਟ ਹੋਣੀ ਸੀ। ਉਪਰੋਕਤ ਦੋਵੇਂ ਨਤੀਜੇ ਕੇਂਦਰੀ ਸਰਕਾਰ ਨੂੰ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਹੋ ਸਕਦੇ। ਇਸੇ ਤਰ੍ਹਾਂ ਦੂਜਾ ਰਾਹ ਵੀ ਨਾ ਅਪਣਾਇਆ ਗਿਆ ਕਿਉਂਕਿ ਇਹ ਵੀ ਕੇਂਦਰੀ ਸਰਕਾਰ ਦੀ ਨੀਤੀ ਦੇ ਵੱਡੇ ਪਰਿਪੇਖ ਵਿੱਚ ਫਿੱਟ ਨਹੀਂ ਸੀ ਹੁੰਦਾ। ਇਸ ਪ੍ਰਕਾਰ ਸਰਕਾਰ ਨੇ ਤੀਜਾ ਰਾਹ ਹੀ ਅਪਣਾਇਆ ਜੋ ਇਸ ਵਿਸ਼ਾਲ ਸੋਚੀ ਸਮਝੀ ਦੀਰਘ ਕਾਲੀਨ ਯੋਜਨਾ ਦਾ ਸਿੱਟਾ ਸੀ। ਇਸ ਸੰਬੰਧ ਵਿੱਚ ਇੱਕ ਹੋਰ ਗੱਲ ਧਿਆਨਯੋਗ ਹੈ ਕਿ ਇਸ ਫੌਜੀ ਹਮਲੇ ਲਈ ਜੋ ਦਿਨ ਚੁਣਿਆ ਗਿਆ ਉਹ ਗੁਰਪੂਰਬ ਦਾ ਦਿਨ ਸੀ ਜਿਸ ਦਿਨ ਲੋਕ ਲੱਖਾਂ ਦੀ ਗਿਣਤੀ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿਖੇ ਦਰਸ਼ਨਾਂ ਲਈ ਜਾਂਦੇ ਅਤੇ ਉੱਥੇ ਠਹਿਰਦੇ ਹਨ। ਇਨ੍ਹਾਂ ਸ਼ਰਧਾਲੂਆਂ ਵਿੱਚ ਹਰ ਉਮਰ ਅਤੇ ਹਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਹਨ। ਇਨ੍ਹਾਂ ਲੱਖਾਂ ਲੋਕਾਂ ਦੇ ਗੁਰਧਾਮਾਂ ਵਿਖੇ ਇਸ ਗੁਰਪੂਰਬ ਸਮੇਂ ਹਾਜ਼ਰੀ ਦੌਰਾਨ ਲਗਭਗ ਤਿੰਨ ਦਰਜਨ ਥਾਵਾਂ ‘ਤੇ ਹਮਲਾ ਕੀਤਾ ਜਾਣਾ ਉੱਪਰ ਲਿਖੀ ਸੋਚੀ ਸਮਝੀ ਯੋਜਨਾ ਦਾ ਹਿੱਸਾ ਸੀ।

ਬਲਿਊ ਸਟਾਰ ਸਾਕੇ ਦੇ ਮਨੋਰਥ

ਕੇਂਦਰੀ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਬਲਿਉ ਸਟਾਰ ਉਪਰੇਸ਼ਨ ਦਾ ਮੁੱਖ ਮਨੋਰਥ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਖਾੜਕੂਆਂ ਨੂੰ ਬਾਹਰ ਕੱਢਣਾ ਸੀ। ਜੇਕਰ ਇਸ ਕਾਰਵਾਈ ‘ਤੇ ਵਿਆਪਕ ਦ੍ਰਿਸ਼ਟੀ ਪਾਈ ਜਾਏ ਤਾਂ ਇਸ ਐਕਸ਼ਨ ਬਾਰੇ ਸਰਕਾਰੀ ਪੱਖੋਂ ਦੱਸਿਆ ਗਿਆ ਇਹ ਮੰਤਵ ਬਹੁਤਾ ਜਚਦਾ ਨਹੀਂ। ਇਸ ਕਾਰਵਾਈ ਪਿੱਛੇ ਕੇਂਦਰੀ ਸਰਕਾਰ ਅਤੇ ਭਾਰਤੀ ਹਾਕਮ ਜਮਾਤ ਦੇ ਅਸਲ ਮਨੋਰਥ ਹੇਠ ਲਿਖੇ ਅਨੁਸਾਰ ਸਨ:

1  ਪੰਜਾਬ ਅਤੇ ਸਿੱਖਾਂ ਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਸੰਬੰਧੀ ਲਗਾਇਆ ਗਿਆ ਧਰਮ ਯੁੱਧ ਮੋਰਚਾ ਉਸ ਸਮੇਂ ਸਿਖਰ ਉੱਤੇ ਪਹੁੰਚ ਚੁੱਕਾ ਸੀ ਅਤੇ ਕੇਂਦਰੀ ਸਰਕਾਰ ਕੋਲ ਉਨ੍ਹਾਂ ਮੰਗਾਂ ਨੂੰ ਮੰਨਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਰਹਿ ਗਿਆ। ਸਿੱਖਾਂ ਦੇ ਸਾਰੇ ਧੜੇ ਅਤੇ ਬਹੁਤ ਭਾਰੀ ਗਿਣਤੀ ਵਿੱਚ ਸਿੱਖ ਇਸ ਮੋਰਚੇ ਵਿੱਚ ਭਰਪੂਰ ਸਹਿਯੋਗ ਦੇ ਰਹੇ ਸਨ। ਜੇਕਰ ਸਰਕਾਰ ਇਸ ਮੋਰਚੇ ਵਿੱਚ ਉਠਾਈਆਂ ਗਈਆਂ ਮੰਗਾਂ ਨੂੰ ਮੰਨ ਲੈਂਦੀ ਤਾਂ ਪੰਜਾਬ ਦੀ ਨਿਵੇਕਲੀ ਸ਼ਖਸ਼ੀਅਤ ਹੋਰ ਵੀ ਉਘੜ ਕੇ ਸਥਾਪਿਤ ਹੋਣੀ ਸੀ। ਅਜਿਹਾ ਵਾਪਰਨਾ ਭਾਰਤੀ ਹਾਕਮ ਜਮਾਤ ਦੇ ਇਕਸਾਰੀਕਰਨ ਦੇ ਮਾਡਲ ਨੂੰ ਭਾਰੀ ਤੌਰ ‘ਤੇ ਖੰਡਿਤ ਕਰਨ ਦੇ ਸਮਰੱਥ ਹੋਣਾ ਸੀ।

(2) ਸੰਨ 1980 ਈ. ਦੇ ਆਸ ਪਾਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਜਗਤ ਦੀ ਪ੍ਰਮੁੱਖ ਸ਼ਖ਼ਸ਼ੀਅਤ ਬਣ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿੱਖ ਪੰਥ ਵਿੱਚ ਸਥਿਤੀ ਲਗਾਤਾਰ ਮਜ਼ਬੂਤ ਹੁੰਦੀ ਗਈ। ਉਨ੍ਹਾਂ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਹੋਣ ਕਾਰਨ ਅਤੇ ਬੇਦਾਗ ਸ਼ਖ਼ਸ਼ੀਅਤ ਦੇ ਧਾਰਨੀ ਹੋਣ ਕਾਰਨ ਉਹ ਆਮ ਲੋਕਾਂ ਲਈ ਇੱਕ ਨਾਇਕ ਦੇ ਰੂਪ ਵਿੱਚ ਸਥਾਪਿਤ ਹੋ ਚੁੱਕੇ ਸਨ। ਅਜਿਹੇ ਲੀਡਰ ਦਾ ਕਾਇਮ ਰਹਿਣਾ ਦੇਸ਼ ਦੀ ਹਾਕਮ ਸ਼੍ਰੇਣੀ ਦੇ ਪ੍ਰਵਚਨ ਲਈ ਇੱਕ ਵੰਗਾਰ ਸੀ। ਬਲਿਊ ਸਟਾਰ ਉਪਰੇਸ਼ਨ ਦਾ ਇੱਕ ਮੰਤਵ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਿਰਕੱਢ ਸਾਥੀਆਂ ਨੂੰ ਖਤਮ ਕਰਨਾ मी।

(3)

ਭਾਰਤੀ ਸ਼ਾਸਕ ਵਰਗ ਦੀ ਇੱਕ ਵੱਡੀ ਚਿੰਤਾ ਇਹ ਰਹੀ ਹੈ ਕਿ ਵੱਖ ਵੱਖ ਤਰ੍ਹਾਂ ਨਾਲ ਵੰਡੇ ਹੋਏ ਦੇਸ਼ ਦੇ ਲੋਕਾਂ ਨੂੰ ਇੱਕ ਲੜੀ ਵਿੱਚ ਕਿਵੇਂ ਪਰੋਇਆ ਜਾਏ। ਅਜਿਹਾ ਕਰਨ ਲਈ ਜਦੋਂ ਇਸ ਵਰਗ ਅੱਗੇ ਕੋਈ ਕਿਰਿਆਤਮਕ ਉੱਦਮ ਨਹੀਂ ਹੁੰਦਾ ਤਾਂ ਉਹ ਕਿਸੇ ਧਾਰਮਿਕ ਘੱਟ ਗਿਣਤੀ ਨੂੰ ਘਿਰਣਾ ਅਤੇ ਹਿੰਸਾ ਦਾ ਨਿਸ਼ਾਨਾ ਬਣਾ ਕੇ ਹਿੰਦੂ ਧਰਮ ਦੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਵਿੱਚ ਹੁੰਦਾ ਹੈ। ਇਨ੍ਹਾਂ ਘਟ ਗਿਣਤੀਆਂ ਵਿੱਚ ਕਦੀ ਮੁਸਲਮਾਨ, ਕਦੀ ਸਿੱਖ ਅਤੇ ਕਦੀ ਇਸਾਈ ਹੁੰਦੇ ਹਨ। ਇਸ ਮੰਤਵ ਲਈ ਕਦੀ ਹਿੰਦੂ-ਮੁਸਲਿਮ ਦੰਗੇ ਕਰਵਾਏ ਜਾਂਦੇ ਹਨ, ਕਦੀ ਸ੍ਰੀ ਅਕਾਲ ਤਖਤ ਉੱਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਜਾਂਦਾ ਹੈ, ਕਦੀ ਬਾਬਰੀ ਮਸਜਿਦ ਗਿਰਾਈ ਜਾਂਦੀ ਹੈ ਅਤੇ ਕਦੇ ਗਿਰਜਾਘਰ ਜਲਾਏ ਜਾਂਦੇ ਹਨ। ਸੰਨ, 1980 ਤੋਂ 1995-96 ਤਕ ਅਜਿਹਾ ਨਿਸ਼ਾਨਾ ਸਿੱਖਾਂ ਨੂੰ ਬਣਾਇਆ ਗਿਆ ਸੀ। ਸੋ ਇਸ ਸਾਕੇ ਪਿੱਛੇ ਇੱਕ ਭਾਵਨਾ ਬਿਖਰੀ ਹੋਈ (ਭਾਰਤੀ) ਮੁੱਖ ਧਾਰਾ ਨੂੰ ਜੋੜਨਾ ਵੀ मी।

ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਭਾਰਤੀ ਮੁੱਖ ਧਾਰਾ ਨਾਲ ਸੰਬੰਧਤ ਕਿਸੇ ਵੀ ਰਾਜਨੀਤਿਕ ਪਾਰਟੀ ਨੇ, ਭਾਵੇਂ ਉਹ ਇਸ ਘੱਲੂਘਾਰੇ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੀ ਸਖਤ ਵਿਰੋਧੀ ਹੀ ਕਿਉਂ ਨਾ ਹੋਵੇ, ਬਲਿਊ ਸਟਾਰ ਉਪਰੇਸ਼ਨ ਦੀ ਨਿਖੇਧੀ ਨਹੀਂ ਕੀਤੀ। ਇਹ ਅਲੱਗ ਗੱਲ ਹੈ ਕਿ ਦੁਨੀਆਂ ਦੇ 200 ਤੋਂ ਵੱਧ ਮੁਲਕਾਂ ਵਿੱਚੋਂ ਉਸ ਵੇਲੇ ਦੇ ਸੋਵੀਅਤ ਯੂਨੀਅਨ (ਜੋ ਹੁਣ ਟੁੱਟ ਚੁੱਕਾ ਹੈ) ਅਤੇ ਫਲਸਤੀਨ ਦੇ ਇੱਕ ਨੇਤਾ ਯਾਸਰ ਅਰਾਫਾਤ ਤੋਂ ਬਿਨਾਂ ਕਿਸੇ ਵੀ ਮੁਲਕ ਨੇ ਇਸ ਘਟਨਾ ਦੀ ਹਮਾਇਤ ਨਹੀਂ ਸੀ ਕੀਤੀ।

(4)

ਭਾਰਤੀ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਬੜਾ ਕੁਝ ਲਿਖਿਆ ਅਤੇ ਕਿਹਾ ਜਾਂਦਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਕਈ ਵਾਰ ਤਾਂ ਰਾਜਨੀਤਿਕ ਪਾਲਸੀ ਵੀ ਅਜਿਹੇ ਅਪਰਾਧੀਕਰਨ ਵਾਲੀ ਭਾਵਨਾ ਵਿੱਚੋਂ ਉਪਜੀ ਹੁੰਦੀ ਹੈ। ਸੰਨ 1980 ਵਿੱਚ ਕੇਂਦਰ ਵਿੱਚ ਸੱਤਾ ਵਿੱਚ ਆਈ ਪਾਰਟੀ ਨੇ ਸਿੱਖ ਵਿਰੋਧੀ ਪ੍ਰਚਾਰ, ਕਾਰਵਾਈ ਅਤੇ ਹਿੰਸਾ ਰਾਹੀਂ ਅੱਗੇ ਨੂੰ ਵੋਟਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਪਾਲਸੀ ਨੂੰ ਪਹਿਲ ਦਿੱਤੀ ਹੋਈ ਸੀ। ਇਸ ਮਨੋਰਥ ਦਾ ਬਲਿਊ ਸਟਾਰ ਘੱਲੂਘਾਰੇ ਬਾਰੇ ਫੈਸਲਾ ਲੈਣ ਵਿੱਚ ਕਾਫੀ ਯੋਗਦਾਨ ਕਿਹਾ ਜਾ ਸਕਦਾ ਹੈ।

(5)

ਬਲਿਊ ਸਟਾਰ ਉਪਰੇਸ਼ਨ ਉਸ ਵੇਲੇ ਦੀ ਕੇਂਦਰੀ ਸਰਕਾਰ ਦਾ ਇੱਕ ਪਾਸਾ ਸੀ। ਇਸ ਦਾ ਦੂਜਾ ਪਹਿਲੂ ਸੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਿੱਖ ਨੌਜੁਆਨਾਂ ਦੀ ‘ਸਕਰੀਨਿੰਗ’ ਕਰਨਾ, ਇਸ ‘ਸਕਰੀਨਿੰਗ’ ਨੂੰ ਉਪਰੇਸ਼ਨ ‘ਵੁੱਡਰੋਜ਼’ ਦਾ ਨਾਂ ਦਿੱਤਾ ਗਿਆ ਸੀ। ਇਸ ਅਧੀਨ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਿੱਖ ਨੌਜੁਆਨਾਂ, ਖਾਸ ਕਰਕੇ ਜੋ ਅੰਮ੍ਰਿਤਧਾਰੀ ਸਨ, ਦੀ ਛਾਣਬੀਣ ਕਰਨ ਦੀ ਆੜ ਵਿੱਚ ਕਈਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਵਿੱਚੋਂ ਕਈ ਲਾਪਤਾ ਵੀ ਹੋਏ ਹੋਣਗੇ। ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਬਲਿਊ ਸਟਾਰ ਉਪਰੇਸ਼ਨ ਵਰਗੀ ਵੱਡੀ ਕਾਰਵਾਈ ਜ਼ਰੂਰੀ ਸੀ ਤਾਂ ਜੁ ਸਿੱਖ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਡਰ ਤੇ ਸਹਿਮ ਪੈਦਾ ਕੀਤਾ ਜਾ ਸਕੇ। ਜੇਕਰ ਬਲਿਉ ਸਟਾਰ ਉਪਰੇਸ਼ਨ ਨਾ ਕੀਤਾ ਗਿਆ ਹੁੰਦਾ ਤਾਂ ਲੋਕ ਤਥਾ ਕਥਿਤ ਉਪਰੇਸ਼ਨ ‘ਵੁੱਡਰੋਜ਼’ ਕਾਮਯਾਬ ਨਾ ਹੋਣ ਦਿੰਦੇ।

(6)

ਬਹੁ ਸਭਿਆਚਾਰਕ ਦੇਸ਼ਾਂ ਵਿੱਚ ਜਦੋਂ ਵੀ ਕੇਂਦਰੀ ਹਾਕਮ ਕਿਸੇ ਇੱਕ ਵਰਗ ਨੂੰ ਸਬਕ ਸਿਖਾਉਣ ਲਈ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਉਂਦੇ ਹਨ, ਤਾਂ ਇਸ ਦਾ ਸੁਨੇਹਾ ਦੇਸ਼ ਦੇ ਬਾਕੀ ਛੋਟੇ ਸਭਿਆਚਾਰਾਂ ਲਈ ਵੀ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ। ਭਾਰਤ ਵਿੱਚ ਸਿੱਖਾਂ ਵਰਗੀ ਘਟ-ਗਿਣਤੀ, ਜੋ ਕਿਸੇ ਭਰਮ ਵੱਸ 1984 ਈ. ਤਕ ਆਪਣੇ ਆਪ ਨੂੰ ਬਹੁ ਗਿਣਤੀ ਸਮਝਦੀ ਰਹੀ ਸੀ, ਦੇ ਸਭ ਤੋਂ ਪਵਿੱਤਰ ਅਸਥਾਨ ਉੱਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦਾ ਮਤਲਬ ਬਾਕੀ ਘੱਟ ਗਿਣਤੀਆਂ ਨੂੰ ਵੀ ਇਹ ਦੱਸਣਾ ਸੀ ਕਿ ਦੇਸ਼ ਦੀ ਮੁੱਖ ਧਾਰਾ ਦਾ ਅਤੇ ਉਸ ਦੇ ਪ੍ਰਵਚਨ ਦਾ ਵਿਰੋਧ ਬਹੁਤ ਮਹਿੰਗਾ ਪੈਂਦਾ ਹੈ। ਲੋਕਾਂ ਨੂੰ ਪਕੜ ਕੇ ਅਤੇ ਪਿੱਛੇ ਹੱਥ ਬੰਨ੍ਹ ਕੇ ਗੋਲੀ ਮਾਰ ਕੇ ਮਾਰਨਾ, ਜਾਂ ਹੋਰ ਗੈਰ ਮਨੁੱਖੀ ਸਲੂਕ ਕਰਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਫੌਜੀ ਕਾਰਵਾਈ ਤੋਂ ਬਾਅਦ ਜਲਾਉਣਾ ਜਾਂ ਉਸ ਵਿਚਲੀਆਂ ਪੁਸਤਕਾਂ ਅਤੇ ਰਿਕਾਰਡ ਆਦਿ ਨੂੰ ਦਿੱਲੀ ਵਿੱਚ ਕਿਸੇ ਕੇਂਦਰੀ ਸੰਸਥਾ ਦੇ ਦਫਤਰ ਵਿੱਚ ਛੁਪਾ ਛੱਡਣਾ (ਜਿਵੇਂ ਕੁਝ ਸਮੇਂ ਤੋਂ ਕਿਹਾ ਜਾ ਰਿਹਾ ਹੈ) ਇਸੇ ਮੰਤਵ ਲਈ ਚੁੱਕੇ ਗਏ ਹੋਰ ਕਦਮ ਆਖੇ ਜਾ ਸਕਦੇ ਹਨ।

ਕੀ ਕਰਨਾ ਲੋੜੀਏ?

ਬਲਿਊ ਸਟਾਰ ਉਪਰੇਸ਼ਨ ਉਸ ਸਮੇਂ ਦੀ ਕੇਂਦਰ ਸਰਕਾਰ ਅਤੇ ਉਸਦੇ ਸਮਰਥਕਾਂ ਵਲੋਂ ਇੱਕ ਬਹੁਤ ਡੂੰਘੀ ਸੋਚ ਵਿਚਾਰ ਮਗਰੋਂ ਤਿਆਰ ਕੀਤੀ ਯੋਜਨਾ ਦਾ ਸਿੱਟਾ ਸੀ। ਅੰਗਰੇਜ਼ ਰਾਜ ਸਮੇਂ ਇੰਨੇ ਵੱਡੇ ਪੱਧਰ ‘ਤੇ ਲੋਕਾਂ ਵਿਰੁੱਧ ਕੀਤੀ ਗਈ ਫੌਜੀ ਜਾਂ ਪੁਲਿਸ ਕਾਰਵਾਈ ਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਵਿਸ਼ਵ ਜੰਗ ਸਮੇਂ ਯੂਰਪ ਵਿੱਚ ਨਾਜ਼ੀਆਂ ਵਲੋਂ ਕੀਤੇ ਗਏ ਯਹੂਦੀਆਂ ਦੇ ਘਾਣ ਬਾਰੇ ਅਨੇਕਾ ਪੁਸਤਕਾਂ, ਖੋਜ ਪੱਤਰ ਲਿਖੇ ਗਏ ਹਨ। ਪਰੰਤੂ ਬਲਿਊ ਸਟਾਰ ਉਪਰੇਸ਼ਨ ਵੇਲੇ ਜੋ ਵਾਪਰਿਆ ਹੈ ਉਸ ਦਾ ਤਾਂ ਪੂਰਾ ਵੇਰਵਾ ਵੀ ਅਜੇ ਤਕ ਨਹੀਂ ਛਾਪਿਆ ਗਿਆ।

ਬਲਿਊ ਸਟਾਰ ਉਪਰੇਸ਼ਨ ਸਮੇਂ ਵੱਖ-ਵੱਖ ਥਾਵਾਂ ਉੱਤੇ ਫੌਜੀ ਐਕਸ਼ਨ ਦੌਰਾਨ ਜੋ ਕੁਝ ਵਾਪਰਿਆ ਉਸ ਦਾ ਵਿਸਤ੍ਰਿਤ ਬਿਓਰਾ ਇਕੱਠਾ ਕਰਨ ਦੀ ਲੋੜ ਹੈ। ਅਜਿਹੇ ਵੇਰਵੇ ਉਪਰੰਤ ਹੀ ਇਸ ਘੱਲੂਘਾਰੇ ਦੇ ਕਾਰਨਾਂ ਅਤੇ ਪ੍ਰਭਾਵਾਂ ਦੀ ਸਹੀ ਨਿਸ਼ਾਨਦੇਹੀ ਹੋ ਸਕਦੀ ਹੈ। ਜੇਕਰ ਪੂਰੇ ਵੇਰਵੇ ਪ੍ਰਾਪਤ ਨਹੀਂ ਹੁੰਦੇ ਤਾਂ ਸਰਕਾਰ ਦੁਆਰਾ ਜਾਰੀ ਕੀਤੇ ਤਥਾ ਕਥਿਤ ‘ਵਾਈਟ ਪੇਪਰ’ ਵਿੱਚ ਉਠਾਏ ਗਏ ਮੁੱਦਿਆਂ ਤਕ ਹੀ ਸਾਰੇ ਬਿਰਤਾਂਤ ਸੀਮਿਤ ਰਹਿ ਜਾਣਗੇ। ਜੇਕਰ ਸਹੀ ਤਸਵੀਰ ਸਾਹਮਣੇ ਨਹੀਂ ਲਿਆਂਦੀ ਗਈ ਤਾਂ ਇਸ ਸਾਕੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਹੀ ਸਮਾਂ ਪੈਣ ‘ਤੇ ਇਸ ਸਾਕੇ ਦੇ ਜ਼ੁੰਮੇਵਾਰ ਅਤੇ ਜ਼ਾਲਮ ਕਰਾਰ ਦਿੱਤਾ ਜਾਇਆ ਕਰੇਗਾ।

ਲੋੜ ਹੈ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਤੋਂ ਵੇਰਵੇ ਪ੍ਰਾਪਤ ਕਰਨ ਦੀ ਜਿੰਨ੍ਹਾਂ ਦੇ ਘਰਾਂ ਦੇ ਮੈਂਬਰ ਉਸ ਦਿਨ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਮਨਾਉਣ ਗਏ ਪਰੰਤੂ ਫਿਰ ਕਦੇ ਵਾਪਸ ਨਹੀਂ ਆਏ। ਪਤਾ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੀ ਉਸ ਦੁਖਦਾਈ ਵਿਛੋੜੇ ਦੇ ਸੰਦਰਭ ਵਿੱਚ ਇਸ ਘੱਲੂਘਾਰੇ ਬਾਰੇ ਕੀ ਸੋਚ ਰਹੀ ਹੈ। ਜਿੱਥੇ-ਜਿੱਥੇ ਵੀ ਫੌਜੀ ਕਾਰਵਾਈ ਕੀਤੀ ਗਈ ਉੱਥੋਂ ਦੇ ਅਜਿਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਵਿਚੋਂ ਘੱਟੋ-ਘੱਟ ਸੈਂਪਲ ਦੇ ਤੌਰ ‘ਤੇ ਕਈਆਂ ਤੋਂ ਇੰਟਰਵਿਊ ਰਾਹੀਂ ਲੋੜੀਂਦੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾਂ ਇਸ ਹਮਲੇ ਦੌਰਾਨ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਹੋਈ ਲੁੱਟ ਖਸੁੱਟ ਦੀ ਵਿਸਤ੍ਰਿਤ ਲਿਸਟ ਤਿਆਰ ਕਰਨ ਅਤੇ ਉਸ ਨੂੰ ਇੱਕ ਟੈਕਟ ਦੇ ਰੂਪ ਵਿੱਚ ਛਾਪ ਕੇ ਲੱਖਾਂ ਦੀ ਗਿਣਤੀ ਵਿੱਚ ਵੰਡਣ ਦੀ ਵੀ ਲੋੜ ਹੈ।

ਜੇਕਰ ਬਲਿਊ ਸਟਾਰ ਉਪਰੇਸ਼ਨ ਬਾਰੇ ਇਹ ਸਾਰੇ ਵੇਰਵੇ ਸੁਹਿਰਦਤਾ ਨਾਲ ਇਕੱਠੇ ਕਰਕੇ ਮੁਕੰਮਲ ਰੂਪ ਵਿੱਚ ਨਹੀਂ ਛਾਪੇ ਜਾਂਦੇ ਤਾਂ ਇਸ ਘੱਲੂਘਾਰੇ ਦੇ ਦੁਖਾਂਤ ਨੂੰ ਸਿੱਖ ਸਿਮ੍ਰਤੀ ਵਿਚੋਂ ਅਲੋਪ ਹੋਣ ਵਿੱਚ ਬਹੁਤੀ ਦੇਰ ਨਹੀਂ ਲੱਗੇਗੀ। ਭਾਰਤੀ ਹਾਕਮ ਜਮਾਤ ਚਾਹੇਗੀ ਕਿ ਇਸ ਘੱਲੂਘਾਰੇ ਦੀ ਮੁਕੰਮਲ ਤਸਵੀਰ ਸਿੱਖ ਸਿਤੀ ਵਿੱਚ ਸਹੀ ਰੂਪ ਵਿੱਚ ਅੰਕਿਤ ਨਾ ਹੋ ਸਕੇ। ਪਰੰਤੂ ਅਜਿਹੀ ਪਹੁੰਚ ਦਾ ਹੋਣਾ ਭਾਰਤ ਹਾਕਮ ਸ਼੍ਰੇਣੀ ਦੇ ਤੰਗ ਨਜ਼ਰੀਏ ਦਾ ਹੀ ਸੂਚਕ ਹੈ। ਜੇਕਰ ਇਤਿਹਾਸ ਤੋਂ ਲੋੜੀਂਦੀ ਅਗਵਾਈ ਪ੍ਰਾਪਤ ਕਰਨੀ ਹੋਵੇ ਤਾਂ ਉਸ ਸਭ ਕੁਝ ਦਾ ਅੰਕਣ ਅਤੇ ਮੰਥਨ ਜ਼ਰੂਰੀ ਹੁੰਦਾ ਹੈ ਜੋ ਲੋਕਾਂ ਦੀ ਮਾਨਸਿਕਤਾ ਨੂੰ ਝੰਜੋੜ ਗਿਆ ਹੋਵੇ। ਇਸ ਸਾਕੇ ਦਾ ਅਜਿਹਾ ਵਿਸਤ੍ਰਿਤ ਅੰਕਣ ਅਤੇ ਉਸ ਦਾ ਸੁਹਿਰਦ ਮੰਥਨ ਸਮੁੱਚੇ ਦੇਸ਼ ਲਈ ਵੀ ਹਿਤਕਾਰੀ ਹੋਵੇਗਾ।

ਇਸ ਘੱਲੂਘਾਰੇ ਤੋਂ ਇੱਕਦਮ ਬਾਅਦ ਸ੍ਰੀ ਅਕਾਲ ਤਖ਼ਤ ਦੀ ਸਰਕਾਰੀ ਸਰਪ੍ਰਸਤੀ ਹੇਠ ਪੁਨਰ ਉਸਾਰੀ ਅਜਿਹੇ ਚਿੰਨ੍ਹਾਂ ਨੂੰ ਮਿਟਾਉਣ ਦੀ ਸਰਕਾਰੀ ਕੋਸ਼ਿਸ਼ ਸੀ। ਇਸੇ ਤਰ੍ਹਾਂ ਬਲਿਊ ਸਟਾਰ ਉਪਰੇਸ਼ਨ ਉਪਰੰਤ ਸਰਕਾਰੀ ਦੇਖ ਰੇਖ ਵਿੱਚ ਸਿੱਖ ਪ੍ਰੰਪਰਾ ਵਿਰੁੱਧ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਪੰਥ ਦੁਆਰਾ ਢਾਹ ਦਿੱਤਾ ਗਿਆ ਸੀ ਅਤੇ ਉਸ ਦੇ ਮਲਬੇ ਨੂੰ ਯਾਦਗਾਰ ਤੌਰ ‘ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੱਖਿਆ ਗਿਆ ਸੀ। ਪਰੰਤੂ ਸੰਨ 1988 ਈ. ਵਿੱਚ ‘ਕਾਲੀ ਗਰਜ’ ਸਾਕੇ ਵੇਲੇ ਸਰਕਾਰ ਨੇ ਇਸ ਨੂੰ ਚੁਕਾ ਕੇ ਕਿਤੇ ਗਾਇਬ ਕਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਸਰਕਾਰ ਦੁਆਰਾ ਕੀਤੇ ਸਿੱਖਾਂ ਵਿਰੁੱਧ ਜ਼ੁਲਮ ਦੇ ਚਿੰਨ੍ਹਾਂ ਨੂੰ ਨਾਂ ਦੇਖ ਸਕਣ। ਪਰੰਤੂ ਅਫਸੋਸ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਮੇਤ ਬਹੁਤ ਥਾਵਾਂ ਦੇ ਬਲਿਉ ਸਟਾਰ ਉਪਰੇਸ਼ਨ ਦੇ ਬਹੁਤੇ ਚਿੰਨ੍ਹ ਸਿੱਖ ਪ੍ਰਬੰਧਕਾਂ ਦੀ ਸਹਿਮਤੀ ਨਾਲ ਮਿਟਾਏ ਗਏ ਹਨ। ਅਜਿਹਾ ਕਿਉਂ ਕੀਤਾ ਗਿਆ ਹੈ, ਇਹ ਆਪਣੇ ਆਪ ਵਿੱਚ ਇੱਕ ਵੱਖਰੇ ਅਧਿਐਨ ਦਾ ਵਿਸ਼ਾ ਹੈ। ਜਿਹੜੇ ਲੋਕ ਆਪਣੇ ਵਿਰਸੇ ਬਾਰੇ ਸਜੱਗ ਅਤੇ ਸੁਹਿਰਦ ਹੁੰਦੇ ਹਨ ਉਹ ਅਜਿਹੇ ਚਿੰਨ੍ਹਾਂ ਨੂੰ ਕਦੇ ਅਲੋਪ ਨਹੀਂ ਹੋਣ ਦਿੰਦੇ।

ਮਿਸਾਲ ਵਜੋਂ ਦੂਜੇ ਵਿਸ਼ਵ ਯੁੱਧ ਸਮੇਂ ਨਾਜ਼ੀ ਫਾਸ਼ੀਵਾਦ ਵੱਲੋਂ ਜੋ ਯਹੂਦੀਆਂ ਦਾ ਘਾਣ ਕੀਤਾ ਗਿਆ, ਉਸ ਬਾਰੇ ਯਹੂਦੀਆਂ ਵਲੋਂ ਯੂਰਪ ਵਿੱਚ ਕਈ ਥਾਵਾਂ ਉਤੇ ਦਿਲ ਟੁੰਬਣ ਵਾਲੀਆਂ ਯਾਦਗਾਰਾਂ ਕਾਇਮ ਕੀਤੀਆਂ ਗਈਆਂ ਹਨ। ਅਜਿਹੇ ਸਮਾਰਕਾਂ ਨੂੰ ਵੇਖਣ ਉਪਰੰਤ ਗੈਰ ਯਹੂਦੀ ਦਰਸ਼ਕ ਵੀ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਜਲ੍ਹਿਆਂ ਵਾਲੇ ਬਾਗ ਵਿੱਚ ਚੱਲੀਆਂ ਗੋਲੀਆਂ ਦੇ ਨਿਸ਼ਾਨ ਉਸੇ ਤਰ੍ਹਾਂ ਚੰਗੀ ਤਰ੍ਹਾਂ ਬਚਾ ਕੇ ਰੱਖੇ ਗਏ ਹਨ।

ਪਰੰਤੂ ਇਸ ਦੇ ਉਲਟ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਹਜ਼ਾਰਾਂ ਗੋਲੀਆਂ ਅਤੇ ਤੋਪਾਂ ਦੇ ਨਿਸ਼ਾਨ ਲਗਭਗ ਮਿਟਾ ਦਿੱਤੇ ਗਏ ਹਨ। ਇੱਕ ਪਾਸੇ ਅਸੀਂ ਭਾਰਤ ਵਿੱਚ ਅੰਗਰੇਜ ਸਰਕਾਰ ਦੀ ਧੌਂਸ, ਧੱਕੇ ਅਤੇ ਜ਼ੁਲਮ ਨੂੰ ਅਗਲੀਆਂ ਨਸਲਾਂ ਨੂੰ ਦਿਖਾਉਣ ਲਈ ਮਹਿਫੂਜ਼ ਰੱਖ ਛੱਡਿਆ ਹੈ, ਜਦ ਕਿ ਦੂਜੇ ਪਾਸੇ ਉਸ ਤੋਂ ਕਿਤੇ ਵੱਡੇ ਧੱਕੇ ਤੇ ਜ਼ੁਲਮ ਦੇ ਸਾਰੇ ਨਿਸ਼ਾਨ ਖਤਮ ਕਰ ਦਿੱਤੇ ਹਨ। ਬਲਿਊ ਸਟਾਰ ਉਪਰੇਸ਼ਨ ਦੇ ਦ੍ਰਿਸ਼ਟੀਮਾਨ ਚਿੰਨ੍ਹਾਂ ਦਾ ਮਿਟਾਇਆ ਜਾਣਾ ਦੱਸਦਾ ਹੈ ਕਿ ਸਿੱਖ ਲੀਡਰਸ਼ਿਪ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਪ੍ਰਤੀ ਕਿਤੇ ਵਧੇਰੇ ਜਾਗਰੂਕ ਅਤੇ ਪ੍ਰਤੀਬੱਧ ਹੋਣ ਦੀ ਲੋੜ ਹੈ। ਜੇਕਰ ਸਿੱਖਾਂ ਦਾ ਵਿਰਸਾ ਹੀ ਵਿਸਰ ਗਿਆ ਤਾਂ ਫਿਰ ਸਿੱਖਾਂ ਲਈ ਕੁਝ ਵੀ ਨਿਆਰਾ ਨਹੀਂ ਬਚੇਗਾ।

ਬਦੀ ਦੀਆਂ ਤਾਕਤਾਂ ਤੇ ਸਿੱਖ

ਪ੍ਰਭਸ਼ਰਨਦੀਪ ਸਿੰਘ

ਗੁਲਾਮੀ ਕੋਈ ਇੱਕ ਪੱਖੀ ਵਰਤਾਰਾ ਨਹੀਂ। ਇਹ ਜਦੋਂ ਛਾਅ ਜਾਂਦੀ ਹੈ ਤਾਂ ਜ਼ਿੰਦਗੀ ਦਾ ਕੋਈ ਵੀ ਹਿੱਸਾ ਇਸ ਦੇ ਅਸਰ ਤੋਂ ਮੁਕਤ ਨਹੀਂ ਰਹਿੰਦਾ ਜਾਂ ਅਸੀਂ ਕਹਿ ਲਈਏ ਕਿ ਗੁਲਾਮੀ ਦਾ ਅਰਥ ਹੀ ਇਨਸਾਨ ਦੀ ਹਸਤੀ ਦੇ ਉਸ ਕੇਂਦਰ ‘ਤੇ ਕੋਈ ਗੈਰ ਕੁਦਰਤੀ ਗਲਬਾ ਪੈ ਜਾਣਾ ਹੈ, ਜਿੱਥੋਂ ਜੀਵਨ ਦੀਆਂ ਸਾਰੀਆਂ ਦਿਸ਼ਾਵਾਂ ਜਨਮ ਲੈਂਦੀਆਂ ਹਨ। ਗੁਲਾਮੀ ਮਨੁੱਖ ਦੇ ਹੋਣ ‘ਤੇ ਕਿੰਤੂ ਹੋ ਜਾਣ ਦੀ ਦਸ਼ਾ ਦਾ ਨਾਂ ਹੈ। ਮੁੱਕਦੀ ਗੱਲ ਅਸੀਂ ਕਹਿਣਾ ਚਾਹਾਂਗੇ ਕਿ ਗੁਲਾਮੀ ਮਹਿਜ਼ ਇੱਕ ਰਾਜਸੀ ਵਰਤਾਰਾ ਹੀ ਨਹੀਂ, ਇਹ ਇੱਕ ਪ੍ਰਭੂਸੱਤਾ ਸੰਪੰਨ ਹਾਕਮ ਵਰਗ ਵੱਲੋਂ ਦੂਜਿਆਂ ਦੇ ਹੱਕਾਂ, ਆਜ਼ਾਦੀ ਜਾਂ ਪਭੁਸੱਤਾ ‘ਤੇ ਛਾਪੇ ਮਾਰੇ ਜਾਣ ਦੀ ਕਹਾਣੀ ਹੀ ਨਹੀਂ, ਸਗੋਂ ਇਹ ਮਾਜਰਾ ਹੋਰ ਹੈ। ਇਹ ਬਦੀ ਦੀਆਂ ਤਾਕਤਾਂ, ਜਿਨ੍ਹਾਂ ਹਓਮੈ ਦੀ ਤੁੱਛਤਾ ‘ਚੋਂ ਉਪਜੇ ਧਰਤੀ ਦੇ ਬੇਜਾਨ ਮੋਹ, ਖੁਦੀ ਦੀ ਬੇਡੌਲ ਘਾੜਤ ਦੇ ਕਦਮਾਂ ਵਿਚਲੇ ਤੌਖਲੇ ਭਰੇ ਡਰ ਤੇ ਸੱਚ ਤੋਂ ਤੋੜ ਦੇਣ ਦੀ ਸਾਜ਼ਿਸ ਦਾ ਜ਼ਾਹਰ ਹੋ ਚੁੱਕਾ ਰੂਪ ਹੈ। ਇਹ ਇਨਸਾਨ ਦੀ, ਆਪਣੇ ਅਸਲ ਰਾਹ ਤੋਂ ਭਟਕ ਸੌੜੀਆਂ, ਚਕਾਚੌਂਧ ਭਰੀਆਂ ਤੇ ਕਿਤੇ ਵੀ ਨਾ ਲਿਜਾ ਕੇ ਆਪਣੇ ਆਪ ਵਿੱਚ ਹੀ ਗੱਲਤਾਨ ਕਰ ਦੇਣ ਵਾਲੀਆਂ ਨੀਰਸ ਦਿਸ਼ਾਵਾਂ ਵਿਚ ਭਟਕਣ ਦੇ ਹਾਲ ਦੀ ਵਿਥਿਆ ਹੈ। ਸਾਨੂੰ ਕੋਈ ਭੁਲੇਖਾ ਨਹੀਂ ਕਿ ਗੁਲਾਮੀ ਵੱਡੀਆਂ ਸੰਭਾਵਨਾਵਾਂ ਨਾਲ ਭਰਪੂਰ ਕੌਮਾਂ ਨੂੰ ਕਿਸੇ ਦਰ ਜੋਗਾ ਨਹੀਂ ਛੱਡਦੀ। ਪਰ ਇੱਥੇ ਇਹ ਨੁਕਤਾ ਖਾਸ ਤੌਰ ਉੱਤੇ ਧਿਆਨ ਵਿੱਚ ਰੱਖਣ ਵਾਲਾ ਹੈ ਕਿ ਗੁਲਾਮੀ ਦਾ ਸ਼ਿਕਾਰ ਕਦੇ ਵੀ ਵਿਅਕਤੀ ਜਾਂ ਕੌਮਾਂ ਨਹੀਂ ਹੋਇਆ ਕਰਦੀਆਂ, ਇਸਦਾ ਸ਼ਿਕਾਰ ਚੇਤਨਤਾ ਦੇ ਧਰਾਤਲ ਹੋਇਆ ਕਰਦੇ ਹਨ। ਚੇਤਨਤਾ ਦੇ ਵਿਭਿੰਨ ਧਰਾਤਲਾਂ ਦੇ ਪੱਧਰ, ਉਨ੍ਹਾਂ ਅੰਦਰਲੀ ਗਤੀ, ਤੇ ਉਤਾਰ ਚੜ੍ਹਾਵਾਂ ਅਨੁਸਾਰ ਹੀ ਗੁਲਾਮੀ ਉਨ੍ਹਾਂ ਉੱਤੇ ਘੱਟ ਜਾਂ ਵੱਧ ਗਲਬਾ ਪਾਉਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਮੋਹ ਸਕਣ ਤੋਂ ਵੀ ਅਸਮਰੱਥ ਰਹਿੰਦੀ ਹੈ।

ਧਰਮ ਦਾ ਸੰਬੰਧ ਕਿਉਂਕਿ ਮਨੁੱਖ ਦੀ ਰੂਹ ਦੇ ਸਫ਼ਰ ਨਾਲ ਹੈ ਇਸ ਲਈ ਇਸ ਪ੍ਰਤੀ ਗਿਣਤੀ ਮਿਣਤੀ ਵਾਲੀ ਪਹੁੰਚ ਨਹੀਂ ਅਪਣਾਈ ਜਾ ਸਕਦੀ। ਇਹ ਮਸਲੇ ਹੋਰ ਹਨ। ਇੱਥੇ ਗੱਲਾਂ ਆਪੋ ਆਪਣੀਆਂ ਹਨ, ਵਾਟਾਂ ਵੀ ਤੇ ਕਦਮ ਵੀ ਆਪੋ ਆਪਣੇ ਹਨ। ਕਿਸੇ ਨਿਸ਼ਚਿਤ ਸਿਧਾਂਤਕ ਚੌਖਟੇ ਦੀ ਪੈਰਵਾਈ ਕਰਨ ਵਾਲੇ ਤੁਰਨ ਦੇ ਸਮਰੱਥ ਨਹੀਂ ਹੋ ਸਕਦੇ। ਇਸਦਾ ਵਿਚਾਰਧਾਰਕ ਸਪੱਸ਼ਟਤਾ ਨਾਲ ਦੂਰ ਦਾ ਵੀ ਨਾਤਾ ਨਹੀਂ। ਇਹ ਤਾਂ ਸੰਬੰਧਾਂ ਦੀ ਪਾਕੀਜ਼ਗੀ ਤੇ ਸ਼ਿੱਦਤ ਵਿੱਚੋਂ ਇਕ ਭੋਲੇ ਭਾਅ ਪ੍ਰਤੀਤੀ ਹੁੰਦੀ ਹੈ। ਜਿਸਦੀ ਨਿਰੰਤਰਤਾ ਸਿਧਾਂਤਾਂ ਵਰਗੇ ਦੋਮ ਦਰਜਾ ਰੱਖਣ ਵਾਲੇ ਪੱਖਾਂ ਦੀ ਥਾਂ ‘ਤੇ ਪਛਾਣ ਬਾਰੇ ਠੀਕ ਨਜ਼ਰੀਆਂ ਬਣਾਉਣ ਲਈ ਵੀ ਜ਼ਮੀਨ ਤਿਆਰ ਕਰਦੀ ਹੈ। ਕੌਮਾਂ ਦੇ ਨਿਆਰੇਪਣ ਦੇ ਬਰਕਰਾਰ ਰਹਿਣ ਦੀ ਹਾਲਤ ਵਿੱਚ ਉਪਰੋਕਤ ਅਵਸਥਾ ਦ੍ਰਿਸ਼ਟਮਾਨ ਹੁੰਦੀ ਹੈ। ਇਸ ਨਿਆਰੇਪਣ ਨੂੰ ਬਰਕਰਾਰ ਰੱਖਣ ਤੇ ਚੌਗਿਰਦੇ ਨੂੰ ਇਸਦੀ ਰੌਸ਼ਨੀ ਨਾਲ ਭਰਪੂਰ ਰੱਖਣ ਲਈ ਇੱਕ ਵੱਖਰਾ ਮਾਹੌਲ ਅਤਿ ਜ਼ਰੂਰੀ ਹੈ। ਇਸ ਵੱਖਰੇ ਮਾਹੌਲ ਦਾ ਪ੍ਰਮੁੱਖ ਪਹਿਲੂ ਅਜਿਹੀ ਰਾਜਨੀਤਿਕ ਵਿਵਸਥਾ ਹੈ ਜਿਸ ਤਹਿਤ ਸਮਾਜ ਦੇ ਸਭ ਨਾਕਾਰਾਤਮਕ ਤੇ ਸਾਕਾਰਾਤਮਕ ਰੁਝਾਨਾਂ ਦੇ ਤੁਰਨ ਦਾ ਕੰਟਰੋਲ ਕਿਸੇ ਹੋਰ ਤਾਕਤ ਦੇ ਹੱਥ ਨਾ ਹੋ ਕੇ ਸੰਬੰਧਤ ਕੌਮ ਦੇ ਹੱਥ ਹੀ ਹੋਵੇ। ਅਜਿਹਾ ਕਿਸੇ ਕੌਮ ਵਿਸ਼ੇਸ਼ ਦੇ ਆਪਣੇ ਆਜ਼ਾਦ ਪ੍ਰਭੂਸੱਤਾ ਸੰਪੰਨ ਰਾਜ ਦੀ ਹਾਲਤ ਵਿੱਚ ਹੀ ਸੰਭਵ ਹੈ। ਸੂਚਨਾ ਤਕਨੀਕ ਅਤੇ ਸੰਸਾਰੀਕਰਨ ਦੇ ਅਨੇਕ ਰੁਝਾਨਾਂ ਦੇ ਗਾਲਬ ਹੋਣ ਦੇ ਬਾਵਜੂਦ ਆਜ਼ਾਦ ਰਾਜ ਦੇ ਰੂਪ ਵਿਚ ਇਹ ਸੰਭਵ ਹੈ। ਜਾਂ ਦੂਜੇ ਸ਼ਬਦਾਂ ਵਿਚ ਆਜ਼ਾਦ ਰਾਜ ਦੀ ਕਾਇਮੀ ਬਗੈਰ ਇਸਦਾ ਹੋਰ ਕੋਈ ਵੀ ਬਦਲ ਸਾਹਮਣੇ ਨਹੀਂ ਹੈ। ਇਹ ਇੱਕ ਸੱਚਾਈ ਹੈ। ਜਿਸਦੀ ਸੰਤ ਅਸੰਤ ਸਭ ਨੂੰ ਸੋਝੀ ਹੈ ਤੇ ਸਭ ਆਪੋ ਆਪਣੀ ਦਿਸ਼ਾ ਅਖ਼ਤਿਆਰ ਕਰਦੇ ਹਨ।

ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕਰ ਆਏ ਹਾਂ, ਬਦੀ ਦੀਆਂ ਤਾਕਤਾਂ ਦਾ ਹਰ ਕਦਮ ਹਊਮੈ ਦੀ ਤੁੱਛਤਾ ਵਿਚ ਹੀ ਖੜ੍ਹਾ ਹੁੰਦਾ ਹੈ। ਇਸ ਲਈ ਕੋਈ ਉਸਾਰੂ ਦਿਸ਼ਾ ਅਖ਼ਤਿਆਰ ਕਰਨ ਦੀ ਬਜਾਏ ਉਹ ਮਨ ਦੀ ਸਾਜਿਸ਼ੀ ਘੁਣਤਰਬਾਜ਼ੀ ਵਿਚ ਹੀ ਜਿਊਂਦੀਆਂ ਹਨ। ਅਧੂਰੇ ਰਾਹਾਂ ਦੇ ਜੰਤ ਆਪਣੇ ਖਾਸ ਰਾਹ ਦੇ ਹਸੀਨ ਨਜ਼ਾਰਿਆਂ ਵਿਚਲੇ ਇਸ਼ਾਰੇ ਅਨੁਭਵ ਕਰ ਪੂਰੇ ਰਾਹ ਦੇ ਸਨਮੁੱਖ ਹੋਣ ਦੀ ਬਜਾਏ ਇਕ ਹੋਛੀ ਜ਼ਿੱਦਬਾਜ਼ੀ ਵਿੱਚੋਂ ਪੂਰੇ ਰਾਹ ਦੇ ਨਿਆਰੇਪਣ ਨੂੰ ਖ਼ਤਮ ਕਰ ਉਸਨੂੰ ਆਪਣੇ ਧਰਾਤਲ ‘ਤੇ ਡੇਗਣ ਦੇ ਬਚਗਾਨਾ ਮਨਸੂਬਿਆਂ ’ਤੇ ਉੱਤਰ ਆਉਂਦੇ ਹਨ। ਸਥਿਤੀ ਦਾ ਸਭ ਤੋਂ ਖ਼ਤਰਨਾਕ ਪੱਖ ਇਹ ਹੈ ਕਿ ਅਜਿਹਾ ਕਰਦਿਆਂ ਉਹ ਗੁਨਾਹਗਾਰ ਵਾਲੀ ਨਹੀਂ, ਕਾਫ਼ਰ ਵਾਲੀ ਦਸ਼ਾ ਵਿੱਚ ਜਿਉਂਦੇ ਹਨ। ਸਿੱਟੇ ਵਜੋਂ ਨੈਤਿਕਤਾ ਜਾਂ ਸ਼ਿਸ਼ਟਾਚਾਰ ਦੇ ਕਿਸੇ ਵੀ ਮਿਆਰ ਦਾ ਬਚੇ ਰਹਿਣਾ ਕਲਪਨਾ ਤੋਂ ਪਰ੍ਹੇ ਦੀ ਗੱਲ ਹੋ ਨਿੱਬੜਦੀ ਹੈ। ਇਨਸਾਨ ਨੂੰ ਉਸਦੇ ਅਸਲ ਕੇਂਦਰ ਤੋਂ ਤੋੜ ਗੁਲਾਮੀ ਵਿੱਚ ਜਕੜਨ ਲਈ ਇਨਸਾਨੀਅਤ ਦੇ ਨਾਮ ਦਾ ਹੀ ਸਿਰ ਨੀਵਾਂ ਕਰ ਦੇਣ ਵਾਲੀਆਂ ਕੁਟਿਲ ਤੋਂ ਕੁਟਿਲ ਸਾਜ਼ਿਸ਼ਾਂ, ਅਤਿ ਨਿਰਦਾਇਤਾ ਭਰੇ ਜਬਰੋ ਜ਼ੁਲਮ, ਔਰਤਾਂ ਦੀ ਬੇਪੱਤੀ ਅਤੇ ਧਾਰਮਿਕ ਅਸਥਾਨਾਂ ਉੱਪਰ ਹਮਲੇ ਆਦਿ ਦੇ ਰੂਪ ਵਿਚ ਬਦੀ ਦੀਆਂ ਤਾਕਤਾਂ ਆਪਣੇ ਰੂਪ ਵਿਖਾਉਂਦੀਆਂ ਹਨ। ਇੱਥੇ ਇਹ ਗੱਲ ਖਾਸ ਤੌਰ ਉੱਤੇ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਹ ਸਭ ਕੁੱਝ ਕੇਵਲ ਕਿਸੇ ਖਿਝ, ਈਰਖਾ, ਦਵੈਤ ਜਾਂ ਵੈਰ ਭਾਵ ਵਿੱਚੋਂ ਹੀ ਨਹੀਂ ਹੁੰਦਾ। ਇਸ ਸਭ ਕੁਝ ਦੇ ਨਾਲ ਨਾਲ ਪੰਡਤਾਊਪੁਣੇ ਦੇ ਸਿਖਰਲੇ ਰੂਪ ਵੀ ਆਪਣੇ ਜੌਹਰ ਵਿਖਾ ਰਹੇ ਹੁੰਦੇ ਹਨ। ਇਨਸਾਨ ਦੀ ਹਸਤੀ ਨੂੰ ਖਲਾਵਾਂ ਵਿੱਚ ਰੋਲ ਦੇਣ ਲਈ ਨਿਸ਼ਾਨੇ ਵਜੋਂ ਚੁਣੇ ਜਾਂਦੇ ਉਸ ਦੀ ਰੂਹ ਦੇ ਸੂਖਮ ਤੇ ਸਥੂਲ ਕੇਂਦਰਾਂ ਦੀ ਪਛਾਣ ਪਿੱਛੇ ਕੰਮ ਕਰ ਰਹੇ ਬੁੱਧੀ ਦੇ ਤੇਜ਼ ਰੂਪ ਵਾਰ-ਵਾਰ ਇਹ ਦ੍ਰਿੜ ਕਰਵਾਉਂਦੇ ਹਨ ਕਿ ਅਕਲ ਦੀ ਬਾਰੀਕੀ ਵਿੱਚ ਸ਼ੈਤਾਨ ਕਿੱਥੋਂ ਤੱਕ ਜਾ ਸਕਦਾ ਹੈ।

ਉਪਰੋਕਤ ਖਿਆਲ ਦੀ ਜ਼ਾਮਨੀ ਭਰਨ ਵਾਲੀਆਂ ਘਟਨਾਵਾਂ ਦੀ ਇਤਿਹਾਸ ਵਿਚ ਇੱਕ ਲੰਮੀ ਲੜੀ ਹੈ। ਜਿਨ੍ਹਾਂ ਵਿੱਚੋਂ ਸਭ ਤੋਂ ਨੇੜੇ ਦੀ ਘਟਨਾ ਮੱਛਰੀ ਬਾਹਮਣੀ ਦੇ ਰਾਜ ਵਿਚ ਕੀਤਾ ਗਿਆ ਦਰਬਾਰ ਸਾਹਿਬ ਉੱਤੇ ਹਮਲਾ ਹੈ, ਜਿਸਨੂੰ ਕਿ ਲੋਕ ਸਾਕਾ ਨੀਲਾ ਤਾਰਾ ਦੇ ਤੌਰ ‘ਤੇ ਜਾਣਦੇ ਹਨ। ਅਕ੍ਰਿਤਘਣਾਂ ਵੱਲੋਂ ਕੀਤੀ ਗਈ ਇਹ ਕੋਝੀ ਹਰਕਤ ਅਸਲ ਵਿੱਚ ਇੱਕ ਘਟਨਾ ਨਹੀਂ ਇੱਕ ਅਮਲ ਹੈ। ਉੱਪਰਲੀ ਵਿਚਾਰ ਦੇ ਪ੍ਰਸੰਗ ਵਿੱਚ ਵੇਖਿਆ ਇਹ ਉਹ ਅਮਲ ਹੈ ਜੋ ਸਿੱਖੀ ਦੇ ਪ੍ਰਕਾਸ਼ ਦੀ ਘੜੀ ਤੋਂ ਹੀ ਸ਼ੁਰੂ ਹੋ ਗਿਆ ਸੀ। ਹਿੰਦੂਆਂ ਦੀ ਸਮੂਹਿਕ ਚੇਤਨਤਾ ਅਤੇ ਇਸ ਵਿਚਲਾ ਸਾਰਾ ਪੰਡਤਾਊਪੁਣਾ ਇਕਾਗਰ ਹੋ ਕੇ ਇਸੇ ਗੱਲ ਲਈ ਘਾਤ ਲਾਈ ਬੈਠਾ ਸੀ ਕਿ ਇਸ ਅਮਲ ਦੀ ਸਿਖਰ, ਜੋ ਜੂਨ ਚੁਰਾਸੀ ਦੇ ਘੱਲੂਘਾਰੇ ਦੇ ਰੂਪ ਵਿੱਚ ਸਾਹਮਣੇ ਆਈ ਲਈ ਢੁੱਕਵਾਂ ਸਮਾਂ ਕਦੋਂ ਆਉਂਦਾ ਹੈ? ਢੁੱਕਵੇਂ ਸਮੇਂ ਤੋਂ ਭਾਵ ਸੀ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੇਕ ਗੁਰਧਾਮਾਂ ਉੱਪਰ ਹਮਲੇ ਤੋਂ ਪਹਿਲਾਂ ਇਨ੍ਹਾਂ ਦੇ ਸਿੱਖ ਕੌਮ ਦੀ ਰੂਹ ਵਿੱਚਲੇ ਸਰੂਪ ਨੂੰ ਖ਼ਤਮ ਕਰਨਾ। ਇਹ ਤਲਖ ਹਕੀਕਤ ਹੈ ਕਿ ਸਿੱਖ ਕੌਮ ਦੇ ਨੁਮਾਇੰਦਿਆਂ ਦੇ ਲਾਪਰਵਾਹੀ ਭਰੇ ਅਵੇਸਲੇਪਨ ਅਤੇ ਗੈਰ ਜਿੰਮੇਵਾਰਾਨਾ ਵਿਹਾਰ ਸਦਕਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਮਦ ਤੋਂ ਪਹਿਲਾਂ ਹਿੰਦੂ ਕਾਫ਼ੀ ਹੱਦ ਤੱਕ ਇਸ ਵਿੱਚ ਕਾਮਯਾਬ ਵੀ ਹੋ ਚੁੱਕੇ ਸਨ। ਇਸ ਕਾਮਯਾਬੀ ਸਦਕਾ ਹੀ ਹੈ ਕਿ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ ਕੌਮ ਉਸ ਜ਼ੋਰ ਨਾਲ ਜੁਆਬ ਨਾ ਦੇ ਸਕੀ, ਜਿਸ ਨਾਲ ਕਿ ਦਿੱਤਾ ਜਾਣਾ ਬਣਦਾ ਸੀ। ਮਹਾਂਰਾਣੀ, ਉਸਦੇ ਸਲਾਹਕਾਰਾਂ ਅਤੇ ਪੂਨੇ ਵਾਲੇ ਫੌਜੀ, ਦੀ ਸੁਧਾਈ, ਜੇ ਇਹ

ਕੰਮ ਕਰਨ ਵਾਲੇ ਯੋਧਿਆਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹੋਰ ਸੂਰਬੀਰਾਂ ਦੀ ਸੂਰਮਤਾਈ ਦੇ ਨੁਕਤੇ ਤੋਂ ਵੇਖੀਏ ਤਾਂ ਇਹ ਮਹਾਨ ਕਾਰਨਾਮੇ ਹਨ, ਜੋ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਜਿਨ੍ਹਾਂ ਦਾ ਇਤਿਹਾਸ ਵਿਚ ਰੁਤਬਾ ਹਮੇਸ਼ਾ ਹੀ ਬੁਲੰਦੀ ਵਾਲਾ ਰਹੇਗਾ। ਸਿੰਘਾਂ ਦੀਆਂ ਸ਼ਾਨਾਂ ਭਰੀਆਂ ਸ਼ਹੀਦੀਆਂ ਇਸ ਦਾ ਅਗਲਾ ਕਾਂਡ ਹੈ ਜੋ ਕਿ ਹਮੇਸ਼ਾ ਹੀ ਬਰਾਬਰ ਦੇ ਅਦਬ ਸਤਿਕਾਰ ਨਾਲ ਵੇਖਿਆ ਜਾਂਦਾ ਰਹੇਗਾ। ਪਰ ਜੇ ਇਸਨੂੰ ਪੂਰੀ ਕੌਮ ਦੇ ਨੁਕਤੇ ਤੋਂ ਵੇਖੀਏ ਤਾਂ ਐਨੀ ਵੱਡੀ ਬੇਪੱਤੀ ਦਾ ਐਨਾ ਕੁ ਜੁਆਬ ਕਾਫ਼ੀ ਨਹੀਂ ਹੈ। ਅੱਜ ਦੀ ਘੜੀ ਤੱਕ ਕੌਮ ਦੇ ਸਾਹਮਣੇ ਇੱਕ ਵੱਡੀ ਨਮੋਸ਼ੀ ਦੇਣ ਵਾਲਾ ਮਿਹਣਾ ਹੈ। ਐਨੀ ਵੱਡੀ ਬੇਪੱਤੀ ਤੋਂ ਬਾਅਦ ਕੌਮ ਦਾ ਪ੍ਰਤੀਕਰਮ ਇਹੀ ਚਾਹੀਦਾ ਸੀ ਕਿ ਇਤਿਹਾਸ ਬਦਲ ਜਾਂਦਾ। ਖ਼ੈਰ ਅਸੀਂ ਤਾਂ ਫਿਰ ਵੀ ਇਹੀ ਆਖਾਂਗੇ ਕਿ ਇਹ ਮਿਹਣਾ ਅੱਜ ਦੀ ਘੜੀ ਤੱਕ ਹੈ। ਰੱਬ ਦੇ ਘਰ ਵਿਚ ਦੇਰ ਹੈ, ਹਨੇਰ ਨਹੀਂ। ਆਪਣੇ ਸੇਵਕਾਂ ਦੀਆਂ ਤੇਗਾਂ ਨੂੰ ਜ਼ੋਰ ਰੱਬ ਸੱਚੇ ਨੇ ਹੀ ਬਖਸ਼ਣਾ ਹੈ।

ਹੁਣ ਜੇ ਪਹਿਲੇ ਪ੍ਰਸੰਗ ਵੱਲ ਪਰਤੀਏ ਤਾਂ ਅਸੀਂ ਵੇਖਾਂਗੇ ਕਿ ਸਿੱਖੀ ਦੇ ਪ੍ਰਗਟ ਹੋਣ ਦੀ ਘੜੀ ਤੋਂ ਸ਼ੁਰੂ ਹੋਈਆਂ ਬ੍ਰਾਹਮਣੀ ਸਾਜ਼ਿਸ਼ਾਂ ਦੇ ਇਸ ਅਮਲ ਦੀ ਇਸ ਸਿਖਰ ਦੇ ਇਸ ਖਾਸ ਰੂਪ ਦੇ ਕੁੱਝ ਹੋਰ ਕਾਰਨ ਹਨ। ਭਾਵੇਂ ਕਿ ਅਸਲ ਕਾਰਨ ਬਿਲਕੁੱਲ ਵੱਖਰੇ ਹਨ ਪਰ ਹਿੰਦੂਆਂ ਵੱਲੋਂ ਇਹੀ ਆਖਿਆ ਜਾਂਦਾ ਹੈ ਕਿ ਇਹ ਅਮਨ ਕਾਨੂੰਨ ਅਤੇ ਸੰਵਿਧਾਨ ਦੀ ਉਲੰਘਣਾ ਦਾ ਮਸਲਾ ਹੈ। ਇਸਦੇ ਜੁਆਬ ਵਿੱਚ ਅਸੀਂ ਇਹੀ ਆਖਾਂਗੇ ਕਿ ਅਜਿਹਾ ਬਿਲਕੁਲ ਨਹੀਂ ਤੇ ਉਹ ਝੂਠ ਬੋਲਦੇ ਹਨ। ਦੁਨੀਆ ਜੇਕਰ ਸਾਡੀ ਗੱਲ ‘ਤੇ ਯਕੀਨ ਨਹੀਂ ਕਰਦੀ ਤਾਂ ਦੁਨੀਆਂ ਇਸ ਬਾਰੇ ਸੋਚ! ਸਾਨੂੰ ਦੁਨੀਆਂ ਦੀ ਕੋਈ ਪਰਵਾਹ ਨਹੀਂ। ਕਿਉਂਕਿ ਇਸ ਗੱਲ ਉੱਤੇ ਯਕੀਨ ਨਾ ਕਰਨ ਦੇ ਦੋ ਹੀ ਕਾਰਨ ਹੋ ਸਕਦੇ ਹਨ-ਬੇਈਮਾਨੀ ਅਤੇ ਮੂਰਖਤਾ। ਦੋਹਾਂ ਹਾਲਤਾਂ ਵਿੱਚ ਹੀ ਅਸੀਂ ਕਿਸੇ ਨੂੰ ਸਮਝਾਉਣ ਜਾਂ ਦਲੀਲ ਦੇਣ ਦੀ ਕੋਈ ਲੋੜ ਨਹੀਂ ਸਮਝਦੇ। ਸਾਨੂੰ ਸੂਫ਼ੀ ਫ਼ਕੀਰ ਸੁਲਤਾਨ ਬਾਹੂ ਦੀ ਗੱਲ ਜਚਦੀ ਹੈ ਕਿ

“ਅੱਧੀ ਲਾਅਨਤ ਦੁਨੀਆਂ ਤਾਈਂ ਸਾਰੀ ਦੁਨੀਆਦਾਰਾਂ ਹੂ।”

ਹਾਂ, ਹੁਣ ਜੇ ਇਸ ਘੱਲੂਘਾਰੇ ਦੇ ਅਸਲ ਕਾਰਨਾਂ ਵੱਲ ਆਈਏ ਤਾਂ ਅਸੀਂ ਵੇਖਦੇ ਹਾਂ ਕਿ ਮਨੁੱਖ ਦੀ ਰੂਹ ਦੀ ਬੁਲੰਦੀ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਨੀਚ ਜਿਹੇ ਜੀਆ ਜੰਤ ਦੀ ਸਭ ਤੋਂ ਪਹਿਲੀ ਲੋੜ ਇਹ ਹੁੰਦੀ ਹੈ ਕਿ ਉਹ ਪੂਰੇ ਰਾਹ ਦੇ ਪਾਂਧੀਆਂ ਦੀ ਰੂਹ ਦੀ ਬੁਲੰਦ ਸ਼ਾਨ ਦੇ ਸਾਹਮਣੇ ਆਪਣੇ ਨਿਗੂਣੇਪਣ ਦੇ ਅਹਿਸਾਸ ਨੂੰ ਖ਼ਤਮ ਕਰਨ। ਕਿਉਂਕਿ ਬਦੀ ਦੇ ਕਰਿੰਦਿਆਂ ਲਈ ਇਹ ਕਿਵੇਂ ਵੀ ਸੰਭਵ ਨਹੀਂ ਹੁੰਦਾ ਕਿ ਉਹ ਕੋਈ ਸਾਰਥਕ ਦਿਸ਼ਾ ਅਖ਼ਤਿਆਰ ਕਰ ਉੱਤੇ ਉੱਠ ਸਕਣ, ਇਸ ਲਈ ਉਹ ਉੱਚੇ ਰੁਤਬੇ ਵਾਲਿਆਂ ਨੂੰ ਆਪਣੇ ਪੱਧਰ ਤੱਕ ਡੇਗਣ ਦਾ ਰਾਹ ਹੀ ਫੜਦੇ ਹਨ। ਮੌਜੂਦਾ ਪ੍ਰਸੰਗ ਵਿੱਚ ਵੇਖਿਆਂ, ਗੌਰੀ ਅਤੇ ਗਜ਼ਨਵੀ ਜਿਹਿਆਂ ਦੇ ਚੀਤਿਆਂ ਵਰਗੇ ਜੁਆਨਾਂ ਦੀਆਂ ਬੁੱਤਸ਼ਿਕਨੀ ਦੇ ਪਾਵਨ ਜਨੂੰਨ ਵਿਚ ਲਰਜ਼ਦੀਆਂ ਬਿਜਲੀ ਵਰਗੀਆਂ ਤੇਰ੍ਹਾਂ ਸਾਹਮਣੇ ਮਿਮਿਆਉਂਦੇ ਢਿੱਡਲ ਬਾਹਮਣਾਂ ਤੋਂ ਇਹੀ ਆਸ ਕੀਤੀ ਜਾਂਦੀ ਹੈ ਕਿ ਉਹ ਗਜ਼ਨੀ ਦੀ ਮਸੀਤ ‘ਚੋਂ ਸੋਮਨਾਥ ਦੇ ਦਰਵਾਜ਼ੇ ਲਾਹ ਲਿਆਉਣ ਦੀ ਸਮਰੱਥਾ ਰੱਖਣ ਵਾਲੇ ਸਿੱਖਾਂ ਨੂੰ ਸੱਤਾ ਦੇ ਜ਼ੋਰ ‘ਤੇ ਇਸ ਕਦਰ ਜ਼ਲੀਲ ਕਰਨ ਕਿ ਸਿੱਖਾਂ ਦੇ ਇਤਿਹਾਸ ਦਾ ਗੌਰਵ ਪ੍ਰਸੰਗਹੀਣ ਹੋ ਕੇ ਰਹਿ ਜਾਏ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਹਿੰਦੂ ਦੀ ਪ੍ਰਾਪਤੀ ਨਹੀਂ ਮਨਸੂਬਾ ਹੈ ਜੋ ਕਿ ਸਾਕੇ ਲਈ ਜ਼ਿੰਮੇਵਾਰ ਬਹੁਤਿਆਂ ਦੀ ਸੁਧਾਈ ਕਾਰਨ ਧਰਿਆ ਧਰਾਇਆ ਰਹਿ ਗਿਆ।

ਆਪਣੀ ਕਾਇਰਤਾ ਦੀ ਨਾਮੋਸ਼ੀ ਨੂੰ ਢੱਕਣ ਤੇ ਸੂਰਮਤਾਈ ਦਾ ਭਰਮਜਾਲ ਸਾਜਣ ਦੇ ਇਸ ਮਨਸੂਬੇ ਤੋਂ ਬਾਅਦ ਇਸ ਦੇ ਨਾਲ ਜੁੜਵਾਂ ਹੀ ਅਗਲਾ ਕਾਰਨ ਹੈ ਦੂਜੇ ਦੀ ਅਣਖ ਮੂਲੋਂ ਹੀ ਮੁਕਾ ਦੇਣ ਦੀ ਭਾਵਨਾ।

ਅਣਖ ਦੇ ਭਾਵ ਨੂੰ ਇਸ ਦੇ ਸ਼ਾਬਦਿਕ ਅਰਥ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਬੇਅਣਖ ਹੋਣ ਦਾ ਅਰਥ ਹੈ ਸਮਝੌਤਾਵਾਦੀ ਹੋਣਾ ਤੇ ਸਮਝੌਤਾਵਾਦੀ ਹੋਣ ਦਾ ਅਰਥ ਹੈ ਜੜ੍ਹ ਕੀਮਤਾਂ ਦੀ ਹੋਛੀ ਪੈਰਵਾਈ, ਜੋ ਇਨਸਾਨ ਦੀ ਹਸਤੀ ਦੇ ਤਖਲੀਕੀ (ਙਗਕ ਵਜਅਕ) ਹੁਸਨ ਦੇ ਬਿਲਕੁਲ ਉਲਟ ਦਿਸ਼ਾ ਖੜ੍ਹੀ ਕਰਦੀ ਹੈ। ਬੇਅਣਖ ਹੋਣ ਨਾਲ ਸਰੀਰ ਦੀ ਜੋ ਗੁਲਾਮੀ ਪੈਦਾ ਹੁੰਦੀ ਹੈ, ਉਸ ਨਾਲ ਸਰੀਰ ਭੋਗਾਂ ਵਿੱਚ ਇਸ ਕਦਰ ਗਲਤਾਨ ਹੋ ਜਾਂਦਾ ਹੈ ਕਿ ਭੋਗਾਂ ਦੇ ਰਸਾਂ ਤੋਂ ਵੀ ਮਹਿਰੂਮ ਹੋ ਕੇ ਰਹਿ ਜਾਂਦਾ ਹੈ। ਅਣਖ ਦੀ ਅਣਹੋਂਦ ਨਜ਼ਰ ਦੀ ਪਰਵਾਜ਼ ਨੂੰ ਕੰਧਾਂ ਕੌਲਿਆਂ ਤੋਂ ਗਾਂਹ ਨਹੀਂ ਜਾਣ ਦਿੰਦੀ। ਅਣਖ ਦੇ ਨਾਂ ਹੋਣ ਦਾ ਅਰਥ ਹੈ, ਮਰਦਊਪੁਣੇ ਦੀ ਮੁਕੰਮਲ ਅਣਹੋਂਦ। ਅਤੇ ਮਰਦਾਂ ਦੇ ਜੋਸ਼ੋ ਖਰੋਸ਼ ਅਤੇ ਜਨੂੰਨ ਬਗੈਰ ਜਿੰਦਗੀ ਦੀ ਧੜਕਣ ਵਿਚਲੀਆਂ ਮਿੱਠੀਆਂ ਤੇ ਨਾਜੁਕ ਤਾਨਾਂ ਦੇ ਹੁਲਾਰੇ ਨਹੀਂ ਲੈਂਦੀਆਂ। ਮਰਦਊਪੁਣੇ ਦੀ ਭਰਪੂਰ ਚੜ੍ਹਤਲ ਬਗੈਰ ਜ਼ਿੰਦਗੀ ਦੀ ਰੌਣਕ ਇਸ ਕਦਰ ਮੁੱਕ ਜਾਵੇਗੀ ਕਿ ਤ੍ਰਿੰਞਣ ਇਕ ਉਦਯੋਗ ਬਣ ਕੇ ਰਹਿ ਜਾਏਗਾ ਤੇ ਧਰਤੀ ਦੀ ਹੋਂਦ ਇੱਕ ਕਾਰਖਾਨੇ ਤੋਂ ਵੱਧ ਕੁਝ ਨਹੀਂ ਰਹੇਗੀ। ਮੁੱਕਦੀ ਗੱਲ ਜ਼ਿੰਦਗੀ ਦੇ ਪਾਰ ਲੰਘਾਉਣ ਵਾਲੇ ਤੱਤ (Transcending elements) ਹਿਰਸਾਂ ਦੀਆਂ ਅੰਨ੍ਹੀਆਂ ਧੂੜ੍ਹਾਂ ਵਿਚ ਗੁੰਮ ਹੋ ਕੇ ਰਹਿ ਜਾਣਗੇ। ਨਤੀਜੇ ਵਜੋਂ ਇਨਸਾਨੀ ਹਸਤੀ ਉਸ ਰਸਾਤਲ ਵਿਚ ਗਰਕ ਹੋ ਜਾਵੇਗੀ, ਜਿੱਥੇ ਰੁਹਾਨੀਅਤ ਦੀ ਗੱਲ ਬੇਮਾਅਨਾ ਲੱਗੇਗੀ ਤੇ ਇਸ ਸਭ ਕੁੱਝ ‘ਚੋਂ ਪੈਦਾ ਹੋਵੇਗੀ, ਗਿਲਾਨੀ, ਨੀਰਸਤਾ, ਕਪਟ, ਸਾਜ਼ਿਸ਼ਾਂ, ਚੋਰੀ, ਹਰਾਮਖੋਰੀ, ਆਲਸ, ਬੇਈਮਾਨੀ, ਸਵਾਰਥ, ਧੋਖਾਧੜੀ ਤੇ ਭ੍ਰਿਸ਼ਟਾਚਾਰ ਭਰੀ ਜ਼ਿੰਦਗੀ ਜਿਵੇਂ ਕਿ ਅੱਜ ਇਸ ‘ਭਾਰਤਵਰਸ਼’ ‘ਚ ਹੈ। ਅਜਿਹੀ ਜ਼ਿੰਦਗੀ ਬਦੀ ਦੀਆਂ ਤਾਕਤਾਂ ਨੂੰ ਠੀਕ ਬੈਠਦੀ ਹੈ। ਪੂਰੇ ਮਜਹਬ ਨਾਲ ਸੰਬੰਧਤ ਲੋਕਾਂ ਦੇ ਬੇਅਣਖ ਹੋ ਜਾਣ ਦਾ ਮਤਲਬ ਹੈ, ਉਨ੍ਹਾਂ ਦਾ ਆਪਣੇ ਸੋਮਿਆਂ ਤੋਂ ਟੁੱਟ ਜਾਣਾ। ਜਿਸ ਦਾ ਭਾਵ ਹੈ ਅਧੂਰੇ ਮਜ੍ਹਬਾਂ ਦੇ ਧਰਾਤਲ ਤੱਕ ਨਿੱਘਰ ਜਾਣਾ। ਅਧੂਰੇ ਰਾਹਾਂ ਦੇ ਧਾਰਨੀ ਅਣਖ ਦੇ ਸਾਰਥਕ ਤੇ ਹੁਸੀਨ ਪਹਿਲੂਆਂ ਦੀ ਪਛਾਣ ਰੱਖਣ ਜਾਂ ਨਾਂ ਪਰ ਉਹ ਇਹ ਜਾਣਦੇ ਹਨ ਕਿ ਬੇਅਣਖ ਹੋਣ ਤੋਂ ਕੀ ਭਾਵ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬੇਅਣਖ ਹੋਣ ਤੋਂ ਬਾਅਦ ਬੰਦਾ, ਬੰਦਾ ਨਾ ਰਹਿ ਕੇ ਬਾਦਲ ਬਣ ਜਾਂਦਾ ਹੈ। ਇਹੀ ਮਕਸਦ ਸੀ ਜਿਸ ਨੂੰ ਪੂਰਾ ਕਰਨ ਦੀ ਭਾਵਨਾ ਨਾਲ ਉਹ ਤੁਰੇ। ਤੇ ਇਸ ਲਈ ਕਿਸੇ ਕੌਮ ਦੀ ਰੁਹ ਵਿੱਚ ਕੇਂਦਰੀ ਸਥਾਨ ਦਾ ਦਰਜਾ ਰੱਖਣ ਵਾਲੇ ਗੁਰਧਾਮਾਂ ਦੀ ਬੇਹੁਰਮਤੀ ਉਨ੍ਹਾਂ ਨੂੰ ਇਸ ਆਸ ਨਾਲ ਠੀਕ ਲੱਗੀ ਕਿ ਉਹ ਤਾਂ ਬਾਅਦ ਵਿੱਚ ਚਿੜੀ ਵੀ ਫੜਕਣ ਨਹੀਂ ਦੇਣਗੇ।

ਕਿਸੇ ਕੌਮ ਲਈ ਅਤਿ ਸੰਵੇਦਨਸ਼ੀਲ ਥਾਂ ਹੁੰਦੀ ਹੈ ਉਸਦੇ ਧਰਮ ਅਸਥਾਨ ਤੇ ਕਿਸੇ ਕੌਮ ਨੂੰ ਤਬਾਹ ਕਰਨ ਦਾ ਮਨਸ਼ਾ ਰੱਖਣ ਵਾਲੇ ਕੌਮ ਵਿਸ਼ੇਸ਼ ਦੀ ਰੂਹ ਅੰਦਰੋਂ ਉਸ ਦੇ ਧਰਮ ਅਸਥਾਨਾਂ ਦਾ ਰੁਤਬਾ ਤੋੜਨ ਦਾ ਰਾਹ ਅਕਸਰ ਅਖ਼ਤਿਆਰ ਕਰਦੇ ਹਨ। ਬਿਲਕੁਲ ਇਹੀ ਮਨਸ਼ਾ ਲੈ ਕੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ।

ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਅਸਲ ਵਿੱਚ ਇੱਕ ਘਟਨਾ ਨਹੀਂ, ਇੱਕ ਅਮਲ ਹੈ। ਜੂਨ ਚੁਰਾਸੀ ਦਾ ਘੱਲੂਘਾਰਾ ਇਸ ਲੰਮੇ ਸਮੇਂ ਤੋਂ ਚੱਲ ਰਹੇ ਅਮਲ ਦੀ ਸਿਖਰ ਹੈ। ਇਸ ਅਮਲ ਦੇ ਪਹਿਲੇ ਪੜਾਵਾਂ ਵਿੱਚ ਅਨੇਕ ਸ਼ਾਤਰਾਨਾ ਹਥਕੰਡੇ ਵਰਤਦਿਆਂ ਸਿੱਖ ਗੁਰਧਾਮਾਂ ਦੀ ਵਿਲੱਖਣਤਾ ਅਤੇ ਨਿਆਰੇਪਣ ਨੂੰ ਖ਼ਤਮ ਕਰਨ ਦੇ ਯਤਨ ਸ਼ੁਰੂ ਕੀਤੇ ਗਏ। ਇਸ ਲਈ ਧਰਮ ਬਾਰੇ ਬਿਲਕੁਲ ਅਸਪੱਸ਼ਟ ਅਤੇ ਸਾਧਾਰਨੀਕ੍ਰਿਤ ਟਿੱਪਣੀਆਂ ਰਾਹੀਂ ਸਭ ਕੁੱਝ ਧੁੰਦਲਾ ਕਰ ਦੇਣ ਦਾ ਰਾਹ ਅਖ਼ਤਿਆਰ ਕੀਤਾ ਗਿਆ। ਦਾਰਸ਼ਨਿਕ ਪੱਖ ਤੋਂ ਪਹਿਲਾਂ ਹੀ ਵੇਦਾਂਤੀ ਮੁੱਖ ਧਾਰਾ ਦਾ ਅੰਗ ਪਰ ਆਪਣੇ ਆਪ ਨੂੰ ਨਿਰਪੱਖਤਾਵਾਦੀ (Secularist) ਕਹਾਉਣ ਵਾਲੇ ਆਧੁਨਿਕਤਾਵਾਦੀਆਂ ਦੀਆਂ ਵੱਖ-ਵੱਖ ਦਰਸ਼ਨ ਧਾਰਾਵਾਂ ਦੇ ਸੌੜੇ ਸਿਆਸੀ ਹਿੱਤਾਂ ਨੂੰ ਇਹ ਨੀਤੀ ਰਾਸ ਆਉਂਦੀ ਸੀ। ਪਰ ਇਸ ਤੱਥ ਤੋਂ ਕਿਵੇਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਲਾ ਪਾ ਕੇ ਉਹ ਸਭ ਹਿੰਦੂ ਫਿਰਕਾਪ੍ਰਸਤਾਂ ਦੇ ਹੱਕ ਵਿਚ ਹੀ ਭੁਗਤੇ। ਸਿਸਟਮ ਨੂੰ ਤੋੜ ਦੇਣ ਤੇ ਨਵਾਂ ਇਨਕਲਾਬ ਲਿਆਉਣ ਦੇ ਹਵਾਈ ਕਿਲੇ ਉਸਾਰਨ ਵਾਲੇ ਇਸ ਦੇ ਸਭ ਤੋਂ ਨਾਕਾਰਤਮਕ ਅਤੇ ਗਲ ਸੜ ਚੁੱਕੇ ਢਾਂਚੇ ਦੇ ਕਾਰਿੰਦੇ ਜਿਹੇ ਬਣ ਕੇ ਰਹਿ ਗਏ। ਅਜਿਹਾ ਸੁਭਾਵਿਕ ਹੀ ਸੀ। ਸਿਆਸੀ ਨਿਜ਼ਾਮ ਦੀ ਬਾਹਰੀ ਵਿਉਂਤਬੰਦੀ ਕਿਸੇ ਦਰਸ਼ਨ ਧਾਰਾ ਦੀ ਅੰਦਰਲੀ ਮੂਲ ਭਾਵਨਾ ਤੋਂ ਵੱਖਰਾ ਰਾਹ ਅਖ਼ਤਿਆਰ ਨਹੀਂ ਕਰ ਸਕਦੀ। ਵੇਦਾਂਤੀ ਨਜ਼ਰੀਆ ਰੱਖਣ ਵਾਲੀ ਕਥਿਤ ਆਧੁਨਿਕ ਸੋਚ ਦੇ ਪੈਰੋਕਾਰਾਂ ਨੇ ਹਿੰਦੂ ਸਾਮਰਾਜ ਦੇ ਫੀਲੇ ਬਣਨਾ ਹੀ ਸੀ। ਉਹ ਬਣੇ। ਤੇ ਉਨ੍ਹਾਂ ਅਸਪੱਸ਼ਟ ਤੇ ਸਾਧਾਰਨੀਕ੍ਰਿਤ ਟਿੱਪਣੀਆਂ ਰਾਹੀਂ ਸਿੱਖ ਗੁਰਧਾਮਾਂ ਨੂੰ ਹਿੰਦੂ ਤੀਰਥ ਅਸਥਾਨਾਂ ਨਾਲ ਰਲਗੱਡ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਹਿੰਦੂ ਤੀਰਥ ਅਸਥਾਨਾਂ ਦੇ ਖਿਲਾਫ਼ ਜਾਂਦੇ ਨੁਕਤੇ ਸਿੱਖ ਗੁਰਧਾਮਾਂ ਨੂੰ ਰੱਦ ਕਰਨ ਲਈ ਵਰਤਣੇ ਸ਼ੁਰੂ ਕਰ ਦਿੱਤੇ। ਸਭ ਚੋਰ ਹਨ, ਇਹ ਕਹਿਣ ਦਾ ਲਾਭ ਚੋਰ ਨੂੰ ਹੀ ਹੁੰਦਾ ਹੈ। ਇਸ ਤਰ੍ਹਾਂ ਨਿਸ਼ਚਿਤ ਤੌਰ ਉੱਤੇ ਉਪਰੋਕਤ ਅਮਲ ਦਾ ਲਾਭ ਹਿੰਦੂ ਅੱਤਵਾਦੀਆਂ ਨੂੰ ਹੀ ਹੋਇਆ। ਅਸਲ ਵਿਚ ਤਾਂ ਇਸ ਦੌਰ ਵਿਚ ਆਧੁਨਿਕਤਾਵਾਦੀਆਂ ਨੇ ਆਪਣੀ ਮੁਰਖਤਾ ਅਤੇ ਅਕਲ ਦੇ ਦਿਵਾਲੀਏਪਣ ਦਾ ਹੀ ਮੁਜ਼ਾਹਰਾ ਕੀਤਾ। ਉਨ੍ਹਾਂ ਇਹੀ ਜਿੱਦ ਫੜੀ ਰੱਖੀ ਕਿ ਸ਼ਬਦ ਸਿਰਫ਼ ਸ਼ਬਦ ਹੁੰਦੇ ਹਨ। ਇਸ ਲਈ ਉਹ ਵੀ ਤੀਰਥ, ਇਹ ਵੀ ਤੀਰਥ ਤੇ ਦੋਨੋਂ ਗਲਤ। ਉਹ ਇਹ ਜਾਣ ਨਾ ਸਕੇ ਕਿ ਧਰਮ ਤਾਂ ਕੀ ਕਿਸੇ ਦਰਸ਼ਨ-ਧਾਰਾ ਵਿਚ ਵੀ ਸ਼ਬਦ ਸਿਰਫ਼ ਸ਼ਬਦ ਨਹੀਂ ਹੁੰਦੇ ਬਲਕਿ ਉਚੇਰੇ ਸੰਕਲਪ ਹੁੰਦੇ ਹਨ। ਕਿਉਂਕਿ ਹਰ ਸ਼ਬਦ ਦਾ ਇੱਕ ਆਪਣਾ ਇਤਿਹਾਸਕ ਪਿਛੋਕੜ ਹੁੰਦਾ ਹੈ। ਜੋ ਕਿ ਉਸਨੂੰ ਬਿਲਕੁਲ ਵੱਖਰੇ ਤੇ ਮੌਲਿਕ ਅਰਥ ਮੁਹੱਈਆ ਕਰਵਾਉਂਦਾ ਹੈ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਤੋਂ ਪਹਿਲਾਂ ਇਸਦੇ ਰੁਤਬੇ ਨੂੰ ਖ਼ਤਮ ਕਰਨ ਲਈ ਲੰਮੀਆਂ ਮੁਹਿੰਮਾ ਵਿੱਢੀਆਂ ਗਈਆਂ ਤਾਂ ਜੋ ਹਮਲੇ ਤੋਂ ਬਾਅਦ ਕੌਮ ਵਿੱਚ ਜੋ ਰੋਸ ਜਾਗਣਾ ਚਾਹੀਦਾ ਹੈ, ਉਹ ਨਾਂ ਜਾਗੇ। ਤੇ ਸਿੱਟੇ ਵਜੋਂ ਇਕ ਵੱਡੀ ਬੇਪੱਤੀ ਤੋਂ ਬਾਅਦ ਕੌਮ ਦੀ ਅਣਖ ਨੂੰ ਮਾਰਦਿਆਂ ਹੋਇਆ ਇਹ ਰੁਤਬਾ ਬਿਲਕੁਲ ਖ਼ਤਮ ਕਰ ਦਿੱਤਾ ਜਾਵੇ ਤੇ ਸਿੱਖਾਂ ਨੂੰ ਰੂਹਾਨੀ ਪ੍ਰੇਰਣਾ ਦੇਣ ਵਾਲੇ ਇਸ ਅਮੁੱਕ ਸੋਮੇ ਤੋਂ ਅਲੱਗ- ਥਲੱਗ ਕਰ ਦਿੱਤਾ ਜਾਵੇ।

ਬਿਨਾਂ ਸ਼ੱਕ ਚੇਤਨਤਾ ਦੇ ਅਨੇਕ ਧਰਾਤਲ ਉਨ੍ਹਾਂ ਦੀ ਇਸ ਸਾ-ਜ਼ਸ਼ ਦਾ ਸ਼ਿਕਾਰ ਹੋਏ, ਜਿਨ੍ਹਾਂ ਦੀ ਨੁਮਾਇੰਦਗੀ ਮੁੱਖ ਤੌਰ ਉੱਤੇ ਬਾਦਲ-ਟੌਹੜਾ ਦਲੀਏ ਹੀ ਕਰਦੇ ਹਨ। ਹਿੰਦੂ ਆਪਣੇ ਇਸ ਮਾਅਰਕੇ ਤੋਂ ਕਾਫ਼ੀ ਬਿਫਰੇ ਹੋਏ ਵੀ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਇਤਿਹਾਸ ਵਿਚ ਇਨ੍ਹਾਂ ਬਾਦਲਕਿਆਂ ਨੇ ਜਿਊਂਦੇ ਨਹੀਂ ਰਹਿਣਾ। ਕੁਝ ਸਮਿਆਂ ਤੋਂ ਪਾਰ ਤਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਵਰਗੇ ਅਨੇਕ ਸੂਰਬੀਰਾਂ ਦੀਆਂ ਸ਼ਮਸ਼ੀਰਾਂ ਹੀ ਲਿਸ਼ਕਣੀਆਂ ਹਨ।

ਉਪਰਲੀ ਸਾਰੀ ਵਿਚਾਰ ਤੋਂ ਸਪੱਸ਼ਟ ਹੈ ਕਿ ਇਨਸਾਨ ਦੀ ਧੁਰੋਂ ਆਜ਼ਾਦ ਹਸਤੀ ਨੂੰ ਹਊਮੈ ਦੀ ਤੁੱਛਤਾ ‘ਚੋਂ ਉਪਜੀਆਂ ਸਾਜਿਸ਼ੀ ਬਣਤਾਂ ਤਹਿਤ ਗੁਲਾਮੀ ਦੀਆਂ ਭਟਕਣਾਂ ਵਿਚ ਰੋਲ ਦੇਣ ਵਾਲੀਆਂ ਬਦੀ ਦੀਆਂ ਤਾਕਤਾਂ ਮੌਜੂਦਾ ਪ੍ਰਸੰਗ ਵਿੱਚ ਹਿੰਦੂਆਂ ਦੇ ਰੂਪ ਵਿਚ ਸਾਹਮਣੇ ਆਈਆਂ। ਉਨ੍ਹਾਂ ਦੇ ਨਿਸ਼ਾਨੇ ਦਾ ਕੇਂਦਰ ਯਾਨੀ ਪੂਰੇ ਰਾਹ ਦਾ ਨਿਸ਼ਾਨ ਬੁਲੰਦ ਕਰਨ ਵਾਲੇ, ਮੁੱਖ ਤੌਰ ਉੱਤੇ ਸਿੱਖ ਸਨ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਹਿੰਦੂ ਸਿੱਖ ਕੌਮ ਨੂੰ ਗੁਲਾਮ ਬਣਾਉਣ ਵਿੱਚ ਕਾਮਯਾਬ ਹੋਏ ਜਾਂ ਨਹੀਂ? ਇਹ ਵੱਖਰੀ ਗੱਲ ਹੈ ਕਿ ਇਹ ਪ੍ਰਚੱਲਿਤ ਰੁਝਾਨ ਦੇ ਨੇੜੇ ਹੈ, ਪਰ ਅਸੀਂ ਇਸ ਸੁਆਲ ਨੂੰ ਸਪੱਸ਼ਟਤਾ ਦੀ ਘਾਟ ਅਤੇ ਅਪ੍ਰੋੜਤਾ ਵਿੱਚੋਂ ਪੈਦਾ ਹੋਇਆ ਮੰਨਦੇ ਹਾਂ। ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਗੁਲਾਮੀ ਦਾ ਸ਼ਿਕਾਰ ਕਦੇ ਵੀ ਕੌਮਾਂ ਨਹੀਂ ਹੋਇਆ ਕਰਦੀਆਂ, ਚੇਤੰਨਤਾ ਦੇ ਧਰਾਤਲ ਹੋਇਆ ਕਰਦੇ ਹਨ। ਚੇਤੰਨਤਾ ਦੇ ਵਿਭਿੰਨ ਧਰਾਤਲਾਂ ਦੇ ਪੱਧਰ, ਉਨ੍ਹਾਂ ਅੰਦਰਲੀ ਗਤੀ, ਤੇ ਉਤਰਾਅ-ਚੜਾਵਾਂ ਅਨੁਸਾਰ ਹੀ ਗੁਲਾਮੀ ਉਨ੍ਹਾਂ ਉੱਤੇ ਘੱਟ ਜਾਂ ਵੱਧ ਗਲਬਾ ਪਾਉਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਪੋਹ ਸਕਣ ਤੋਂ ਵੀ ਅਸਮਰੱਥ ਰਹਿੰਦੀ ਹੈ।

ਹੱਥਲੇ ਪ੍ਰਸੰਗ ਵਿਚ ਸਿੱਖ ਕੌਮ ਦੀ ਚੇਤੰਨਤਾ ਦੇ ਅਨੇਕ ਧਰਾਤਲ ਸ਼ੁਰੂ ਤੋਂ ਬਿਲਕੁਲ ਹੀ ਅਲਹਿਦਗੀ ‘ਤੇ ਵਿਚਰ ਰਹੇ ਹਨ। ਜਿਵੇਂ ਸਿੱਖਾਂ ਦੇ ਘਰਾਂ ਵਿਚ ਜੰਮਿਆਂ ਜਾਇਆਂ ਦਾ ਨਕਲੀ ਨਿਰੰਕਾਰੀਆਂ ਜਾਂ ਰਾਧਾ ਸੁਆਮੀਆਂ ਦੇ ਡੇਰਿਆਂ ਉੱਤੇ ਚਲੇ ਜਾਣਾ। ਉਨ੍ਹਾਂ ਦਾ ਚਲੇ ਜਾਣਾ ਆਪਣੇ ਆਪ ਵਿਚ ਹੀ ਇੱਕ ਬਹੁਤ ਵੱਡਾ ਤੱਥ ਹੈ। ਕੁਝ ਹੋਰ ਅਜਿਹੇ ਹਨ ਜਿਨ੍ਹਾਂ ਵਿਚ ਖੁਲ੍ਹੇਆਮ ਗੁਰੂ ਤੋਂ ਬੇਮੁੱਖਤਾ ਜ਼ਾਹਰ ਕਰਨ ਦੀ ਗਿਰਾਵਟ ਤਾਂ ਨਹੀਂ ਆਈ ਪਰ ਮਨ ਦੀਆਂ ਸੌੜੀਆਂ ਦਿਸ਼ਾਵਾਂ ਦੇ ਗਲਬੇ ਤਹਿਤ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਆਧੁਨਿਕ ਵਿਆਖਿਆ’ ਕਰਨ ਤੋਂ ਗੁਰੇਜ ਨਹੀਂ ਕਰਦੇ। ਇਨ੍ਹਾਂ ਗਰੀਬਾਂ ਦੀ ਵਿਭਿੰਨ ਦਰਸ਼ਨ ਧਾਰਾਵਾਂ ਬਾਰੇ ਸਮਝ ਏਨੀਂ ਪਤਲੀ ਤੇ ਸਤਹੀ ਹੈ ਕਿ ਇਸ ਧਿਰ ਦੀ ਰਹਿਨੁਮਾਈ ਕਰਨ ਵਾਲੇ ਅਨੇਕ ‘ਚਿੰਤਕ’ ਵੀ ਅਜਿਹੇ ਹਨ ਜੋ ਸਿੱਖੀ ਦੀ ਵਿਆਖਿਆ ਮਾਰਕਸਵਾਦ ਦੇ ਨੁਕਤੇ ਤੋਂ ਕਰਦੇ-ਕਰਦੇ ਇੱਛਾਵਾਦ (Voluntarism) ਦਾ ਸਹਾਰਾ ਲੈਣ ਲੱਗਦੇ ਹਨ। ਹੁਣ ਇਹ ਆਪਣੇ ਆਪ ਵਿੱਚ ਵੀ ਬਹੁਤ ਵੱਡਾ ਮਖੌਲ ਹੈ ਕਿ ਮਾਰਕਸਵਾਦੀ ਪਰੰਪਰਾ ਨੂੰ ਤੋੜਨ ਦੇ ਆਪਣੇ ਮਨਸ਼ੇ ਤਹਿਤ ਮਾਰਕਸਵਾਦ ਦੇ ਬਿਲਕੁਲ ਉਲਟ ਖੜ੍ਹੀ ਦਰਸ਼ਨ-ਧਾਰਾ ਇੱਛਾਵਾਦ (Voluntarism) ਦਾ ਆਸਰਾ ਲੈਣ ਦੇ ਰਾਹ ਤੁਰ ਪੈਂਦੇ ਹਨ ਜਦੋਂ ਉਹ ਆਖਦੇ ਹਨ ਕਿ ‘ਕੋਈ ਬੰਧਨ ਨਹੀਂ ਚਾਹੀਦੇ, ‘ਸਭ ਜਾਇਜ਼ ਹੈ’, ‘ਸਭ ਤੋੜ ਦਿਓ’ (ਆਦਿ-ਆਦਿ)। ਸ਼ਾਇਦ ਇਹ ‘ਚਿੰਤਕ’ ਚਿੰਤਨ ਕਰਕੇ ਨਹੀਂ ਚਿੰਤਾ ਕਰ-ਕਰ ਬਣੇ ਹਨ। ਵਡੇਰੇ ਪ੍ਰਸੰਗ ਵਿੱਚ ਵੇਖਿਆ ਇਹ ਚਿੰਤਾ ਇਨ੍ਹਾਂ ਦੀ ਜਰਜਰੀ ਬੇੜੀ ਦੇ ਡੁੱਬਣ ਦੇ ਅਗਾਊਂ ਅਹਿਸਾਸ ਦੀ ਤੇ ਅਮਲੀ ਪ੍ਰਸੰਗ ਵਿਚ ਇਹ ਚਿੰਤਾ ਇਨ੍ਹਾਂ ਦੇ ਅਣਐਲਾਨੇ ਮਾਲਕ ਹਿੰਦੂ ਦੀ ਮੁਕੰਮਲ ਖੁਸ਼ਨੂਦੀ ਹਾਸਲ ਕਰਨ ਦੇ ਲਕਸ਼ ਬਾਰੇ ਹੋ ਸਕਦੀ ਹੈ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਉਪਰੋਕਤ ਧਿਰ ਬਾਰੇ ਗੱਲ ਕਰਦਿਆਂ ਅਸੀਂ ਉੱਤਰ ਆਧੁਨਿਕਤਾਵਾਦੀਆਂ ਤੋਂ ਪਹਿਲਾਂ ਦੇ ਦੌਰ ਉੱਤੇ ਟਿੱਪਣੀ ਕਰ ਰਹੇ ਹਾਂ।

ਮੁੱਕਦੀ ਗੱਲ ਚੇਤੰਨਤਾ ਦੇ ਅਨੇਕ ਧਰਾਤਲ ਅਜਿਹੀਆਂ ਦਿਸ਼ਾਵਾਂ ਦੀ ਚੜ੍ਹਤਲ ਤਹਿਤ ਹਿੰਦੂ ਦੇ ਗੁਲਾਮ ਹੋਏ ਹਨ ਜੋ ਮਨੁੱਖ ਨੂੰ ਸਥੂਲ ਲੋੜਾਂ ਦੇ ਨਾਂ ‘ਤੇ ਗਲਤ ਢੰਗ ਨਾਲ ਸੋਸ਼ਿਤ ਕਰਦਿਆਂ ਇਨਸਾਨ ਦੀ ਹਸਤੀ ਦੀਆਂ ਅਸਲ ਲੋੜਾਂ ਨੂੰ ਧੂੜ ਵਿੱਚ ਰੋਲ ਦਿੰਦੀਆਂ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਇਸ ਧਿਰ ਦਾ ਸਿਆਸੀ ਨੁਮਾਇੰਦਾ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੀਆਂ ਅਸਲ ਲੋੜਾਂ ਨੂੰ ਅੱਖੋਂ ਪਰੋਖੇ ਕਰਦਿਆਂ ਬਿਜਲੀ ਦੇ ਬਿੱਲਾਂ ਦੀ ਛੋਟ ਨੂੰ ਹੀ ਉਨ੍ਹਾਂ ਦੀ ਲੋੜ ਬਣਾ ਕੇ ਉਨ੍ਹਾਂ ਨਾਲ ਅਤਿ ਕੋਝਾ ਮਜ਼ਾਕ ਕਰਦਾ ਹੈ। ਅਖ਼ੀਰ ਵਿੱਚ ਅਸੀਂ ਫਿਰ ਇਹੀ ਆਖਾਂਗੇ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਹੋਛੀ ਹਮਾਕਤ ਯਾਨੀ ਦਰਬਾਰ ਸਾਹਿਬ ਉੱਤੇ ਹਮਲਾ ਅਸਲ ਵਿੱਚ ਇਕ ਘਟਨਾ ਨਹੀਂ ਇੱਕ ਅਮਲ ਹੈ ਤੇ ਜੂਨ ਚੁਰਾਸੀ ਦਾ ਘੱਲੂਘਾਰਾ ਇਸ ਅਮਲ ਦੀ ਸਿਖਰ ਹੈ। ਤੇ ਇਸ ਲੰਮੇਰੇ ਅਮਲ ਤਹਿਤ ਸਿੱਖ ਕੌਮ ਦੀ ਚੇਤੰਨਤਾ ਦੇ ਅਨੇਕ ਧਰਾਤਲਾਂ ਨੂੰ ਹਿੰਦੂ ਆਪਣੇ ਗੁਲਾਮ ਬਣਾਉਣ ਵਿਚ ਕਾਮਯਾਬ ਹੋਏ ਹਨ। ਇਹੀ ਕਾਰਨ ਹੈ ਕਿ ਸਮੂਹਿਕ ਤੌਰ ਉੱਤੇ ਸਿੱਖ ਕੌਮ ਦੀ ਚੇਤੰਨਤਾ ਦੇ ਅਨੇਕ ਧਰਾਤਲਾਂ ਨੂੰ ਹਿੰਦੂ ਆਪਣੇ ਗੁਲਾਮ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇਹੀ ਕਾਰਨ ਹੈ ਕਿ ਸਮੂਹਿਕ ਤੌਰ ਉੱਤੇ ਸਿੱਖ ਕੌਮ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਕਦੇ ਨਾ ਭੁੱਲਣ ਵਾਲੇ ਅਪਮਾਨ ਦੀ ਅਕਹਿ ਪੀੜ ਨੂੰ ਉਸ ਤਰ੍ਹਾਂ ਤਾਜ਼ਾ ਨਹੀਂ ਰੱਖਿਆ ਜਿਵੇਂ ਗੈਰਤਮੰਦ ਕੌਮਾਂ ਰੱਖਿਆ ਕਰਦੀਆਂ ਹਨ। ਸਾਨੂੰ ਸੰਜੀਦਗੀ ਨਾਲ ਅਹਿਸਾਸ ਕਰਨਾ ਚਾਹੀਦਾ ਹੈ ਕਿ ਸਾਡਾ ਵੱਡਾ ਹਿੱਸਾ ਗੁਲਾਮ ਹੋ ਗਿਆ ਹੈ।

ਅੱਜ ਸਥਿਤੀ ਜਾਗਰੂਕ ਸਿੱਖਾਂ ਤੋਂ ਇਹ ਮੰਗ ਕਰਦੀ ਹੈ ਕਿ ਉਹ ਸਾਰੇ ਅਮਲ ਦੇ ਇਤਿਹਾਸਕ ਵਿਸ਼ਲੇਸ਼ਣ ਵਿੱਚੋਂ ਇੱਕ ਠੋਸ ਪਹੁੰਚ ਤਿਆਰ ਕਰਨ ਜਿਸ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਤੋੜਨ ਦੇ ਸਦੀਆਂ ਲੰਮੇ ਅਮਲ ਦੇ ਮੁਕਾਬਲੇ ਲਈ ਕੋਈ ਠੋਸ ਤੇ ਸੁਲਝੀ ਹੋਈ ਨੀਤੀ ਤਿਆਰ ਕਰਨ। ਸਾਨੂੰ ਇਹ ਹੱਕ ਨਹੀਂ ਕਿ ਆਪਣੇ ਗੁਲਾਮ ਹੋ ਚੁੱਕੇ ਭਰਾਵਾਂ ਨੂੰ ਨਫ਼ਰਤ ਕਰੀਏ। ਗੁਲਾਮਾਂ ’ਤੇ ਤਰਸ ਹੀ ਕਰਨਾ ਪੈਣਾ ਹੈ। ਦਰਸ਼ਨ ਧਾਰਾਵਾਂ ਦੇ ਜਿਨ੍ਹਾਂ ਵਾਵਰੋਲਿਆਂ ਨੂੰ, ਮਨੁੱਖੀ ਮਨ ਦੀਆਂ ਵਿਅਕਤੀਗਤ ਲੋੜਾਂ ਨਾਲ ਜੋੜਦਿਆਂ, ਹਿੰਦੂ ਨੇ ਅਤਿ ਮੱਕਾਰੀ ਭਰੇ ਢੰਗ ਨਾਲ ਵਰਤਿਆ ਹੈ, ਉਨ੍ਹਾਂ ਦੇ ਥੋਥੇਪਣ ਨੂੰ ਜ਼ਾਹਰ ਕਰਦਿਆਂ ਧਰਮ ਦੀ ਅਸਲ ਭਾਵਨਾ ਨੂੰ ਸਿਰਜਣਾਤਮਕ ਸਾਹਿਤ ਅਤੇ ਚਿੰਤਨ ਦੇ ਉਚੇਰੇ ਰੂਪਾਂ ਵਿਚ ਸਾਹਮਣੇ ਲਿਆਉਂਦਿਆਂ ਉਸ ਦਾ ਸਰਲ ਤੋਂ ਸਰਲ ਪੱਧਰ ‘ਤੇ ਸੰਚਾਰ ਕਰਨਾ ਸਾਡੀ ਵੱਡੀ ਜ਼ਿੰਮੇਵਾਰੀ ਹੈ। ਇਹ ਜ਼ਿੰਮੇਵਾਰੀ ਸਾਨੂੰ ਨਿਭਾਉਣੀ ਹੀ ਪੈਣੀ ਹੈ।

ਕਿਉਂਕਿ ਗੁਰੂ ਦੇ ਦਰ ਨਾਲ ਜੋੜਦਿਆਂ ਮਨੁੱਖ ਨੂੰ ਉਸਦੇ ਪੂਰੇ ਸਵੈਮਾਣ ਵਿਚ ਖੜ੍ਹਾ ਕਰਨਾ ਇੱਕੋ ਇਕ ਰਾਹ ਹੈ, ਜਿਸਦਾ ਹੋਰ ਕੋਈ ਬਦਲ ਨਹੀਂ। ਸਿੱਖਾਂ ਦਾ ਆਪਣੇ ਗੁਰਧਾਮਾਂ ਨਾਲ ਜੁੜੇ ਹੋਣਾ ਹੀ ਉਨ੍ਹਾਂ ਨੂੰ ਬੇਪੱਤੀ ਦਾ ਅਹਿਸਾਸ ਕਰਵਾ ਸਕਦਾ ਹੈ। ਮੌਜੂਦਾ ਸਥਿਤੀ ਇਹ ਸਪੱਸ਼ਟ ਰੂਪ ਵਿਚ ਦਰਸਾਉਂਦੀ ਹੈ ਕਿ ਨਾਅਰਿਆਂ ਨਾਲ ਮਸਲੇ ਨੂੰ ਹੱਲ ਕਰਨ ਦਾ ਖਿਆਲ ਬਹੁਤ ਮੂਰਖਾਨਾ, ਬਚਗਾਨਾ ਅਤੇ ਗੈਰ ਜਿੰਮੇਵਾਰਾਨਾ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਿੱਖ ਜਦੋਂ ਗੁਰੂ ਅੱਗੇ ਮੱਥਾ ਟੇਕਦਾ ਹੈ ਤਾਂ ਗੁਰੂ ਅੱਗੇ ਹੀ ਟੇਕੇ। ਗੁਰੂ ਨੂੰ ਮੱਥਾ ਟੇਕਦਿਆਂ ਉਹ ਕਿਸੇ ਹੋਰ ਰਾਹ ਜਾਂ ਵਿਚਾਰਧਾਰਾ ਦਾ ਦਮ ਨਾ ਭਰੇ। ਕਿਉਂਕਿ ਖਿਆਲਾਂ ਦੀਆਂ ਤੰਦਾਂ ਹੀ ਹਨ ਜੋ ਗੁਰਧਾਮਾਂ ਨੂੰ ਜਾਂਦੇ ਰਾਹ ਵਿਚ ਘਾਤਕ ਮੱਕੜੀ ਜਾਲ ਬੁਣਦੀਆਂ ਹਨ। ਉਪਨਿਸ਼ਦਾਂ ਦੀ ਅਗਵਾਈ ਵਿਚ ਚੱਲਣ ਵਾਲੀਆਂ ਇਨ੍ਹਾਂ ਕਥਿਤ ਆਧੁਨਿਕ ਅਤੇ ਉੱਤਰ-ਆਧੁਨਿਕ ਖਿਆਲ ਤੰਦਾਂ ਦੇ ਜਾਲ ਖ਼ਤਮ ਕਰਨੇ ਅੱਜ ਪਹਿਲੀ ਤੇ ਅਣਸਰਦੀ ਲੋੜ ਹੈ। ਗੁਰਧਾਮਾਂ ਦਾ ਰੁਤਬਾ ਕੌਮ ਵਿਚ ਬਹਾਲ ਕਰਨ ਦਾ ਕਾਰਜ ਇੱਥੋਂ ਹੀ ਆਰੰਭ ਹੋਵੇਗਾ। ਅਸੀਂ ਇਹ ਮੰਨਦੇ ਹਾਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਰਗੀ ਕੋਈ ਗੁਰਮੁਖ ਹਸਤੀ ਇਹ ਕੰਮ ਰਾਤੋ-ਰਾਤ ਵੀ ਕਰ ਸਕਦੀ ਹੈ। ਪਰ ਅਸੀਂ ਇਹ ਵੀ ਆਖਾਂਗੇ ਕਿ ਚੇਤੰਨਤਾ ਦੇ ਸਾਰੇ ਧਰਾਤਲਾਂ ਨੂੰ ਇਕਸੁਰ ਕਰ ਨਾਲ ਤੋਰਨ ਅਤੇ ਮਹਾਂਪੁਰਖਾਂ ਦੀ ਗੈਰਹਾਜ਼ਰੀ ਵਿੱਚ ਵੀ ਕੌਮ ਦਾ ਸੰਤੁਲਨ ਬਣਾਈ ਰੱਖਣ ਲਈ ਉਪਰੋਕਤ ਕਾਰਜ ਇਕ ਅਣਸਰਦੀ ਲੋੜ ਹੈ।

ਬਾਕੀ, ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਗੁਨਾਹਗਾਰ ਨਹੀਂ, ਕਾਫ਼ਰ ਹਨ। ਇਸ ਲਈ ਸਜ਼ਾ ਵਿੱਚ ਸਖ਼ਤੀ ਦੀ ਕੋਈ ਵੀ ਹੱਦ ਨਹੀਂ ਮਿੱਥੀ ਜਾ ਸਕਦੀ। ਨਾਲੇ ਤਖਲੀਕੀ ਹੁਸਨ ਦਾ ਪ੍ਰਗਟਾਉ ਸਮਸ਼ੀਰਾਂ ਦੇ ਬਲਦੇ ਜਲਾਲ ਵਿੱਚੋਂ ਹੀ ਹੁੰਦਾ ਹੈ।

ਸਾਕਾ ਨੀਲਾ ਤਾਰਾ ਕਿਉਂ ਕੌਣ ਜ਼ਿੰਮੇਵਾਰ ਤੇ ਕਿਵੇਂ ਰੁਕੇ?

ਡਾ. ਗੁਰਮੀਤ ਸਿੰਘ, ਐਡਵੋਕੇਟ

ਆਪਰੇਸ਼ਨ ਬਲੂ ਸਟਾਰ 1984 ਆਪਣੇ ਆਪ ਵਿਚ ਇੱਕ ਵੱਖਰਾ ਤੇ ਇਤਿਹਾਸਕ ਸਾਕਾ ਸੀ ਜਿਸ ਨੇ ਸਿੱਖ ਕੌਮ ਤੇ ਸਿੱਖ ਇਤਿਹਾਸ ਨੂੰ ਨਾਂ ਕੇਵਲ ਇੱਕ ਨਵਾਂ ਮੋੜ ਦਿੱਤਾ ਸਗੋਂ ਇੱਕ ਨਵੇਂ ਰਾਹ ‘ਤੇ ਚੱਲਣ ਲਈ ਮਜਬੂਰ ਕੀਤਾ।

1849 ਵਿਚ ਜਦੋਂ ਅੰਗਰੇਜਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਦਾ ਹਿੱਸਾ ਬਣਾ ਲਿਆ ਤੇ ਇਸਦੀ ਸਿੱਖ ਹੋਂਦ ਖਤਮ ਕਰ ਦਿੱਤੀ ਤਾਂ ਇਸਨੇ ਸਿੱਖਾਂ ਨੂੰ ਮਨੋਵਿਗਿਆਨਕ ਤੌਰ ‘ਤੇ ਭਾਰੀ ਧੱਕਾ ਪਹੁੰਚਾਇਆ ਕਿਉਂਕਿ ਰਣਜੀਤ ਸਿੰਘ ਸਮੇਂ ਤੇ ਉਸ ਤੋਂ ਬਾਅਦ ਵੀ ਸਿੱਖ ਰਾਜ ਸਮੇਂ ਹਰ ਸਿੱਖ ਆਪਣੇ ਆਪ ਨੂੰ ਰਾਜ ਭਾਗ ਵਿਚ ਹਿੱਸੇਦਾਰ ਸਮਝਦਾ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਨੂੰ ਇੰਟਰਨੈਸ਼ਨਲ ਸੰਧੀਆਂ ਵਿਚ ਸਿੱਖ ਧਰਤੀ (ਸਿੱਖ ਲੈਂਡਜ਼) ਵਜੋਂ ਸਵੀਕਾਰਿਆ ਜਾਂਦਾ ਸੀ ਤੇ ਬਹੁਤ ਸਾਰੀਆਂ ਸੰਧੀਆਂ ਜਿਵੇਂ ਚੀਨ-ਤਿੱਬਤ- ਸਿੱਖ ਸੰਧੀ ਵਿੱਚ ‘ਖਾਲਸਾ ਜੀਓ’ ਨੂੰ ਬਤੌਰ “ਖੁਦਮੁਖਤਾਰ” ਸਵੀਕਾਰਿਆ ਗਿਆ ਸੀ। ਇਸੇ ਤਰ੍ਹਾਂ ‘ਅੰਮ੍ਰਿਤਸਰ ਨੂੰ ਸਿੱਖ ਸਦਾ ਹੀ ਆਪਣੀ ਧਾਰਮਿਕ ਰਾਜਧਾਨੀ ਗਿਣਦੇ ਅਤੇ ਸਮਝਦੇ ਹਨ ਤੇ ਰਾਜ ਭਾਵੇਂ ਮੁਗਲਾਂ ਦਾ ਹੋਵੇ, ਅੰਗਰੇਜ਼ਾਂ ਦਾ ਹੋਵੇ, ਭਾਵੇਂ ਹਿੰਦੂ ਦਾ, ਸਿੱਖਾਂ ਨੇ ਕਦੇ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜ ਦਾ ਦਾਖਲ ਹੋਣਾ ਬਰਦਾਸ਼ਤ ਨਹੀਂ ਕੀਤਾ। 1721 ਤੋਂ ਲੈ ਕੇ ਅੱਜ ਤੱਕ ਸਿੱਖ ਦਰਬਾਰ ਸਾਹਿਬ ਤੇ ਉਸਦੇ ਆਲੇ ਦੁਆਲੇ ਨੂੰ ਆਪਣੀ ਖੁਦਮੁਖਤਾਰ ਜੱਦੀ ਰਿਆਸਤ ਸਮਝਦਾ ਆਇਆ ਹੈ ਤੇ ਇਸ ਵਿੱਚ ਕਿਸੇ ਰਾਜਸੀ ਸ਼ਕਤੀ ਦਾ ਦਖਲ ਬਰਦਾਸ਼ਤ ਨਹੀਂ ਕਰਦਾ।

1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਤਾਂ ਖਾਲਸੇ ਨੇ ਬਦਲਾ ਲੈਣ ਲਈ ਦੀਵਾਲੀ ‘ਤੇ ਭਾਰੀ ਸਰਬੱਤ ਖ਼ਾਲਸਾ ਕਰਕੇ ਫੈਸਲਾ ਕੀਤਾ। ਇਹ ਪਤਾ ਲੱਗਣ ‘ਤੇ ਅਬਦਾਲੀ ਜਾਨ ਬਚਾ ਕੇ ਵਾਪਸ ਆਪਣੇ ਦੇਸ਼ ਭੱਜ ਗਿਆ। ਉਸ ਤੋਂ ਬਾਅਦ ਅਬਦਾਲੀ ਨੇ ਸਿੱਖਾਂ ਨੂੰ ਸਮਝੌਤਾ ਕਰਨ ਲਈ ਕਈ ਸੁਨੇਹੇ ਭੇਜੇ ਤੇ ਪੰਜਾਬ ਦੀ ਗਵਰਨਰੀ ਵੀ ਸਿੱਖਾਂ ਨੂੰ ਦੇਣੀ ਕੀਤੀ ਪਰ ਸਿੱਖਾਂ ਨੇ ਕੋਈ ਸਮਝੌਤਾ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਹ ਪੰਜਾਬ ਨੂੰ ਆਪਣੇ ਗੁਰੂਆਂ ਤੋਂ ਆਈ, ਜੱਦੀ ਜਾਇਦਾਦ ਸਮਝਦੇ ਹਨ ਤੇ ਇਸ ਧਰਤੀ ਬਾਰੇ ਹੋਰ ਕਿਸੇ ਦਾ ਕੋਈ ਹੱਕ ਨਹੀਂ ਸਵੀਕਾਰਦੇ। ਸ਼ਾਇਦ ਜੇ ਉਸ ਵੇਲੇ ਦੇ ਸਿੱਖ ਅੱਜ ਦੇ ਬਾਦਲ, ਲੌਂਗੋਵਾਲ ਜਾਂ ਟੌਹੜਾ ਸਾਹਿਬ ਵਰਗੇ ਹੁੰਦੇ ਤਾਂ ਭੱਜ ਕੇ ਸਮਝੌਤਾ ਕਰ ਲੈਂਦੇ ਤੇ ਅਬਦਾਲੀ ਨੂੰ ਜੱਫੀ ਪਾ ਕੇ ਮਿੱਤਰ ਬਣਾ ਲੈਂਦੇ। ਪਰ ਉਸ ਸਮੇਂ ਦੇ ਸਿੱਖ, ਕੁਝ ਧਾਰਮਕ ਤੇ ਰਾਜਸੀ ਕਦਰਾਂ ਤੋਂ ਜਾਣੂੰ ਸਨ ਤੇ ਸਿੱਖੀ ਲਈ ਕੁਝ ਵੀ ਤਿਆਗ ਸਕਦੇ ਸਨ।

ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ ਜਦ ਸਿੱਖ ਹਾਰ ਗਏ ਤੇ ਨਾਬਾਲਗ ਸਿੱਖ ਮਹਾਰਾਜੇ ਦਲੀਪ ਸਿੰਘ ਦਾ ਵਾਲੀ (Guardian) ਅੰਗਰੇਜ਼ ਬਣ ਬੈਠਾ ਤਾਂ ਸਿੱਖ ਫੌਜੀਆਂ ਨੂੰ ਨਿਹੱਥੇ ਕਰਨ ਲਈ ਅੰਗਰੇਜ਼ ਨੇ ਹੁਕਮ ਜਾਰੀ ਕੀਤਾ ਕਿ ਸਿੱਖ ਆਪਣੇ ਹਥਿਆਰ ਜਮ੍ਹਾਂ ਕਰਵਾ ਦੇਣ। ਕੁਝ ਨਿਹੰਗ ਸਿੰਘਾਂ ਨੇ ਇਹ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਅਕਾਲ ਤਖ਼ਤ ‘ਤੇ ਸ਼ਰਣ ਲੈ ਲਈ। ਕੁਝ ਅੰਗਰੇਜ਼ੀ ਫੌਜੀ ਤੇ ਇਕ ਅਫਸਰ ਅਕਾਲ ਤਖਤ ‘ਤੇ ਜੁੱਤੀਆਂ ਸਮੇਤ ਪਹੁੰਚ ਗਏ ਤਾਂ ਕਿ ਹਥਿਆਰ ਖੋਹ ਸਕਣ। ਨਿਹੰਗਾਂ ਨੇ ਉਨ੍ਹਾਂ ਫੌਜੀਆਂ ਨੂੰ ਮਾਰ ਮੁਕਾਇਆ। ਬਾਅਦ ਵਿਚ ਹੋਰ ਅੰਗਰੇਜ਼ ਫੌਜਾਂ ਭੇਜੀਆਂ ਗਈਆਂ ਤੇ ਨਿਹੰਗ ਫੜ ਲਏ ਗਏ। ਉਨ੍ਹਾਂ ‘ਤੇ ਮੁਕੱਦਮਾ ਚੱਲਿਆ ਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਜਦੋਂ ਉਹ ਕੈਦ ਵਿੱਚ ਸਨ ਤਾਂ ਸਿੱਖਾਂ ਵਿਚ ਏਨਾ ਰੋਸ ਜਾਗਿਆ ਕਿ ਅੰਗਰੇਜ਼ਾਂ ਨੂੰ ਖਤਰਾ ਪੈਦਾ ਹੋ ਗਿਆ ਕਿ ਪੰਜਾਬ ਵਿੱਚ ਸਿੱਖ ਬਗਾਵਤ ਕਰ ਦੇਣਗੇ। ਬਰਤਾਨਵੀ ਹਕੂਮਤ ਨੂੰ ਇਹ ਰਿਪੋਰਟ ਮਿਲਣ ‘ਤੇ ਉਨ੍ਹਾਂ ਨਿਹੰਗ ਸਿੰਘ ਕੈਦੀਆਂ ਨੂੰ ਪੰਜਾਬ ਤੋਂ ਬਾਹਰ ਬਰੇਲੀ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਤੇ ਉੱਥੇ ਹੀ ਫਾਂਸੀ ਲਾਈ ਗਈ। ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਗ੍ਰੰਥੀ ਨੇ ਵੀ ਅੰਗਰੇਜ਼ ਫੌਜੀਆਂ ਦੇ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲੇ ਅਤੇ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਜਿਸ ‘ਤੇ ਉਸ ਸਮੇਂ ਦੇ ਅੰਗਰੇਜ਼ ਰੇਜ਼ੀਡੈਂਟ ਮਿਸਟਰ ਐਚ.ਐਮ. ਲਾਰੰਸ ਨੇ ਮਿਤੀ 24 ਮਾਰਚ 1847 ਨੂੰ ਹੁਕਮ ਜਾਰੀ ਕੀਤਾ ਕਿ, “ਅੰਮ੍ਰਿਤਸਰ ਦੇ ਗ੍ਰੰਥੀਆਂ ਨੇ ਸ਼ਿਕਾਇਤ ਭਰੀ ਨਾਰਾਜ਼ਗੀ ਵਿਖਾਈ ਹੈ ਇਸ ਲਈ ਗਵਰਨਰ ਜਨਰਲ ਦੇ ਹੁਕਮ ਅਨੁਸਾਰ, ਸਭ ਸੰਬੰਧਿਤ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਹਕੂਮਤ ਬਰਤਾਨੀਆਂ ਦਾ ਕੋਈ ਵੀ ਸ਼ਹਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਇਸ ਦੇ ਚੌਗਿਰਦੇ ਵਿਚ ਬੂਟ ਪਾ ਕੇ ਨਹੀਂ ਜਾਏਗਾ। ਸਿੱਖਾਂ ਨੂੰ ਕੋਈ ਤੰਗ ਨਹੀਂ ਕਰੇਗਾ ਨਾ ਹੀ ਉਨ੍ਹਾਂ ਦੇ ਮਸਲੇ ਵਿਚ ਦਖਲਅੰਦਾਜ਼ੀ ਕਰੇਗਾ। ਜੁੱਤੀਆਂ ਸਰੋਵਰ ਦੇ ਕੋਨੇ ਕੋਲ ਬਣੇ ਬੁੰਗੇ ਕੋਲ ਉਤਾਰੀਆਂ ਜਾਣ ਤੇ ਕੋਈ ਵੀ ਜੁੱਤੀਆਂ ਪਾ ਕੇ ਸਰੋਵਰ ਦੇ ਇਰਦ-ਗਿਰਦ ਨਹੀਂ ਘੁੰਮੇਗਾ।”

ਫੌਜੀਆਂ ਨੂੰ ਮਿਲਟਰੀ ਦਾ ਪੁਰਾਣਾ ਇਤਿਹਾਸ ਪੜ੍ਹਾਇਆ ਜਾਂਦਾ ਹੈ ਪਰ ਲੱਗਦਾ ਹੈ ਭਾਰਤੀ ਫੌਜ ਦੇ ਅਫਸਰਾਂ ਨੇ ਇਤਿਹਾਸ ਦਾ ਇਹ ਵਾਕਿਆ ਨਹੀਂ ਸੀ ਪੜ੍ਹਿਆ। ਇਸ ਕਾਰਨ ਹੀ ਉਨ੍ਹਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਗਲਤੀ ਕੀਤੀ ਜਿਸ ਕਾਰਨ ਭਾਰਤੀ ਫੌਜ ਵਿਚ ਸਿੱਖ ਸਿਪਾਹੀਆਂ ਨੇ ਪਹਿਲੀ ਵਾਰੀ ਧਾਰਮਿਕ ਜਜ਼ਬਾਤ ਜ਼ਖਮੀ ਹੋਣ ਕਾਰਨ ਬਗਾਵਤ ਕੀਤੀ। ਇਹ ਕਾਲੇ ਪੰਨੇ ਵਜੋਂ ਜਾਣਿਆ ਜਾਏਗਾ ਤੇ ਪੜ੍ਹਾਇਆ ਜਾਏਗਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਅਤੇ ਸਿਆਣੇ ਹੁਕਮਰਾਨ ਪਿਛਲੀਆਂ ਗਲਤੀਆਂ ਨਹੀਂ ਦੁਹਰਾਉਂਦੇ ਸਗੋਂ ਉਨ੍ਹਾਂ ਤੋਂ ਸਬਕ ਸਿੱਖਦੇ ਹਨ। ਪਰ ਭਾਰਤੀ ਹੁਕਮਰਾਨਾਂ ਦਾ ਤਾਂ ਆਵਾ ਹੀ ਊਤਿਆ ਪਿਆ ਹੈ।

ਜਦੋਂ ਅੰਗਰੇਜ਼ ਭਾਰਤ ਛੱਡਣ ਲੱਗੇ ਸਨ ਤਾਂ ਉਨ੍ਹਾਂ ਦੀ ਇਹ ਰਾਇ ਸੀ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਕੋਈ ਆਪਸੀ ਸਮਝੌਤਾ ਹੋ ਜਾਵੇ ਤਾਂ ਕਿ ਪੰਜਾਬ ਦਾ ਬਟਵਾਰਾ ਨਾ ਹੋਵੇ। ਇਸ ਕੋਸ਼ਿਸ਼ ਨੂੰ ਰੋਕਣ ਲਈ ਭਾਰਤ ਦੇ ਹਿੰਦੂ ਲੀਡਰਾਂ ਨੇ ਸਿੱਖਾਂ ਨਾਲ ਕਈ ਵਾਅਦੇ ਕੀਤੇ ਇਥੋਂ ਤਕ ਕਿ 27 ਅਗਸਤ 1947 ਨੂੰ ਸੰਵਿਧਾਨ ਸਭਾ ਨੇ ਰੇਜ਼ੋਲੂਸ਼ਨ ਪਾਸ ਕੀਤਾ ਕਿ ਪੂਰਬੀ ਪੰਜਾਬ ਵਿਚ ਘੱਟ ਗਿਣਤੀਆਂ ਦੇ ਹੱਕਾਂ ਦਾ ਮਸਲਾ ਬਾਅਦ ਵਿੱਚ ਵਿਚਾਰਿਆ ਜਾਵੇਗਾ। ਇਸ ਤਰ੍ਹਾਂ ਸਿੱਖਾਂ ਨੂੰ ਇਹ ਉਮੀਦ ਬੰਨ੍ਹਾਈ ਗਈ ਕਿ ਉਨ੍ਹਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ। ਸੰਵਿਧਾਨ ਸਭਾ ਦੇ ਮੈਂਬਰ ਕੇ.ਐਮ. ਮੁਨਸ਼ੀ ਨੇ ਤਰਮੀਮ ਪੇਸ਼ ਕੀਤੀ ਕਿ ਪੂਰਬੀ ਪੰਜਾਬ ਦੀ ਹਾਲਤ ਨੂੰ ਨਜ਼ਰ ਵਿੱਚ ਰੱਖਦੇ ਹੋਏ ਸਿੱਖਾਂ ਦੇ ਪੂਰੇ ਸਵਾਲ ‘ਤੇ ਬਾਅਦ ਵਿੱਚ ਗੌਰ ਹੋਵੇਗਾ। ਪਰ ਬਾਅਦ ਵਿਚ ਸਿੱਖਾਂ ਦੇ ਨੁਮਾਇੰਦੇ ਸ. ਹੁਕਮ ਸਿੰਘ ਨੇ ਇਸ ਬਾਰੇ ਸੰਵਿਧਾਨ ਸਭਾ ਵਿਚ ਇਤਰਾਜ਼ ਵੀ ਕੀਤਾ। ਉਨ੍ਹਾਂ ਨੇ 14 ਅਕਤੂਬਰ 1949 ਨੂੰ ਸੰਵਿਧਾਨ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਜੇਕਰ ਸਿੱਖਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦੇਣੇ ਸਨ ਤਾਂ ਉਪਰੋਕਤ ਰੈਜ਼ੂਲੇਸ਼ਨ ਦੀ ਲੋੜ ਹੀ ਕੀ ਸੀ? ਸਿੱਖਾਂ ਨੇ ਭਾਰਤੀ ਸੰਵਿਧਾਨ ਨੂੰ ਰੱਦ ਕਰ ਦਿੱਤਾ ਪਰੰਤੂ ਹਿੰਦੂ ਲੀਡਰਸ਼ਿਪ ਨੇ ਸਿੱਖਾਂ ਦੀ ਲੀਡਰਸ਼ਿਪ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਨਾਲ ਸਿੱਖ ਇਹ ਮਹਸੂਸ ਕਰਨ ਲੱਗ ਪਏ ਕਿ ਭਾਰਤ ਵਿਚ ਉਹ ਇਕ ਨਾ- ਪਸੰਦ ਸ਼ਹਿਰੀ ਹਨ। ਇਸਨੇ ਸਿੱਖਾਂ ਦੀ ਵੱਖਵਾਦ ਦੀ ਭਾਵਨਾ ਨੂੰ ਪੈਦਾ ਕੀਤਾ। ਸੰਵਿਧਾਨ ਦੀ ਧਾਰਾ 25 ਵਿਚ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਤੇ ਇਸ ਤਰ੍ਹਾਂ ਸਿੱਖਾਂ ਦੀ ਆਜ਼ਾਦ ਹਸਤੀ ਖਤਮ ਕਰਨ ਦਾ ਪ੍ਰਯਤਨ ਕੀਤਾ ਗਿਆ। ਸਿੱਖਾਂ ਨੇ ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੰਵਿਧਾਨ ਦੀ ਇਸ ਧਾਰਾ ਨੂੰ ਸ਼ਰੇਆਮ ਸਾੜਿਆ। ਇੰਦਰਾਂ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਤੌਰ ‘ਤੇ 2 ਜੂਨ 1984 ਨੂੰ ਰੇਡੀਓ ਤੋਂ ਬੋਲਦਿਆਂ ਸਿੱਖਾਂ ਨਾਲ ਵਾਅਦਾ ਕੀਤਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਨੂੰਨੀ ਸਲਾਹਕਾਰਾਂ ਦੀ ਰਾਏ ਨਾਲ ਇਸ ਬਾਰੇ ਸੰਵਿਧਾਨ ਵਿਚ ਬਦਲੀ ਕਰੇਗੀ। ਪਰ ਕਹਿੰਦੇ ਹਨ, “ਉਹ ਵਾਅਦੇ ਹੀ ਕਿਆ ਜੋ ਵਫ਼ਾ ਹੋ ਗਏ” ਹਿੰਦੂ ਲੀਡਰਾਂ ਨੇ ਕਦੇ ਸਿੱਖਾਂ ਨਾਲ ਵਫ਼ਾ ਨਹੀਂ ਕੀਤੀ ਤੇ ਅੱਜ 2003 ਤਕ ਸੰਵਿਧਾਨ ਵਿਚ ਇਸ ਬਾਰੇ ਕੋਈ ਤਬਦੀਲੀ ਨਹੀਂ ਕੀਤੀ ਗਈ ਹਾਲਾਂਕਿ ਸਰਕਾਰ ਵਲੋਂ ਨਿਯੁਕਤ Constitutional Review Commission ਨੇ ਵੀ 2002 ਵਿੱਚ ਆਪਣੀ ਰਿਪੋਰਟ ਵਿੱਚ ਸਿੱਖਾਂ ਦੀ ਇਸ ਮੰਗ ਨੂੰ ਵਾਜਬ ਕਰਾਰ ਦਿੱਤਾ ਹੈ।

ਪੰਜਾਬ ਨੂੰ ਰੱਬ ਨੇ ਪਾਣੀਆਂ ਤੋਂ ਸਿਵਾਏ ਕੋਈ ਹੋਰ ਖਣਿਜ ਪਦਾਰਥ ਦੀ ਕੁਦਰਤੀ ਦਾਤ ਨਹੀਂ ਦਿੱਤੀ ਤੇ ਇਸ ਧਰਤੀ ਦੇ ਲੋਕਾਂ ਦਾ ਜੀਵਨ ਖੇਤੀਬਾੜੀ ‘ਤੇ ਹੀ ਨਿਰਭਰ ਹੈ ਪਰ ਭਾਰਤ ਦੀ ਕੇਂਦਰੀ ਸਰਕਾਰ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਜਿਸ ‘ਤੇ ਪੰਜਾਬ ਦਾ ਕਿਸਾਨ ਭੜਕ ਉੱਠਿਆ। ਪੰਜਾਬ ਦਾ ਕਿਸਾਨ ਇਹ ਕਦੀ ਬਰਦਾਸ਼ਤ ਨਹੀਂ ਕਰਦਾ ਕਿ ਉਸਦੇ ਹੱਕਾਂ ਦਾ ਪਾਣੀ ਕੋਈ ਹੋਰ ਲੈ ਜਾਵੇ ਤੇ ਪੰਜਾਬ ਵਿਚ ਸਭ ਤੋਂ ਵੱਧ ਝਗੜੇ, ਲੜਾਈਆਂ ਤੇ ਕਤਲ ਪਾਣੀ ਦੀ ਵਾਰੀ ‘ਤੇ ਹੀ ਹੁੰਦੇ ਹਨ। ਭਾਰਤ ਸਰਕਾਰ ਨੇ ਪਾਣੀਆਂ ਨੂੰ ਹੱਥ ਪਾ ਕੇ ਪੰਜਾਬ ਦੀ ਕਿਸਾਨੀ ਨੂੰ ਮਰਨ-ਮਾਰਨ ‘ਤੇ ਉਤਾਰੂ ਕਰ ਦਿੱਤਾ। ਪੰਜਾਬ ਦਾ 90% ਕਿਸਾਨ ਸਿੱਖ ਹੈ ਤੇ ਭਾਰਤ ਸਰਕਾਰ ਨੇ ਤਿੰਨ ਵਾਰ ਸੀਲਿੰਗ ਲਾਗੂ ਕਰਕੇ, ਇਕ ਵਾਰ ਬਟਵਾਰੇ ਵੇਲੇ, ਫਿਰ 1953 ਵਿੱਚ ਤੇ ਅਖੀਰ 1971 ਵਿੱਚ ਉਸਦੀ ਮਲਕੀਅਤ ਘਟਾ ਕੇ ਉਸਦੀ ਕਮਰ ਤੋੜ ਦਿੱਤੀ ਤੇ ਉਸ ਨੂੰ ਆਪਣਾ ਦੁਸ਼ਮਣ ਬਣਾ ਲਿਆ। ਸਿੱਖਾਂ ਵਿੱਚ ਜਾਗਰਤੀ ਲਿਆਉਣ ਲਈ ਪੰਥ ਰਤਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਉਸਾਰੂ ਹਿੱਸਾ ਪਾਇਆ।

ਅੰਤਰਰਾਸ਼ਟਰੀ ਸਥਿਤੀ ਨੇ ਵੀ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਕਿ ਵਿਸ਼ਵ ਦੀਆਂ ਮਹਾਨ ਸ਼ਕਤੀਆਂ ਇਸ ਖਿੱਤੇ ਵਿੱਚ ਦਿਲਚਸਪੀ ਲੈਣ ‘ਤੇ ਮਜ਼ਬੂਰ ਹੋ ਗਈਆਂ। ਅਫਗਾਨਿਸਤਾਨ ਵਿੱਚ ਰੂਸੀ ਫੌਜਾਂ ਦੀ ਮੌਜੂਦਗੀ ਨੇ ਅਮਰੀਕਾ ਨੂੰ ਚੌਕੰਨਿਆਂ ਕਰ ਦਿੱਤਾ। ਕਸ਼ਮੀਰ ਕਦੇ ਅਫਗਾਨਿਸਤਾਨ ਦਾ ਪ੍ਰਾਂਤ ਸੀ ਤੇ ਅਫਗਾਨ ਹੀ ਇਸਦਾ ਗਵਰਨਰ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤ ਕੇ ਪੰਜਾਬ ਰਾਜ ਦਾ ਹਿੱਸਾ ਬਣਾ ਦਿੱਤਾ। ਪਾਕਿਸਤਾਨ ਵਾਲੇ ਕਸ਼ਮੀਰ ਦੀ ਸਰਹੱਦ ਚੀਨ ਤੇ ਅਫਗਾਨਿਸਤਾਨ ਨਾਲ ਲੱਗਦੀ ਹੈ। ਇਸਨੇ ਪੰਜਾਬ ਦੀ ਭੂਗੋਲਿਕ ਮਹੱਤਤਾ ਵਧਾ ਦਿੱਤੀ। ਇਸ ਸਥਿਤੀ ਕਾਰਨ ਅੰਤਰਰਾਸ਼ਟਰੀ ਸ਼ਕਤੀਆਂ ਪੰਜਾਬ ਉੱਤੇ ਹੋਣ ਵਾਲੀਆਂ ਘਟਨਾਵਾਂ ‘ਤੇ ਤਿੱਖੀ ਨਜ਼ਰ ਰੱਖਣ ਲੱਗ ਪਈਆਂ ਪਰ ਸਿੱਖਾਂ ਦੀ ਲੀਡਰਸ਼ਿਪ ਅਜਿਹੀ ਸਥਿਤੀ ਨੂੰ ਕਦੇ ਵੀ ਸਮਝਣ ਤੇ ਨਿਪਟਣ ਵਿੱਚ ਸਮਰੱਥ ਨਹੀਂ ਸੀ ਉਹ ਤਾਂ ਕੇਵਲ ਲੋਕਾਂ ਨੂੰ ਮਰਨ-ਮਾਰਨ ਲਈ ਹੀ ਉਕਸਾ ਸਕਦੀ ਸੀ ਉਸਨੂੰ ਅੰਤਰਰਾਸ਼ਟਰੀ ਕਾਨੂੰਨ ਤੇ ਸੰਸਥਾਵਾਂ ਤੋਂ ਮਦਦ ਲੈਣ ਦੀ ਬਿਲਕੁਲ ਸਮਝ ਨਹੀਂ ਸੀ। ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਯੂਨੈਸਕੋ ਦੀ ਮਦਦ ਮੰਗੀ ਜਾ ਸਕਦੀ ਸੀ ਤਾਂ ਕਿ ਅਕਾਲ ਤਖਤ ਦੀ ਬਿਲਡਿੰਗ ਨੂੰ ਪੁੱਜੇ ਨੁਕਸਾਨ ਨੂੰ ਮੁਰੰਮਤ ਕਰਵਾਕੇ ਪੁਰਾਣੀ ਹਾਲਤ ਵਿਚ ਲਿਆਇਆ ਜਾ ਸਕੇ। ਜਦੋਂ ਤੁਰਕੀ ਨੇ ਗਰੀਸ ਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਖੰਡਰ ਬਣਾ ਦਿੱਤਾ ਸੀ ਤਾਂ ਯੂਨੈਸਕੋ ਨੇ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਪਹਿਲੀ ਹਾਲਤ ਵਿੱਚ ਲੈ ਆਂਦਾ ਸੀ। ਭਾਰਤੀ ਫੌਜ ਪੁਰਾਤਨ ਹਸਤ ਲਿਖਤਾਂ ਤੇ ਕਿਤਾਬਾਂ ਵੀ ਲੈ ਗਈ ਸੀ ਯੂਨੈਸਕੋ ਨੂੰ ਇਸ ਬਾਰੇ ਵੀ ਪਹੁੰਚ ਕੀਤੀ ਜਾ ਸਕਦੀ ਸੀ।

ਸਿੱਖ ਲੀਡਰਸ਼ਿਪ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਹ ਕਦੇ ਵੀ ਮਾਹਿਰਾਂ ਦੀ ਸਲਾਹ ਨਹੀਂ ਲੈਂਦੀ। ਹਰ ਸਿੱਖ ਆਪਣੇ ਆਪ ਨੂੰ ਦੁਨੀਆਂ ਨਾਲੋਂ ਵੱਧ ਸਮਝਦਾਰ ਤਸੱਵਰ ਕਰਦਾ ਹੈ। ਕਹਿੰਦੇ ਹਨ ਰੱਬ ਜਦੋਂ ਬੰਦੇ ਨੂੰ ਬਣਾਉਂਦਾ ਹੈ ਤਾਂ ਉਸਦੇ ਕੰਨ ਵਿਚ ਫੂਕ ਮਾਰਕੇ ਹੌਲੀ ਜਿਹੀ ਕਹਿੰਦਾ ਹੈ ਕਿ ਤੇਰੇ ਵਰਗਾ ਸਿਆਣਾ ਦੁਨੀਆਂ ਵਿਚ ਕਿਸੇ ਨੂੰ ਨਹੀਂ ਬਣਾਇਆ। ਹੋਰ ਕੌਮਾਂ ਬਾਰੇ ਤਾਂ ਪਤਾ ਨਹੀਂ ਪਰ ਸਿੱਖਾਂ ਬਾਰੇ ਇਹ ਗੱਲ ਸੌ ਫੀਸਦੀ ਸੱਚ ਹੈ। ਇਕ ਅੰਗਰੇਜ਼ ਲਿਖਾਰੀ ਨੇ ਲਿਖਿਆ ਸੀ ਕਿ ਮੈਂ ਇਕ ਸਿੱਖ ਨੂੰ ਪੁੱਛਿਆ ਤੁਹਾਡਾ ਲੀਡਰ ਕੌਣ ਹੈ ਤਾਂ ਉਸ ਉਤਰ ਦਿੱਤਾ ਕਿ ਅਕਾਲ ਪੁਰਖ। ਸਿੱਖ ਵਿਚ ਹੰਕਾਰ (ਥਪਰ) ਇਸ ਕਦਰ ਜ਼ਿਆਦਾ ਹੈ ਕਿ ਉਹ ਕਿਸੇ ਨੂੰ ਆਪਣਾ ਲੀਡਰ ਮੰਨਣ ਨੂੰ ਤਿਆਰ ਨਹੀਂ। ਇਸ ਕਾਰਨ ਸਿੱਖ ਲੀਡਰਸ਼ਿਪ ਦੂਜਿਆਂ ਦੇ ਮੁਕਾਬਲੇ ਸਦਾ ਹੀ ਸਿੱਖ ਸਿਆਸਤ ਤੋਂ ਦੂਰ ਰਹੀ ਸੂਝਵਾਨ ਜਮਾਤ ਸਦਾ ਹੀ ਸਿੱਖ ਸਿਆਸਤ ਤੋਂ ਦੂਰ ਰਹੀ ਹੈ। ਸਿੱਖ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਨਿਸ਼ਾਨੇ ਤੋਂ ਦੂਰ ਕਰ ਦੇਂਦੀਆਂ ਹਨ। ਉਨ੍ਹਾਂ ਦਾ उठीवा वै ‘Infiltration भडे Distraction”

ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਭਵਿੱਖ ਵਿੱਚ ਕੀਤਾ ਕੀ ਜਾਵੇ। ਮੇਰੀ ਰਾਇ ਵਿੱਚ ਸਭ ਤੋਂ ਚੰਗਾ ਤਰੀਕਾ ਤਾਂ ਇਹ ਹੈ ਕਿ ਸਿੱਖ ਸਮੱਸਿਆਵਾਂ ਦਾ ਅੰਤਰਰਾਸ਼ਟਰੀਕਰਨ ਕੀਤਾ ਜਾਵੇ। ਕੋਈ ਵੀ ਦੇਸ਼ ਆਪਣੀ ਅੰਤਰਰਾਸ਼ਟਰੀ ਬਰਾਦਰੀ ਵਿਚ ਬਦਨਾਮੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਅੰਤਰਰਾਸ਼ਟਰੀ ਦਬਾਅ ਪੈਣ ‘ਤੇ ਸਮਝੌਤਾ ਕਰਨ ‘ਤੇ ਮਜਬੂਰ ਹੋ ਜਾਂਦਾ ਹੈ। ਕਸ਼ਮੀਰ ਦੀ ਮਿਸਾਲ ਸਾਡੇ ਸਾਹਮਣੇ ਹੈ। ਅੰਤਰਰਾਸ਼ਟਰੀ ਘਟਨਾਵਾਂ ‘ਤੇ ਪੂਰੀ ਨਜ਼ਰ ਰੱਖੀ ਜਾਵੇ ਤੇ ਇਨ੍ਹਾਂ ਬਾਰੇ S.G.P.C. ਆਪਣਾ ਆਜ਼ਾਦ ਰਵੱਈਆ ਅਪਣਾਏ। ਇਸੇ ਤਰ੍ਹਾਂ ਹੀ ਦੂਜੇ ਦੇਸ਼ਾਂ ਦੀਆਂ ਸੰਸਥਾਵਾਂ ਵੀ ਸਿੱਖ ਹੱਕਾਂ ਦੀ ਰਾਖੀ ਲਈ ਆਪਣੀ ਆਜ਼ਾਦ ਪਾਲਿਸੀ ਬਣਾਉਣ। ਅਫਗਾਨਿਸਤਾਨ ਤੇ ਇਰਾਕ ਦੇ ਮਸਲੇ ਸਾਡੇ ਸਾਹਮਣੇ ਹਨ। ਅਫਗਾਨ ਪ੍ਰਧਾਨ ਨੇ ਸਿੱਖ ਡੈਪੂਟੇਸ਼ਨ ਨੂੰ ਯਕੀਨ ਦਵਾਇਆ ਹੈ ਕਿ ਜੋ ਸਰਕਾਰ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਹੋਂਦ ਵਿਚ ਆਏਗੀ ਉਸ ਵਿਚ ਇਕ ਅਫਗਾਨੀ ਸਿੱਖ ਨੂੰ ਮੰਤਰੀ ਬਣਾਇਆ ਜਾਏਗਾ। ਅਮਰੀਕਾ ਨੇ ਇਰਾਕ ਦੇ ਗੁਰਦੁਆਰੇ ਦੀ ਮੁਰੰਮਤ ਲਈ ਸਿੱਖ ਸੰਸਥਾਵਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਸਿੱਖ ਸਮੱਸਿਆਵਾਂ ਨੂੰ ਵਿਸ਼ੇ ਵਾਰ ਵੰਡ ਦਿੱਤਾ ਜਾਵੇ ਤੇ ਫੇਰ ਉਸ ਬਾਰੇ ਸਿੱਖਾਂ ਵਿੱਚ ਵਿਦਵਾਨ ਮਾਹਿਰ ਲੱਭੇ ਜਾਣ। ਹਰ ਇਕ ਵਿਦਵਾਨ ਨੂੰ ਉਸ ਸਮੱਸਿਆ ਦੇ ਹੱਲ ਲਈ ਸੁਝਾ ਦਿੱਤੇ ਜਾਣ। ਕਈ ਵਿਦਵਾਨਾਂ ਨੂੰ ਇਹ ਕੰਮ ਸੌਂਪਿਆ ਜਾਵੇ ਪਰ ਉਨ੍ਹਾਂ ਨੂੰ ਇਹ ਪਤਾ ਨਾ ਲੱਗੇ ਕਿ ਦੂਜਾ ਕੌਣ ਇਸ ਵਿਸ਼ੇ ‘ਤੇ ਕੰਮ ਕਰ ਰਿਹਾ ਹੈ। ਸਿੱਖ ਵਿਦਵਾਨਾਂ ਦੀਆਂ ਛੋਟੀਆਂ ਛੋਟੀਆਂ ਕਮੇਟੀਆਂ ਬਣਾਈਆਂ ਜਾਣ ਪਰ ਮੈਂਬਰ ਅਲੱਗ ਅਲੱਗ ਵਿਸ਼ਿਆਂ ਦੇ ਹੋਣ ਤਾਂਕਿ ਆਪਸੀ ਸਾੜ੍ਹ ਉਨ੍ਹਾਂ ਦੇ ਮੇਲ ਮਿਲਾਪ ਵਿੱਚ ਰੁਕਾਵਟ ਨਾ ਬਣੇ।

ਸਿੱਖ ਗੁਰਦੁਆਰਾ ਐਕਟ ਦੀ ਧਾਰਾ 144 ਹੇਠਾਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਚੀਫ ਮਨਿਸਟਰ ਗਵਰਨਰ ਜਾਂ ਕਿਸੇ ਵੀ ਸਰਕਾਰੀ ਅਫਸਰ ਨੂੰ ਗੁਰਦੁਆਰੇ ਦੇ ਮਾਮਲਿਆਂ ਵਿੱਚ ਦਖਲ ਦੇਣ ਦੇ ਇਲਜ਼ਾਮ ਵਿੱਚ ਤਲਬ ਕਰਕੇ ਉਨ੍ਹਾਂ ਨੂੰ ਜ਼ਰੂਰੀ ਹੁਕਮ ਦੇ ਸਕਦਾ ਹੈ।

ਦਫਾ 146 ਗੁਰਦੁਆਰਾ ਐਕਟ ਹੇਠਾਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਜਿਸਦੀਆਂ ਹੱਦਾਂ ਨੋਟੀਫਿਕੇਸ਼ਨ ਵਿੱਚ ਦਿੱਤੀਆਂ ਗਈਆਂ ਹਨ ਵਿੱਚ ਪੁਲਿਸ ਜਾਂ ਕੋਈ ਸਿਕਿਊਰਿਟੀ ਫੋਰਸ ਦੇ ਜਵਾਨ ਵਰਦੀ ਪਾ ਕੇ ਦਾਖਲ ਨਹੀਂ ਹੋ ਸਕਦੇ।

ਦਰਬਾਰ ਸਾਹਿਬ ਕੰਪਲੈਕਸ ਦੀ ਮਰਿਯਾਦਾ ਬਣਾਈ ਰੱਖਣ ਲਈ ਅਕਾਲ ਤਖਤ ਦੇ ਤਹਿਤ ਸਾਬਕਾ ਫੌਜੀਆਂ ਦੀ ਇੱਕ ਬਟਾਲੀਅਨ ਬਣਾਏ ਜਾਣ ਦੀ ਆਗਿਆ ਹੋਵੇਗੀ ਤੇ ਅਕਾਲ ਤਖ਼ਤ ਦਾ ਜਥੇਦਾਰ ਇਨ੍ਹਾਂ ਫੌਜੀਆਂ ਨੂੰ ਅਸਲੇ ਦੇ ਲਾਇਸੈਂਸ ਦੇ ਸਕੇਗਾ। ਇਸ ਲਈ Indian Arms Act ਹੇਠਾਂ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਹੋ ਸਕਦੀ ਹੈ।

ਜੂਨ 1984 ਈ. ਦਾ ਘਲੂਘਾਰਾ

ਡਾ. ਮਿਹਰ ਸਿੰਘ ਗਿੱਲ

ਸਾਰੀ ਦੁਨੀਆਂ ਵਿੱਚ ਯਹੂਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਕੌਮ ਅਜਿਹੀ ਹੋਵੇ ਜਿਸ ਨੇ ਐਨੇ ਘੱਲੂਘਾਰੇ ਹੰਢਾਏ ਹੋਣ ਜਿੰਨੇ ਕਿ ਸਿੱਖਾਂ ਨੇ ਸੰਨ 1984 ਈ. ਵਿਚ ਬਲੂ ਸਟਾਰ ਨਾਂ ਹੇਠ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਸਮੇਤ ਦਰਜਨਾਂ ਹੋਰ ਸਿੱਖ ਧਾਰਮਿਕ ਅਸਥਾਨਾਂ ਉੱਤੇ ਭਾਰਤੀ ਫੌਜ ਦੁਆਰਾ ਕੀਤਾ ਗਿਆ ਹਮਲਾ ਸਿੱਖਾਂ ਲਈ ਵੀਹਵੀਂ ਸਦੀ ਦਾ ਵੱਡਾ ਘੱਲੂਘਾਰਾ ਕਿਹਾ ਜਾ ਸਕਦਾ ਹੈ। ਨਿਰਸੰਦੇਹ ਇਸ ਹਮਲੇ ਨਾਲ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ, ਪ੍ਰੰਤੂ ਸਿੱਖਾਂ ਦੀ ਆਪਣੀ ਲੀਡਰਸ਼ਿਪ ਨੇ ਵੀ ਇਸ ਘੱਲੂਘਾਰੇ ਕਾਰਨ ਹੋਏ ਜਾਨੀ, ਮਾਲੀ, ਮਾਨਸਿਕ ਅਤੇ ਸਮਾਜਿਕ ਨੁਕਸਾਨ ਦਾ ਲੋੜੀਂਦਾ ਵਿਸਤ੍ਰਿਤ ਲੇਖਾ-ਜੋਖਾ ਤਿਆਰ ਨਹੀਂ ਕੀਤਾ। ਅਜਿਹਾ ਕਿਉਂ ਨਹੀਂ ਕੀਤਾ ਗਿਆ ਇਹ ਇਕ ਅਲੱਗ ਖੋਜ ਦਾ ਵਿਸ਼ਾ ਹੈ। ਪ੍ਰੰਤੂ ਇਕ ਗੱਲ ਸਪੱਸ਼ਟ ਹੈ ਕਿ ਬਹੁਤੇ ਸਿੱਖ ਲੀਡਰਾਂ ਅਤੇ ਸਿੱਖ ਵਿਦਵਾਨਾਂ ਦੀ ਇਨ੍ਹਾਂ ਨੁਕਸਾਨਾਂ ਦੇ ਵੇਰਵੇ ਤਿਆਰ ਕਰਨ ਬਾਰੇ ਧਾਰੀ ਚੁੱਪ ਨੂੰ ਆਉਣ ਵਾਲੀਆਂ ਪੁਸ਼ਤਾਂ ਕਦੇ ਮੁਆਫ ਨਹੀਂ ਕਰਨਗੀਆਂ।

ਬਲੂ ਸਟਾਰ ਉਪਰੇਸ਼ਨ ਲਈ ਦੱਸੇ ਗਏ ਕਾਰਨ

ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਸਮੇਂ ਖਾੜਕੂ ਛੁਪੇ ਹੋਏ ਸਨ। ਜੇਕਰ ਸਰਕਾਰ ਦੀ ਇਸ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਸ ਹਮਲੇ ਦੀ ਕੋਈ ਲੋੜ ਨਹੀਂ ਸੀ। ਪਹਿਲੀ ਗੱਲ ਇਹ ਕਿ ਜੇ ਸਰਕਾਰ ਚਾਹੁੰਦੀ ਤਾਂ ਸਿੱਖਾਂ ਤੇ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਇਸ ਅਣਚਾਹੇ ਤੇ ਗ਼ੈਰ-ਜਰੂਰੀ ਫੌਜੀ ਐਕਸ਼ਨ ਤੋਂ ਦੂਰ ਰਹਿ ਸਕਦੀ ਸੀ। ਦੂਜੀ ਗੱਲ ਇਹ ਕਿ ਜੇਕਰ ਦਰਬਾਰ ਸਾਹਿਬ ਵਿਚ ਕੁਝ ਅਜਿਹੇ ਲੋਕ ਛੁਪੇ ਹੋਏ ਵੀ ਸਨ ਤਾਂ ਉਨ੍ਹਾਂ ਨੂੰ ਬਾਹਰ ਕੱਢਣ ਵਾਸਤੇ ਸਰਕਾਰ ਦੁਆਰਾ ਧਰਮ-ਯੁੱਧ ਮੋਰਚੇ ਦੇ ਮੁੱਖ ਸੰਚਾਲਕਾਂ ਨੂੰ ਅਜਿਹਾ ਕਰਨ ਲਈ ਕਹਿਣਾ ਚਾਹੀਦਾ ਸੀ। ਜੇਕਰ ਧਰਮ-ਯੁੱਧ ਮੋਰਚੇ ਦੇ ਸੰਚਾਲਕ ਅਜਿਹਾ ਕਰਨ ਦੇ ਸਮਰੱਥ ਸਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਸਬੰਧੀ ਲੋੜੀਂਦੇ ਆਦੇਸ਼ ਦੇਣ ਲਈ ਬੇਨਤੀ ਕਰਨੀ ਚਾਹੀਦੀ ਸੀ। ਉਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਵੱਡਾ ਸੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮ ਨੂੰ ਨਕਾਰ ਨਹੀਂ ਸੀ ਸਕਦਾ।

ਸਰਕਾਰ ਦੁਆਰਾ ਇਹ ਰਸਤਾ ਨਾ ਚੁਣਿਆ ਜਾਣਾ ਸਪੱਸ਼ਟ ਕਰਦਾ ਹੈ ਕਿ ਇਸ ਫੌਜੀ ਹਮਲੇ ਪਿਛੇ ਕੋਈ ਹੋਰ ਰਾਜਨੀਤਿਕ ਕਾਰਨ ਸਨ। ਤੀਜੀ ਗੱਲ ਇਹ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੁਝ ਖਾੜਕੂ ਛੁਪੇ ਹੋਏ ਸਨ ਤਾਂ ਕਈ ਦਰਜਨ ਹੋਰ ਸਿੱਖ ਧਾਰਮਿਕ ਅਸਥਾਨਾਂ ‘ਤੇ ਹਮਲਾ ਕਿਉਂ ਕੀਤਾ ਗਿਆ। ਜੇ ਕਰ ਮੰਨ ਵੀ ਲਿਆ ਜਾਏ ਕਿ ਉਨ੍ਹਾਂ ਅਸਥਾਨਾਂ ਵਿਚੋਂ ਪੰਜ-ਚਾਰ ਵਿਚ ਦੋ-ਦੋ ਜਾਂ ਤਿੰਨ-ਤਿੰਨ ਅਜਿਹੇ ਵਿਅਕਤੀ ਰਹਿ ਰਹੇ ਸਨ ਜਿੰਨਾਂ ਵਿਰੁੱਧ ਕਈ ਕੇਸ ਦਰਜ ਸਨ ਤਾਂ ਵੀ ਦਰਜਨਾਂ ਧਾਰਮਿਕ ਅਸਥਾਨਾਂ ‘ਤੇ ਫੌਜੀ ਹਮਲੇ ਦੀ ਲੋੜ ਸੀ? ਚੌਥੀ ਗੱਲ ਇਹ ਕਿ ਜੇਕਰ ਫੌਜੀ ਕਾਰਵਾਈ ਕਰਨੀ ਹੀ ਸੀ ਤਾਂ ਉਹ ਹੀ ਦਿਨ ਕਿਉਂ ਚੁਣਿਆ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ-ਔਰਤਾਂ, ਬੱਚੇ, ਬੁੱਢੇ ਤੇ ਜਵਾਨ ਵੱਖ-ਵੱਖ ਗੁਰਦੁਆਰਿਆਂ ਵਿਚ ਇਕੱਤਰ ਹੋਏ ਸਨ। ਜੇਕਰ ਇਸ ਫੌਜੀ ਕਾਰਵਾਈ ਦਾ ਮੰਤਵ ਸਿਰਫ ਖਾੜਕੂਆਂ ਨੂੰ ਪਕੜਨਾ ਹੀ ਸੀ ਤਾਂ ਇਹ ਗ਼ੈਰ- ਜ਼ਰੂਰੀ ਫੌਜੀ ਹਮਲਾ ਗੁਰਪੂਰਬ ਨੂੰ ਛੱਡ ਕੇ ਕਿਸੇ ਵੀ ਹੋਰ ਦਿਨ ਕੀਤਾ ਜਾ ਸਕਦਾ मी।

ਕੁਝ ਹੋਰ ਮਹੱਤਵਪੂਰਨ ਤੱਥ

ਜਦੋਂ ਭਾਰਤੀ ਫੌਜ ਦਾ ਸਾਰੇ ਦਰਬਾਰ ਸਾਹਿਬ ਕੰਪਲੈਕਸ ‘ਤੇ ਕਬਜ਼ਾ ਹੋ ਚੁੱਕਾ ਸੀ ਤਾਂ ਉਸ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਲੱਗਣ ਨਾਲ ਨਸ਼ਟ ਹੋਈ। ਸਰਕਾਰੀ ਪੱਖ ਵਲੋਂ ਕਿਹਾ ਗਿਆ ਕਿ ਖਾੜਕੂਆਂ ਵਲੋਂ ਗੋਲੀ ਚਲਾਉਣ ਨਾਲ ਇਹ ਅੱਗ ਲੱਗੀ। ਪ੍ਰੰਤੂ ਇਹ ਦਲੀਲ ਕੋਈ ਵਜਨ ਨਹੀਂ ਰੱਖਦੀ। ਜਦੋਂ ਫੌਜ ਨੇ ਸਾਰੇ ਖੇਤਰ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਇਹ ਸਰਕਾਰ ਦਾ ਫ਼ਰਜ਼ ਸੀ ਕਿ ਉਥੇ ਉਹ ਘੱਟੋ-ਘੱਟ ਇਤਿਹਾਸਕ ਮਹੱਤਤਾ ਵਾਲੀ ਹਰ ਚੀਜ਼ ਦੀ ਰੱਖਿਆ ਕਰਦੀ। ਪ੍ਰੰਤੂ ਅਜਿਹਾ ਨਹੀਂ ਕੀਤਾ ਗਿਆ। ਜੇਕਰ ਲਾਇਬ੍ਰੇਰੀ ਨੂੰ ਅੱਗ ਲੱਗ ਹੀ ਗਈ ਸੀ ਤਾਂ ਬਾਕੀ ਬਚੇ ਸਾਰੇ ਦਸਤਾਵੇਜ਼ਾਂ, ਖਰੜਿਆਂ ਤੇ ਕਿਤਾਬਾਂ ਨੂੰ ਕਿਉਂ ਗਾਇਬ ਕੀਤਾ ਗਿਆ? ਕੁਝ ਸਮਾਂ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਜਾਰਜ ਫਰਨਾਂਡੇਜ਼ ਨੇ ਕਿਹਾ ਸੀ ਕਿ ਇਸ ਲਾਇਬ੍ਰੇਰੀ ਦੀਆਂ ਪੁਸਤਕਾਂ ਤੇ ਖਰੜੇ ਕਿਸੇ ਕੇਂਦਰੀ ਏਜੰਸੀ ਦੇ ਕਬਜ਼ੇ ਵਿਚ ਹਨ।

ਇਸ ਫੌਜੀ ਕਾਰਵਾਈ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਵੱਡੇ ਪੱਧਰ ‘ਤੇ ਲੁੱਟ-ਹੋਈ। ਜੂਨ 1984 ਵਿਖੇ ਫੌਜੀ ਹਮਲੇ ਤੋਂ ਬਾਅਦ ਅਖਬਾਰਾਂ ਵਿੱਚ ਖਬਰਾਂ ਆਈਆਂ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਲੰਗਰ ਦੇ ਬਰਤਨ ਵੀ ਗਾਇਬ ਸਨ। ਕਰਫਿਊ ਦੌਰਾਨ ਇਹ ਸਭ ਕੁਝ ਕਿਸ ਨੇ ਚੁਰਾਇਆ, ਇਸ ਬਾਰੇ ਲੋੜੀਂਦੀ ਛਾਣ-ਬੀਣ ਦੀ ਜ਼ਰੂਰਤ ਹੈ। ਇਸੇ ਪ੍ਰਕਾਰ ਜਿਹਨਾਂ ਨੇ ਦਰਬਾਰ ਸਾਹਿਬ ਦੇ ਨਾਲ ਲਗਦੇ ਭਾਗਾਂ ਵਿਚ ਲੁੱਟ-ਮਾਰ ਕੀਤੀ ਉਹਨਾਂ ਦੀ ਨਿਸ਼ਾਨ-ਦੇਹੀ ਵੀ ਕਰਨ ਦੀ ਲੋੜ ਹੈ।

ਹਿੰਦੁਸਤਾਨ ਦੇ ਇਤਿਹਾਸ ਵਿਚ ਤਾਂ ਕੀ ਇਹ ਸ਼ਾਇਦ ਸਾਰੇ ਏਸ਼ੀਆ ਦੇ ਇਤਿਹਾਸ ਵਿਚ ਪਹਿਲੀ ਮਿਸਾਲ ਸੀ ਕਿ 50000, ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿਚ ਕਰਫਿਊ ਲਗਾਇਆ ਗਿਆ। ਇਸ ਕਰਫਿਊ ਦੌਰਾਨ ਸਾਰੇ ਪੰਜਾਬ ਵਿਚ ਸੜਕਾਂ ਉੱਤੇ ਹਰ ਤਰ੍ਹਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ। ਇੱਥੋਂ ਤਕ ਕਿ ਸੜਕ ‘ਤੇ ਸਾਈਕਲ ਉੱਤੇ ਜਾਂ ਪੈਦਲ ਜਾਣ ਦੀ ਵੀ ਮਨਾਹੀ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਵੱਡੇ ਇਲਾਕੇ ਵਿਚ ਅਜਿਹਾ ਕਰਫਿਊ ਭਾਰਤ-ਪਾਕਿਸਤਾਨ ਅਤੇ ਭਾਰਤ-ਚੀਨ ਜੰਗਾਂ ਵੇਲੇ ਵੀ ਨਹੀਂ ਸੀ ਲਗਾਇਆ ਗਿਆ। ਭਾਵੇਂ ਇੰਨੇ ਵੱਡੇ ਖੇਤਰ ਵਿਚ ਕਰਫਿਊ ਲਾਉਣ ਦੀ ਲੋੜ ਨਹੀਂ ਸੀ ਪ੍ਰੰਤੂ ਜਿਸ ਰਾਜਨੀਤਿਕ ਮਨੋਰਥ ਦੀ ਪੂਰਤੀ ਲਈ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਗਿਆ ਸੀ ਉਸ ਦ੍ਰਿਸ਼ਟੀਕੋਣ ਤੋਂ ਇਹ ਕਰਫਿਊ ਜ਼ਰੂਰ ਲਾਭਦਾਇਕ ਸੀ। ਇਸ ਦੇ ਉਲਟ ਨਵੰਬਰ 1984 ਵਿਚ ਸਿੱਖਾਂ ਦੇ ਵਿਆਪਕ ਕਤਲੇਆਮ ‘ਤੇ ਲੁੱਟ-ਮਾਰ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਲੋੜੀਂਦਾ ਕਰਫਿਊ ਨਾ ਲਗਾਇਆ ਜਾਣਾ ਉਸੇ ਰਾਜਨੀਤਕ ਉਦੇਸ਼ ਪ੍ਰਾਪਤੀ ਦਾ ਹਿੱਸਾ ਕਿਹਾ ਜਾ ਸਕਦਾ ਹੈ। ਇਸ ਗੱਲ ਦਾ ਇੱਕ ਹੋਰ ਪਰਮਾਣ ਇਹ ਹੈ ਕਿ ਜੂਨ 1984 ਦੇ ਕਰਫਿਊ ਦੌਰਾਨ ਵੀ ਲੋਕਾਂ ਨਾਲ ਪੱਖ-ਪਾਤ ਵਾਲਾ ਰਵੱਈਆ ਜਾਰੀ ਰਿਹਾ ਉਸ ਸਮੇਂ ਜਿਹੜੇ ਪੇਂਡੂ ਲੋਕਾਂ ਨੇ ਪਿੰਡਾਂ ਤੋਂ ਅੰਮਿ੍ਤਸਰ ਵਲ ਆਉਣ ਲਈ ਕਰਫਿਊ ਤੋੜਿਆ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀ ਚਲਾਈ ਗਈ। ਇਸ ਦੇ ਉਲਟ ਜਿਹਨਾਂ ਲੋਕਾਂ ਨੇ ਕਰਫਿਊ ਦੌਰਾਨ ਅੰਮ੍ਰਿਤਸਰ ਵਿਚ ਲੱਡੂ ਵੰਡੇ ਉਹਨਾਂ ਦੁਆਰਾ ਕਰਫਿਊ ਤੋੜਨ ਨੂੰ ਗਲਤ ਵੀ ਨਾ ਕਿਹਾ ਗਿਆ।

‘ਬਲੂ ਸਟਾਰ ਉਪਰੇਸ਼ਨ’ ਤੋਂ ਇਕਦਮ ਬਾਅਦ ਦੇ ਦਿਨਾਂ ਦੀਆਂ ਮੁੱਖ ਘਟਨਾਵਾਂ

ਇਸ ਫੌਜੀ ਹਮਲੇ ਦੀ ਕਾਰਵਾਈ ‘ਮੁਕੰਮਲ’ ਹੋਣ ਉਪਰੰਤ ਭਾਰਤ ਦੀਆਂ ਲਗਭਗ ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਇਸ ਫੌਜੀ ਕਾਰਵਾਈ ਦੀ ਪ੍ਰੋੜਤਾ ਕਰ ਰਹੀਆਂ ਸਨ। ਕਾਂਗਰਸ ਪਾਰਟੀ ਤਾਂ ਖੁਦ ਇਸ ਹਮਲੇ ਲਈ ਜ਼ਿੰਮੇਵਾਰ ਸੀ। ਪ੍ਰੰਤੂ ਦੂਜੀ ਵੱਡੀ ਪਾਰਟੀ ਬੀ.ਜੇ.ਪੀ. ਦੇ ਲੀਡਰ ਕੁਝ ਇਸ ਤਰ੍ਹਾਂ ਦੇ ਸ਼ਬਦ ਉਚਾਰ ਰਹੇ ਸਨ। “ਏਕ ਠੀਕ ਕਦਮ ਜੋ ਬਹੁਤ ਦੇਰ ਸੇ ਲੀਆ ਗਯਾ।” ਉਸ ਵੇਲੇ ਦੇ ਸਿੱਖ ਰਾਸ਼ਟਰਪਤੀ ਨੇ ਵੀ ਇਸ ਹਮਲੇ ਦੀ ਪ੍ਰੋੜਤਾ ਕੀਤੀ। ਭਾਰਤ ਦੇ ਕੇਵਲ ਕੁਝ ਇੱਕ ਲੀਡਰ ਹੀ ਅਜਿਹੇ ਸਨ ਜਿਨ੍ਹਾਂ ਨੇ ਫੌਜੀ ਕਾਰਵਾਈ ਦਾ ਵਿਰੋਧ ਕੀਤਾ ਸੀ।

ਜਿਸ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੇ ਗੋਲੀਆਂ ਨਾਲ ਢਹਿ-ਢੇਰੀ ਕੀਤਾ ਸੀ, ਉਸੇ ਸਰਕਾਰ ਨੇ ਇਸ ਦੀ ਦੁਬਾਰਾ ਉਸਾਰੀ ਕੀਤੀ ਜੋ ਸਿੱਖ ਰਵਾਇਤਾਂ ਦੇ ਵਿਰੁੱਧ ਸੀ। ਜੇਕਰ ਸਰਕਾਰ ਦੀ ਕੁਝ ਲੋਕਾਂ ਨੂੰ ਪਕੜਨ ਲਈ ਸ੍ਰੀ ਅਕਾਲ ਤਖ਼ਤ ਨੂੰ ਢਾਹੁਣ ਦੀ ਮਜਬੂਰੀ ਬਣ ਗਈ ਸੀ ਤਾਂ ਇਸ ਦੀ ਪੁਨਰ ਉਸਾਰੀ ਲਈ ਤਾਂ ਕੋਈ ਅਜਿਹੀ ‘ਮਜਬੂਰੀ’ ਨਹੀਂ ਸੀ। ਅਜਿਹਾ ਸਭ ਕੁਝ ਕੀਤੇ ਜਾਣ ਦਾ ਇੱਕ ਉਦੇਸ਼ ਸੀ ਸਿੱਖ ਸਵੈਮਾਣ ਅਤੇ ਸਿੱਖ ਰਵਾਇਤਾਂ ਨੂੰ ਤਹਿਸ-ਨਹਿਸ ਕਰਨਾ।

ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜੂਨ ਦੇ ਦੂਜੇ ਹਫਤੇ ਸਤਲੁਜ-ਜਮਨਾ ਲਿੰਕ ਨਹਿਰ ਦੀ ਖੁਦਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ। ਮੈਂ ਇੱਥੇ ਇਸ ਨਹਿਰ ਦੇ ਹੱਕ ਜਾਂ ਵਿਰੋਧ ਵਿਚ ਗੱਲ ਨਹੀਂ ਕਰ ਰਿਹਾ ਹਾਂ। ਇੱਥੇ ਮੇਰਾ ਮਤਲਬ ਇਹ ਹੈ ਕਿ ਜਦੋਂ ਪੰਜਾਬ ਭਰ ਵਿੱਚ ਇੰਨੀ ਵੱਡੀ ਫੌਜੀ ਕਾਰਵਾਈ ਅਜੇ ਮੁਕੰਮਲ ਹੀ ਹੋਈ ਹੋਵੇ, ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਹੋਣ, ਤਾਂ ਉਸੇ ਵੇਲੇ ਬੇ-ਲੋੜੀ ਕਾਹਲ ਵਿੱਚ ਇਸ ਨਹਿਰ ਦੀ ਖੁਦਾਈ ਸ਼ੁਰੂ ਕੀਤੇ ਜਾਣਾ ਮਹੱਤਵਪੂਰਨ ਗੱਲ ਹੈ। ਇਹ ਗੱਲ ਕਹਿਣਾ ਕੋਈ ਅਤਿ-ਕਥਨੀ ਨਹੀਂ ਹੋਵੇਗਾ ਕਿ ਇਸ ਫੌਜੀ ਕਾਰਵਾਈ ਦਾ ਇੱਕ ਉਦੇਸ਼ ਇਸ ਨਹਿਰ ਦੇ ਤਿਆਰ ਕਰਨ ਲਈ ਰਾਹ ਸੌਖਾ ਕਰਨਾ ਵੀ ਸੀ।

ਕੁਝ ਸਿੱਟੇ

ਸੰਨ 1984 ਵਿਚ ‘ਬਲੂ ਸਟਾਰ ਉਪਰੇਸ਼ਨ’ ਨਾਂ ਦੀ ਫੌਜੀ ਕਾਰਵਾਈ ਨੂੰ ਕਈ ਰਾਜਨੀਤਿਕ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇੱਕ ਸੀ ਸਿੱਖਾਂ ਦੇ ਅਲੱਗ ਰਾਜਨੀਤਿਕ ਪ੍ਰਵਚਨ ਜਿਸ ਨੂੰ ਉਸ ਵੇਲੇ ਤਕ ਚੋਖੇ ਰੂਪ ਵਿੱਚ ਅਕਾਲੀ ਦਲ ਰੂਪਮਾਨ ਕਰਦਾ ਆ ਰਿਹਾ ਸੀ, ਨੂੰ ਅੱਗੇ ਵਧਣ ਤੋਂ ਰੋਕਣਾਂ। ਅਜਿਹਾ ਨਿਵੇਕਲਾ ਰਾਜਨੀਤਿਕ ਪ੍ਰਵਚਨ ਭਾਰਤੀ ਸ਼ਾਸਕ ਵਰਗ ਦੇ ਇਕਸਾਰੀਕਰਨ ਵਿਰੁੱਧ ਇੱਕ ਵੱਡੀ ਰੁਕਾਵਟ ਬਣ ਰਿਹਾ ਸੀ। ਇਸ ਫੌਜੀ ਕਾਰਵਾਈ ਦਾ ਦੂਜਾ ਮੰਤਵ ਸੀ ਦੇਸ਼ ਦੀ ਹਿੰਦੂ ਬਹੁਗਿਣਤੀ ਦਾ ਕਾਂਗਰਸ ਲਈ ਵੋਟ ਬੈਂਕ ਵਧਾਉਣਾ। ਤੀਜਾ ਕਾਰਨ ਸੀ ਹਿੰਦੂਤਵ ਨੂੰ ਅਪ੍ਰਤੱਖ ਰੂਪ ਵਿਚ ਤਕੜਾ ਕਰਨਾ ਜੋ ਬੀ.ਜੇ.ਪੀ. ਲਈ ਉਸ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਲਾਭਦਾਇਕ ਸੀ। ਇਸੇ ਕਾਰਨ ਬੀ.ਜੇ.ਪੀ. ਨੇ ਵੀ ਇਸ ਫੌਜੀ ਹਮਲੇ ਦੀ ਪੂਰੀ ਹਮਾਇਤ ਕੀਤੀ। ਇਸ ਫੌਜੀ ਕਾਰਵਾਈ ਪਿੱਛੇ ਚੌਥਾ ਕਾਰਨ ਸੀ ਪੰਜਾਬ ਦੇ ਕੁਦਰਤੀ ਸਾਧਨਾਂ ਬਾਰੇ ਅਕਾਲੀ ਦਲ ਨੂੰ ਉਦਾਸੀਨ ਬਣਾਉਣਾ। ਇਹਨਾਂ ਉਦੇਸ਼ਾਂ ਦੀ ਕਿੱਥੋਂ ਤਕ ਪੂਰਤੀ ਹੋਈ ਇਹ ਇੱਕ ਅਲੱਗ ਲੇਖ ਦਾ ਵਿਸ਼ਾ ਹੈ।

ਲੁਕੀ ਹੋਈ ਸੱਭਿਆਚਾਰਕ ਰਾਜਨੀਤੀ ਦਾ

ਵਿਸ਼ਲੇਸ਼ਣ

ਡਾ. ਗੁਰਭਗਤ ਸਿੰਘ

ਉਪਰੇਸ਼ਨ ਬਲਿਊ ਸਟਾਰ ਨੂੰ ਵਾਪਰਿਆਂ ਅੱਜ ਵੀਹ (20) ਵਰ੍ਹੇ ਬੀਤ ਚੁੱਕੇ ਹਨ। ਅਜੇ ਵੀ ਇਸ ਗੰਭੀਰਤਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਗਿਆ। ਵੇਖਣ ਨੂੰ ਇਹ ਉਸ ਵਕਤ ਕਾਂਗਰਸ ਦੀ ਨੇਤਾ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਅਤੇ ਹੋਰ ਪਵਿੱਤਰ ਸਿੱਖ ਗੁਰਦੁਆਰਿਆਂ ਵਿੱਚ ਬੈਠੇ ਖਾੜਕੂ ਨੌਜੁਆਨਾਂ ਅਤੇ ਉਨ੍ਹਾਂ ਦੇ ਸਟੇਟ ਲਈ ਖਤਰਨਾਕ ਲੀਡਰਾਂ ਨੂੰ ਖਤਮ ਕਰਨ ਲਈ ਕੀਤਾ ਗਿਆ ਐਕਸ਼ਨ ਸੀ, ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਿਰਕੱਢ ਸਾਥੀ ਸ਼ਹੀਦ ਹੋ ਗਏ। ਇਸ ਐਕਸ਼ਨ ਨੂੰ ਦੇਸ਼ ਦੇ ਹਿੱਤ ਅਤੇ ਸ਼ਾਂਤੀ ਲਈ ਸਥਾਪਿਤ ਕਰਨ ਲਈ ਕੀਤੀ ਗਈ ਕਾਰਵਾਈ ਵਜੋਂ ਹੀ ਪੇਸ਼ ਕੀਤਾ ਗਿਆ।

ਇਹ ਵੀ ਭੁੱਲਣ ਵਾਲੀ ਗੱਲ ਨਹੀਂ ਕਿ ਜਦੋਂ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਦੇ ਕੰਪਲੈਕਸ ਵਿੱਚ ਆਪਣੇ ਸਲਾਹਕਾਰਾਂ ਦੀ ਸਹਾਇਤਾ ਨਾਲ ਨੌਜੁਆਨਾਂ ਨੂੰ ਪ੍ਰੇਰਿਤ ਕਰ ਰਹੇ ਸਨ, ਉਸ ਸਮੇਂ ਸੰਤ ਹਰਚੰਦ ਸਿੰਘ ਲੌਗੋਂਵਾਲ ਵੀ ਮੋਰਚਾ ਚਲਾ ਰਹੇ ਸਨ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਣਕ ਦੂਜੇ ਰਾਜਾਂ ਵਿਚ ਨਾਂ ਭੇਜਣ ਦਾ ਐਲਾਨ ਕਰ ਦਿੱਤਾ ਹੋਇਆ ਸੀ। ਉਨ੍ਹਾਂ ਦੇ ਐਲਾਨ ਦੇ ਝੱਟ ਪਿੱਛੋਂ ਹੀ ਉਪਰੇਸ਼ਨ ਬਲਿਊ ਸਟਾਰ, ਜਿਸ ਦਾ ਅਭਿਆਸ ਬਹੁਤ ਦੇਰ ਤੋਂ ਹੋ ਰਿਹਾ ਸੀ, ਕਰ ਦਿੱਤਾ ਗਿਆ। ਜਦੋਂ ਕਿ ਪ੍ਰਧਾਨ ਮੰਤਰੀ ਇੱਕ ਦਿਨ ਪਹਿਲਾਂ ਤੱਕ ਕਹਿ ਰਹੀ ਸੀ ਕਿ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਅਸਲ ਵਿਚ ਜੋ ਗੱਲ ਅਕਾਲੀਆਂ ਅਤੇ ਬਾਕੀ ਸਿੱਖਾਂ ਬਾਰੇ ਕਾਂਗਰਸ ਅਤੇ ਇੰਦਰਾ ਗਾਂਧੀ ਨੂੰ ਪ੍ਰਵਾਨ ਨਹੀਂ ਸੀ ਅਤੇ ਜਿਸ ਨੂੰ ਜੜ੍ਹੋਂ ਉਖਾੜਨ ਲਈ ਸਰਕਾਰ ਨੇ ਉਹ ਉਪਰੇਸ਼ਨ ਕੀਤਾ, ਉਹ ਸੀ ਸਿੱਖਾਂ ਦਾ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਮੰਨਣਾ। ਸੰਤ ਲੌਗੋਵਾਲ ਵੀ ਆਪਣੇ ਭਾਸ਼ਣਾਂ ਵਿਚ ਸਿੱਖਾਂ ਨੂੰ ਵੱਖਰੀ ਕੌਮ ਕਹਿ ਚੁੱਕੇ ਸਨ। ਭਾਵੇਂ ਸੰਤ ਲੌਂਗੋਵਾਲ ਦੇ ਮੋਰਚੇ ਅਤੇ ਭਿੰਡਰਾਂਵਾਲਿਆਂ ਦਾ ਨੌਜਵਾਨਾਂ ਨੂੰ ਆਪਣੇ ਮਾਣ ਲਈ ਜਿਊਣ ਵਾਸਤੇ ਪ੍ਰੇਰਿਤ ਕਰਨ ਲਈ ਐਕਸ਼ਨ ਵਿਚ ਆਉਣ ਲਈ ਪਿਛੋਕੜ ਉਸ ਵੇਲੇ ਦੀ ਮੱਧਲੀ ਅਤੇ ਹੇਠਲੀ ਸਿੱਖ ਕਿਸਾਨੀ ਦੀ ਮੰਦੀ ਆਰਥਿਕ ਹਾਲਤ ਹੀ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਪਿੱਛੋਂ ਖਾਲਸਾ ਰਾਜ ਦੇ ਅਣਸੰਗਠਨ ਨਾਲ ਸਿੱਖਾਂ ਨੇ ਸੁਤੰਤਰ ਪੰਜਾਬੀ ਰਾਜ ਸਥਾਪਿਤ ਕਰਨ ਦੀ ਜੋ ਭੂਮਿਕਾ ਨਿਭਾਈ ਸੀ, ਉਸ ਦੇ ਛੇਤੀ ਸਮਾਪਤ ਹੋ ਜਾਣ ਕਾਰਨ ਉਨ੍ਹਾਂ ਵਿੱਚ ਸਦਾ ਕਾਇਮ ਰਹਿਣ ਵਾਲੀ ਅਸੰਤੁਸ਼ਟਤਾ ਘਰ ਕਰ ਗਈ ਸੀ। ਬਰਤਾਨਵੀ ਸਾਮਰਾਜ ਨੇ ਇੱਕ ਚੇਤੰਨ ਨੀਤੀ ਅਧੀਨ ਸਿੱਖਾਂ ਦੇ ਕ੍ਰਾਂਤੀਕਾਰੀ ਅਤੇ ਸੁਤੰਤਰ ਰਾਜ ਕਾਇਮ ਕਰਨ ਵਾਲੇ ਮੂਲ ਵਿਧਾਨ ਨੂੰ ਤੋੜਿਆ। ਕੁੱਝ ਲਾਲਚ, ਕੁੱਝ ਪ੍ਰਸ਼ੰਸਾ ਨਾਲ ਬਰਤਾਨਵੀ ਰਾਜ ਦੇ ਸਮੱਰਥਕ ਬਣਾਉਣ ਦਾ ਯਤਨ ਕੀਤਾ। ਇਕ ਵਿਸ਼ੇਸ਼ ਵਰਗ ਨੂੰ ਜਗੀਰਾਂ ਦੇ ਕੇ ਸਾਮਰਾਜ ਨੂੰ ਪੱਕਾ ਕਰਨ ਲਈ ਵਰਤਿਆ। ਉਨ੍ਹਾਂ ਨੂੰ ਸਾਮਰਾਜ ਦੇ ਬਹਾਦਰ ਸਿਪਾਹੀ ਬਣਾ ਲਿਆ।

ਬਰਤਾਨਵੀ ਸਾਮਰਾਜ ਸਿੱਖਾਂ ਦੇ ਨਾਇਕ ਬਣਨ, ਸੁਤੰਤਰ ਰਾਜ ਸਥਾਪਿਤ ਕਰਕੇ ਇਕ ਕੌਮ ਉਸਾਰਨ ਦੀ ਸ਼ਕਤੀ ਨੂੰ ਸਮਝਦਾ ਸੀ ਅਤੇ ਉਸ ਨੂੰ ਹਰ ਹੀਲੇ ਬਖੇਰਨ ਲਈ ਵਿਉਂਤਬੰਦੀ ਕਰਦਾ ਰਹਿੰਦਾ ਸੀ। ਪਰ ਸਿੱਖਾਂ ਵਿਚੋਂ ਸਮੂਹਿਕ ਤੌਰ ‘ਤੇ ਆਪਣੀ ਇਸ ਸ਼ਕਤੀ ਪ੍ਰਤੀ ਭਾਵਨਾ ਅਤੇ ਚੇਤਨਤਾ ਕਦੇ ਮੂਲੋਂ ਖਤਮ ਨਾ ਹੋਈ। ਇਨ੍ਹਾਂ ਨੂੰ ਜਿਊਂਦਾ ਰੱਖਣ ਲਈ ਜ਼ਿੰਮੇਵਾਰ ਸਿੱਖਾਂ ਦਾ ਇਤਿਹਾਸ, “ਸ੍ਰੀ ਗੁਰੂ ਗ੍ਰੰਥ ਸਾਹਿਬ” ਅਤੇ ਦਸਮ ਗ੍ਰੰਥ ਦੀ ਹੋਂਦ ਸਨ।

ਅੰਗਰੇਜ਼ਾਂ ਨੇ ਜਦੋਂ ਭਾਰਤ ਦੀ ਵੰਡ ਕੀਤੀ ਅਤੇ ਇਸ ਨੂੰ ਆਜ਼ਾਦ ਕੀਤਾ, ਅਕਾਲੀ ਲੀਡਰ ਆਪਣੀ ਸੀਮਿਤ ਰਾਜਨੀਤਿਕ ਸੂਝ ਕਾਰਨ ਸਿੱਖਾਂ ਲਈ ਕੋਈ ਆਜ਼ਾਦ ਖਿੱਤਾ ਨਾ ਲੈ ਸਕੇ। ਕੇਵਲ ਕਾਂਗਰਸ ਤੋਂ ਇਹ ਵਾਇਦਾ ਲੈ ਕੇ ਹੀ ਸੰਤੁਸ਼ਟ ਹੋ ਗਏ ਕਿ ਆਜ਼ਾਦੀ ਮਿਲਣ ਤੋਂ ਪਿੱਛੋਂ ਸਿੱਖਾਂ ਨੂੰ ਇੱਕ ਖਿੱਤਾ ਦਿੱਤਾ ਜਾਵੇਗਾ ਜਿੱਥੇ ਉਹ ਅਜ਼ਾਦੀ ਦੀ ਰੌਸ਼ਨੀ ਮਾਣ ਸਕਣ। ਕਾਂਗਰਸ ਅਤੇ ਇਸ ਦੀ ਸਰਪ੍ਰਸਤ ਬੁਰਜੁਆਜ਼ੀ ਜੋ ਸਾਰੇ ਭਾਰਤੀ ਉਪਮਹਾਂਦੀਪ ਨੂੰ ਆਪਣੀ ਬੇਰੋਕ ਮੰਡੀ ਬਣਾਉਣਾ ਚਾਹੁੰਦੀ ਸੀ, ਸਿੱਖਾਂ ਦੀ ਆਜਾਦੀ ਲਈ ਭਾਵਨਾ ਅਤੇ ਅੰਦਰੂਨੀ ਖਿੱਚ ਤੋਂ ਡਰਦੀਆਂ ਹਨ।

ਜਦੋਂ ਇੰਦਰਾ ਗਾਂਧੀ ਨੇ ਬਲਿਊ ਸਟਾਰ ਉਪਰੇਸ਼ਨ ਕੀਤਾ, ਉਹ ਇਸ ਡਰ ਵਿੱਚ ਹੀ ਸੀ ਕਿ ਸਿੱਖ ਅਜ਼ਾਦ ਕੌਮ ਵਜੋਂ ਆਪਣੀ ਹਸਤੀ ਨਾ ਸਥਾਪਿਤ ਕਰ ਲੈਣ। ਸਮੁੱਚੀ ਪੰਜਾਬੀ ਕੌਮ ਦੇ ਇਹ ਨਾਇਕ ਆਪਣੇ ਵਿਲੱਖਣ ਮੂਲ ਵਿਧਾਨ ਨਾਲ ਮਹਾਰਾਜਾ ਰਣਜੀਤ ਸਿੰਘ ਵਾਂਗ ਮੁੜ ਖਾਲਸਾ ਰਾਜ ਬਣਾਉਣ ਲਈ ਮਜਬੂਰ ਨਾ ਕਰ ਦੇਣ। ਇਸ ਨਾਲ ਭਾਰਤੀ ਉਪਮਹਾਂਦੀਪ ਨੂੰ ਇੱਕ ਕੌਮ ਦੇ ਤੌਰ ‘ਤੇ ਨੂੜਨ ਦੀ ਕਾਂਗਰਸ ਦੀ ਨੀਤੀ ਬਿਖਰ ਸਕਦੀ ਸੀ। ਖਾਲਸਾ ਰਾਜ ਜਾਂ ਸਿੱਖ ਨਾਇਕਤਾ ਵਿਚ ਸੁਤੰਤਰ ਪੰਜਾਬੀ ਰਾਜ ਦੀ ਸਥਾਪਤੀ ਦਾ ਪ੍ਰਭਾਵ ਦੂਜੇ ਖਿੱਤਿਆਂ ਉਤੇ ਵੀ ਪੈ ਸਕਦਾ ਸੀ। ਤਾਮਿਲ, ਉੱਤਰ ਪੂਰਬੀ ਕਬੀਲੇ, ਆਸਾਮੀ, ਤੇਲਗੂ ਸਭ ਅਤ੍ਰਿਪਤ ਅਤੇ ਅਣਵਿਕਸਿਤ ਰੱਖੀਆਂ ਗਈਆਂ ਕੌਮਾਂ ਆਪਣੀ ਅਜ਼ਾਦੀ ਲਈ ਸ਼ਕਤੀਵਰ ਮੁਹਿੰਮ ਅਰੰਭ ਕਰ ਸਕਦੀਆਂ ਸਨ। ਕੁੱਝ ਨੇ ਪਹਿਲਾਂ ਹੀ ਅਰੰਭ ਕਰ ਦਿੱਤੀਆਂ ਸਨ। ਉਪਰੇਸ਼ਨ ਬਲਿਊ ਸਟਾਰ ਦਾ ਮੁੱਦਾ ਕੇਵਲ ਸਿੱਖਾਂ ਦੀ ਕੌਮੀ ਚੇਤਨਤਾ ਅਤੇ ਵਿਰਸੇ ਨੂੰ ਹੀ ਠੇਸ ਪਹੁੰਚਾਉਣਾ ਨਹੀਂ ਸੀ, ਸਗੋਂ ਭਾਰਤੀ ਉਪਮਹਾਂਦੀਪ ਨੂੰ ਇੱਕ-ਕੌਮੀ ਰੱਖਣ ਦੇ ਪ੍ਰੋਜੈਕਟ ਨੂੰ ਸਖ਼ਤੀ ਨਾਲ ਲਾਗੂ ਕਰਨਾ ਸੀ।

ਉਪਰੇਸ਼ਨ ਬਲਿਊ ਸਟਾਰ ਦੀ ਘਟਨਾ ਨੂੰ ਯਾਦ ਰੱਖਣ ਦੀ ਲੋੜ ਹੈ ਅਤੇ ਇਹ ਦ੍ਰਿੜ ਕਰਨਾ ਜ਼ਰੂਰੀ ਹੈ ਕਿ ਭਾਰਤੀ ਉਪਮਹਾਂਦੀਪ ਵਿਲੱਖਣ ਕੌਮਾਂ ਦਾ ਉਪਮਹਾਂਦੀਪ ਹੈ। ਇਥੇ ਹਰ ਕੌਮ ਦਾ ਆਪਣਾ ਖਿੱਤਾ, ਭਾਸ਼ਾ, ਸਾਹਿਤ, ਸੰਸਥਾਵਾਂ ਅਤੇ ਪ੍ਰੰਪਰਾਵਾਂ ਹਨ। ਇਨ੍ਹਾਂ ਨੂੰ ਇੱਕ-ਕੌਮ ਦੇ ਸ਼ਿਕੰਜੇ ਵਿੱਚ ਨਹੀਂ ਕੱਸਿਆ ਜਾ ਸਕਦਾ।

ਹਿਟਲਰ ਨੇ ਯਹੂਦੀਆਂ ਦੀ ਹਸਤੀ ਮਿਟਾਉਣ ਦਾ ਅਣਮਨੁੱਖੀ ਯਤਨ ਕੀਤਾ। ਯਹੂਦੀ ਦਾਰਸ਼ਨਿਕਾਂ ਅਤੇ ਸਮਾਜ ਸ਼ਾਸਤਰੀਆਂ ਨੇ ਆਪਣੇ ਖੇਤਰ ਵਿੱਚ ਇਸ ਵੰਗਾਰ ਨੂੰ ਕਬੂਲਿਆ। ਉਨ੍ਹਾਂ ਨੇ ਆਪਣੀ ਖੋਜ ਰਾਹੀਂ ਸਿੱਧ ਕਰ ਦਿੱਤਾ ਕਿ ਚਿੰਤਨ, ਅਭਿਆਸ ਅਤੇ ਭਾਸ਼ਾ ‘ਚ ਕਿਸੇ ਪ੍ਰਕਾਰ ਦਾ ਇੱਕਵਾਦ ਜੀਵਨ ਦੀ ਵਿਲੱਖਣਤਾ ਤੋਂ ਹੀ ਇਨਕਾਰ ਨਹੀਂ ਸਗੋਂ ਭਾਸ਼ਾ ਅਤੇ ਚਿੰਤਨ ਨੂੰ ਕੁੱਝ ਸ਼ਾਸਕ ਹਿੱਤਾਂ ਲਈ ਵਰਤਣਾ ਹੈ। ਜੀਵਨ ਦੀ ਵਿਲੱਖਣਤਾ ਜਿਵੇਂ ਭਾਸ਼ਾ ਅਤੇ ਪ੍ਰਤੀਕ ਵਿਧਾਨਾਂ ਵਿੱਚ ਪ੍ਰਗਟ ਹੋਣ ਲਈ ਤਾਂਘਦੀ ਹੈ, ਉਸ ਨੂੰ ਰੋਕਣਾ ਹੈ।

ਹਿਟਲਰ ਦੇ “ਮਹਾਂਨਾਸ਼” ਦੇ ਪਿੱਛੋਂ ਪੱਛਮ ਦੇ ਜਿਨ੍ਹਾਂ ਪ੍ਰਭਾਵਸ਼ਾਲੀ ਚਿੰਤਕਾਂ ਨੇ ਸੋਚ ਨੂੰ ਬਦਲਿਆ ਹੈ ਅਤੇ ਇਕ ਕੌਮੀ ਫਾਸ਼ੀਵਾਦ ਨੂੰ ਸਦਾ ਲਈ ਸਮਾਪਤ ਕਰਨ ਦਾ ਪ੍ਰਣ ਕੀਤਾ ਹੈ। ਉਹ ਅਸਲ ਯਹੂਦੀ ਸਨ। ਯਾਕ ਦੈਰਿਦਾ, ਲਿਓਤਾਰ (ਦ), ਲੈਵੀਨਾਸ ਆਦਿ ਉੱਤਰ ਆਧੁਨਿਕ ਚਿੰਤਕ ਸਭ ਯਹੂਦੀ ਸਨ। ਸਿੱਖ ਵਿਦਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਉਪਰੇਸ਼ਨ ਬਲਿਊ ਸਟਾਰ ਪਿੱਛੇ ਲੁਕੇ ਹੋਏ ਇੱਕ ਕੌਮੀਵਾਦ ਨੂੰ ਨੰਗਾ ਕਰਨ, ਭਾਰਤੀ ਉਪਮਹਾਂਦੀਪ ਦੀ ਬਹੁਕੌਮੀ ਅਸਲੀਅਤ ਨੂੰ ਸਾਹਮਣੇ ਲਿਆਉਣ। “ਸ੍ਰੀ ਗੁਰੂ ਗ੍ਰੰਥ ਸਾਹਿਬ” ਅਤੇ ਦਸਮ ਗ੍ਰੰਥ ਜੀਵਨ ਨੂੰ ਇੱਕ ਤੋਂ ਵੱਧ ਦ੍ਰਿਸ਼ਟੀਆਂ ਤੋਂ ਦੇਖਦੇ ਹਨ ਵੱਖ-ਵੱਖ ਦ੍ਰਿਸ਼ਟੀਆਂ ਜਾਂ ਪਰਪੇਖਾਂ ਵਿੱਚ ਸੰਵਾਦ ਰਚਾਉਂਦੇ ਹਨ।

ਉਪਰੇਸ਼ਨ ਬਲਿਊ ਸਟਾਰ ਨੂੰ ਸਿੱਖ ਸਿਮਰਿਤੀ ਵਿੱਚ ਗੰਭੀਰਤਾ ਨਾਲ ਉਭਾਰਨ ਦੀ ਲੋੜ ਹੈ। ਅਜਿਹੀ ਗੰਭੀਰਤਾ ਜੋ ਸਿੱਖਾਂ ਵਿੱਚ ਇਕ ਕੌਮੀ ਨਾਇਕ ਹੋਣ ਦਾ ਚੇਤਾ ਵੀ ਕਰਵਾਵੇ ਅਤੇ ਨਾਲ ਹੀ ਪੰਜਾਬੀ ਕੌਮ ਦਾ ਮੂਹਰਲਾ ਦਸਤਾ ਬਣ ਕੇ ਪੰਜਾਬ ਨੂੰ ਸੋਸ਼ਣ ਅਤੇ ਪ੍ਰਤੰਤਰਤਾ ਤੋਂ ਮੁਕਤ ਕਰਵਾਏ। ਇਸ ਮੰਤਵ ਲਈ ਭਾਰਤ ਵਿੱਚ ਲਾਗੂ ਸੰਵਿਧਾਨ ‘ਚ ਸੋਧ ਕਰਕੇ ਇੱਥੇ ਕਨਫੈਡਰੇਸ਼ਨ ਬਣਾਉਣ ਲਈ ਚੇਤਨਾ ਵਧਾਉਣ ਵਾਸਤੇ ਇਸ ਮੌਕੇ ਉਤੇ ਵਚਨਬੱਧਤਾ ਪੱਕੀ ਕਰਨ ਦੀ ਲੋੜ ਹੈ।

ਜ਼ਖ਼ਮ ਨੂੰ ਚੇਤਨਤਾ ਬਣਾਉਣ ਦੀ ਲੋੜ

ਗੁਰਭਗਤ ਸਿੰਘ

ਬਲਿਊ ਸਟਾਰ ਉਪਰੇਸ਼ਨ ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖ਼ਮ ਵਜੋਂ ਨਹੀਂ। ਇਹੋ ਜਿਹਾ ਜ਼ਖ਼ਮ ਕੋਈ ਕੌਮ ਭੁੱਲ ਨਹੀਂ ਸਕਦੀ। ਇਹ ਉਸ ਦੀ ਸਿਮਰਤੀ ਵਿਚ ਕਾਇਮ ਰਹਿੰਦੀ ਹੈ ਜੇ ਉਹ ਜਿਉਂਦੀ ਕੌਮ ਹੈ ਅਤੇ ਆਪਣੇ ਭਵਿੱਖ ਵਿਚ ਵਿਸ਼ਵਾਸ ਰੱਖਦੀ ਹੈ। ਕੌਮ ਵਜੋਂ ਜਿਉਂਦੇ ਰਹਿਣ ਦੀ ਨਿਸ਼ਾਨੀ ਹਰ ਡੂੰਘੇ ਘਾਉ ਨੂੰ ਚੇਤਨਤਾ ਵਿਚ ਬਦਲਣ ਦੀ ਸ਼ਕਤੀ ਹੈ। ਇਸ ਸਥਿਤੀ ਵਿਚ ਜ਼ਖ਼ਮ ਸਰੀਰਕ ਜਾਂ ਭੂਗੋਲਿਕ ਨਹੀਂ ਰਹਿੰਦਾ ਸਗੋਂ ਇਕ ਪਰਿਪੇਖ ਬਣ ਜਾਂਦਾ ਹੈ ਜਿਸ ਨਾਲ ਆਪਣੇ ਵਾਤਾਵਰਣ ਵਿੱਚ ਮੌਜੂਦ ਦਰਸ਼ਨ, ਰਾਜਨੀਤੀ ਅਤੇ ਅਮਲ ਦੀ ਨਵੀਂ ਵਿਆਖਿਆ ਕਰਨ ਦੀ ਲੋੜ ਮਹਿਸੂਸ ਹੁੰਦੀ वै।

ਸਾਡੇ ਸਮਕਾਲੀ ਇਤਿਹਾਸ ਵਿੱਚ ਸਭ ਤੋਂ ਵੱਡਾ ਕੌਮੀ ਜ਼ਖ਼ਮ ਹਿਟਲਰ ਵਲੋਂ ਯੋਜਨਾਬੱਧ ਢੰਗ ਨਾਲ ਕੀਤਾ “ਮਹਾਂਨਾਸ” (ਹੋਲੋਕੌਸਟ) ਸੀ ਜਿਸ ਨੇ ਯਹੂਦੀ ਕੌਮ ਨੂੰ ਤਹਿਸ ਨਹਿਸ ਕੀਤਾ। ਪਰ ਉਸ ਤੋਂ ਪਿਛੋਂ ਯਹੂਦੀ ਚਿੰਤਕਾਂ ਨੇ ਪੱਛਮ ਦੇ ਸਮੁੱਚੇ ਦਰਸ਼ਨ, ਰਾਜਨੀਤੀ ਅਤੇ ਹੋ ਰਹੇ ਅਭਿਆਸਾਂ ਨੂੰ ਫਰੋਲਿਆ। ਮਹਾਂਨਾਸ ਦੇ ਕਾਰਣ ਲੱਭੇ। ਯੂਨਾਨੀ ਦਾਰਸ਼ਨਿਕਾਂ ਤੋਂ ਆਰੰਭ ਹੋ ਰਹੇ ਉਸ ਦਰਸ਼ਨ ਦਾ ਵਿਸ਼ਲੇਸ਼ਣ ਕੀਤਾ ਜਿਸ ਨੇ ਗਿਆਨਵਾਦ (ਐਨਲਾਈਟਨਮੈਂਟ), ਤਰਕਵਾਦ ਆਦਿ ਬਣਕੇ ਆਧੁਨਿਕ ਰੂਪ ਵਿਚ ਉਸ ਇਕਾਂਗੀ ਅਤੇ ਫਾਸ਼ੀਵਾਦੀ ਪਹੁੰਚ ਨੂੰ ਜਨਮ ਦਿੱਤਾ ਜਿਸ ਅਨੁਸਾਰ ਮਹਾਂਨਾਸ ਵਾਪਰਿਆ। ਜਿਸ ਉੱਤਰ- ਆਧੁਨਿਕ ਵਾਦ ਨੇ ਅੱਜ ਵੱਖ-ਵੱਖ ਪੱਧਰਾਂ ਉੱਤੇ ਵੱਡਾ ਪ੍ਰਭਾਵ ਪਾਇਆ ਹੈ ਉਹ ਮਹਾਂਨਾਸ ਵਿਰੁੱਧ ਪ੍ਰਤੀਕਰਮ ਅਤੇ ਪੁਣ ਛਾਣ ਦਾ ਨਤੀਜਾ ਹੈ। ਇਕ ਨਵੀਂ ਚੇਤਨਤਾ, ਇਕ ਨਵੀਂ ਸਿਮਰਤੀ ਸਾਜੀ ਜਾ ਰਹੀ ਹੈ ਜੋ ਕਦੇ “ਮਹਾਂਨਾਸ” ਵਰਗੀ ਘਟਨਾ ਨੂੰ ਵਾਪਰਨ ਲਈ ਮਾਹੌਲ ਨਾ ਬਣਨ ਦੇਵੇ।

ਵੀਹਵੀਂ ਸਦੀ ਦੇ ਪਹਿਲੇ “ਮਹਾਂਨਾਸ” ਤੋਂ ਪਿੱਛੋਂ ਦੂਜਾ ਵੱਡਾ “ਮਹਾਂਨਾਸ”, ਵੱਡਾ ਕੌਮੀ ਜ਼ਖ਼ਮ, ਬਲਿਊ ਸਟਾਰ ਉਪਰੇਸ਼ਨ ਸੀ। ਪਰ ਸਿੱਖ ਚਿੰਤਕਾਂ/ਵਿਦਵਾਨਾਂ ਨੇ ਜਿਵੇਂ ਇਸ ਨੂੰ ਅਜੇ ਤਕ ਇੱਕ ਕੌਮੀ ਪਰਿਪੇਖ ਬਣਾਉਣ ਵਿੱਚ ਅਸਮੱਰਥਾ ਦਿਖਾਈ ਹੈ। ਉਥੋਂ ਜ਼ਾਹਿਰ ਹੁੰਦਾ ਹੈ ਕਿ ਸ੍ਰ: ਕਪੂਰ ਸਿੰਘ ਤੋਂ ਪਿੱਛੋਂ ਅਜੇ ਸਿੱਖਾਂ ਕੋਲ ਕੋਈ ਕੌਮੀ ਵਿਦਵਾਨ ਜਾਂ ਚਿੰਤਕ ਨਹੀਂ।

ਇਤਿਹਾਸ ਵਿੱਚ ਕੋਈ ਘਟਨਾ ਬਿਨਾਂ ਤਰਕ ਤੋਂ ਨਹੀਂ ਵਾਪਰਦੀ। ਜਦੋਂ ਸ਼ਾਇਰ ਜਾਂ ਪੈਗੰਬਰ ਦੀ ਚੇਤਨਤਾ ਜਾਂ ਅਨੁਭੂਤੀ ਲਾਵੇ ਵਾਂਗ ਫਟਦੀ ਹੈ ਉਸ ਪਿੱਛੇ ਵੀ ਕੁਝ ਕਾਰਨ ਹੁੰਦੇ ਹਨ, ਭਾਵੇਂ ਕੇਵਲ ਕਾਰਨ ਉਸ ਦੀ ਪ੍ਰਾਪਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਿੱਛੋਂ, ਪਹਿਲੀ ਵਾਰ ਸਿੱਖ ਆਪਣੀਆਂ ਕੌਮੀ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਪ੍ਰਤੀ ਸੁਚੇਤ ਹੋਏ ਹਨ। ਨੌਜਵਾਨਾਂ ਦੀ ਗਰਮ ਲਹਿਰ ਭਾਵੇਂ ਪ੍ਰਮਾਣਿਕ ਦਰਸ਼ਨ ਅਤੇ ਪਰਿਪੇਖ ਤੋਂ ਵਿਹੂਣੀ ਸੀ, ਇਸ ਵਿਚ ਬਹੁਤ ਗਲਤੀਆਂ ਹੋਈਆਂ, ਪਰ ਇਹ ਕੌਮੀ ਵਿਸ਼ੇਸ਼ਤਾ ਪ੍ਰਤੀ ਸੁਚੇਤ ਸੀ। ਬਲਿਊ ਸਟਾਰ ਉਪਰੇਸ਼ਨ, ਇਕਵਾਦੀ, ਇਕਾਂਗੀ, ਪਰਿਪੇਖ ਦਾ ਅਭਿਆਸ ਕਰਨ ਵਾਲੇ ਸ਼ਾਸਕਾਂ ਦਾ ਉਪਰੇਸ਼ਨ ਸੀ ਜਿਸ ਨੇ ਇੱਕ ਸੱਭਿਆਚਾਰਕ/ਕੌਮੀ ਵਿਸ਼ੇਸ਼ਤਾ ਨੂੰ ਸਥਾਪਿਤ ਕਰਨ ਲਈ ਉੱਠੀ ਲਹਿਰ ਨੂੰ ਹਿੰਸਾਤਮਕ ਢੰਗ ਨਾਲ ਦਬਾਇਆ। ਇਹ ਕਿਸੇ ਵੀ ਲੋਕਤੰਤਰੀ ਨਿਯਮਾਂ ਦੇ ਉਲਟ ਸੀ।

ਬਲਿਊ ਸਟਾਰ ਉਪਰੇਸ਼ਨ, ਇਕਾਂਗੀ ਬ੍ਰਾਹਮਣਵਾਦ ਅਤੇ ਇਕਾਰਥਕ ਤਰਕ ਵਾਲੇ ਆਧੁਨਿਕਵਾਦੀ ਪਰਿਪੇਖ ਦਾ ਜੋੜ ਸੀ। ਇਸ ਦੀ ਪਹੁੰਚ ਅਣਲੋਕਤੰਤਰੀ ਅਤੇ ਫਾਸ਼ੀਵਾਦੀ ਸੀ । ਇਸ ਨੂੰ ਦਿੱਤੀ ਗਈ ਪ੍ਰਬੰਧਵਾਦੀ ਅਤੇ ਕੌਮਵਾਦੀ ਪੁੱਠ ਕੇਵਲ ਭੁਲੇਖਾ ਪਾਉਣ ਲਈ ਸੀ।

ਸਿੱਖ ਪਹੁੰਚ ਬੁਨਿਆਦੀ ਤੌਰ ‘ਤੇ ਬਹੁ-ਪਰਿਪੇਖੀ ਹੈ, ਵਿਲੱਖਣਤਾ ਨੂੰ ਸਵੀਕਾਰ ਕਰਨ ਵਾਲੀ ਹੈ। ਸਿੱਖ ਗ੍ਰੰਥਾਂ/ਪਾਠਾਂ ਦਾ ਦਰਸ਼ਨ, ਅਨੁਭਵ, ਅਭਿਆਸ, ਬਹੁ-ਭਾਵੀ, ਬਹੁ-ਪਰਿਪੇਖੀ ਅਤੇ ਬਹੁ-ਕੋਣੀ ਹੈ। ਹਰ ਸਤਰ ਇਸ ਗੱਲ ਦੀ ਗਵਾਹ ਹੈ। ਵਰਤੀ ਗਈ ਭਾਸ਼ਾ, ਰੂਪਕ ਆਦਿ ਇਹ ਦ੍ਰਿਸ਼ਟੀ ਅਭਿਆਸ ਵਿਚ ਲਿਆਉਣ ਦਾ ਚੇਤੰਨ ਯਤਨ ਹੈ।

ਬਲਿਊ ਸਟਾਰ ਉਪਰੇਸ਼ਨ ਇਕਾਂਗੀ ਅਤੇ ਬਹੁ-ਕੋਣੀ ਅਭਿਆਸਾਂ ਦੀ ਟੱਕਰ ਹੈ। ਇਹ ਟੱਕਰ ਇਸ ਘਟਨਾ ਰਾਹੀਂ ਨਾ ਹੁੰਦੀ, ਹੋਰ ਢੰਗ ਨਾਲ ਹੋ ਸਕਦੀ ਸੀ। ਭਵਿੱਖ ਵਿੱਚ ਇਸ ਟੱਕਰ ਤੋਂ ਬਚਣ ਲਈ ਅਤੇ ਹੋਰ ਕੌਮਾਂ ਦੇ ਹਿਤਾਂ ਦੀ ਰੱਖਿਆ ਵਿੱਚ ਆਉਣ ਲਈ, ਭਾਰਤੀ ਉਪਮਹਾਂਦੀਪ ਦੇ ਇਤਿਹਾਸ, ਦਰਸ਼ਨ ਅਤੇ ਅਭਿਆਸਾਂ ਨੂੰ ਨਵੇਂ ਸਿਰਿਉਂ ਪੜ੍ਹਨ ਅਤੇ ਪੇਸ਼ ਕਰਨ ਦੀ ਲੋੜ ਹੈ। ਇਨ੍ਹਾਂ ਵਿਚ ਲੁਕੀ ਇਕਾਂਗਿਤਾ ਅਤੇ ਇਸ ਦੀਆਂ ਫਾਸ਼ੀ ਸੰਭਾਵਨਾਵਾਂ ਨੂੰ ਸਾਹਮਣੇ ਲਿਆਉਣਾ ਲੋਕਤੰਤਰ ਨੂੰ ਵੱਡੀ ਦੇਣ ਹੋਵੇਗੀ। ਇਹੀ ਸਿੱਖੀ ਦੇ ਸੱਭਿਆਚਾਰ ਅਤੇ ਕੌਮ ਵਜੋਂ ਵਧਣ ਫੁੱਲਣ ਲਈ ਇਕ ਅਹਿਮ ਕਦਮ ਹੋਵੇਗਾ।

ਸਾਕਾ ਨੀਲਾ ਤਾਰਾ ਕਿਉਂ ਤੇ ਕਿਵੇਂ ?

ਪ੍ਰੀਤਮ ਸਿੰਘ ਸਾਬਕਾ (ਆਈ.ਏ.ਐਸ)

ਕੀ ਅਪਰੇਸ਼ਨ ਬਲਿਊ ਸਟਾਰ ਨੂੰ ਸਿੱਖ ਕੌਮ ਕਦੇ ਭੁਲਾ ਸਕੇਗੀ? ਭਾਵੇਂ ਹਰ ਕੋਈ ਇਸਦਾ ਉੱਤਰ ਨਾਂਹ ਵਿੱਚ ਹੀ ਦੇਵੇਗਾ ਪਰ ਸਿੱਖ ਸਿਆਸਤਦਾਨਾਂ ਦਾ ਇਹ ਮਤ ਜਾਪਦਾ ਹੈ ਕਿ ਸਿੱਖ ਕੌਮ ਨੂੰ ਬਲੂ ਸਟਾਰ ਉਪਰੇਸ਼ਨ ਨੂੰ ਭੁਲਾ ਦੇਣਾ ਚਾਹੀਦਾ ਹੈ ਪਰ ਜਦੋਂ ਸਿੱਖ ਨੇਤਾਵਾਂ ਨੂੰ ਲੋੜ ਪਵੇ ਤਾਂ ਇਸ ਦੁਰਘਟਨਾ ਨੂੰ ਜ਼ਰੂਰ ਚੇਤੇ ਕਰ ਲੈਣਾ ਚਾਹੀਦਾ ਹੈ। ਇਸ ਵਿੱਚ ਸਿੱਖ ਕੌਮ ਦਾ ਭਲਾ ਹੈ। ਉਪਰੇਸ਼ਨ ਬਲਿਊ ਸਟਾਰ ਨੂੰ ਭੁੱਲ ਜਾਣ ਦੇ ਹੱਕ ਵਿੱਚ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਸ ਨਾਲ ਜ਼ਖਮ ਮੁੜ ਹਰੇ ਹੋ ਜਾਣਗੇ ਅਤੇ ਪ੍ਰਾਂਤ ਵਿੱਚ ਜੋ ਅਮਨ ਚੈਨ ਦਾ ਮਾਹੌਲ ਬਣਿਆ ਹੋਇਆ ਹੈ ਉਹ ਤਬਾਹ ਹੋ ਜਾਵੇਗਾ। ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਸੀ ਅਤੇ ਹਰ ਪਾਸਿਓਂ ਇਹ ਮੰਗ ਉੱਠੀ ਸੀ ਕਿ ਇਸ ਕਤਲੇਆਮ ਦੀ ਪੜਤਾਲ ਹੋਣੀ ਚਾਹੀਦੀ ਹੈ ਤਾਂ ਅੰਗਰੇਜ਼ ਸਰਕਾਰ ਵਲੋਂ ਵੀ ਇਹੋ ਦਲੀਲ ਦਿੱਤੀ ਗਈ ਸੀ ਪਰ ਪਿੱਛੋਂ ਮਜਬੂਰ ਹੋ ਕੇ ਹੰਟਰ ਕਮਿਸ਼ਨ ਨਿਯੁਕਤ ਕਰਨਾ ਪਿਆ ਸੀ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਪਾਰਟੀ ਜਿਸਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਇਹ ਵਚਨ ਕੀਤਾ ਸੀ ਕਿ ਜੇ ਸੱਤਾ ਉਸਦੇ ਹੱਥ ਆਈ ਤਾਂ ਉਹ ਇੱਕ ਪੜਤਾਲੀਆ ਕਮਿਸ਼ਨ ਨਿਯੁਕਤ ਕਰਕੇ ਇਸ ਸਾਰੇ ਮਾਮਲੇ ਦੀ ਪੜਤਾਲ ਕਰਵਾਏਗੀ, ਇਸ ਵਚਨ ਨੂੰ ਭੁੱਲ ਗਈ ਅਤੇ ਪੜਤਾਲ ਨਾ ਕਰਵਾਉਣ ਦੇ ਹੱਕ ਵਿੱਚ ਓਹੋ ਦਲੀਲ ਦੇਣ ਲੱਗ ਪਈ ਜੋ ਅੰਗਰੇਜ਼ ਨੇ ਦਿੱਤੀ ਸੀ ਪਰ ਜਦੋਂ ਚੋਣਾਂ ਲਾਗੇ ਆ ਗਈਆਂ ਤਾਂ ਵਿਧਾਨ ਸਭਾ ਸਮਾਗਮ ਵਿੱਚ ਬਲਿਉ ਸਟਾਰ ਉਪਰੇਸ਼ਨ ਦੀ ਨਿਖੇਧੀ ਦਾ ਮਤਾ ਪਾਸ ਕਰਵਾ ਦਿੱਤਾ ਪਰ ਜਾਂਚ ਕਮਿਸ਼ਨ ਦੀ ਨਿਯੁਕਤੀ ਦੇ ਵਚਨ ਨੂੰ ਇੱਕ ਵਾਰ ਫਿਰ ਵਿਸਾਰ ਦਿੱਤਾ।

ਬਲਿਊ ਸਟਾਰ ਉਪਰੇਸ਼ਨ ਕਿਨ੍ਹਾਂ ਕਾਰਨਾਂ ਕਰਕੇ ਹੋਇਆ ਸੀ ਇਸ ਪ੍ਰਸ਼ਨ ਦਾ ਉੱਤਰ ਸਰਕਾਰ ਨੇ 10 ਜੁਲਾਈ 1984 ਨੂੰ ਇੱਕ ਵਾਈਟ ਪੇਪਰ ਜਾਰੀ ਕਰਕੇ ਦਿੱਤਾ ਸੀ। ਪਰ ਅਕਾਲੀ ਪਾਰਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਇੱਕ ਝੂਠ ਦਾ ਪੁਲੰਦਾ ਗਰਦਾਨ ਕੇ ਇਹ ਵਾਅਦਾ ਕੀਤਾ ਸੀ ਕਿ ਉਹ ਆਪਣੇ ਵਲੋਂ ਇਕ ਵਾਈਟ ਪੇਪਰ ਜਾਰੀ ਕਰਕੇ ਅਸਲ ਹਾਲਾਤ ਤੋਂ ਲੋਕਾਂ ਨੂੰ ਜਾਣੂੰ ਕਰਵਾਏਗੀ। ਸਰਕਾਰੀ ਵਾਈਟ ਪੇਪਰ ਦੇ ਜਾਰੀ ਹੋਣ ਤੋਂ 12 ਸਾਲ ਬਾਅਦ ਯਾਨੀ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵਾਈਟ ਪੇਪਰ ਪ੍ਰਕਾਸ਼ਿਤ ਹੋਇਆ। ਸਰਕਾਰੀ ਵਾਈਟ ਪੇਪਰ ਕੁਲ 165 ਪੰਨੇ ਦਾ ਸੀ ਪਰ ਸ਼੍ਰੋਮਣੀ ਕਮੇਟੀ ਦਾ ਵਾਈਟ ਪੇਪਰ 451 ਪੰਨਿਆਂ ਦਾ ਸੀ। ਐਡੇ ਲੰਬੇ ਚੌੜੇ ਵਾਈਟ ਪੇਪਰ ਦੇ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਅੱਜ ਤੱਕ ਲੋਕਾਂ ਨੂੰ ਅਸਲ ਹਾਲਾਤ ਦੀ ਜਾਣਕਾਰੀ ਨਹੀਂ ਮਿਲੀ । ਇਸ ਵਾਈਟ ਪੇਪਰ ਵਿਚ ਕੁਝ ਵੀ ਅਜਿਹਾ ਨਹੀਂ ਸੀ ਜੋ ਕਿ ਪਹਿਲਾਂ ਅਖਬਾਰਾਂ ਵਿਚ ਨਹੀਂ ਛਪ ਚੁੱਕਾ ਸੀ। ਬਹੁਤਾ ਕੁਝ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦੀ ਕਿਤਾਬ “ਭਾਰਤ ਦੀ ਆਤਮ ਹੱਤਿਆ” ਵਿਚੋਂ ਹੀ ਇੰਨ ਬਿੰਨ ਨਕਲ ਕੀਤਾ ਗਿਆ ਸੀ। ਇਸ ਲਈ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਗਿਆ।

ਸ਼੍ਰੋਮਣੀ ਕਮੇਟੀ ਦੇ ਵਾਈਟ ਪੇਪਰ “ਪੰਜਾਬ ਸਬੰਧੀ ਸੱਚ” ਦੀ ਭੂਮਿਕਾ ਵਿੱਚ ਸ਼੍ਰੋਮਣੀ ਕਮੇਟੀ ਦੇ ਉਦੋਂ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਲਿਖਿਆ, “ਜਨਤਾ ਦੀ ਜਾਣਕਾਰੀ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਤੱਥ ਪ੍ਰਸਤੁਤ ਕਰਨੇ ਹੀ ਪੈਣੇ ਹਨ ਪਰ ਉਸ ਲੰਬੇ ਇਤਿਹਾਸ ਦਾ ਪੂਰਾ ਚਿੱਠਾ ਲਿਖਣ ਲਈ ਕਈ ਗ੍ਰੰਥ ਲਿਖਣ ਦੀ ਲੋੜ ਹੈ ਜਿਸ ਵਿੱਚ ਦਗਾ, ਵਿਤਕਰਾ, ਸਿਆਸੀ ਚਾਲਬਾਜ਼ੀ, ਅੰਧਕਾਰਮਈ ਸਾਜਿਸ਼, ਖੋਖਲੀ ਸੁਲਹ ਸਫਾਈ ਅਤੇ ਜਬਰ ਤੋਂ ਕੰਮ ਲਿਆ ਗਿਆ। ਜਿਸਦਾ ਨਤੀਜਾ ਸਿੱਖਾਂ ਨੂੰ ਪੰਜ ਦਹਾਕੇ ਤੋਂ ਵੀ ਵੱਧ ਸਮੇਂ ਲਈ ਲਹੂ, ਹੰਝੂ, ਮਾਨਸਿਕ ਪੀੜਾ ਅਤੇ ਤਸ਼ੱਦਦ ਦੀ ਸੂਰਤ ਵਿੱਚ ਝੱਲਣਾ ਪਿਆ। ਇਸ ਤੋਂ ਵੀ ਵੱਧ ਅੜਚਨ ਇਹ ਹੈ ਕਿ ਜਿੰਨਾ ਪੂਰੀ-ਪੂਰੀ ਜਾਣਕਾਰੀ ਇਕੱਤਰ ਕਰਨਾ ਸੰਭਵ ਨਹੀਂ ਜਾਪਦਾ। ਇਹ ਦਸਤਾਵੇਜ਼ ਸਬੰਧਤ ਸਬੂਤਾਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਸਾਰੀਆਂ ਅਵਾਜ਼ਾਂ ਨੂੰ ਜਾਗਰੂਕ ਕੀਤਾ ਜਾ ਸਕੇ ਜਿਹੜੀਆਂ ਹੱਕ ਅਤੇ ਇਨਸਾਫ ਲਈ ਸੰਘਰਸ਼ ਕਰ ਰਹੀਆਂ ਹਨ।” ਪਰ ਇਹ ਦੇਖ ਕੇ ਬੜਾ ਅਫਸੋਸ ਹੁੰਦਾ ਹੈਕਿ ਜਦੋਂ ਫਰਵਰੀ 1997 ਵਿਚ ਰਾਜ ਸੱਤਾ ਅਕਾਲੀਆਂ ਦੇ ਹੱਥ ਆ ਗਈ, ਜੇ ਉਹ ਉਪਰੇਸ਼ਨ ਬਲਿਊ ਸਟਾਰ ਸਬੰਧੀ ਸਹੀ ਹਾਲਾਤ ਜਾਨਣ ਦੇ ਇੱਛੁਕ ਹੁੰਦੇ ਤਾਂ ਉਸ “ਸਰਕਾਰੀ ਰਿਕਾਰਡ” ਤੱਕ ਉਨ੍ਹਾਂ ਦੀ ਰਸਾਈ ਹੋ ਗਈ ਸੀ। ਜਿਸਦੇ ਅਭਾਵ ਦਾ ਰੋਣਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੀ ਭੂਮਿਕਾ ਵਿੱਚ ਰੋਇਆ ਹੈ।

ਉਸ ਸਰਕਾਰੀ ਰਿਕਾਰਡ ਦੇ ਆਧਾਰ ‘ਤੇ ਉਹ ਲੋਕਾਂ ਨੂੰ ਸਹੀ ਤੱਥਾਂ ਤੋਂ ਜਾਣੂੰ ਕਰਵਾ ਸਕਦੇ ਸਨ। ਜਦੋਂ 1917 ਵਿੱਚ ਰੂਸ ਵਿਚ ਸੋਵੀਅਤ ਇਨਕਲਾਬ ਆਇਆ ਸੀ ਤਾਂ ਲੈਨਿਨ ਨੇ ਆਪਣੀ ਪਹਿਲੀ ਫੁਰਸਤ ਵਿੱਚ ਉਨ੍ਹਾਂ ਸਭ ਗੁਪਤ ਸਮਝੌਤਿਆਂ ਨੂੰ ਪ੍ਰਕਾਸ਼ਿਤ ਕਰਨ ਦਾ ਕਾਰਜ ਕੀਤਾ ਸੀ ਜੋ ਜ਼ਾਰ ਸ਼ਾਹੀ ਨੇ ਰੂਸੀ ਲੋਕਾਂ ਦੇ ਹਿੱਤ ਵਿਰੁੱਧ ਗਵਾਂਢੀ ਰਾਜਾਂ ਨਾਲ ਕੀਤੇ ਹੋਏ ਸਨ। ਇਸ ਤਰ੍ਹਾਂ ਲੈਨਿਨ ਨੇ ਜ਼ਾਰ ਸ਼ਾਹੀ ਦੀਆਂ ਲੋਕ ਦੁਸ਼ਮਣ ਪਾਲਿਸੀਆਂ ਨੂੰ ਨੰਗਾ ਕੀਤਾ ਸੀ। ਇੱਕ ਹੋਰ ਸੱਜਰੀ ਮਿਸਾਲ ਨੈਲਸਨ ਮੰਡੇਲਾ ਦੀ ਹੈ। ਦੱਖਣੀ ਅਫਰੀਕਾ ਦੀ ਨਸਲ ਪ੍ਰਸਤ ਸਰਕਾਰ ਨੇ ਕਾਲੇ ਲੋਕਾਂ ‘ਤੇ ਅਥਾਹ ਜ਼ੁਲਮ ਢਾਹੇ ਸਨ। ਨੈਲਸਨ ਮੰਡੇਲਾ ਨੇ ਆਪ ਵੀ ਤਿੰਨ ਦਹਾਕਿਆਂ ਤੋਂ ਵੀ ਵੱਧ ਜੇਲ੍ਹ ਵਿੱਚ ਤਸੀਹੇ ਝੱਲੇ ਸਨ। ਉਸਨੇ ਸੱਤਾ ਸੰਭਾਲਦਿਆਂ ਹੀ ਇਕ ਪੜਤਾਲੀਆ ਕਮਿਸ਼ਨ ਸਥਾਪਿਤ ਕਰ ਦਿੱਤਾ। ਇਸ ਕਮਿਸ਼ਨ ਦਾ ਨਾਂ ਸੀ “ਟਰੁੱਥ ਐਂਡ ਰੀਕਾਂਸੀਲੀਏਸ਼ਨ ਕਮਿਸ਼ਨ”। ਨੈਲਸਨ ਮੰਡੇਲਾ ਦਾ ਮੱਤ ਸੀ ਕਿ ਜਿਸ ਨੌਕਰ ਸ਼ਾਹੀ ਅਤੇ ਰਾਜ ਸੱਤਾ ਨੇ ਉਸ ’ਤੇ ਅਤੇ ਉਸਦੇ ਲੋਕਾਂ ‘ਤੇ ਜ਼ੁਲਮ ਢਾਹੇ ਹਨ, ਉਸ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਅਤਿ ਜ਼ਰੂਰੀ ਹੈ ਤਾਂ ਜੋ ਮੁੜ ਕੇ ਅਜਿਹਾ ਦੁਖਾਂਤ ਨਾ ਵਾਪਰੇ । ਲੋਕਾਂ ਨੂੰ ਸਹੀ ਹਾਲਾਤ ਦਾ ਪਤਾ ਜ਼ਰੂਰ ਲੱਗਣਾ ਚਾਹੀਦਾ ਹੈ ਅਤੇ ਜ਼ੁਲਮ ਜਬਰ ਨੂੰ ਨੰਗਾ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਿਨ੍ਹਾਂ ਨੇ ਪਾਪ ਕਮਾਏ ਹਨ ਉਹ ਆਪ ਹੀ ਸ਼ਰਮਸ਼ਾਰ ਜ਼ਰੂਰ ਹੋਣ ਭਾਵੇਂ ਉਨ੍ਹਾਂ ਵਿਰੁੱਧ ਬਦਲੇ ਦੀ ਕੋਈ ਕਾਰਵਾਈ ਨਾ ਹੀ ਕੀਤੀ ਜਾਵੇ। ਦੁਖਾਂਤ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਜ਼ਾਲਮ ਸਮਾਜ ਵਿਚ ਇੱਜ਼ਤਦਾਰ ਚੌਧਰੀ ਬਣ ਕੇ ਆਪਣੀ ਚੌਧਰ ਨਾ ਚਲਾਉਂਦੇ ਰਹਿਣ। ਪਰ ਪੰਜਾਬ ਵਿੱਚ ਰਾਜ ਸੱਤਾ ਅਕਾਲੀਆਂ ਦੇ ਹੱਥ ਆ ਜਾਣ ਦੇ ਬਾਵਯੂਦ ਅਜਿਹਾ ਕੁਝ ਨਹੀਂ ਵਾਪਰਿਆ ਅਤੇ ਜਿਨ੍ਹਾਂ ਲੋਕਾਂ ਨੇ ਬਲਿਊ ਸਟਾਰ ਦੀ ਪੀੜਾ ਆਪਣੇ ਪਿੰਡੇ ‘ਤੇ ਹੰਢਾਈ ਹੈ ਉਹ ਚੁੱਪ ਕਰਕੇ ਅਜੇ ਤੱਕ ਖੂਨ ਦੇ ਹੰਝੂ ਰੋ ਰਹੇ ਹਨ।

ਜੇਕਰ ਸਰਕਾਰ ਨੇ ਕੋਈ ਪੜਤਾਲੀਆ ਕਮਿਸ਼ਨ ਸਥਾਪਤ ਨਹੀਂ ਸੀ ਕਰਨਾ ਅਤੇ ਨਾ ਹੀ ਸਰਕਾਰੀ ਦਸਤਾਵੇਜ਼ਾਂ ਨੂੰ ਲੋਕਾਂ ਦੇ ਸਨਮੁੱਖ ਪ੍ਰਸਤੁਤ ਕਰਨਾ ਸੀ ਤਾਂ ਸ਼੍ਰੋਮਣੀ ਕਮੇਟੀ ਆਪਣੇ ਤੌਰ ‘ਤੇ ਇਕ “ਟਰੁੱਥ ਕਮਿਸ਼ਨ” ਸਥਾਪਤ ਕਰ ਸਕਦੀ ਸੀ ਜੋ ਪਿੰਡ- ਪਿੰਡ ਜਾ ਕੇ ਉਨ੍ਹਾਂ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਦਾ ਜਿਨ੍ਹਾਂ ਨੇ ਕਿ ਇਹ ਸਾਕਾ ਆਪਣੇ ਅੱਖੀਂ ਡਿੱਠਾ ਸੀ ਅਤੇ ਇਸ ਦੇ ਜ਼ੁਲਮ ਸਹਾਰੇ ਸਨ। ਪਰ ਅਜਿਹਾ ਵੀ ਨਹੀਂ ਹੋਇਆ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਸਿੱਖ ਕੌਮ ਦੇ ਸਾਹਮਣੇ ਮੁਲਜ਼ਮਾਂ ਦੇ ਕਟਹਿਰੇ ਵਿਚ ਖੜ੍ਹੇ ਸਨ। ਅਕਾਲੀ ਸਿੱਖ ਮਸਲੇ ਉਦੋਂ ਹੀ ਉਭਾਰਦੇ ਹਨ ਜਦੋਂ ਉਨ੍ਹਾਂ ਨੇ ਰਾਜ ਸੱਤਾ ‘ਤੇ ਕਬਜ਼ਾ ਕਰਨਾ ਹੋਵੇ। ਜਦੋਂ ਇਹ ਮਤਲਬ ਪੂਰਾ ਹੋ ਜਾਂਦਾ ਹੈ ਤਾਂ ਸਾਰੇ ਮਸਲੇ ਭੁੱਲ ਜਾਂਦੇ ਹਨ ਅਤੇ ਜਨਤਾ ਦੇ ਦੁੱਖ ਵੀ ਵਿਸਰ ਜਾਂਦੇ ਹਨ।

ਭਾਰਤ ਸਰਕਾਰ ਨੇ ਆਪਣੇ ਵਾਈਟ ਪੇਪਰ ਵਿੱਚ ਉਪਰੇਸ਼ਨ ਬਲਿਉ ਸਟਾਰ ਨੂੰ ਜਾਇਜ਼ ਠਹਿਰਾਉਣ ਲਈ ਜੋ ਮੁੱਖ ਕਾਰਨ ਦਿੱਤੇ ਹਨ। ਉਨ੍ਹਾਂ ਵਿਚੋਂ ਪਹਿਲੇ ਨੰਬਰ ‘ਤੇ ਅਕਾਲ ਤਖ਼ਤ ਦੀ ਦੁਰਵਰਤੋਂ ਹੈ। ਹੁਣ ਇਹ ਸਵਾਲ ਪੈਦਾ ਹੋਣਾ ਕੁਦਰਤੀ ਹੈ ਕਿ ਜੇਕਰ ਸੰਤ ਭਿੰਡਰਾਂਵਾਲਿਆਂ ਦੀਆਂ ਸਰਗਰਮੀਆਂ ਹੀ ਉਪਰੇਸ਼ਨ ਬਲਿਊ ਸਟਾਰ ਦਾ ਮੁੱਖ ਕਾਰਨ ਸਨ ਤਾਂ ਕੀ ਉਨ੍ਹਾਂ ‘ਤੇ ਕਾਬੂ ਪਾਉਣ ਲਈ ਅਪਰੇਸ਼ਨ ਬਲਿਊ ਸਟਾਰ ਤੋਂ ਬਗੈਰ ਹੋਰ ਵੀ ਕੋਈ ਕਾਰਵਾਈ ਹੋ ਸਕਦੀ ਸੀ ਜਾਂ ਨਹੀਂ? ਇਸ ਪ੍ਰਸ਼ਨ ਦਾ ਉੱਤਰ ਸਰਦਾਰ ਗੁਰਦੇਵ ਸਿੰਘ ਤਦੋਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਬਿਆਨ ਤੋਂ ਮਿਲ ਜਾਂਦਾ ਹੈ। ਸ. ਗੁਰਦੇਵ ਸਿੰਘ ਜੁਲਾਈ 1983 ਤੋਂ 1984 ਤਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ। “ਮੈਂ ਚੰਡੀਗੜ੍ਹ ਵਿਖੇ ਮੁੱਖ ਅਫਸਰਾਂ ਨੂੰ ਦੱਸ ਦਿੱਤਾ ਸੀ ਕਿ ਜੇ ਉਹ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋਣ ਤਾਂ ਇਸ ਵਿੱਚ ਕੋਈ ਵੱਡੀ ਔਕੜ ਨਹੀਂ ਆਵੇਗੀ। ਮੇਰੇ ਸੂਹੀਆਂ ਨੇ ਇਹ ਦੱਸ ਦਿੱਤਾ ਸੀ ਕਿ ਦਰਬਾਰ ਸਾਹਿਬ ਵਿਚਲੇ ਖਾੜਕੂਆਂ ਕੋਲ ਦੋ ਤਿੰਨ ਸੌ ਤੋਂ ਵੱਧ ਬੰਦੂਕਾਂ ਨਹੀਂ ਸਨ। ਉਨ੍ਹਾਂ ਦੀਆਂ ਬੰਦੂਕਾਂ ਕੋਈ ਬਹੁਤੀਆਂ ਆਧੁਨਿਕ ਵੀ ਨਹੀਂ ਸਨ। ਬਾਅਦ ਵਿੱਚ ਫੌਜ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਲੋੜੀਂਦੀ ਸੂਚਨਾ ਪ੍ਰਾਪਤ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਿਸ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕੀਤੀ। ਉਸ ਵੇਲੇ ਦਰਬਾਰ ਸਾਹਿਬ ਅੰਦਰ ਅੱਧੀ ਦਰਜਨ ਤੋਂ ਵੱਧ ਸੂਹੀਆ ਏਜੰਸੀਆਂ ਸਰਗਰਮ ਸਨ ਅਤੇ ਬਹੁਤੀ ਵਾਰੀ ਇੱਕ ਦੂਜੇ ਨੂੰ ਕੱਟਣ ਵਿੱਚ ਰੁੱਝ ਜਾਂਦੀਆਂ ਸਨ। ਮੈਨੂੰ ਆਪਣੀ ਸੀ.ਆਈ.ਡੀ. ’ਤੇ ਵਿਸ਼ਵਾਸ ਸੀ। ਜੇ ਮੈਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਜਾਂਦੀਆਂ ਤਾਂ ਮੈਂ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਲਈ ਇੱਕ ਉਪਰੇਸ਼ਨ ਦਾ ਪ੍ਰਬੰਧ ਕਰ ਸਕਦਾ ਸੀ। ਪਰ ਮੁੱਖ ਮੰਤਰੀ ਦਰਬਾਰਾ ਸਿੰਘ, ਪੰਜਾਬ ਦਾ ਗਵਰਨਰ ਪਾਂਡੇ ਅਤੇ ਪੰਜਾਬ ਦੇ ਮੁੱਖ ਸਕੱਤਰ ਕੇ.ਡੀ. ਵਾਸੂਦੇਵਾ ਨੇ ਮੈਨੂੰ ਸਪੱਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ ਸੀ ਕਿ ਭਿੰਡਰਾਂਵਾਲੇ ਵਿਰੁੱਧ ਕਾਰਵਾਈ ਕਰਨ ਦੀ ਪਹਿਲ ਦਾ ਹੁਕਮ ਚੰਡੀਗੜ੍ਹ ਤੋਂ ਜਾਰੀ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਨੂੰ ਆਦੇਸ਼ ਦਿੱਲੀ ਤੋਂ ਪ੍ਰਾਪਤ ਹੁੰਦੇ ਹਨ। ਮੈਂ ਇਸ ਤਜਵੀਜ਼ ਦੀ ਮੁਖਾਲਫਤ ਕੀਤੀ ਕਿ ਫੌਜ ਬੁਲਾਈ ਜਾਵੇ। ਮੇਰੇ ਪਾਸ ਅਜਿਹਾ ਕਰਨ ਦੇ ਕਾਰਨ ਬਹੁਤ ਸਨ। ਜੇ ਦਰਬਾਰ ਸਾਹਿਬ ‘ਤੇ ਛਾਪਾ ਮਾਰਿਆ ਜਾਣਾ ਸੀ ਤਾਂ ਉਸਦੀ ਸਫਲਤਾ ਲਈ ਸਥਾਨਕ ਪੁਲਿਸ ਦਾ ਸਹਿਯੋਗ ਨਿਰਣਾਇਕ ਸੀ। ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਤੋਂ ਦਰਬਾਰ ਸਾਹਿਬ ਕੰਪਲੈਕਸ ਨੂੰ ਕਈ ਰਸਤੇ ਜਾਂਦੇ ਸਨ। ਇਸ ਔਕੜ ਤੋਂ ਇਲਾਵਾ ਇਕ ਵੱਡੀ ਸਮੱਸਿਆ ਇਹ ਸੀ ਕਿ ਦਰਬਾਰ ਸਾਹਿਬ ਪਰਿਸਰ ਪੁਰਾਣੇ ਸ਼ਹਿਰ ਨਾਲ ਉਨ੍ਹਾਂ ਮਕਾਨਾਂ ਦੀਆਂ ਭੁੱਲ ਭੁਲੱਈਆਂ ਸਦਕਾ ਜੁੜਿਆ ਹੋਇਆ ਸੀ ਜਿਨ੍ਹਾਂ ਦੀਆਂ ਪਿੱਠਾਂ ਆਪਸ ਵਿਚ ਮਿਲੀਆਂ ਹੋਈਆਂ ਸਨ। ਪੁਰਾਣੇ ਸ਼ਹਿਰ ਦੀ ਬਾਹਰਲੀ ਦੀਵਾਰ ਦੇ ਕਿਸੇ ਥਾਂ ਤੋਂ ਛੱਤਾਂ ਟੱਪ-ਟੱਪ ਕੇ ਦਰਬਾਰ ਸਾਹਿਬ ਤੱਕ ਪਹੁੰਚਿਆ ਜਾ ਸਕਦਾ ਸੀ ਅਤੇ ਇਸੇ ਤਰ੍ਹਾਂ ਦਰਬਾਰ ਸਾਹਿਬ ਵਿੱਚੋਂ ਫਰਾਰ ਹੋਇਆ ਜਾ ਸਕਦਾ ਸੀ। ਫੌਜ ਅਤੇ ਹੋਰ ਨੀਮ ਫੌਜੀ ਦਲ ਕਿਉਂਕਿ ਸ਼ਹਿਰ ਦੇ ਗਲੀ ਕੂਚਿਆਂ ਤੋਂ ਵਾਕਿਫ ਨਹੀਂ ਸਨ, ਇਸ ਲਈ ਉਹ ਖਾੜਕੂਆਂ ਨੂੰ ਦਰਬਾਰ ਸਾਹਿਬ ਵਿੱਚ ਬਾਹਰੋਂ ਪਹੁੰਚਣ ਅਤੇ ਫਰੇ ਉਥੋਂ ਫਰਾਰ ਹੋ ਜਾਣ ਤੋਂ ਰੋਕ ਨਹੀਂ ਸਨ ਸਕਦੇ। ਮੈਂ ਸਰਕਾਰ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਪੰਜਾਬ ਦੇ ਸਿੱਖ ਪੁਲਿਸ ਕਾਰਵਾਈ ਦੀ ਤੁਲਨਾ ਵਿੱਚ ਫੌਜੀ ਹਮਲੇ ਦਾ ਬਹੁਤ ਰੋਸ ਮਨਾਉਣਗੇ। ਜੇ ਦਰਬਾਰ ਸਾਹਿਬ ਵਿੱਚ ਫੌਜ ਦਾਖਲ ਹੋਈ ਤਾਂ ਦਰਬਾਰ ਸਾਹਿਬ ਉੱਤੇ ਵਿਦੇਸ਼ੀ ਧਾੜਵੀਆਂ ਦੇ ਹਮਲਿਆਂ ਦੀਆਂ ਯਾਦਾਂ ਫੇਰ ਹਰੀਆਂ ਹੋ ਜਾਣਗੀਆਂ। ਮੈਂ ਜਦੋਂ ਇਸ ਨੁਕਤੇ ‘ਤੇ ਚਰਚਾ ਕੀਤੀ ਤਾਂ ਉਨ੍ਹਾਂ ਮੈਨੂੰ ਕਿਹਾ ‘ਗੁਰਦੇਵ ਦੇਖੋ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ। ਮੈਂ ਗਵਰਨਰ ਨਾਲ ਇਸ ਮੁੱਦੇ ‘ਤੇ ਬਹੁਤ ਵਾਰ ਚਰਚਾ ਕੀਤੀ ਪਰ ਫੇਰ ਮੈਨੂੰ ਜ਼ਰਾ ਮੁਹਤਾਤ ਹੋਣਾ ਪਿਆ ਜਦੋਂ ਮੈਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਏਨੀ ਵਾਰੀ ਇਸ ਮੁੱਦੇ ਨੂੰ ਦੁਹਰਾਉਣ ਨਾਲ ਗਲਤਫਹਿਮੀ ਪੈਦਾ ਹੋ ਸਕਦੀ ਹੈ।

ਭਾਵੇਂ ਸਰਕਾਰ ਵਾਰ-ਵਾਰ ਐਲਾਨ ਕਰ ਰਹੀ ਸੀ ਉਸਦਾ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਪਰ ਵਿੱਚੋਂ ਵਿੱਚ ਇਸਦੀ ਤਿਆਰੀ ਵੀ ਚੱਲ ਰਹੀ ਸੀ। ਗੁਰਦੇਵ ਸਿੰਘ ਨੂੰ ਕਾਰਵਾਈ ਸਬੰਧੀ ਜਾਣਕਾਰੀ 3 ਜੂਨ ਨੂੰ ਮਿਲੀ ਜਦੋਂ ਉਸਨੇ ਅੰਮ੍ਰਿਤਸਰ ਛਾਉਣੀ ਵਿਖੇ ਫੌਜੀ ਜਰਨੈਲਾਂ ਦੀ ਇੱਕ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਹੁਣ ਇਸ ਤੋਂ ਅੱਗੇ ਦੀ ਕਥਾ ਵਾਰਤਾ ਗੁਰਦੇਵ ਸਿੰਘ ਦੀ ਜ਼ੁਬਾਨੀ ਸੁਣੋ।

“2 ਜੂਨ ਸਵੇਰੇ ਮੈਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ। ਇਸ ਤੋਂ ਪਹਿਲਾਂ ਫੌਜੀ ਜਰਨੈਲਾਂ ਨੇ ਸਿਵਲ ਪ੍ਰਸਾਸ਼ਨ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਦੱਸਣ ਦੀ ਖੇਚਲ ਨਹੀਂ ਸੀ ਕੀਤੀ ਕਿ ਬਲਿਊ ਸਟਾਰ ਅਪਰੇਸ਼ਨ ਹੋਣ ਵਾਲਾ ਹੈ ਪਰ ਮੈਂ ਆਪ ਇਹ ਭਾਂਪ ਗਿਆ ਸਾਂ ਕਿ ਕੁਝ ਬਹੁਤ ਹੀ ਭਿਆਨਕ ਵਾਪਰਨ ਵਾਲਾ ਹੈ। ਦਸੰਬਰ 1983 ਦੇ ਆਰੰਭ ਵਿੱਚ ਹੀ ਮੈਂ ਜ਼ਿਲ੍ਹੇ ਦੇ ਆਪਣੇ ਸਰਕਾਰੀ ਦੌਰਿਆਂ ਸਮੇਂ ਇਹ ਗੱਲ ਨੋਟ ਕੀਤੀ ਸੀ ਕਿ ਫੌਜੀ ਕਾਰਵਾਈ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਸੇਵਾ ਨਿਭਾ ਰਹੇ ਕਈ ਫੌਜੀ ਅਫਸਰਾਂ ਨਾਲ ਮੇਰੀ ਜਾਣ ਪਛਾਣ ਸੀ। ਇਹ ਵੀ ਆਮ ਅਫਵਾਹ ਸੀ ਕਿ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਫੌਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਪਰੇਸ਼ਨ ਤੋਂ ਪਹਿਲਾਂ ਜਨਰਲ ਵੈਦਿਆ ਆਪ ਵੀ ਤਿੰਨ ਚਾਰ ਮਹੀਨੇ ਪਹਿਲਾਂ ਅੰਮ੍ਰਿਤਸਰ ਆਇਆ ਸੀ। ਇਸ ਫੌਜੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਚੋਟੀ ਦੇ ਜਰਨੈਲ ਅੰਮ੍ਰਿਤਸਰ ਪੁੱਜੇ ਹੋਏ ਸਨ। ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਏਡੀ ਭਾਰੀ ਗਿਣਤੀ ਵਿੱਚ ਉਹ ਅੰਮ੍ਰਿਤਸਰ ਵਿਖੇ ਕੀ ਕਰ ਰਹੇ ਹਨ ਪਰ ਇਸ ਗੱਲ ਦੀ ਆਮ ਜਾਣਕਾਰੀ ਸੀ ਕਿ ਉਹ ਅੰਮ੍ਰਿਤਸਰ ਵਿਖੇ ਕਿਸੇ ਕਠੋਰ ਕਾਰਵਾਈ ਦੀ ਯੋਜਨਾ ਬਣਾ ਰਹੇ ਸਨ। ਪਿਛਲੇ ਕਈ ਮਹੀਨਿਆਂ ਤੋਂ ਜਰਨਲ ਬਰਾੜ, ਜਿਸਦਾ ਹੈੱਡ ਕਵਾਟਰ ਮੇਰਠ ਵਿਖੇ ਸੀ ਅਤੇ ਉਹ 9ਵੀਂ ਡਵੀਜ਼ਨ ਦਾ ਕਮਾਂਡਰ ਸੀ, ਅੰਮ੍ਰਿਤਸਰ ਦੇ ਬਹੁਤ ਚੱਕਰ ਲਗਾ ਰਿਹਾ ਸੀ। ਮੇਰੀ ਉਸ ਨਾਲ ਇਕ ਮੁਲਾਕਾਤ ਮੇਜਰ ਜਨਰਲ ਜਮਵਾਲ ਦੀ ਕੋਠੀ ‘ਤੇ ਹੋਈ ਸੀ। ਜਮਵਾਲ ਅੰਮ੍ਰਿਤਸਰ ਵਿਚ ਫੌਜ ਦਾ ਮੁਖੀ ਸੀ। ਛਾਉਣੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਸੀ। ਜਦੋਂ ਉਥੇ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਮੈਨੂੰ ਸੱਦਾ ਮਿਲਿਆ ਤਾਂ ਮੈਂ ਗਵਰਨਰ ਪੰਜਾਬ ਨੂੰ ਟੈਲੀਫੋਨ ਕੀਤਾ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰਾ ਜ਼ਮੀਰ ਮੈਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਮੈਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਕਾਰਵਾਈ ਵਿੱਚ ਸ਼ਾਮਲ ਹੋਵਾਂ। ਮੈਂ ਇਸ ਗੱਲੋਂ ਉਨ੍ਹਾਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੇਰੀ ਅੰਮ੍ਰਿਤਸਰ ਦੀ ਨਿਯੁਕਤੀ ਤੋਂ ਉਨ੍ਹਾਂ ਝੱਟ-ਪੱਟ ਫਾਰਗ ਕਰ ਦਿੱਤਾ। ਮੈਨੂੰ ਚਾਰ ਮਹੀਨੇ ਦੀ ਛੁੱਟੀ ਇਸ ਸ਼ਰਤ ਉੱਤੇ ਦਿੱਤੀ ਗਈ ਕਿ ਮੈਂ ਤੁਰੰਤ ਵਿਦੇਸ਼ ਚਲਿਆ ਜਾਵਾਂਗਾ ਅਤੇ ਪ੍ਰੈਸ ਵਿਚ ਕੋਈ ਗਲਬਾਤ ਨਹੀਂ ਕਰਾਂਗਾ। ਮੇਰੀ ਥਾਂ ‘ਤੇ ਰਮੇਸ਼ ਇੰਦਰ ਸਿੰਘ 3 ਜੂਨ ਨੂੰ ਸਵੇਰੇ ਅੰਮ੍ਰਿਤਸਰ ਪੁੱਜੇ। ਉਸ ਵੇਲੇ ਤਕ ਉਪਰੇਸ਼ਨ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਮੈਂ ਫੌਜੀ ਜਰਨੈਲਾਂ ਨਾਲ ਹੋਣ ਵਾਲੀ ਮੀਟਿੰਗ ਤੋਂ ਬਚਣਾ ਚਾਹੁੰਦਾ ਸਾਂ। ਪਰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਮੈਨੂੰ ਹਦਾਇਤ ਕੀਤੀ ਸੀ ਕਿ ਮੈਂ ਮੀਟਿੰਗ ਵਿੱਚ ਜ਼ਰੂਰ ਸ਼ਾਮਿਲ ਹੋਵਾਂ ਇਸ ਕਰਕੇ ਮੈਂ ਆਪਣੇ ਉੱਤਰ ਅਧਿਕਾਰੀ ਨਾਲ ਇਸ ਮੀਟਿੰਗ ਵਿੱਚ ਸ਼ਾਮਿਲ ਹੋ ਗਿਆ। ਮੈਂ ਜਦੋਂ ਕਾਨਫਰੰਸ ਹਾਲ ਵੱਲ ਜਾ ਰਿਹਾ ਸਾਂ ਤਾਂ ਜਨਰਲ ਬਰਾੜ ਵੀ ਆ ਗਿਆ। ਅਸੀਂ ਕਾਨਫਰੰਸ ਲਈ ਬੈਠ ਗਏ। ਉਥੇ ਪੁਲਿਸ, ਸੀਮਾ ਸੁਰੱਕਸ਼ਾ ਦਲ ਅਤੇ ਗੁਪਤਚਰ ਵਿਭਾਗਾਂ ਦੇ ਵੀ ਅਫਸਰ ਸਨ।

ਕਈ ਨਕਸ਼ੇ ਅਤੇ ਚਾਰਟ ਦੀਵਾਰ ‘ਤੇ ਟੰਗੇ ਹੋਏ ਸਨ। ਜਨਰਲ ਬਰਾੜ ਨੇ ਕਾਨਫਰੰਸ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ, “ਤੁਸੀ ਜਾਣਦੇ ਹੋ ਕਿ ਅਸੀਂ ਕੁਝ ਗਿਣਤੀ ਦੇ ਬਦਮਾਸ਼ਾਂ ਨੂੰ ਭਾਰਤ ਸਰਕਾਰ ਨੂੰ ਯਰਗਮਾਲ ਬਣਾਉਣ ਦੀ ਆਗਿਆ ਨਹੀਂ ਦੇ ਸਕਦੇ। ਅਸੀਂ ਅਜਿਹੇ ਮੱਕੂ ਠੱਪਾਂਗੇ ਕਿ ਉਹ ਦੋ ਘੰਟੇ ਵਿੱਚ ਹੀ ਗੋਡੇ ਟੇਕ ਦੇਣ।” ਉਹ ਇਸ ਸੁਰ ਵਿਚ ਗੱਲਾਂ ਬਾਤਾਂ ਕਰਦਾ ਰਿਹਾ। ਜਦੋਂ ਉਸਨੇ ਆਪਣਾ ਭਾਸ਼ਨ ਸਮਾਪਤ ਕੀਤਾ ਤਾਂ ਮੈਨੂੰ ਪੁੱਛਣ ਲੱਗਾ, “ਸਰਦਾਰ ਸਾਹਿਬ ਤੁਹਾਡੀ ਕੀ ਰਾਏ ਹੈ?” ਮੈਂ ਉਸਨੂੰ ਕਿਹਾ ਕਿ ਮੇਰੇ ਵਿਚਾਰ ਅਨੁਸਾਰ ਭਿੰਡਰਾਂਵਾਲਾ ਆਤਮ ਸਮਰਪਣ ਨਹੀਂ ਕਰੇਗਾ। ‘ਮੇਰੇ ਗੱਲ ਮੁਕਾਉਣ ਤੋਂ ਪਹਿਲਾਂ ਹੀ ਜਨਰਲ ਬਰਾੜ ਗਰਜਣ ਲੱਗ ਪਿਆ, “ਜਦੋਂ ਟੈਂਕ ਗੜ-ਗੜ ਕਰਦੇ ਹਨ, ਹਵਾਈ ਜਹਾਜ਼ ਗੁੰਜਾਰ ਪਾਉਂਦੇ ਹਨ, ਤੋਪਾਂ ਅੱਗ ਉਗਲਦੀਆਂ ਹਨ, ਤਾਂ ਵੱਡਿਆਂ ਵਡੇਰਿਆਂ ਦਾ ਪਿੱਤਾ ਪਾਣੀ ਹੋ ਜਾਂਦਾ ਹੈ, ਉਨ੍ਹਾਂ ਨੂੰ ਕਾਂਬਾ ਛਿੜ ਜਾਂਦਾ ਹੈ, ਇਹ ਬੰਦਾ ਤਾਂ ਘੰਟੇ ਤੋਂ ਘੱਟ ਸਮੇਂ ਵਿਚ ਆਪਣੇ ਗੋਡੇ ਟੇਕ ਦੇਵੇਗਾ।” ਗੁਰਦੇਵ ਸਿੰਘ ਨੇ ਉੱਤਰ ਦਿੱਤਾ, “ਜਨਰਲ ਸਾਹਿਬ ਇਹ ਤਾਂ ਤੁਹਾਡੀ ਆਪਣੀ ਰਾਏ ਹੈ ਪਰ ਤੁਸੀਂ ਤਾਂ ਮੈਨੂੰ ਆਪਣੇ ਵਿਚਾਰ ਦੱਸਣ ਲਈ ਕਿਹਾ ਸੀ ਸੋ ਮੈਂ ਦੱਸ ਦਿੱਤੇ।”

ਜਗਦੀਸ਼ ਚੰਦਰ ਵੈਦਿਆ ਮੇਰੇ ਗੂਹੜੇ ਮਿੱਤਰ ਸਨ, ਉਸ ਵੇਲੇ ਦੂਰ ਦਰਸ਼ਨ ਜਲੰਧਰ ਦੇ ਸਮਾਚਾਰ ਵਿਭਾਗ ਦੇ ਇੰਚਾਰਜ ਸਨ। ਉਨ੍ਹਾਂ ਨੂੰ ਹੁਕਮ ਹੋਇਆ ਕਿ ਉਹ ਆਪਣੇ ਸਾਰੇ ਅਮਲੇ ਸਮੇਤ ਅੰਮ੍ਰਿਤਸਰ ਪਹੁੰਚ ਜਾਣ। ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਦੂਰਦਰਸ਼ਨ ਵਾਲੇ ਆਪਣੇ ਕੈਮਰੇ ਫਿੱਟ ਕਰਕੇ ਤਸਵੀਰਾਂ ਲੈਣ ਵਿੱਚ ਰੁੱਝ ਗਏ ਪਰ ਕੁਝ ਦੇਰ ਵਿੱਚ ਹੀ ਫੌਜੀ ਜਰਨੈਲਾਂ ਨੂੰ ਇਹ ਚਾਨਣ ਹੋ ਗਿਆ ਕਿ ਜਿਵੇਂ ਉਨ੍ਹਾਂ ਨੇ ਸੋਚਿਆ ਸੀ ਕਿ ਅਪਰੇਸ਼ਨ ਅੱਧੇ ਘੰਟੇ ਵਿੱਚ ਹੀ ਸਮਾਪਤ ਹੋ ਜਾਵੇਗਾ ਅਤੇ ਦਰਬਾਰ ਸਾਹਿਬ ਵਿੱਚ ਮੋਰਚਾ ਬੰਦੀ ਕਰਕੇ ਬੈਠੇ ਲੋਕ ਹੱਥ ਖੜ੍ਹੇ ਕਰਕੇ ਬਾਹਰ ਆ ਜਾਣਗੇ, ਉਹ ਦਰੁਸਤ ਨਹੀਂ ਸੀ। ਹੁਕਮ ਹੋਇਆ ਕਿ ਦੂਰਦਰਸ਼ਨ ਦਾ ਸਾਰਾ ਅਮਲਾ ਵਾਪਸ ਸਰਕਟ ਹਾਊਸ ਚਲਾ ਜਾਵੇ। ਉਥੇ ਫੌਜੀ ਅਫਸਰਾਂ ਨੇ ਕੈਮਰੇ ਆਪਣੇ ਕਬਜ਼ੇ ਵਿੱਚ ਕਰ ਲਏ ਅਤੇ ਫਿਲਮਾਂ ਵੀ ਕੱਢ ਲਈਆਂ। ਵੈਦਿਆ ਨੇ ਬੜਾ ਕਿਹਾ ਕਿ ਸਾਡਾ ਵਿਭਾਗ ਵੀ ਭਾਰਤ ਸਰਕਾਰ ਦਾ ਹੈ, ਇਹ ਜ਼ਬਤੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਪਰ ਫੌਜ ਨੇ ਇੱਕ ਨਾ ਸੁਣੀ। ਵੈਦਿਆ ਦੇ ਦੱਸਣ ਅਨੁਸਾਰ ਫੌਜ ਨੇ ਖਬਰਾਂ ਪਹੁੰਚਾਉਣ ਦਾ ਕੰਮ ਉਨ੍ਹਾਂ ਨੂੰ ਸੌਂਪ ਦਿੱਤਾ। ਪਹਿਲਾਂ ਇਹ ਖਬਰ ਦਿੱਤੀ ਗਈ ਕਿ ਦਰਬਾਰ ਸਾਹਿਬ ਵਿਚੋਂ ਬੜੇ ਸਾਰੇ ਪਾਕਿਸਤਾਨੀ ਪਕੜੇ ਗਏ ਪਰ ਜਦੋਂ ਇਹ ਖਬਰ ਟੈਲੀ ਪਰਿੰਟਰ ‘ਤੇ ਅਜੇ ਭੇਜੀ ਹੀ ਜਾ ਰਹੀ ਸੀ ਤਾਂ ਹੁਕਮ ਹੋਇਆ, “ਕਿਲ ਦਿਸ ਨਿਊਜ਼। ਇਸ ਤਰ੍ਹਾਂ ਦਰਬਾਰ ਸਾਹਿਬ ਸਬੰਧੀ ਕਈ ਖਬਰਾਂ ਉਡਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਕਿ ਦਰਬਾਰ ਸਾਹਿਬ ਪਰਿਸਰ ਵਿੱਚੋਂ ਬਹੁਤ ਸਾਰੀਆਂ ਗਰਭਵਤੀ ਔਰਤਾਂ ਪਕੜੀਆਂ ਗਈਆਂ ਹਨ ਜੋ ਕਿ ਦਹਿਸ਼ਤ ਗਰਦਾਂ ਦੀ ਹਵਸ ਦਾ ਸ਼ਿਕਾਰ ਹੋਈਆਂ ਹਨ। ਫਿਰ ਇਸ ਖਬਰ ਦਾ ਵੀ ਖੰਡਨ ਕੀਤਾ ਗਿਆ। ਫਿਰ ਇਹ ਖਬਰ ਗਈ ਕਿ ਅਕਾਲ ਤਖ਼ਤ ਤੋਂ ਬਹੁਤ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਫਿਰ ਇਸ ਖਬਰ ਦਾ ਵੀ ਖੰਡਨ ਹੋਇਆ। ਮੇਰਾ, ਇਕ ਦੋਸਤ ਉਦੋਂ ਕਸਟਮ ਵਿਭਾਗ ਵਿੱਚ ਅੰਮ੍ਰਿਤਸਰ ਤਾਇਨਾਤ ਸੀ। ਮੈਂ ਉਸ ਤੋਂ ਪੁੱਛ ਪੜਤਾਲ ਕੀਤੀ। ਉਸ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦਿਨਾਂ ਵਿੱਚ ਅੰਮ੍ਰਿਤਸਰ ਸਰਹੱਦ ਉੱਤੇ ਪਾਕਿਸਤਾਨ ਤੋਂ ਸਮੱਗਲ ਸ਼ੁਦਾ ਨਸ਼ੀਲੇ ਪਦਾਰਥਾਂ ਦੀ ਇਕ ਭਾਰੀ ਖੇਪ ਪਕੜੀ ਗਈ ਸੀ। ਅਧਿਕਾਰੀ ਉਸ ਦੀ ਬਰਾਮਦਗੀ ਅਕਾਲ ਤਖ਼ਤ ਤੋਂ ਦਿਖਾਉਣਾ ਚਾਹੁੰਦੇ ਸਨ ਪਰ ਕਸਟਮ ਵਿਭਾਗ ਇਸ ਲਈ ਤਿਆਰ ਨਾ ਹੋਇਆ ਕਿਉਂਕਿ ਉਹ ਇਸਦੀ ਬਰਾਮਦਗੀ ਬਾਰਡਰ ਤੋਂ ਪਹਿਲਾਂ ਦਿਖਾ ਕੇ ਆਪਣੇ ਵਿਭਾਗ ਨੂੰ ਦਿੱਲੀ ਸੂਚਤ ਕਰ ਚੁੱਕੇ ਸਨ। ਬਣਾਇਆ ਕਿ ਫੌਜੀ ਹਥਿਆਰਬੰਦ ਸਨ ਅਤੇ ਮੁਕਾਬਲਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਇਸ “ਬਹਾਦਰੀ” ਦੇ ਕਾਰਨਾਮੇ ਲਈ ਉਸ ਪੁਲਿਸ ਕਪਤਾਨ ਨੂੰ ਰਾਸ਼ਟਰਪਤੀ ਦਾ ਗੈਲੰਟਰੀ ਅਵਾਰਡ ਮਿਲ ਗਿਆ।

ਏਅਰ ਫੋਰਸ ਦੇ ਇਕ ਜੂਨੀਅਰ ਕਮਿਸ਼ਨਡ ਅਫ਼ਸਰ ਨੇ ਜੋ ਕਿ ਮਿੰਨੀ ਬਸ ਦਾ ਪ੍ਰਾਰਥੀ ਸੀ ਇਕ ਬਹੁਤ ਹੀ ਹਿਰਦੇ-ਵੇਦਕ ਗੱਲ ਸੁਣਾਈ। ਉਸਨੇ ਮੈਨੂੰ ਦੱਸਿਆ ਕਿ ਜਿਸ ਦਿਨ ਹਰਿਮੰਦਰ ਸਾਹਿਬ ‘ਤੇ ਫੌਜੀ ਕਾਰਵਾਈ ਦੀ ਖਬਰ ਮਿਲੀ ਉਸ ਦੀ ਤਾਇਨਾਤੀ ਬੰਗਲੌਰ ਵਿਖੇ ਸੀ। ਉਸਨੇ ਰਾਤ ਨੂੰ ਮੈਸ ਵਿੱਚ ਖਾਣਾ ਨਾ ਖਾਧਾ। ਅਗਲੇ ਦਿਨ ਉਸ ‘ਤੇ ਰੇਡ ਹੋ ਗਿਆ। ਉਸ ਦੇ ਕਮਰੇ ਵਿੱਚੋਂ ਗਾਤਰੇ ਵਾਲੀ ਛੋਟੀ ਕਿਰਪਾਨ ਪਕੜੀ ਗਈ। ਜਿਸ ਦੇ ਆਧਾਰ ‘ਤੇ ਉਸ ਵਿਰੁੱਧ ਕੇਸ ਬਣ ਗਿਆ ਕਿ ਉਹ ਆਪਣੇ ਅਫਸਰਾਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਸ ਨੇ ਬਹੁਤ ਵਾਵੇਲਾ ਕੀਤਾ ਕਿ ਗਾਤਰੇ ਦੀ ਕਿਰਪਾਨ ਤਾਂ ਧਾਰਮਿਕ ਚਿੰਨ੍ਹ ਸੀ। ਇਹ ਹਥਿਆਰ ਨਹੀਂ ਪਰ ਉਸਦੀ ਕਿਸੇ ਨੇ ਇਕ ਨਾ ਸੁਣੀ ਅਤੇ ਉਸਨੂੰ ਡਿਸਮਿਸ ਕਰ ਦਿੱਤਾ ਗਿਆ।

ਅਜਿਹੇ ਕਈ ਕਿੱਸੇ ਧੱਕੜਸ਼ਾਹੀ ਦੇ ਮੇਰੇ ਨੋਟਿਸ ਵਿੱਚ ਆਏ। ਸਾਧਾਰਨ ਲੋਕਾਂ ਦੇ ਦੁਖੜੇ ਲੂੰ ਕੰਡੇ ਖੜੇ ਕਰ ਦੇਣ ਵਾਲੇ ਸਨ।

ਉਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਹਰਿਮੰਦਰ ਸਾਹਿਬ ਨੂੰ ਫੌਜ ਨੇ ਬੰਦ ਕਰ ਦਿੱਤਾ ਸੀ। ਕਈ ਦਿਨ੍ਹਾਂ ਤੱਕ ਲੋਕਾਂ ਨੂੰ ਦਰਸ਼ਨਾਂ ਲਈ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਪਰਕਰਮਾਂ ਵਿੱਚੋਂ ਜਦੋਂ ਲਾਸ਼ਾਂ ਚੁੱਕ ਲਈਆਂ ਗਈਆਂ ਅਤੇ ਦਰਬਾਰ ਸਾਹਿਬ ਨੂੰ ਫੌਜੀ ਕਾਰਵਾਈ ਵਿੱਚ ਜੋ ਨੁਕਸਾਨ ਪੁੱਜਾ ਸੀ, ਉਸਦੀ ਥੋੜ੍ਹੀ ਬਹੁਤੀ ਮੁਰੰਮਤ ਹੋ ਗਈ ਤਾਂ ਦਰਬਾਰ ਸਾਹਿਬ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ। ਇਨ੍ਹਾਂ ਹੀ ਦਿਨਾਂ ਵਿੱਚ ਜਦੋਂ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਤਾਂ ਸਭ ਪੋਚਾ-ਪੋਚੀ ਦੇ ਬਾਵਯੂਦ ਪ੍ਰਕਰਮਾਂ ਵਿਚੋਂ ਸੜੀਆਂ ਹੋਈਆਂ ਲਾਸ਼ਾਂ ਦੀ ਬਦਬੂ ਆ ਰਹੀ ਸੀ। ਥਾਂ-ਥਾਂ ਗੋਲੀਆਂ ਦੇ ਨਿਸ਼ਾਨ ਸਨ। ਪ੍ਰਕਰਮਾ ਦਾ ਫਰਸ਼ ਟੁੱਟਾ ਹੋਇਆ ਸੀ। ਲੋਕ ਇਹ ਸਭ ਕੁਝ ਦੇਖ ਕੇ ਹੰਝੂ ਵਹਾ ਰਹੇ

ਸਨ। ਅਕਾਲ ਤਖ਼ਤ ਢੱਠਾ ਪਿਆ ਸੀ ਅਤੇ ਇਸਦੇ ਸਾਹਮਣੇ ਕੰਡੇਦਾਰ ਤਾਰ ਦੇ ਲੱਛੇ ਵਿਛਾਏ ਹੋਏ ਸਨ। ਫੌਜੀ ਕਿਸੇ ਨੂੰ ਅਕਾਲ ਤਖ਼ਤ ਸਾਹਿਬ ਦੇ ਲਾਗੇ ਨਹੀਂ ਸੀ ਢੁੱਕਣ ਦੇ ਰਹੇ। ਮੇਰੇ ਦੇਖਦੇ ਇੱਕ ਬਜ਼ੁਰਗ ਆਇਆ। ਉਸਨੇ ਢੱਠੇ ਹੋਏ ਅਕਾਲ ਤਖ਼ਤ ਨੂੰ ਦੂਰੋਂ ਖੜ੍ਹੇ ਹੋ ਕੇ ਮੱਥਾ ਟੇਕਿਆ ਅਤੇ ਫੇਰ ਅਰਦਾਸ ਕੀਤੀ, “ਹੇ ਵਾਹਿਗੁਰੂ ਜਿਨ੍ਹਾਂ ਦੁਸ਼ਟਾਂ ਨੇ ਤੇਰਾ ਤਖ਼ਤ ਢਾਹਿਆ ਹੈ, ਮੈਨੂੰ ਬਲ ਬਖਸ਼ ਕਿ ਮੈਂ ਉਨ੍ਹਾਂ ਤੋਂ ਬਦਲਾ ਲਵਾਂ।” ਲੋਕਾਂ ਦੇ ਗੁੱਸੇ ਦਾ ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ।

ਸਾਕਾ ਨੀਲਾ ਤਾਰਾ ਦਾ ਕਾਨੂੰਨੀ ਪੱਖ

ਡੀ.ਐਸ. ਢਿੱਲੋਂ (ਐਡਵੋਕੇਟ)

ਸਾਕਾ ਨੀਲਾ ਤਾਰਾ ਦਾ ਕਾਨੂੰਨੀ ਪੱਖ ਇਹ ਹੈ ਕਿ ਕੀ ਇਹ ਕਾਨੂੰਨੀ ਤੌਰ ‘ਤੇ ਜਾਇਜ਼ ਸੀ? ਜੇ ਨਹੀਂ, ਤਾਂ ਜੋ ਆਪਣੇ ਧਾਰਮਿਕ ਅਸਥਾਨ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਲੜੇ ਉਹ ਠੀਕ ਸਨ।

ਆਰਮਡ ਫੋਰਸਿਸ (ਪੰਜਾਬ ਐਂਡ ਚੰਡੀਗੜ੍ਹ) ਸਪੈਸ਼ਲ ਪਾਵਰਜ਼ ਐਕਟ, 1983 (ੳਕ ਗਠਕਦ -ਰਗਫਕਤ (Punjab and Chandigarh) Special Act, 1983) 15 ਅਕਤੂਬਰ, 1983 ਨੂੰ ਹੋਂਦ ਵਿੱਚ ਆਇਆ। ਇਸ ਨੂੰ ਲਾਗੂ ਕਰਨ ਦੇ ਨਾਲ ਹੀ ਸਰਕਾਰ ਨੇ ਗੋਲਡਨ ਟੈਂਪਲ ਕੰਪਲੈਕਸ ਨੂੰ ਨੀਮ ਫੌਜੀ ਦਸਤਿਆਂ ਨਾਲ ਘੇਰ ਲਿਆ। ਤਕਰੀਬਨ ਸਾਕਾ ਨੀਲਾ ਤਾਰਾ ਤੋਂ ਦੋ ਤਿੰਨ ਮਹੀਨੇ ਪਹਿਲਾਂ ਸਰਕਾਰੀ ਫੌਜੀ ਦਸਤਿਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਖਾਲਸਾ ਫੌਜ ਵਿਚਕਾਰ ਇੱਕਾ ਦੁੱਕਾ ਗੋਲਾਬਾਰੀ ਦੀਆਂ ਘਟਨਾਵਾਂ ਵੀ ਹੋਈਆਂ। ਹਿੰਦ ਸਰਕਾਰ ਵੱਲੋਂ ਲਗਭਗ ਇਹ ਤਹਿ ਕਰ ਲਿਆ ਗਿਆ ਸੀ ਕਿ ਗੋਲਡਨ ਟੈਂਪਲ ਕੰਪਲੈਕਸ ਵਿੱਚੋਂ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਕੱਢਣ ਲਈ ਫੌਜ ਭੇਜੀ ਜਾਏ। ਉਧਰ ਸੰਤ ਜਰਨੈਲ ਸਿੰਘ ਨੂੰ ਸਰਕਾਰ ਦੀ ਇਸ ਮਨਸ਼ਾ ਦੀ ਸੂਹ ਲੱਗ ਗਈ ਸੀ ਤੇ ਇਸ ਲਈ ਉਹਨਾਂ ਨੇ ਵੀ ਗੋਲਡਨ ਟੈਂਪਲ ਕੰਪਲੈਕਸ ਦੀ ਹਿਫ਼ਾਜ਼ਤ ਲਈ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ। ਜਿਸ ਕਿਸਮ ਦੇ ਆਧੁਨਿਕ ਹਥਿਆਰ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਸ ਧਰਮ ਯੁੱਧ ਮੋਰਚੇ ਵਿੱਚ ਵਰਤੇ ਉਸ ਤੋਂ ਸਾਫ ਜ਼ਾਹਿਰ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਵੀ ਸੂਹ ਲੱਗ ਗਈ ਸੀ ਕਿ ਹਿੰਦੋਸਤਾਨੀ ਫੌਜ ਕਿਸ ਤਰ੍ਹਾਂ ਦੇ ਹਥਿਆਰ ਵਰਤੇਗੀ। ਇਹਨਾਂ ਹਾਲਾਤਾਂ ਵਿੱਚ ਸਾਕਾ ਨੀਲਾ ਤਾਰਾ ਸ਼ੁਰੂ ਹੋਇਆ।

ਸਰਕਾਰ ਨੇ ਸਾਕਾ ਨੀਲਾ ਤਾਰਾ ਆਰਮਡ ਫੋਰਸਿਸ (ਪੰਜਾਬ ਐਂਡ ਚੰਡੀਗੜ੍ਹ) ਸਪੈਸ਼ਲ ਪਾਵਰਜ਼ ਐਕਟ ਦੇ ਤਹਿਤ ਉੱਚਿਤ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਪਰ ਜੇ ਇਸ ਅਧਿਨਿਯਮ ਦੀਆਂ ਧਾਰਾਵਾਂ ਨੂੰ ਬਾਰੀਕੀ ਨਾਲ ਕਾਨੂੰਨੀ ਤੌਰ ‘ਤੇ ਪਰਖਿਆ ਜਾਵੇ ਤਾਂ ਇਹ ਸਰਕਾਰ ਦੇ ਖੋਖਲੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਦਾ ਹੈ। ਪੰਜਾਬ ਵਿੱਚ ਫੌਜੀ ਤੇ ਨੀਮ ਫੌਜੀ ਦਸਤੇ ਪੰਜਾਬ ਦੇ ਗਵਰਨਰ ਦੀ ਮਨਜ਼ੂਰੀ ਨਾਲ ਨਾਗਰਿਕ ਪ੍ਰਸ਼ਾਸਨ ਦੀ ਮਦਦ ਲਈ ਸੱਦੇ ਗਏ ਸੀ। ਪਰ ਫੌਜ ਨੇ ਸਾਕਾ ਨੀਲਾ ਤਾਰਾ ਧਾਰਾ 3 ਦੇ ਮੁਤਾਬਿਕ ਆਯੋਜਤ ਕੀਤਾ। ਇਸੇ ਅਧਿਨਿਯਮ ਦੀ ਧਾਰਾ 4 ਵਿੱਚ ਫੌਜੀ ਦਸਤਿਆਂ ਦੇ ਵਿਸ਼ੇਸ਼ ਅਧਿਕਾਰਾਂ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ: “ਅਸ਼ਾਂਤ ਇਲਾਕੇ ਵਿਚ ਕੋਈ ਵੀ ਫੌਜ ਦਾ ਵਾਰੰਟ ਆਫ਼ਿਸਰ, ਕਮਿਸ਼ਨਡ ਆਫ਼ਿਸਰ, ਨਾਨ-ਕਮਿਸ਼ਨਡ ਆਫ਼ਿਸਰ ਜਾਂ ਹੋਰ ਕੋਈ ਵੀ ਇਸੇ ਰੁਤਬੇ ਵਾਲਾ ਫੌਜੀ- (৫) ਪੂਰਵ ਚੇਤਾਵਨੀ ਦੇ ਕੇ ਫੌਜੀ ਤਾਕਤ ਦਾ ਪੂਰਾ ਇਸਤੇਮਾਲ ਉਹਨਾਂ ਬੰਦਿਆਂ ਦੇ ਖਿਲਾਫ਼ ਉਹਨਾਂ ਨੂੰ ਜਾਨੋਂ ਮਾਰਨ ਤੱਕ ਕਰ ਸਕਦਾ ਹੈ ਜੋ ਕਿ ਸਥਾਨਕ ਕਾਨੂੰਨ ਦੇ ਵਿਰੁੱਧ ਕੋਈ ਗਤੀਵਿਧੀ ਕਰ ਰਹੇ ਹਨ, ਜਾਂ ਪੰਜ ਜਾਂ ਪੰਜ ਤੋਂ ਵੱਧ ਬੰਦਿਆਂ ਦਾ ਇਕੱਠ ਕਰ ਰਹੇ ਹਨ, ਜਾਂ ਜੋ ਹਥਿਆਰ ਲੈ ਕੇ ਘੁੰਮ ਰਹੇ ਹਨ ਜਾਂ ਉਹ ਚੀਜ਼ਾਂ ਜੋ ਕਿ ਹਥਿਆਰਾਂ ਤੇ ਗੋਲਾ ਬਾਰੂਦ ਦਾ ਕੰਮ ਕਰ ਸਕਣ।

(भ) ਜੇ ਉਹ ਇਸ ਵਿਚਾਰ ਦਾ ਹੋਵੇ ਕਿ ਉਸ ਲਈ ਫੌਜੀ ਕਾਰਵਾਈ ਕਰਕੇ ਕਿਸੇ ਹਥਿਆਰਾਂ ਦੇ ਜ਼ਖੀਰੇ ਨੂੰ ਨਸ਼ਟ ਕਰਨਾ ਜ਼ਰੂਰੀ ਹੈ, ਜਾਂ ਉਸ ਕਿਲੇਬੰਦੀ ਨੂੰ ਨਸ਼ਟ ਕਰਨਾ ਜ਼ਰੂਰੀ ਹੈ ਜਿਸ ਤੋਂ ਕਿ ਹਥਿਆਰਬੰਦ ਹਮਲੇ ਹੋ ਰਹੇ ਹੋਣ ਜਾਂ ਹੋਣ ਦੀ ਸੰਭਾਵਨਾ ਹੋਵੇ, ਜਾਂ ਕਿਸੇ ਵੀ ਤਰ੍ਹਾਂ ਦੀ ਜਗ੍ਹਾ ਜੋ ਕਿ ਹਥਿਆਰਬੰਦ ਸਵੈਸੇਵਕਾਂ ਦੀ ਸਿਖਲਾਈ ਲਈ ਵਰਤੀ ਜਾ ਰਹੀ ਹੋਵੇ, ਜਾਂ ਹਥਿਆਰਬੰਦ ਟੋਲੀਆਂ ਜਾਂ ਕਾਨੂੰਨੀ ਭਗੌੜਿਆਂ ਦਾ ਛੁਪਣ ਦਾ ਅੱਡਾ ਹੋਵੇ।”

ਸਾਕਾ ਨੀਲਾ ਤਾਰਾ ਤੋਂ ਬਾਅਦ ਅੰਮ੍ਰਿਤਸਰ ਵਿਚ ਇਕ – IR (First Information Report) ਉਹਨਾਂ ਬੰਦਿਆਂ ਦੇ ਵਿਰੁੱਧ ਦਾਇਰ ਕੀਤੀ ਜੋ ਕਿ ਇਸ ਧਰਮ-ਯੁੱਧ ਵਿੱਚ ਸ਼ਹੀਦ ਹੋਏ, ਅਨੇਕਾਂ ਸ਼ਹੀਦਾਂ ਵਿੱਚੋਂ ਲਾਸ਼ਾਂ ਦੀ ਡਾਕਟਰੀ ਜਾਂਚ ਦੌਰਾਨ ਸਿਰਫ਼ ਸੰਤ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਠਾਰ੍ਹਾ ਸਿੰਘ ਦੀ ਹੀ ਸ਼ਨਾਖਤ ਹੋ ਸਕੀ, ਬਾਕੀ ਸਾਰੇ ਹੀ ਅਣਪਛਾਤੇ ਅੱਤਵਾਦੀ ਘੋਸ਼ਿਤ ਕੀਤੇ ਗਏ। ਸੋ ਸਰਕਾਰੀ ਰਿਕਾਰਡ ਅਤੇ ਰਿਪੋਰਟਾਂ ਦੇ ਮੁਤਾਬਕ ਸਰਕਾਰ ਇਹ ਦੱਸਣ ਵਿਚ ਅਸਮਰੱਥ ਰਹੀ ਕਿ ਇਹਨਾਂ ਤਹਿਤ ਅੱਤਵਾਦੀਆਂ ਵਿਚੋਂ 3.6.1984 ਨੂੰ ਕੌਣ ਕਾਨੂੰਨੀ ਭਗੌੜਾ ਸੀ ਤੇ ਕੌਣ ਕੌਣ ਕਿਸ ਕਿਸ ਜੁਰਮ ਲਈ ਸਰਕਾਰ ਨੂੰ ਚਾਹੀਦੇ ਸਨ।

ਇਹਨਾਂ ਤੱਥਾਂ ਦੇ ਆਧਾਰ ‘ਤੇ ਇਹ ਗੱਲ ਸਾਫ਼ ਹੈ ਜੋ ਵੀ ਵਿਅਕਤੀ ਗੋਲਡਨ ਟੈਂਪਲ ਕੰਪਲੈਕਸ ਵਿਚ 3 ਜੂਨ, 1984 ਨੂੰ ਸਨ, ਉਹ ਸਰਕਾਰ ਦੇ ਬਣਾਏ ਗਠਕਦ -ਰਗਫਕਤ (Punjab and Chandigarh) Special Powers Act ਦੇ ਤਹਿਤ ਨਾ ਤਾਂ ਕਿਸੇ ਧਾਰਾ ਦੀ ਉਲੰਘਣਾ ਕਰ ਰਹੇ ਸਨ ਅਤੇ ਨਾ ਹੀ ਉਹਨਾਂ ਨੂੰ ਕੋਈ ਚੇਤਾਵਨੀ ਦਿੱਤੀ ਗਈ ਤੇ ਨਾਂ ਹੀ ਉਹਨਾਂ ਦੇ ਵਿਰੁੱਧ ਕਿਸੇ ਕਾਨੂੰਨ ਦੀ ਧਾਰਾ ਮੁਤਾਬਿਕ ਕਿਸੇ ਥਾਣੇ ਵਿੱਚ ਕੋਈ -F.I.R. ਦਰਜ ਕੀਤੀ ਗਈ। ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਮੋਰਚਾਬੰਦੀ ਵੀ ਜੋ ਕਿ ਇਸ ਕਾਨੂੰਨ ਦੀ ਧਾਰਾ 4 (6) ਤਹਿਤ ਆਉਂਦੀ ਹੈ ਦੀ ਵੀ ਸਮੀਖਿਆ ਭਾਰਤੀ ਦੰਡ ਸੰਹਿਤਾ Indian Penal Code ਦੀ ਧਾਰਾ 97, 98,100 ਅਤੇ 442 ਦੇ ਤਹਿਤ ਹੀ ਕੀਤੀ ਜਾਣੀ ਚਾਹੀਦੀ ਹੈ।

ਧਾਰਾ 442 ਕਿਸੇ ਦੇ ਘਰ ਗੈਰ ਕਾਨੂੰਨੀ ਤੌਰ ਤੇ ਘੁਸਪੈਠ ਰਚਤਕ ੳਗਕਤਬ.ਤਤ ਕਰਨ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ: ਜੋ ਕੋਈ ਵੀ ਕਿਸੇ ਦੇ ਘਰ, ਮਕਾਨ, ਇਮਾਰਤ, ਟੈਂਟ, ਬੇੜੀ, ਜੋ ਕਿ ਨਿਵਾਸ ਅਸਥਾਨ ਦੇ ਤੌਰ ‘ਤੇ ਇਸਤੇਮਾਲ ਕੀਤੀ ਜਾ ਰਹੀ ਹੋਵੇ, ਜਾਂ ਕੋਈ ਮਾਲਖਾਨੇ ਦੇ ਤੌਰ ‘ਤੇ ਵਰਤੀ ਜਾ ਰਹੀ ਹੋਵੇ ਵਿੱਚ ਗੈਰ ਕਾਨੂੰਨੀ ਘੁਸਪੈਠ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ।

ਭਾਰਤੀ ਦੰਡ ਸੰਹਿਤਾ (Indian Penal Code) ਦੀ ਧਾਰਾ 97, 98 ਅਤੇ 100 ਉਹਨਾਂ ਹਾਲਾਤਾਂ ਦਾ ਜ਼ਿਕਰ ਕਰਦੀਆਂ ਹਨ ਜਿਹਨਾਂ ਵਿੱਚ ਕਿ ਇੱਕ ਇਨਸਾਨ ਆਪਣੀ ਤੇ ਹੋਰਨਾਂ ਦੀ ਜਾਨ ਦੀ ਸੁਰੱਖਿਆ ਕਰ ਸਕਦਾ ਹੈ। ਇਹਨਾਂ ਧਾਰਾਵਾਂ ਦੇ ਮੁਤਾਬਕ ਆਪਣੀ ਜਾਨ ਤੇ ਮਾਲ ਦੀ ਹਿਫ਼ਾਜ਼ਤ ਲਈ ਉਤਨੀ ਹੀ ਤਾਕਤ ਇਸਤੇਮਾਲ ਕਰ ਸਕਦਾ ਹੈ ਜਿਤਨੀ ਕਿ ਜ਼ਰੂਰਤ ਹੈ । ਕਾਨੂੰਨ ਦੀਆਂ ਇਹਨਾਂ ਧਾਰਾਵਾਂ ਮੁਤਾਬਿਕ ਇਹ ਹਿਫ਼ਾਜ਼ਤ ਕਾਨੂੰਨੀ ਜਾਂ ਗੈਰ-ਕਾਨੂੰਨੀ ਹਥਿਆਰਾਂ ਨਾਲ ਕੀਤੀ ਜਾ ਸਕਦੀ ਹੈ।

ਸੋ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਜੋ ਮਾਪਦੰਡ ਧਾਰਾ 4 (a) ਵਿੱਚ ਤਹਿ ਕੀਤੇ ਗਏ ਹਨ, ਸੰਹਿਤਾ ਦੀਆਂ ਧਾਰਾ 97, 98 ਅਤੇ 100 ਦਾ ਸਹਾਰਾ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਉਹਨਾਂ ਲਈ ਹਾਲਾਤ ਹੋਣ, ਨਾ ਕਿ ਉਹੋ ਜਿਹੇ ਹਾਲਾਤ ਪੈਦਾ ਕੀਤੇ ਜਾਣ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ यंत्नाव लिम से भ्रषी (Director General of Police) ते टि भैलाल ਕੀਤਾ ਸੀ ਕਿ ਗੋਲਡਨ ਟੈਂਪਲ ਕੰਪਲੈਕਸ ਵਿੱਚ ਕੋਈ ਅਪਰਾਧੀ ਨਹੀਂ ਹੈ। ਇਸੇ ਤਰ੍ਹਾਂ ਰਾਜੀਵ ਗਾਂਧੀ ਨੇ ਵੀ ਸੰਤ ਜਰਨੈਲ ਸਿੰਘ ਨੂੰ ਇਕ ਧਾਰਮਿਕ ਨੇਤਾ ਦਾ ਖਿਤਾਬ ਦੇ ਕੇ ਸੰਬੋਧਿਤ ਕੀਤਾ ਸੀ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਸਰਕਾਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋ ਰਹੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਦਾ ਸੰਤ ਜਰਨੈਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਨਾਲ ਕੋਈ ਵੀ ਸੰਬੰਧ ਸਾਬਤ ਨਹੀਂ ਕਰ ਸਕੀ।

ਜੇ ਇਸ ਐਕਟ ਦੀ ਧਾਰਾ 4 (9) ਦੇ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕੀਤੀ ਜਾਏ ਤਾਂ ਵੀ ਸਰਕਾਰ ਦੋਸ਼ ਮੁਕਤ ਨਹੀਂ ਹੁੰਦੀ। ਜਿਵੇਂ ਕਿ ਉਪਰ ਦੱਸਿਆ ਜਾ ਚੁੱਕਿਆ ਹੈ ਕਿ ਸਿਵਾਏ ਚਾਰ ਬੰਦਿਆਂ ਦੇ ਸਰਕਾਰ ਆਪਣੀ ਹੀ ਫ਼ੌਜ ਵੱਲੋਂ ਕੀਤੀ ਕਤਲੋ-ਗਾਰਤ ਦੇ ਜਿਸਮਾਂ ਨੂੰ ਪਹਿਚਾਣ ਨਾ ਸਕੀ, ਜਦਕਿ ਇਸ ਕਾਨੂੰਨ ਤਹਿਤ ਸਰਕਾਰ ਨੇ ਇਹ ਸਾਬਤ ਕਰਨਾ ਸੀ ਕਿ ਇਹ ਸਰਕਾਰੀ ਦਹਿਸ਼ਤਗਰਦੀ ਦੇ ਸ਼ਿਕਾਰ ਕਿਸ ਕਾਨੂੰਨ ਦੀ ਧਾਰਾ ਹੇਠ ਕਿਸ ਅਪਰਾਧ ਦੇ ਦੋਸ਼ੀ ਸਨ। ਕਿਸੇ ਧਾਰਮਿਕ ਅਸਥਾਨ ‘ਤੇ ਪੰਜ ਜਾਂ ਪੰਜ ਤੋਂ ਵੱਧ ਬੰਦਿਆਂ ਦੀ ਹਾਜ਼ਰੀ ਵੀ ਇਸ ਕਾਨੂੰਨ ਤਹਿਤ ਨਹੀਂ ਆਉਂਦੀ। ਇਸ ਦੇ ਉਲਟ ਭਾਰਤੀ ਦੰਡ ਸੰਹਿਤਾ ਦੀ ਧਾਰਾ 97, 98 ਤੇ 100 ਦੇ ਅਧੀਨ ਭਾਰਤੀ ਫੌਜ ਦੀ ਗੈਰ ਕਾਨੂੰਨੀ ਘੁਸਪੈਠ ਤੇ ਮਾਰੂ ਹਮਲੇ ਵਿਰੁੱਧ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਆਪਣੀ ਤੇ ਗੋਲਡਨ ਟੈਂਪਲ ਵਿਚ ਇਕੱਤਰ ਹੋਏ ਸ਼ਰਧਾਲੂਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਲਈ ਕਾਨੂੰਨੀ ਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਹਿਫ਼ਾਜ਼ਤ ਕਰਨ ਦਾ ਪੂਰਾ ਪੂਰਾ ਕਾਨੂੰਨੀ ਨੂੰਨੀ ਅਧਿਕਾਰ ਸੀ। ਇਸ ਦੇ ਉਲਟ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਸਰਕਾਰ ਕੋਲ, ਆਪਣੇ ਹੀ ਬਣਾਏ ਖਾਸ ਅਧਿਕਾਰਾਂ ਵਾਲੇ ਕਾਨੂੰਨ ਦੇ ਤਹਿਤ ਵੀ ਗੋਲਡਨ ਟੈਂਪਲ ਕੰਪਲੈਕਸ ਉਤੇ ਮਾਰੂ ਤੇ ਕਾਤਲਾਨਾ ਹਮਲਾ ਕਰਨ ਦਾ ਕੋਈ ਵੀ ਜਾਇਜ਼ ਅਧਿਕਾਰ ਨਹੀਂ ਸੀ। ਇਹ ਇੱਕ ਸਿਆਸੀ ਖੇਡ ਸੀ ਜੋ ਕਿ ਕਈ ਲੋਕਾਂ ਦੇ ਖੂਨ ਦੀ ਹੋਲੀ ਖੇਡ ਕੇ ਖੇਡਿਆ ਗਿਆ।

ਪਰ ਜੋ ਸਾਕਾ ਨੀਲਾ ਤਾਰਾ ਤੋਂ ਬਾਅਦ ਵਾਪਰਿਆ ਉਹ ਕਾਨੂੰਨ ਦੀ ਸਾਰੀਆਂ ਹੱਦਾਂ ਪਾਰ ਕਰ ਗਿਆ। ਹਜ਼ਾਰਾਂ ਬੇਗੁਨਾਹ ਬੰਦੇ ਫੜ ਕੇ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਜੋ ਕਿ ਸਿਰਫ਼ ਜੰਗੀ ਕੈਦੀਆਂ ਨੂੰ ਦਿੱਤੇ ਜਾਂਦੇ ਹਨ। ਉਹਨਾਂ ਤੋਂ ਪੁੱਛ-ਗਿੱਛ ਵੀ ਜੰਗੀ ਕੈਦੀਆਂ ਵਾਂਗ ਹੀ ਕੀਤੀ ਜਾਣ ਲੱਗ ਪਈ ਤੇ ਲੰਮੇ ਸਮੇਂ ਤੱਕ ਫੌਜ ਦੀ ਕੈਦ ਵਿੱਚ ਹੀ ਰਹੇ। ਜੋ ਛੱਡ ਦਿੱਤੇ ਗਏ ਉਹ ਆਪਣਾ ਮਾਨਸਿਕ ਤੇ ਦਿਮਾਗੀ ਸੰਤੁਲਨ ਖੋਹ ਬੈਠੇ ਤੇ ਬਹੁਤ ਸਾਰੇ ਬਿਨਾਂ ਕਿਸੇ ਕਾਨੂੰਨੀ ਮੁਕੱਦਮੇ ਦੇ ਮਾਰ ਦਿੱਤੇ ਗਏ। ਫੌਜ ਦੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਪੁਲਿਸ ਵੀ ਦੋ ਕਦਮ ਅੱਗੇ ਰਹੀ ਤੇ ਕਈ ਬੇਗੁਨਾਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖ਼ਤਮ ਕਰਨ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਫੌਜੀ ਇਹਨਾਂ ਬੇਗੁਨਾਹਾਂ ਦੀ ਫੌਜੀ ਕੈਦ ਵਿੱਚ ਤਸ਼ੱਦਦ ਨੂੰ ਕਾਨੂੰਨੀ ਰੂਪ ਦੇਣ ਲਈ ਆਰਮਡ ਫੋਰਸਿਜ਼ (ਪੰਜਾਬ ਤੇ ਚੰਡੀਗੜ੍ਹ) ਸਪੈਸ਼ਲ ਪਾਵਰਜ਼, ਐਕਟ, 1983 ਦੀ ਧਾਰਾ 6 ਦਾ ਸਹਾਰਾ ਲੈਂਦੇ ਹਨ। ਪਰ ਧਾਰਾ 6 ਇਸ ਦੇ ਉਲਟ ਇਹ ਤਾਕੀਦ ਕਰਦੀ ਹੈ ਕਿ ਜਦੋਂ ਵੀ ਫੌਜ ਕਿਸੇ ਬੰਦੇ ਨੂੰ ਗ੍ਰਿਫ਼ਤਾਰ ਕਰੇ ਤਾਂ ਉਸ ਨੂੰ ਬਿਨ੍ਹਾਂ ਕਿਸੇ ਦੇਰੀ ਦੇ, ਦੋਸ਼ ਦੀ ਰਿਪੋਰਟ ਬਣਾ ਕੇ ਨਜ਼ਦੀਕ ਪੁਲਿਸ ਥਾਣੇ ਦੇ ਇੰਚਾਰਜ ਦੇ ਹਵਾਲੇ ਕਰੇ। ਪਰ ਜਦੋਂ ਵੀ ਕਿਸੇ ਵਿਅਕਤੀ ਦੀ ਜ਼ਮਾਨਤ ਦੀ ਅਰਜ਼ੀ ਪੇਸ਼ ਹੁੰਦੀ ਤਾਂ ਪੁਲਿਸ ਨੇ ਹਮੇਸ਼ਾ ਹੀ ਅਦਾਲਤ ਵਿੱਚ ਆਪਣੀ ਲਾਚਾਰੀ ਜ਼ਾਹਿਰ ਕਰਦਿਆਂ ਇਹੀ ਕਿਹਾ ਕਿ ਅਪਰਾਧੀ ਫੌਜ ਦੇ ਕਬਜ਼ੇ ਵਿੱਚ ਹਨ। ਨਾ ਤਾਂ ਇਸ ਕਾਲੇ ਕਾਨੂੰਨ ਦੀ ਧਾਰਾ 6 ਤੇ ਨਾ ਹੀ ਭਾਰਤੀ ਸੰਵਿਧਾਨ ਦੀ ਧਾਰਾ 22 (Sec.1,2) ਇਹੋ ਜਿਹੀ ਗ਼ੈਰ-ਕਾਨੂੰਨੀ ਕੈਦ ਦੀ ਇਜਾਜ਼ਤ ਦਿੰਦੇ ਹਨ।

ਹਜ਼ਾਰਾਂ ਲੋਕ ਹਿਰਾਸਤ ਵਿਚ ਲਏ ਤੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਗਈ। 90% ਬੇਕਸੂਰ ਪਾਏ ਗਏ ਫੇਰ ਵੀ ਉਹਨਾਂ ਨੂੰ ਕੈਦ ਵਿੱਚ ਸੜਨਾ ਪਿਆ। ਪੰਜਾਬ ਨੂੰ Cr. P.C. ਦੀ ਧਾਰਾ 107/151 ਦੀ ਮਾਰ ਵੀ ਝੱਲਣੀ ਪਈ। ਕਈਆਂ ਨੂੰ ਇਸ ਕਾਲੇ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਕੇ ਤੰਗ ਕੀਤਾ ਗਿਆ ਤੇ ਬਹੁਤ ਵੱਡੀਆਂ ਰਕਮਾਂ ਦੀਆਂ ਜ਼ਮਾਨਤਾਂ ਮੰਗੀਆਂ ਗਈਆਂ। ਪਰ ਵੱਡੀਆਂ ਰਕਮਾਂ ਦੀਆਂ ਜ਼ਮਾਨਤਾਂ ਭਰਨ ਦੇ ਬਾਵਯੂਦ ਕਈ-ਕਈ ਦਿਨ ਉਹ ਨਿਰਦੋਸ਼ ਹਿਰਾਸਤ ਵਿੱਚ ਰਹੇ। ਨਿਆਇਕ ਜਾਂ ਪੁਲਿਸ ਹਿਰਾਸਤ ਵਿੱਚ ਲੋਕਾਂ ਨੂੰ ਤੁੰਨ ਕੇ ਤੰਗ ਕਰਨ ਵਿੱਚ ਪੰਜਾਬ ਕਰਿਮੀਨਲ ਪਰੋਸੀਜ਼ਰ ਐਕਟ (Punjab Criminal Procedure Act) 1983 ਨੇ ਖੁੱਲ੍ਹ ਕੇ ਮਦਦ ਕੀਤੀ। ਸੱਚ ਨੂੰ ਝੁੱਠਲਾ ਕੇ ਕਾਨੂੰਨ ਨੇ ਇਕ ਅਹਿਮ ਭੂਮਿਕਾ ਨਿਭਾਈ।

ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ

ਸ਼ਮਸ਼ੇਰ ਸਿੰਘ ਅਸ਼ੋਕ

ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਇੱਕ ਪੁਰਖੀ ਹੋਵੇ ਚਾਹੇ ਬਹੁ ਪੁਰਖੀ, ਉਸਦਾ ਮੁੱਖ ਕਰਤੱਵ ਦੇਸ਼ ਕੌਮ ਦੇ ਸਭਿਆਚਾਰ ਤੇ ਤਾਰੀਖੀ ਸਰਮਾਏ ਦੀ ਹਿਫ਼ਾਜ਼ਤ ਕਰਨਾ ਹੁੰਦਾ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਇਸ ਕਿਸਮ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਅਨੇਕਾਂ ਪੜ੍ਹੇ ਲਿਖੇ ਰਾਜੇ, ਰਾਣੇ ਤੇ ਰਹੀਸ ਜੋ ਪਰਜਾ ਨੂੰ ਆਪਣੀ ਸਮਝਦੀ ਰਹੇ, ਹਮੇਸ਼ਾ ਇਸ ਅਸੂਲ ਦਾ ਪਾਲਣ ਕਰਦੇ ਰਹੇ ਸਨ।

ਮਿਸਾਲ ਵਜੋਂ ਸਿੱਖ ਰਾਜ ਦੀ ਪ੍ਰਾਪਤੀ ਨਮਿਤ ਜਦੋਂ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਨੇ ਗੁੱਜਰਾਂਵਾਲਿਓ ਰਸੂਲ ਨਗਰ ਦੇ ਚੱਠੇ ਮੁਸਲਮਾਨ ਸਰਦਾਰ ਉੱਤੇ ਹਮਲਾ ਕੀਤਾ ਤਾਂ ਉਸ ਨੂੰ ਕ੍ਰਿਤ ਦੇ ਅਲੂਫੇ ਵਜੋਂ ਇਸਲਾਮ ਦੇ ਮਾਨਯੋਗ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀਆਂ ਪਵਿੱਤਰ ਯਾਦਗਾਰੀ ਚੀਜ਼ਾਂ ਮਿਲੀਆਂ ਜੋ ਇਹ ਸਨ:

  1. ਹਜ਼ਰਤ ਮੁਹੰਮਦ ਸਾਹਿਬ ਦੇ ਜੁੱਤੇ
  2. ਸੈਰ ਕਰਨ ਵਾਲੀ ਛੜੀ
  3. ਹਜ਼ਰਤ ਮੁਹੰਮਦ ਸਾਹਿਬ ਦੀ ਕਮੀਜ਼
  4. ਸਿਰ ਉਤੇ ਰੱਖਣ ਵਾਲੀ ਟੋਪੀ
  5. ਪਜਾਮਾ
  6. ਕੂਫ਼ੇ ਦੀ ਲਿੱਪੀ ਵਿੱਚ ਲਿਖੀ ਹੋਈ ਬੰਦਗੀ ਦੀ ਇਕ ਮਕੱਦਸ ਕਿਤਾਬ
  7. ਸਿਰ ਦੇ ਵਾਲ।

ਇਹ ਸਭ ਪਵਿੱਤਰ ਚੀਜ਼ਾਂ ਸਰਦਾਰ ਮਹਾਂ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਆਦਬ ਅਦਾਬ ਨਾਲ ਆਪਣੇ ਤੋਸ਼ੇ ਖਾਨੇ ਦੇ ਨਾਲ ਇਕ ਅਲੱਗ ਮਕਾਨ ਵਿੱਚ ਰੱਖੀਆਂ ਤੇ ਇਨ੍ਹਾਂ ਦੀ ਸੇਵਾ ਸੰਭਾਲ ਲਈ ਉਹਨਾਂ ਵੱਲੋਂ ਇੱਕ ਮੌਲਵੀ ਸਾਹਿਬ ਬੜੇ ਯਤਨ ਨਾਲ ਕਰਦੇ ਰਹੇ ਫੇਰ ਸੰਨ 1849 ਈ. ਵਿਚ ਪੰਜਾਬ ‘ਤੇ ਅੰਗਰੇਜ਼ੀ ਸਰਕਾਰ ਦਾ ਕਬਜ਼ਾ ਹੋਣ ਸਾਰ ਇਹ ਪਵਿੱਤਰ ਚੀਜ਼ਾਂ ਮੁਸਲਮਾਨਾਂ ਦੇ ਹਵਾਲੇ ਕੀਤੀਆਂ ਗਈਆਂ ਜੋ ਹੁਣ ਲਾਹੌਰ ਕਿਲ੍ਹੇ ਦੇ ਸਾਹਮਣੇ ਸ਼ਾਹ ਮਸਜਿਦ ਵਿੱਚ ਰੱਖੀਆਂ ਹੋਈਆਂ ਹਨ।

ਇਸ ਤੋਂ ਇਲਾਵਾ ਸੰਨ 1824 ਈ. ਵਿੱਚ ਜਦ ਇਲਾਕਾ ਪਿਸ਼ਾਵਰ ਉੱਤੇ ਚੜ੍ਹਾਈ ਕੀਤੀ ਤਾਂ ਉੱਥੇ ਰਸਤੇ ਮਿਨਚਨੀ ਦੇ ਇੱਕ ਫਕੀਰ ਦੀ ਦਰਗਾਹ ਨੂੰ ਜਿੱਥੇ ਕਿ ਉਸਦੀ ਬੜੀ ਭਾਰੀ ਲਾਇਬ੍ਰੇਰੀ ਕਾਇਮ ਕੀਤੀ ਹੋਈ ਸੀ, ਇਸ ਹਮਲੇ ਵਿੱਚ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਤੇ ਉਸ ਫਕੀਰ ਨੂੰ ਚੋਖਾ ਦਾਨ ਸਨਮਾਨ ਦੇ ਕੇ ਉਹ ਅਦੁੱਤੀ ਇਸਲਾਮਿਕ ਲਾਇਬ੍ਰੇਰੀ ਬੜੀ ਹਿਫ਼ਾਜ਼ਤ ਨਾਲ ਲਾਹੌਰ ਲਿਆਂਦੀ ਗਈ ਜਿੱਥੇ ਕਿ ਉਹ ਸਿੱਖ ਰਾਜ ਦੇ ਅੰਤਲੇ ਦਿਨਾਂ ਵਿੱਚ ਰਹੀ ਤੇ ਅੰਗਰੇਜ਼ ਸਰਕਾਰ ਦੇ ਕਬਜ਼ੇ ਵਿੱਚ ਚਲੀ ਗਈ।

ਮੇਰਾ ਇਸ ਕਥਨ ਤੋਂ ਭਾਵ ਇਹ ਹੈ ਕਿ ਨਾ ਤਾਂ ਸਿੱਖ ਰਾਜ ਸਮੇਂ ਤੇ ਨਾ ਹੀ ਅੰਗਰੇਜ਼ੀ ਰਾਜ ਸਮੇਂ ਕਿਸੇ ਵੀ ਸਰਵਜਨਿਕ ਲਾਇਬ੍ਰੇਰੀ ਨੂੰ ਕੋਈ ਨੁਕਸਾਨ ਪੁੱਜਾ ਸਗੋਂ ਹਰੇਕ ਪੁਸਤਕਾਲਿਆ ਦੀ ਹਰ (ਮੁਸ਼ਕਿਲ) ਤਰੀਕਾ ਵਰਤ ਕੇ ਪੂਰੀ- ਪੂਰੀ ਸੰਭਾਲ ਹੁੰਦੀ ਰਹੀ। ਪਰ ਹੁਣ ਦੇਸ਼ ਦੀ ਆਜ਼ਾਦੀ ਪਿੱਛੋਂ ਸਾਡੀ ਆਪਣੀ ਹੀ ਹਕੂਮਤ ਵੱਲੋਂ 4-7 ਜੂਨ ਸੰਨ 1984 ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਉੱਤੇ ਹੋਏ ਫੌਜੀ ਹਮਲੇ ਸਮੇਂ ਇੱਕ ਨਵੀਨ ਮਿਸਾਲ ਸਾਡੇ ਸਾਹਮਣੇ ਆਈ ਹੈ। ਕਿਸੇ ਗੁਪਤ ਸਾਜ਼ਿਸ਼ ਦੇ ਅਧੀਨ ਸਾਡੀ ਅਦੁੱਤੀ ਸਿੱਖ ਰੈਫਰੈਂਸ ਲਾਇਬ੍ਰੇਰੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਬਹੁਮੁੱਲੇ ਤਾਰੀਖੀ ਰਿਕਾਰਡ ਅੰਨ੍ਹੇਵਾਹ ਬੰਬ ਮਾਰ ਕੇ ਉਡਾ ਦਿੱਤੇ ਗਏ ਹਨ। ਇਸ ਬਾਰੇ ਜਿੰਨਾ ਵੀ ਅਫਸੋਸ ਕੀਤਾ ਜਾਵੇ ਉਨਾਂ ਹੀ ਥੋੜ੍ਹਾ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਹੱਥ ਲਿਖਤ ਤੇ ਟਾਈਪ ਸ਼ੁਦਾ ਕੀਮਤੀ ਰਿਕਾਰਡ ਜੋ ਬੜੇ ਸੁਹਜ ਨਾਲ ਵੱਖੋ-ਵੱਖ ਬਸਤਿਆਂ ਵਿੱਚ ਕ੍ਰਮਵਾਰ ਲਪੇਟੇ ਹੋਏ ਹਨ, 24 ਨਵੰਬਰ 1920 ਤੋਂ ਲੈ ਕੇ 1984 ਦੇ ਮਈ ਮਹੀਨੇ ਤੱਕ ਦੇ ਸਨ। ਇਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਕਮੇਟੀ ਜਨਰਲ ਕਾਰਵਾਈਆਂ ਦੇ ਹੱਥ ਲਿਖੇ ਰਜਿਸਟਰ ਵੀ ਸਨ।

ਅਦੁੱਤੀ ਸਿੱਖ ਰੈਫਰੈਂਸ ਲਾਇਬ੍ਰੇਰੀ ਜੋ ਫੌਜੀ ਹਮਲੇ ਕਾਰਨ ਸਮੁੱਚੇ ਰੂਪ ਵਿੱਚ ਖ਼ਤਮ ਹੋ ਚੁੱਕੀ ਹੈ, ਨੂੰ ਸਿੱਖ ਰਹਿਤ ਤੇ ਇਤਿਹਾਸ ਬਾਰੇ ਖੋਜ ਦੇ ਪੱਖ ਤੋਂ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਪਹਿਲਾ ਹਿੱਸਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਜੀ ਦੀਆਂ ਪਵਿੱਤਰ ਹੱਥ-ਲਿਖਤ ਬੀੜਾਂ ਦਾ ਜਿਸ ਵਿੱਚ 15• ਦੁਰਲੱਭ ਹੱਥ ਲਿਖਤ ਨੁਸਖੇ, ਪੰਜਾਬੀ (ਗੁਰਮੁਖੀ) ਦੇ ਲਿਖਣ ਢੰਗ ਦੇ ਸਦੀਵਾਰ ਉਤੱਮ ਤੋਂ ਉਤੱਮ ਵੱਖੋ ਵੱਖਰੇ ਨਮੂਨੇ ਪੇਸ਼ ਕਰਦੇ ਹਨ।

ਦੂਜਾ ਹਿੱਸਾ:-

150 ਦੇ ਲਗਭਗ ਗੁਰਮੁਖੀ, ਪੰਜਾਬੀ, ਉਰਦੂ, ਫਾਰਸੀ, ਅਰਬੀ ਤੇ ਤਿੱਬਤੀ ਜ਼ਬਾਨ ਦੇ ਅਨੁਪਮ ਗ੍ਰੰਥ ਜਿਨ੍ਹਾਂ ਦੀ ਮਨੋਹਰ ਜਹੀ ਯਾਦ ਮੇਰੇ ਦਿਲ ਵਿੱਚ ਅਜੇ ਵੀ ਬਣੀ ਹੋਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੂਪਮ ਬੀੜਾਂ ਵਿੱਚ ਸ੍ਰੀ ਆਦਿ ਗ੍ਰੰਥ ਜੀ ਦੀ ਕਰਤਾਰ ਪੁਰੀ ਬੀੜ ਦੇ ਕੁਝ ਅਨੂਪਮ ਉਤਾਰੇ ਉਨ੍ਹਾਂ ਦੇ ਨਾਲ ਹੀ ਮਾਗਟ ਵਾਲੀ ਖਾਰੀ ਬੀੜ ਦੀਆਂ ਸੰਨ-ਸੰਮਤ ਵਾਰ ਬਹੁਤ ਸਾਰੀਆਂ ਦੁਰਲੱਭ ਹੱਥ ਲਿਖਤ ਪ੍ਰਤੀਆਂ, ਇਸੇ ਤਰ੍ਹਾਂ ਕਈ ਕੁ ਦਮਦਮੀ ਬੀੜ ਦੇ ਦੋ ਅਜਿਹੇ ਨਾਯਾਬ ਨੁਸਖੇ, ਜਿਨ੍ਹਾਂ ਵਿਚ ਇੱਕ ਤਾਂ ਸੰਮਤ 1739 ਬਿਕਰਮੀ ਦਾ ਉਹ ਹੱਥ-ਲਿਖਤ ਨੁਸਖਾ ਸੀ, ਜੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਦਿ ਸਿੰਘਾਸਨ ਦਮਦਮਾ ਸਾਹਿਬ ਦੇ ਸਥਾਨ ਪਰ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪੂਰੇ ਪੰਜ ਸਾਲ ਬਾਅਦ ਉਨ੍ਹਾਂ ਦੀ ਬਾਣੀ ਨੂੰ ਆਪਣੇ ਹੱਥੀਂ ਚਾੜ੍ਹ ਕੇ ਤਿਆਰ ਕਰਵਾਇਆ ਸੀ ਤੇ ਉਸ ਬੀੜ ਉੱਤੇ, ਜਿਵੇਂ ਕਿ ਮੈਂ ਦੇਖਿਆ, ਤਤਕਰੇ ਦੇ ਨਾਲ ਹੀ ਉਸ ਦੇ ਤਿਆਰ ਕਰਨ ਦਾ ਸੰਮਤ 1739 ਬਿ. ਲਿਖਿਆ ਹੋਇਆ ਸੀ ਤੇ ਦੂਜਾ ਦਮਦਮੀ ਬੀੜ ਦਾ ਉਹ ਨੁਸਖਾ ਸੀ ਜੋ ਸੰਨ 1948-49 ਵਿਚ ਸਰਦਾਰ ਗਿਆਨ ਸਿੰਘ ਜੀ ਮੁੱਖ ਮੰਤਰੀ ਪਟਿਆਲਾ ਦੇ ਯਤਨ ਨਾਲ ਸ੍ਰੀ ਦਮਦਮਾ ਸਾਹਿਬ ਤਲਵੰਡੀ ਤੋਂ ਬੜਾ ਤਰੱਦਦ ਕਰਕੇ ਹਾਸਲ ਹੋਇਆ ਸੀ, ਇਸਦੇ ਅੰਤ ਵਿਚ ਰਾਗਮਾਲਾ ਨਹੀਂ ਸੀ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਹਰਦਾਸ ਲਿਖਾਰੀ ਦੀ ਬੀੜ ਇਸ ਸੰਬੰਧ ਵਿੱਚ ਇੱਕ ਹੋਰ ਅਨੂਪਮ ਨਮੂਨਾ ਪੇਸ਼ ਕਰਦੀ ਹੈ। ਇਨ੍ਹਾਂ ਹੱਥ ਲਿਖਤ ਬੀੜਾਂ ਦੇ ਮੁਕੰਮਲ ਵੇਰਵੇ ਜਿਨ੍ਹਾਂ ਦੇ ਨਾਲ 509 ਤੋਂ ਕੁਝ ਉੱਪਰ ਹੱਥ ਲਿਖੀਆਂ ਬੀੜਾਂ ਦੇ ਹੋਰ ਵੇਰਵੇ ਵੀ ਸਨ। ਮੈਂ ਖ਼ੁਦ ਜਦ 1964 ਤੋਂ 1981 ਈ. ਤੱਕ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਖੋਜ ਸੰਬੰਧੀ ਸਰਵਿਸ ਕੀਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤਾਂ ਦੀ ਸੂਚੀ ਦੇ ਰੂਪ ਲਗਭਗ 450 ਪੰਨਿਆਂ ਦੇ ਕ੍ਰਮਵਾਰ ਅੰਕਿਤ ਕੀਤੇ ਸਨ। ਮੇਰੀ ਇਹ ਖੋਜ ਪੁਸਤਕ ਜਿਸਦਾ ਵੇਰਵਾ ਸੰਨ 1983 ਈ. ਵਿੱਚ ਛਪੀ ਮੇਰੀ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾਂ ਦਾ ਇਤਿਹਾਸ (1920-1976) ਦੀ ਭੂਮਿਕਾ ਵਿੱਚ ਦਿੱਤਾ ਹੋਇਆ ਹੈ, ਛਪਣ ਲਈ ਤਿਆਰ ਸੀ, ਪਰ ਇਸਦਾ ਹੱਥ ਲਿਖਤ ਖਰੜਾ ਵੀ ਹੋਰ ਹੱਥ ਲਿਖਤਾਂ ਦੇ ਨਾਲ ਹੀ 4 ਜੂਨ ਤੋਂ 7 ਜੂਨ 1984 ਦੇ ਫੌਜੀ ਹਮਲੇ ਸਮੇਂ ਬੰਬਾਂ ਦੀ ਭੇਟ ਹੋਇਆ ਹੈ। ਇਸ ਲਈ ਇਸ ਬਾਰੇ ਇਸ ਦੁਖਦਾਈ ਯਾਦ ਤੋਂ ਸਿਵਾਇ ਹੋਰ ਕੁਝ ਨਹੀਂ ਰਹਿ ਗਿਆ।

ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਦੇ ਨਾਲ ਹੀ ਸ੍ਰੀ ਦਸਮ ਗ੍ਰੰਥ ਜੀ ਦੀਆਂ ਪਵਿੱਤਰ ਬੀੜਾਂ ਜਿਨ੍ਹਾਂ ਵਿੱਚ ਬਾਣੀਆਂ ਦੀ ਤਰਤੀਬ ਇੱਕ ਦੂਜੀ ਨਾਲ ਨਹੀਂ ਸੀ ਮਿਲਦੀ ਤੇ ਆਪਸ ਵਿੱਚ ਪਾਠਾਂ ਦੇ ਵੀ ਬਹੁਤ ਸਾਰੇ ਫਰਕ ਸਨ, ਇਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸਨ। ਮੇਰੀ ਤਜਵੀਜ਼ ਸੀ ਕਿ ਇਨ੍ਹਾਂ ਬੀੜਾਂ ਦੀ ਵੇਰਵੇ ਸਹਿਤ ਇੱਕ ਪੁਸਤਕ ਦੀ ਸ਼ਕਲ ਵਿੱਚ ਛਾਪ ਕੇ ਫੇਰ ਇਨ੍ਹਾਂ ਸਾਰੀਆਂ ਹੀ ਬੀੜਾਂ ਦਾ ਇੱਕ ਵੱਖ ਵਿਸ਼ਾਲ ਅਜਾਇਬ ਘਰ ਬਣਾਇਆ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੌਹੜਾ ਸਾਹਿਬ ਵੀ ਇਸ ਹੱਥ ਲਿਖਤ ਸਰਮਾਏ ਦੀ ਸਦੀਵੀ ਰਖਵਾਲੀ ਬਾਰੇ ਵੀ ਕੁਝ ਉਸਾਰੂ ਤਜਵੀਜ਼ਾਂ ਸੋਚ ਰਹੇ ਸਨ ਕਿ ਉਪਰੋਂ ਚਾਣਚੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ ਦਾ ਅਜਿਹਾ ਝੱਖੜ ਝੁੱਲਿਆ ਜਿਸ ਵਿੱਚ ਇਹ ਸਾਰੀਆਂ ਤਜਵੀਜ਼ਾਂ ਅਧਵਾਟੇ ਹੀ ਰਹਿ ਗਈਆਂ ਤੇ ਇਹ ਪ੍ਰਯਤਨ ਸਫਲ ਨਾ ਹੋ ਸਕਿਆ।

ਸਾਕਾ ਜੂਨ 84 ਅਤੇ ਸਿੱਖ ਦੇਹ

ਪ੍ਰਭਸ਼ਰਨਬੀਰ ਸਿੰਘ

ਅੱਜ ਦਰਬਾਰ ਸਾਹਿਬ ਉੱਤੇ ਜੂਨ 84 ਨੂੰ ਹੋਏ ਫੌਜੀ ਹਮਲੇ ਤੋਂ ਬਾਅਦ 20 ਸਾਲ ਬੀਤਣ ਉਪਰੰਤ ਵੀ ਇਹ ਸਵਾਲ ਸਾਡੇ ਅੱਗੇ ਅਹਿਲ ਹੋਇਆ ਖੜ੍ਹਾ ਹੈ ਕਿ ਇਹ ਹਮਲਾ ਕਿਉਂ ਹੋਇਆ। ਅਸੀਂ ਸਾਰੇ ਹੀ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਹਮਲਾ ਨਾਂ ਤਾਂ ਪਹਿਲਾ ਹਮਲਾ ਸੀ ਅਤੇ ਨਾਂ ਹੀ ਆਖ਼ਰੀ । ਹਾਂ, ਇਹ ਹਿੰਦੂ ਹਕੂਮਤ ਵੱਲੋਂ ਕੀਤਾ ਗਿਆ ਅਜਿਹਾ ਹਮਲਾ ਸੀ। ਪਰ ਕੇਵਲ ਕੁਝ ਸਾਲ ਬਾਅਦ ਹੀ ਬਲੈਕ ਬੰਡਰ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਹਮਲਾ ਆਖ਼ਰੀ ਨਹੀਂ ਸੀ। ਇੱਥੇ ਇੱਕ ਹੋਰ ਮਹੱਤਵਪੂਰਨ ਤੱਥ, ਜਿਸਦਾ ਕਿ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ, ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਹੀ ਦੁਨੀਆਂ ਦਾ ਅਜਿਹਾ ਧਾਰਮਿਕ ਸਥਾਨ ਹੈ, ਜਿਸਨੇ ਸਭ ਤੋਂ ਵੱਧ ਹਮਲਿਆਂ ਨੂੰ ਝੱਲਿਆ ਹੈ। ਇਸਦਾ ਕਾਰਣ ਸਿਰਫ ਇਹ ਹੀ ਨਹੀਂ ਹੋ ਸਕਦਾ ਕਿ ਉਹ ਸਿੱਖਾਂ ਦਾ ਕੇਂਦਰੀ ਧਾਰਮਿਕ ਸਥਾਨ ਹੈ ਅਤੇ ਸਿਰਫ਼ ਇਸੇ ਕਰਕੇ ਹੀ ਸਿੱਖੀ ਨਾਲ ਵੈਰ ਰੱਖਣ ਵਾਲੀਆਂ ਤਾਕਤਾਂ ਇੱਥੇ ਹਮਲੇ ਕਰਦੀਆਂ ਹਨ। ਅਜਿਹੀ ਸਮਝ ਦਰਬਾਰ ਸਾਹਿਬ ਉੱਤੇ ਹੋਏ ਹਮਲਿਆਂ ਪ੍ਰਤੀ ਸੰਵੇਦਨਸ਼ੀਲਤਾ ਦੀ ਘਾਟ ਦੀ ਨਿਸ਼ਾਨੀ ਹੈ। ਇਸ ਵਰਤਾਰੇ ਦੇ ਕਾਰਣ ਲੱਭਣੇ ਕੋਈ ਸੌਖਾ ਕੰਮ ਨਹੀਂ। ਉਹਨਾਂ ਕਾਰਣਾਂ ਦੀਆਂ ਪੂਰੀਆਂ ਤੈਹਾਂ ਤਾਂ ਕੇਵਲ ਉਹੀ ਸ਼ਖ਼ਸ ਫਰੋਲ ਸਕਦਾ ਹੈ ਜਿਸ ਕੋਲ ਸਮੁੱਚੇ ਸਿੱਖ ਇਤਿਹਾਸ ਦਾ ਜੀਵੰਤ ਅਨੁਭਵ ਹੋਵੇ ਅਤੇ ਜਿਸਦਾ ਆਪਾ ਗੁਰਬਾਣੀ ਦੀ ਲੈਅ ਨਾਲ ਇੱਕਸੁਰ ਹੋ ਚੁੱਕਿਆ ਹੋਵੇ। ਅਸੀਂ ਇਸ ਅਵਸਥਾ ਤੋਂ ਤਾਂ ਭਾਵੇਂ ਕੋਹਾਂ ਦੂਰ ਹਾਂ, ਪਰ ਫਿਰ ਵੀ ਅਸੀਂ ਸਿੱਖੀ ਦੇ ਇਸਲਾਮ ਅਤੇ ਹਿੰਦੂ ਧਰਮ ਨਾਲ ਸਬੰਧਾਂ ਨੂੰ ਸਾਹਮਣੇ ਰੱਖਕੇ ਇਹਨਾਂ ਕਾਰਣਾਂ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।

ਸ੍ਰੀ ਦਰਬਾਰ ਸਾਹਿਬ ਉੱਤੇ ਪਹਿਲੇ ਹਮਲੇ ਮੁਸਲਮਾਨਾਂ ਨੇ ਕੀਤੇ। ਹਾਲਾਂਕਿ ਇਸਦੀ ਨੀਂਹ ਵੀ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ। ਇਹਨਾਂ ਤੱਥਾਂ ਪਿੱਛੇ ਕਿਹੜੀ ਡੂੰਘੀ ਰਮਜ਼ ਕੰਮ ਕਰਦੀ ਹੈ ਭਾਵੇਂ ਇਹ ਸਾਡੀ ਸਮਝ ਤੋਂ ਬਾਹਰ ਹੈ ਪਰ ਦਰਬਾਰ ਸਾਹਿਬ ਉੱਤੇ ਹੋਏ ਹਮਲਿਆਂ ਬਾਰੇ ਵਿਚਾਰ ਕਰਦਿਆਂ ਇਸ ਪ੍ਰਸ਼ਨ ਦਾ ਪਿੱਠਭੂਮੀ ਵਿੱਚ ਖੜ੍ਹਾ ਹੋਣਾ ਲਾਜ਼ਮੀ ਹੈ। ਇਸਲਾਮ ਵਿੱਚ ਮੁਹੰਮਦ ਸਾਹਿਬ ਨੂੰ ਆਖ਼ਰੀ ਪੈਗ਼ੰਬਰ ਮੰਨਿਆ ਗਿਆ ਹੈ। ਪਰ ਜਿਹਨਾਂ ਉੱਚੀ ਸੁਰਤਿ ਵਾਲੇ ਮੁਸਲਮਾਨ ਪੀਰਾਂ-ਫਕੀਰਾਂ ਨੂੰ ਗੁਰੂ ਨਾਨਕ ਸਾਹਿਬ ਦੇ ਦੀਦਾਰ ਨਸੀਬ ਹੋਏ, ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਦੀ ਪੈਗ਼ੰਬਰੀ ਉੱਚਤਾ ਨੂੰ ਸਵੀਕਾਰ ਕੀਤਾ।

ਮੁਸਲਮਾਨ ਬਾਦਸ਼ਾਹਾਂ ਕੋਲ ਕਿਉਂਕਿ ਉਹਨਾਂ ਪੀਰਾਂ-ਫਕੀਰਾਂ ਵਾਲੀ ਉੱਚੀ ਸੁਰਤਿ ਮੌਜੂਦ ਨਹੀਂ ਸੀ ਇਸ ਲਈ ਉਹ ਗੁਰੂ ਸਾਹਿਬ ਦੇ ਪੈਗ਼ੰਬਰੀ ਨੂਰ ਨੂੰ ਮਾਨਣ ਤੋਂ ਵਾਂਝੇ ਰਹਿ ਗਏ ਅਤੇ ਗੁਰੂ ਨਾਨਕ ਦੇ ਘਰ ਨਾਲ ਵੈਰ ਕਮਾਉਣ ਦੇ ਰਾਹ ਤੁਰ ਪਏ।

ਇਸਲਾਮ ਦੇ ਸੰਦਰਭ ਵਿੱਚ ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਮੁਸਲਮਾਨ ‘ਲਾ-ਇੱਲਾ ਇੱਲ-ਅੱਲ੍ਹਾ’ ਦੇ ਕਥਨ ਅਨੁਸਾਰ ਕੇਵਲ ਰੱਬ ਜਾਂ ਅੱਲ੍ਹਾ ਦੀ ਸਰਵ-ਉੱਚਤਾ ਵਿੱਚ ਹੀ ਯਕੀਨ ਰੱਖਦੇ ਹਨ, ਕਿਸੇ ਹੋਰ ਚੀਜ਼ ਦੀ ਨਹੀਂ। ਵੀਹਵੀਂ ਸਦੀ ਦਾ ਪ੍ਰਸਿੱਧ ਇਸਲਾਮੀ ਵਿਦਵਾਨ ਸਈਦ ਕੁਤਬ, ਜਿਹੜਾ ਕਿ ਮਿਸਰ ਦਾ ਰਹਿਣ ਵਾਲਾ ਸੀ, ਇਸ ਕਥਨ ਦੀ ਵਿਆਖਿਆ ਇਉਂ ਕਰਦਾ ਹੈ ਕਿ ਮਨੁੱਖ ਨੂੰ ਕੇਵਲ ਅੱਲ੍ਹਾ ਦੇ ਹੁਕਮ ਅਧੀਨ ਹੀ ਚੱਲਣਾ ਚਾਹੀਦਾ ਹੈ ਅਤੇ ਕੇਵਲ ਅੱਲ੍ਹਾ ਨੂੰ ਹੀ ਹੁਕਮ ਚਲਾਉਣ ਦਾ ਹੱਕ ਹੈ। ਧਰਤੀ ਦੀਆਂ ਜਿੰਨੀਆਂ ਵੀ ਹੋਰ ਤਾਕਤਾਂ ਮਨੁੱਖਾਂ ਉੱਤੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਉਹ ਸਾਰੀਆਂ ਕੂੜ ਅਤੇ ਬਦੀ ਦੇ ਰੂਪ ਹਨ ਜਿਹਨਾਂ ਦਾ ਹਰ ਹੀਲੇ ਵਿਰੋਧ ਕਰਨਾ ਬਣਦਾ ਹੈ। ਇਹ ਵਿਆਖਿਆ ਕੁਤਬ ਦੀ ਕਿਤਾਬ ਝਜ;ਕਤਵਰਅਕਤ ਵਿੱਚ ਦਰਜ ਹੈ। ਅੱਗੇ ਚੱਲ ਕੇ ਕੁਤਬ ਕਹਿੰਦਾ ਹੈ ਕਿ ਕੇਵਲ ਅੱਲ੍ਹਾ ਦੇ ਹੁਕਮ ਹੇਠ ਰਹਿਣ ਦਾ ਗੁਣ ਕੇਵਲ ਇਸਲਾਮ ਵਿੱਚ ਹੀ ਹੈ, ਹੋਰ ਕਿਸੇ ਧਰਮ ਵਿੱਚ ਨਹੀਂ ਜਿਸ ਕਾਰਣ ਕੇਵਲ ਇਸਲਾਮ ਹੀ ਮਨੁੱਖਤਾ ਦੀ ਅਗਵਾਈ ਕਰਨ ਦੇ ਯੋਗ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਇਹ ਸਪੱਸ਼ਟ ਹੁਕਮ ਕੀਤਾ ਹੋਇਆ ਹੈ ਕਿ ਤੁਸੀਂ ਸਿਰਫ਼ ਅਤੇ ਸਿਰਫ਼ ਅਕਾਲ ਪੁਰਖ ਦੇ ਹੁਕਮ ਅਧੀਨ ਹੀ ਚੱਲਣਾ ਹੈ। ਕਿਸੇ ਵੀ ਕਿਸਮ ਦੀ ਦੁਨਿਆਵੀ ਤਾਕਤ ਦੇ ਅਧੀਨ ਹੋ ਕੇ ਚੱਲਣ ਦੀ ਗੁਰੂ ਸਾਹਿਬ ਨੇ ਸਪਸ਼ੱਟ ਮਨਾਹੀ ਕੀਤੀ ਹੋਈ ਹੈ। ਅਸੀਂ ਇਸ ਮਾਮਲੇ ਵਿੱਚ ਨਹੀਂ ਪਵਾਂਗੇ ਕਿ ਇਸਲਾਮ ਅਤੇ ਸਿੱਖੀ ਦੀ ਇਸ ਪਹੁੰਚ ਵਿੱਚ ਕਿੰਨੀ ਸਮਾਨਤਾ ਅਤੇ ਕਿੰਨਾ ਅੰਤਰ ਹੈ। ਮੈਂ ਸਿਰਫ਼ ਇਸ ਗੱਲ ਵੱਲ ਇਸ਼ਾਰਾ ਕਰਨਾ ਚਾਹੁੰਦਾ ਹਾਂ ਕਿ ਸਿੱਖੀ ਵਿੱਚ ਕੇਵਲ ਅਕਾਲ ਪੁਰਖ ਦੇ ਅਧੀਨ ਹੋ ਕੇ ਚੱਲਣ ਦੇ ਵਿਚਾਰ ਦੀ ਮੌਜੂਦਗੀ ਤੋਂ ਮੁਸਲਮਾਨ ਬਾਦਸ਼ਾਹ ਦੂਸਰੇ ਮੁਲਕਾਂ ਉੱਤੇ ਆਪਣੇ ਸਾਮਰਾਜਵਾਦੀ ਹਮਲਿਆਂ ਨੂੰ ਇਸਲਾਮ ਦੀ ਉੱਤਮਤਾ ਅਤੇ ਇਸਨੂੰ ਫੈਲਾਉਣ ਦੀ ਜ਼ਿੰਮੇਵਾਰੀ ਨਾਲ ਸੰਬੰਧਿਤ ਕਰਕੇ ਹੀ ਜਾਇਜ਼ ਠਹਿਰਾਉਂਦੇ ਸਨ। ਸਿੱਖੀ ਦੀ ਨਿਰਾਲੀ ਹੋਂਦ ਉਹਨਾਂ ਦੇ ਉਪਰੋਕਤ ਦਾਅਵਿਆਂ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਂਦੀ ਸੀ।

ਜਿੰਨੇ ਵੀ ਮੁਸਲਮਾਨ ਬਾਦਸ਼ਾਹਾਂ ਨਾਲ ਸਿੱਖਾਂ ਦਾ ਭੇੜ ਹੋਇਆ, ਉਹਨਾਂ ਸਾਰਿਆਂ ਨੇ ਹੀ ਸਿੱਖੀ ਦਾ ਖੁਰਾ ਖੋਜ ਇਸ ਧਰਤੀ ਤੋਂ ਮਿਟਾਉਣ ਲਈ ਆਪਣੀ ਪੂਰੀ ਵਾਹ ਲਾਈ। ਇਸਦਾ ਕਾਰਣ ਇਹ ਸੀ ਸਿੱਖੀ ਵਲੋਂ ਇਸਲਾਮ ਸਾਹਮਣੇ ਖੜ੍ਹੀਆਂ ਕੀਤੀਆਂ ਵੰਗਾਰਾਂ, ਜਿਹਨਾਂ ਦਾ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਦਾ ਕੋਈ ਵੀ ਵਿਚਾਰਧਾਰਕ ਅਤੇ ਅਧਿਆਤਮਕ ਉੱਤਰ ਨਹੀਂ ਸੀ।

ਇਸ ਬੇਬਸੀ ਦੀ ਬੌਖਲਾਹਟ ਵਿੱਚੋਂ ਹੀ ਉਹ ਸਿੱਖੀ ਨੂੰ ਖਤਮ ਕਰਨ ਦੇ ਸੁਪਨੇ ਸੁਣਨ ਲੱਗਦੇ ਸਨ। ਪਰ ਪੰਥ ਨੂੰ ਜਿਹੜੀ ਬਖਸ਼ਿਸ਼ ਗੁਰੂ ਸਾਹਿਬ ਨੇ ਦਿੱਤੀ ਹੋਈ ਸੀ ਉਸ ਸਦਕਾ ਨਾ ਉਸਨੇ ਖਤਮ ਹੋਣਾ ਸੀ ਅਤੇ ਨਾ ਹੀ ਉਹ ਹੋਇਆ। ਮੁਸਲਮਾਨ ਦਰਬਾਰ ਸਾਹਿਬ ਉੱਤੇ ਹਮਲੇ ਇਸ ਆਸ ਨਾਲ ਕਰਦੇ ਸਨ ਕਿ ਸ਼ਾਇਦ ਇਸ ਪਾਵਨ ਅਸਥਾਨ ਦੇ ਤਬਾਹ ਹੋਣ ਨਾਲ ਸਿੱਖ ਕੌਮ ਵੀ ਤਬਾਹ ਹੋ

ਜਾਵੇਗੀ। ਦਰਬਾਰ ਸਾਹਿਬ ਉੱਪਰ ਹਮਲੇ ਤੋਂ ਪਹਿਲਾਂ ਅਬਦਾਲੀ ਦੀ ਆਪਣੇ ਵਜ਼ੀਰ ਨਾਲ ਜੋ ਗੱਲ ਬਾਤ ਹੋਈ ਉਹ ਉਪਰੋਕਤ ਵਿਚਾਰ ਦੇ ਇਤਿਹਾਸਕ ਸਬੂਤ ਵਜੋਂ ਸਾਡੇ ਕੋਲ ਮੌਜੂਦ ਹੈ। 1947 ਤੋਂ ਬਾਅਦ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉੱਪਰ ਕੀਤੇ ਗਏ ਹਮਲੇ ਮੁਸਲਮਾਨੀ ਹਮਲਿਆਂ ਤੋਂ ਵੱਖਰਾ ਰੂਪ ਰੱਖਦੇ ਹਨ। ਇਹਨਾਂ ਦੇ ਉਦੇਸ਼ ਵੀ ਵੱਖਰੇ ਹਨ। ਭਾਰਤੀ ਹਕੂਮਤ ਵੱਲੋਂ ਇਸ ਪਾਵਨ ਅਸਥਾਨ ਵੱਲ ਸੇਧਿਤ ਹਮਲਿਆਂ ਦਾ ਉਦੇਸ਼ ਸਿੱਖਾਂ ਜਾਂ ਸਿੱਖੀ ਨੂੰ ਧਰਤੀ ਉੱਤੋਂ ਖ਼ਤਮ ਕਰਨਾ ਨਹੀਂ ਸੀ, ਸਗੋਂ ਇਹ ਇਸਤੋਂ ਵੀ ਕਿਤੇ ਵਧੇਰੇ ਖ਼ਤਰਨਾਕ ਸੀ। ਇਹਨਾਂ ਦਾ ਉਦੇਸ਼ ਪੰਥ ਅੰਦਰੋਂ ਖਾਲਸਈ ਜਲਾਲ ਨੂੰ ਖ਼ਤਮ ਕਰਕੇ ਇੱਕ ਜ਼ਲਾਲਤ ਭਰੀ ਜ਼ਿੰਦਗੀ ਨੂੰ ਜੀਉਣ ਲਈ ਮਜਬੂਰ ਕਰਨਾ ਸੀ। ਮੌਜੂਦਾ ਸੰਸਾਰ ਅੰਦਰ ਕਿਸੇ ਵੀ ਕੌਮ ਦੀ ਪੂਰੀ ਨਸਲਕੁਸ਼ੀ ਕਰਨੀ ਸੰਭਵ ਨਹੀਂ ਕੋਈ ਸਰਕਾਰ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ। ਜੇ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਭਾਰਤ ਅੰਦਰ ਸਿੱਖਾਂ ਦਾ ਵੀ ਉਹੀ ਹਾਲ ਹੁੰਦਾ ਜੋ ਕਦੇ ਬੋਧੀਆਂ ਦਾ ਹੋਇਆ ਸੀ।

ਬ੍ਰਾਹਮਣ ਦਾ ਵੈਰ ਖ਼ਾਲਸੇ ਦੇ ਜੇਤੂ ਅੰਦਾਜ਼ ਨਾਲ ਹੈ। ਉਸਦਾ ਖੁਣਸ ਨਾਲ ਭਰਿਆ ਹੋਇਆ ਮਨ ਖ਼ਾਲਸੇ ਦੇ ਜਲਾਲ ਤੋਂ ਤਬਕਦਾ ਹੈ ਅਤੇ ਉਸਨੂੰ ਖ਼ਤਮ ਕਰਨ ਲਈ ਸਾਜਿਸ਼ਾਂ ਘੜਦਾ ਹੈ। ਦਰਬਾਰ ਸਾਹਿਬ ਉੱਤੇ ਹਮਲਾ ਇਤਿਹਾਸ ਦੇ ਇੱਕ ਖ਼ਾਸ ਮੋੜ ਉੱਤੇ ਹੀ ਆ ਕੇ ਕਿਉਂ ਹੁੰਦਾ ਹੈ? ਇਸਦੇ ਕਾਰਣ ਰਾਜਨੀਤਿਕ ਨਹੀਂ ਹਨ, ਕਿ ਸਿੱਖ ਵੱਧ ਅਧਿਕਾਰ ਮੰਗ ਰਹੇ ਸਨ ਅਤੇ ਉਹਨਾਂ ਨੂੰ ਦਬਾਉਣ ਲਈ ਹਮਲਾ ਕੀਤਾ ਗਿਆ। ਇਸਦਾ ਕਾਰਣ ਇਹ ਹੈ ਕਿ ਉਸ ਸਮੇਂ ਦੌਰਾਨ ਖ਼ਾਲਸਾ ਆਪਣੇ ਆਦਰਸ਼ਾਂ ਦੀ ਪੂਰਣਤਾ ਵੱਲ ਵਧ ਰਿਹਾ ਸੀ। ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸੱਚੇ-ਸੁੱਚੇ ਪ੍ਰਚਾਰ ਅਤੇ ਪਾਵਨ ਸ਼ਖਸੀਅਤਾਂ ਦੁਆਰਾ ਸਿੱਖ ਨੌਜੁਆਨਾਂ ਦੀ ਇੱਕ ਨਵੀਂ ਪੀੜ੍ਹੀ ਸੁਰਜੀਤ ਹੋ ਰਹੀ ਸੀ ਜਿਹਨਾਂ ਵਿੱਚੋਂ ਖਾਲਸਈ ਜਲਾਲ ਝਲਕਦਾ ਸਾਫ਼ ਦਿਸਦਾ ਸੀ। ਭਾਰਤੀ ਹਕੂਮਤ ਦਾ ਵੈਰ ਇਸ ਉਭਾਰ ਨਾਲ ਹੀ ਸੀ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਖਾਲਸਈ ਜਲਾਲ ਵਾਲੇ ਇਹ ਲੋਕ ਕੌਣ ਸਨ ਅਤੇ ਆਮ ਲੋਕਾਂ ਨਾਲੋਂ ਇਨ੍ਹਾਂ ਦਾ ਕੀ ਫ਼ਰਕ ਸੀ? ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਅਜਿਹੀ ਸੀ ਕਿ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਖੁਦ-ਬ-ਖੁਦ ਹੀ ਧਾਰਮਿਕ ਹੋ ਜਾਂਦੇ ਸਨ। ਉਹਨਾਂ ਦਾ ਸਾਥ ਹੀ ਕਿਸੇ ਨੂੰ ਗੁਰਬਾਣੀ ਦੇ ਲੜ ਲਾਉਣ ਲਈ ਕਾਫ਼ੀ ਸੀ। ਸੰਤ ਖੁਦ ਵੀ ਅਤੇ ਉਹਨਾਂ ਦੇ ਨਾਲ ਰਹਿਣ ਵਾਲੇ ਸਿੰਘ ਵੀ ਬੇਹੱਦ ਸਿਮਰਨ ਕਰਦੇ ਸਨ। ਗੁਰਬਾਣੀ ਦੀ ਇੱਕ ਰਹਿਮਤ ਇਹ ਹੈ ਕਿ ਇਸਨੂੰ ਪੜ੍ਹਨ ਜਾਂ ਸੁਨਣ ਵਾਲੇ ਦੇ ਮਨੋ-ਸਰੀਰਕ ਸੰਗਠਨ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਆਉਂਦੀ ਹੈ, ਜਿਵੇਂ ਕਿ ਡਾ. ਗੁਰਭਗਤ ਸਿੰਘ ਨੇ ਆਪਣੇ ਇੱਕ ਲੇਖ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੌਰਵ’ ਵਿੱਚ ਦੱਸਿਆ ਹੈ। ਸੋ ਸਿੱਖੀ ਦੇ ਖੰਡਿਓਂ ਤਿੱਖੇ ਰਾਹ ਉੱਤੇ ਚੱਲ ਰਹੇ ਇਸ ਹਰਿਆਵਲ ਦਸਤੇ ਦਾ ਦੇਹ-ਵਿਧਾਨ ਹੀ ਵੱਖਰਾ ਸੀ। ਸੰਤ ਸਾਰੇ ਸਿੱਖਾਂ ਨੂੰ ਹੀ ਅੰਮ੍ਰਿਤਧਾਰੀ ਅਤੇ ਸਾਬਤ-ਸੂਰਤ ਹੋਣ ਲਈ ਪ੍ਰੇਰਿਆ ਕਰਦੇ ਸਨ। ਜਿਸ ਆਦਰਸ਼ ਵੱਲ ਵਧਣ ਲਈ ਸੰਤ ਸਿੱਖਾਂ ਨੂੰ ਪ੍ਰੇਰਦੇ ਸਨ ਉਸਨੂੰ ਨਗਜ.ਸਾਂਕਜਵੀ ਘਕ; ਆਪਣੀ ਕਿਤਾਬ  ੀਕ ਅਵਜਰਅੋਤ ਵਰਗਵਚਗਕਦ ਲਰਦਖ ਵਿੱਚ ‘ਅੰਮ੍ਰਿਤਧਾਰੀ ਪੁਰੀ ਦੇਹ’ ਕਹਿੰਦਾ ਹੈ। ਘਕ; ਆਪਣੀ ਕਿਤਾਬ ਵਿੱਚ ਅੱਗੇ ਦੱਸਦਾ ਹੈ ਕਿ ਇਹ ‘ਅੰਮ੍ਰਿਤਧਾਰੀ ਪੂਰੀ ਦੇਹ’ ਭਾਰਤੀ ਰਾਜ ਦੇ ਇੱਕਵਾਦੀ ਚੌਖਟੇ ਵਿੱਚ ਫਿੱਟ ਨਹੀਂ ਬੈਠਦੀ। ਇਹ ‘ਅੰਮ੍ਰਿਤਧਾਰੀ ਪੂਰੀ ਦੇਹ’ ਉਸ ਅਨੁਸਾਰ ਭਾਰਤੀ ਰਾਜ ਦੀਆਂ ਹੱਦਾਂ ਨੂੰ ਉਲੰਘਦੀ ਹੈ। ਸਾਡੇ ਲਈ ਇਸਤੋਂ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤੀ ਹਕੂਮਤ ਦੇ ਹਮਲੇ ਅਤੇ ਤਸ਼ੱਦਦ ਦਰਅਸਲ ਇਸੇ ਪੂਰੀ ਦੇਹ ਵੱਲ ਹੀ ਸੇਧਿਤ ਹਨ। ਘਕ; ਅਨੁਸਾਰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤਾ ਜਾਣ ਵਾਲਾ ਤਸ਼ੱਦਦ ‘ਅੰਮਿ੍ਤਧਾਰੀ ਪੂਰੀ ਦੇਹ” ਨੂੰ ਛਿੱਲ-ਤਰਾਸ਼ ਕੇ ਭਾਰਤੀ ਰਾਜ ਦੇ ਇੱਕਵਾਦੀ ਚੌਖਟੇ ਵਿੱਚ ਫਿੱਟ ਕਰਨ ਦਾ ਹੀ ਇੱਕ ਯਤਨ ਹੈ। ਜੂਨ 1984 ਦਾ ਫੌਜੀ ਹਮਲਾ ਅਤੇ ਉਸਤੋਂ ਇੱਕ ਦਹਾਕੇ ਬਾਅਦ ਤੱਕ ਚੱਲਣ ਵਾਲਾ ਤਸ਼ੱਦਦ ਦਾ ਦੌਰ ਅਜਿਹੀ ਹੀ ਇੱਕ ਕੋਸ਼ਿਸ਼ ਸੀ।

ਅੱਜ ਦੇ ਸਮੇਂ ਵਿੱਚ ਪੰਥ ਲਈ ਸੰਘਰਸ਼ ਕਰ ਰਹੇ ਵੀਰਾਂ ਨੂੰ ਇਹ ਸਮਝਣ ਦੀ ਬੇਹੱਦ ਲੋੜ ਹੈ ਕਿ ਗੁਰਬਾਣੀ ਦੇ ਜਾਪ ਅਤੇ ਅਭਿਆਸ ਦੁਆਰਾ ਉਗਮਣ ਵਾਲੀ ‘ਸਿੱਖ ਦੇਹ’ ਤੋਂ ਬਗ਼ੈਰ ਕੋਈ ਵੀ ਪ੍ਰਾਪਤੀ ਅਸੰਭਵ ਹੈ। ਹੁਣ ਸਾਡੇ ਸਾਹਮਣੇ ਜਿੰਨੀਆਂ ਵੀ ਜਥੇਬੰਦੀਆਂ ਪੰਥ ਲਈ ਕੰਮ ਕਰ ਰਹੀਆਂ ਹਨ, ਉਹ ਅਜਿਹੇ ਮਾਹੌਲ ਅਤੇ ਸਿਮਰਨ, ਦੋਹਾਂ ਤੋਂ ਹੀ ਵਿਰਵੀਆਂ ਹਨ। ਰਾਜਨੀਤਿਕ ਸਿਆਣਪਾਂ ਦੀ ਬਜਾਏ ਸਾਨੂੰ ਗੁਰਬਾਣੀ ਅਤੇ ਇਸਦੇ ਅਭਿਆਸ ਦਾ ਆਸਰਾ ਤੱਕਣਾ ਚਾਹੀਦਾ ਹੈ। ਪਿਛਲੇ ਸੰਘਰਸ਼ ਦੌਰਾਨ ਜਿਹੜਾ ਸਾਡਾ ਸ਼ਾਨਾਂਮੱਤਾ ਇਤਿਹਾਸ ਦੁਹਰਾਇਆ ਗਿਆ ਹੈ, ਉਹ ਸਾਡੀ ਜਿੱਤ ਹੀ ਹੈ। ਪਰ ਨਵੇਂ ਦੇਹ- ਵਿਧਾਨ ਵਾਲੀ ਪੀੜ੍ਹੀ, ਜਿਸਨੇ ਕਿ ਇਸ ਬਿਖ਼ਮ ਦੌਰ ਦੌਰਾਨ ਪੰਥ ਦੀ ਅਗਵਾਈ ਕੀਤੀ, ਦਾ ਭਾਰਤੀ ਹਕੂਮਤ ਵੱਲੋਂ ਸਫ਼ਾਇਆ ਕਰ ਦਿੱਤਾ ਜਾਣਾ, ਸਾਡੀ ਅਸਲ ਤ੍ਰਾਸਦੀ ਹੈ। ਅੱਜ ਤੱਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜਿੰਨੇਂ ਵੀ ਹਮਲੇ ਹੋਏ ਹਨ ਉਹ ਸਾਰੇ ਹੀ ਕਿਸੇ ਰੂਪ ਵਿੱਚ ਸਿੱਖਾਂ ਦੀ ਗੁਰੂ ਨਾਲ ਵਚਨਬੱਧਤਾ ਵੱਲ ਸੇਧਿਤ ਸਨ। ਇਹਨਾਂ ਹਮਲਿਆਂ ਦੇ ਬਣਦੇ ਪ੍ਰਤੀਕਰਮ ਦੇਣੇ ਹੀ ਸਾਡੀ ਜਿੱਤ ਹੈ। ਅੱਜ ਜੂਨ 1984 ਦੇ ਫੌਜੀ ਹਮਲੇ ਤੋਂ ਵੀਹ ਸਾਲ ਬਾਅਦ ਸਾਡੇ ਲਈ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਿੰਨ੍ਹਾਂ ਚਿਰ ਅਸੀਂ ਗੁਰੂ ਪ੍ਰਤੀ ਵਫ਼ਾਦਾਰ ਰਹਾਂਗੇ ਅਤੇ ਜਿੰਨ੍ਹਾਂ ਚਿਰ ਬਦੀ ਦੀਆਂ ਤਾਕਤਾਂ ਇਸ ਧਰਤੀ ਉੱਤੇ ਮੌਜੂਦ ਰਹਿਣਗੀਆਂ, ਉਨ੍ਹਾਂ ਚਿਰ ਅਜਿਹੇ ਹਮਲਿਆਂ ਦੀ ਸੰਭਾਵਨਾ ਬਣੀ ਰਹੇਗੀ।

ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ…..

ਭਾਗ – ਦੂਜਾ

ਅੱਖੀਂ ਡਿੱਠੇ ਬਿਰਤਾਂਤ

ਸ਼ਾਹ ਮੁਹੰਮਦਾ ਸਿੰਘਾਂ ਨੇ ਵੈਰੀਆਂ ਦੇ…

ਅਜਮੇਰ ਸਿੰਘ

ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਤੋਂ ਬਾਅਦ 3 ਜੂਨ ਦੀ ਸ਼ਾਮ ਨੂੰ ਫੌਜ, ਬੀ.ਐਸ.ਐੱਫ. ਸੀ.ਆਰ.ਪੀ.ਐੱਫ. ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦੇ ਉਚ ਅਧਿਕਾਰੀਆਂ ਦੀ ਅੰਮ੍ਰਿਤਸਰ ਛਾਉਣੀ ਅੰਦਰ ਉਚੇਚ ਤੌਰ ‘ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਅੰਦਰ ਇੱਕ ਅਤਿ ਅਹਿਮ ਮੀਟਿੰਗ ਬੁਲਾਈ ਗਈ। ਵੱਡੇ ਚੌਰਸ ਮੇਜ਼ ਦੇ ਪਿਛੋਕੜ ਵਿੱਚ ਕੰਧਾਂ ਉਤੇ ਵੱਡੇ ਨਕਸ਼ੇ ਤੇ ਚਾਰਟ ਲਟਕ ਰਹੇ ਸਨ ਜਿਨ੍ਹਾਂ ‘ਚੋਂ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ਹਰ ਚਾਲ ਤੇ ਯੋਜਨਾ ਉਤੇ ਬਾਰੀਕੀ ਵਿੱਚ ਕੰਮ ਕਰਨ ਦਾ ਪ੍ਰਭਾਵ ਬਣਦਾ ਸੀ। ਮੋਗੇ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਦਾ ਜੰਮਪਲ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਸ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਅਗਵਾਈਕਰਨ ਦਾ ‘ਉਚੇਚਾ ਮਾਣ’ ਬਖ਼ਸ਼ਿਆ ਗਿਆ ਸੀ, ਕਾਨਫਰੰਸ ਨੂੰ ਗਰਜਵੇਂ ਅੰਦਾਜ਼ ਵਿੱਚ ਸੰਬੋਧਨ ਕਰ ਰਿਹਾ ਸੀ। “ਦੇਖੋ, ਅਸੀਂ ਮੁਠੀ ਭਰ ਬਦਮਾਸ਼ਾਂ ਨੂੰ ਇਹ ਆਗਿਆ ਨਹੀਂ ਦੇ ਸਕਦੇ ਕਿ ਉਹ ਭਾਰਤ ਦੀ ਸਰਕਾਰ ਦਾ ਨੱਕ ‘ਚ ਦਮ ਕਰ ਦੇਣ। ਸਾਡਾ ਯਤਨ ਹੋਵੇਗਾ ਕਿ ਉਹ ਬੱਸ ਦੋਹਾਂ ਘੰਟਿਆਂ ਅੰਦਰ ਹੀ ਗੋਡੇ ਟੇਕ ਦੇਣ।” ਜਨਰਲ ਬਰਾੜ ਅਜਿਹੇ ਹੀ ਹੋਛੇ ਹੰਕਾਰੀ ਲਹਿਜੇ ਵਿੱਚ ਸੰਤ ਜਰਨੈਲ ਸਿੰਘ (ਭਿੰਡਰਾਂਵਾਲੇ) ਤੇ ਉਨ੍ਹਾਂ ਦੇ ਜੁਝਾਰੂ ਸਿੰਘਾਂ ਖਿਲਾਫ਼ ਭੜਾਸ ਕੱਢਦਾ ਰਿਹਾ। ਆਪਣਾ ਭਾਸ਼ਣ ਮੁਕਾ ਲੈਣ ਤੋਂ ਬਾਅਦ ਉਸ ਨੇ ਮੀਟਿੰਗ ‘ਚ ਹਾਜ਼ਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਨੂੰ ਪੁਛਿਆ ਕਿ, “ਸਰਦਾਰ ਸਾਹਿਬ ਤੁਹਾਡਾ ਕੀ ਵਿਚਾਰ ਹੈ? “ਸਰਦਾਰ ਗੁਰਦੇਵ ਸਿੰਘ ਨੇ ਹਲੀਮੀ ਭਰੇ ਪਰ ਦ੍ਰਿੜ ਲਹਿਜੇ ‘ਚ ਉਤਰ ਦਿਤਾ ਕਿ ਸੰਤ ਭਿੰਡਰਾਂਵਾਲੇ ਆਤਮ ਸਮਰਪਣ ਨਹੀਂ ਕਰਨਗੇ। ਇੰਨਾ ਸੁਣਦਿਆਂ ਹੀ ਜਰਨਲ ਬਰਾੜ ਨੂੰ ਸੱਤੀ ਕੱਪੜੀ ਅੱਗ ਲੱਗ ਉਠੀ। ਉਸ ਨੇ ਸ. ਗੁਰਦੇਵ ਸਿੰਘ ਨੂੰ ਵਿਚੋਂ ਹੀ ਟੋਕ ਕੇ ਫਿਰ ਚਿੰਘਾੜਨਾ ਸ਼ੁਰੂ ਕਰ ਦਿੱਤਾ: “ਜਦੋ ਟੈਂਕ ਗੂੰਜਦੇ ਹਨ, ਜਹਾਜ਼ ਸੂਕਦੇ ਹਨ ਅਤੇ ਜ਼ਮੀਨ ਅੱਗ ਛਡਦੀ ਹੈ ਤਾਂ ਕਹਿੰਦੇ ਕਹਾਉਂਦੇ ਜਰਨੈਲਾਂ ਦੀਆਂ ਵੀ ਪੈਟਾਂ ਅੰਦਰ ਲੱਤਾਂ ਕੰਬਣ ਲੱਗ ਜਾਂਦੀਆਂ ਹਨ। ਦੇਖ ਲੈਣਾ, ਇਹ ਬੰਦਾ ਵੀ ਸਿਰਫ਼ ਦੋ ਘੰਟਿਆਂ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ।” ਇਸ ਦੇ ਜੁਆਬ ਵਿੱਚ ਸ. ਗੁਰਦੇਵ ਸਿੰਘ ਦੇ ਮੂੰਹੋਂ ਸਿਰਫ਼ ਏਨੀ ਗੱਲ ਹੀ ਨਿਕਲ ਸਕੀ ਕਿ “ਜਨਰਲ ਸਾਹਿਬ, ਇਹ ਤੁਹਾਡਾ ਆਪਣਾ ਵਿਚਾਰ ਹੈ। ਤੁਸਾਂ ਮੇਰਾ ਵਿਚਾਰ ਪੁਛਿਆ ਸੀ ਸੋ ਮੈਂ ਦੱਸ ਦਿੱਤਾ ਹੈ।” ਇਸ ਤੋਂ ਬਿਨਾਂ ਉਨ੍ਹਾਂ ਮੀਟਿੰਗ ਅੰਦਰ ਹੋਰ ਕੋਈ ਸ਼ਬਦ ਨਹੀਂ ਬੋਲਿਆ। ਅਸਲ ਵਿੱਚ ਸ. ਗੁਰਦੇਵ ਸਿੰਘ ਨੂੰ ਇਸ ਮੀਟਿੰਗ ਅੰਦਰ ਬੱਧਿਆਂ ਰੁਧਿਆਂ ਹੀ ਆਉਣਾ ਪਿਆ ਸੀ।

ਬੀਤੀ ਸਵੇਰ ਜਦ ਉਨ੍ਹਾਂ ਨੂੰ ਮੀਟਿੰਗ ਦਾ ਬੁਲਾਵਾ ਮਿਲਿਆ ਸੀ ਤਾਂ ਉਨ੍ਹਾਂ ਫੌਰਨ ਗਵਰਨਰ ਬੀ.ਪੀ.ਪਾਂਡੇ ਨੂੰ ਫੋਨ ਕਰਕੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਸੀ ਕਿ ਉਸ ਦੀ ਜ਼ਮੀਰ ਉਸ ਨੂੰ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਵਿੱਚ ਭਾਈਵਾਲ ਬਣਨ ਦੀ ਇਜਾਜ਼ਤ ਨਹੀਂ ਦਿੰਦੀ। ਗਵਰਨਰ ਪਾਂਡੇ ਨੇ ਉਸੇ ਵੇਲੇ ਸ. ਗੁਰਦੇਵ ਸਿੰਘ ਨੂੰ ਡਿਪਟੀ ਕਮਿਸ਼ਨਰ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖ਼ਰੂ ਕਰ ਦਿੱਤਾ ਸੀ ਅਤੇ ਤੁਰੰਤ ਚਾਰ ਮਹੀਨਿਆਂ ਦੀ ਛੁੱਟੀ ‘ਤੇ ਦੇਸ਼ ਤੋਂ ਬਾਹਰ ਚਲੇ ਜਾਣ ਅਤੇ ਇਸ ਮਾਮਲੇ ਬਾਰੇ ਕਿਸੇ ਕੋਲ ਭਾਫ਼ ਤਕ ਨਾ ਕੱਢਣ ਦਾ ਆਦੇਸ਼ ਦੇ ਦਿੱਤਾ ਸੀ। ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੇ ਹਾਲਾਤ ਬਾਰੇ ਸ. ਗੁਰਦੇਵ ਸਿੰਘ ਦੀ ਵੱਡਮੁਲੀ ਜਾਣਕਾਰੀ ਦਾ ਲਾਭ ਉਠਾਉਣ ਲਈ ਉਸ ਨੂੰ 3 ਜੂਨ ਦੀ ਮੀਟਿੰਗ ਵਿੱਚ ਜਰੂਰ ਸ਼ਾਮਲ ਹੋਣ ਦੀ ਤਾਕੀਦ ਕੀਤੀ ਗਈ ਸੀ। 3 ਦੀ ਸਵੇਰ ਨੂੰ ਹੀ ਉਸ ਦੀ ਜਗ੍ਹਾ ਸ. ਰਮੇਸ਼ਇੰਦਰ ਸਿੰਘ ਨੇ ਅੰਮ੍ਰਿਤਸਰ ਦੇ ਨਵੇਂ ਡੀ.ਸੀ. ਦਾ ਚਾਰਜ ਸੰਭਾਲ ਲਿਆ ਸੀ ਅਤੇ ਉਹ ਪੂਰਾ ਬਣ ਫੱਬ ਕੇ ਮੀਟਿੰਗ ਅੰਦਰ ਪਹੁੰਚਿਆ ਹੋਇਆ ਸੀ। ਸਪਸ਼ਟ ਹੈ ਕਿ ਸ. ਰਮੇਸ਼ਇੰਦਰ ਸਿੰਘ ਦੀ ਜ਼ਮੀਰ ਨੂੰ ਇਸ ਪਾਪ ਵਿੱਚ ਭਾਈਵਾਲ ਬਣਨ ‘ਤੇ ਕੋਈ ਉਜ਼ਰ ਨਹੀਂ ਸੀ। ਜ਼ਮੀਰ ਜ਼ਮੀਰ ਦੇ ਵਿੱਚ ਫਰਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਜਨਰਲ ਬਰਾੜ ਦੀ ਥਾਂ ਫੌਜੀ ਹਮਲੇ ਦੀ ਅਗਵਾਈ ਲਈ ਮੇਜਰ ਜਨਰਲ ਜੇ.ਐੱਸ. ਜੰਮਵਾਲ ਨੂੰ ਚੁਣਿਆ ਗਿਆ ਸੀ। ਹਿੰਦੂ ਹਾਕਮਾਂ ਨੇ ਇਹ ਪਾਪ ਕਿਸੇ ਸਿੱਖ ਜਰਨੈਲ ਦੇ ਹੱਥੋਂ ਕਰਵਾਉਣ ਦੀ ਹੀ ਪੱਕੀ ਠਾਣੀ ਹੋਈ ਸੀ। ਜਦੋਂ ਜਨਰਲ ਜੰਮਵਾਲ ਨੇ ਆਪਣੇ ਗੁਰੂ ਦੇ ਘਰ ਉਤੇ ਫੌਜੀ ਹਮਲੇ ਦੀ ਅਗਵਾਈ ਕਰਨ ਤੋਂ ਅਸਮਰੱਥਾ ਜ਼ਾਹਰ ਕਰ ਦਿੱਤੀ ਤਾਂ ਦੁਸ਼ਟ ਕਾਰਜ ਕੁਲਦੀਪ ਸਿੰਹੁ ਬਰਾੜ ਨਾਂਉਂ ਦੇ ਸਫ਼ਾ ਚੱਟ (ਕਲੀਨ ਸ਼ੇਵਨ) ਸਿੱਖ ਜਨਰਲ ਨੂੰ ਸੌਂਪ ਦਿੱਤਾ ਗਿਆ।

ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਿੰਘਾਂ ਕੋਲੋਂ ਦੋ ਘੰਟਿਆਂ ਅੰਦਰ ਹੀ ਆਤਮ ਸਮਰਪਣ ਕਰਵਾ ਲੈਣ ਦੀ ਧਾਰਨਾ ’ਕੱਲੇ ਜਨਰਲ ਬਰਾੜ ਦੀ ਨਹੀਂ ਸੀ। ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਵਿਉਂਤ ਉਲੀਕਣ ਵਾਲੇ ਸਾਰੇ ਉਚ ਅਮਲੇ ਦੀ ਇਹ ਸਰਬ ਸਾਂਝੀ ਧਾਰਨਾ ਸ। ਇਸ ਧਾਰਨਾ ਦਾ ਅਧਾਰ ਉਹ हाप्टिडी ढंनी घुयी (Conventional military wisdom) मी ने तंग ਅੰਦਰ ਮਨੁੱਖਾਂ ਦੀ ਥਾਂ ਹਥਿਆਰਾਂ ਨੂੰ ਨਿਰਣਾਇਕ ਤੱਤ ਮੰਨ ਕੇ ਚਲਦੀ ਹੈ। ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਸੰਤਾਂ ਦੇ ਕੱਟੜ ਸਮਰਥਕਾਂ ਦੀ ਗਿਣਤੀ ਡੇਢ ਦੋ ਸੌ ਤੋਂ ਵੱਧ ਨਹੀਂ ਸੀ ਅਤੇ ਉਨ੍ਹਾਂ ਕੋਲ ਕੋਈ ਬਹੁਤ ਜ਼ਿਆਦਾ ਉੱਤਮ ਹਥਿਆਰ ਨਹੀਂ ਸਨ। ਜ਼ਿਆਦਾ ਕਰਕੇ ਰਵਾਇਤੀ ਕਿਸਮ ਦੀਆਂ ਪੱਕੀਆਂ ਰਾਈਫਲਾਂ ਤੇ ਗਿਣਤੀ ਦੀਆਂ ਲਾਈਟ ਮਸ਼ੀਨ ਗੰਨਾਂ ਸਨ। ਇੱਕ ਸੀਮਤ ਜਿਹੇ ਖੇਤਰ ਅੰਦਰ ਘਿਰੇ, ਫੌਜੀ ਸਿਖਲਾਈ ਤੇ ਅਭਿਆਸ ਤੋਂ ਕੋਰੇ, ਸਾਧਾਰਨ ਕਿਸਮ ਦੇ ਹਥਿਆਰਾਂ ਨਾਲ ਲੈਸ ਡੇਢ ਦੋ ਸੌ ਵਿਅਕਤੀ,ਅਤਿ ਨਵੀਨ ਕਿਸਮ ਦੇ ਮਾਰੂ ਹਥਿਆਰਾਂ ਨਾਲ ਲੈਸ ਪੇਸ਼ਵਾਰ ਫੌਜੀ ਲਸ਼ਕਰਾਂ ਮੂਹਰੇ ਭਲਾ ਕਿੰਨਾ ਕੁ ਚਿਰ ਅੜੇ ਰਹਿ ਸਕਣਗੇ?

ਰਵਾਇਤੀ ਫੌਜੀ ਬੁੱਧੀ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸੱਮਰਥਕਾਂ ਦੁਆਰਾ ਹਾਸਲ ਹਾਲਤਾਂ ਅੰਦਰ ਹੱਦ ਦੋ ਘੰਟਿਆਂ ਤੱਕ ਹੀ ਲੜਾਈ ਦੇ ਸਕਣ ਦੀ ਕਲਪਨਾ ਕਰ ਸਕਦੀ ਸੀ। ਇਸ ਕਰਕੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਫੌਜੀ ਹਮਲੇ ਲਈ ਰਾਤ ਦਸ ਵਜੇ ਦਾ ਸਮਾਂ ਮਿਥਿਆ ਗਿਆ ਸੀ ਅਤੇ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ, ਇਕੋ ਹੀ ਰਾਤ ਅੰਦਰ ਸਾਰਾ ਉਪਰੇਸ਼ਨ ਮੁਕੰਮਲ ਕਰ ਲੈਣ (ਜਿਸ ਵਿੱਚ ਪਹਿਲੀ ਹੀ ਝੁੱਟ ਅੰਦਰ ਜੁਝਾਰੂ ਸਿੰਘਾਂ ਦੇ ਟਾਕਰੇ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦੇਣਾ, ਮੁਰਦਾ ਲਾਸ਼ਾਂ ਨੂੰ ਬਿਲੇ ਲਾਉਣਾ, ਜਿਉਂਦਿਆਂ ਨੂੰ ਗ੍ਰਿਫਤਾਰ ਕਰਨਾ, ਸਾਰੇ ਕੰਪਲੈਕਸ ਦੀ ਮੁਕੰਮਲ ਤਲਾਸ਼ੀ ਕਰਕੇ ਬਚੇ ਖੁਚੇ ਹਥਿਆਰ ਬਰਾਮਦ ਕਰਨਾ ਅਤੇ ਇਮਾਰਤਾਂ ਨੂੰ ਹੋਣ ਵਾਲੇ ਮਾਮੂਲੀ ਨੁਕਸਾਨ ਦੀ ਮੁਰੰਮਤ ਕਰਕੇ ਕਲੀ ਕੂਚੀ ਤਕ ਫੇਰਨਾ ਸ਼ਾਮਲ ਸੀ) ਦੀ ਯੋਜਨਾ ਉਲੀਕੀ ਗਈ मी।

ਹਮਲੇ ਦੀ ਵਿਉਂਤ ਬਹੁਤ ਚਿਰ ਪਹਿਲਾਂ ਉਲੀਕ ਲਈ ਗਈ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਰਲ ਏ.ਐਸ. ਵੈਦਿਆ ਨੂੰ ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ ਨੂੰ, ਸੈਨਾ ਦਿਵਸ ਮੌਕੇ ਹਮਲੇ ਦੇ ਫੈਸਲੇ ਤੋਂ ਜਾਣੂੰ ਕਰਵਾ ਦਿੱਤਾ ਸੀ। ਉਸ ਤੋਂ ਝੱਟ ਹੀ ਬਾਅਦ ਪੈਰਾ ਬ੍ਰਿਗੇਡ ਦੀ ਫਸਟ ਬਟਾਲੀਅਨ ਦੇ ਕਮਾਂਡੋਜ਼ ਨੂੰ ਚਕਰਾਤਾ (ਡੇਹਰਾਦੂਨ ਨੇੜੇ) ਤੇ ਸਰਸਾਵਾਂ (ਸਹਾਰਨਪੁਰ ਨੇੜੇ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਨਾਲ ਮਿਲਦੀ ਜੁਲਦੀ ਨਕਲੀ ਇਮਾਰਤ ਤਿਆਰ ਕਰਕੇ ਇਸ ਉਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ। ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁੱਕਦਿਆਂ ਹੀ ਫੌਜ ਦੇ ਮੁਖੀ ਜਨਰਲ ਏ.ਐੱਸ.ਵੈਦਿਆ ਨੂੰ, ਜੋ ਕਿ ਜੇਠ ਮਹੀਨੇ ਦੀ ਗਰਮੀ ਤੋਂ ਬਚਣ ਲਈ ਕਸ਼ਮੀਰ ਅੰਦਰ ਛੁੱਟੀਆਂ ਮਨਾ ਰਿਹਾ ਸੀ, ਫੌਰਨ ਦਿੱਲੀ ਬੁਲਾ ਲਿਆ ਗਿਆ। ਮਈ ਦੇ ਆਖਰੀ ਦਿਨਾਂ ਵਿੱਚ ਭਾਰਤੀ ਫੌਜ ਦੀਆਂ ਚੋਣਵੀਆਂ ਟੁਕੜੀਆਂ ਨੂੰ ਅੰਮ੍ਰਿਤਸਰ ਵੱਲ ਰਵਾਨਾ ਕਰ ਦਿੱਤਾ ਗਿਆ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤੇ ਹਵਾਈ ਜਹਾਜ਼ਾਂ ਦੇ ਜਰੀਏ ਅੰਮ੍ਰਿਤਸਰ ਭੇਜੇ ਗਏ। ਬੰਬਈ ਤੋਂ ਸਮੁੰਦਰੀ ਸੈਨਾ ਦੇ ਆਹਲਾ ਦਰਜੇ ਦੇ ਗੋਤਾਖੋਰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚਾਏ ਗਏ। ਇਨ੍ਹਾਂ ਨੇ ਸਰੋਵਰ ਅੰਦਰ ਟੁੱਭੀਆਂ ਮਾਰ ਕੇ ਹਰਿਮੰਦਰ ਸਾਹਿਬ ਅੰਦਰ ਦਾਖਲ ਹੋਣਾ ਸੀ। ਫੌਜ ਦੇ ਖਾਸ ਸਿਖਲਾਈ ਪ੍ਰਾਪਤ ਕੁੱਤੇ ਜੌਰਹਟ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਢੋਏ ਗਏ। ਭਾਰਤੀ ਫੌਜ ਦੀ ਅੱਵਲ ਦਰਜੇ ਦੀ ਤੋਪਖਾਨਾ ਡਿਵੀਜ਼ਨ ਮੇਰਠ ਤੋਂ ਚੱਲ ਕੇ 30 ਮਈ ਨੂੰ ਅੰਮ੍ਰਿਤਸਰ ਪਹੁੰਚ ਗਈ। ਹਮਲੇ ਨੂੰ ਸੁਯੋਗ ਅਗਵਾਈ ਮੁਹੱਈਆ ਕਰਨ ਲਈ ਚੋਟੀ ਦੇ ਜਰਨੈਲ (ਜਨਰਲ ਕੇ.ਸੁੰਦਰ.ਜੀ. ਜਨਰਲ ਟੀ.ਐੱਸ.ਉਬਰਾਇ, ਜਨਰਲ ਆਰ.ਐੱਸ.ਦਿਆਲ, ਮੇਜਰ ਜਨਰਲ ਕੇ.ਐੱਸ. ਬਰਾੜ, ਵਗੈਰਾ ਵਗੈਰਾ) ਅੰਮ੍ਰਿਤਸਰ ਪਹੁੰਚ ਗਏ। ਫੌਜੀ ਟੁਕੜੀਆਂ ਨੂੰ ਇਸ ਹਿਸਾਬ ਨਾਲ ਤਾਇਨਾਤ ਕੀਤਾ ਗਿਆ।

ਬਿਹਾਰ ਰੈਜੀਮੈਂਟ ਦੀ ਬਾਰ੍ਹਵੀਂ ਬਟਾਲੀਅਨ (12 ਬਿਹਾਰ) ਨੂੰ ਦਰਬਾਰ ਸਾਹਿਬ ਸਮੂਹ ਦੁਆਲੇ ਘੇਰਾਬੰਦੀ ਕਰਨ ਅਤੇ ਟੈਂਪਲਵਿਊ ਹੋਟਲ, ਬ੍ਰਹਮਬੂਟਾ ਅਖਾੜਾ, ਪਾਣੀ ਵਾਲੀ ਟੈਂਕੀ ਤੇ ਬੁੰਗਿਆਂ ਉੱਤੇ ਸਿੰਘਾਂ ਦੇ ਮੋਰਚਿਆਂ ਨੂੰ ਨਸ਼ਟ ਕਰਨ ਦਾ ਕਾਰਜ ਸੌਂਪਿਆ ਗਿਆ। ਕੁਮਾਊਂ ਦੀ ਨੌਵੀਂ ਬਟਾਲੀਅਨ (9 ਕੁਮਾਂਊ) ਨੂੰ ਸਮੁੱਚੇ ਸਰਾਂ ਵਾਲੇ ਪਾਸੇ ਕਾਰਵਾਈ ਕਰਨ ਲਈ ਤਾਇਨਾਤ ਕੀਤਾ ਗਿਆ। ਮਦਰਾਸ ਰੈਜੀਮੈਂਟ ਦੀ 26ਵੀਂ ਬਟਾਲੀਅਨ (26 ਮਦਰਾਸ) ਨੇ ਸਰਾਂ ਵਾਲੇ ਪਾਸਿਓਂ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਖੱਬੇ ਹੱਥ ਪ੍ਰਕਰਮਾ ਵਿੱਚ ਦੀ ਹੁੰਦੇ ਹੋਏ ਅਕਾਲ ਤਖਤ ਸਾਹਿਬ ਵੱਲ ਵੱਧਣਾ ਸੀ। ਗੜ੍ਹਵਾਲ ਰੈਜਮੈਂਟ ਦੀ ਨੌਵੀਂ ਬਟਾਲੀਅਨ (9 ਗੜਵਾਲ) ਨੇ ਦੱਖਣ ਵਾਲੇ ਪਾਸਿਓਂ ਸ਼ਹੀਦਾਂ ਵਾਲੇ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਪ੍ਰਕਰਮਾ ਅੰਦਰ ਖੱਬੇ ਹੱਥ ਘੁੰਮ ਕੇ ਅਕਾਲ ਤਖਤ ਵੱਲ ਧਾਵਾ ਕਰਨਾ ਸੀ। ਭਾਰਤੀ ਫੌਜ ਦੇ ਅੱਵਲ ਦਰਜੇ ਦੇ ਕਮਾਂਡੋਜ਼ (10 ਗਾਰਡਜ਼) ਨੂੰ ਸਭ ਤੋਂ ਔਖਾ ਤੇ ਜ਼ੋਖਮ ਭਰਿਆ ਕਾਰਜ ਸੌਂਪਿਆ ਗਿਆ ਸੀ। ਉਨ੍ਹਾਂ ਨੇ ਮੁੱਖ ਦੁਆਰ (ਘੰਟਾ ਘਰ) ਵਾਲੇ ਪਾਸੇ ਤੋਂ ਪ੍ਰਕਰਮਾ ਅੰਦਰ ਦਾਖਲ ਹੋ ਕੇ ਅਕਾਲ ਤਖ਼ਤ ਤੱਕ ਪਹੁੰਚਣ ਲਈ ਰਾਹ ਸਾਫ਼ ਕਰਨਾ ਸੀ। ਸਪੈਸ਼ਲ ਫਰੰਟੀਅਰ ਫੋਰਸ ਨੂੰ ਅਕਾਲ ਤਖ਼ਤ ਅੰਦਰੋਂ ਅਸਲਾ ਤੇ ਹਥਿਆਰ ਬਰਾਮਦ ਕਰਨ ਅਤੇ ਲੋੜ ਪੈਣ ‘ਤੇ ਜੁਝਾਰੂ ਸਿੰਘਾਂ ਦਾ ਸਫਾਇਆ ਕਰਨ ਵਿੱਚ ਹੱਥ ਵਟਾਉਣ ਦਾ ਜੁੰਮਾ ਸੌਂਪਿਆ ਗਿਆ ਸੀ। ਇਸ ਤੋਂ ਇਲਾਵਾ 16 ਕੈਵਲਰੀ (ਰਸਾਲਾ) ਤੇ 5 ਮਕੈਨੀਕਲ ਨੂੰ ਜਿੱਥੇ ਤੇ ਜਦੋਂ ਵੀ ਲੋੜ ਪਏ ਸਹਾਇਤਾ ਲਈ ਬਹੁੜਨ ਵਾਸਤੇ ਤਿਆਰ-ਬਰ- ਤਿਆਰ ਰੱਖਿਆ ਗਿਆ ਸੀ।

ਬੀ.ਐਸ.ਐੱਫ., ਸੀ.ਆਰ.ਪੀ.ਐੱਫ. ਤੇ ਆਈ.ਟੀ.ਬੀ.ਪੀ. ਨੇ ਕੁਝ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਇਰਦ ਗਿਰਦ ਇਮਾਰਤਾਂ ਉੱਤੇ ਆਪਣੇ ਪੱਕੇ ਮੋਰਚੇ ਬਣਾ ਲਏ ਸਨ। ਉਨ੍ਹਾਂ ਪਹਿਲੀ ਜੂਨ ਨੂੰ ਆਪਣੇ ਮੋਰਚਿਆਂ ‘ਚੋਂ ਸਿੰਘਾਂ ਦੇ ਠਿਕਾਣਿਆਂ ਉੱਤੇ ਭਾਰੀ ਗੋਲੀਬਾਰੀ ਕੀਤੀ। ਦੁਪਹਿਰ ਦੇ ਸਾਢੇ ਬਾਰਾਂ ਵਜੇ ਤੋਂ ਲੈ ਕੇ ਰਾਤ ਦੇ ਸਵਾ ਅੱਠ ਵਜੇ ਤਕ, ਅੱਠ ਘੰਟੇ ਲਗਾਤਾਰ ਦਰਬਾਰ ਸਾਹਿਬ ਕੰਪਲੈਕਸ ਉੱਤੇ ਗੋਲੀਆਂ ਦੀ ਵਰਖਾ ਹੁੰਦੀ ਰਹੀ। ਇਸ ਗੋਲੀਬਾਰੀ ਦਾ ਇੱਕ ਉਦੇਸ਼ ਜੁਝਾਰੂ ਸਿੰਘਾਂ ਨੂੰ ਭੈਭੀਤ ਕਰਨਾ ਸੀ । ਦੂਜਾ, ਉਨ੍ਹਾਂ ਨੂੰ ਜੁਆਬੀ ਫਾਇਰਿੰਗ ਲਈ ਉਕਸਾ ਕੇ ਉਨ੍ਹਾਂ ਦੇ ਠਿਕਾਣਿਆਂ ਦੀ ਨਿਸ਼ਾਨਦੇਹੀ ਕਰਨੀ ਤੇ ਉਨ੍ਹਾਂ ਦੀ ਹਕੀਕੀ ਤਾਕਤ ਦਾ ਅੰਦਾਜ਼ਾ ਲਾਉਣਾ ਸੀ। ਪਰ ਸਿੰਘ ਫੌਜੀ ਵਿੱਦਿਆ ਤੋਂ ਏਨੇ ਕੋਰੇ ਨਹੀਂ ਸਨ ਕਿ ਦੁਸ਼ਮਣ ਦੀ ਇਸ ਚਾਲ ਵਿੱਚ ਫਸ ਜਾਂਦੇ । ਜਨਰਲ ਸੁਬੇਗ ਸਿੰਘ ਦੇ ਸਿਖਾਏ ਤੇ ਸੰਤ ਜਰਨੈਲ ਸਿੰਘ ਦੇ ਪੜ੍ਹਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦਾ ਜੁਆਬ ਸੰਜਮ ਤੇ ਜ਼ਬਤ ਵਿੱਚ ਦਿਤਾ। ਦੁਸ਼ਮਣ ਦੀ ਅੱਠ ਘੰਟੇ ਦੀ ਬਦਤਮੀਜ਼ੀ (ਜਿਸ ਨਾਲ ਕੰਪਲੈਕਸ ਅੰਦਰ ਅੱਧੀ ਦਰਜਨ ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸ੍ਰੀ ਹਰਿਮੰਦਰ ਸਾਹਿਬ ਉਤੇ ਗੋਲੀਆਂ ਦੇ 32 ਚਟਾਖ਼ ਪੈ ਗਏ), ਸਿੰਘਾਂ ਦਾ ਸਬਰ ਤੇ ਸ੍ਵੈ ਕਾਬੂ ਭੰਗ ਨਾ ਕਰ ਸਕੀ ।

3 ਜੂਨ ਦੀ ਸ਼ਾਮ ਨੂੰ ਜਦ ਟਾਈਮਜ਼ ਆਫ਼ ਇੰਡੀਆ ਦਾ ਰਿਪੋਰਟਰ (ਸੁਭਾਸ਼ ਕਿਰਪੇਕਰ) ਜਨਰਲ ਸੁਬੇਗ ਸਿੰਘ ਨਾਲ ਇੰਟਰਵਿਊ ਕਰ ਰਿਹਾ ਸੀ ਤਾਂ ਬਿਹਾਰ ਰੈਜੀਮੈਂਟ ਦੀ ਦਸਵੀਂ ਬਟਾਲੀਅਨ ਦੇ ਜਵਾਨ ਬੀ.ਐੱਸ.ਐੱਫ. ਤੇ ਸੀ.ਆਰ.ਪੀ.ਐੱਫ. ਕੋਲੋਂ ਮੋਰਚੇ ਖਾਲੀ ਕਰਾ ਕੇ ਤੇਜ਼ੀ ਨਾਲ ਆਪਣੀਆਂ ਪੋਜ਼ੀਸ਼ਨਾਂ ਮੱਲ ਰਹੇ ਸਨ। ਦੁਸ਼ਮਣ ਦੀ ਨਕਲੋ ਹਰਕਤ ਉੱਤੇ ਦੁਰਬੀਨ ਰਾਹੀਂ ਕਰੜੀ ਨਿਗ੍ਹਾ ਰੱਖ ਰਹੇ ਸਿੰਘਾਂ ਨੇ ਜਿਉਂ ਹੀ ਜਰਨਲ ਸੁਬੇਗ ਸਿੰਘ ਨੂੰ ਇਹ ਖਬਰ ਸੁਣਾਈ ਤਾਂ ਉਸ ਵਰਗੇ ਤਜਰਬੇਕਾਰ ਜਨਰਲ ਨੂੰ ਇਸ ਦੇ ਅਰਥ ਸਮਝਣ ਵਿੱਚ ਰਤੀ ਭਰ ਵੀ ਦੇਰ ਨਾ ਲੱਗੀ। ਜਿਸ ਘੜੀ ਦਾ ਚਿਰਾਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹ ਆਖਰ ਨੂੰ ਆਣ ਪਹੁੰਚੀ ਸੀ। ਜਰਨਲ ਸੁਬੇਗ ਸਿੰਘ ਨੇ ਇੰਟਰਵਵਿਊ ਉੱਥੇ ਹੀ ਖਤਮ ਕਰ ਦਿੱਤੀ ਅਤੇ ਫੁਰਤੀ ਨਾਲ ਆਪਣੇ ਲੜਾਕੂ ਯੋਧਿਆਂ ਨੂੰ ਲੋੜੀਂਦੇ ਨੁਸਖ਼ੇ ਤੇ ਹਦਾਇਤਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ।

4 ਜੂਨ ਨੂੰ ਤੜਕਸਾਰ ਚਾਰ ਵਜੇ ਦੇ ਕਰੀਬ 10 ਬਿਹਾਰ ਦੇ ਨਿਸ਼ਾਨਚੀਆਂ ਨੇ ਹੋਟਲ ਟੈਂਪਲਵਿਊ, ਬ੍ਰਹਮਬੂਟਾ ਅਖਾੜਾ, ਪਾਣੀ ਵਾਲੀ ਟੈਂਕੀ ਤੇ ਬੁੰਗਿਆਂ ਉਤਲੇ ਮੋਰਚਿਆਂ ‘ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੂਹਰੇ ਟਰੇਸਰ ਬੁਲਟਸ ਤੇ ਪਿੱਛੇ ਟੈਂਕ ਤੇ ਆਰ.ਸੀ.ਐੱਲ. ਗੰਨ ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ। ਤੋਪ ਦੇ ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਵਿੱਚ ਮਘੋਰਾ ਹੋ ਗਿਆ ਜਿਸ ਨਾਲ ਕੰਪਲੈਕਸ ਅੰਦਰ ਪਾਣੀ ਦੀ ਸਪਲਾਈ ਠੱਪ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸਾਰੇ ਗਏ ਇਤਿਹਾਸਕ ਬੁੰਗਿਆਂ ਦੀਆਂ ਟੀਸੀਆਂ ਤੋਪਾਂ ਦੇ ਗੋਲਿਆਂ ਨੇ ਬੁਰੀ ਤਰ੍ਹਾਂ ਤਬਾਹ ਕਰ ਸੁੱਟੀਆਂ। ਚਾਰ ਜੂਨ ਨੂੰ ਦਿਨ ਭਰ ਭਾਰੀ ਗੋਲੀਬਾਰੀ ਹੁੰਦੀ ਰਹੀ। ਸਿੱਟੇ ਵਜੋਂ ਉਸ ਦਿਨ ਗੁਰੂ ਅਮਰਦਾਸ ਜੀ ਦਾ ਲੰਗਰ ਤਿਆਰ ਨਾ ਹੋ ਸਕਿਆ। ਬਾਗਵਾਲੀ ਗਲੀ ਦੀਆਂ ਬੀਬੀਆਂ ਨੇ ਘਰਾਂ ਅੰਦਰ ਲੰਗਰ ਤਿਆਰ ਕਰਕੇ ਵਰ੍ਹਦੀਆਂ ਗੋਲੀਆਂ ਵਿੱਚ ਸੰਗਤਾਂ ਨੂੰ ਵਰਤਾਇਆ। ਉਸ ਦਿਨ ਦੁਪਹਿਰੇ ਸਾਢੇ ਬਾਰਾਂ ਵਜੇ ਦੇ ਕਰੀਬ ਦਰਬਾਰ ਸਾਹਿਬ ਸਮੂਹ ਨੂੰ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਰੇਟਰ ਵੀ ਅੱਗ ਨਾਲ ਨੁਕਸਾਨਿਆ ਗਿਆ।

ਚਾਰ ਪੰਜ ਦੀ ਰਾਤ ਤੇ ਪੰਜ ਦੇ ਦਿਨ ਨੂੰ ਵੀ ਲਗਾਤਾਰ ਗੋਲੀਬਾਰੀ ਚਲਦੀ ਰਹੀ। ਉਸ ਵੇਲੇ ਤਕ ਫੌਜ ਦਾ ਮੁੱਖ ਜ਼ੋਰ ਕੰਪਲੈਕਸ ਅੰਦਰ ਛੱਤਾਂ ਉਪਰਲੇ ਮੋਰਚਿਆਂ ਨੂੰ ਤਬਾਹ ਕਰਨ ਉਤੇ ਲੱਗਾ ਰਿਹਾ। ਪੰਜ ਜੂਨ ਦੀ ਸ਼ਾਮ ਤੱਕ ਟੈਂਪਲਵਿਊ ਹੋਟਲ, ਬ੍ਰਹਮਬੂਟਾ ਅਖਾੜਾ, ਘੰਟਾ ਘਰ ਵਾਲੀ ਬਾਹੀ ਉੱਪਰ ਛੱਤਾਂ ਉੱਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਹੋ ਗਏ ਸਨ। ਹੁਣ ਕਾਰਵਾਈ ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਸੀ। ਜਿਸ ਵਿੱਚ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਵੜ ਕੇ ਅਕਾਲ ਤਖ਼ਤ ਸਾਹਿਬ ਉੱਤੇ ਧਾਵਾ ਬੋਲਣਾ ਸੀ।

ਪੰਜ ਜੂਨ ਦੀ ਸ਼ਾਮ ਦੇ ਸਵਾ ਕੁ ਪੰਜ ਵਜੇ ਡੀ.ਐਸ.ਪੀ. ਬਾਜਵਾ ਨੇ ਲਾਊਡ ਸਪੀਕਰ ਉੱਤੇ ਜੁਝਾਰੂ ਸਿੰਘਾਂ ਨੂੰ ਫੌਰੀ ਆਤਮ ਸਮਰਪਣ ਕਰ ਦੇਣ ਦਾ ਹੋਕਾ ਦਿੱਤਾ। ਇਸ ਹੋਕੇ ਦਾ ਜੁਆਬ ਸਿੰਘਾਂ ਨੇ ਕੜਕਵੀਂ ਗੋਲੀਬਾਰੀ ਵਿੱਚ ਦਿੱਤਾ।

ਇੱਕ ਵੀ ਜੁਝਾਰੂ ਸਿੰਘ ਆਤਮ ਸਮਰਪਣ ਕਰਨ ਲਈ ਅੱਗੇ ਨਾ ਆਇਆ। ਸ਼ਾਮ ਨੂੰ ਸਵਾ ਛੇ ਵਜੇ ਦੇ ਕਰੀਬ 16ਵੀਂ ਕੈਵਲਰੀ ਦੇ ਵਿਜੰਤਾ ਟੈਂਕ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਏ। ਪੌਣੇ ਸੱਤ ਵਜੇ ਇਨ੍ਹਾਂ ਟੈਂਕਾਂ ਨੇ ਘੰਟਾ ਘਰ ਦੇ ਸਾਹਮਣੇ ਪੋਜ਼ੀਸ਼ਨਾਂ ਲੈ ਲਈਆਂ ਅਤੇ 7.62 ਮਿ.ਮੀ. ਮਸ਼ੀਨ ਗੰਨਾਂ ਨਾਲ ਦਰਬਾਰ ਸਾਹਿਬ ਸਮੂਹ ਉੱਤੇ ਭਾਰੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਦੋ ਚੇਤਕ ਹੈਲੀਕਾਪਟਰ ਦਰਬਾਰ ਸਾਹਿਬ ਉਤੇ ਨੀਵੀਆਂ ਉਡਾਰੀਆਂ ਲਾਉਂਦੇ ਰਹੇ। ਇਨ੍ਹਾਂ ਹੈਲੀਕਾਪਟਰਾਂ ਵਿੱਚ ਸਵਾਰ ਫੌਜੀ ਅਫਸਰ ਕੰਟਰੋਲ ਰੂਮ ਦੇ ਜ਼ਰੀਏ ਆਪਣੇ ਮੋਰਚਿਆਂ ਵਿਚਲੇ ਜਵਾਨਾਂ ਨੂੰ ਸਿੰਘਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇ ਰਹੇ ਸਨ ਅਤੇ ਉਨ੍ਹਾਂ ਦੀ ਠੀਕ ਨਿਸ਼ਾਨਿਆਂ ਉੱਤੇ ਚੋਟ ਕਰਨ ਵਿੱਚ ਸਹਾਇਤਾ ਕਰ ਰਹੇ ਸਨ।

ਪੰਜ ਜੂਨ ਦੀ ਰਾਤ ਪਸਰਦਿਆਂ ਹੀ 9 ਕੁਮਾਉਂ ਨੇ ਸਰਾਂ ਵਾਲੇ ਪਾਸੇ ਲੋਹੇ ਦੇ ਗੇਟਾਂ ਲਾਗੇ ਟੈਂਕ ਤੇ ਬਖਤਰਬੰਦ ਗੱਡੀਆਂ ਲਿਆ ਖੜ੍ਹੀਆਂ ਕੀਤੀਆਂ। ਉਧਰ 10 ਗਾਰਡਜ਼ ਨੇ ਵੀ ਮੁੱਖ ਦੁਆਰ (ਘੰਟਾ ਘਰ ਵਾਲਾ ਗੇਟ) ਰਾਹੀਂ ਪ੍ਰਕਰਮਾ ਅੰਦਰ ਦਾਖਲ ਹੋਣ ਦੀਆਂ ਪੂਰੀਆਂ ਤਿਆਰੀਆਂ ਕਸ ਲਈਆਂ। ਦੋਨਾਂ ਪਾਸਿਆਂ ਤੋਂ ਕਾਰਵਾਈ ਰਾਤ ਦੇ ਦਸ ਵਜੇ ਸ਼ੁਰੂ ਹੋਣੀ ਸੀ ਅਤੇ ਇੱਕ ਵਜੇ ਤੋਂ ਪਹਿਲਾਂ ਉਪਰੇਸ਼ਨ ਦਾ ਪਹਿਲਾ ਪੜਾਅ (ਜੁਝਾਰੂ ਸਿੰਘਾਂ ਦੀ ਲੜਾਕੂ ਸ਼ਕਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣ) ਮੁਕੰਮਲ ਕਰ ਲੈਣ ਦੀ ਯੋਜਨਾ ਉਲੀਕੀ ਗਈ ਸੀ। ਉਸ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿੱਚ ਮੁਰਦਾ ਲਾਸ਼ਾਂ ਨੂੰ ਸੰਭਾਲਣ, ਜਿਉਂਦੇ ਜੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਾਰੇ ਖੇਤਰ ਦੀ ਭਰਵੀਂ ਤਲਾਸ਼ੀ ਕਰਨ ਦਾ ਅਮਲ ਸ਼ੁਰੂ ਹੋਣਾ ਸੀ। ਇਸ ਤਰ੍ਹਾਂ 6 ਜੂਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਸਾਰਾ ਉਪਰੇਸ਼ਨ ਮੁਕੰਮਲ ਕਰਕੇ ਭਾਰਤੀ ਫੌਜ ਦੀ ਮਹਾਨ ਜਿੱਤ ਦੇ ਜ਼ਸ਼ਨ ਮਨਾਏ ਜਾਣੇ ਸਨ।

ਰਾਤ ਨੂੰ 9 ਵਜੇ ਦੇ ਕਰੀਬ ਜਨਰਲ ਬਰਾੜ ਨੇ ਯੁੱਧ ਦਾ ਬਿਗਲ ਵਜਾਉਣ ਤੋਂ ਪਹਿਲਾਂ ਆਪਣੀਆਂ ਚੋਣਵੀਆਂ ਫੌਜੀ ਟੁਕੜੀਆਂ ਨੂੰ ਮੁੱਖ ਦੁਆਰ ਦੇ ਸਾਹਮਣੇ ਵਾਲੇ ਖੁੱਲ੍ਹੇ ਵਿਹੜੇ ਅੰਦਰ ‘ਕੱਠੇ ਕਰ ਲਿਆ ਅਤੇ ਉਨ੍ਹਾਂ ਅੰਦਰ ਜੋਸ਼ ਤੇ ਜਜ਼ਬਾ ਭਰਨ ਲਈ ਸੰਖੇਪ ਬੀਰ ਰਸੀ ਭਾਸ਼ਣ ਦਿੱਤਾ। ਉਨ੍ਹਾਂ ਨੂੰ ਲੜਾਈ ਦੀ ਲੋੜ ਤੇ ਉਦੇਸ਼ ਬਾਰੇ ਦੱਸਿਆ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਪਾ ਕੇ ਦੇਸ਼ ਲਈ ਜਾਨਾਂ ਵਾਰਨ ਵਾਸਤੇ ਤਤਪਰ ਹੋਣ ਲਈ ਕਿਹਾ ਗਿਆ। ਉੱਧਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਆਪੋ ਆਪਣੇ ਮੋਰਚਿਆਂ ਅੰਦਰ ਡਟੇ ਜੁਝਾਰੂ ਸਿੰਘ ਹਮਲੇ ਦੀ ਪਲ ਪਲ ਉਡੀਕ ਕਰ ਰਹੇ ਸਨ। ਆਪਣੇ ਧਰਮ, ਸਭਿਆਚਾਰ ਤੇ ਵਿਰਸੇ ਦੀ ਰਾਖੀ ਲਈ ਜਾਨਾਂ ਵਾਰਨ ਵਾਸਤੇ ਉਨ੍ਹਾਂ ਨੂੰ ਕਿਸੇ ਮਨਸੂਈ ਭਾਸ਼ਣ ਜਾਂ ਜਜ਼ਬਾਤੀ ਚੁੰਮ੍ਹਣੇ ਦੀ ਲੋੜ ਨਹੀਂ ਸੀ। ਤੱਤੀਆ ਤਵੀਆਂ, ਉਬਲਦੀਆਂ ਦੇਗ਼ਾਂ, ਸਿਰਾਂ ‘ਤੇ ਚਲਦੇ ਆਰੇ, ਜਿਸਮਾਂ ਨੂੰ ਪਿੰਜਦੀਆਂ ਚਰਖੜੀਆਂ, ਰੰਬੀਆਂ ਨਾਲ ਉਤਾਰੀਆਂ ਜਾਂਦੀਆਂ ਖੋਪਰੀਆਂ, ਟੋਕਿਆਂ ਨਾਲ ਕੱਟੇ ਜਾਂਦੇ ਬੰਦ ਬੰਦ, ਜਮੂਰਾਂ ਨਾਲ ਉਧੇੜੇ ਜਾਂਦੇ ਨਹੁੰ, ਚਮਕੌਰ ਦੀਆਂ ਗੜ੍ਹੀਆਂ, ਸਰਹੰਦ ਦੀਆਂ ਦੀਵਾਰਾਂ, ਖਦਰਾਣੇ ਦੀਆਂ ਢਾਬਾਂ, ਕਾਹਨੂੰਵਾਨ ਦੇ ਛੰਭ, ਕੁੱਪ ਰੋਹੀੜੇ ਦੇ ਖੂਨ ਨਾਲ ਲੱਥ ਪੱਥ ਬੀਆਬਾਨ ਜੰਗਲ ਇਤਿਹਾਸ ਦੇ ਇਹ ਵਾਕਿਆਤ ਉਨ੍ਹਾਂ ਦੀ ਸਿਮਰਤੀ ਅੰਦਰ ਏਨੇ ਡੂੰਘੇ ਤੇ ਏਨੇ ਸਹਿਜ-ਭਾਅ ਵਸੇ ਹੋਏ ਸਨ ਕਿ ਧਰਮ ਹੇਤ ਸੀਸ ਦੇਣ ਦੀ ਪ੍ਰੇਰਨਾ ਤੈ ਜਾਚ ਉਨ੍ਹਾਂ ਦੇ ਖੂਨ ਅੰਦਰ ਹੀ ਰਮੀ ਹੋਈ ਸੀ। ਉਨ੍ਹਾਂ ਬੱਸ ਆਪਣੇ ਇਸ ਖੂਨ ਦੀ ਲਾਜ ਹੀ ਪਾਲਣੀ ਸੀ। ਉਹ ਆਪਣੇ ਅਜੀਜ਼ ਰਹਿਬਰ (ਸੰਤ ਭਿੰਡਰਾਂਵਾਲੇ) ਦੁਆਰਾ ਆਪਣੇ ਹੱਥੀਂ ਲੋਡ ਕਰ ਕੇ ਸੌਂਪੀਆਂ ਰਾਈਫਲਾਂ ਨਾਲ ਵੇਲੇ ਦੇ ਹਾਕਮਾਂ ਦੇ ਮਸਤ ਹਾਥੀਆਂ ਦੇ ਮੱਧਿਆਂ ਨੂੰ ਵਿੰਨ੍ਹ ਸੁੱਟਣ ਦੀ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਰਾਤ ਦੇ ਦਸ ਵੱਜੇ ਹੋਣਗੇ ਜਦ ਉਨ੍ਹਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। 9 ਕਮਾਉਂ ਟੈਂਕਾਂ ਨਾਲ ਲੋਹੇ ਦਾ ਗੇਟ ਭੰਨ੍ਹ ਕੇ ਸਰਾਂ ਵਾਲੇ ਖੇਤਰ ਅੰਦਰ ਦਾਖਲ ਹੋ ਗਈ। ਬਖਤਰਬੰਦ ਗੱਡੀਆਂ ਤੇ ਟੈਂਕ ਸਰਾਂ ਮੂਹਰਲੀ ਸੜਕ ਉੱਤੇ ਖੜ੍ਹੇ ਕਰ ਦਿੱਤੇ ਗਏ ਅਤੇ ਉਨ੍ਹਾਂ ‘ਚੋਂ ਹੋ ਰਹੀ ਗੋਲਾਬਾਰੀ ਦੇ ਕਵਰ ਹੇਠ ਫੌਜੀ ਦਸਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋਏ ਇਮਾਰਤਾਂ ਅੰਦਰ ਘੁਸਣ ਲੱਗੇ। 9 ਕਮਾਉਂ ਦੀ ਏ ਕੰਪਨੀ ਹਮਲੇ ਦੀ ਮੁਹਰੈਲ ਟੁਕੜੀ ਸੀ ਜਿਸ ਦੀ ਅਗਵਾਈ ਮੇਜਰ ਹਤੇਸ਼ ਕੁਮਾਰ ਪਲਟਾ ਕਰ ਰਿਹਾ ਸੀ। ਇਸ ਕੰਪਨੀ ਨੂੰ ਪਹਿਲੇ ਹੱਲੇ ਵਿੱਚ ਹੀ ਕਿਆਸੋਂ ਬਾਹਰੀ ਜਾਨੀ ਨੁਕਸਾਨ ਝੱਲਣਾ ਪੈ ਗਿਆ। ਡਰੇ ਤੇ ਘਬਰਾਏ ਮੇਜਰ ਪਲਟਾ ਨੇ ਵਾਇਰਲੈੱਸ ‘ਤੇ ਆਪਣੇ ਅਫਸਰਾਂ ਨੂੰ ਛੇਤੀ ਹੋਰ ਕੁਮਕ ਭੇਜਣ ਦੇ ਵਾਸਤੇ ਪਾਏ।

ਉੱਧਰ ਜਨਰਲ ਬਰਾੜ ਲਈ ਲੜਾਈ ਦਾ ਮੂਹਰਤ ਹੀ ਬਦਸ਼ਗਨੀ ਵਾਲਾ ਹੋ ਗਿਆ। ਮਿਥੀ ਹੋਈ ਯੋਜਨਾ ਅਨੁਸਾਰ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕਾਰਵਾਈ ਇੱਕੋ ਸਮੇਂ ਦੋ ਪਾਸਿਆਂ ਤੋਂ ਸ਼ੁਰੂ ਕੀਤੀ ਜਾਣੀ ਸੀ। 10 ਗਾਰਡਜ਼ ਨੇ ਘੰਟਾ ਘਰ ਵਾਲੇ ਮੁੱਖ ਦੁਆਰਾਂ ਰਾਹੀਂ ਅੰਦਰ ਵੜਨਾ ਸੀ ਜਦ ਕਿ ਉਸੇ ਹੀ ਸਮੇਂ 26 ਮਦਰਾਸ ਨੇ ਮੰਜੀ ਸਾਹਿਬ ਵਾਲੀ ਸਾਈਡ ਤੋਂ ਪ੍ਰਕਰਮਾ ਅੰਦਰ ਦਾਖਲ ਹੋਣਾ ਸੀ। ਜਨਰਲ ਬਰਾੜ ਨੇ 9 ਵਜੇ ਦੇ ਕਰੀਬ ਮਦਰਾਸੀਆਂ ਨੂੰ ਜੋਸ਼ੀਲਾ ਭਾਸ਼ਣ ਦੇ ਕੇ ਵਿਦਾ ਕੀਤਾ ਸੀ ਅਤੇ ਉਨ੍ਹਾਂ ਬਜ਼ਾਰ ਮਾਈ ਸੇਵਾਂ ਵਿੱਚ ਦੀ ਹੁੰਦੇ ਹੋਏ ਪਿਛਵਾੜੇ ਦੀਆਂ ਗਲੀਆਂ ਰਾਹੀਂ ਬਾਬਾ ਅਟੱਲ ਸਾਹਿਬ ਵਾਲੇ ਪਾਸਿਓਂ ਮੰਜੀ ਸਾਹਿਬ ਤੱਕ ਪਹੁੰਚਣਾ ਸੀ। ਇਹ ਵੱਧ ਤੋਂ ਵੱਧ ਅੱਧੇ ਘੰਟੇ ਦਾ ਰਸਤਾ ਸੀ। ਜਨਰਲ ਬਰਾੜ 10 ਗਾਰਡਜ਼ ਨੂੰ ਉਦੋਂ ਤੱਕ ਰੋਕੀ ਬੈਠਾ ਸੀ ਜਦ ਤੱਕ 26 ਮਦਰਾਸ ਵਲੋਂ ਆਪਣੇ ਟਿਕਾਣੇ ‘ਤੇ ਪਹੁੰਚਣ ਅਤੇ ਐਕਸ਼ਨ ਦੀ ਤਿਆਰੀ ਦਾ ਸਿਗਨਲ ਨਹੀਂ ਸੀ ਮਿਲ ਜਾਣਾ। ਪਰ ਘੰਟਾ ਭਰ ਬੀਤ ਜਾਣ ‘ਤੇ ਵੀ ਮਦਰਾਸੀਆਂ ਵੱਲੋਂ ਕੋਈ ਸਿਗਨਲ ਨਹੀਂ ਸੀ ਪਹੁੰਚਿਆ। ਇਸ ਬਦਸ਼ਗਨੀ ਨੇ ਜਨਰਲ ਬਰਾੜ ਨੂੰ ਡਾਢੀ ਚਿੰਤਾ ਤੇ ਘਬਰਾਹਟ ‘ਚ ਪਾ ਦਿੱਤਾ। ਜੇਕਰ ਰਾਤ ਦੇ ਇੱਕ ਵਜੇ ਤੱਕ ਅਕਾਲ ਤਖ਼ਤ ਸਾਹਿਬ ਉੱਤੇ ਕਬਜ਼ੇ ਦੀ ਕਾਰਵਾਈ ਮੁਕੰਮਲ ਕਰ ਲਈ ਜਾਣੀ ਸੀ ਤਾਂ ਹਮਲੇ ਨੂੰ ਹੋਰ ਵੱਧ ਪਛਾੜਿਆ ਨਹੀਂ ਸੀ ਜਾ ਸਕਦਾ।

ਸਾਢੇ ਦਸ ਵਜੇ ਦੇ ਕਰੀਬ ਪੈਰਾ ਬਰਗੇਡ ਦੀ ਫਸਟ ਬਟਾਲੀਅਨ ਦੇ ਕਮਾਂਡੋਜ਼ ਨੂੰ 10 ਗਾਰਡਜ਼ ਦੀ ਮਦਦ ਨਾਲ ਮੁੱਖ ਦੁਆਰ ਰਾਹੀਂ ਅੰਦਰ ਦਾਖਲ ਹੋਣ ਦਾ ਹੁਕਮ ਦੇ ਦਿੱਤਾ ਗਿਆ। 9• ਦੇ ਲੱਗਭੱਗ ਖੱਬੀ ਖਾਨ ਕਮਾਂਡੋਜ਼ ਨੂੰ ਪਹਿਲੇ ਹੱਲੇ ਲਈ ਚੁਣਿਆ ਗਿਆ ਸੀ। ਇਨ੍ਹਾਂ ਕਮਾਂਡੋਜ਼ ਨੂੰ ਚਾਰ ਕਾਲਮਾਂ ‘ਚ ਵੰਡਿਆ ਗਿਆ।

ਪਹਿਲੇ ਤੇ ਤੀਜੇ ਕਾਲਮ ਨੇ ਪ੍ਰਕਰਮਾ ਅੰਦਰ ਦਾਖਲ ਹੋ ਕੇ ਪ੍ਰਕਰਮਾ ਦੀ ਖੱਬੀ ਬਾਹੀ (ਅਜਾਇਬ ਘਰ ਤੋਂ ਲੈ ਕੇ ਬ੍ਰਹਮਬੂਆਂ ਅਖਾੜਾ ਤਕ) ‘ਚੋਂ ਰੋਕਾਂ ਖਤਮ ਕਰਨੀਆਂ ਸਨ ਜਦ ਕਿ ਦੂਜੇ ਤੇ ਚੌਥੇ ਕਾਲਮ ਨੇ ਸੱਜੀ ਬਾਹੀ ਸਾਫ਼ ਕਰਨੀ ਸੀ। ਗਾਰਡਜ਼ ਦੀ ਅਗਵਾਈ ਲੈਫਟੀਨੈਂਟ ਕਰਨਲ ਇਸਰਾਰ ਰਹੀਮ ਖਾਨ ਨਾਂਉ ਦੇ

ਹੋਣਹਾਰ ਮੁਸਲਮਾਨ ਅਫਸਰ ਨੂੰ ਸੌਂਪੀ ਗਈ ਸੀ । ਏ ਕੰਪਨੀ ਦੀ ਅਗਵਾਈ ਮੇਜਰ ਬਲਦੇਵ ਰਾਜ ਭਾਟੀਆ ਕਰ ਰਿਹਾ ਸੀ। ਜਦ ਇਸ ਕੰਪਨੀ ਦੀ ਮੋਹਰੀ ਪਲਟਨ ਨੇ ਰਾਤ ਦੇ ਘੁੱਪ ਹਨ੍ਹੇਰੇ ਵਿੱਚ ਸ਼ੂਟ ਵੱਟਕੇ ਪੌੜੀਆਂ ਉੱਤਰਨ ਦੀ ਕੋਸ਼ਿਸ਼ ਕੀਤੀ ਤਾਂ ਸਿੰਘਾਂ ਨੇ ਗੋਲੀਆਂ ਦੀ ਬੁਛਾੜ ਨਾਲ ਇਹ ਪੂਰੀ ਦੀ ਪੂਰੀ ਖੇਪ ਪੌੜੀਆਂ ਉਤੇ ਹੀ ਢੇਰੀ ਕਰ ਦਿੱਤੀ। ਨਾ ਜਨਰਲ ਬਰਾੜ ਤੇ ਨਾ ਇਸਰਾਰ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਬਿਹਤਰੀਨ ਕਮਾਂਡੋਜ਼ ਦੀ ਪਲਾਂ ਅੰਦਰ ਹੀ ਅਲਖ ਮੁਕਾ ਦੇਣ ਵਾਲਾ ਇਹ ਮੌਤ ਦਾ ਝੱਖੜ ਝੁੱਲਿਆ ਕਿਹੜੇ ਪਾਸਿਓਂ? ਖੁਫੀਆ ਰਿਪੋਰਟਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਦੀ ‘ਬੋਹਣੀ’ ਦੀ ਉਕਾ ਹੀ ਕੋਈ ਉਮੀਦ ਨਹੀਂ ਸੀ। ਉਨ੍ਹਾਂ ਨੂੰ ਪ੍ਰਕਰਮਾ ਅੰਦਰ ਜ਼ਰੂਰ ਵੱਡੇ ਵਿਰੋਧ ਦਾ ਅੰਦੇਸ਼ਾ ਸੀ। ਪਰ ਇਹ ਪੌੜੀਆਂ ਉਤੇ ਕਿਹੜੀ ਬਲਾ ਝਪਟ ਪਈ? ਇਸ ਅੜਾਉਣੀ ਦੀ ਉਨ੍ਹਾਂ ਨੂੰ ਉਕਾ ਹੀ ਸਮਝ ਨਹੀਂ ਸੀ ਆ ਰਹੀ। ਅਸਲ ਵਿੱਚ ਪੌੜੀਆਂ ਨਾਲ ਲਗਵੇਂ ਕਮਰਿਆਂ ਦੇ ਵੱਡੇ ਰੋਸ਼ਨਦਾਨ ਪੌੜੀਆਂ ਅੰਦਰ ਖੁਲ੍ਹਦੇ ਸਨ। ਸਿੰਘਾਂ ਨੇ ਇਨ੍ਹਾਂ ਰੋਸ਼ਨਦਾਨਾਂ ਦੀ ਇਸ ਤਰ੍ਹਾਂ ਮੋਰਚਾਬੰਦੀ ਕੀਤੀ ਹੋਈ ਸੀ ਕਿ ਹਨ੍ਹੇਰੇ ਵਿੱਚ ਬੰਦਾ ਤਾਂ ਕੀ ਹਵਾ ਵੀ ਉਨ੍ਹਾਂ ਦੀਆਂ ਗੋਲੀਆਂ ਤੋਂ ਬਚ ਕੇ ਅੰਦਰ ਨਹੀਂ ਸੀ ਜਾ ਸਕਦੀ। ਏ ਕੰਪਨੀ ਦਾ ਐਮ.ਐਮ.ਜੀ. ਸੈਕਸ਼ਨ ਪੂਰੇ ਦਾ ਪੂਰੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਲਾਂਸ ਨਾਇਕ ਮੇਜਰ ਸਿੰਘ ਐਲ.ਐਮ.ਜੀ. ਨਾਲ ਇਸ ਪਲਟੂਨ ਨੂੰ ਕਵਰਿੰਗ ਫਾਇਰ ਦੇ ਰਿਹਾ ਸੀ। ਕੁਝ ਕਮਾਂਡੋ ਪੌੜੀਆਂ ਉਤਰ ਕੇ ਪ੍ਰਕਰਮਾ ਅੰਦਰ ਖੱਬੇ ਹੱਥ ਮੋੜਾਂ ਕੱਟਣ ਵਿੱਚ ਕਾਮਯਾਬ ਹੋ ਗਏ। ਅੰਨ੍ਹੇਵਾਹ ਗੋਲੀਆਂ ਚਲਾਉਂਦੇ ਤੇ ਗਰਨੇਡਾਂ ਦੀ ਗੜੇਮਾਰ ਕਰਦੇ ਉਹ ਬ੍ਰਹਮਬੂਟਾ ਅਖਾੜੇ ਵੱਲ ਵਧਣ ਲੱਗੇ। ਉਹ ਅੱਠਵੇਂ ਕੁ ਕਮਰੇ ਤਕ ਪਹੁੰਚੇ ਸਨ ਕਿ ਸਾਹਮਣੇ ਮੱਥਿਓਂ ਏਨੀ ਜ਼ੋਰਦਾਰ ਫਾਇਰਿੰਗ ਹੋਈ ਕਿ ਸਾਰੀ ਦੀ ਸਾਰੀ ਪਲਟੂਨ ਨਕਾਰਾ ਹੋ ਗਈ। ਕੁਝ ਮਾਰੇ ਗਏ ਕੁਝ ਜ਼ਖ਼ਮੀ ਹੋ ਕੇ ਡਿਗ ਪਏ।

ਕਵਰਿੰਗ ਫਾਇਰ ਦੇ ਰਿਹਾ ਲਾਂਸ ਨਾਇਕ ਮੇਜਰ ਸਿੰਘ ਤੇ ਉਸਦਾ ਸਹਾਇਕ ਵੀ ਜ਼ਖ਼ਮੀ ਹੋ ਕੇ ਜ਼ਮੀਨ ਉੱਤੇ ਢੇਰੀ ਹੋ ਗਏ। ਏ ਤੋਂ ਬਾਅਦ ਬੀ ਤੇ ਸੀ ਕੰਪਨੀ ਦੇ ਐਮ.ਐਮ.ਜੀ. ਤੇ ਐਲ.ਐਮ.ਜੀ. ਸੈਕਸ਼ਨਾਂ ਦਾ ਵੀ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਕੰਪਨੀ ਡੀ ਦਾ ਐਲ.ਐਮ.ਜੀ. ਸੈਕਸ਼ਨ ਮੁੱਖ ਦੁਆਰ ਦੇ ਖੱਬੇ ਹੱਥ ਦੇ ਥਮਲ੍ਹੇ ਦੀ ਓਟ ਲਈ ਖੜ੍ਹਾ ਸੀ ਅਤੇ ਆਪਣੀ ਪਲਟੂਨ ਦੀ ਰਾਖੀ ਕਰ ਰਿਹਾ ਸੀ। ਇਹ ਪਲਟੂਨ ਪ੍ਰਕਰਮਾ ਦੇ ਕਮਰਿਆਂ ਅੰਦਰ ਅੰਨ੍ਹੇਵਾਹ ਗਰਨੇਡ ਸੁੱਟਦੀ ਹੋਈ ਅਕਾਲ ਤਖ਼ਤ ਵਾਲੀ ਸਾਈਡ ਵੱਲ ਵਧਣ ਲੱਗੀ। ਪਰ ਐਲ.ਐਮ.ਜੀ ਸੈਕਸ਼ਨ ਦੇ ਲਾਂਸ ਨਾਇਕ ਮਨਰੂਪ ਸਿੰਘ ਸਮੇਤ ਇਸ ਪਲਟੂਨ ਦੇ ਸਾਰੇ ਜਵਾਨ ਚੌਥੇ ਕਮਰੇ ਤਕ ਪਹੁੰਚਦਿਆਂ ਹੀ ਜਾਨਾਂ ਤੋਂ ਹੱਥ ਧੋ ਬੈਠੇ। ਹਵਲਦਾਰ ਸਰਵਨ ਸਿੰਘ ਨੇ ਰੀਂਗ ਕੇ ਅਕਾਲ ਤਖਤ ਵੱਲ ਵਧਣ ਦੀ ਮਾਅਰਕੇਬਾਜ਼ ਕੋਸ਼ਿਸ਼ ਕੀਤੀ। ਪਰ ਉਹ ਕੁਝ ਹੀ ਗਜ਼ ਅੱਗੇ ਵਧ ਸਕਿਆ ਸੀ ਕਿ ਸਾਹਮਣਿਓਂ ਗੋਲੀਆਂ ਦੀ ਬੁਛਾੜ ਨਾਲ ਛਲਣੀ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ।

ਦਰਅਸਲ ਜਨਰਲ ਸੁਬੇਗ ਸਿੰਘ ਨੇ ਦੁਸ਼ਮਣ ਦੀ ਹਰ ਸੰਭਵ ਚਾਲ ਦਾ ਅਗਾਊਂ ਇੰਤਜ਼ਾਮ ਕਰ ਰੱਖਿਆ ਹੋਇਆ ਸੀ। ਉਸ ਨੇ ਕੁਝ ਲਾਈਟ ਮਸ਼ੀਨ ਗੰਨਾਂ ਇਸ ਹਿਸਾਬ ਨਾਲ ਬੀੜ ਰੱਖੀਆਂ ਸਨ। ਕਿ ਉਨ੍ਹਾਂ ਦੀਆਂ ਗੋਲੀਆਂ ਜ਼ਮੀਨ ਤੋਂ ਗਿੱਠ ਭਰ ਉੱਪਰ ਹਵਾ ਨੂੰ ਚੀਰਦੀਆਂ ਲੰਘ ਜਾਂਦੀਆਂ ਸਨ। ਇਸ ਤਰ੍ਹਾਂ ਜ਼ਮੀਨ ‘ਤੇ ਰੀਂਗ ਕੇ ਅਕਾਲ ਤਖਤ ਵੱਲ ਵਧਣ ਦੀ ਹਰ ਕੋਸ਼ਿਸ਼ ਪਛਾੜ ਦਿੱਤੀ ਗਈ। ਫੌਜੀ ਜਵਾਨ ਜਦ ਪ੍ਰਕਰਮਾ ਅੰਦਰ ਭੱਜ ਕੇ ਬਰਾਂਡਿਆਂ ਦੇ ਥਮਲ੍ਹਿਆਂ ਦੀ ਓਟ ਲੈਣ ਦੀ ਕੋਸ਼ਿਸ਼ ਕਰਦੇ ਤਾਂ ਗੋਲੀਆਂ ਦੀ ਬੁਛਾੜ ਨਾਲ ਉਨ੍ਹਾਂ ਦੇ ਗਿੱਟੇ ਚਕਨਾਚੂਰ ਹੋ ਜਾਂਦੇ। ਇਸ ਵਜ੍ਹਾ ਕਰਕੇ ਵੱਡੀ ਭਾਰੀ ਗਿਣਤੀ ਵਿੱਚ ਫੌਜੀ ਜਵਾਨ ਲੱਤਾਂ ਤੋਂ ਨਕਾਰਾ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਅੰਬਾਲਾ ਮਿਲਟਰੀ ਹਸਪਤਾਲ ਢੋਅ ਰਹੇ ਹੈਲੀਕਾਪਟਰਾਂ ਨੂੰ ਸਾਹ ਲੈਣਾ ਨਹੀਂ ਸੀ ਮਿਲ ਰਿਹਾ।

ਇਸ ਤਰ੍ਹਾਂ ਜਦ ਕਮਾਂਡੋਆਂ ਤੇ ਗਾਰਡਾਂ ਨੂੰ ਵਾਰ ਵਾਰ ਭਾਰੀ ਨੁਕਸਾਨ ਉਠਾ ਕੇ ਪਿੱਛੇ ਮੁੜਨਾ ਪੈਂਦਾ ਰਿਹਾ ਤਾਂ ਉਨ੍ਹਾਂ ਦੇ ਹੌਸਲੇ ਬੁਰੀ ਤਰ੍ਹਾਂ ਪਸਤ ਹੋ ਗਏ। ਅੰਦਰ ਗਿਆਂ ਦਾ ਹਸ਼ਰ ਦੇਖ ਕੇ ਬਾਹਰਲੇ ਅੰਦਰ ਵੱਲ ਨੱਕ ਨਹੀਂ ਸਨ ਕਰ ਰਹੇ। ਇੱਕ ਮੌਕੇ ਤਾਂ ਹਤਾਸ਼ਪੁਣੇ ਦਾ ਸ਼ਿਕਾਰ ਹੋਏ ਜਨਰਲ ਬਰਾੜ ਨੂੰ ਅੰਦਰ ਵੜਨ ਤੋਂ ਪੈਰ ਘਸੀਟ ਰਹੇ ਆਪਣੇ ‘ਜਾਂਬਾਜ਼’ ਕਮਾਂਡੋਆਂ ਉਤੇ ਅਤਿ ਦਰਜੇ ਦੀ ਨਿਰਾਸ਼ਤਾ ਤੇ ਖਿਝ ਵਿੱਚ ਇਸ ਤਰ੍ਹਾਂ ਚੀਕਦਿਆਂ ਸੁਣਿਆ ਗਿਆ: “ਹਰਾਮਜ਼ਾਦਿਓ! ਅੰਦਰ ਕਿਉਂ ਨਹੀਂ ਵੜਦੇ? ਜਨਰਲ ਬਰਾੜ ਘੰਟਾ ਘਰ ਵਾਲੇ ਪਾਸੇ ਛੱਤ ਉੱਪਰ ਕਾਬਜ਼ ਹੋਣਾ ਚਾਹੁੰਦਾ ਸੀ। ਪਰੰਤੂ ਸਿੰਘਾਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਪੌੜੀਆਂ ਉਤਰਦਿਆਂ ਹੀ ਅੰਦਰੋਂ ਏਨੀ ਜ਼ੋਰਦਾਰ ਗੋਲੀ ਵਰ੍ਹਦੀ ਸੀ ਕਿ ਪ੍ਰਕਰਮਾ ਅੰਦਰ ਕੁਝ ਕਦਮ ਵੀ ਅੱਗੇ ਵਧ ਸਕਣਾ ਮੁਹਾਲ ਹੋ ਗਿਆ ਸੀ। ਉਧਰ ਮਦਰਾਸੀਆਂ ਦੀ ਅਜੇ ਵੀ ਕੋਈ ਉਘ ਸੁਘ ਨਹੀਂ ਸੀ ਮਿਲ ਰਹੀ। ਉਹ ਗਲੀਆਂ ‘ਚ ਰੁਲ ਗਏ, ਜਾਂ ਮਾਰੇ ਗਏ, ਜਾਂ ਜਾਨ ਲੁਕੋ ਕੇ ਬੈਠ ਗਏ, ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਇਸ ਤਰ੍ਹਾਂ ਬੁਰੀ ਤਰ੍ਹਾਂ ਨਿਰਾਸ਼ ਤੇ ਹਤਾਸ਼ ਹੋਏ ‘ਬਰਾੜ’ ਨੇ ਜਨਰਲ ਸੁੰਦਰਜੀ ਕੋਲੋਂ ਫੌਰੀ 15 ਇਨਫੈਂਟਰੀ ਡਿਵੀਜਨ ਦੀ ਮੰਗ ਕੀਤੀ। ਬਰਾੜ ਨੂੰ 9 ਗੜ੍ਹਵਾਲ ਰਾਈਫਲਜ਼ ਦੀ ਕੁਮਕ ਮਿਲ ਗਈ। ਇਸ ਬਟਾਲੀਅਨ ਦੀਆਂ ਦੋ ਕੰਪਨੀਆਂ ਨੂੰ ਦੱਖਣੀ ਪਾਸੇ ਤੋਂ ਸ਼ਹੀਦਾਂਵਾਲੇ ਗੇਟ ਰਾਹੀਂ ਅੰਦਰ ਦਾਖ਼ਲ ਹੋਣ ਲਈ ਕਿਹਾ ਗਿਆ ਤਾਂ ਜੋ ਮੁਖ ਦੁਆਰ ਰਾਹੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਕਮਾਂਡੋਆਂ ਉਤੇ ਹੋ ਰਹੀ ਗੋਲੀਬਾਰੀ ਦਾ ਦਬਾਉ ਕੁਝ ਘਟਾਇਆ ਜਾ ਸਕੇ। ਗੜ੍ਹਵਾਲੀਆਂ ਦੀ ਅਗਵਾਈ ਲੈਫਟੀਨੈਂਟ ਕਰਨਲ ਤੇਜਿੰਦਰ ਸਿੰਘ ਹੱਥ ਸੀ। ਉਸ ਨੂੰ ਨਾਲ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਛੱਤ ਉੱਤੇ ਕਾਬਜ਼ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪਰ ਗੜ੍ਹਵਾਲੀਆਂ ਦਾ ਵੀ ‘ਗਾਰਡਜ਼’ ਤੇ ‘ਕਮਾਂਡੋਜ਼’ ਵਾਲਾ ਹੀ ਹਸ਼ਰ ਹੋਇਆ। ਉਹ ਜਿਉਂ ਹੀ ਪੌੜੀਆਂ ਉਤਰ ਕੇ ਖੱਬਾ ਮੋੜ ਕਟਦੇ ਤਾਂ ਅੱਗੋਂ ਗੋਲੀਆਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਜਾਂਦਾ ਅਤੇ ਕੁਝ ਹੀ ਪਲਾਂ ਵਿੱਚ ਉਨ੍ਹਾਂ ‘ਚੋਂ ਬਹੁਤ ਥਾਏਂ ਹੀ ਮਾਰੇ ਜਾਂਦੇ ਜਾਂ ਜ਼ਖ਼ਮੀ ਹੋ ਕੇ ਪਿਛੇ ਮੁੜ ਜਾਂਦੇ ਰਹੇ। ਹਰੀ ਸਿੰਘ ਨਾਂ ਦੇ ਇੱਕ ਸਿਰਲੱਥ ਸਿੱਖ ਰਾਈਫਲਮੈਨ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਬਰਾਂਡੇ ਅੰਦਰ ਹੁਸ਼ਿਆਰੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕਦਮਾਂ ਬਾਅਦ ਹੀ ਉਹ ਭਾਰੀ ਗੋਲੀਬਾਰੀ ਦੀ ਜ਼ਦ ਵਿੱਚ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ। ਦੱਖਣੀ ਪਾਸੇ ਦੀ ਕਾਰਵਾਈ ਦੀ ਕਮਾਨ ਕਰ ਰਹੇ ਬਿਰਗੇਡੀਅਰ ਏ.ਕੇ. ਦਿਵਾਨ ਨੇ ਆਪਣੇ ਜਵਾਨਾਂ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੋਇਆਂ ਜਨਰਲ ਬਰਾੜ ਫੌਰਨ ਹੋਰ ਕੁਮਕ ਭੇਜਣ ਦੀ ਅਪੀਲ ਕੀਤੀ। ਬਰਾੜ ਨੇ 15 ਕਮਾਉਂ ਦੀਆਂ ਦੋ ਕੰਪਨੀਆਂ ਬਿਰਗੇਡੀਅਰ ਦਿਵਾਨ ਦੀ ਸਹਾਇਤਾ ਲਈ ਭੇਜ ਦਿੱਤੀਆਂ। 15 ਕਮਾਉਂ ਦੀ ਏ ਕੰਪਨੀ ਨੇ ਮੇਜਰ ਬੀ.ਕੇ. ਮਿਸ਼ਰਾ ਦੀ ਅਗਵਾਈ ਹੇਠ ਅੱਗੇ ਵਧਣ ਦਾ ਯਤਨ ਕੀਤਾ ਤਾਂ ਉਸਦਾ ਭਾਰੀ ਗੋਲੀਬਾਰੀ ਨਾਲ ਸਵਾਗਤ ਹੋਇਆ। ਲਾਂਸ ਨਾਇਕ ਰਾਮਭੋਰ ਸਿੰਘ ਸਮੇਤ ਇਸ ਕੰਪਨੀ ਦੇ ਕਈ ਜਵਾਨ ਥਾਏਂ ਢੇਰੀ ਹੋ ਗਏ। ਬ੍ਰਿਗੇਡੀਅਰ ਦਿਵਾਨ ਨੂੰ ਇਹ ਗੱਲ ਭਾਂਪਣ ਵਿੱਚ ਬਹੁਤੀ ਦੇਰ ਨਹੀਂ ਲੱਗੀ ਕਿ ਕਾਗਜ਼ ਉਤੇ ਉਲੀਕੀ ਯੋਜਨਾ ਤੇ ਹਕੀਕਤ ਵਿੱਚ ਬਹੁਤ ਵੱਡਾ ਪਾੜਾ ਹੈ ਅਤੇ ਇਸ ਪਾੜੇ ਨੂੰ ਮੇਟਣ ਦੀ ਹਰ ਕੋਸ਼ਿਸ਼ ਤਬਾਹਕੁੰਨ ਸਾਬਤ ਹੋ ਰਹੀ ਸੀ। ਉਹ ਫਿਰ ਬੇਸਬਰੀ ਨਾਲ ਮਦਰਾਸੀਆਂ ਦੀ ਉਡੀਕ ਕਰਨ ਲੱਗਿਆ। ਪਰ ਮਦਰਾਸੀ ਕਿਤੇ ਪੰਜਾਂ ਘੰਟਿਆਂ ਬਾਅਦ ਸਵੇਰੇ ਤਿੰਨ ਵਜੇ ਜਾ ਕੇ ਪ੍ਰਗਟ ਹੋਏ ਅਤੇ ਉਹ ਵੀ ਬ੍ਰਿਗੇਡੀਅਰ ਦਿਵਾਨ ਲਈ ਰਾਹਤ ਦੀ ਥਾਂ ਉਲਟੀ ਆਫ਼ਤ ਬਣ ਕੇ ਬਹੁੜੇ। ਡਰ ਤੇ ਘਬਰਾਹਟ ਨਾਲ ਬੇਸੁੱਧ ਹੋਏ ਮਦਰਾਸੀਆਂ ਨੇ ਆਉਂਦਿਆਂ ਹੀ ਗੜ੍ਹਵਾਲੀਆਂ ਉੱਤੇ ਫਾਇਰਿੰਗ ਖੋਲ੍ਹ ਦਿੱਤੀ। ਜਦ ਨੂੰ ਬ੍ਰਿਗੇਡੀਅਰ ਦਿਵਾਨ ਨੇ ਇਸ ਮੁਸ਼ਕਲ ਉਤੇ ਕਾਬੂ ਪਾਇਆ ਤਾਂ ਉਦੋਂ ਤਕ ਉਸਦਾ ਭਾਰੀ ਨੁਕਸਾਨ ਹੋ ਚੁਕਾ ਸੀ।

ਉਧਰ ਗਾਰਡਜ਼ ਤੇ ਕਮਾਂਡੋਜ਼ ਦੀ ਪਾਣ ਲੱਥ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਸਪੈਸ਼ਲ ਫਰੰਟੀਅਰ ਫੋਰਸ ਦੇ ਕਮਾਂਡੋਆਂ ਨੂੰ ਅਜ਼ਮਾਇਆ। ਪਰ ਬਰਾੜ ਦੀ ਇਹ ਪੈਂਤੜਾ ਚਾਲ ਵੀ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਠੁੱਸ ਹੋ ਕੇ ਰਹਿ ਗਈ। ਸਿੰਘਾਂ ਦੇ ਹੌਂਸਲੇ ਪਸਤ ਕਰਨ ਲਈ ਅਕਾਲ ਤਖ਼ਤ ਉਤੇ ਸਟੱਨ ਗਰਨੇਡ ਸੁਟੇ ਗਏ। ਇਨ੍ਹਾਂ ਗਰਨੇਡਾਂ ਦੀ ਧਮਕ ਏਨੀ ਜ਼ੋਰਦਾਰ ਹੁੰਦੀ ਹੈ ਕਿ ਜ਼ਮੀਨ ਤੇ ਅਸਮਾਨ ਦੋਵੇਂ ਕੰਬਣ ਲੱਗ ਪੈਂਦੇ ਹਨ। ਪਰ ਅਕਾਲ ਤਖ਼ਤ ਦੀ ਰਾਖੀ ਲਈ ਡਟੇ ਸਿੰਘਾਂ ਨੇ ਇਨ੍ਹਾਂ ਧਮਾਕਿਆਂ ਨੂੰ ਦਿਵਾਲੀ ਦੇ ਪਟਾਕਿਆਂ ਤੋਂ ਵੱਧ ਨਹੀਂ ਜਾਣਿਆ। ਸਵੇਰੇ ਚਾਰ ਵੱਜ ਕੇ ਦਸ ਮਿੰਟ ‘ਤੇ ਇੱਕ ਬਖਤਰਬੰਦ ਗੱਡੀ (SKOT OT 64) ਨੂੰ ਪ੍ਰਕਰਮਾ ਅੰਦਰ ਉਤਾਰਿਆ ਗਿਆ। ਇਸ ਗੱਡੀ ਦਾ ਲਾਂਘਾ ਬਨਾਉਣ ਲਈ ਮੰਜੀ ਸਾਹਿਬ ਵਾਲੇ ਪਾਸੇ ਦੇ ਗੇਟ ਦੀਆਂ ਪੌੜੀਆਂ ਟੈਂਕ ਨਾਲ ਤੋੜੀਆਂ ਗਈਆਂ। ਇਹ ਗੱਡੀ ਅਜੇ ਪ੍ਰਕਰਮਾ ਦੇ ਅੱਧ ਵਿੱਚ ਹੀ ਪਹੁੰਚੀ ਸੀ ਜਦ ਅਕਾਲ ਤਖ਼ਤ ਅੰਦਰੋਂ ਆਏ ਟੈਂਕ ਤੋੜੂ ਰਾਕਟ ਨੇ ਇਸ ਨੂੰ ਥਾਏਂ ਨਕਾਰਾ ਕਰ ਦਿੱਤਾ ਅਤੇ ਇਸ ਦੇ ਡਰਾਈਵਰ ਸਮੇਤ ਇਸ ਵਿੱਚ ਸਵਾਰ ਕੈਪਟਨ ਹਰਦੇਵ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਬਖ਼ਤਰਬੰਦ ਗੱਡੀ ਨਸ਼ਟ ਹੋ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਕਾਹਲ ਤੇ ਘਬਰਾਹਟ ਵਿੱਚ ਜਨਰਲ ਸੁੰਦਰਜੀ ਕੋਲੋਂ ਟੈਂਕ ਲਿਜਾਣ ਦੀ ਆਗਿਆ ਮੰਗੀ। ਇਸ ਨੌਬਤ ਦੀ ਕਿਸੇ ਨੇ ਵੀ ਕਲਪਨਾ ਨਹੀਂ ਸੀ ਕੀਤੀ। ਨਾ ਜਨਰਲ ਬਰਾੜ ਨੇ, ਨਾ ਜਨਰਲ ਦਿਆਲ ਜਾਂ ਜਨਰਲ ਸੁੰਦਰਜੀ ਨੇ। ਅਚਾਨਕ ਪੈਦਾ ਹੋਈ ਨਵੀਂ ਸਥਿਤੀ ਨੇ ਸਾਰੀ ਫੌਜੀ ਲੀਡਰਸ਼ਿਪ ਨੂੰ ਸਸ਼ੋਪੰਜ ਤੇ ਘਬਰਾਹਟ ਵਿੱਚ ਪਾ ਦਿੱਤਾ। ਜਨਰਲ ਸੁੰਦਰ ਜੀ ਨੇ ਤੁਰੰਤ ਜਨਰਲ ਵੈਦਿਆ ਨਾਲ ਸੰਪਰਕ ਕੀਤਾ। ਜਨਰਲ ਵੈਦਿਆ ਨੇ ਆਪਣੀ ਪੱਧਰ ‘ਤੇ ਏਨਾ ਵੱਡਾ ਫੈਸਲਾ ਲੈਣ ਤੋਂ ਅਸਮਰੱਥਾ ਜ਼ਾਹਰ ਕਰਦੇ ਹੋਏ ਫੌਰਨ ਦਿੱਲੀ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਿਥੋਂ ਅਰੁਨ ਸਿੰਘ, ਅਰੁਨ ਨਹਿਰੂ ਤੇ ਪੀ.ਚਿੰਦਬਰਮ ਦੀ ਤਿਕੜੀ ਸਾਰੀ ਕਾਰਵਾਈ ਉੱਤੇ ਨੇੜਲੀ ਨਿਗ੍ਹਾ ਰੱਖ ਰਹੀ ਸੀ। ਦਿੱਲੀ ਕੰਟਰੋਲ ਰੂਮ ਨੇ ਫੌਰੀ ਇੰਦਰਾ ਗਾਂਧੀ ਕੋਲੋਂ ਇਜਾਜ਼ਤ ਲੈ ਕੇ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ। ਮਿੰਟਾਂ ਅੰਦਰ ਹੀ ਛੇ ਵਿਜੰਤਾ ਟੈਂਕ ਸਰਾਂ ਵਾਲੇ ਪਾਸੇ ਹਾਜ਼ਰ ਹੋ ਗਏ। ਪਹਿਲਾਂ ਇੱਕ ਟੈਂਕ ਜ਼ਮੀਨ ਅੰਦਰ ਖੁਭ ਗਿਆ। ਫਿਰ ਇੱਕ ਹੋਰ ਟੈਂਕ ਲਿਆਂਦਾ ਗਿਆ। ਤੇਜ ਲਿਸ਼ਕੋਰ ਨਾਲ ਸਿੰਘਾਂ ਦੀਆਂ ਅੱਖਾਂ ਨੂੰ ਨਕਾਰਾ ਕਰਨ ਲਈ ਟੈਂਕਾਂ ਦੀਆਂ ਤੇਜ਼ ਸਰਚਲਾਈਟਾਂ ਦਾ ਇਸਤੇਮਾਲ ਕੀਤਾ ਗਿਆ। ਅਕਾਲ ਤਖਤ ਉਤੇ ਅੱਥਰੂ ਗੈਸ ਦੇ ਬੇਥਾਹ ਗੋਲੇ ਸੁੱਟੇ ਗਏ। ਪਰ ਹਵਾ ਦਾ ਰੁਖ ਉਲਟਾ ਹੋਣ ਕਰਕੇ ਅੱਥਰੂ ਗੈਸ ਦਾ ਸਿੰਘਾਂ ਨਾਲੋਂ ਵੱਧ ਫੌਜੀਆਂ ਨੂੰ ਹੀ ਸੁਆਦ ਚੱਖਣਾ ਪੈ ਗਿਆ। ਫਿਰ ਇਸਰਾਰ ਖਾਨ ਦੀ ਅਗਵਾਈ ਹੇਠ ਕਮਾਂਡੋਆਂ ਨੇ ਅਕਾਲ ਤਖਤ ਉਤੇ ਜ਼ਹਿਰੀਲੀ ਸੀ.ਐੱਸ.ਗੈਸ ਦੇ ਕਨਿਸਟਰ ਸੁੱਟੇ। ਪਰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਵਰਤਿਆ ਗਿਆ ਰਸਾਇਣਿਕ ਜੰਗ ਦਾ ਇਹ ਹਥਿਆਰ ਵੀ ਬਹੁਤਾ ਕਾਰਗਰ ਸਾਬਤ ਨਾ ਹੋਇਆ। ਜ਼ਹਿਰੀਲੀ ਹੋਣ ਕਰਕੇ ਸੀ.ਐਸ.ਗੈਸ. ਦੀ ਜੰਗ ਅੰਦਰ ਵਰਤੋਂ ਕਾਨੂੰਨੀ ਤੌਰ ‘ਤੇ ਵਰਜਿਤ ਹੈ।

ਅਕਾਲ ਤਖ਼ਤ ਅੰਦਰੋਂ ਹੋ ਰਹੀ ਕਹਿਰਾਂ ਦੀ ਗੋਲੀਬਾਰੀ ਉਤੇ ਕਾਬੂ ਪਾਉਣ ਦੀ ਕੋਈ ਵੀ ਯੋਜਨਾ ਅਸਰਦਾਰ ਸਾਬਤ ਨਹੀਂ ਸੀ ਹੋ ਰਹੀ। ਅਖੀਰ ਵਿੱਚ ਟੈਂਕਾਂ ਨੇ ਪ੍ਰਕਰਮਾ ਅੰਦਰ ਅਗਾਂਹ ਵਧ ਕੇ ਅਕਾਲ ਤਖਤ ਅਤੇ ਦਰਸ਼ਨੀ ਡਿਉਢੀ ਉਤੇ ਪਹਿਲਾਂ ਅਜ਼ਮਾਇਸ਼ ਦੇ ਤੌਰ ‘ਤੇ ਛੋਟੀ ਤੋਪ (ਹੌਵਿਟਜ਼ਰ ਗੰਨ) ਦੇ ਗੋਲੇ ਦਾਗ਼ਣੇ ਸ਼ੁਰੂ ਕੀਤੇ। ਪਰ ਜਦ ਏਨੇ ਕੁਝ ਦੇ ਬਾਅਦ ਵੀ ਅਕਾਲ ਤਖਤ ਦੇ ਅੰਦਰੋਂ ਸਿੰਘਾਂ ਦੀਆਂ ਗੋਲੀਆਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਮੌਤ ਦਾ ਪ੍ਰਸ਼ਾਦ ਵਰਤਾਉਣਾ ਜਾਰੀ ਰੱਖਿਆ ਤਾਂ ਟੈਂਕ ਦੀ ਮੁਖ ਤੋਪ (105 ਐਮ.ਐਮ.) ‘ਚੋਂ ਅਤਿ ਸ਼ਕਤੀਸ਼ਾਲੀ ਗੋਲਿਆਂ (.ਥਛ.) ਦੀ ਅੱਗ ਵਰਨ੍ਹੀ ਸ਼ੁਰੂ ਹੋ ਗਈ। ਇਹ ਗੋਲੇ ਸਨ ਜਿਨ੍ਹਾਂ ਨੇ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਢਾਂਚਿਆਂ ਅੰਦਰ ਵੱਡੇ ਵੱਡੇ ਮਘੋਰੇ ਖੋਲ੍ਹ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ। ਇਸ ਦੇ ਬਾਵਯੂਦ ਅਕਾਲ ਤਖਤ ਅੰਦਰ ਡਟੇ ਸਿੰਘਾਂ ਵੱਲੋਂ ਭਾਰਤੀ ਫੌਜ ਦਾ ਜੋਰਦਾਰ ਮੁਕਾਬਲਾ ਜਾਰੀ ਰਿਹਾ। ਕਮਾਂਡੋਆਂ ਨੇ ਪ੍ਰਕਰਮਾ ਦੀਆਂ ਉੱਤਰੀ ਤੇ ਦੱਖਣੀ, ਦੋਨੋਂ ਵੱਖੀਆਂ ਤੋਂ ਅਕਾਲ ਤਖਤ ਸਾਹਿਬ ਵੱਲ ਵਧਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰੀ ਅਕਾਲ ਤਖਤ ਤੇ ਦਰਸ਼ਨੀ ਡਿਉਢੀ ਦੇ ਵਿਚਕਾਰਲਾ ਵਿਹੜਾ ਉਨ੍ਹਾਂ ਲਈ ਮੌਤ ਦਾ ਮੈਦਾਨ ਬਣਦਾ ਰਿਹਾ। ਬਾਅਦ ਵਿੱਚ ਜਨਰਲ ਬਰਾੜ ਨੇ ਇਹ ਗੱਲ ਖੁਦ ਮੰਨੀ ਕਿ ਇਹ ਵਿਹੜਾ ਉਨ੍ਹਾਂ ਲਈ “ਮੁਖ ਕਤਲਗਾਹ” (Main Killing Ground) ਸਾਬਤ ਹੋਇਆ। ਉਦੋਂ ਵੀ ਜਦ ਅਕਾਲ ਤਖਤ ਵਿੱਚ ਹੋਏ ਵੱਡੇ ਵੱਡੇ ਮਘੋਰਿਆਂ ਰਾਹੀਂ ਭਾਰਤੀ ਫੌਜ ਮਣਾਂਮੂੰਹੀ ਬਰੂਦ ਅੰਦਰ ਸੁੱਟ ਰਹੀ ਸੀ ਤੇ ਅਕਾਲ ਤਖਤ ਦੀਆਂ ਉਪਰਲੀਆਂ ਮੰਜ਼ਲਾਂ ਅੱਗ ਤੇ ਧੂੰਏ ਦੀ ਲਪੇਟ ਵਿੱਚ ਆਈਆਂ ਹੋਈਆਂ ਸਨ, ਅਕਾਲ ਤਖਤ ਦੀ ਪਹਿਲੀ ਮੰਜ਼ਲ ‘ਚੋਂ ਗੋਲੀਆਂ ਦੀ ਲਗਾਤਾਰ ਸ਼ੂਕਰ ਪੈਂਦੀ ਰਹੀ ਅਤੇ ਸਾਹਮਣੇ ਵਿਹੜੇ ਅੰਦਰ ਫੌਜੀ ਜਵਾਨਾਂ ਦੀਆਂ ਲਾਸ਼ਾਂ ਦੇ ਸੱਥਰ ਲਗਦੇ ਰਹੇ। 6 ਜੂਨ ਦੀ ਦੁਪਹਿਰ ਤੱਕ ਟੈਂਕਾਂ ਦੀਆਂ ਤੋਪਾਂ ਅਕਾਲ ਤਖਤ ਉੱਤੇ ਲਗਾਤਾਰ ਅੱਗ ਵਰ੍ਹਾਉਂਦੀਆਂ ਰਹੀਆਂ। ਪਰੰਤੂ ਘਾਇਲ ਹੋਏ ਅਕਾਲ ਤਖਤ ਅੰਦਰੋਂ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਯੋਧੇ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਦੀ ਲਾਜ ਰੱਖਦੇ ਹੋਏ ਪੂਰੀ ਸਿਦਕਦਿਲੀ ‘ਤੇ ਵੀਰਤਾ ਨਾਲ ਮੁਕਾਬਲੇ ‘ਤੇ ਡਟੇ ਰਹੇ। ਜਨਰਲ ਬਰਾੜ ਦੀ ਸੰਤ ਭਿੰਡਰਾਂਵਾਲੇ ਕੋਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਆਤਮ ਸਮਰਪਣ ਕਰਵਾ ਲੈਣ ਦੀ ਫੜ੍ਹ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਗਿਣਤੀ ਦੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਗੋਲਿਆਂ ਨੇ ਅਕਾਲ ਤਖਤ ਸਾਹਿਬ ਨੂੰ ਲਗਭਗ ਥੇਹ ਬਣਾ ਦਿੱਤਾ ਸੀ। ਬਹੁਤ ਸਿੰਘ ਦਰਬਾਰ ਸਾਹਿਬ ਦੀ ਅਜਮਤ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਚੁੱਕੇ ਸਨ। 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਅਕਾਲ ਤਖਤ ਸਾਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਸਪਸ਼ਟ ਸਨ, ਤੋਂ ਜਾਣੂੰ ਕਰਵਾਇਆ ਅਤੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਹਮਲੇ ਦੀ ਸੂਰਤ ਵਿੱਚ ਫੌਜ ਨੂੰ ਲੋਹੇ ਦੇ ਚਣੇ ਚਬਾਉਣ ਦੇ ਆਪਣੇ ਪ੍ਰਣ ਉਤੇ ਸੰਤੁਸ਼ਟੀ ਜਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿੱਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆਣ ਪਹੁਚੰਣ ਦਾ ਐਲਾਨ ਕੀਤਾ। ਕੁਝ ਸਿੰਘਾਂ ਨੇ ਸੰਤਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਯੋਗ ਅਗਵਾਈ ਦੇਣ ਲਈ ਦੁਸ਼ਮਣ ਦੇ ਘੇਰੇ ‘ਚੋਂ ਬਚ ਕੇ ਨਿਕਲ ਜਾਣ ਦੀ ਬੇਨਤੀ ਕੀਤੀ। ਘੇਰੇ ‘ਚੋਂ ਨਿਕਲ ਵੀ ਗਏ ਹਨ) ਪਰੰਤੂ ਸੰਤ ਜਰਨੈਲ ਸਿੰਘ ਨੇ ਸਿੰਘਾਂ ਦੀ ਇਸ ਬੇਨਤੀ ਨੂੰ ਪਿਆਰ ਪਰ ਦ੍ਰਿੜਤਾ ਨਾਲ ਠੁਕਰਾਅ ਦਿੱਤਾ ਅਤੇ ਗੁਰੂ ਦੇ ਚਰਨਾਂ ਵਿੱਚ ਸੀਸ ਵਾਰਨ ਦੀ ਆਪਣੀ ਅਡੋਲ ਇੱਛਾ ਨੂੰ ਉਨ੍ਹਾਂ ਦੇ ਅੰਤਮ ਫੈਸਲੇ ਵਜੋਂ ਪਰਵਾਨ ਕਰਨ ਲਈ ਕਿਹਾ। ਇਸ ਤੋਂ ਬਾਅਦ ਸਿੰਘਾਂ ਨੇ ਇਹੋ ਬੇਨਤੀ ਭਾਈ ਅਮਰੀਕ ਸਿੰਘ ਅੱਗੇ ਦੁਹਰਾਈ ਪਰ ਭਾਈ ਸਾਹਿਬ ਹੁਰਾਂ ਸੱਚਖੰਡ ਤੱਕ ਸੰਤਾਂ ਦਾ ਸਾਥ ਨਿਭਾਉਣ ਦੀ ਆਪਣੀ ਤੀਬਰ ਇੱਛਾ ਅਤੇ ਪ੍ਰਣ ਤੋਂ ਕਿਸੇ ਵੀ ਸੂਰਤ ਪਿਛਾਂਹ ਨਾ ਹਟਣ ਦਾ ਦ੍ਰਿੜ ਫੈਸਲਾ ਸੁਣਾਉਂਦਿਆਂ ਹੋਇਆ ਸ਼ਹੀਦੀ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ। ਸੰਤ ਜਰਨੈਲ ਸਿੰਘ ਅਤੇ ਅਕਾਲ ਤਖਤ ਦੇ ਭੋਰੇ ਅੰਦਰ ਦੋ ਦਰਜਨ ਦੇ ਕਰੀਬ ਧਰਮੀ ਯੋਧਿਆਂ ਦੇ ਹੱਥ ਅਰਦਾਸ ਲਈ ਜੁੜੇ। ਅਰਦਾਸ ਹੋਈ ਅਤੇ ਜੈਕਾਰਾ ਛੱਡਣ ਤੋਂ ਬਾਅਦ ਉਹੀ ਹੱਥ ਮੁੜ ਬੰਦੂਕਾਂ ਤੇ ਕਾਰਬਾਈਨਾਂ ਦੇ ਮੁੱਠਿਆਂ ਨੂੰ ਜਾ ਜੁੜੇ। ਅੱਗੇ ਸੰਤ ਤੇ ਪਿੱਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਤੇ ਦੁਸ਼ਮਣ ਨੂੰ ਲਲਕਾਰਦੇ ਸਾਹਮਣੇ ਵਿਹੜੇ ਵਿੱਚ ਨਿਕਲ ਆਏ। ਇਸ ਕੌਤਕ ਨੂੰ ਦੇਖਕੇ ਇੱਕ ਵਾਰ ਤਾਂ ਦੁਸ਼ਮਣ ਦੇ ਕਾਲਜੇ ਕੰਬ ਗਏ। ਕੁਝ ਹੀ ਪਲਾਂ ਬਾਅਦ ਚੁਫੇਰਿਓਂ ਗੋਲੀਆਂ ਤੇ ਗਰਨੇਡਾਂ ਦੀ ਜੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਸ਼ੇਰ ਦਿਲ ਸੂਰਮੇ ਜਰਨੈਲ ਸਿੰਘ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬਾਨ ਤੋਂ ਕੁਝ ਫੁੱਟ ਦੀ ਦੂਰੀ ਉੱਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਨੂੰ ਪਿਆਰੇ ਹੋ ਗਏ। ਸੁਬੇਗ ਸਿੰਘ ਦੀ ਮ੍ਰਿਤਕ ਦੇਹ ਅਕਾਲ ਤਖਤ ਸਾਹਿਬ ਦੈ ਭੋਰੇ ਚੋਂਬਰਾਮਦ ਹੋਈ ਦੱਸੀ ਗਈ। ਕੁਝ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਨਰਲ ਸੁਬੇਗ ਸਿੰਘ ਦੇ ਗੁੱਟਾਂ ਉਤੇ ਰੱਸੇ ਦੇ ਨਿਸ਼ਾਨ ਸਨ। ਸਮਝਿਆ ਜਾਂਦਾ ਹੈ ਕਿ ਫੌਜ ਦੇ ਵੱਡੇ ਭਾਰੀ ਜਾਨੀ ਨੁਕਸਾਨ ਸਦਕਾ ਕਰੋਧ ਵਿੱਚ ਆਏ ਬੁਜ਼ਦਿਲ ਜਰਨੈਲਾਂ ਨੇ ਆਪਣੀ ਵਿਹੁ ਲਾਹੁਣ ਲਈ ਸ਼ੇਰ-ਦਿਲ-ਜਰਨੈਲ ਸੁਬੇਗ ਸਿੰਘ ਨੂੰ ਸਖਤ ਜ਼ਖਮੀ ਹਾਲਤ ਵਿੱਚ ਰੱਸਿਆਂ ਨਾਲ ਬੰਨ੍ਹ ਕੇ ਘੜੀਸਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।

‘ਉਪਰੇਸ਼ਨ ਬਲਿਊ ਸਟਾਰ’ ਦਾ ਚਸ਼ਮਦੀਦ ਗਵਾਹ : ਜਗਦੀਸ਼ ਚੰਦਰ

 ਪ੍ਰੀਤਮ ਸਿੰਘ

ਦੇਸ਼ ਦੀ ਵੰਡ ਵਿੱਚ ਭੋਗੇ ਦੁਖਾਂਤ ਤੋਂ ਬਾਅਦ ਜੂਨ 1984 ਵਿੱਚ ਵਾਪਰੀ ‘ਉਪਰੇਸ਼ਨ ਬਲਿਊ ਸਟਾਰ’ ਦੀ ਘਟਨਾ ਪੰਜਾਬ ਲਈ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਹੈ, ਜਿਸ ਦਾ ਮਾੜਾ ਪ੍ਰਭਾਵ ਪੰਜਾਬ ਦੇ ਜਨ ਜੀਵਨ ‘ਤੇ ਸਦੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਪਰ ਇਸ ਮਹੱਤਵਪੂਰਨ ਘਟਨਾ ਦੇ ਅਸਲੀ ਹਾਲਾਤ ਤੋਂ ਜਨਤਾ ਨੂੰ ਜਾਣੂੰ ਕਰਵਾਉਣ ਦਾ ਕੋਈ ਸਾਰਥਕ ਯਤਨ ਨਹੀਂ ਹੋਇਆ। ਇਹ ਠੀਕ ਹੈ ਕਿ ਸਰਕਾਰ ਨੇ “ਵਾਈਟ ਪੇਪਰ” ਛਾਪ ਕੇ ਇਸ ਅਤਿ ਘਿਨਾਉਣੀ ਦੁਰਘਟਨਾ ‘ਤੇ ਪੋਚਾ ਫੇਰਨ ਦਾ ਯਤਨ ਕੀਤਾ ਹੈ ਪਰ ਉਸ ਵਿੱਚ ਵਰਨਣ ਕੀਤੇ ਹਾਲਾਤ ਦਾ ਜੇ ਜ਼ਰਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਬਿਰਤਾਂਤ ਦਾ ਸਾਰਾ ਖੋਖਲਾਪਣ ਉੱਘੜ ਆਉਂਦਾ ਹੈ। ਇਸ ਉਪਰੰਤ ‘ਉਪਰੇਸ਼ਨ ਬਲਿਊ ਸਟਾਰ’ ਬਾਰੇ ਕਈ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ ਪਰ ਇਨ੍ਹਾਂ ਵਿੱਚ ਦਰਜ ਸਮੱਗਰੀ ਉਹੀ ਹੈ ਜੋ ਸਰਕਾਰੀ ਖੁਫੀਆ ਏਜੰਸੀਆਂ ਨੇ ‘ਪਲਾਂਟ’ ਕੀਤੀ ਹੈ। ਇਨ੍ਹਾਂ ਸਾਰੇ ਲੇਖਕਾਂ ਨੇ ਆਪ ਕੋਈ ਖੋਜ ਨਹੀਂ ਕੀਤੀ। ਸਰਕਾਰ ਨੇ ਉਹੋ ਸੂਚਨਾ ਉਪਲਬਧ ਕੀਤੀ ਹੈ ਜਿਸ ਨਾਲ ਅਸਲ ਹਾਲਾਤ ਦੀ ਪਰਦਾਪੋਸ਼ੀ ਹੁੰਦੀ ਹੈ। ‘ਉਪਰੇਸ਼ਨ ਬਲਿਊ ਸਟਾਰ’ ਬਾਰੇ ਉਹੋ ਕੋਈ ਪਰਮਾਣਿਕ ਪੁਸਤਕ ਲਿਖ ਸਕਦਾ ਹੈ ਜਿਸ ਨੇ ਇਸ ਘਟਨਾ ਵਿੱਚ ਆਪ ਭਾਗ ਲਿਆ ਹੋਵੇ ਜਾਂ ਜਿਸ ਦੀ ਪਹੁੰਚ ਸਰਕਾਰੀ ਦਸਤਾਵੇਜਾਂ ਤਕ ਹੋਵੇ। ਪਰ ਮੰਦੇ ਭਾਗੀਂ ਅਜਿਹਾ ਕੁਝ ਨਹੀਂ ਹੋ ਰਿਹਾ। ਜਨਰਲ ਬਰਾੜ, ਜਿਸ ਨੇ ਇਸ ਉਪਰੇਸ਼ਨ ਦੀ ਕਮਾਨ ਕੀਤੀ ਸੀ, ਨੇ ਵੀ ਭਾਵੇਂ ਆਪਣੀ ਕਿਤਾਬ ਦਾ ਨਾਂ “ਸੱਚੀ ਕਹਾਣੀ” ਰੱਖਿਆ ਹੈ ਪਰ ਉਸ ਦੀ ਭੂਮਿਕਾ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਪੁਸਤਕ ਵਿੱਚ ਦਰਸਾਇਆ ਗਿਆ “ਸੱਚ” ਕੇਵਲ ਉਹ ਹੈ ਜਿਸ ‘ਤੇ ਸਰਕਾਰ ਨੇ ਪ੍ਰਵਾਨਗੀ ਦੀ ਮੋਹਰ ਲਾਈ ਹੈ।

ਸ੍ਰੀ ਜਗਦੀਸ਼ ਚੰਦਰ ਹਿੰਦੀ ਦੇ ਵਿਸ਼ਵ ਪ੍ਰਸਿੱਧੀ ਵਾਲੇ ਨਾਵਲਕਾਰ ਹਨ। ਉਨ੍ਹਾਂ ਨੇ ‘ਸ਼੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ’ ਦਾ ਕੁਝ ਭਾਗ ਅੱਖੀਂ ਦੇਖਿਆ ਸੀ। ਇਸ ਤੋਂ ਇਲਾਵਾ ਇਸ ਲੇਖਕ ਨੂੰ ਦੋ ਹੋਰ ਮਹੱਤਵਪੂਰਨ ਉੱਤਮਤਾਵਾਂ ਪ੍ਰਾਪਤ ਸਨ। ਪਹਿਲੀ ਇਹ ਕਿ ਉਹ ਇਸ ਹਮਲੇ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਆਮ ਜਾਂਦੇ ਸਨ ਅਤੇ ਉਨ੍ਹਾਂ ਨੂੰ ਇਸ ਹਮਲੇ ਤੋਂ ਪਹਿਲਾਂ ਦੇ ਦਰਬਾਰ ਸਾਹਿਬ ਦੇ ਵਾਤਾਵਰਣ ਦਾ ਪੂਰਾ ਪੂਰਾ ਗਿਆਨ ਸੀ। ਸੰਤ ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਚੰਗਾ ਮੇਲ-ਜੋਲ ਸੀ। ਦੋਹਾਂ ਦਾ ਸਮਕਾਲੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਚਲਦਾ ਰਹਿੰਦਾ ਸੀ। ਦੂਸਰੇ ਇੱਕ ਯੋਗ ਲੇਖਕ ਹੋਣ ਦੇ ਨਾਤੇ ਉਨ੍ਹਾਂ ਨੂੰ ਸਾਰੇ ਹਾਲਾਤ ਨੂੰ ਬਿਆਨ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ। ਅੱਜ ਤਕ ‘ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ’ ਸੰਬੰਧੀ ਜੋ ਵੀ ਚਰਚਾ ਛਪੀ ਹੈ। ਉਸ ’ਤੇ ਇੱਕ ਜਾਂ ਦੂਸਰੀ ਧਿਰ ਦੀ ਤਰਫਦਾਰੀ ਦਾ ਇਲਜ਼ਾਮ ਲਗਦਾ ਰਿਹਾ ਹੈ। ਪਰ ਜਗਦੀਸ਼ ਚੰਦਰ ਦਾ ‘ਉਪਰੇਸ਼ਨ ਬਲਿਊ ਸਟਾਰ’ ਅਜਿਹੇ ਸਭ ਦੋਸ਼ਾਂ ਤੋਂ ਮੁਕਤ ਹੈ। ਇੱਕ ਹਿੰਦੂ ਹੋਣ ਦੇ ਨਾਤੇ ਉਨ੍ਹਾਂ ’ਤੇ ਇਹ ਇਲਜ਼ਾਮ ਕਿਸੇ ਤਰ੍ਹਾਂ ਢੁੱਕ ਨਹੀਂ ਸਕਦਾ। ਇਸ ਗੱਲ ਵੱਲ ਮੈਂ ਵਿਸ਼ੇਸ਼ ਤੌਰ ‘ਤੇ ਕਿਉਂ ਸੰਕੇਤ ਕਰ ਰਿਹਾ ਹਾਂ, ਇਸ ਦਾ ਭੇਤ ਅੱਗੇ ਚੱਲ ਕੇ ਖੁੱਲ੍ਹੇਗਾ।

‘ਉਪਰੇਸ਼ਨ ਬਲਿਊ ਸਟਾਰ’ ਸਮੇਂ ਜਗਦੀਸ਼ ਜਲੰਧਰ ਦੂਰਦਰਸ਼ਨ ਵਿੱਚ ਸਮਾਚਾਰ ਸੰਪਾਦਕ ਵਜੋਂ ਨਿਯੁਕਤ ਸੀ। ਉਪਰੇਸ਼ਨ ਤੋਂ ਪਹਿਲਾਂ ਜਗਦੀਸ਼ ਅਤੇ ਉਸ ਦੇ ਯੂਨਿਟ ਨੂੰ ਚੰਡੀਗੜ੍ਹ ਬੁਲਾਇਆ ਗਿਆ। ਉਸ ਨੇ ਮੈਨੂੰ ਚੰਡੀਗੜ੍ਹ ਵਿੱਚ ਆਪਣੇ ਹੋਣ ਬਾਰੇ ਟੈਲੀਫੋਨ ‘ਤੇ ਸੂਚਿਤ ਕੀਤਾ ਪਰ ਮੁਲਾਕਾਤ ਨਾ ਹੋ ਸਕੀ। ਉਪਰੇਸ਼ਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਉਪਰੇਸ਼ਨ ਦੇ ਦਿਨਾਂ ਵਿੱਚ ਅੰਮ੍ਰਿਤਸਰ ਸੀ। ਮੈਂ ਉਪਰੇਸ਼ਨ ਕਾਰਨ ਕਾਫੀ ਝੰਜੋੜਿਆ ਗਿਆ ਸਾਂ। ਇਸ ਲਈ ਮੈਂ ਵਿਹਲ ਕੱਢ ਕੇ ਉਸ ਨੂੰ ਮਿਲਣ ਉਚੇਚਾ ਜਲੰਧਰ ਗਿਆ। ਮੈਂ ਤਾਂ ਪਰੇਸ਼ਾਨ ਸਾਂ ਹੀ ਉਹ ਮੇਰੇ ਤੋਂ ਵੱਧ ਬੌਂਦਲਿਆ ਹੋਇਆ ਸੀ। ਉਸ ਨੂੰ ਸਾਰੇ ਚਸ਼ਮਦੀਦ ਵਾਕਿਆਤ ਸੁਣਾਉਣ ਲਈ ਬੇਨਤੀ ਕੀਤੀ। ਪਰ ਉਸ ਦੀ ਗੱਲਬਾਤ ਵਿੱਚ ਕੋਈ ਤੁਕ ਨਹੀਂ ਸੀ ਬੱਝ ਰਹੀ। ਉਹ ਕਦੇ ਇੱਕ ਗੱਲ ਸੁਣਾਉਂਦਾ, ਫੇਰ ਉਸ ਨੂੰ ਵਿੱਚੇ ਛੱਡ ਕੇ ਦੂਜੀ ਛੋਹ ਬਹਿੰਦਾ। ਕੋਈ ਤਾਲਮੇਲ ਨਾ ਬੱਝਦਾ। ਮੈਂ ਕਿਹਾ, “ਜਗਦੀਸ਼ ਛੱਡ ਇਸ ਤਰ੍ਹਾਂ ਕੋਈ ਖਾਸ ਮਜ਼ਾ ਨਹੀਂ ਆ ਰਿਹਾ। ਤੂੰ ਇਸ ਸਾਕੇ ਬਾਰੇ ਇੱਕ ਰਿਪੋਰਟ ਲਿਖ। ਉਸ ਨੇ ਜਜ਼ਬਾਤੀ ਹੋ ਕੇ ਉਤਰ ਦਿੱਤਾ, ਮੈਂ ਜੋ ਕੁੱਝ ਦੇਖਿਆ ਹੈ ਉਹ ਏਨਾ ਭਿਆਨਕ ਏ ਕਿ ਸ਼ਾਇਦ ਮੈਂ ਕਦੇ ਲਿਖ ਨਾ ਸਕਾਂ। ਜਗਦੀਸ਼ ਦੀ ਧਰਮ ਪਤਨੀ ਨੇ ਕਿਹਾ, “ਜੀ ਜੋ ਵੀ ਹੋਇਆ ਹੈ ਬੜਾ ਮਾੜਾ ਹੋਇਆ। ਇਸ ਦੇ ਨਤੀਜੇ ਬੜੇ ਭਿਆਨਕ ਨਿਕਲਣਗੇ। ਮੇਰਾ ਤਾਂ ਇਹ ਸਭ ਕੁਝ ਸੋਚ ਕੇ ਦਿਲ ਕੰਬ ਜਾਂਦਾ ਹੈ।” ਮੈਂ ਕਿਹਾ, “ਗੱਲ ਤਾਂ ਤੁਹਾਡੀ ਠੀਕ ਹੈ ਪਰ ਸਰਕਾਰ ਦੇ ਨਾਲ-ਨਾਲ ਕਸੂਰ ਭਿੰਡਰਾਂਵਾਲੇ ਦਾ ਵੀ ਸੀ।” ਉਸ ਨੇ ਗੁੱਸਾ ਖਾ ਕੇ ਪਰਤ ਕੇ ਕਿਹਾ, “ਤੁਸੀਂ ਮੈਨੂੰ ਇਹ ਦੱਸੋ ਕਿ ਦਰਬਾਰ ਸਾਹਿਬ ਭਿੰਡਰਾਂਵਾਲੇ ਦੀ ਆਪਣੀ ਜਾਇਦਾਦ ਸੀ? ਉਸ ਨੂੰ ਸਜ਼ਾ ਦੇਣ ਲਈ ਦਰਬਾਰ ਸਾਹਿਬ ਨੂੰ ਢਾਹ ਦਿੱਤਾ। ਇਹ ਅਸਥਾਨ ਤਾਂ ਸਾਰਿਆਂ ਲਈ ਸਾਂਝਾ ਸੀ। ਕੀ ਸਿੱਖ ਤੇ ਕੀ ਹਿੰਦੂ। ਸਾਰੇ ਇਸ ਨੂੰ ਮੰਨਦੇ ਹਨ। ਬੜਾ ਅਨਰਥ ਹੋਇਆ।”

ਮੈਂ ਚੁਪ ਕਰ ਗਿਆ। ਜਗਦੀਸ਼ ਨੇ ਕਿਹਾ, “ਬਹੁਤਾ ਨੁਕਸਾਨ ਤਾਂ ਅਕਾਲ ਤਖਤ ਸਾਹਿਬ ਦਾ ਹੋਇਆ ਹੈ। ਅਸੀਂ ਸਰਕਟ ਹਾਊਸ ਵਿੱਚ ਸੀ ਜਦੋਂ ਗੋਲਾਬਾਰੀ ਸ਼ੁਰੂ ਹੋਈ। ਬਹੁਤ ਭਿਆਨਕ ਸਮਾਂ ਸੀ। ਗਰਮੀ ਅੰਤਾਂ ਦੀ ਸੀ। ਪਰ ਕੋਈ ਬਿਜਲੀ ਨਹੀਂ ਸੀ। ਇਸ ਲਈ ਸੌਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਰੇ ਜਣੇ ਜਾਗ ਰਹੇ ਸਾਂ ਅਤੇ ਹਰ ਗੋਲਾ ਫਟਣ ‘ਤੇ ਅਨੁਮਾਨ ਲਗਾ ਰਹੇ ਸਾਂ ਕਿ ਕੀ ਹੋਇਆ ਹੋਵੇਗਾ। ਅਚਾਨਕ ਗੋਲਾ ਫਟਣ ਬਾਅਦ ਇੱਕ ਭਿਆਨਕ ਆਵਾਜ਼ ਆਈ। ਜਿਵੇਂ ਪਾਣੀ ਵਿੱਚ ਕੋਈ ਬਹੁਤ ਭਾਰੀ ਚੀਜ਼ ਡਿੱਗੀ ਹੋਵੇ। ਅਸੀਂ ਸਾਰੇ ਕੰਬ ਗਏ ਕਿ ਗੋਲਾ ਦਰਬਾਰ ਸਾਹਿਬ ਉਤੇ ਡਿੱਗਾ ਹੈ ਅਤੇ ਦਰਬਾਰ ਸਾਹਿਬ ਢਹਿ ਕੇ ਸਰੋਵਰ ਵਿੱਚ ਡਿੱਗ ਪਿਆ ਹੈ। ਇਸ ਤੋਂ ਬਾਅਦ ਤਾਂ ਫੇਰ ਚੈਨ ਪੈਣ ਦਾ ਸਵਾਲ ਪੈਦਾ ਨਹੀਂ ਸੀ ਹੁੰਦਾ। ਸਵੇਰੇ ਉਠ ਕੇ ਪਤਾ ਲੱਗਾ ਕਿ ਪਾਣੀ ਦੀ ਟੈਂਕੀ ਢੱਠੀ ਹੈ ਤਾਂ ਜਾਨ ਵਿੱਚ ਜਾਨ ਆਈ।”

ਮੈਂ ਪੁਛਿਆ, “ਕੀ ਇਹ ਠੀਕ ਹੈ ਕਿ ਜਦੋਂ ਗਿਆਨੀ ਜੈਲ ਸਿੰਘ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਖਾੜਕੂ ਅਜੇ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸਨ ਅਤੇ ਉਨ੍ਹਾਂ ਨੇ ਗਿਆਨੀ ਜੀ ‘ਤੇ ਗੋਲੀ ਚਲਾ ਦਿੱਤੀ ਸੀ।” ਜਗਦੀਸ਼ ਨੇ ਉਤਰ ਦਿੱਤਾ, “ਇਹ ਬਿਲਕੁਲ ਨਿਰਮੂਲ ਹੈ।” ਮੈਂ ਕਿਹਾ, “ਪਰ ਟੈਲੀਵਿਜ਼ਨ ‘ਤੇ ਜੋ ਦ੍ਰਿਸ਼ ਦਿਖਾਇਆ ਗਿਆ ਸੀ, ਉਸ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਫ ਸੁਣਾਈ ਦਿੰਦੀ ਸੀ।” ਜਗਦੀਸ਼ ਨੇ ਕਿਹਾ; “ਹਾਂ, ਇਹ ਠੀਕ ਹੈ, ਮੈਂ ਵੀ ਉਹ ਰੀਕਾਰਡਿੰਗ ਦੇਖੀ ਹੈ, ਉਸ ਵਿੱਚ ਉਵੇਂ ਹੀ ਹੈ। ਪਰ ਹੈ ਇਹ ਨਿਰਾ ਕੂੜ। ਸਰਕਾਰ ਨੇ ਵੀਡੀਓ ਰੀਕਾਰਡਿੰਗ ਲਈ ਮੈਲਵੈਲ ਡੀ ਮੈਲੋ ਨੂੰ ਤਾਇਨਾਤ ਕੀਤਾ ਸੀ। ਇਹ ਵਿਅਕਤੀ ਡਰਾਮੇਬਾਜ਼ੀ ਲਈ ਮਸ਼ਹੂਰ ਸੀ। 1965 ਦੀ ਭਾਰਤ- ਪਾਕਿ ਜੰਗ ਵਿੱਚ ਅੰਬਾਲੇ ਵਿੱਚ ਢੱਠੇ ਹੋਏ ਗਿਰਜਾ ਘਰ ਨੂੰ ਉਸ ਨੇ ਦਿਖਾ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ ਕਿ ਪਾਕਿਸਤਾਨੀ ਬੰਬਾਰਾਂ ਨੇ ਗਿਰਜਾ ਘਰ ਵੀ ਨਹੀਂ ਬਖਸ਼ੇ। ਇਸੇ ਤਰ੍ਹਾਂ ਉਸ ਵੀਡੀਓ ਰੀਕਾਰਡਿੰਗ ਵੇਲੇ ਗੋਲੀ ਕਿਤੇ ਦੂਰ ਚਲਵਾਈ ਗਈ ਸੀ ਤਾਂ ਜੋ ਪ੍ਰਭਾਵ ਦਿੱਤਾ ਜਾ ਸਕੇ ਕਿ ਖਾੜਕੂ ਕਿੰਨੇ ਬੇਕਿਰਕ ਹਨ। ਜੇਕਰ ਸੱਚੀਂਮੁੱਚੀ ਹੀ ਗੋਲੀ ਦਾ ਨਿਸ਼ਾਨਾ ਗਿਆਨੀ ਜੀ ਨੂੰ ਬਣਾਇਆ ਗਿਆ ਹੁੰਦਾ ਤਾਂ ਫੌਜੀ ਅਫਸਰਾਂ ਨੇ ਤੁਰੰਤ ਗਿਆਨੀ ਜੀ ਨੂੰ ਕਵਰ ਲੈਣ ਲਈ ਕਹਿਣਾ ਸੀ ਪਰ ਤੁਸੀਂ ਵੇਖਿਆ ਹੋਵੇਗਾ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਸਭ ਅਡੋਲ ਰਹਿੰਦੇ ਹਨ।” ਮੈਂ ਪੁੱਛਿਆ, “ਕੀ ਇਹ ਠੀਕ ਹੈ ਕਿ ਗਿਆਨੀ ਜੀ ਬੂਟ ਪਾ ਕੇ ਪ੍ਰਕਰਮਾ ਵਿੱਚ ਗਏ?” ਉਸ ਨੇ ਉੱਤਰ ਦਿੱਤਾ, “ਇਹ ਬਿਲਕੁਲ ਸਹੀ ਹੈ। ਪਰ ਹੋਰ ਉਹ ਕਰਦੇ ਵੀ ਕੀ? ਸਾਰੀ ਪ੍ਰਕਰਮਾ ਵਿੱਚ ਲਾਸ਼ਾਂ ਦੇ ਅੰਬਾਰ ਲੱਗੇ ਹੋਏ ਸਨ। ਪ੍ਰਕਰਮਾ ਵਿੱਚ ਖੂਨ ਹੀ ਖੂਨ ਸੀ। ਬੂਟਾਂ ਤੋਂ ਬਿਨਾਂ ਤਾਂ ਪ੍ਰਕਰਮਾ ਵਿੱਚ ਫਿਰਨਾ ਹੀ ਮੁਸ਼ਕਿਲ ਸੀ।” ਫੇਰ ਉਹ ਆਪਣੀ ਪਤਲੂਨ ਚੁੱਕ ਲਿਆਇਆ ਜਿਸ ਦੇ ਪਹੁੰਚੇ ਖੂਨ ਨਾਲ ਲੱਥ-ਪੱਥ ਸਨ। ਉਸ ਨੇ ਕਿਹਾ, “ਬੜਾ ਭਿਆਨਕ ਦ੍ਰਿਸ਼ ਸੀ ਜਿਸ ਨੂੰ ਲਫਜ਼ਾਂ ਵਿੱਚ ਬਿਆਨ ਕਰਨਾ ਮੇਰੇ ਲਈ ਮੁਸ਼ਕਿਲ ਹੈ।”

ਮੈਂ ਫੇਰ ਸਵਾਲ ਕੀਤਾ, “ਕੀ ਇਹ ਸਹੀ ਹੈ ਕਿ ਫੌਜੀ ਫਰਬਾਰ ਸਾਹਿਬ ਵਿੱਚ ਸਿਗਰਟਾਂ ਪੀਂਦੇ ਰਹੇ, ਸ਼ਰਾਬ ਅਤੇ ਬੀਅਰ ਡਕਾਰਦੇ ਰਹੇ?” ਉਸ ਨੇ ਉੱਤਰ ਦਿੱਤਾ, “ਹਾਂ ਇਹ ਬਿਲਕੁਲ ਸਹੀ ਹੈ। ਜਦੋਂ ਮੈਂ ਪ੍ਰਕਰਮਾ ਵਿੱਚ ਗਿਆ ਤਾਂ ਉੱਥੇ ਥਾਂ ਥਾਂ ਉੱਤੇ ਬੋਰਡ ਲੱਗੇ ਹੋਏ ਸਨ, “ਇੱਥੇ ਸਿਗਰਟ ਅਤੇ ਸ਼ਰਾਬ ਪੀਣਾ ਮਨ੍ਹਾਂ ਹੈ।” ਜੇਕਰ ਅਜਿਹਾ ਨਾ ਹੋ ਰਿਹਾ ਹੁੰਦਾ ਤਾਂ ਇਹ ਬੋਰਡ ਲਾਉਣ ਦੀ ਕਿਹੜੀ ਲੋੜ ਸੀ?” ਮੈਂ ਸਵਾਲ ਕੀਤਾ, “ਕੀ ਕਈ ਲੋਕ ਨੰਗੇ ਸਿਰ ਦਰਬਾਰ ਸਾਹਿਬ ਵਿੱਚ ਘੁੰਮਦੇ ਰਹੇ?” ਉਸ ਨੇ ਹੱਸ ਕੇ ਕਿਹਾ, “ਏਨੀਆਂ ਵੱਡੀਆਂ ਗੱਲਾਂ ਤੋਂ ਬਾਅਦ ਇਸ ਸਵਾਲ ਦੀ ਕੀ ਵੁੱਕਤ ਹੈ”? ਮੈਂ ਕਿਹਾ, “ਐਵੇਂ ਮੈਨੂੰ ਫੁਰਨਾ ਫੁਰ ਗਿਆ ਕਿ ਕੀ ਇਸ ਨਿਗੂਣੀ ਜਿਹੀ ਮਰਯਾਦਾ ਨੂੰ ਕਾਇਮ ਰੱਖਣ ਵੱਲ ਵੀ ਕਿਸੇ ਨੇ ਕੋਈ ਧਿਆਨ ਨਾ ਦਿੱਤਾ?” ਜਗਦੀਸ਼ ਨੇ ਉੱਤਰ ਦਿੱਤਾ, “ਜੇ ਤੁਸੀਂ ਵੀਡੀਓ ਰੀਕਾਡਿੰਗ ਨੂੰ ਧਿਆਨ ਨਾਲ ਦੇਖਿਆ ਹੋਵੇ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਮੈਲਵਿਲ ਡੀਮੈਲੋ ਪ੍ਰਕਰਮਾ ਵਿੱਚ ਖੜ੍ਹਾ ਕੁਮੈਂਟਰੀ ਦੇ ਰਿਹਾ ਹੈ ਅਤੇ ਉਸ ਦਾ ਸਿਰ ਨੰਗਾ ਹੈ। ਇਹ ਗੱਲ ਮੈਂ ਜਨਰਲ ਬਰਾੜ ਦੇ ਨੋਟਿਸ ਵਿੱਚ ਉਸ ਵੇਲੇ ਲਿਆ ਦਿੱਤੀ ਸੀ।” ਮੈਂ ਪੁੱਛਿਆ, “ਕੀ ਤੁਹਾਡੇ ਯੂਨਿਟ ਨੇ ਕੋਈ ਰੀਕਾਰਡਿੰਗ ਨਹੀਂ ਸੀ ਕੀਤੀ? ਉਸ ਨੇ ਉੱਤਰ ਦਿੱਤਾ, “ਅਸੀਂ ਵੀ ਕੀਤੀ ਸੀ ਪਰ ਉਸ ਨੂੰ ਸਰਕਾਰ ਨੇ ਜ਼ਬਤ ਕਰ ਲਿਆ ਸੀ ਅਤੇ ਅੱਜ ਤਕ ਵਾਪਸ ਨਹੀਂ ਕੀਤਾ ਜੇਕਰ ਮੇਰੇ ਪਾਸ ਹੁੰਦੀ ਤਾਂ ਮੈਂ ਤੁਹਾਨੂੰ ਜੋ ਘੱਲੂਘਾਰਾ ਵਾਪਰਿਆ ਹੈ, ਉਸ ਦੀ ਇੱਕ ਝਲਕ ਦਿਖਾਉਂਦਾ।” ਇਹ ਸਭ ਕੁਝ ਸੁਣ ਕੇ ਮੈਂ ਕੁਝ ਦੇਰ ਲਈ ਸਕਤੇ ਵਿੱਚ ਆ ਗਿਆ। ਫੇਰ ਮੈਂ ਕਿਹਾ, “ਜਗਦੀਸ਼, ਇਹ ਸਭ ਨੂੰ ਲਿਖਦਾ ਕਿਉਂ ਨਹੀਂ?” ਉਸ ਨੇ ਕਿਹਾ, ਅਜੇ ਵਕਤ ਨਹੀਂ ਆਇਆ। ਅਸੀਂ ਦੁਰਘਟਨਾ ਦੇ ਏਨੇ ਨੇੜੇ ਹਾਂ ਕਿ ਸਭ ਕੁਝ ਨਿਰਪੱਖਤਾ ਨਾਲ ਲਿਖਣਾ ਸੰਭਵ ਨਹੀਂ। ਅਜੇ ਮੇਰਾ ਆਪਣਾ ਦਿਲ ਹੀ ਰਾਸ ਨਹੀਂ ਤਾਂ ਮੈਂ ਲਿਖਾਂ ਕੀ?”

ਪਰ ਮੈਂ ਗੱਲ ਨੂੰ ਆਈ-ਗਈ ਨਾ ਹੋਣ ਦਿੱਤਾ। ਜਦੋਂ ਵੀ ਜਗਦੀਸ਼ ਮੈਨੂੰ ਮਿਲਦਾ ਮੈਂ ਉਸ ਨੂੰ ਲਿਖਣ ਲਈ ਪ੍ਰੇਰਨ ਲੱਗ ਜਾਂਦਾ। ਇੱਕ ਸਾਲ ਹੋਇਆ ਜਗਦੀਸ਼ ਨੇ ਇਹ ਖੁਸ਼ਖਬਰੀ ਦਿੱਤੀ ਕਿ ਉਸ ਨੇ ਇਸ ਘੱਲੂਘਾਰੇ ਦਾ ਹਾਲ ਲਿਖਣ ਦਾ ਮਨ ਬਣਾ ਲਿਆ ਹੈ। ਮੈਂ ਉਸ ਨੂੰ ਫੇਰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਨ ਲੱਗਾ। ਉਸ ਨੇ ਕਿਹਾ, “ਦੇਖੋ ਮੇਰਾ ਹਿੰਦੀ ਵਿੱਚ ਨਾਂ ਬਣ ਚੁੱਕਾ ਹੈ। ਹਿੰਦੀ ਵਿੱਚ ਪ੍ਰਕਾਸ਼ਕ ਲੱਭਣ ਦੀ ਕੋਈ ਸਮੱਸਿਆ ਨਹੀਂ। ਪ੍ਰਕਾਸ਼ਕ ਮੇਰੇ ਪਿੱਛੇ ਪਿੱਛੇ ਭੱਜੇ ਫਿਰਦੇ ਹਨ। ਰਾਇਲਟੀ ਵੀ ਦਿੰਦੇ ਹਨ। ਫੇਰ ਦੱਸੋ ਮੈਂ ਪੰਜਾਬੀ ਵਿੱਚ ਕਿਉਂ ਲਿਖਾਂ?” ਮੈਂ ਉੱਤਰ ਦਿੱਤਾ, “ਇਸ ਕਰਕੇ ਕਿਉਂਕਿ ਇਹ ਹਮਲਾ ਪੰਜਾਬੀ ਲੋਕਾਂ ਨਾਲ ਸੰਬੰਧ ਰੱਖਦਾ ਹੈ, ਹਿੰਦੀ ਜਗਤ ਨੂੰ ਇਸ ਵਿੱਚ ਕੀ ਦਿਲਚਸਪੀ ਹੋ ਸਕਦੀ ਹੈ?” ਉਸ ਦਾ ਉਤਰ ਸੀ, “ਇਸ ਘੱਲੂਘਾਰੇ ਵਿੱਚ ਹਿੰਦੀ ਜਗਤ ਨੂੰ ਤਾਂ ਇੱਕ ਪਾਸੇ ਛੱਡੋ, ਸਾਰੇ ਵਿਸ਼ਵ ਨੂੰ ਦਿਲਚਸਪੀ ਹੈ।” ਮੈਂ ਇਹ ਸੁਣ ਕੇ ਚੁੱਪ ਹੋ ਗਿਆ। ਜਗਦੀਸ਼ ਨੇ ਸਾਰਾ ਮਸੌਦਾ ਹਿੰਦੀ ਵਿੱਚ ਕਲਮਬੰਦ ਕਰ ਲਿਆ। ਇੱਕ ਪ੍ਰਕਾਸ਼ਕ ਨੂੰ ਜੋ ਬੜਾ ਮਗਰ ਪਿਆ ਹੋਇਆ ਸੀ, ਭੇਜ ਦਿੱਤਾ। ਖਰੜਾ ਉਸ ਕੋਲ ਕਾਫੀ ਸਮਾਂ ਪਿਆ ਰਿਹਾ ਪਰ ਪ੍ਰਕਾਸ਼ਿਤ ਨਾ ਹੋਇਆ। ਫੇਰ ਉਸ ਨੇ ਦੂਜੇ ਨੂੰ ਭੇਜਿਆ ਪਰ ਨਤੀਜਾ ਪਹਿਲੇ ਵਾਲਾ ਹੀ ਸੀ। ਫੇਰ ਇੱਕ ਹੋਰ ਨੂੰ ਭੇਜਿਆ ਪਰ ਛਪਿਆ ਫੇਰ ਵੀ ਨਾ। ਉਸ ਨੇ ਦੱਸਿਆ ਕਿ ਪ੍ਰਕਾਸ਼ਕ ਦਾ ਸਲਾਹਕਾਰ ਮੰਡਲ ਅਜੇ ਇਸ ‘ਤੇ ਵਿਚਾਰ ਕਰ ਰਿਹਾ ਹੈ। ਮੈਂ ਕਿਹਾ, “ਚਲ ਹਿੰਦੀ ਵਿੱਚ ਛਪਦਾ ਰਹੇਗਾ ਆਪਾਂ ਪਹਿਲਾਂ ਇਸ ਨੂੰ ਪੰਜਾਬੀ ਵਿੱਚ ਛਪਵਾਉਂਦੇ ਹਾਂ।” ਉਸ ਨੇ ਹਾਮੀ ਭਰ ਲਈ।

ਥੋੜ੍ਹੇ ਦਿਨ ਹੋਏ ਜਗਦੀਸ਼ ਮੈਨੂੰ ਮਿਲਣ ਆਇਆ। ਮੈਂ ਉਸ ਨੂੰ ਪੁੱਛਿਆ, “ਖਰੜੇ ਦਾ ਕੀ ਬਣਿਆ? ਕਿਤਾਬ ਕਦੋਂ ਛਪ ਰਹੀ ਹੈ?” ਉਸ ਨੇ ਭੈੜਾ ਜਿਹਾ ਮੂੰਹ ਬਣਾ ਕੇ ਉਤਰ ਦਿੱਤਾ, “ਸ਼ਾਇਦ ਹਿੰਦੀ ਵਿੱਚ ਇਹ ਪੁਸਤਕ ਕਦੇ ਵੀ ਨਹੀਂ ਛਪੇਗੀ।” ਮੈਂ ਹੈਰਾਨ ਹੋ ਕੇ ਪੁੱਛਿਆ, “ਕਿਉਂ? ਹਿੰਦੀ ਦੇ ਪ੍ਰਕਾਸ਼ਕ ਤਾਂ ਤੇਰੇ ਹਾੜ੍ਹੇ ਕੱਢਦੇ ਫਿਰਦੇ ਹਨ।” ਉਸ ਨੇ ਕਿਹਾ, “ਹਾਂ ਠੀਕ ਹੈ ਪਰ ਇਸ ਪੁਸਤਕ ਨੂੰ ਹਿੰਦੀ ਵਿੱਚ ਪ੍ਰਕਾਸ਼ਤ ਕਰਨ ਵਾਲਾ ਕੋਈ ਨਹੀਂ। ਸਭ ਕਹਿੰਦੇ ਹਨ ਕਿ ਇਸ ਵਿੱਚ ਜੋ ਘਟਨਾਵਾਂ ਦਾ ਵਰਨਣ ਹੈ। ਉਹ ਹਿੰਦੀ ਜਗਤ ਨੂੰ ਨਹੀਂ ਪੋਂਹਦਾ ਹੈ।” ਮੈਂ ਕਿਹਾ, “ਪਰ ਤੂੰ ਤਾਂ ਅਜਿਹਾ ਕੁਝ ਨਹੀਂ ਲਿਖਿਆ ਬੱਸ ਘਟਨਾਵਾਂ ਦਾ ਬਿਆਨ ਹੈ। ਉਸ ਨੇ ਜਵਾਬ ਦਿੱਤਾ, “ਉਹ ਕਹਿੰਦੇ ਹਨ ਕਿ ਇੱਕ ਹਿੰਦੂ ਲੇਖਕ ਪਾਸੋਂ ਇਹ ਉਮੀਦ ਨਹੀਂ ਸੀ ਕਿ ਉਹ ਭਿੰਡਰਾਂਵਾਲੇ ਸਬੰਧੀ ਇਵੇਂ ਲਿਖਦਾ।” ਮੈਂ ਕਿਹਾ, “ਪਰ ਤੂੰ ਭਿੰਡਰਾਂਵਾਲੇ ਦੀ ਤਾਂ ਕੋਈ ਤਾਰੀਫ ਨਹੀਂ ਕੀਤੀ।” ਉਸ ਦਾ ਉਤਰ ਸੀ, “ਉਹ ਏਨਾ ਵੀ ਨਹੀਂ ਸਹਾਰ ਸਕਦੇ।” ਮੈਂ ਕਿਹਾ, “ਪਰ ਤੇਰਾ ਇੱਕ ਪ੍ਰਕਾਸ਼ਕ ਤਾਂ ਕਾਮਰੇਡ ਹੈ। ਉਹ ਤਾਂ ਤੁੱਅਸਬ ਤੋਂ ਮੁਕਤ ਹੋਵੇਗਾ।” ਉਸ ਦਾ ਉਤਰ ਸੁਣ ਕੇ ਮੈਂ ਨਿਰਵਾਕ ਰਹਿ ਗਿਆ। ਉਸ ਨੇ ਕਿਹਾ, ਉਸ ਨੇ ਵੀ ਹਾਮੀ ਨਹੀਂ ਭਰੀ। ਉਸ ਨੇ ਕਿਹਾ, “ਮੇਰੇ ਅੰਦਰ ਬੈਠਾ ਹਿੰਦੂ ਅਜਿਹੀ ਲਿਖਤ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ।”

“ਮਾਸ ਦੇ ਚੀਥੜੇ ਉੱਡੇ ਕੇ ਸਰਾਵਾਂ ਦੀਆਂ ਦੀਵਾਰਾਂ ਨਾਲ ਲੱਗੇ ਹੋਏ ਸਨ”

ਸੁਖਵੰਤ ਸਿੰਘ ਜਲਾਲਾਬਾਦ

4 ਜੂਨ ਅੰਮ੍ਰਿਤ ਵੇਲੇ ਜਦੋਂ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਦੀਆਂ ਮਧੁਰ-ਧੁਨਾਂ ਸੁਣਾਈ ਦੇ ਰਹੀਆਂ ਸਨ, ਅਚਾਨਕ 4 ਵੱਜ ਕੇ 15 ਮਿੰਟ ‘ਤੇ ਇੱਕ ਭਾਰੀ ਧਮਾਕਾ ਹੋਇਆ। ਇਸ ਤਰ੍ਹਾਂ ਲੱਗਾ ਜਿਵੇਂ ਇਹ ਧਮਾਕਾ ਸਾਡੇ ਕੋਲ ਹੀ ਹੋਇਆ ਹੈ। ਇਹ ਸਿਗਨਲ ਸੀ ਬੰਬਾਰੀ ਸ਼ੁਰੂ ਕਰਨ ਦਾ ਜੋ ਕਿ ਭਾਰਤ ਦੀ ਫੌਜ ਨੇ ਸਿੱਖਾਂ ਦੇ ਸ਼੍ਰੋਮਣੀ ਧਾਰਮਕ ਅਸਥਾਨ ‘ਤੇ ਪੂਰੀ ਸਕੀਮ ਦੇ ਨਾਲ ਅਟੈਕ ਕਰ ਦਿੱਤਾ। ਇੱਕਦਮ ਗੋਲਿਆਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਅਸੀਂ ਸਾਰੇ ਸਿੰਘ ਇਕਦਮ ਚੌਕੰਨੇ ਹੋ ਗਏ, ਅਸੀਂ ਤਕਰੀਬਨ 20 ਸਿੰਘ ਸਿੰਧੀ ਹੋਟਲ ‘ਤੇ ਜੋ ਕਿ ਲੰਗਰ ਦੇ ਲਾਗੇ ਸੀ, ‘ਤੇ ਮੋਰਚਾ ਮੱਲੀ ਬੈਠੇ ਸਾਂ। ਦਿਨ ਚੜ੍ਹਦੇ ਤੀਕ ਸਾਰੇ ਹੀ ਮੋਰਚੇ ਜੋ ਉੱਚੀ ਥਾਂ ਬਣਾਏ ਸਨ, ਤੋਪਾਂ ਦੇ ਗੋਲਿਆਂ ਨਾਲ ਨਸ਼ਟ ਕਰ ਦਿੱਤੇ ਸਨ। ਅਸੀਂ ਜੋ ਹੋਟਲ ਦੇ ਉੱਪਰ ਬੋਰੀਆਂ ਲਾ ਕੇ ਮੋਰਚੇ ਬਣਾਏ ਸਨ ਉਹ ਵੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਸਨ। ਇਥੇ ਇਹ ਗੱਲ ਵਰਨਣਯੋਗ ਹੈ ਕਿ ਜੋ ਮੋਰਚਾਬੰਦੀ 3 ਤਾਰੀਖ ਤੋਂ ਪਹਿਲਾਂ ਕੀਤੀ ਸੀ ਤੇ ਜਿਸ ਬਾਰੇ ਫੌਜ ਨੂੰ ਪਤਾ ਸੀ ਫੌਜ ਨੇ ਪਹਿਲੇ ਹੱਲੇ ਹੀ ਨਸ਼ਟ ਕਰ ਦਿੱਤੀ। ਸਿਰਫ ਉਹ ਹੀ ਮੋਰਚਾਬੰਦੀ ਕਾਇਮ ਰਹੀ ਜੋ 3 ਤਾਰੀਖ ਤੋਂ ਬਾਅਦ ਇੱਕਦਮ ਬਣਾਈ ਗਈ ਜਿਸ ਬਾਰੇ ਫੌਜ ਨੂੰ ਪਤਾ ਨਹੀਂ ਸੀ। ਜਰਨਲ ਸੁਬੇਗ ਸਿੰਘ ਨੇ ਜਿਹੜੇ ਮੋਰਚੇ 3 ਜੂਨ ਸਾਰੀ ਰਾਤ ਮਿਹਨਤ ਕਰਕੇ ਬਣਾਏ ਉਨ੍ਹਾਂ ਨੇ ਹੀ ਭਾਰਤੀ ਫੌਜ ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਅਸੀਂ ਥੱਲੇ ਮੰਜ਼ਿਲ ਵਲ ਆ ਕੇ ਅੰਦਰ ਕਮਰਿਆਂ ਵਿਚ ਨਵੇਂ ਮੋਰਚੇ ਬਣਾਏ ਅਤੇ ਉਨ੍ਹਾਂ ਵਿਚ ਸ਼ਸਤਰ ਲੈ ਕੇ ਮੋਰਚੇ ਸੰਭਾਲ ਲਏ ਪਰ ਗੋਲੀ ਇਤਨੀ ਆ ਰਹੀ ਸੀ ਕਿ ਸਾਥੋਂ ਗੋਲੀ ਨਹੀਂ ਸੀ ਚੱਲ ਰਹੀ। ਅਖੀਰ ਸਾਡਾ ਸੰਪਰਕ ਲੰਗਰ ‘ਤੇ ਹੋਇਆ। ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਸਾਰੀ ਕਮਾਨ ਕਰ ਰਹੇ ਸਨ। ਇਥੇ ਸਿੰਧੀ ਹੋਟਲ ‘ਤੇ ਹੀ ਸਾਨੂੰ ਇਨ੍ਹਾਂ ਮੁਖੀ ਸਿੰਘਾਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਸਿੰਧੀ ਹੋਟਲ ਛੱਡ ਕੇ ਲੰਗਰ ‘ਤੇ ਆ ਜਾਓ। ਸਿੰਧੀ ਹੋਟਲ ‘ਤੇ ਕਿਸੇ ਵੇਲੇ ਵੀ ਘੇਰਾ ਪੈ ਸਕਦਾ ਸੀ। ਅਸੀਂ ਤਕਰੀਬਨ 11 ਵਜੇ ਸਿੰਧੀ ਹੋਟਲ ਛੱਡ ਕੇ ਲੰਗਰ ‘ਤੇ ਆ ਗਏ। ਲੰਗਰ ‘ਤੇ ਇਕੱਠੇ ਹੋ ਕੇ ਸਾਰੇ ਸਿੰਘਾਂ ਨੇ ਵਿਚਾਰ ਕੀਤੀ ਅਤੇ ਸਾਰੇ ਸਿੰਘਾਂ ਨੂੰ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕਰ ਦਿੱਤਾ। ਮੈਨੂੰ ਨਾਲ ਦੇ ਸਿੰਘਾਂ ਸਮੇਤ ਉੱਚੇ ਬੁਰਜ ‘ਤੇ ਡਿਊਟੀ ਦਿੱਤੀ ਗਈ ਪਰ ਜਦੋਂ ਅਸੀ ਸਾਰੇ ਉੱਚੇ ਬੁਰਜ ’ਤੇ ਗਏ ਤਾਂ ਉਥੇ ਗੋਲਿਆਂ ਦਾ ਮੀਂਹ ਵਰ੍ਹ ਰਿਹਾ ਸੀ। ਬੁਰਜ ਸਾਰਾ ਹਿੱਲ ਰਿਹਾ ਸੀ, ਇਸ ਤਰ੍ਹਾਂ ਲਗ ਰਿਹਾ ਸੀ ਕਿ ਕਿਸੇ ਵੇਲੇ ਵੀ ਇਹ ਡਿੱਗ ਸਕਦਾ ਹੈ। ਉਸ ਦੇ ਅੰਦਰ ਮਿੱਟੀ-ਘੱਟੇ ਨਾਲ ਦਮ ਘੁੱਟ ਰਿਹਾ ਸੀ। ਇੱਥੇ ਵੀ ਮੋਰਚਾ ਕਾਮਯਾਬ ਨਹੀਂ ਹੋਇਆ ਅਖੀਰ ਅਸੀਂ ਲੰਗਰ ‘ਤੇ ਵਾਪਸ ਆ ਗਏ। ਗੋਲੀ ਇਤਨੀ ਚੱਲ ਰਹੀ ਸੀ ਕਿ ਕਿਸੇ ਵੀ ਪਾਸੋਂ ਮੋਰਚੇ ਵਿੱਚੋਂ ਬਾਹਰ ਨਹੀਂ ਸੀ ਆ ਸਕਦੇ। ਪਰ ਸਾਡੇ ਵੱਲੋਂ ਗੋਲੀ ਉਦੋਂ ਹੀ ਚਲਾਈ ਜਾਂਦੀ ਜਦੋਂ ਕੋਈ ਫੌਜੀ ਨਜ਼ਰ ਪੈਂਦਾ। ਸਾਡੇ ਸਾਰੇ ਸਿੰਘਾਂ ਦਾ ਆਪਸੀ ਸੰਪਰਕ ਸੀ। ਇਕ ਦੂਸਰੇ ਮੋਰਚੇ ਵਿੱਚ ਅਸੀਂ ਚਲੇ ਜਾਂਦੇ ਸਾਂ।

ਜੇ ਕਿਸੇ ਕੋਲ ਗੋਲੀ ਸਿੱਕੇ ਦੀ ਕਮੀ ਹੁੰਦੀ ਤਾਂ ਦੇ ਲੈ ਸਕਦੇ ਸੀ। ਪੂਰੀ ਰਾਤ ਗਹਿਗੱਚ ਲੜਾਈ ਹੁੰਦੀ ਰਹੀ ਪਰ ਫੌਜ ਦੀ ਹਿੰਮਤ ਨਹੀਂ ਪਈ ਕਿ ਉਹ ਪੈਦਲ ਅੱਗੇ ਵਧ ਸਕੇ। ਅੱਧੀ ਰਾਤ ਵੇਲੇ ਚਾਰ ਹੈਲੀਕਾਪਟਰ ਦਰਬਾਰ ਸਾਹਿਬ ਉੱਪਰ ਮੰਡਰਾ ਰਹੇ ਸਨ। ਉਨ੍ਹਾਂ ਰਾਹੀਂ ਕਮਾਂਡੋ ਉਤਾਰਨ ਦਾ ਯਤਨ ਕੀਤਾ ਪਰ ਸਿੰਘਾਂ ਨੇ ਥੱਲਿਓਂ ਫਾਇਰਿੰਗ ਕਰਕੇ ਉਨ੍ਹਾਂ ਦੀ ਯੋਜਨਾ ਸਿਰੇ ਨਹੀਂ ਚੜ੍ਹਨ ਦਿੱਤੀ। ਲੰਗਰ ਦੇ ਉੱਪਰ ਵੀ ਇਕ ਹੈਲੀਕਾਪਟਰ ਕਾਫੀ ਚਿਰ ਰੁਕਿਆ ਰਿਹਾ। ਭਾਈ ਅਮਰੀਕ ਸਿੰਘ ਨੇ ਖੁਦ ਐਲ.ਐਮ.ਜੀ. ਲੈ ਕੇ ਇਸ ਉੱਤੇ ਫਾਇਰਿੰਗ ਕੀਤੀ ਅਤੇ ਇਹ ਵੀ ਕਮਾਂਡੋ ਨਹੀਂ ਉਤਾਰ ਸਕੇ। ਅਗਲੇ ਦਿਨ 5 ਤਰੀਕ ਨੂੰ ਲੰਗਰ ‘ਤੇ ਯੋਜਨਾਬੰਦ ਤਰੀਕੇ ਨਾਲ ਫਾਇਰਿੰਗ ਹੋਣ ਲੱਗ ਪਈ। ਸਾਡੀ ਉਪਰਲੀ ਮੰਜ਼ਿਲ ਵਾਲੇ ਮੋਰਚੇ ਫੌਜ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਸਨ। ਕਈ ਸਿੰਘ ਸ਼ਹੀਦ ਹੋ ਗਏ ਸਨ ਤੇ ਕਈ ਫੱਟੜ ਹੋਏ ਪਏ ਸਨ। ਪਰ ਇਥੇ ਇਨ੍ਹਾਂ ਦੀ ਕੋਈ ਮੱਲ੍ਹਮ ਪੱਟੀ ਕਰਨ ਵਾਲਾ ਨਹੀਂ ਸੀ। ਪਰ ਗੁਰੂ ਸਾਹਿਬ ਦੀ ਇਤਨੀ ਕ੍ਰਿਪਾ ਸੀ ਕਿ ਗੋਲੀਆਂ ਨਾਲ ਫੱਟੜ ਹੋਣ ਵਾਲੇ ਸਿੰਘ ਵੀ ਲੜਨ ਵਾਲਿਆਂ ਨੂੰ ਹੌਂਸਲਾ ਦੇ ਰਹੇ ਸਨ ਕਿ ਤਕੜੇ ਹੋ ਕੇ ਲੜੋ। ਸਿੰਘਾਂ ਦੀਆਂ ਲਾਸ਼ਾਂ ਮੋਰਚਿਆਂ ਵਿਚ ਪਈਆਂ ਸਨ ਪਰ ਉੱਥੇ ਸਾਡਾ ਮਨ ਵੀ ਸ਼ਾਇਦ ਪੱਥਰ ਦਾ ਹੋ ਗਿਆ ਸੀ। ਮਨ ਵਿੱਚ ਇਹੋ ਸੀ ਕਿ ਜਿਤਨਾ ਚਿਰ ਸਵਾਸ ਹਨ ਅਸੀਂ ਲੜਨਾ ਹੈ । 5 ਤਰੀਕ ਸ਼ਾਮ ਨੂੰ ਭਾਈ ਅਮਰੀਕ ਸਿੰਘ ਹੁਰਾਂ ਨੇ ਅਕਾਲ ਤਖ਼ਤ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਵੀ ਭਾਈ ਸਾਹਿਬ ਨਾਲ ਜਾਣ ਦੀ ਤਿਆਰੀ ਕੀਤੀ ਕਿਉਂਕਿ ਉਥੋਂ ਹੋਰ ਗੋਲੀ-ਸਿੱਕਾ ਲਿਆਉਣ ਦਾ ਪ੍ਰੋਗਰਾਮ ਸੀ। ਅਸੀਂ ਭਾਈ ਸਾਹਿਬ ਨਾਲ ਪ੍ਰਕਰਮਾਂ ਵਿੱਚ ਦੀ ਹੁੰਦੇ ਹੋਏ ਗੋਲੀਆਂ ਦੀ ਬੁਛਾੜ ਤੋਂ ਬੱਚਕੇ ਅਕਾਲ ਤਖ਼ਤ ਸਾਹਿਬ ਪਹੁੰਚੇ। ਅੱਗੋਂ ਸਾਨੂੰ ਸੰਤ ਮਹਾਂਪੁਰਸ਼ ਖੜ੍ਹੇ ਮਿਲੇ ਅਸੀਂ ਫਤਹਿ ਬੁਲਾਈ ਸੰਤਾਂ ਨੇ ਭਾਈ ਅਮਰੀਕ ਸਿੰਘ ਹੁਰਾਂ ਤੋਂ ਲੰਗਰ ਵਾਲੇ ਪਾਸੇ ਦਾ ਹਾਲ ਪੁੱਛਿਆ, ਸਾਨੂੰ ਵੀ ਪੁੱਛਿਆ ਕਿ ‘ਚੜ੍ਹਦੀ ਕਲਾ ਵਿੱਚ ਹੋ’। ਅਸੀਂ ਵੀ ਕਿਹਾ ਕਿ ਅਸੀਂ ਸਾਰੇ ਹੀ ਚੜ੍ਹਦੀ ਕਲਾ ਵਿੱਚ ਹਾ।’ ਸੰਤਾਂ ਦੇ ਸਿਰ ‘ਤੇ ਪੀਲੀ ਕੇਸੀ ਸੀ ਅਤੇ ਹੱਥ ਵਿੱਚ ਥਾਮਸਨ ਗੰਨ ਸੀ ਅਤੇ ਉਹ ਪੂਰੀ ਚੜ੍ਹਦੀ ਕਲਾ ਵਿੱਚ ਸਨ। ਅਸੀਂ ਦੱਸਿਆਂ ਕਿ ਅਸੀਂ ਗੋਲੀ-ਸਿੱਕਾ ਲੈਣ ਵਾਸਤੇ ਆਏ ਹਾਂ ਉਨ੍ਹਾਂ ਨੇ ਭਾਈ ਰਛਪਾਲ ਸਿੰਘ ਨੂੰ ਕਿਹਾ ਕਿ ਇਨ੍ਹਾਂ ਨੂੰ ਸਾਰਾ ਸਾਮਾਨ ਦਿੱਤਾ ਜਾਵੇ ਸਾਨੂੰ ਰਛਪਾਲ ਸਿੰਘ ਥੱਲੇ ਭੋਰੇ ਵਿੱਚ ਲੈ ਗਏ ਅਤੇ ਗੋਲੀ-ਸਿੱਕਾ ਜਿੰਨਾ ਵੀ ਸਾਥੋਂ ਚੁੱਕਿਆ ਗਿਆ ਲੈ ਕੇ ਵਾਪਸ ਲੰਗਰ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਸਾਡਾ ਸੰਪਰਕ ਅਕਾਲ ਤਖ਼ਤ ਸਾਹਿਬ ਤੋਂ ਬਿਲਕੁਲ ਕੱਟਿਆ ਗਿਆ।

ਹਨੇਰਾ ਹੁੰਦਿਆਂ ਹੀ ਫੌਜ ਨੇ ਤਿੰਨਾਂ ਪਾਸਿਆਂ ਤੋਂ (ਘੰਟਾ ਘਰ ਵਾਲੀ ਡਿਉੜੀ, ਬਾਬਾ ਦੀਪ ਸਿੰਘ ਵਾਲੀ ਡਿਉੜੀ ਤੇ ਲੰਗਰ ਵਾਲੀ ਸਾਈਡ) 400 ਟ੍ਰੇਡ ਕਮਾਂਡੋ ਜਿਨ੍ਹਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਸੀ ਅੰਦਰ ਦਾਖਲ ਕੀਤੇ। ਲੰਗਰ ਵਾਲੀ ਸਾਈਡ ਤੋਂ ਅਸੀਂ ਇਕ ਵੀ ਕਮਾਂਡੋ ਅੰਦਰ ਨਹੀਂ ਵੜਨ ਦਿੱਤਾ। ਦੂਸਰੇ ਪਾਸਿਓਂ ਵੀ ਜਿਤਨੇ ਵੀ ਕਮਾਂਡੋ ਅੰਦਰ ਆਏ ਉਨ੍ਹਾਂ ਵਿਚੋਂ ਇੱਕ ਵੀ ਬਚ ਕੇ ਵਾਪਸ ਨਹੀਂ ਗਿਆ। ਜਦੋਂ ਫੌਜ ਨੇ ਵੇਖ ਲਿਆ ਕਿ ਪੈਦਲ ਅਸੀਂ ਅੱਗੇ ਨਹੀਂ ਵਧ ਸਕਦੇ ਤਾਂ ਰਾਤ 11 ਵਜੇ ਟੈਂਕ ਅਤੇ ਬਖਤਰਬੰਦ ਗੱਡੀਆਂ ਸਰਾਂ ਵਾਲੇ ਪਾਸਿਓਂ ਅੰਦਰ ਵਾੜੇ। ਇਹ ਲੰਗਰ ‘ਤੇ ਗੋਲਿਆਂ ਅਤੇ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਸਨ।

ਅਸੀਂ ਲੋੜ ਅਨੁਸਾਰ ਗੋਲੀ-ਸਿੱਕਾ ਸਾਰੇ ਸਿੰਘਾਂ ਨੂੰ ਵੰਡ ਦਿੱਤਾ। ਸ਼ਾਮ ਵੇਲੇ ਅਸੀਂ ਤਕਰੀਬਨ ਲੰਗਰ ‘ਤੇ 60-70 ਸਿੰਘ ਸਾਂ। ਚਾਰ ਚੁਫੇਰਿਉਂ ਅੰਧਾਧੁੰਦ ਗੋਲੀ ਚੱਲ ਰਹੀ ਸੀ। ਅਸੀਂ ਬਿਲਕੁਲ ਥੱਲੜੀ ਮੰਜ਼ਿਲ ਵਿਚ ਮੋਰਚੇ ਸੰਭਾਲ ਲਏ। ਆਖਰ ਅਸੀਂ ਲੰਗਰ ਦੀ ਪਿਛਲੀ ਸਾਈਡ ਤੋਂ ਬਾਬਾ ਥਾਰਾ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਮੇਜਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਸਵਰਨ ਸਿੰਘ, ਭਾਈ ਦਲਬੀਰ ਸਿੰਘ ਆਦਿ ਸਿੰਘਾਂ ਨੇ ਮਿਲ ਕੇ ਵਿਚਾਰ ਕੀਤਾ ਕਿ ਹੁਣ ਸਾਨੂੰ ਲੰਗਰ ਵਾਲੀ ਜਗ੍ਹਾ ਛੱਡ ਕੇ ਅਕਾਲ ਤਖ਼ਤ ਸਾਹਿਬ ਜਾਣਾ ਚਾਹੀਦਾ ਹੈ। ਇੱਥੇ ਭਾਈ ਸਵਰਨ ਸਿੰਘ ਨੇ ਅਰਦਾਸ ਵੀ ਕੀਤੀ ਕਿ “ਗੁਰੂ ਸਾਹਿਬ ਜੀਓ! ਸਾਨੂੰ ਬਲ ਬਖਸ਼ੋ ਅਸੀਂ ਇਨ੍ਹਾਂ ਦੁਸ਼ਮਣਾਂ ਨਾਲ ਲੋਹਾ ਲੈ ਸਕੀਏ।” ਰਾਤ ਨੂੰ 1 ਵਜੇ ਅਸੀਂ ਬ੍ਰਹਮਬੂਟਾ ਅਖਾੜੇ ਵਿੱਚ ਦੀ ਪਰਕਰਮਾ ਵੱਲ ਵਧੇ ਤਾਂ ਅੱਗੋਂ ਗੋਲੀਆਂ ਦਾ ਮੀਂਹ ਵਰ੍ਹ ਰਿਹਾ ਸੀ। ਭਾਈ ਸਵਰਨ ਸਿੰਘ ਤੇ ਭਾਈ ਦਲਬੀਰ ਸਿੰਘ ਨਾਲ ਵਾਲੇ ਕਮਰੇ ਨੂੰ ਹੋ ਗਏ। ਇਥੇ ਵੀ ਕਾਫੀ ਸਿੰਘ ਸਨ ਸਾਡੇ ਜਿਨ੍ਹਾਂ ਵਿਚ ਜ਼ਿਆਦਾ ਕਾਰ ਸੇਵਾ ਵਾਲੇ ਸਨ। ਇਥੇ ਇਹ ਵਰਣਨਯੋਗ ਹੈ ਕਿ ਇਹ ਕਾਰ ਸੇਵਾ ਵਾਲੇ ਕੋਈ 35 ਸਿੰਘ ਅਰਦਾਸ ਕਰਕੇ ਤੁਸੇ ਸੀ ਕਿ ਦਰਬਾਰ ਸਾਹਿਬ ਹਮਲੇ ਦੀ ਸੂਰਤ ਵਿੱਚ ਇਹ ਸ਼ਹੀਦ ਹੋਣਗੇ। ਇਨ੍ਹਾਂ ਵਿਚੋਂ ਸਿਰਫ 4 ਸਿੰਘ ਬਚੇ ਜੋ ਸਾਡੇ ਨਾਲ ਬਾਅਦ ਵਿੱਚ ਜੋਧਪੁਰ ਵਿੱਚ ਰਹੇ। ਬਾਕੀ ਸਭ ਸੂਰਮਗਤੀ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਇਨ੍ਹਾਂ ਦੇ ਮੁਖੀ ਜਥੇਦਾਰ ਬਾਬਾ ਪਹਿਲਵਾਨ ਜਿਨ੍ਹਾਂ ਦਾ ਨਾਂ ਮੈਂ ਭੁੱਲ ਗਿਆ ਹਾਂ ਸਭ ਤੋਂ ਵੱਧ ਦਲੇਰਾਨਾ ਤਰੀਕੇ ਨਾਲ ਲੜੇ। ਸਾਥੋਂ ਭਾਈ ਮੇਜਰ ਸਿੰਘ ਜੀ ਨਾਗੋਕੇ ਵਿਛੜ ਕੇ, ਲੰਗਰ ਲਾਗੇ ਹੀ ਜੋ ਖੂਹ ਵਿੱਚ ਭੋਰਾ ਸੀ ਇਹ ਕੋਈ 5 ਸਿੰਘ ਸੀ ਭੋਰੇ ਵਿੱਚ ਉੱਤਰ ਗਏ। ਮੇਜਰ ਸਿੰਘ ਨੂੰ ਇਸ ਭੋਰੇ ਬਾਰੇ ਪਹਿਲੇ ਹੀ ਜਾਣਕਾਰੀ ਸੀ। ਅਸੀਂ ਇਕ ਦੋ ਵਾਰ ਪਹਲਾਂ ਵੀ ਭੋਰੇ ਵਿੱਚ ਗਏ ਸਾਂ। ਉਥੇ ਇਨ੍ਹਾਂ ਨੇ ਰਾਸ਼ਨ-ਪਾਣੀ ਰੱਖਿਆ ਸੀ। ਜਦੋਂ ਬਾਅਦ ਵਿੱਚ ਕੈਂਪਾ ਵਿੱਚ ਗਏ ਤਾਂ ਸਾਨੂੰ ਪਤਾ ਚੱਲਿਆ ਸੀ ਕਿ ਜਦੋਂ 9 ਜੂਨ ਨੂੰ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆਇਆ ਸੀ ਤਾਂ ਇਸ ਭੋਰੇ ਵਿੱਚੋਂ ਇਸ ‘ਤੇ ਫਾਇਰਿੰਗ ਕੀਤੀ ਗਈ। ਜਿਸ ਦੇ ਨਤੀਜੇ ਵਜੋਂ ਇਸ ਦਾ ਅੰਗ ਰੱਖਿਅਕ ਮਾਰਿਆ ਗਿਆ, ਪਰ ਇਹ ਆਪ ਬਚ ਗਿਆ। ਮੇਜਰ ਸਿੰਘ ਹੁਰਾਂ ਆਖ਼ੀਰ ਤਕ ਸੰਘਰਸ਼ ਕੀਤਾ। ਆਖ਼ਿਰ ਫੌਜ ਨੇ ਜ਼ਹਿਰੀਲੀ ਗੈਸ ਭੋਰੇ ਵਿੱਚ ਛੱਡ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ। ਮੇਜਰ ਸਿੰਘ ਦੀ ਨਿਰੰਕਾਰੀ ਗੁਰਬਚਨੇ ਕਾਂਡ ਵਿੱਚ ਵੀ ਅਹਿਮ ਭੂਮਿਕਾ ਸੀ ਜਿਸ ਬਾਰੇ ਆਮ ਸੰਗਤਾਂ ਨੂੰ ਨਹੀਂ ਪਤਾ। ਅਖੀਰ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਵੱਲ ਵਧੇ ਤਾਂ ਵੀਹ ਕੁ ਸਿੰਘ ਹੀ ਬਾਕੀ ਬਚੇ ਸਨ। ਬਾਕੀ ਸਾਰੇ ਸਿੰਘ ਸ਼ਹੀਦ ਹੋ ਗਏ। ਅਸੀਂ ਅਕਾਲ ਤਖ਼ਤ ਸਾਹਿਬ ਜਾਣ ਦੀ ਬਜਾਏ ਦੁਖ ਭੰਜਨੀ ਬੇਰੀ ਵੱਲ ਵਧੇ ਕਿਉਂਕਿ ਇੱਧਰ ਫਾਇਰਿੰਗ ਘੱਟ ਸੀ। ਦੁੱਖ ਭੰਜਨੀ ਬੇਰੀ ਵਿੱਚੋਂ ਬੀਬੀਆਂ ਦੇ ਇਸ਼ਨਾਨ ਕਰਨ ਦਾ ਪੋਣਾ ਹੈ। ਉੱਥੇ ਅਸੀਂ ਸਾਰੇ ਆਪਣੇ ਸ਼ਸਤਰ ਰੱਖ ਦਿੱਤੇ। ਇੱਥੇ ਕੋਈ ਮੋਰਚਾ ਵਗੈਰਾ ਨਹੀਂ ਹੋਣ ਕਰਕੇ ਅਸੀਂ ਲੜ ਨਹੀਂ ਸੀ ਸਕਦੇ। ਇਥੇ ਸਰੋਵਰ ਦਾ ਜਲ ਪੀ ਕੇ ਸਾਰੇ ਸਿੰਘਾਂ ਨੇ ਆਪਣੀ ਪਿਆਸ ਬੁਝਾਈ। ਸਾਡੇ ਕੋਲ ਥੋੜੀਆਂ ਗੋਲੀਆਂ ਹੀ ਬਚੀਆਂ ਸਨ ਬਾਕੀ ਤਕਰੀਬਨ ਖਤਮ ਹੋ ਚੁੱਕੀਆਂ ਸਨ। ਸਿਰਫ ਹਥਿਆਰ ਹੀ ਬਚੇ ਸਨ। ਅੰਮ੍ਰਿਤ ਵੇਲੇ ਤੋਂ ਹੀ ਸਲਾਹ ਬਣਾਉਂਦੇ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸ ਤਰ੍ਹਾਂ ਜਾਇਆ ਜਾਵੇ? ਕਿਉਂਕਿ ਬਾਬਾ ਥਾਰਾ ਸਿੰਘ ਕਹਿ ਰਹੇ ਸਨ ਕਿ ਅਗਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਜਾਈਏ ਤਾਂ ਉੱਥੇ ਸਾਨੂੰ ਗੋਲੀ-ਸਿੱਕੇ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ। ਰਾਤ ਭਰ ਟੈਂਕ ਖੜ੍ਹਾ ਸੀ ਜੋ ਲਗਾਤਾਰ ਗੋਲੇ ਵਰ੍ਹਾ ਰਿਹਾ ਸੀ। ਅਸੀਂ ਅੰਦਰ ਪੂਰੀ ਪੁਜ਼ੀਸ਼ਨ ਲੈ ਕੇ ਬੈਠੇ ਸਾਂ ਕਿ ਅਗਰ ਕੋਈ ਇੱਧਰ ਆਇਆ ਤਾਂ ਅਸੀਂ ਮਰਨ ਤੋਂ ਪਹਿਲਾਂ ਵੱਧ ਤੋਂ ਵੱਧ ਦੁਸ਼ਮਣ ਮਾਰ ਕੇ ਹੀ ਮਰਾਂਗੇ। ਭਾਈ ਸੁਰਿੰਦਰ ਸਿੰਘ ਤੇ ਭਾਈ ਬਲਵਿੰਦਰ ਸਿੰਘ ਸਮੇਤ 5 ਸਿੰਘਾਂ ਨੇ ਸਲਾਹ ਬਣਾਈ ਕਿ ਸਰੋਵਰ ਥਾਈਂ ਤੈਰ ਕੇ ਦਰਬਾਰ ਸਾਹਿਬ ਪਹੁੰਚਿਆ ਜਾਵੇ। ਉਪਰੰਤ ਸਿੰਘਾਂ ਨੇ ਸਰੋਵਰ ਥਾਈਂ ਤੈਰਨਾ ਸ਼ੁਰੂ ਕਰ ਦਿੱਤਾ ਪਰ ਅਸੀਂ ਵੇਖਿਆ ਕਿ ਉਨ੍ਹਾਂ ਸਿੰਘਾਂ ਵਿੱਚੋਂ ਕੋਈ ਵੀ ਦਰਬਾਰ ਸਾਹਿਬ ਨਹੀਂ ਪਹੁੰਚਿਆ। ਸਾਰੇ ਸਰੋਵਰ ਵਿੱਚ ਹੀ ਸ਼ਹੀਦ ਕਰ ਦਿੱਤੇ ਗਏ। 6 ਜੂਨ ਸਵੇਰੇ 9-10 ਵਜੇ ਅਚਾਨਕ ਜੈਕਾਰਿਆਂ ਦੀ ਅਵਾਜ਼ ਸੁਣਾਈ ਦਿੱਤੀ। ਅਸੀਂ ਸੋਚਿਆ ਕਿ ਸ਼ਾਇਦ ਬਾਹਰੋਂ ਸੰਗਤ ਆਈ ਹੈ। ਪਰ ਧਿਆਨ ਨਾਲ ਸੁਣਿਆ ਤਾਂ ਇਹ ਜੈਕਾਰਿਆਂ ਦੀ ਆਵਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆ ਰਹੀ ਸੀ। ਅਕਾਲ ਤਖ਼ਤ ਸਾਹਿਬ ਸਾਰਾ ਢਹਿ ਢੇਰੀ ਹੋ ਗਿਆ ਸੀ | ਅਖੀਰ ਸਾਨੂੰ ਬਾਬਾ ਥਾਰਾ ਸਿੰਘ ਨੇ ਕਿਹਾ ਕਿ ਹੁਣ ਟੈਂਕਾਂ ਨਾਲ ਗੋਲੀ ਦਾ ਕੋਈ ਮੁਕਾਬਲਾ ਨਹੀਂ। ਥਾਰਾ ਸਿੰਘ ਦੇ ਕਹਿਣ ‘ਤੇ ਅਸੀਂ ਆਪਣੇ ਹਥਿਆਰ ਜੋ ਬਗੈਰ ਗੋਲੀ ਸਿੱਕੇ ਦੇ ਸਨ ਸਰੋਵਰ ਵਿੱਚ ਸੁੱਟ ਦਿੱਤੇ। ਬਾਬਾ ਥਾਰਾ ਸਿੰਘ ਨੇ ਇੱਥੇ ਅਰਦਾਸ ਕੀਤੀ ਕਿ ਬਾਹਰ ਨਿਕਲ ਕੇ ਸ਼ਹੀਦੀਆਂ ਪਾਵਾਂਗੇ। ਉਨ੍ਹਾਂ ਨੇ ਫਿਰ ਕਿਹਾ ਕਿ ਜੋ ਬਜ਼ੁਰਗ ਹਨ ਉਹ ਸਾਡੇ ਨਾਲ ਆ ਜਾਣ ਅਗਰ ਸਾਨੂੰ ਗ੍ਰਿਫਤਾਰ ਕਰ ਲਿਆ ਤਾਂ ਠੀਕ ਹੈ ਨਹੀਂ ਤਾਂ ਸ਼ਹੀਦੀਆਂ ਤਾਂ ਜ਼ਰੂਰ ਪਾਵਾਂਗੇ। ਮੇਰੇ ਚਾਚਾ ਜੀ ਵੀ ਇਨ੍ਹਾਂ ਦੇ ਨਾਲ ਬਾਹਰ ਨਿਕਲੇ। ਜਿਸ ਵੇਲੇ ਇਹ ਬਾਹਰ ਨਿਕਲੇ ਤਾਂ ਸਾਰੇ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤੇ। ਅਸੀਂ ਫਿਰ ਵਾਪਿਸ ਉੱਥੇ ਆ ਗਏ ਪਰ ਫੌਜ ਨੂੰ ਪਤਾ ਲੱਗ ਗਿਆ ਸੀ ਕਿ ਹੋਰ ਬੰਦੇ ਇਸ਼ਨਾਨ ਘਰ ‘ਚ ਹੀ ਬੈਠੇ ਹਨ। ਉਨ੍ਹਾਂ ਨੇ ਅਨਾਉਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਕਿ ਜੇ ਕੋਈ ਅੰਦਰ ਹੈ ਤਾਂ ਬਾਹਰ ਆ ਜਾਏ ਨਹੀਂ ਤਾਂ ਅਸੀਂ ਗੋਲਿਆਂ ਦੇ ਨਾਲ ਫਾਇਰਿੰਗ ਕਰਨ ਲੱਗੇ ਹਾਂ। ਫਿਰ 10 ਵਜੇ ਅਸੀਂ 15 ਕੁ ਸਿੰਘ ਅਤੇ ਕੁਝ ਸ਼ਰਧਾਲੂ ਸਾਰੇ ਬਾਹਰ ਨਿਕਲੇ ਪਰ ਐਤਕੀਂ ਅੱਗੋਂ ਫਾਇਰਿੰਗ ਫੌਜ ਨੇ ਨਹੀਂ ਕੀਤੀ। ਨਿਕਲਦਿਆਂ ਹੀ ਸਾਡੇ ’ਤੇ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ।

ਜੋ ਸ਼ਹੀਦ ਹੋ ਚੁੱਕੇ ਸਨ। ਅਸੀਂ ਵਧੇ ਹੋਏ ਸਵਾਸਾਂ ਕਾਰਨ ਬਚ ਗਏ। ਇੱਥੇ ਸਾਡੀਆਂ ਬਾਹਵਾਂ ਸਿਰ ਦੇ ਪਟਕਿਆਂ ਨਾਲ ਪਿਛਲੇ ਪਾਸੇ ਬੰਨ੍ਹ ਕੇ ਇਤਨੀ ਮਾਰ ਕੁਟਾਈ ਕੀਤੀ ਕਿ ਕਈ ਸਿੰਘ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਸਾਨੂੰ ਮੰਜੀ ਸਾਹਿਬ ਦੀਵਾਨ ਹਾਲ ਵਾਲੀ ਛਬੀਲ ਵਾਲੇ ਪਾਸੇ ਲੈ ਗਏ ਉਥੇ ਕਾਫੀ ਸਿੰਘ ਅਤੇ ਸ਼ਰਧਾਲੂ ਫੜ੍ਹ ਕੇ ਬਿਠਾਏ ਹੋਏ ਸਨ। ਸਾਨੂੰ ਵੀ ਪ੍ਰਕਰਮਾ ਵਿੱਚ ਇੱਥੇ ਮੇਰੀ ਨਜ਼ਰ ਬਾਬਾ ਥਾਰਾ ਸਿੰਘ ਅਤੇ ਮੇਰੇ ਚਾਚਾ ਜੀ ਦੀਆਂ ਲਾਸ਼ਾਂ ‘ਤੇ ਪਈ ਉਨ੍ਹਾਂ ਦੇ ਨਾਲ ਹੀ ਬਿਠਾ ਦਿੱਤਾ। ਇੱਥੋਂ ਅਸੀਂ ਫੌਜੀਆਂ ਤੋਂ ਸੁਣਿਆ (ਜੋ ਠੁੱਡੇ ਮਾਰ ਕੇ ਕਹਿ ਰਹੇ ਸਨ) ਕਿ “ਤੁਹਾਡਾ ਭਿੰਡਰਾਂਵਾਲਾ ਟਾਈਗਰ ਮਾਰ ਦਿੱਤਾ ਹੈ ਤੇ ਅਸੀਂ ਲੜਾਈ ਜਿੱਤ ਲਈ ਹੈ।” ਪਰ ਅਸੀਂ ਚੁੱਪ ਸਾਹਮਣੇ ਅਕਾਲ ਤਖ਼ਤ ਸਾਹਿਬ ਵੱਲ ਵੇਖ ਰਹੇ ਸਾਂ। ਅਕਾਲ ਤਖ਼ਤ ਸਾਹਮਣੇ ਟੈਂਕ ਖੜ੍ਹੇ ਸਨ। ਸਾਡੇ ਬਿਲਕੁਲ ਮਗਰ ਇੱਕ ਟੈਂਕ ਖੜ੍ਹਾ ਸੀ। ਪਰਿਕਰਮਾ ਵਿੱਚ ਜਗ੍ਹਾ-ਜਗ੍ਹਾ ਟੈਂਕ ਖੜ੍ਹੇ ਸਨ। ਕਿਤੋਂ ਵੀ ਫਾਇਰਿੰਗ ਹੁੰਦੀ ਤਾਂ ਇਨ੍ਹਾਂ ਟੈਂਕਾਂ ਤੋਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਜਾਂਦਾ ਸੀ। ਇੱਥੇ ਹੀ ਸਾਨੂੰ ਸ਼ਾਮ ਪੈ ਗਈ। ਸ਼ਾਮ ਵੇਲੇ ਇੱਕ ਸੀਨ ਜੋ ਅੱਜ ਵੀ ਸਾਡੀਆਂ ਅੱਖਾਂ ਮੂਹਰੇ ਘੁੰਮਦਾ ਹੈ। ਇੱਕ ਬਿਹਾਰੀ ਫੌਜੀ ਬੀੜੀ ਪੀ ਕੇ ਸਰੋਵਰ ਵਿੱਚ ਸੁੱਟ ਰਿਹਾ ਸੀ ਉਸਦੇ ਕੋਲ ਹੀ ਸਰਦਾਰ ਫੌਜੀ ਖੜ੍ਹਾ ਸੀ । ਕਿਉਂਕਿ ਸਰਦਾਰ ਫੌਜੀ ਕਿਤੇ-ਕਿਤੇ ਨਜ਼ਰ ਆ ਰਹੇ ਸੀ। ਸਰਦਾਰ ਫੌਜੀ ਨੇ ਉਸ ਬਿਹਾਰੀ ਨੂੰ ਕਿਹਾ ਕੀ ਬੀੜੀ ਪੀ ਕੇ ਸਰੋਵਰ ਵਿੱਚ ਨਾ ਸੁੱਟ ਪਰ ਉਸਨੇ ਬੀੜੀ ਪੀ ਕੇ ਦੁਬਾਰਾ ਸਰੋਵਰ ਵਿੱਚ ਸੁੱਟੀ ਅਤੇ ਨਾਲ ਹੀ ਕਿਹਾ ਕਿ “ਕਿਆ ਕਰੋਗੇ ਤੁਮ”। ਉਸ ਸਰਦਾਰ ਨੇ ਆਪਣੀ ਕਾਰਬਾਈਨ ਨਾਲ ਉੱਥੇ ਹੀ ਭੁੰਨ ਦਿੱਤਾ। ਉਸ ਟੈਂਕ ਦੇ ਉੱਪਰ ਮਸ਼ੀਨਗੰਨ ਫਿੱਟ ਸੀ ਉਸ ਮਸ਼ੀਨਗੰਨ ਵਾਲੇ ਇੱਕ ਹੋਰ ਬਿਹਾਰੀ ਫੌਜੀ ਨੇ ਉਸ ਸਰਦਾਰ ਫੌਜੀ ਦਾ ਸਰੀਰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਉਹ ਤੜਫਦਾ ਹੋਇਆ ਸਰੋਵਰ ਵਿੱਚ ਜਾ ਡਿੱਗਾ। ਥੋੜ੍ਹੇ ਚਿਰਾਂ ਵਿੱਚ ਹੀ ਉਸ ਫੌਜੀ ਦੀ ਲਾਸ਼ ਸਰੋਵਰ ਵਿੱਚ ਤੈਰ ਰਹੀ ਸੀ। ਉਸ ਵੇਲੇ ਬਿਹਾਰੀ ਕੈਪਟਨ ਨੇ ਹੁਕਮ ਦਿੱਤਾ ਕਿ ਇਨ੍ਹਾਂ ਸਾਰਿਆਂ ‘ਤੇ ਟੈਂਕ ਚੜ੍ਹਾ ਕੇ ਇਨ੍ਹਾਂ ਨੂੰ ਮਾਰ ਦਿੱਤਾ ਜਾਵੇ। ਟੈਂਕ ਮੋੜ ਕੇ ਸਾਡੇ ਵੱਲ ਕੀਤਾ ਹੀ ਸੀ ਕਿ ਅਚਾਨਕ ਇੱਕ ਮੁਸਲਮਾਨ ਮੇਜਰ ਉੱਥੇ ਆ ਗਿਆ ਜਿਸਨੇ ਉੱਚੀ ਆਵਾਜ਼ ਵਿਚ ਕਿਹਾ ਕਿ “ਤੁਮ ਕਿਆ ਕਰ ਰਹੇ ਹੋ”। ਉਸ ਟੈਂਕ ਵਾਲੇ ਨੇ ਕਿਹਾ ਕਿ “ਹਮਾਰੇ ਕੈਪਟਨ ਸਾਹਿਬ ਨੇ ਹੁਕਮ ਦੀਆ ਹੈ ਕਿ ਇਨਕੋ ਮਾਰ ਡਾਲੋ।” ਤਾਂ ਉਸ ਮੇਜਰ ਮੁਸਲਮਾਨ ਨੇ ਉਸ ਸਮੇਂ ਕਿਹਾ ਕਿ ਇਨ੍ਹਾਂ ਸਾਰਿਆਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ। ਅਗਾਂਹ ਕਿਸੇ ਨੇ ਇਨ੍ਹਾਂ ਨੂੰ ਮਾਰਿਆਂ ਤਾਂ ਉਸਦੀ ਜਿੰਮੇਵਾਰੀ ਹੋਵੇਗੀ। ਅਖੀਰ ਉਸਨੇ ਹੁਕਮ ਕਰਕੇ ਉਨ੍ਹਾਂ ਸਾਰੇ ਬਿਹਾਰੀਆਂ ਦੀਆਂ ਡਿਊਟੀਆਂ ਬਦਲ ਕੇ ਨਵੇਂ ਲਗਾ ਦਿੱਤੇ ਅਤੇ ਸਾਡੀਆਂ ਲਿਸਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ‘ਚੋਂ ਕਈਆਂ ਨੇ ਉਸ ਮੁਸਲਮਾਨ ਮੇਜਰ ਕੋਲੋਂ ਪਾਣੀ ਦੀ ਮੰਗ ਕੀਤੀ। ਪਰ ਅੱਗੋਂ ਇਹੋ ਹੀ ਉੱਤਰ ਮਿਲਿਆ ਕਿ ਤੁਹਾਡੀ ਜਾਨ ਹੀ ਬਚ ਜਾਵੇ ਤਾਂ ਬਹੁਤ ਹੈ। ਸਾਰੀ ਰਾਤ ਸਾਨੂੰ ਉੱਥੇ ਹੀ ਇਸੇ ਹਾਲ ‘ਚ ਬਿਠਾਈ ਰੱਖਿਆ। ਰਾਤ ਨੂੰ ਮੇਜਰ ਖੁਦ ਆਪਣੇ ਸਾਥੀਆਂ ਸਮੇਤ ਕਈ ਵਾਰ ਆਇਆ ਅਤੇ ਸਾਡਾ ਹਾਲ-ਚਾਲ ਪੁੱਛ ਕੇ ਗਿਆ। ਸਵੇਰ ਵੇਲੇ ਸਾਨੂੰ ਸਾਰਿਆਂ ਨੂੰ ਖੜ੍ਹੇ ਹੋਣ ਦਾ ਹੁਕਮ ਦਿੱਤਾ ਪਰ ਸਾਰਿਆਂ ਦਾ ਸਰੀਰ ਮਾਰ ਦੇ ਨਾਲ ਟੁੱਟਾ-ਭੱਜਾ ਹੋਣ ਕਰਕੇ ਕਈ ਖੜ੍ਹੇ ਹੁੰਦੇ ਹੀ ਡਿੱਗ ਪੈਂਦੇ ਸਨ। ਪਰ ਉਨ੍ਹਾਂ ਨੂੰ ਹੋਰ ਮਾਰ ਪੈਂਦੀ ਸੀ। ਇੱਥੇ ਸਾਨੂੰ ਲਾਈਨਾਂ ਵਿੱਚ ਲਗਾ ਕੇ ਹੋਰਨਾਂ ਨਾਲ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਪਾਸੇ ਦੀ ਸਰਾਂ ਦੇ ਵੱਲ ਨੂੰ ਲੈ ਤੁਰੇ। ਅਸੀਂ ਵੇਖ ਰਹੇ ਸਾਂ ਕਿ ਜਗ੍ਹਾ-ਜਗ੍ਹਾ ਸ਼ਰਧਾਲੂਆਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਸਨ ਕਈ ਫੱਟੜ ਪਏ ਉੱਚੀ-ਉੱਚੀ ਕਰਾਹ ਰਹੇ ਸਨ। ਪਰ ਇਥੇ ਕੋਈ ਸੁਣਵਾਈ ਕਰਨ ਵਾਲਾ ਨਹੀਂ ਸੀ। ਫੌਜ ਵਾਲੇ ਸਿਰਫ ਫੌਜੀਆਂ ਦੀਆਂ ਲਾਸ਼ਾਂ ਜਾਂ ਫੱਟੜ ਹੀ ਉਠਾ ਕੇ ਖੜ ਰਹੇ ਸਨ। ਅੱਗੋਂ ਸਰਾਂ ਦੇ ਅਹਾਤੇ ਵਿੱਚ ਜਿਥੇ ਕਿ ਪਹਿਲਾਂ ਹੀ ਹੋਰ ਕਾਫੀ ਸ਼ਰਧਾਲੂ ਫੜ੍ਹ ਕੇ ਬਿਠਾਏ ਹੋਏ ਸਨ (ਤਕਰੀਬਨ 50 ਦੇ ਲਗਭਗ ਬੀਬੀਆਂ-ਬੱਚੇ ਸੀ) ਸਾਨੂੰ ਇਨ੍ਹਾਂ ਸਾਰਿਆਂ ਨਾਲ ਹੀ ਬਿਠਾ ਦਿੱਤਾ ਪਰ ਅਚਾਨਕ ਹੀ ਸਾਡੇ ਉੱਤੇ ਹੈਂਡ ਗਰਨੇਡ ਸੁੱਟਣੇ ਸ਼ੁਰੂ ਕਰ ਦਿੱਤੇ। ਮਿੰਟਾਂ ਵਿਚ ਹੀ ਸਰਾਂ ਦਾ ਅਹਾਤਾ ਖੂਨ ਨਾਲ ਭਰ ਗਿਆ। ਲੋਥਾਂ ਦੇ ਢੇਰ ਲੱਗ ਗਏ। ਨਾਲ ਹੀ ਫੌਜੀ ਫਾਇਰਿੰਗ ਵੀ ਕਰ ਰਹੇ ਸਨ ਕਿ ਕੋਈ ਇਨ੍ਹਾਂ ਵਿੱਚੋਂ ਬਚ ਨਾ ਜਾਵੇ। ਇੱਥੇ ਹੀ ਮੇਰਾ ਇਕ ਸਾਥੀ ਭਾਈ ਰਾਜ ਸਿੰਘ ਸ਼ਹੀਦ ਹੋ ਗਿਆ। ਪਰ ਮੈਂ ਮਾਮੂਲੀ ਫੱਟੜ ਹੋਣ ‘ਤੇ ਫਿਰ ਬਚ ਗਿਆ। ਅਸੀਂ ਲਾਸ਼ਾਂ ਦੇ ਵਿੱਚ ਹੀ ਲਿਟੇ ਰਹੇ। ਕਾਫੀ ਚਿਰ ਪਿਛੋਂ ਜਦੋਂ ਗੋਲੀ ਬੰਦ ਹੋਈ ਤਾਂ ਅਸੀਂ ਸਰਾਵਾਂ ਵਿਚ ਜੋ ਕਮਰੇ ਹਨ ਉਨ੍ਹਾਂ ਵਿੱਚ ਵੜ ਗਏ ਇੱਥੇ ਹੀ ਇਕ ਬੀਬੀ ਜੋ ਗਰਨੇਡ ਨਾਲ ਫੱਟੜ ਸੀ ਅਤੇ ਉਸਦਾ ਛੋਟਾ ਬੱਚਾ ਕੋਲ ਪਿਆ ਉੱਚੀ-ਉੱਚੀ ਹੋ ਰਿਹਾ ਸੀ। ਉਸ ਬੀਬੀ ਨੂੰ ਆਪਣੀ ਪਰਵਾਹ ਨਹੀਂ ਸੀ ਤੇ ਉੱਚੀ ਆਵਾਜ਼ ਵਿੱਚ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਕਹਿ ਰਹੀ ਸੀ। ਪਰ ਥੋੜ੍ਹੇ ਸਮੇਂ ਵਿੱਚ ਹੀ ਗੋਲੀਆਂ ਨੇ ਉਸ ਬੀਬੀ ਤੇ ਬੱਚੇ ਦੀ ਆਵਾਜ਼ ਬੰਦ ਕਰ ਦਿੱਤੀ। ਛੋਟੇ ਛੋਟੇ ਮਾਸੂਮਾਂ ਨੂੰ ਵੀ ਜ਼ਾਲਮਾਂ ਨੇ ਨਹੀਂ ਬਖਸ਼ਿਆ। ਮਾਸ ਦੇ ਚਿਥੜੇ ਉੱਡ ਕੇ ਸਰਾਵਾਂ ਦੀਆਂ ਦੀਵਾਰਾਂ ਨਾਲ ਲੱਗੇ ਹੋਏ ਸਨ। ਕਾਫੀ ਸਮੇ ਬਾਅਦ ਫੌਜ ਨੇ ਫਿਰ ਅਨਾਉਂਸਮੈਂਟ ਕੀਤੀ ਕਿ ਜੋ ਵੀ ਕਮਰਿਆਂ ਵਿੱਚ ਬਚੇ ਹੋਏ ਹਨ ਉਹ ਬਾਹਰ ਆ ਜਾਣ। ਅਸੀਂ ਕਮਰਿਆਂ ਵਿੱਚ ਹੀ ਲਾਸ਼ਾਂ ਪਈਆਂ ਵੇਖੀਆਂ ਗਰਮੀ ਨਾਲ ਸਾਰੀਆਂ ਹੀ ਲਾਸ਼ਾਂ ਬਦਬੋ ਮਾਰ ਰਹੀਆਂ ਸਨ। ਅਸੀਂ ਅਨਾਉਂਸਮੈਂਟ ਸੁਣ ਕੇ ਬਾਹਰ ਆ ਨਿਕਲੇ ਤਾਂ ਅੱਗੋਂ ਜਿੱਥੇ ਹੋਰ ਕਾਫੀ ਸ਼ਰਧਾਲੂ ਬੈਠੇ ਹੋਏ ਸਨ ਇੱਥੇ ਅਸੀਂ ਵੇਖਿਆ ਕਿ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲੀਡਰ ਸਨ ਉਹ ਵੀ ਬੈਠੇ ਸਨ। ਜੋ ਕਿ ਕਿਤੇ ਪਹਿਲੇ ਹੀ ਆ ਗਏ ਸਨ। ਬਲਵੰਤ ਸਿੰਘ ਰਾਮੂਵਾਲੀਆ ਨੂੰ ਅਸੀਂ ਵੇਖਿਆ ਕਿ ਉਹ ਸਭ ਦੀਆਂ ਲਿਸਟਾਂ ਵਗੈਰਾ ਬਣਾ ਰਿਹਾ ਸੀ। ਇਕ ਵਾਰ ਤਾਂ ਉਸਨੇ ਫੌਜੀ ਅਫਸਰ ਨਾਲ ਗੱਲ ਕਰਨੀ ਚਾਹੀ। ਪਰ ਅੱਗੋਂ ਉਸ ਅਫਸਰ ਨੇ ਜ਼ੋਰ ਦੀ ਥੱਪੜ ਰਾਮੂਵਾਲੀਆ ਦੇ ਮਾਰਿਆ ਅਤੇ ਉਸਦੀ ਪੱਗ ਵੀ ਲਾਹ ਦਿੱਤੀ ਤੇ ਉਹ ਉਥੇ ਹੀ ਸਾਡੇ ਕੋਲ ਥੱਲੇ ਬੈਠ ਗਿਆ ਭਾਵ ਕਿ ਕਿਸੇ ਦੀ ਨਹੀਂ ਸੀ ਚੱਲ ਰਹੀ। ਇੱਥੇ ਪਾਸ ਹੀ ਕਣਕ ਵਾਲੀਆਂ ਬੋਰੀਆਂ ‘ਤੇ ਅਸੀਂ ਸਕੱਤਰ ਐਸ.ਜੀ.ਪੀ.ਸੀ. ਗੁਰਚਰਨ ਸਿੰਘ ਅਤੇ ਬੱਗਾ ਸਿੰਘ ਦੀਆਂ ਲਾਸ਼ਾਂ ਵੇਖੀਆਂ। ਜਿਨ੍ਹਾਂ ਬਾਰੇ ਸਾਨੂੰ ਨਾਲ ਹੀ ਬੈਠੇ ਦੋ ਸਿੰਘਾਂ ਨੇ ਦੱਸਿਆ ਕਿ ਕੁਝ ਸਰਦਾਰ ਫੌਜੀ ਆਏ ਸਨ ਤੇ ਸਾਡੇ ਵਿੱਚੋਂ ਦੋਵਾਂ ਨੂੰ ਉਠਾਲ ਕੇ ਲੈ ਗਏ ਅਤੇ ਸਾਡੇ ਸਾਹਮਣੇ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਨਾਲ ਹੀ ਇਹ ਵੀ ਕਿਹਾ ਕਿ ਸਾਰੀ ਪੁਆੜੇ ਦੀ ਜੜ੍ਹ ਤਾਂ ਤੁਸੀ ਹੀ ਹੋ। ਇਸ ਤਰ੍ਹਾਂ ਸਰਦਾਰ ਫੌਜੀਆਂ ‘ਤੇ ਵੀ ਬਿਹਾਰੀ ਸ਼ੱਕ ਕਰਦੇ ਸਨ ਕਿ “ਇਨ੍ਹਾਂ ਨੇ ਵੀ ਹਮਾਰੇ ਉਪਰ ਗੋਲੀ ਚਲਾਈ ਹੈ।” ਇਸ ਤਰ੍ਹਾਂ 7 ਜੂਨ ਦੀ ਰਾਤ ਇੱਥੇ ਹੀ ਪੈ ਗਈ। ਸਾਰੀ ਰਾਤ ਸਰਾਂ ਵਿਚੋਂ ਬੱਸਾਂ ਰਾਹੀਂ ਅੰਮ੍ਰਿਤਸਰ ਫੌਜੀ ਕੈਂਪਾਂ ਵਿੱਚ ਢੋਂਦੇ ਰਹੇ। ਅਖੀਰ ਸਾਡੀ ਵਾਰੀ ਵੀ ਆ ਗਈ ਅਤੇ ਸਾਨੂੰ ਵੀ ਇੱਕ ਬੱਸ ਵਿੱਚ ਭਰ ਕੇ ਅੰਮ੍ਰਿਤਸਰ ਫੌਜੀ ਛਾਉਣੀ ਲਿਜਾਇਆ ਗਿਆ। ਇੱਥੇ ਸਾਨੂੰ ਛੋਟੇ ਕਮਰਿਆਂ ਵਿੱਚ ਬੰਦ ਕਰ ਦਿੱਤਾ। ਇਹ ਕਮਰੇ ਅਸਲੇ ਵਾਲੇ ਸਨ ਅਤੇ ਬਹੁਤ ਹੀ ਤੰਗ ਸਨ ਅੰਦਰ ਕੋਈ ਪੱਖਾ ਵਗੈਰਾ ਨਹੀਂ ਸੀ। ਅਤੇ ਪਿਆਸ ਨਾਲ ਇਤਨਾ ਵਿਆਕੁਲ ਹੋਏ ਕਿ ਇੱਥੇ ਹੀ ਕਈ ਬੇਹੋਸ਼ੀ ਨਾਲ ਮਰ ਗਏ। ਭਾਈ ਸੁਨਾਮ ਸਿੰਘ ਮਨਾਵਾਂ ਵੀ ਇੱਥੋਂ ਹੀ ਸ਼ਹੀਦ ਹੋਏ। ਅਸੀਂ ਨੀਮ ਬੇਹੋਸ਼ੀ ਵਿੱਚ ਅੰਦਰ ਪਏ ਰਹੇ ਅਖੀਰ ਸਵੇਰੇ ਜਦੋਂ ਜ਼ਿਆਦਾ ਰੌਲਾ ਪਾਇਆ ਤਾਂ ਦਰਵਾਜ਼ਾ ਖੋਲਿਆ ਪਰ ਅੰਦਰੋਂ ਜਦੋਂ ਤੇਜ਼ੀ ਨਾਲ ਬਾਹਰ ਨਿਕਲੇ ਤਾਂ ਇੱਥੇ ਫਿਰ ਫੌਜ ਨੇ ਫਾਇਰਿੰਗ ਕਰ ਦਿੱਤੀ ਅਤੇ ਪਾਣੀ ਦੀ ਜਗ੍ਹਾ ਗੋਲੀਆਂ ਮਿਲੀਆਂ। ਕਾਫੀ ਸਿੰਘ ਇੱਥੇ ਹੀ ਸ਼ਹੀਦ ਹੋ ਗਏ। ਪਰ ਅਸੀਂ ਅੰਦਰ ਹੀ ਪਏ ਰਹੇ। 8 ਜੂਨ ਨੂੰ ਇੱਥੇ ਇੱਕ ਸਰਦਾਰ ਮੇਜਰ ਨੇ ਆ ਕੇ ਡਿਊਟੀ ਸੰਭਾਲੀ ਉਹ ਸ਼ਾਇਦ ਝਬਾਲ ਇਲਾਕੇ ਦਾ ਸੀ। ਅਤੇ ਜੋ ਬਿਹਾਰੀ ਸਨ ਉਹ ਸਾਰੇ ਬਦਲ ਦਿੱਤੇ ਸਨ। ਉਸਨੇ ਆਉਂਦੇ ਹੀ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਹੀ ਦੁਖੀ ਹਾਂ ਕਿਉਂਕਿ ਮੇਰੇ ਪਿਤਾ ਜੀ ਵੀ ਬਾਬਾ ਖੜਕ ਸਿੰਘ ਹੋਰਾਂ ਕੋਲ ਕਾਰ ਸੇਵਾ ਕਰਦੇ ਸਨ ਤੇ ਉਹ ਵੀ ਉੱਥੇ ਮਾਰੇ ਗਏ ਹਨ ਅਤੇ ਮੈਂ ਉਨ੍ਹਾਂ ਦੀ ਲਾਸ਼ ਲੱਭ ਕੇ ਪਿੰਡ ਸਸਕਾਰ ਕਰਕੇ ਅੱਜ ਹੀ ਆ ਰਿਹਾ ਹਾਂ। ਉਸਨੇ ਕਿਹਾ ਕਿ ਕਿਸੇ ਤਰ੍ਹਾਂ ਅੱਜ ਦਾ ਦਿਨ ਅਤੇ ਰਾਤ ਕੱਢ ਲਵੋ ਕੱਲ੍ਹ ਤੋਂ ਮੈਂ ਤੁਹਾਨੂੰ ਇੱਥੋਂ ਕੱਢਵਾ ਕੇ ਖੁੱਲ੍ਹੀਆਂ ਬੈਰਕਾਂ ਵਿੱਚ ਪਵਾ ਦਿਆਂਗਾ। ਅਖੀਰ ਅਸੀਂ 8 ਜੂਨ ਦਾ ਦਿਨ ਅਤੇ ਰਾਤ ਕੱਢੀ। 9 ਜੂਨ ਨੂੰ ਉਸਨੇ ਆਪਣੇ ਵਾਅਦੇ ਮੁਤਾਬਕ ਸਾਨੂੰ ਖੁੱਲ੍ਹੀਆਂ ਬੈਰਕਾਂ ਵਿੱਚ ਪਾ ਦਿੱਤਾ ਜਿਥੇ ਪੱਖੇ ਵਗੈਰਾ ਲੱਗੇ ਹੋਏ ਸਨ ਤੇ ਇੱਥੇ ਸਾਨੁੰ ਛੋਲੇ ਪੂਰੀਆਂ ਖਾਣ ਵਾਸਤੇ ਦਿੱਤੀਆਂ ਜੋ ਖਾਂਦੇ ਸਾਰ ਹੀ ਸਾਰਿਆਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਉਸ ਮੇਜਰ ਨੇ ਡਾਕਟਰ ਬੁਲਾਏ ਜਦੋਂ ਡਾਕਟਰਾਂ ਨੇ ਸਾਨੂੰ ਚੈੱਕ ਕੀਤਾ ਤਾਂ ਉਸਨੇ ਕਿਹਾ ਕਿ ਇਨ੍ਹਾਂ ਦੇ ਮਿਹਦੇ ਅੰਦਰ ਗਰਮੀ ਪੈ ਗਈ ਹੈ ਤੇ ਇਨ੍ਹਾਂ ਨੂੰ ਚੌਲਾਂ ਦਾ ਪਾਣੀ ਨਮਕ ਪਾ ਕੇ ਦਿੱਤਾ ਜਾਵੇ। ਅਗਰ ਇਨ੍ਹਾਂ ਨੂੰ ਪਾਣੀ ਪਚ ਗਿਆ ਤਾਂ ਇਹ ਬਚ ਜਾਣਗੇ ਨਹੀਂ ਤਾਂ ਇਹ ਸਾਰੇ ਹੀ ਮਰ ਜਾਣਗੇ ਕਿਉਂਕਿ ਪਿਛਲੇ 4-5 ਦਿਨਾਂ ਤੋਂ ਕੁਝ ਵੀ ਨਹੀਂ ਸੀ ਖਾਧਾ। ਅਖੀਰ ਪਾਣੀ ਸਾਨੂੰ ਪਚਣਾ ਸ਼ੁਰੂ ਹੋ ਗਿਆ। ਫਿਰ ਸਾਨੂੰ ਚੋਲ 2-3 ਦਿਨ ਖਾਣ ਵਾਸਤੇ ਦਿੱਤੇ ਗਏ ਤਾਂ ਸਾਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਬਚ ਜਾਵਾਂਗੇ। ਫਿਰ ਇਥੇ ਹੀ ਸ਼ਰੂ ਹੋਇਆ ਸ਼ਨਾਖਤਾਂ ਦਾ ਸਿਲਸਿਲਾ। ਸਾਨੂੰ ਲਾਈਨਾਂ ਵਿੱਚ ਲਾ ਕੇ ਇੱਕ ਕਮਰੇ ਲਾਗਿਉਂ ਲੰਘਾਇਆ ਗਿਆ। ਜੋ ਸ਼ਰਧਾਲੂ ਸਨ ਉਨ੍ਹਾਂ ਨੂੰ ਇਕ ਪਾਸੇ ਅਤੇ ਜੋ ਸੰਤਾਂ ਨਾਲ ਰਲੇ ਸਨ ਉਨ੍ਹਾਂ ਨੂੰ ਇਕ ਪਾਸੇ। ਕੋਈ ਸੰਤਾਂ ਦੇ ਨਾਲ ਰਿਹਾ ਖਾਸ ਨਜ਼ਦੀਕੀ ਇਹ ਸ਼ਨਾਖਤ ਕਰਵਾ ਰਿਹਾ ਸੀ। ਬਾਕੀ ਅਸੀਂ ਵੇਖ ਰਹੇ ਸਾਂ ਕਿ ਸਾਰੇ ਸਿੰਘ ਜੋ ਸੰਤਾਂ ਨਾਲ ਰਹੇ ਜਾਂ ਲੜਦੇ ਰਹੇ ਉਹ ਸਾਡੇ ਵਾਲੇ ਪਾਸੇ ਆ ਗਏ ਸੀ ਜਿਨ੍ਹਾਂ ਵਿੱਚੋਂ ਮੁੱਖ ਤੌਰ ‘ਤੇ ਧੰਨਾ ਸਿੰਘ, ਜੋਗਿੰਦਰ ਸਿੰਘ, ਪਰਸਾ ਸਿੰਘ, ਬਲਵਿੰਦਰ ਸਿੰਘ, ਤੇਜਾ ਸਿੰਘ, ਜਰਨੈਲ ਸਿੰਘ ਆਦਿ ਕਾਫੀ ਸਿੰਘ ਸਨ। ਅਸੀਂ ਤਕਰੀਬਨ 60 ਕੁ ਸਿੰਘ ਸਾਂ ਜੋ 2 ਕਮਰਿਆਂ ਵਿੱਚ ਬੰਦ ਸਾਂ ਇੱਥੇ ਇੱਕ ਮਹੀਨਾ ਵੱਖ-ਵੱਖ ਏਜੰਸੀਆਂ ਨੇ ਪੂਰਾ ਜ਼ੋਰ ਲਾਇਆ ਪਰ ਉਨ੍ਹਾਂ ਦੇ ਪੱਲੇ ਕਿਸੇ ਨੇ ਕੁਝ ਨਹੀਂ ਪਾਇਆ। ਅਖੀਰ ਸਾਨੂੰ ਨਾਭਾ ਜੇਲ੍ਹ ਲਿਆਂਦਾ ਗਿਆ। ਇੱਥੇ ਆ ਕੇ ਅਸੀਂ ਸੁਖ ਦਾ ਸਾਹ ਲਿਆ।

ਪਰ ਇੱਥੇ ਨਾਭਾ ਜੇਲ੍ਹ ਦੇ ਅੰਦਰ ਹੀ ਅੱਠ ਚੱਕੀਆਂ ਵਿੱਚ ਇਨਟੈਰੋਗੇਸ਼ਨ ਸੈਂਟਰ ਖੋਲ੍ਹ ਲਏ। ਸਾਰੀਆਂ ਏਜੰਸੀਆਂ ਨੇ ਇੱਥੇ ਆ ਕੇ ਫਿਰ ਕੈਂਪਾਂ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ। ਇੱਥੇ ਜਦੋਂ ਹਟੇ ਤਾਂ ਸਾਡੇ ‘ਤੇ ਰਿਮਾਂਡਾਂ ਦੀ ਵਾਰੀ ਆਈ ਅਨੇਕਾਂ ਕੇਸ ਸਾਡੇ ‘ਤੇ ਪਾ ਦਿੱਤੇ ਅਤੇ ਦੋ ਸਾਲ ਵਾਸਤੇ ਐਨ.ਐਸ.ਏ(NSA) ਲਾ ਦਿੱਤਾ। ਇੱਥੇ ਇਸਤੋਂ ਪਹਿਲਾਂ ਸਾਡੀਆਂ ਮੁਲਾਕਾਤਾਂ ਕਰਵਾਈਆਂ ਗਈਆਂ ਤਾਂ ਸਾਡੇ ਘਰ ਵਾਲਿਆਂ ਨੂੰ ਪਤਾ ਚੱਲਿਆ ਕਿ ਅਸੀਂ ਠੀਕ-ਠਾਕ ਹਾਂ। ਅਜੇ ਰਿਮਾਂਡਾਂ ਤੋਂ ਵਿਹਲੇ ਹੋਏ ਹੀ ਸਾਂ ਕਿ ‘ਲੱਧਾ ਕੋਠੀ ਸੰਗਰੂਰ ਸਾਨੂੰ ਫਿਰ ਦੁਬਾਰਾ

ਏਜੰਸੀਆਂ ਨੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। 2-3 ਗੱਲਾਂ ਮੁੱਖ ਤੌਰ ‘ਤੇ ਪੁੱਛਦੇ ਸਨ ਕਿ ਸੰਤਾਂ ਕੋਲ ਹਥਿਆਰ ਕਿੱਥੋਂ ਆਉਂਦੇ ਸਨ ਤੇ ਤੁਹਾਡੇ ਵਿੱਚ ਕਿਹੜੇ- ਕਿਹੜੇ ਲੜਾਈ ਲੜਦੇ ਸਨ ਅਤੇ ਜੋ ਐਕਸ਼ਨ ਹੁੰਦੇ ਸਨ ਉਨ੍ਹਾਂ ਵਿੱਚ ਕਿਹੜੇ- ਕਿਹੜੇ ਆਦਮੀ ਸਨ? ਪਰ ਸਾਡਾ ਇਹੋ ਬਿਆਨ ਰਿਹਾ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਫਿਰ ਸਾਨੂੰ ਪਤਾ ਲੱਗਾ ਕਿ 60 ਸਿੰਘਾਂ ਨੂੰ ਕਾਲੇ ਪਾਣੀ ਭੇਜਣ ਦੀ ਸਕੀਮ ਹੈ ਅਤੇ ਉਨ੍ਹਾਂ ਦੀਆਂ ਲਿਸਟਾਂ ਵੀ ਬਣ ਚੁੱਕੀਆਂ ਸਨ ਪਰ ਅਚਾਨਕ ਅਕਤੂਬਰ ਵਿੱਚ ਗੁਰੂ ਦੇ ਲਾਲਾਂ ਨੇ ਇੰਦਰਾਂ ਨੂੰ ਸੋਧ ਦਿੱਤਾ ਤਾਂ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਨਾਭਾ ਜੇਲ੍ਹ ਵਿਚ ਸਿੰਘਾਂ ਦੇ ਚਿਹਰਿਆਂ ‘ਤੇ ਇੱਕ ਅਜੀਬ ਚਮਕ ਦੇਖਣ ਨੂੰ ਮਿਲੀ ਤੇ ਨਾਲ ਹੀ ਖਾਲਸਾਈ ਤਵਾਰੀਖ ਦਾ ਸੱਚ ਵੀ ਸਾਹਮਣੇ ਆਇਆ। ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਕਰਨ ਵਾਲਾ ਤੇ ਜ਼ਿੰਮੇਵਾਰ ਖਾਲਸੇ ਦੇ ਹੱਥੋਂ ਬਚ ਨਹੀਂ ਸਕਿਆ। ਸਾਡੇ ’ਤੇ ਵੀ ਜੋ ਪਿਛਲੇ ਪੰਜਾਂ ਮਹੀਨਿਆਂ ਤੋਂ ਕਹਿਰ ਹੋ ਰਿਹਾ ਸੀ। ਇਕਦਮ ਬੰਦ ਹੋ ਗਿਆ। ਫਿਰ ਦੁਬਾਰਾ ਨਵੀਆਂ ਲਿਸਟਾਂ ਬਣਾਈਆਂ ਗਈਆਂ। 379 ਬੰਦਿਆਂ ਨੂੰ ਬਗ਼ਾਵਤ ਦੇ ਕੇਸ ਵਿੱਚ ਫਿਟ ਕੀਤਾ ਗਿਆ ਅਤੇ ਜੋਧਪੁਰ ਜੇਲ੍ਹ ਜੋ ਸਪੈਸ਼ਲ ਸਾਡੇ ਵਾਸਤੇ ਤਿਆਰ ਕਰਵਾਈ ਸੀ ਭੇਜ ਦਿੱਤਾ ਗਿਆ। ਸਾਨੂੰ ਪਟਿਆਲੇ ਤੋਂ ਹਵਾਈ ਜਹਾਜ਼ ਰਾਹੀਂ ਮੂੰਹ ‘ਤੇ ਬੁਰਕੇ ਪਾ ਕੇ ਲਿਜਾਇਆ ਗਿਆ। ਸਾਡੇ ਨਾਲ ਦੋ ਬੀਬੀਆਂ ਵੀ ਸਨ ਜਿਨ੍ਹਾਂ ਵਿੱਚ ਇੱਕ ਭਾਈ ਰਛਪਾਲ ਸਿੰਘ ਦੀ ਸਿੰਘਣੀ ਸੀ ਤੇ ਦੂਜੀ ਅੰਮ੍ਰਿਤਸਰ ਦੀ ਸੀ। ਜੋਧਪੁਰ ਜੇਲ੍ਹ ਅੰਦਰ ਹੀ ਕੋਰਟ ਬਣਾਈ ਗਈ ਸੀ। ਇੱਥੋਂ ਦਾ ਖਾਣਾ ਖਾ ਕੇ ਸਾਰੇ ਬਿਮਾਰ ਪੈ ਗਏ। ਪਰ ਹੌਲੀ-ਹੌਲੀ ਆਦਤ ਬਣ ਗਈ। ਇੱਥੇ ਅਸੀਂ ਪੰਜ ਸਾਲ ਕੱਟੇ ਤੇ ਅਖੀਰ 1989 ਵਿਚ ਯੂ.ਐਨ.ਓ. ਦੇ ਦਬਾਅ ਕਾਰਨ ਸਾਡੇ ‘ਤੇ ਪਿਆ ਬਗਾਵਤ ਦਾ ਕੇਸ ਵਾਪਸ ਹੋ ਗਿਆ ਤਾਂ ਜਿਨ੍ਹਾਂ ‘ਤੇ ਪੰਜਾਬ ਵਿੱਚ ਕੋਈ ਕੇਸ ਨਹੀਂ ਸੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਅਤੇ ਸਾਡੇ ‘ਤੇ ਕੇਸ ਹੋਣ ਕਾਰਨ ਸਾਨੂੰ ਪੰਜਾਬ ਜਲੰਧਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਤੇ ਫਿਰ ਅੰਮ੍ਰਿਤਸਰ ਬਦਲ ਦਿੱਤਾ। ਥੋੜ੍ਹੇ ਸਮੇਂ ਬਅਦ ਮੈਂ ਆਪਣੇ ਕੇਸਾਂ ਵਿੱਚੋਂ ਜ਼ਮਾਨਤ ਕਰਵਾ ਕੇ ਬਾਹਰ ਆ ਗਿਆ। ਸਰਕਾਰ ਨੇ ਅਨੇਕਾਂ ਸਹੂਲਤਾਂ ਦਿੱਤੀਆਂ ਪਰ ਅਸੀਂ ਕੋਈ ਵੀ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਉਪਰੰਤ 1990 ਵਿੱਚ ਫਿਰ ਰੂਪੋਸ਼ ਹੋ ਗਏ ਤੇ ਫਿਰ ਦੁਬਾਰਾ ਜੇਲ੍ਹ ਵਿੱਚ ਬੰਦ ਹਾਂ। ਗੁਰੂ ਕ੍ਰਿਪਾ ਕਰੇ ਉਸ ਦਿਨ ਦੀ ਉਡੀਕ ਵਿੱਚ ਹਾਂ ਕਿ ਕੋਈ ਸਹੀ ਆਗੂ ਆਵੇ ਅਤੇ ਪੰਥ ਨੂੰ ਚੜ੍ਹਦੀ ਕਲਾ ਵੱਲ ਲਿਜਾਵੇ।

ਯਾਦ ਵਿੱਚ ਉੱਕਰੀ ਜੂਨ ’84

ਗੁਰਨਾਮ ਸਿੰਘ ਸ਼ਤਰਾਣਾ

ਦਿਨ ਸ਼ੁੱਕਰਵਾਰ ਜੂਨ 1984 ਨੂੰ ਪਿੰਡ ਸ਼ਤਰਾਣਾ, ਪਟਿਆਲੇ ਦੀ ਕੁਝ ਸੰਗਤ ਜਿਸ ਵਿੱਚ ਜ਼ਿਆਦਾਤਰ ਬੀਬੀਆਂ ਤੇ ਬੱਚੇ ਸਨ ਨੇ ਪੰਚਮੀ ਦੇ ਇਸ਼ਨਾਨ ਲਈ ਦੁਖ ਨਿਵਾਰਨ ਸਾਹਿਬ, ਪਟਿਆਲੇ ਲਈ ਕੂਚ ਕੀਤਾ। ਸੰਗਤ ਵਿੱਚ ਮਾਤਾ ਲਾਭ ਕੌਰ (ਮਾਤਾ ਸ਼ਹੀਦ ਜਰਨੈਲ ਸਿੰਘ ਸ਼ਤਰਾਣਾ) ਵੀ ਸਨ ਤੇ ਮੇਰੀ ਉਮਰ ਉਸ ਵਕਤ ਕੋਈ 13 ਕੁ ਸਾਲ ਦੀ ਸੀ। ਜਦੋਂ ਅਸੀਂ ਪਟਿਆਲੇ ਪਹੁੰਚੇ ਤਾਂ ਕੁਝ ਪ੍ਰਮੁੱਖ ਥਾਵਾਂ ‘ਤੇ ਕਰਫਿਊ ਲੱਗ ਚੁੱਕਾ ਸੀ ਤੇ ਗੁਰਦੁਆਰੇ ਪਹੁੰਚਣ ਤੇ ਸ਼ਾਮ ਨੂੰ ਪਤਾ ਲੱਗਿਆ ਕਿ ਸਾਰਾ ਪਟਿਆਲਾ ਸ਼ਹਿਰ ਹੀ ਫੌਜ ਨੇ ਸੀਲ ਕਰ ਦਿੱਤਾ ਹੈ ਤੇ ਕੋਈ ਕਿਤੇ ਆ ਜਾ ਨਹੀਂ ਸਕਦਾ। ਰਾਤ ਨੂੰ ਸਾਨੂੰ ਹੈੱਡ ਗ੍ਰੰਥੀ ਨੇ ਦੱਸਿਆ ਕਿ ਫੌਜ ਵੱਲੋਂ ਐਲਾਨ ਹੋਇਆ ਹੈ ਕਿ ਕਿਸੇ ਨੇ ਵੀ ਗੁਰਦੁਆਰੇ ਤੋਂ ਬਾਹਰ ਨਹੀਂ ਜਾਣਾ ਨਹੀਂ ਤੇ ਦੇਖਦਿਆਂ ਹੀ ਗੋਲੀ ਮਾਰ ਦਿੱਤੀ ਜਾਵੇਗੀ। ਇਹ ਉਹ ਸਮਾਂ ਸੀ ਜਦੋਂ ਫਿਜ਼ਾ ਵਿੱਚ ਜੋਸ਼ੇ-ਉਮੰਗ, ਰੋਸ, ਤਲਖੀ ਤੇ ਟਕਰਾਅ ਕੁਝ ਇਸ ਤਰ੍ਹਾਂ ਘੁੱਲ ਮਿਲ ਗਏ ਸਨ ਕਿ ਅੱਜ ਵੱਡਾ ਦੁਖਾਂਤ ਵਾਪਰਨ ਵਾਲਾ ਹੈ। ਸਿੱਖ ਕੌਮ ਨੂੰ 1947 ਤੋਂ ਬਾਅਦ ਪਹਿਲੀ ਵਾਰ ਕਿਸੇ ਕਹਿਣੀ ਤੇ ਕਰਨੀ ਵਾਲੇ ਆਗੂ ਦੇ ਦਰਸ਼ਨ ਹੋਏ ਸਨ ਤੇ ਇੱਕ ਵਾਰ ਇਵੇਂ ਲੱਗ ਰਿਹਾ ਸੀ ਕਿ ਸਾਰੀ ਕੌਮ ਦੀ ਕਿਸਮਤ ਇੱਕ ਸ਼ਖਸੀਅਤ ‘ਤੇ ਕੇਂਦਰਿਤ ਹੋ ਗਈ ਹੋਵੇ। ਸਾਡੇ ਨਾਲ ਦੀ ਸੰਗਤ ਦਾ ਵੀ ਕੁਝ ਐਸਾ ਹੀ ਹਾਲ ਸੀ ਤੇ ਇੱਕ ਭਾਰੀ ਬੇਚੈਨੀ ਸਰਬ ਵਿਆਪਕ ਸੀ। ਮਾਤਾ ਜੀ ਨੇ ਮੈਨੂੰ ਕਿਹਾ ਕਿ ਬੇਟਾ ਜਾ ਕੇ ਦੇਖ ਸਰਾਂ ਵਿੱਚ ਕਮਰਾ ਮਿਲੇ ਤਾਂ ਉੱਥੇ ਰਾਤ ਕੱਟੀ ਜਾਵੇ। ਮੈਂ ਸਰਾਂ ਵਿੱਚ ਗਿਆ ਤੇ ਦੇਖਿਆ ਕਿ ਉੱਥੇ ਪਹਿਲੋਂ ਹੀ ਬਹੁਤ ਭੀੜ ਸੀ ਤੇ ਸਾਰੇ ਕਮਰੇ ਭਰੇ ਪਏ ਸਨ। ਪੰਡਾਲ ਵਿੱਚ ਵੀ ਸੰਗਤਾਂ ਆਰਾਮ ਕਰ ਰਹੀਆਂ ਸਨ। ਸਰਾਂ ਵਿੱਚ ਸੰਗਤ ਦੀ ਗਿਣਤੀ ਕੋਈ ਚਾਰ ਪੰਜ ਸੌ ਦੇ ਕਰੀਬ ਹੋਵੇਗੀ ਤੇ ਉੱਥੇ ਵੀ ਮੈਂ ਉਹੋ ਜਿਹੀ ਮਨੋਦਸ਼ਾ ਭਾਰੂ ਦੇਖੀ ਜਿਹੋ ਜਿਹੀ ਸਾਡੀ ਸੀ। ਲੋਕਾਂ ਦੇ ਚਿਹਰਿਆਂ ‘ਤੇ ਡਰ ਵੀ ਸੀ ਫਿਕਰ ਵੀ, ਕ੍ਰੋਧ ਵੀ ਸੀ ਤੇ ਇਵੇਂ ਲੱਗ ਰਿਹਾ ਸੀ ਕਿ ਸਭ ਹੀ ਕੁਝ ਹੋਣ ਦੀ ਉਡੀਕ ਵਿਚ ਵਿਆਕੁਲ ਸਨ। ਮੈਂ ਵਾਪਸ ਆ ਕੇ ਮਾਤਾ ਜੀ ਨੂੰ ਦੱਸਿਆ ਕਿ ਆਪਾਂ ਨੂੰ ਸਰੋਵਰ ਦੀ ਪ੍ਰੀਕਰਮਾ ਵਿੱਚ ਹੀ ਰਾਤ ਕੱਟਣੀ ਪੈਣੀ ਹੈ ਜਿੱਥੇ ਕਿ ਪਹਿਲਾਂ ਹੀ ਕੋਈ 300 ਦੇ ਕਰੀਬ ਸੰਗਤ ਆਰਾਮ ਕਰ ਰਹੀ ਸੀ। ਅਸੀਂ ਉੱਥੇ ਹੀ ਸੁੱਤੇ। ਸਵੇਰੇ ਉਠ ਕੇ ਇਸ਼ਨਾਨ ਕੀਤਾ ਤੇ ਗੁਰਬਾਣੀ ਸਰਵਣ ਕੀਤੀ। ਦਿਨ ਦਾ ਚਾਨਣ ਹੋਣ ਤੇ ਪਤਾ ਲੱਗਿਆ ਕਿ ਗੁਰਦੁਆਰੇ ਨੂੰ ਚਾਰੋਂ ਪਾਸੇ ਤੋਂ ਫੌਜ ਨੇ ਸੀਲ ਕਰ ਦਿੱਤਾ ਸੀ। ਗੁਰਦੁਆਰੇ ਵਿੱਚ ਕਾਫੀ ਸੰਗਤ ਸੀ ਤੇ ਲੰਗਰ ਵਾਲੀ ਥਾਂ ‘ਤੇ ਭੀੜ ਭੜੱਕਾ ਸੀ। ਕੋਈ ਬਾਹਰ ਨਹੀਂ ਸੀ ਜਾ ਸਕਦਾ ਤੇ ਨਾ ਹੀ ਇੱਕ ਤੋਂ ਦੂਜੇ ਪਾਸੇ ਜਾ ਸਕਦਾ ਸੀ। ਗੁਰਦੁਆਰੇ ਵਿੱਚ ਲੰਗਰ ਨਾਲ ਹੀ ਗੁਜ਼ਾਰਾ ਕਰਨਾ ਪੈਣਾ ਸੀ। ਦੁੱਧ ਦੇ ਮੁੱਕਣ ਕਾਰਨ ਛੋਟੇ ਬੱਚਿਆਂ ਨੂੰ ਪਰੇਸ਼ਾਨੀ ਆ ਰਹੀ ਸੀ। ਸ਼ਨੀਵਾਰ ਸਵੇਰ ਤੋਂ ਲੈ ਕੇ ਸੋਮਵਾਰ ਰਾਤ ਤਕ ਹਾਲਾਤ ਇਹੋ ਹੀ ਬਣੇ ਰਹੇ। ਸੰਗਤ ਵਿੱਚ ਬੇਚੈਨੀ ਤੇ ਡਰ ਵਧ ਰਿਹਾ ਸੀ ਇਹ ਤੌਖਲਾ ਸੀ ਕਿ ਸ਼ਾਇਦ ਫੌਜ ਸਭਨਾਂ ਨੂੰ ਹੀ ਮਾਰ ਦੇਵੇਗੀ। ਸੋਮਵਾਰ ਰਾਤ 12 ਵਜੇ ਪਹਿਲੀ ਗੋਲੀ ਚੱਲੀ ਤੇ ਢਾਈ ਵਜੇ ਤਕ ਲਗਾਤਾਰ ਚਲਦੀ ਰਹੀ। ਸੰਗਤ ਵਿੱਚ ਭੱਜਦੌੜ ਮੱਚ ਗਈ ਤੇ ਕੁਝ ਵੀ ਸੁਝ ਨਹੀਂ ਸੀ ਰਿਹਾ। ਸਭ ਪਾਸੇ ਹਾਹਾਕਾਰ ਤੇ ਰੌਲਾ ਰੱਪਾ ਸੀ ਤੇ ਗੋਲੀਬਾਰੀ ਦੀ ਲਗਾਤਾਰ ਆਵਾਜ਼ ਮਾਹੌਲ ਨੂੰ ਹੋਰ ਭੈਭੀਤ ਬਣਾ ਰਹੀ ਸੀ। ਕੋਈ ਢਾਈ ਕੁ ਵਜੇ ਫੌਜ ਨੇ ਗੁਰਦੁਆਰੇ ‘ਤੇ ਕਬਜ਼ਾ ਕਰ ਲਿਆ ਤੇ ਪ੍ਰਕਰਮਾ ਵਿਚਲੀ ਸਾਰੀ ਸੰਗਤ ਨੂੰ ਚਾਹ ਦੇ ਲੰਗਰ ਵਾਲੀ ਥਾਂ ‘ਤੇ ਇਕੱਠਾ ਕਰ ਲਿਆ। ਉਨ੍ਹਾਂ ਹਿਲਜੁੱਲ ਦੀ ਸਖਤ ਮਨਾਹੀ ਕੀਤੀ। ਇਸ ਤੋਂ ਬਾਅਦ ਸਾਰੀ ਸੰਗਤ ਵਿੱਚੋਂ ਨੌਜਵਾਨਾਂ ਦੀ ਛਾਂਟੀ ਕੀਤੀ ਗਈ ਜਿਨ੍ਹਾਂ ਦੀ ਗਿਣਤੀ ਕੋਈ 50- 6• ਸੀ। ਇਹਨ੍ਹਾਂ ਨੌਜਵਾਨਾਂ ਨੂੰ ਸੰਗਤ ਦੇ ਸਾਹਮਣੇ ਹੀ ਬੰਦੂਕਾਂ, ਬੂਟਾਂ ਤੇ ਠੁੱਡਿਆਂ ਨਾਲ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਗਾਲ੍ਹੀ ਗਲੋਚ ਕੀਤਾ ਗਿਆ। ਇਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੌਜਵਾਨਾਂ ਨੂੰ ਕਿਥੇ ਲਿਜਾਇਆ ਗਿਆ ਕਿਉਂਕਿ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਦੀ ਨਹੀਂ ਵੇਖਿਆ। ਬਾਕੀ ਸੰਗਤ ਨੂੰ ਉੱਥੇ ਹੀ ਬਿਠਾਈ ਰੱਖਿਆ ਗਿਆ। ਪ੍ਰੀਕਰਮਾ ਵਿੱਚ ਸ਼ਾਇਦ ਥੋੜ੍ਹੇ ਜਿਹੇ ਹਥਿਆਰਬੰਦ ਸਿੰਘ ਸਨ ਜਿਨ੍ਹਾਂ ਨੇ ਪ੍ਰਕਰਮਾ ਦੇ ਥੰਮ੍ਹਾਂ ਦੇ ਉਹਲਿਓਂ ਫੌਜ ਦੀ ਗੋਲੀਬਾਰੀ ਦਾ ਕੁਝ ਸਮੇਂ ਲਈ ਜਵਾਬ ਦਿੱਤਾ ਤੇ ਫਿਰ ਇਹ ਜਵਾਬ ਬੰਦ ਹੋ ਗਿਆ। ਸਵੇਰ 5 ਕੁ ਵਜੇ ਤਕ ਸੰਗਤ ਨੂੰ ਫੌਜੀਆਂ ਨੇ ਸਖਤੀ ਨਾਲ ਇਕੋ ਥਾਂ ‘ਤੇ ਬੈਠਾਈ ਰੱਖਿਆ। ਜੇ ਕਿਸੇ ਨੂੰ ਟੱਟੀ ਪਿਸ਼ਾਬ ਆਉਂਦਾਂ ਤਾਂ ਸਰੋਵਰ ਦੇ ਕੰਢੇ ‘ਤੇ ਹੀ ਕਰਨਾ ਪੈਂਦਾ ਸੀ। ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਾ ਹੋ ਸਕਿਆ। ਦਿਨ ਚੜ੍ਹਨ ‘ਤੇ ਫੌਜ ਨਾਲ ਪੰਜਾਬ ਪੁਲਿਸ ਵੀ ਆ ਗਈ ਤੇ ਸਾਨੂੰ ਛੋਟੇ ਛੋਟੇ ਗਰੁੱਪਾਂ ਵਿੱਚ ਟੱਟੀ ਪਿਸ਼ਾਬ ਲਈ ਲਿਜਾਇਆ ਗਿਆ। ਨਿਸ਼ਾਨ ਸਾਹਿਬ ਕੋਲੋਂ ਲੰਘਦਿਆਂ ਮੈਂ ਵੇਖਿਆ ਕਿ ਇੱਕ ਨੀਲੀ ਦਸਤਾਰ ਤੇ ਗੁਟਕਾ ਸਾਹਿਬ ਖੂਨ ਵਿੱਚ ਗੜੁੱਚ ਪਏ ਸਨ। ਟੁੱਟੀਆਂ ਸਰਾਂ ਵਿੱਚ ਬਣੀਆਂ ਹੋਣ ਕਾਰਨ ਸਾਨੂੰ ਉੱਥੇ ਲਿਜਾਇਆ ਗਿਆ। ਅੰਦਰ ਦਾ ਦ੍ਰਿਸ਼ ਬਹੁਤ ਡਰਾਉਣਾ ਤੇ ਕਚਿਆਣਾ ਸੀ। ਜੋ 400-500 ਸੰਗਤ ਸ਼ੁਕਰਵਾਰ ਨੂੰ ਇੱਥੇ ਦੇਖੀ ਸੀ, ਉਸ ਦਾ ਕੋਈ ਪਤਾ ਨਹੀਂ ਸੀ ਤੇ ਸਾਰੀ ਫਰਸ਼ ਖੂਨ ਨਾਲ ਲੱਥਪੱਥ ਸੀ। ਮਨੁੱਖੀ ਖੂਨ ਦਾ ਗਾੜ੍ਹਾ ਗਾਰਾ ਬਣ ਗਿਆ ਸੀ ਤੇ ਪੈਰ ਥੱਪ-ਥੱਪ ਕਰ ਰਹੇ ਸਨ। ਮਨੁੱਖੀ ਖੂਨ ਉਤੋਂ ਦੀ ਤੁਰਨਾ ਡਾਢਾ ਔਖਾ ਸੀ ਮੈਂ ਬੇਸੁਧ ਜਿਹਾ ਇੱਕ ਲੋਬ ਵਾਂਗ ਤੁਰਿਆ ਜਾ ਰਿਹਾ ਸੀ। ਹਵਾ ਵਿੱਚ ਮੌਤ ਦੀ ਬੋ ਸੀ ਤੇ ਪੈਰਾਂ ਵਿੱਚ ਗਾੜ੍ਹੀ ਲਾਲ ਮਨੁੱਖੀ ਰੱਤ ਸੀ। ਇਸ ਖੂਨ ਦੀ ਕੀ ਕਹਾਣੀ ਸੀ ਜਾਂ ਉਸ ਸੰਗਤ ਦਾ ਕੀ ਬਣਿਆ ਇਸ ਬਾਰੇ ਕਿਆਸ ਹੀ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਸਾਰੀ ਸੰਗਤ ਹੀ ਸ਼ਹੀਦ ਕਰ ਦਿੱਤੀ ਗਈ ਹੋਵੇ। ਉਸ ਦਿਨ ਮੈਂ ਇੱਕ ਹੋਰ ਘਿਨਾਉਣਾ ਦ੍ਰਿਸ਼ ਇਹ ਦੇਖਿਆ ਕਿ ਗੁਰੂ ਘਰ ਦਾ ਇੱਕ ਦਰਮਿਆਨੇ ਕੱਦ ਤੇ ਭਾਰੇ ਸਰੀਰ ਵਾਲਾ ਗ੍ਰੰਥੀ ਸਿੰਘਾਂ ਦੀ ਨਿਸ਼ਾਨਦੇਹੀ ਕਰ ਰਿਹਾ ਸੀ ਤੇ ਪੁਲਿਸ ਨੂੰ ਸਭ ਕੁਝ ਬਹੁਤ ਵਿਸਥਾਰ ਤੇ ਦਲੀਲ ਨਾਲ ਦੱਸ ਰਿਹਾ ਸੀ। ਸਿੱਖ ਕੌਮ ਵਿੱਚ ਜਿੱਥੇ ਸੂਰਬੀਰਾਂ ਤੇ ਸਰਫਰੋਸ਼ਾਂ ਦੀ ਕਮੀ ਨਹੀਂ ਹੈ ਉੱਥੇ ਨਾਲੋ ਨਾਲ ਸਿਰੇ ਦੇ ਗਦਾਰਾਂ ਦੀ ਵੀ ਕਮੀ ਨਹੀਂ ਹੈ। ਸਾਨੂੰ ਸਾਰਿਆ ਨੂੰ ਫਿਰ ਸਰੋਵਰ ਦੇ ਕੰਡੇ ‘ਤੇ ਬੈਠਣ ਲਈ ਕਿਹਾ ਗਿਆ ਤੇ ਕਰੀਬ 8 ਵਜੇ ਸਵੇਰੇ ਸਾਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਪੁਲਿਸ ਸਾਨੂੰ ਹੱਥ ਖੜ੍ਹੇ ਕਰਵਾ ਕੇ ਕੜਾਹ ਪ੍ਰਸ਼ਾਦ ਵਾਲੀ ਥਾਂ ‘ਤੇ ਲੈ ਗਈ ਤੇ ਫਿਰ ਉਸੇ ਤਰ੍ਹਾਂ ਬਿਠਾ ਦਿੱਤਾ ਗਿਆ ਇੱਥੇ ਫੌਜ ਤੇ ਪੁਲਿਸ ਨੇ ਸਾਰਿਆਂ ਦੇ ਨਾਮ ਤੇ ਪਤੇ ਹਾਸਲ ਕੀਤੇ। ਸਾਡੇ ਸਾਹਮਣੇ ਸਰਾਂ ਅਤੇ ਸਰੋਵਰ ਵਿੱਚੋਂ ਮਿਲਿਆ ਅਸਲਾ ਵੀ ਰੱਖਿਆ ਗਿਆ ਤੇ ਫਿਰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦ ਅਸੀਂ ਦਰਸ਼ਨੀ ਡਿਊਢੀ ਵਿੱਚੋਂ ਲੰਘੇ ਤਾਂ ਦੇਖਿਆ ਕਿ ਡਿਊਢੀ ਦੀਆਂ ਪੌੜੀਆਂ ਖੂਨ ਨਾਲ ਲਿਬੜੀਆਂ ਪਈਆਂ ਸਨ ਤੇ ਰੌਸ਼ਨਦਾਨ ਟੁੱਟੇ ਹੋਏ ਸਨ ਤੇ ਕੰਧਾਂ ’ਤੇ ਥਾਂ ਥਾਂ ਗੋਲਿਆਂ ਨੇ ਡੂੰਘੇ ਖੱਪੇ ਪਾਏ ਹੋਏ ਸਨ । ਫਿਰ ਸਾਨੂੰ ਸਰਹਿੰਦ ਰੋਡ ਵਾਲੇ ਗੇਟ ਕੋਲ ਜਿੱਥੇ ਕਿ ਲੰਗਰ ਤੇ ਸਰਾਂ ਨੂੰ ਰਸਤਾ ਜਾਂਦਾ ਹੈ ਉੱਥੇ ਬੈਠਣ ਲਈ ਕਿਹਾ ਗਿਆ ਇੱਥੇ ਅਸੀਂ ਦੇਖਿਆ ਕਿ ਸੜਕ ਤੇ ਡੂੰਘੇ ਚੋਟਾਂ ਦੇ ਨਿਸ਼ਾਨ ਸਨ ਜੋ ਬਾਅਦ ਵਿੱਚ ਪਤਾ ਲੱਗਿਆ ਕਿ ਟੈਂਕ ਦੀ ਚੈਨ ਦੇ ਨਿਸ਼ਾਨ ਸਨ। ਇਸੇ ਰਸਤੇ ਖਾਲੀ ਟੈਂਕ ਸਰਾਂ ਵੱਲ ਨੂੰ ਗਿਆ ਲੱਗਦਾ ਸੀ। ਕੁਝ ਫੌਜੀ ਅਸੀਂ ਦੇਖੇ ਜੋ ਕਿ ਜ਼ਖਮੀ ਸਨ ਤੇ ਉਹਨਾਂ ਦੀਆਂ ਲੱਤਾਂ ਬਾਹਾਂ ‘ਤੇ ਗੋਲੀਆਂ ਦੇ ਜ਼ਖਮ ਲੱਗਦੇ ਸਨ ਇਸ ਤੋਂ ਬਾਅਦ ਸਾਨੂੰ ਕੁਝ ਨੂੰ ਸੀ.ਆਈ.ਏ.ਸਟਾਫ ਪਟਿਆਲਾ ਤੇ ਕੁਝ ਨੂੰ ਸਦਰ ਥਾਣਾ ਪਟਿਆਲੇ ਲਿਜਾਇਆ ਗਿਆ ਤੇ ਇੱਕ ਵਾਰ ਫਿਰ ਸਭਨਾਂ ਦਾ ਪਤਾ ਲਿਖਿਆ ਗਿਆ। ਸਦਰ ਥਾਣੇ ਵਿੱਚ ਅਸੀਂ 150 ਕੁ ਜਣੇ ਸਾਂ ਤੇ ਸਾਨੂੰ ਸ਼ਾਮ ਨੂੰ ਰੋਟੀ ਤੇ ਪਾਣੀ ਦਿੱਤਾ ਗਿਆ ਬੀਬੀਆਂ ਬੱਚੇ ਭੁੱਖ ਪਿਆਸ ਤੇ ਡਰ ਨਾਲ ਬੇਹਾਲ ਹੋਏ ਪਏ ਸਨ ਤੇ ਉਹਨਾਂ ਨੂੰ ਲੰਗਰ ਪਾਣੀ ਨਾਲ ਕੁਝ ਰਾਹਤ ਮਿਲੀ। ਫਿਰ ਐੱਸ.ਐੱਸ.ਪੀ. ਪਟਿਆਲਾ ਨੇ ਸਾਨੂੰ ਕਿਹਾ ਕਿ ਜਿਹੜਾ ਗੁਰਦੁਆਰੇ ਜਾਣਾ ਚਾਹੁੰਦਾ ਹੈ ਉਸਨੂੰ ਉੱਥੇ ਛੱਡ ਦਿੱਤਾ ਜਾਵੇਗਾ ਤੇ ਜਿਹੜਾ ਘਰੇ ਜਾਣਾ ਚਾਹੇ ਉਸਨੂੰ ਪਟਿਆਲੇ ਤੋਂ ਬਾਹਰ ਛੱਡ ਦਿੱਤਾ ਜਾਵੇਗਾ ਕਿਉਂਕਿ ਪਟਿਆਲੇ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀ। ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਸਾਨੂੰ ਪਟਿਆਲੇ ਤੋਂ ਬਾਹਰ ਛੱਡ ਦਿੱਤਾ ਜਾਵੇ ਤਾਂ ਸਾਨੂੰ ਪੰਜਾਬ ਪੁਲਿਸ ਨੇ ਰਾਤ 10 ਕੁ ਵਜੇ ਪਟਿਆਲੇ ਤੋਂ ਬਾਹਰ ਛੱਡ ਆਂਦਾ। ਜੂਨ 84 ਦੇ ਇਹ ਕੁਝ ਦਿਨ ਮੇਰੀ ਯਾਦ ਵਿੱਚ ਸੋਚ ਲਈ ਉਕਰ ਗਏ ਹਨ ਤੇ ਹਰ ਜੂਨ ਦੇ ਪਹਿਲੇ ਹਫਤੇ ਇਹ ਯਾਦ ਸੋਚਾਂ ‘ਤੇ ਛਾ ਜਾਂਦੀ ਹੈ ਤੇ ਮੈਂ ਸੋਚਦਾ ਹਾਂ ਕਿ ਸਮੇਂ ਦਾ ਗੇੜ ਕਹੋ, ਜਾਂ ਮੇਰੀ ਕੌਮ ਦੀ ਖੁਆਰੀ ਕਿ ਉਹੋ ਭਾਰਤੀ ਫੌਜ ਜਿਸ ਨੇ ਸਾਡੀ ਇੱਜ਼ਤ ਨੂੰ ਪੈਰੀਂ ਮਧੋਲਿਆ ਅੱਜ ਉਹੀ ਭਾਰਤੀ ਫੌਜ ਵਿੱਚ ਨੌਕਰ ਸਿੱਖ ਜਵਾਨ ਹੋਰਨਾਂ ਸੰਘਰਸ਼ਸ਼ੀਲ ਕੌਮਾਂ ਨੂੰ ਲਤਾੜ ਰਹੇ ਹਨ। ਆਪਣੀ ਹੋਣੀ ਬਾਰੇ ਕੀ ਕੀਤਾ ਜਾਵੇ ਕੁਝ ਸੁਝਦਾ ਨਹੀਂ ਹੈ। ਵਾਹਿਗੁਰੂ ਭਲੀ ਕਰੇ ਤੇ ਮੇਰੀ ਮਦਹੋਸ਼ ਕੌਮ ਨੂੰ ਸੁਰਤ ਸੁਧ ਬਖਸ਼ੇ।

ਆਪ੍ਰੇਸ਼ਨ ਬਲਿਊ ਸਟਾਰ ਵੇਲੇ ਦਾ (ਇਕ ਬੇਮਾਇਨਾ) ਅੱਖੀਂ ਡਿੱਠਾ ਦ੍ਰਿਸ਼

ਡਾ. ਹਰਪਾਲ ਸਿੰਘ ਪੰਨੂ

ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਅਕਸਰ ਜਾਂਦੇ ਰਹਿੰਦੇ। ਕਦੀ ਇਕੱਲਿਆਂ, ਕਦੀ ਦੋਸਤਾਂ ਸਮੇਤ, ਕਦੀ ਬੱਚਿਆਂ ਨਾਲ, ਤਕਰੀਬਨ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਔਸਤਨ ਚੱਕਰ ਲੱਗ ਹੀ ਜਾਂਦਾ। ਉੱਥੇ ਅਕਾਲੀ ਮੋਰਚੇ ਉੱਪਰ ਸੇਵਾ ਹਿੱਤ ਜੱਥੇ ਪੁੱਜਦੇ ਸੀ। ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਹੁੰਦੀ ਤੇ ਕੇਸਰੀ ਸਿਰੋਪਾਓ ਪਹਿਨੇ ਜੁਆਨ ਗ੍ਰਿਫਤਾਰੀਆਂ ਲਈ ਨਿਕਲਦੇ। ਐੱਸ.ਵਾਈ.ਐੱਲ. ਦੀ ਪੁਟਾਈ ਵਿਰੁੱਧ ਲੱਗਾ ਮੋਰਚਾ ਸੰਤ ਜਰਨੈਲ ਸਿੰਘ ਨੇ ਅਪਣਾ ਲਿਆ ਤੇ ਸਥਾਨ ਕਪੂਰੀ ਤੋਂ ਬਦਲ ਕੇ ਅੰਮ੍ਰਿਤਸਰ ਹੋ ਗਿਆ। ਜਿਸ ਦਿਨ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਦਾ ਐਲਾਨ ਕਰਨਾ ਸੀ, ਤੇ ਰਸਮੀ ਤੌਰ ‘ਤੇ ਮੋਰਚਾ ਆਪਣੇ ਹੱਥਾਂ ਵਿੱਚ ਲੈਣਾ ਸੀ, ਉਸ ਦਿਨ ਪਟਿਆਲੇ ਤੋਂ ਕੁੱਝ ਪੱਤਰਕਾਰਾਂ ਦੀ ਗੱਡੀ ਵਿੱਚ ਬੈਠ ਕੇ ਮੈਂ ਵੀ ਅੰਮ੍ਰਿਤਸਰ ਪੁੱਜ ਗਿਆ।

ਕਪੂਰੀ ਦਾ ਮੋਰਚਾ:

ਖੱਬੀਆਂ ਪਾਰਟੀਆਂ ਦੇ ਬਿਆਨ ਆ ਰਹੇ ਸਨ ਕਿ ਅਕਾਲੀ ਪੰਜਾਬੀਆਂ ਦੇ ਜ਼ਜ਼ਬਾਤ ਧਰਮ ਯੁੱਧ ਦੇ ਨਾਮ ਹੇਠ ਭੜਕਾ ਰਹੇ ਹਨ। ਉਹ ਆਰਥਿਕ ਪ੍ਰੋਗਰਾਮ ਦੇਣ ਤਾਂ ਖੱਬੀਆਂ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰਨਗੀਆਂ। ਅਕਾਲੀਆਂ ਨੇ ਐਲਾਨ ਕੀਤਾ, ਠੀਕ ਹੈ… ਪੰਜਾਬ ਵਿਚ ਪਹਿਲਾਂ ਹੀ ਪਾਣੀ ਦੀ ਥੁੜ੍ਹ ਹੈ, ਹੁਣ ਐੱਸ.ਵਾਈ.ਐੱਲ.ਨਹਿਰ ਰਾਹੀਂ ਰਾਇਪੇਰੀਅਨ ਸਟੇਟ ਪੰਜਾਬ ਦੇ ਪਾਣੀਆਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਦੀ ਆਰਥਿਕਤਾ ਨੂੰ ਤਬਾਹ ਹੋਣੋਂ ਰੋਕਣ ਹਿੱਤ ਕਪੂਰੀ ਵਿਖੇ ਮੋਰਚਾ ਉਸ ਦਿਨ ਆਰੰਭਿਆ ਜਾਏਗਾ ਜਿਸ ਦਿਨ ਇੰਦਰਾ ਗਾਂਧੀ ਇਸ ਨੂੰ ਪਹਿਲਾ ਟੱਕ ਲਾਉਣ ਲਈ ਆਏਗੀ। ਕਮਿਊਨਿਸਟਾਂ ਨੇ ਅਕਾਲੀਆਂ ਦੇ ਇਸ ਆਰਥਿਕਤਾ ਦੇ ਨਾਲ ਸਬੰਧਤ ਮੋਰਚੇ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਮਿੱਥੇ ਦਿਨ ਸੁਰੱਖਿਆ ਬਲ ਕਪੂਰੀ ਪੁੱਜਣੇ ਸ਼ੁਰੂ ਹੋ ਗਏ ਤੇ ਕਾਂਗਰਸੀ ਵਰਕਰ ਵੀ ਪੰਜਾਬ ਦਾ ਪਾਣੀ ਲੁੱਟਣ ਖਾਤਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਪੁੱਜਣੇਂ ਸ਼ੁਰੂ ਹੋ ਗਏ। ਇੱਧਰੋਂ ਕੇਸਰੀ ਝੰਡੀ ਲੈ ਕੇ ਅਕਾਲੀ ਅਤੇ ਲਾਲ ਫਰੇਰੇ ਲਹਿਰਾਉਂਦੇ ਮਾਰਕਸੀਏ ਪੁੱਜਣੇ ਸ਼ੁਰੂ ਹੋ ਗਏ। ਜਦੋਂ ਇੰਦਰਾ ਗਾਂਧੀ ਦੇ ਆਉਣ ਸਮੇਂ ਲਾਊਡ ਸਪੀਕਰਾਂ ਉੱਪਰ ਐਲਾਨ ਕੀਤੇ ਜਾਣ ਉਪਰੰਤ ਵੀ ਅਕਾਲੀ ਵਾਪਸ ਨਾ ਪਰਤੇ ਤਾਂ ਲਾਠੀ ਚਾਰਜ ਸ਼ੁਰੂ ਹੋਇਆ। ਕਮਿਊਨਿਸਟਾਂ ਨੇ ਪਹਿਲਾਂ ਹੀ ਆਪਣੇ ਟਿਕਾਣੇ ਅਜਿਹੀ ਥਾਂ ਰੱਖੇ ਹੋਏ ਸਨ ਕਿ ਭੱਜਣ ਵਿੱਚ ਵਿਘਨ ਨਾ ਪਵੇ। ਮਿੰਟਾਂ ਵਿੱਚ ਹੀ ਨਾ ਕੋਈ ਕਮਿਊਨਿਸਟ ਦਿੱਸਿਆ ਨਾ ਲਾਲ ਫਰੇਰਾ ਲਹਿਰਾਉਂਦਾ ਨਜ਼ਰੀਂ ਪਿਆ। ਅਕਾਲੀਆਂ ਨੂੰ ਹੋਸ਼ ਆਈ ਕਿ ਕਾਮਰੇਡ ਆਪਣਾ ਐਕਸ਼ਨ ਕਰਵਾ ਕੇ ਦੌੜ ਗਏ ਹਨ। ਇਸ ਲਈ ਧਰਮ ਯੁੱਧ ਮੋਰਚਾ ਹੀ ਠੀਕ ਹੈ। ਕਮਿਊਨਿਸਟਾਂ ਦੇ ਕਹਿਣ ‘ਤੇ ਅਕਾਲੀਆਂ ਨੇ ਆਰਥਿਕ ਪ੍ਰੋਗਰਾਮ ਮਿਥਿਆ। ਪਰ ਕਮਿਊਨਿਸਟ ਵੱਖੀ ਵਿੱਚ ਛੁਰਾ ਮਾਰ ਕੇ ਤਿੱਤਰ ਹੋ ਗਏ।

ਸੰਤ ਜਰਨੈਲ ਸਿੰਘ ਦੀ ਚੜ੍ਹਤ ਸੀ। ਨੌਜਵਾਨ ਸਿੰਘ ਵੱਡੀ ਗਿਣਤੀ ਵਿੱਚ ਸਾਬਤ ਸੂਰਤ ਵੀ ਹੋ ਰਹੇ ਸਨ ਤੇ ਅੰਮ੍ਰਿਤ ਵੀ ਛੱਕ ਰਹੇ ਸਨ। ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ ਤੇ ਭਾਈ ਹਰਮਿੰਦਰ ਸਿੰਘ ਸੰਧੂ ਸਕੱਤਰ। ਜਦੋਂ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਹੋਂਦ ਵਿੱਚ ਆਈ ਹੈ, ਉਸਦੀ ਸਿਆਸੀ ਅਤੇ ਧਾਰਮਿਕ ਚੜ੍ਹਤ ਦੀ ਸਿਖਰ ਦਾ ਇਹੋ ਸਮਾਂ ਸੀ। ਤਦ ਸੰਤ ਜਰਨੈਲ ਸਿੰਘ ਨੇ ਅਕਾਲੀਆਂ ਦੇ ਧਰਮ-ਯੁੱਧ ਦਾ ਮੋਰਚਾ ਸੰਭਾਲ ਲਿਆ। ਜਿਸ ਦਿਨ ਇਹ ਮੋਰਚਾ ਸੰਤਾਂ ਨੇ ਸੰਭਾਲਿਆ, ਉਸ ਦਿਨ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਬੇਮਿਸਾਲ ਇਕੱਠ ਸੀ। ਉਸ ਇਕੱਠ ਵਿੱਚ ਅਕਾਲੀ ਲੀਡਰਾਂ ਨੇ ਭਾਸ਼ਣ ਦਿੱਤੇ। ਸ. ਗੁਰਚਰਨ ਸਿੰਘ ਟੌਹੜਾ ਨੇ ਕਿਹਾ, “ਸੰਤ ਜੀ ਮੋਰਚੇ ਲਾਉਣੇ ਸੌਖੇ ਹਨ, ਨਿਭਾਉਣੇ ਬੜੇ ਔਖੇ ਹਨ। ਇੱਕ ਇੱਕ ਘਰ ਵਿਚੋਂ ਇੱਕ ਇੱਕ ਬੰਦਾ ਘੱਟੋ-ਘੱਟ ਗ੍ਰਿਫ਼ਤਾਰੀ ਲਈ ਆਉਣਾ ਚਾਹੀਦਾ ਹੈ।” ਫਿਰ ਤਲਵੰਡੀ ਸਾਹਿਬ, ਲੌਂਗੋਵਾਲ ਸਾਹਿਬ, ਬਾਦਲ ਸਾਹਿਬ, ਸੁਖਜਿੰਦਰ ਸਿੰਘ ਆਦਿਕ ਸਮੇਤ ਅਨੇਕ ਅਕਾਲੀ ਲੀਡਰਾਂ ਨੇ ਭਾਸ਼ਣ ਦਿੱਤੇ। ਬੀਬੀ ਰਾਜਿੰਦਰ ਕੌਰ (ਡਾ.) ਨੇ ਕਿਹਾ, “ਸੰਤ ਜੀ। ਮੋਰਚਾ ਸ਼ਹਾਦਤ ਮੰਗਦਾ ਹੈ। ਲੀਡਰ ਜੇ ਸ਼ਹਾਦਤ ਤੋਂ ਭੱਜ ਗਏ ਤਾਂ ਮੋਰਚਾ ਕਾਮਯਾਬ ਨਹੀਂ ਹੋਵੇਗਾ….।”

ਅਖ਼ੀਰ ਵਿੱਚ ਸੰਤ ਜਰਨੈਲ ਸਿੰਘ ਜੀ ਦਾ ਭਾਸ਼ਣ ਸੀ। ਉਹ ਅੱਧਾ ਮਿੰਟ ਬੋਲੇ ਤੇ ਕਿਹਾ, “ਟੌਹੜਾ ਸਾਹਿਬ ਨੇ ਕਿਹਾ ਹੈ ਕਿ ਇੱਕ ਘਰ ਵਿੱਚੋਂ ਇੱਕ ਬੰਦਾ ਗ੍ਰਿਫ਼ਤਾਰੀ ਦੇਣ ਯਕੀਨਨ ਆਏ ਤਦ ਕਾਮਯਾਬੀ ਮਿਲੇਗੀ… ਮੈਂ ਆਖਦਾ ਹਾਂ ਇੱਕ ਬੰਦੇ ਨੂੰ ਤਾਂ ਘਰ ਵਿੱਚ ਰਹਿਣ ਲਈ ਹੁਕਮ ਦੇਣਾ ਪਵੇਗਾ। ਪਰਿਵਾਰਾਂ ਦੇ ਪਰਿਵਾਰ ਆਉਣਗੇ ਗ੍ਰਿਫ਼ਤਾਰੀਆਂ ਲਈ ਨਹੀਂ ਕੇਵਲ ਮਰਨ ਲਈ ਘਰੋਂ ਨਿਕਲਣਗੇ… ਜੇ ਲੀਡਰ ਇਮਾਨਦਾਰ ਹੋਏ ਤਾਂ । ਬੀਬੀ ਰਾਜਿੰਦਰ ਕੌਰ ਨੇ ਸਹੀ ਕਿਹਾ ਹੈ ਕਿ ਲੀਡਰ ਦੀ ਕੁਰਬਾਨੀ ਦੇ ਬਗ਼ੈਰ ਮੋਰਚਾ ਸਫ਼ਲ ਨਹੀਂ ਹੋਣਾ। ਇਹ ਸਹੀ ਕਿਹਾ ਹੈ ਬੀਬੀ ਨੇ । ਇੱਥੇ ਮੈਂ ਅਰਜ਼ ਕਰ ਦੇਣੀ ਵਾਜਬ ਸਮਝਦਾ ਹਾਂ ਕਿ ਮੈਂ ਤਾਂ ਲੀਡਰ ਹਾਂ ਨਹੀਂ। ਇਥੇ ਬੜੇ ਲੀਡਰ ਸਟੇਜ ਉਪਰ ਸੁਸ਼ੋਭਿਤ ਹਨ, ਤਲਵੰਡੀ ਸਾਹਿਬ, ਬਾਦਲ ਸਾਹਿਬ, ਲੌਂਗੋਵਾਲ ਸਾਹਿਬ ਤੇ ਟੌਹੜਾ ਸਾਹਿਬ, ਬੀਬੀ ਜੀ ਇਨ੍ਹਾਂ ਲੀਡਰਾਂ ਉਪਰ ਸ਼ੱਕ ਨਾ ਕਰੋ। ਇਹ ਕੁਰਬਾਨੀਆਂ ਦੇਣਗੇ। ਇਹ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰਆਂ ਖਾ ਚੁੱਕੇ ਹਨ ਕਿ ਮਰ ਜਾਣਾ ਮਨਜ਼ੂਰ, ਪੰਥ ਨੂੰ ਪਿੱਠ ਨਹੀਂ ਦੇਣੀ…. ਇਹ ਪਿੱਛੇ ਨਹੀਂ ਹੱਟਣਗੇ। ਜੇ ਕਿਤੇ ਮੈਂ ਲੀਡਰ ਹੁੰਦਾ, ਤਦ ਮੈਂ ਵੀ ਕੁਰਬਾਨੀ ਦੇਣ ਬਾਰੇ ਆਖਦਾ, ਸੋਚਦਾ। ਪਰ ਇਥੇ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਹਾਜ਼ਰੀ ਵਿੱਚ ਝੂਠ ਨਹੀਂ ਬੋਲਾਂਗਾ ਮੈਂ। ਕੁਰਬਾਨੀ ਸ਼ਹਾਦਤ ਇਹ ਬੜੇ ਵੱਡੇ ਫੈਸਲੇ ਹਨ। ਇਸ ਬਾਰੇ ਮੈਂ ਝੂਠ ਨਹੀਂ ਬੋਲ ਸਕਦਾ। ਜਿੰਨੀ ਕੁ ਸੇਵਾ ਮਹਾਰਾਜ ਲੈਣਗੇ….ਨਿਭਾਵਾਂਗਾਨਿਭਾਉਣ ਦਾ ਯਤਨ ਅਵੱਸ਼ ਕਰਾਂਗਾ। ਪਰ ਇਨ੍ਹਾਂ ਲੀਡਰਾਂ ਉੱਪਰ ਉਦੋਂ ਤੱਕ ਤਾਂ ਆਪਾਂ ਨੂੰ ਇਤਬਾਰ ਕਰਨਾ ਪਵੇਗਾ ਜਦ ਤਕ ਇਹ ਬੇਈਮਾਨ ਸਾਬਤ ਨਹੀਂ ਹੁੰਦੇ। ਜੇ ਇਨ੍ਹਾਂ ਨੇ ਦਗਾ ਕੀਤਾ ਤੁਹਾਡੇ ਨਾਲ ਸੌਦੇਬਾਜ਼ੀ ਕੀਤੀ ਫਿਰ ਤੁਸੀਂ ਜਾਣੋ ਤੇ ਇਹ ਜਾਨਣ। ਹਾਲ ਦੀ ਘੜੀ ਜੋ ਵਾਅਦੇ ਇਨ੍ਹਾਂ ਨੇ ਕੀਤੇ ਹਨ, ਉਨ੍ਹਾਂ ਉੱਪਰ ਇਤਬਾਰ ਕਰੋ।”

ਸੰਤ ਜਰਨੈਲ ਸਿੰਘ ਦੇ ਬੋਲਾਂ ਵਿੱਚ ਤਾਕਤ ਸੀ। ਇਹ ਤਾਕਤ ਨਾ ਵਿਦਵੱਤਾ ਦੀ ਸੀ ਨਾ ਹੰਢੀ ਹੋਈ ਸਿਆਸਤ ਦੀ। ਉਹ ਤਾਂ ਅਬੋਧ ਬਾਲਕ ਵਾਂਗ ਬੋਲਦਾ ਸੀ…ਪੂਰਨ ਨਿਰਛਲਤਾ ਨਾਲ। ਜੇ ਉਸ ਵਿੱਚ ਕਿਸੇ ਚੀਜ਼ ਦੀ ਤਾਕਤ ਸੀ, ਜਿਸ ਸਦਕਾ ਕੀ ਨੌਜੁਆਨ ਤੇ ਕੀ ਬਜੁਰਗ ਜਾਨਾਂ ਵਾਰਨ ਨੂੰ ਤਤਪਰ ਸਨ, ਤਾਂ ਉਹ ਸੀ ਉਸ ਦੀ ਈਮਾਨਦਾਰੀ। ਵਿਦਵੱਤਾ ਅਤੇ ਸਿਆਸਤ ਦਾ ਤਜਰਬਾ, ਈਮਾਨਦਾਰੀ ਦੇ ਕਦਮਾਂ ਦੀ ਖ਼ਾਕ ਹਨ ਕੇਵਲ ਇਹ ਗੱਲ ਉਹ ਲੋਕ ਜਾਣਦੇ ਹਨ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਦਾ ਵਿਹਾਰ ਦੇਖਿਆ ਹੈ।

ਸੰਤ ਜਰਨੈਲ ਸਿੰਘ ਨੂੰ ਆਖ਼ਰੀ ਵਾਰ ਮੈਂ 24-25 ਮਈ, 1984 ਨੂੰ ਦੇਖਿਆ। ਮੌਸਮ ਅਤੇ ਮਾਹੌਲ ਦੋਵਾਂ ਵਿੱਚ ਗਰਮੀ ਅਤੇ ਤਲਖ਼ੀ ਸੀ। ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਪਾਸ ਗਏ। ਪਾਣੀ ਪੀਤਾ ਕੁੱਝ ਗੱਲਾਂ ਕੀਤੀਆਂ। ਆਸੇ ਪਾਸੇ ਬੈਠੇ ਅਕਾਲੀ ਵਰਕਰਾਂ ਦੀ ਘੁਸਰ-ਮੁਸਰ ਤੋਂ ਅਤੇ ਸੰਤ ਲੌਂਗੋਵਾਲ ਦੀ ਖਾਮੋਸ਼ੀ ਤੋਂ ਅਸੀਂ ਤਾੜ ਗਏ ਕਿ ਸਭ ਅੱਛਾ ਨਹੀਂ ਹੈ। ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਿਆ। ਪ੍ਰਤੱਖ ਸੀ ਕਿ ਅਕਾਲੀ ਅਤੇ ਸੰਤ ਜੀ ਆਪਸ ਵਿੱਚ ਇਕਸੁਰ ਨਹੀਂ ਸਨ।

ਫਿਰ ਦੋਸਤ ਮਿੱਤਰ ਕਹਿਣ ਲੱਗੇ ਸੰਤ ਭਿੰਡਰਾਂਵਾਲਿਆਂ ਨੂੰ ਫ਼ਤਹਿ ਬੁਲਾ ਚਲੀਏ। ਉੱਠ ਕੇ ਉੱਪਰ ਚਲੇ ਗਏ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵਿੱਚ ਸਨ ਉਦੋਂ। ਉਨ੍ਹਾਂ ਨੇ ਸਭ ਦਾ ਹਾਲ ਚਾਲ ਪੁੱਛਿਆ। ਚਾਹ- ਪਾਣੀ ਪੁੱਛਿਆ। ਪੰਜ ਕੁ ਮਿੰਟ ਬਾਅਦ 20-25 ਬਾਵਰਦੀ ਸਿੱਖ ਫੌਜੀ ਉੱਥੇ ਆ ਗਏ। ਸੰਤਾਂ ਨੂੰ ਫ਼ਤਹਿ ਬੁਲਾਈ ਤੇ ਬੈਠ ਗਏ। ਸੰਤਾਂ ਨੇ ਕਿਹਾ, “ਕਿਵੇਂ ਆਏ ਭਾਈਓ?” ਫੌਜੀਆਂ ਨੇ ਕਿਹਾ, “ਬਾਬਾ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਾਂ। ਸਾਡੀ ਰੈਜੀਮੈਂਟ ਇੱਥੇ ਅੰਮ੍ਰਿਤਸਰ ਆ ਗਈ ਹੈ ਨਾ। ਮੱਥਾ ਟੇਕਣ ਆਏ ਤਾਂ ਦਿਲ ਕੀਤਾ ਤੁਹਾਡੇ ਦਰਸ਼ਨ ਕਰ ਚੱਲੀਏ।” ਸੰਤ ਜੀ ਨੇ ਫਿਰ ਪੁੱਛਿਆ, “ਪਰ ਮੇਰੇ ਦਰਸ਼ਨਾਂ ਵਿੱਚ ਕੀ ਪਿਆ ਹੈ? ਮਹਾਰਾਜ ਦੇ ਦਰਸ਼ਨ ਕਰ ਲਏ ਸਨ ਤੁਸਾਂ, ਉਹ ਕਾਫ਼ੀ ਨਹੀਂ ਸਨ?” ਇੱਕ ਫੌਜੀ ਬੋਲਿਆ, “ਅਖ਼ਬਾਰਾਂ ਰਸਾਲਿਆਂ ਵਿੱਚ ਦੂਰ ਬੈਠੇ ਤੁਹਾਡੇ ਬਾਰੇ ਪੜ੍ਹਦੇ ਸਾਂ ਬਾਬਾ ਜੀ । ਤੁਸੀਂ ਸਾਨੂੰ ਚੰਗੇ ਲੱਗੇ। ਇਸ ਲਈ ਸੋਚਿਆ… ਫਿਰ ਪਤਾ ਨਹੀਂ ਕਦੋਂ ਸਾਡੀ ਰੈਜੀਮੈਂਟ ਇੱਧਰ ਆਵੇ… ਪਤਾ ਨਹੀਂ ਕਦੋਂ ਮਿਲ ਸਕੀਏ।” ਇਹ ਸੁਣ ਕੇ ਸੰਤਾਂ ਨੇ ਕਿਹਾ, “ਜਿਹੜਾ ਚੰਗਾ ਲਗਦਾ ਹੋਵੇ ਦਿਲ ਕਰਦਾ ਹੈ ਨਾ ਭਾਈਓ ਕਿ ਉਸ ਵਰਗੇ ਬਣੀਏ? ਜੇ ਸਚਮੁੱਚ ਮੈਂ ਤੁਹਾਨੂੰ ਚੰਗਾ ਲੱਗਿਆ ਹੋਵਾਂ ਤਾਂ ਕੇਸਾਂ ਦੀ ਬੇਦਅਬੀ ਨਾ ਕਰਿਓ। ਹੋਰ ਤਾਂ ਵਧੀਕ ਮੇਰੇ ਵਿੱਚ ਖਾਸ ਨਹੀਂ ਹੈ, ਮੈਂ ਸਾਬਤ ਸੂਰਤ ਸਿੱਖ ਹਾਂ। ਬਸ ਇੰਨਾਂ ਕੁ ਆਖਾ ਮੇਰਾ ਮੰਨ ਲਇਓ।” ਕੁਝ ਦੇਰ ਉਹ ਚੁਪ ਰਹੇ। ਫੌਜੀ ਭੀ ਚੁਪ ਚਾਪ ਬੈਠੇ ਰਹੇ। ਫਿਰ ਸੰਤ ਕਹਿਣ ਲੱਗੇ, “ਥੋੜ੍ਹੇ ਦਿਨਾਂ ਬਾਅਦ ਤੁਸੀਂ ਮੇਰੇ ਉੱਪਰ ਹਮਲਾ ਕਰਨ ਆਓਗੇ।” ਫੌਜੀ ਬੋਲੇ; “ਇਹ ਕਿਵੇਂ ਹੋ ਸਕਦਾ ਹੈ ਬਾਬਾ ਜੀ? ਅਸੀਂ ਇਹ ਕਿਵੇਂ ਕਰ ਸਕਦੇ ਹਾਂ?”

ਸੰਤਾਂ ਨੇ ਕਿਹਾ, “ਤੁਹਾਡਾ ਦਿਲ ਨਹੀਂ ਕਰੇਗਾ, ਇਹ ਮੈਨੂੰ ਪਤਾ ਹੈ। ਪਰ ਸਾਡੇ ਤੁਹਾਡੇ ਕੀ ਵੱਸ ਹੈ? ਇਹੀ ਹੋਵੇਗਾ ਇੱਕ ਦਿਨ। ਤੁਹਾਨੂੰ ਰਾਜਸੱਤਾ ਦਾ ਪਤਾ ਨਹੀਂ ਹੈ। ਮੈਨੂੰ ਪਤਾ ਹੈ ਇਹ ਕੀ ਚੀਜ਼ ਹੈ। ਜੋ ਭੀ ਹੋਵੇਗਾ ਭਲਾ ਹੋਵੇਗਾ। ਤੁਸੀਂ ਸਿੱਖੀ ਨੂੰ ਪਿਆਰ ਕਰਦੇ ਰਹਿਣਾ।”

ਫੌਜੀ ਚਲੇ ਗਏ। ਨਾਂ ਇਨ੍ਹਾਂ ਫੌਜੀਆਂ ਨੂੰ ਤੇ ਨਾ ਸਾਡੇ ਵਿੱਚੋਂ ਕਿਸੇ ਹਾਜ਼ਰ ਸਰੋਤੇ ਨੂੰ ਇਹ ਯਕੀਨ ਆਇਆ ਕਿ ਇੱਥੇ ਦਰਬਾਰ ਸਾਹਿਬ ਉੱਤੇ ਸੈਨਿਕ ਹੱਲਾ ਹੋ ਸਕਦਾ ਹੈ। ਫਿਰ ਵੀ, ਮੈਂ ਕਿਹਾ- “ਬਾਬਾ ਜੀ ਆਲੇ ਦੁਆਲੇ ਨੂੰ ਦੇਖਦਿਆਂ ਹੋਇਆ ਲੱਗ ਰਿਹਾ ਹੈ ਕਿ ਕੋਈ ਦੁਰਘਟਨਾ ਕਦੀ ਵੀ ਵਾਪਰ ਸਕਦੀ ਹੈ। ਤੁਸੀਂ ਕਿੱਧਰੇ ਹੋਰ ਚਲੇ ਜਾਓ। ਇੰਦਰਾ ਗਾਂਧੀ ਨੇ ਇੱਥੇ ਦਰਬਾਰ ਸਾਹਿਬ ਉੱਪਰ ਜਹਾਜ਼ ਰਾਹੀਂ ਬੰਬ ਸੁਟਵਾ ਕੇ ਰੌਲਾ ਪਾ ਦੇਣਾ ਹੈ ਕਿ ਪਾਕਿਸਤਾਨ ਬੰਬ ਸੁੱਟ ਗਿਆ ਹੈ। ਵੱਡੀ ਗਿਣਤੀ ਵਿੱਚ ਫੌਜੀ ਗੱਡੀਆਂ ਘੁੰਮ ਰਹੀਆਂ ਹਨ. ਸ਼ਾਇਦ ਪਾਕਿਸਤਾਨ ਨਾਲ ਕੋਈ ਰੱਫੜ ਵੀ ਛੇੜ ਲੈਣ ਤਾਂ ਕਿ ਸਿੱਖ ਪਾਕਿਸਤਾਨ ਵਿਰੁੱਧ ਹੋ ਜਾਣ।”

ਸੰਤ ਬੋਲੇ, “ਮੇਰੀ ਲੜਾਈ ਇੰਦਰਾ ਗਾਂਧੀ ਨਾਲ ਏਨੀ ਸਿੱਧੀ ਅਤੇ ਪਾਰਦਰਸ਼ੀ ਹੈ ਕਿ ਜੇ ਪਾਕਿਸਤਾਨ ਵੀ ਬੰਬ ਸੁੱਟ ਜਾਵੇ ਦਰਬਾਰ ਸਾਹਿਬ ਉਪਰ, ਤਾਂ ਦੁਨੀਆਂ ਇਹੋ ਕਹੇਗੀ ਕਿ ਇੰਦਰਾ ਗਾਂਧੀ ਨੇ ਸੁੱਟਿਆ ਹੈ। ਰਹੀ ਗੱਲ ਕਿ ਇੱਥੋਂ ਚਲਾ ਜਾਵਾਂ ਦਰਬਾਰ ਸਾਹਿਬ ਛੱਡ ਕੇ ਕਿੱਥੇ ਜਾਵਾਂ? ਜੇ ਇਥੇ ਪਨਾਹ ਨਾ ਮਿਲੀ ਫਿਰ ਕਿੱਥੇ ਮਿਲੇਗੀ?”

ਇੱਕ ਸਿੱਖ ਨੇ ਕਿਹਾ, “ਚੰਗਾ ਬਾਬਾ ਜੀ ਚਲਦੇ ਹਾਂ। ਮੇਰੀ ਉਮਰ ਤੁਹਾਨੂੰ ਲੱਗ ਜਾਵੇ।” ਸੰਤ ਹੱਸ ਪਏ, ਕਹਿਣ ਲੱਗੇ, “ਕਿਉਂ ਤੇਰੀ ਉਮਰ ਮੈਨੂੰ ਕਿਉਂ ਲੱਗੇ? ਕੀ ਤੇਰਾ ਖਿਆਲ ਹੈ ਕਲਗੀਧਰ ਪਿਤਾ ਮੈਨੂੰ ਪਿਆਰ ਨਹੀਂ ਕਰਦੇ? ਇਹ ਇੱਕ ਜਾਨ ਉਨ੍ਹਾਂ ਦੇ ਨਾਮ ਤੇ ਜੇ ਚਲੀ ਜਾਵੇ ਤਾਂ ਭਾਈ ਆਪਣੇ ਨਾਲੋਂ ਖੁਸ਼ਨਸੀਬ ਹੋਰ ਕੌਣ ਹੋਵੇਗਾ?”

ਫਿਰ ਅਸੀਂ ਵਾਪਸ ਪਟਿਆਲੇ ਆ ਗਏ। ਅਖ਼ਬਾਰਾਂ ਅੱਗ ਉਗਲ ਰਹੀਆਂ ਸਨ। ਮੇਰੇ ਪਾਸ ਯੂਨੀਵਰਸਿਟੀ ਦੇ ਕੁੱਝ ਵਿਦਿਆਰਥੀ ਆਏ ਤੇ ਕਹਿਣ ਲੱਗੇ-“ਪੇਪਰ ਹੋ ਗਏ ਹਨ, ਛੁੱਟੀਆਂ ਹਨ। ਫਿਰ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਪਿੰਡ ਜਾ ਕੇ ਮਨਾ ਲਵਾਂਗੇ ਪਰ ਹੁਣ ਇਕੱਠੇ ਹਾਂ ਇੱਥੇ। ਜੀਅ ਕਰਦਾ ਹੈ ਇਕ ਦਿਨ ਸਾਰੇ ਦੋਸਤ ਰਲ ਕੇ ਯੂਨੀਵਰਸਿਟੀ ਦੇ ਗੇਟ ਉੱਪਰ ਛਬੀਲ ਲਾ ਲਈਏ। ਤੁਸੀਂ ਵੀ ਆ ਜਾਣਾ, ਜੇ ਅਧਿਆਪਕ ਨਾਲ ਹੋਵੇ ਤਾਂ ਅਨੁਸ਼ਾਸਨ ਬਣਿਆ ਰਹੇਗਾ।” ਮੈਂ ਸਹਿਮਤੀ ਦੇ ਦਿੱਤੀ। ਮੇਨ ਗੇਟ ਉੱਪਰ ਟੱਬ, ਸ਼ਰਬਤ, ਬਰਫ਼, ਗਲਾਸ ਤੇ ਸੇਵਾਦਾਰ ਸਭ ਆ ਗਏ। ਏਨੀ ਗਰਮੀ ਵਿੱਚ ਆਮ ਸੰਗਤ ਤਾਂ ਸੜਕਾਂ ਉੱਤੇ ਘੱਟ ਸੀ ਫੌਜੀ ਗੱਡੀਆਂ ਅਤੇ ਗੱਡੀਆਂ ਉੱਪਰ ਲੱਦੇ ਟੈਂਕ ਲੰਘੇ ਜਾ ਰਹੇ ਸਨ। ਮੁੰਡਿਆਂ ਵਿੱਚ ਬੜਾ ਉਤਸ਼ਾਹ ਸੀ। ਉਹ ਫੌਜੀ ਗੱਡੀਆਂ ਦੇ ਸਾਹਮਣੇ ਖਲੋ ਕੇ ਉਨ੍ਹਾਂ ਨੂੰ ਰੋਕ ਲੈਂਦੇ ਤੇ ਆਖਦੇ-ਭਾਈਓ ਬੜੀ ਦੂਰੋਂ ਆਏ ਲਗਦੇ ਹੋ। ਠੰਢਾ ਜਲ ਪੀਤੇ ਬਗੈਰ ਕਿਵੇਂ ਲੰਘ ਸਕਦੇ ਹੋ? ਵਿਦਿਆਰਥੀ ਇੱਕ ਦੂਜੇ ਤੋਂ ਅੱਗੇ ਵਧ-ਵਧ ਉਨ੍ਹਾਂ ਦੀ ਸੇਵਾ ਕਰਦੇ। ਫੌਜੀਆਂ ਦੀਆਂ ਏਨੀਆਂ ਗੱਡੀਆਂ ਲੰਘੀਆਂ ਕਿ ਤਿੰਨ ਚੁਥਾਈ ਸ਼ਰਬਤ ਫੌਜੀਆਂ ਨੇ ਛੱਕਿਆ। ਇਹ ਸਾਰੀਆਂ ਗੱਡੀਆਂ ਅੰਬਾਲੇ ਵੱਲੋਂ ਪੰਜਾਬ ਵਿੱਚ ਦਾਖਲ ਹੋ ਰਹੀਆਂ ਸਨ।

ਇੱਕ ਜੂਨ ਨੂੰ ਸੀ.ਆਰ.ਪੀ. ਨੇ ਦਰਬਾਰ ਸਾਹਿਬ ਦੁਆਲੇ ਘੇਰਾ ਤੰਗ ਕਰ ਲਿਆ ਤੇ ਤਿੰਨ ਜੂਨ, 1984 ਨੂੰ ਫੌਜ ਨੇ ਕਮਾਨ ਸੰਭਾਲ ਲਈ। ਸ਼ਾਇਦ ਚਾਰ ਜੂਨ ਨੂੰ ਫੌਜ ਨੇ ਦਰਬਾਰ ਸਾਹਿਬ ਉੱਪਰ ਹੱਲਾ ਬੋਲ ਦਿੱਤਾ। ਸਾਰੇ ਪੰਜਾਬ ਵਿੱਚ ਕਰਫਿਊ ਲੱਗ ਗਿਆ। ਰੇਡੀਓ ਅਤੇ ਟੈਲੀਵੀਜ਼ਨ ਰਾਹੀਂ ਖਬਰਾਂ ਆ ਰਹੀਆਂ ਸਨ, ਪਰ ਕੋਈ ਉਨ੍ਹਾਂ ਖਬਰਾਂ ਨੂੰ ਸੱਚੀਆਂ ਨਹੀਂ ਮੰਨਦਾ ਸੀ। ਬੀ.ਬੀ.ਸੀ. ਦਾ ਹਰ ਬੁਲਟਿਨ ਸੁਣਿਆ ਜਾਂਦਾ। ਸਤੀਸ਼ ਜੈਕਬ ਅਤੇ ਮਾਰਕ ਟੱਲੀ ਦੀ ਸੂਚਨਾ ਅਤੇ ਬਿਆਨਕਾਰੀ ਗ਼ਜ਼ਬ ਦੀ ਸੀ। ਭਾਰਤੀ ਟੀ.ਵੀ.ਅਤੇ ਰੇਡੀਓ ਇਹ ਦਸਦੇ ਰਹੇ ਕਿ ਦਰਬਾਰ ਸਾਹਿਬ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਅਫੀਮ, ਭੁੱਕੀ, ਚਰਸ, ਹਸ਼ੀਸ਼ ਆਦਿਕ ਮਿਲੇ ਹਨ ਅਤੇ ਇਹ ਵੀ ਖ਼ਬਰਾਂ ਵਿੱਚ ਦੱਸਿਆ ਕਿ ਕੁਝ ਗਰਭਵਤੀ ਕੁੜੀਆਂ/ਔਰਤਾਂ ਮਿਲੀਆਂ ਹਨ। ਕੁੱਲ ਮਿਲਾ ਕੇ ਭਾਰਤੀ ਸਰਕਾਰੀ ਮੀਡੀਏ ਨੇ ਇਹ ਪ੍ਰਭਾਵ ਪਾਉਣ ਦਾ ਯਤਨ ਕੀਤਾ ਜਿਵੇਂ ਸੰਤ ਜਰਨੈਲ ਸਿੰਘ ਮੱਸੇ ਰੰਘੜ ਵਾਂਗ ਵਿਹਾਰ ਕਰ ਰਿਹਾ ਸੀ ਤੇ ਸਰਕਾਰ ਇਸ ਸਥਾਨ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਟੈਂਕਾਂ ਅਤੇ ਤੋਪਾਂ ਨਾਲ ਮਜਬੂਰੀਵਸ ਹਮਲਾ ਕਰ ਰਹੀ मी।

6 ਜੂਨ ਨੂੰ ਖ਼ਬਰ ਨਸ਼ਰ ਹੋਈ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਬਾਕੀ ਸਾਥੀਆਂ ਸਮੇਤ ਲਾਸ਼ਾਂ ਮਿਲ ਗਈਆਂ ਹਨ। ਸੰਤ ਜਰਨੈਲ ਸਿੰਘ ਦੀ ਲਾਸ਼ ਦੀ ਸ਼ਨਾਖਤ ਕਰਨ ਲਈ ਉਨ੍ਹਾਂ ਨੇ ਸ਼ਨਾਖਤ ਕੀਤੀ। ਦਰਬਾਰ ਸਾਹਿਬ ਦਾ ਭਾਰੀ ਨੁਕਸਾਨ ਹੋਇਆ। ਅਕਾਲ ਤਖ਼ਤ ਸਾਹਿਬ ਦੀ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਹੋ ਗਈ। ਪ੍ਰੀਕਰਮਾ ਦੀ ਸੰਗਮਰਮਰ ਟੁੱਟ ਗਈ ਸੀ। ਸਰਾਵਾਂ ਵਿੱਚ ਮੌਜੂਦ ਮੁਸਾਫ਼ਿਰ ਗ੍ਰਿਫ਼ਤਾਰ ਕਰ ਲਏ ਗਏ ਸਨ।

ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਕੇਵਲ ਪਿਆਸੇ ਰਹਿਣ ਕਾਰਨ ਹੋ ਗਈ ਸੀ। ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਗਿਆ ਹੋਇਆ ਸੀ।

ਟੌਹੜਾ ਸਾਹਿਬ ਤੇ ਸੰਤ ਲੌਂਗੋਵਾਲ ਸਰਾਵਾਂ ਵਿੱਚ ਸਨ। ਸੰਤ ਲੌਂਗੋਵਾਲ ਨੂੰ ਸੁਰੱਖਿਆ ਦੇਣ ਲਈ ਫੌਜੀ ਟੁਕੜੀ ਚੁਫ਼ੇਰੇ ਖਲੋਤੀ ਸੀ। ਭਾਈ ਅਮਰੀਕ ਸਿੰਘ ਦਾ ਛੋਟਾ ਭਰਾ ਮਨਜੀਤ ਸਿੰਘ ਅਤੇ ਫੈਡਰੇਸ਼ਨ ਦਾ ਸਕੱਤਰ ਹਰਮਿੰਦਰ ਸਿੰਘ ਸੰਧੂ ਸੰਤ ਲੌਂਗੋਵਾਲ ਦੇ ਇੱਕ ਕਮਰੇ ਵਿੱਚ ਆ ਵੜੇ ਤਾਂ ਸੰਤ ਜੀ ਨੇ ਉੱਚੀ-ਉੱਚੀ ਚਿਲਾਣਾ ਸ਼ੁਰੂ ਕਰ ਦਿੱਤਾ, “ਕਾਤਲ ਹਨ। ਮਾਰਨਗੇ। ਫੜੋ। ਬਚਾਓ।” ਫੌਜੀਆਂ ਨੇ ਬੰਦੂਕਾਂ ਉਨ੍ਹਾਂ ਵੱਲ ਸੇਧ ਲਈਆਂ। ਖਤਰਨਾਕ ਕੰਮ ਹੋ ਜਾਣਾ ਸੀ, ਜੇ ਟੌਹੜਾ ਸਾਹਿਬ ਰੋਕਦੇ ਹੋਏ ਇਹ ਨਾ ਕਹਿੰਦੇ, “ਨਹੀਂ ਨਹੀਂ। ਸੰਤ ਜੀ ਘਬਰਾ ਗਏ ਹਨ। ਇਹ ਨਾ ਕਾਤਲ ਹਨ ਨਾ ਫੈਡਰੇਸ਼ਨੀਏ। ਇਹ ਤਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ।” ਇਹ ਹਾਦਸਾ ਟਲ ਗਿਆ ਤੇ ਦੋਹਾਂ ਨੂੰ ਮਾਰਨ ਦੀ ਥਾਂ ਫੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਏਨੀ ਵਿਆਪਕ ਤਬਾਹੀ ਹੋ ਚੁੱਕੀ ਸੀ ਕਿ ਫੌਜ ਨੇ ਮਹੀਨਿਆਂ ਤੱਕ ਦਰਬਾਰ ਸਾਹਿਬ ਸੰਗਤ ਦੇ ਦਰਸ਼ਨਾਂ ਲਈ ਨਾ ਖੋਹਲਿਆ। ਸਿੱਖ ਰੈਫਰੈਂਸ ਲਾਇਬਰੇਰੀ ਅੱਗ ਲੱਗਕੇ ਤਬਾਹ ਹੋ ਚੁੱਕੀ ਸੀ। ਪਰ ਦਿਨ ਵਿੱਚ ਘੱਟੋ ਘੱਟ ਚਾਰ ਵਾਰ ਉਸ ਵੇਲੇ ਦੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਕਿਰਪਾਲ ਸਿੰਘ ਦਾ ਬਿਆਨ ਨਸ਼ਰ ਹੋ ਰਿਹਾ ਸੀ, “ਕੋਠਾ ਸਾਹਿਬ ਠੀਕ-ਠਾਕ ਹੈ।” ਇਕ ਮਜ਼ਾਕੀਆ ਮੁਹਾਵਰਾ ਬਣ ਗਿਆ ਸੀ ਜਿਵੇਂ ਗੋਲੀ ਲੱਗ ਕੇ ਮੇਰੇ ਬੰਦੇ ਦੀ ਲਾਸ਼ ਦੇਖ ਕੇ ਕੋਈ ਕਹੇ-ਚਲੋ ਅੱਖ ਬਚ ਗਈ। ਸ਼ੁਕਰ ਹੈ। ਕੁੱਝ ਮਹੀਨਿਆਂ ਬਾਅਦ ਗਿਆਨੀ ਕਿਰਪਾਲ ਸਿੰਘ ਉਪਰ ਹਮਲਾ ਵੀ ਹੋਇਆ ਸੀ ਜਿਸ ਵਿੱਚ ਉਹ ਜ਼ਖਮੀ ਹੋ ਗਏ ਸਨ। ਇਕ ਅਖਬਾਰ ਦੇ ਕਾਰਟੂਨਿਸਟ ਨੇ ਗਿਆਨੀ ਜੀ ਦਾ ਕਾਰਟੂਨ ਬਣਾ ਕੇ ਹੇਠਾਂ ਲਿਖਿਆ ਸੀ, “ਇਕ ਝੂਠ ਬੋਲਿਆ ਸੀ ਮਹਿੰਗਾ ਪਿਆ। ਲੋਕ ਪਤਾ ਨਹੀਂ ਹਰ ਰੋਜ਼ ਕਿਵੇਂ ਝੂਠ ਤੇ ਝੂਠ ਮਾਰਦੇ ਰਹਿੰਦੇ ਹਨ।”

ਸਿੱਖ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਸ. ਸ਼ਮਸ਼ੇਰ ਸਿੰਘ ਅਸ਼ੋਕ ਸਨ। ਉਨ੍ਹਾਂ ਨੂੰ ਫੌਜੀਆਂ ਨੇ ਘਰੋਂ ਦਰਬਾਰ ਸਾਹਿਬ ਵਿਖੇ ਬੁਲਾਇਆ ਤੇ ਕਿਹਾ, “ਲਾਇਬਰੇਰੀ ਦਾ ਚਾਰਜ ਲਵੋ।” ਅਸ਼ੋਕ ਜੀ ਨੇ ਪੁੱਛਿਆ, “ਪਰ ਲਾਇਬਰੇਰੀ ਹੈ ਕਿੱਥੇ?” ਫੌਜੀ ਅਫ਼ਸਰ ਨੇ ਦਬਕਾ ਮਾਰਿਆ, “ਦਸਤਖ਼ਤ ਕਰਨੇ ਹਨ ਕਿ ਨਹੀਂ?” ਆਲੇ ਦੁਆਲੇ ਖਲੋਤੇ ਫੌਜੀਆਂ ਨੇ ਬੰਦੂਕਾਂ ਸਿੰਨ੍ਹ ਲਈਆਂ। ਅਸ਼ੋਕ ਜੀ ਨੇ ਕਾਗਜ਼ ਫੜਿਆ ਤੇ ਪੈਨ ਨਾਲ ਲਿਖਿਆ, ਰਿਸੀਵਡ ਏਸ਼ਜ਼ ਆਫ਼ ਸਿੱਖ ਰੈਫਰੈਂਸ ਲਾਇਬਰੇਰੀ (ਸਿੱਖ ਹਵਾਲਾ ਲਾਇਬਰੇਰੀ ਦੀ ਰਾਖ ਵਸੂਲ ਪਾਈ) । ਇਹ ਪੜ੍ਹਕੇ ਫੌਜੀ ਅਫ਼ਸਰ ਨੇ ਅਸ਼ੋਕ ਦੇ ਪੇਟ ਵਿਚ ਠੁੱਡੇ ਮਾਰੇ ਅਤੇ ਗਾਲ੍ਹਾਂ ਦਿੰਦਿਆਂ ਦਫ਼ਾ ਹੋ ਜਾਣ ਲਈ ਕਿਹਾ।

ਆਪ੍ਰੇਸ਼ਨ ਬਲਿਊ ਸਟਾਰ ਦੇ ਦਿਨੀਂ ਜੂਨ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ਵਿਚ ਅਰਬਨ ਸਟੇਟ ਵਿੱਚ ਰਹਿੰਦੇ ਸਿੱਖ ਘਰੋਂ ਨਿਕਲ ਧੁੱਪ ਵਿਚ ਮਾਰੇ ਮਾਰੇ ਫਿਰ ਰਹੇ ਸਨ। ਖਤਰਨਾਕ ਕਿਸਮ ਦੀ ਬੇਚੈਨੀ ਸੀ। ਬਾਕੀ ਥਾਵਾਂ ‘ਤੇ ਤਾਂ ਪਿੰਡਾਂ ਸ਼ਹਿਰਾਂ ਵਿੱਚ ਕਰਫਿਊ ਸੀ ਪਰ ਸਾਡੀ ਕਾਲੋਨੀ ਮੁਕਤ ਸੀ। ਹਿੰਦੂ ਵੱਖਰੀਆਂ ਟੋਲੀਆਂ ਵਿੱਚ ਘੁੰਮਦੇ ਸਨ ਤੇ ਸਿੱਖ ਵੱਖ ਟੋਲੀਆਂ ਵਿੱਚ। ਆਪਸਦਾਰੀ ਦਾ ਭਰੋਸਾ ਟੁੱਟ ਚੁੱਕਿਆ ਸੀ। ਦੋਵੇਂ ਫਿਰਕੇ ਇੱਕ ਦੂਜੇ ਤੋਂ ਬਚਦੇ ਫਿਰਦੇ ਸਨ।

ਖੇਤਾਂ ਵਿੱਚੋਂ ਦੀ ਹੋ ਕੇ ਛਬੀਲ ਲਾਉਣ ਵਾਲਿਆਂ ਵਿੱਚੋਂ ਕੁਝ ਵਿਦਿਆਰਥੀ ਸਾਡੇ ਕੋਲ ਆਏ। ਕਹਿਣ ਲੱਗੇ, “ਸਾਨੂੰ ਕੀ ਪਤਾ ਸੀ ਜਿੰਨਾਂ ਦੀਆਂ ਗੱਡੀਆਂ ਰੋਕ ਰੋਕ ਅਸੀਂ ਸ਼ਰਬਤ ਪਿਲਾਉਂਦੇ ਰਹੇ ਉਹ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਜਾ ਰਹੇ ਹਨ?” ਮੈਂ ਕਿਹਾ, “ਇਸ ਗੱਲ ਦਾ ਪਛਤਾਵਾ ਕਿਉਂ ਕਰਦੇ ਹੋ? ਰੱਬ ਨੇ ਸਾਡੇ ਉੱਪਰ ਦਇਆ ਕੀਤੀ ਤੇ ਉਸਨੇ ਪੁੰਨ ਦਾ ਕੰਮ ਕਰਵਾਇਆ, ਇਹ ਸਮਝੋ ਕਿ ਮਹਾਰਾਜ ਉਨ੍ਹਾਂ ਉੱਪਰ ਖੁਸ਼ ਨਹੀਂ। ਰੱਬ ਜਿਸਨੂੰ ਖੁਆਰ ਕਰਨਾ ਚਾਹੇ, ਉਸ ਪਾਸੋਂ ਨੇਕੀ ਖੋਹ ਲੈਂਦਾ ਹੈ। ਉਹ ਫੌਜੀ ਕਸੂਰਵਾਰ ਨਹੀਂ ਹਨ। ਹੁਕਮਰਾਨ ਕਸੂਰਵਾਰ ਹੈ। ਫਰਜ਼ ਕਰੋ ਇੱਥੇ ਆਪਣੇ ਪਾਸ ਆ ਕੇ ਪਿਆਸਾ ਫੌਜੀ ਪਾਣੀ ਮੰਗੇ ਤਾਂ ਕੀ ਅਸੀਂ ਇਨਕਾਰ ਕਰਾਂਗੇ? ਗੁੱਸੇ ਵਿੱਚ ਆਕੇ। ਅਸੂਲ ਨਹੀਂ ਛੱਡਣਾ ਹੁੰਦਾ।”

ਕੁੱਝ ਦੋਸਤਾਂ ਨੇ ਕਿਹਾ-“ਤੁੰ ਸੰਤ ਜਰਨੈਲ ਸਿੰਘ ਪਾਸ ਜਾਂਦਾ ਹੁੰਦਾ ਸੈਂ। ਗੁਰਮਤਿ ਟ੍ਰੇਨਿੰਗ ਕੈਂਪਾਂ ਉਪਰ ਵੀ ਸਿੱਖੀ ਉੱਤੇ ਵਿਖਿਆਨ ਦਿੰਦਾ ਸੈਂ। ਚੰਗਾ ਹੈ ਜੇ ਟਲ ਜਾਵੇਂ। ਭੱਜ ਜਾਹ ਕਿੱਧਰੇ।” ਪਰ ਮੈਨੂੰ ਇਹ ਆਪਣੇ ਆਪ ਉੱਪਰ ਵਿਸ਼ਵਾਸ ਸੀ ਕਿ ਨਾ ਮੈਂ ਕਿਸੇ ਸਾਜ਼ਿਸ਼ ਵਿੱਚ ਕਦੀ ਸ਼ਾਮਿਲ ਹੋਇਆ, ਨਾ ਕਿਸੇ ਖਤਰਨਾਕ ਬੰਦੇ ਨਾਲ ਕੋਈ ਮਿਲਖੀ ਭੁਗਤ। ਸੰਤ ਜਰਨੈਲ ਸਿੰਘ ਨੂੰ ਇਕ ਈਮਾਨਦਾਰ ਮਿਸ਼ਨਰੀ ਜਾਣਕੇ ਮੈਂ ਉਸਦੀ ਕਦਰ ਕਰਦਾ ਸਾਂ। ਇਸ ਵਿੱਚ ਕੀ ਗੁਨਾਹ?

ਦੋ ਕੁ ਹਫਤੇ ਲੰਘੇ। ਪੱਚੀ ਜੂਨ, ਅੱਧੀ ਰਾਤ, ਕਾਲਬੈੱਲ ਵੱਜੀ ਮੈਂ ਅੱਖਾਂ ਖੋਹਲੀਆਂ। ਚਾਰ ਚੁਫੇਰੇ ਸਰਚਲਾਈਟਾਂ ਦੀ ਅੰਨ੍ਹੀ ਕਰਨ ਵਾਲੀ ਤਿੱਖੀ ਰੌਸ਼ਨੀ ਵਿਚ ਟੈਂਕ ਅਤੇ ਫੌਜੀ ਗੱਡੀਆਂ ਬਾਰੀ ਵਿੱਚੋਂ ਦੇਖੀਆਂ। ਬੂਹਾ ਖੋਲ੍ਹ ਦਿੱਤਾ ਤਾਂ ਦੋ ਫੌਜੀਆਂ ਨੇ ਮੇਰੀਆਂ ਦੋਵੇਂ ਬਾਹਵਾਂ ਤੋੜ ਦੇਣ ਵਰਗੀ ਤਾਕਤ ਨਾਲ ਫੜ ਲਈਆਂ ਤੇ ਚਾਰ ਜਣੇ ਕਾਰਬਾਈਨਾਂ ਤਾਣ ਕੇ ਖਲੋ ਗਏ। ਇੱਕ ਮੇਜਰ ਨੇ ਕਿਹਾ, “ਪ੍ਰੋਫੈਸਰ ਪੰਨੂ ਕੌਣ ਹੈ? ਮੈਂ ਕਿਹਾ, “ਮੈਂ ਹਾਂ।” ਉਸਨੇ ਮੇਰੀਆਂ ਬਾਹਵਾਂ ਪਿੱਛੋਂ ਬੰਨ੍ਹਣ ਦਾ ਹੁਕਮ ਦਿੱਤਾ। ਘਰ ਦੀ ਤਲਾਸ਼ੀ ਸ਼ੁਰੂ ਹੋਈ। ਕੁੱਝ ਚਿੱਠੀਆਂ, ਕਿਤਾਬਾਂ, ਨੋਟਿਸ ਚੁੱਕ ਲਏ ਗਏ। ਮੇਰਾ ਪੀ.ਐਚ.ਡੀ. ਦਾ ਕੰਮ ਪੂਰਾ ਹੋਣ ਕਿਨਾਰੇ ਸੀ। ਸਾਡੇ ਨੋਟਿਸ, ਜਿਨ੍ਹਾਂ ਦਾ ਭਾਰ ਦਸ ਕਿਲੋ ਦੇ ਕਰੀਬ ਹੋਵੇਗਾ ਮੇਰੇ ਮਿੰਨਤਾਂ ਕਰਨ ਦੇ ਬਾਵਜੂਦ ਚੁੱਕ ਲਏ। ਇੱਕ ਸਟੀਰਿਓ ਤੇ ਦੋ ਦਰਜਨ ਕੈਸੇਟਾਂ ਚੁੱਕ ਲਈਆਂ। ਹਜ਼ਾਰ ਕੁ ਰੁਪਿਆ ਪਿਆ ਸੀ, ਉਹ ਨਹੀਂ ਚੁੱਕਿਆ। ਦੋ ਬੋਤਲਾਂ ਵਿਸਕੀ ਦੀਆਂ ਦੇਖਕੇ ਹੌਲਦਾਰ ਨੇ ਪੁੱਛਿਆ, “ਸਾਹਿਬ ਇਹ ਚੁੱਕਣੀਆਂ ਹਨ?” ਸਾਹਿਬ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ।

ਇੱਕ ਵਜੇ ਦੇ ਕਰੀਬ ਆਏ ਤੇ ਚਾਰ ਕੁ ਵਜੇ ਤੱਕ ਤਲਾਸ਼ੀ ਦਾ ਕੰਮ ਕਾਜ ਪੂਰਾ ਕਰਕੇ ਮੈਨੂੰ ਗੱਡੀ ਵਿੱਚ ਬੈਠਣ ਲਈ ਕਿਹਾ। ਇੱਕ ਥਰੀ ਟੱਨਰ ਗੱਡੀ ਵਿੱਚ ਬਿਠਾ ਲਿਆ ਗਿਆ। ਦੋ ਕੁ ਕਿਲੋਮੀਟਰ ਉੱਤਰ ਦਿਸ਼ਾ ਵੱਲ ਗੱਡੀਆਂ ਦਾ ਕਾਫ਼ਲਾ ਤੁਰਿਆ। ਚਾਨਣ ਹੋਣ ਤੋਂ ਪਹਿਲਾਂ ਇੱਕ ਫੌਜੀ ਨੇ ਆਪਣਾ ਬਦਬੂਦਾਰ ਤੌਲੀਆਂ ਮੇਰੀਆਂ ਅੱਖਾਂ ਉੱਪਰ ਘੁੱਟ ਕੇ ਬੰਨ੍ਹ ਦਿੱਤਾ। ਮੈਂ ਵਾਰ-ਵਾਰ ਯਤਨ ਕੀਤਾ ਕਿ ਇਸਨੂੰ ਕਿਸੇ ਤਰ੍ਹਾਂ ਨੱਕ ਤੋਂ ਕੁੱਝ ਉਪਰ ਕਰ ਸਕਾਂ ਪਰ ਹੱਥ ਪਿੱਛੇ ਬੰਨ੍ਹੇ ਹੋਣ ਸਦਕਾ ਅਜਿਹਾ ਨਹੀਂ ਕਰ ਸਕਿਆ? ਉਹ ਲਗਭਗ ਦੋ ਘੰਟੇ ਗੱਡੀਆਂ ਇੱਧਰ-ਉੱਧਰ ਘੁਮਾਉਂਦੇ ਰਹੇ ਤੇਜ਼ ਮੋੜ ਕੱਟਦੇ ਕਦੀ ਸੱਜੇ ਮੋੜਦੇ ਕਦੀ ਖੱਬੇ ਕਦੀ ਬੈਕ ਕਦੀ ਫਾਰਵਰਡ। ਮੈਂ ਏਨਾ ਕੁ ਸਮਝਿਆ ਕਿ ਪਤਾ ਨਾ ਲੱਗੇ ਕਿ ਮੈਂ ਕਿਥੇ ਹਾਂ ਇਸ ਲਈ ਦੌੜਨ ਦਾ ਯਤਨ ਨਾ ਕਰਾਂ।

ਕਿਸੇ ਰੇਤਲੀ ਥਾਂ ਉੱਪਰ ਉਤਾਰਿਆ। ਕੋਈ ਟਿੱਬਾ ਸੀ। ਕਿੱਥੇ ਸੀ ਇਹ…ਹੁਣ ਤੱਕ ਪਤਾ ਨਹੀਂ। ਇੱਕ ਬੰਦ ਕਮਰੇ ਵਿੱਚ ਲਿਜਾਇਆ ਗਿਆ। ਤੌਲੀਆ ਖੋਹਲਿਆ ਕਮਰੇ ਵਿੱਚ ਹਨੇਰਾ ਸੀ ਪਰ ਲਗਦਾ ਸੀ ਕੁੱਝ ਹੋਰ ਬੰਦੇ ਵੀ ਅੰਦਰ ਬੰਦ ਹਨ। ਪੂਰੀ ਤਰ੍ਹਾਂ ਕੁਝ ਦਿੱਸਿਆ ਨਹੀਂ ਪਹਿਲੀ ਵੇਰ। ਫਿਰ ਹੱਥ ਖੋਹਲੇ ਤੇ ਕੱਪੜੇ ਉਤਾਰਨ ਲਈ ਹੁਕਮ ਹੋਇਆ। ਕੱਪੜੇ ਉਤਾਰ ਦਿੱਤੇ ਗਏ। ਕਛਹਿਰਾ ਉਤਾਰੋ। ਮੈਂ ਇਨਕਾਰ ਕੀਤਾ ਤਾਂ ਇੱਕ ਫੌਜੀ ਨੇ ਥਰੀ ਨਾਟ ਥਰੀ ਦੀ ਰਾਈਫਲ ਦਾ ਜ਼ਬਰਦਸਤ ਬੱਟ ਮੋਢੇ ਉਪਰ ਮਾਰਿਆ। ਦੂਜੇ ਫੌਜੀ ਨੇ ਪੂਰੇ ਜ਼ੋਰ ਨਾਲ ਦੂਜਾ ਬੱਟ ਗੋਢੇ ਉੱਪਰ ਮਾਰਿਆ ਤਾਂ ਮੈਂ ਡਿਗ ਪਿਆ। ਪੁਲਿਸ ਅਤੇ ਫੌਜੀ ਗਾਲ੍ਹਾਂ ਦੁਹਰਾਉਂਣੀਆਂ ਉੱਚਿਤ ਨਹੀਂ ਹਨ। ਫੌਜੀਆਂ ਦੇ ਮੋਢਿਆਂ ਉੱਪਰ ਨਾ ਰੈਂਕ ਸਨ, ਨਾ ਰੈਜੀਮੈਂਟ ਦਾ ਨਾਮ, ਨਾ ਜੇਬਾਂ ਉੱਪਰ ਨੇਮ-ਪਲੇਟ। ਉਹ ਇੱਕ ਦੂਜੇ ਦਾ ਨਾਮ ਵੀ ਸਾਡੇ ਸਾਹਮਣੇ ਨਹੀਂ ਲੈਂਦੇ ਸਨ। ਇੱਕ ਫੌਜੀ ਨੇ ਹੱਥ ਪਾ ਕੇ ਨਾਲਾ ਤੋੜ ਕੇ ਵਗਾਹ ਮਾਰਿਆ। ਦਰਅਸਲ ਉਨ੍ਹਾਂ ਦਾ ਫੌਜੀ ਡਾਕਟਰ ਦੇਖਣਾ ਚਾਹੁੰਦਾ ਸੀ ਕਿ ਸੁੰਨਤ ਕਰਵਾਈ ਹੋਈ ਹੈ ਕਿ ਨਹੀਂ ਕਿ ਇਹ ਪਾਕਿਸਤਾਨੀ ਹੈ ਜਾਂ ਸਿੱਖ ਹੈ।

ਦੋ ਬੱਟਾਂ ਦੀ ਮਾਰ ਕਾਫ਼ੀ ਨਹੀਂ ਲੱਗੀ ਉਨ੍ਹਾਂ ਨੂੰ । ਫਿਰ ਠੁੱਡੇ ਮੁੱਕੇ ਮਾਰਨੇ ਸ਼ੁਰੂ ਹੋ ਗਏ। ਆਪਣੇ ਆਪ ਹੀ ਹਟ ਗਏ ਜਦੋਂ ਉਨ੍ਹਾਂ ਦਾ ਜੀਅ ਕੀਤਾ। ਫਿਰ ਹੱਥ ਪਿੱਛੇ ਕੀਤੇ ਤੇ ਮੋਟਾ ਤਾਲਾ ਲਾ ਕੇ ਬਾਹਰ ਖਲੋ ਗਏ। ਕੁੱਝ ਫੌਜੀਆਂ ਦੀਆਂ ਮੈਂ ਆਵਾਜ਼ਾਂ ਸੁਣੀਆਂ, “ਇਨ ਕਾ ਬਾਪ ਪਕੜਾ ਗਇਆ ਸਾਲਾ। ਬਹਿਨ…ਤਕੜਾ ਹੈ ਕੋਈ। ਬੜਾ ਕੁਛ ਮਿਲੇਗਾ। ਇਤਨੀ ਪਿਟਾਈ ਹੁਈ ਕੁਸਕਾ ਨਹੀਂ।” ਇੰਨੇ ਨੂੰ ਦੋ ਫੌਜੀ ਫਿਰ ਅੰਦਰ ਆਏ ਤੇ ਦੁਬਾਰਾ ਕਸ ਕੇ ਅੱਖਾਂ ਬੰਨ੍ਹ ਗਏ। ਇੰਨੇ ਕੁ ਸਮੇਂ ਵਿੱਚ ਮੈਂ ਦੇਖਿਆ ਸੀ ਕਿ ਮੇਰੇ ਦੋ ਵਿਦਿਆਰਥੀ ਵੀ ਬੰਨ੍ਹੇ ਹੋਏ ਹਨ। ਫੌਜੀ ਜੰਦਰੇ ਮਾਰ ਕੇ ਬਾਹਰ ਗਏ ਤਾਂ ਇਹ ਵਿਦਿਆਰਥੀ ਸਰਕਦੇ ਸਰਕਦੇ ਮੇਰੇ ਨਜ਼ਦੀਕ ਆ ਗਏ। ਇਕ ਗੁਰਮੇਰ ਸਿੰਘ ਸੀ, ਦੂਜਾ ਭੁਪਿੰਦਰ ਸਿੰਘ। ਤੀਜਾ ਇੱਕ ਗੁਰਸੇਵ ਸਿੰਘ ਸੀ ਜੋ ਇੱਥੋਂ ਨੇੜੇ ਦੇ ਪਿੰਡ ਹਰਪਾਲ ਪੁਰ ਦਾ ਵਸਨੀਕ ਸੀ। ਉਨ੍ਹਾਂ ਨੇ ਮੈਨੂੰ ਹੌਂਸਲਾ ਦਿੱਤਾ ਤੇ ਦੱਸਿਆ ਕਿ ਕੁੱਲ 27 ਬੰਦੇ ਇੱਥੇ ਫੜ੍ਹੇ ਗਏ ਹਨ। ਜਿਹੜੇ ਆਪ੍ਰੇਸ਼ਨ ਬਲਿਊ ਸਟਾਰ ਵੇਲੇ ਦੁਖ ਨਿਵਾਰਨ ਸਾਹਿਬ ਵਿੱਚੋਂ ਗ੍ਰਿਫ਼ਤਾਰ ਕੀਤੇ। =

ਮੈਂ ਉਨ੍ਹਾਂ ਨੂੰ ਪੁੱਛਿਆ-“ਅੱਜ ਕੌਣ ਫੜਿਆ ਗਿਆ ਹੈ? ਇਹ ਕਹਿ ਰਹੇ ਸਨ ਕਿ ਕੋਈ ਵੱਡਾ ਬੰਦਾ ਹੱਥ ਆਇਆ ਹੈ।” ਉਹ ਹੱਸ ਪਏ। ਕਹਿਣ ਲੱਗੇ। ਤੁਹਾਨੂੰ ਤਾਂ ਲਿਆਏ ਹਨ। ਇਨ੍ਹਾਂ ਦਾ ਖਿਆਲ ਹੈ ਕਿ ਤੁਸੀਂ ਖਾੜਕੂ ਗ੍ਰੋਹਾਂ ਦੇ ਵੱਡੇ ਜਰਨੈਲ ਹੋ। ਭੁਲੇਖੇ ਭੁਲੇਖੇ ਵਿਚ ਹੀ ਮਾਰੀ ਜਾਣਗੇ ਸਾਲੇ।” ਮੈਂ ਗੁਰਸੇਵ ਸਿੰਘ ਨੂੰ ਦੱਸਿਆ-” ਤੇਰੇ ਘਰਦਿਆਂ ਨੂੰ ਤੇਰਾ ਕੋਈ ਥਹੁ ਪਤਾ ਨਾਂ ਲੱਗਾ। ਬੜੀ ਥਾਂ ਲੱਭਦੇ ਫਿਰੇ। ਪੰਜ ਚਾਰ ਦਿਨ ਪਹਿਲਾਂ ਤੇਰਾ ਸਹਿਜ ਪਾਠ ਦਾ ਭੋਗ ਪਾ ਕੇ ਹਟੇ ਹਨ।” ਇਹ ਸੁਣਕੇ ਰੋ ਪਿਆ। ਨਾਲ ਬੈਠੇ ਸਾਥੀਆਂ ਨੇ ਦਿਲਾਸਾ ਦਿੱਤਾ ਤੇ ਮੈਨੂੰ ਦੱਸਿਆ ਕਿ ਜੱਗੋਂ ਬੁਰੀ ਮਾਰ ਪੈਣ ਉਪਰੰਤ ਕਦੀ ਰੋਇਆ ਨਹੀਂ ਸੀ ਇਹ। ਤੁਹਾਡੀ ਏਨੀ ਕੁ ਗੱਲ ਸੁਣ ਕੇ ਡੁਸਕਣ ਲੱਗ ਪਿਆ ਹੈ। ਚੁੱਪ ਕਰ ਉਏ ਮੂਰਖ। ਕਿਸਨੂੰ ਦਿਖਾ ਰਿਹਾ ਏ ਹੰਝੂ?”

ਸਾਰਾ ਦਿਨ ਇਕੱਲ-ਇਕੱਲੇ ਦੀ ਇੰਟੈਰੀਗੇਸ਼ਨ ਹੁੰਦੀ। ਨਾ ਹੱਥ ਖੋਹਲਦੇ ਨਾ ਅੱਖਾਂ। ਮੇਰੇ ਪਾਸ ਦੱਸਣ ਲਈ ਕੁਝ ਨਹੀਂ ਸੀ। ਪਰ ਉਹਨਾਂ ਅਨੁਸਾਰ ਮੈਂ ਹੰਢਿਆ ਹੋਇਆ ਅਪਰਾਧੀ ਸਾਂ ਇਸ ਕਰਕੇ ਟੁੱਟ ਨਹੀਂ ਰਿਹਾ। ਪਹਿਲਾਂ ਰੱਸੀ ਨਾਲ ਹੱਥ ਬੰਨ੍ਹੇ ਹੋਏ ਸਨ, ਸ਼ਾਮ ਹੁੰਦਿਆਂ ਹੀ ਪਿੱਠ ਪਿੱਛੇ ਹਥਕੜੀ ਨਾਲ ਹੱਥ ਨੂੜ ਦਿੱਤੇ। ਸੌਣ ਵਿੱਚ ਮੁਸ਼ਕਲ ਆ ਰਹੀ ਸੀ। ਨਾਲ ਹੀ ਇੱਕ ਹੋਰ ਹੁਕਮ ਸੁਣਾਇਆ ਗਿਆ ਕਿ ਹਰ ਘੰਟੇ ਬਾਦ ਟੱਲੀ ਵਜੇਗੀ ਤੇ ਸਾਰੇ ਲੇਟੇ ਹੋਏ ਅਪਰਾਧੀ ਖਲੋ ਜਾਣਗੇ। ਖਲੋ ਕੇ ਫਿਰ ਲੇਟ ਜਾਣ। ਅਗਲੇ ਘੰਟੇ ਫਿਰ ਇਹੀ…ਇਉਂ ਸਾਰੀ ਰਾਤ ਹੋਏਗਾ। ਜਿਸ ਬੰਦੀ ਦੀ ਨੀਂਦ ਘੰਟੀ ਦੀ ਖੜਾਕ ਨਾਲ ਨਾ ਖੁੱਲ੍ਹਦੀ ਉਸਨੂੰ ਠੁੱਡੇ ਜਾਂ ਬੱਟ ਮਾਰ ਕੇ ਜਗਾਇਆ ਜਾਂਦਾ। ਇੱਕ ਰਾਤ ਤਾਂ ਲੰਘਾ ਲਈ। ਹੁਣ ਅਗਲੀ ਰਾਤ ਕਿਵੇਂ ਲੰਘੇ? ਸਾਰਾ ਦਿਨ ਪਿੱਛੇ ਹੱਥ ਬੰਨ੍ਹੇ ਹੋਏ…ਨੂੜ ਕੇ ਅੱਖਾਂ ਬੰਨ੍ਹੀਆਂ ਹੋਈਆਂ। ਹੱਤਕ ਪੂਰਨ ਵਹਿਸ਼ੀ ਇੰਟੈਰੋ-ਗੇਸ਼ਨ। ਬਿਜਲੀ ਦੇ ਝਟਕੇ। ਜ਼ਮੀਨ ਉਪਰ ਬਜਰੀ ਵਿਛਾ ਕੇ ਗੋਡਿਆਂ ਪਰਨੇ ਰੋੜ੍ਹਨਾ। ਇਹੋ ਜਿਹੇ ਸਮੇਂ ਮੈਨੂੰ ਕਿਹਾ ਗਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਮ ਲਿਖਾ। ਮੈਂ ਆਪਣੇ ਮਾਮਿਆਂ, ਫੁੱਫੜਾਂ ਦੇ ਨਾਮ ਭੁੱਲ ਗਿਆ। ਇਸ ਕਾਰਨ ਹੋਰ ਮਾਰਨ। ਖੈਰ ਰਾਤ ਪਈ, ਉਹੀ ਬੁਰੀ ਹਾਲਤ। ਮੂਧੇ ਮੂੰਹ ਦੇਰ ਤੱਕ ਪਿਆਂ ਗਰਦਣ ਦੁਖਦੀ। ਪਾਸੇ ਪਰਨੇ ਸੌਂਦੇ ਤਾਂ ਇਕ ਬਾਂਹ ਉਪਰ ਜਿਸਮ ਦਾ ਸਾਰਾ ਪੂਰਾ ਵਜਨ ਆ ਜਾਂਦਾ ਕਿਉਂਕਿ ਹੱਥ ਪਿੱਛੇ ਬੰਨ੍ਹੇ ਹੋਏ ਹੁੰਦੇ। ਫਿਰ ਹਰ ਘੰਟੇ ਬਾਅਦ ਘੰਟੀ ਦੀ ਆਵਾਜ਼ ਨਾਲ ਉਠ ਖਲੋਣਾ। “ਇਉਂ ਤਾਂ ਮੈਂ ਮਰ ਜਾਵਾਂਗਾ।” ਹੌਲੀ ਦੇ ਕੇ ਮੈਂ ਕਿਹਾ। ਗੁਰਮੇਜ ਬੋਲਿਆ, “ਤਕੜੇ ਰਹੋ ਪ੍ਰੋਫੈਸਰ ਸਾਹਿਬ, ਕੁੱਝ ਨਹੀਂ ਹੁੰਦਾ। ਦੋ ਤਿੰਨ ਦਿਨ ਦੀ ਔਖ ਹੈ ਬਸ।” “ਦੋ ਤਿੰਨ ਦਿਨ ਤੋਂ ਬਾਅਦ ਕੀ ਹੋ ਜਾਵੇਗਾ? ਮੈਂ ਪੁੱਛਿਆ। “ਸਭ ਠੀਕ ਹੋ ਜਾਵੇਗਾ।” ਉਸਨੇ ਕੇਵਲ ਇੰਨਾ ਕਿਹਾ।

ਚੌਥੀ ਰਾਤ ਲੰਘੀ ਤਾਂ ਮੈਂ ਕਿਹਾ, “ਰਾਤ ਬੜੀ ਨੀਂਦ ਆਈ। ਰਾਤੀਂ ਘੰਟੀਆਂ ਮਾਰ ਕੇ ਕਿਉਂ ਨਹੀਂ ਜਗਾਏ ਇਨ੍ਹਾਂ ਨੇ?” ਸਾਰੇ ਹੱਸ ਪਏ। ਗੁਰਮੇਜ ਨੇ ਕਿਹਾ, “ਤੁਹਾਨੂੰ ਦੱਸਿਆ ਨਹੀਂ ਕਿ ਸਭ ਠੀਕ ਹੋ ਜਾਵੇਗਾ? ਰਾਤੀਂ ਵੀ ਘੰਟੀਆਂ ਪਿਛਲੀਆਂ ਰਾਤਾਂ ਵਾਂਗ ਵੱਜੀਆਂ ਸਨ। ਆਪਾਂ ਹੁਣ ਕੰਡੀਸ਼ਨਡ ਹੋ ਗਏ ਹਾਂ। ਸੁੱਤੇ ਸੁੱਤੇ ਉਠ ਜਾਂਦੇ ਹਾਂ। ਫਿਰ ਸੌ ਜਾਂਦੇ ਹਾਂ। ਹੁਣ ਠੀਕ ਰਹੇਗਾ। ਹੁਣ ਪੱਕ ਗਏ ਹਾਂ।

ਗੱਲ ਮੁਕਾਉਣ ਲਈ ਸੰਖੇਪ ਕਰਨਾ ਚਾਹੀਦਾ ਹੈ। ਜਦੋਂ ਪੰਜ ਦਿਨਾਂ ਬਾਅਦ ਮੇਰੇ ਹੱਥ ਖੋਲ੍ਹੇ ਗਏ ਤਾਂ ਬਾਹਵਾਂ ਸਹੀ ਥਾਂ ਉੱਤੇ ਆਉਣ ਲਈ ਤਿਆਰ ਨਾਂ ਹੋਈਆਂ। ਚੀਕਾਂ ਨਿਕਲ ਗਈਆਂ। ਮੁੜ ਮੁੜ ਹੱਥ ਪਿੱਛੇ ਚਲੇ ਜਾਂਦੇ। ਲਗਭਗ ਘੰਟੇ ਦੀ ਜਦੋ ਜਹਿਦ ਬਾਅਦ ਇਹ ਅੱਗੇ ਆਉਣ ਲਈ ਰਜ਼ਾਮੰਦ ਹੋਈਆਂ। ਹਰ ਸਵੇਰ ਸ਼ਾਮ ਅਸੀਂ ਸਾਰੇ ਜਣੇ ਪਾਠ ਕਰਕੇ ਅਰਦਾਸ ਕਰਦੇ, “ਹੇ ਸੱਚੇ ਪਾਤਸ਼ਾਹ ਜੇ ਤੂੰ ਸਾਡੇ ਉਤੇ ਮਿਹਰਬਾਨ ਹੋ ਜਾਵੇਂ ਤਾਂ ਜੇਲ੍ਹ ਭੇਜ ਦੇਹ। ਅਸੀਂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦੇ ਹਾਂ।” ਫਿਰ ਅਸੀਂ ਹੱਸਦੇ ਕਿ ਲੋਕ, ਜਿਹੜੇ ਜੇਲ੍ਹਾਂ ਵਿੱਚ ਬੰਦੀ ਹਨ ਉਹ ਰਿਹਾਈ ਲਈ ਅਰਦਾਸ ਕਰਦੇ ਹੋਣਗੇ ਅਸੀਂ ਜੇਲ੍ਹ ਜਾਣ ਦੇ ਇੱਛੁਕ ਹਾਂ।

ਇਕ ਦਿਨ ਇੱਕ ਚੌਦਾਂ ਪੰਦਰਾਂ ਸਾਲ ਦੇ ਬੱਚੇ ਨੂੰ ਫੌਜੀਆਂ ਨੇ ਏਨਾ ਕੁੱਟਿਆ ਕਿ ਉਹ ਰੋਂਦਾ-ਰੋਂਦਾ ਆਇਆ ਤੇ ਦੇਰ ਤੱਕ ਰੋਂਦਾ ਰਿਹਾ। ਫਿਰ ਕਹਿਣ ਲੱਗਾ, “ਜਦੋਂ ਰਿਹਾਈ ਹੋਈ ਤਾਂ ਗੁਰਦੁਆਰੇ ਮੱਥਾ ਟੇਕਣ ਜਾਵਾਂਗਾ ਤੇ ਮਹਾਰਾਜ ਨੂੰ ਪੁੱਛਾਂਗਾ-“ਸਾਡਾ ਕੀ ਕਸੂਰ ਸੀ ਬਾਬਾ? ਸਾਨੂੰ ਕਿਉਂ ਏਨੀ ਮਾਰ ਪਈ ?”

ਇੱਕ ਬਜ਼ੁਰਗ ਜੋ ਆਪ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਿਆ ਹੋਇਆ ਸੀ ਬੋਲਿਆ, “ਅਜਿਹਾ ਨਾਂ ਕਰੀਂ ਪੁੱਤਰ। ਕੇਵਲ ਸ਼ੁਕਰਾਨਾ ਕਰੀਂ। ਇਹ ਨਾ ਪੁੱਛੀਂ ਕਿ ਬੇਕਸੂਰਾਂ ਨੂੰ ਮਾਰ ਕਿਉਂ ਪਈ। ਜੇ ਇਹੋ ਜਿਹੇ ਸਵਾਲ ਕਰੇਂਗਾ ਤਾਂ ਪੰਜਵੇ ਪਾਤਸ਼ਾਹ ਤੈਨੂੰ ਪੁੱਛਣਗੇ-ਸਾਡਾ ਕੀ ਕਸੂਰ ਸੀ ਜਦੋਂ ਸਾਨੂੰ ਤੰਗ ਕੀਤਾ ਸੀ ਉਨ੍ਹਾਂ ਨੇ? ਫਿਰ ਨਿੱਕੇ ਸਾਹਿਬਜ਼ਾਦੇ ਪੁੱਛਣਗੇ-ਸਾਡਾ ਕੀ ਕਸੂਰ ਸੀ? ਜਿਨ੍ਹਾਂ ਨੇ ਸਿਰ ਦੇ ਕੇ ਸ਼ੁਕਰਾਨਾ ਕੀਤਾ ਸੀ ਅਕਾਲ ਪੁਰਖ ਦਾ ਤੇ ਕਿਹਾ ਸੀ, “ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਉਨ੍ਹਾਂ ਪਾਸ ਗਿਲੇ ਸ਼ਿਕਵੇ ਨਹੀਂ ਕਰੀਦੇ।”

ਹਰੇਕ ਬੰਦੀ ਦੇ ਜਿਸਮ ਉਪਰ ਜ਼ਖ਼ਮ ਸਨ। ਜੁਲਾਈ ਦਾ ਮਹੀਨਾ ਆ ਗਿਆ ਸੀ। ਮੱਖੀਆਂ ਦੇ ਝੁੰਡ ਵੱਢਦੇ। ਹੱਥ ਬੰਨ੍ਹੇ ਹੋਣ ਕਰਕੇ ਉਡਾ ਨਾ ਸਕਦੇ। ਫੌਜੀਆਂ ਦੀਆਂ ਮਿੰਨਤਾਂ ਕਰਦੇ ਕਿ ਰੇਤੇ ਦੀ ਇਕ-ਇਕ ਮੁੱਠ ਜ਼ਖ਼ਮਾਂ ਉਪਰ ਸੁੱਟ ਦੇਣ। ਕੋਈ-ਕੋਈ ਰਹਿਮ-ਦਿਲ ਫੌਜੀ ਮਿੱਟੀ ਦੀਆਂ ਮੁੱਠੀਆਂ ਭਰਦਾ ਤੇ ਜ਼ਖ਼ਮਾਂ ‘ਤੇ ਪਾ ਵੀ ਦਿੰਦਾ। ਉਸ ਦਾ ਸ਼ੁਕਰਾਨਾ ਕਰਦੇ। ਕੋਈ-ਕੋਈ ਸਗੋਂ ਜ਼ਖ਼ਮਾਂ ਉਪਰ ਠੁੱਡੇ ਮਾਰਦਾ। ਕੌਣ ਮਿੱਟੀ ਪਾ ਗਿਆ ਸੀ… ਕੋਈ ਪਤਾ ਨਾ ਲਗਦਾ ਕਿਉਂਕਿ ਅੱਖਾਂ ਬੰਨ੍ਹੀਆਂ ਹੋਈਆਂ ਸਨ। ਸੁਖਵੰਤ ਸਿੰਘ ਨਾਂ ਦੇ ਮੁੰਡੇ ਨੇ ਪਾਣੀ ਮੰਗਿਆ। ਫੌਜੀ ਪਾਣੀ ਦਾ ਡੱਬਾ ਭਰ ਕੇ ਉਸ ਦੇ ਮੂੰਹ ਨੂੰ ਲਾਉਣ ਲੱਗਾ। ਜਿਸ ਪਾਸੇ ਡੱਬਾ ਸੀ, ਉਸ ਪਾਸੇ ਮੂੰਹ ਕਰਕੇ ਉਹ ਪਾਣੀ ਦੀ ਘੁੱਟ ਭਰਨ ਲੱਗਾ ਤਾਂ ਫੌਜੀ ਨੇ ਭੈਣ ਦੀ ਗਾਲ੍ਹ ਕੱਢ ਕੇ ਕਿਹਾ-“ਦਿਖਾਈ ਦੇ ਰਹਾ ਹੈ ਸਾਲੇ ਕੋ ਔਰ ਬਤਾਤਾ ਨਹੀਂ ਕਿ ਕਸ ਕਰ ਕੱਪੜਾ ਬਾਂਧੋ। ਕਰਤਾ ਹੂੰ ਇਲਾਜ।” ਤਿੰਨ ਤਿੰਨ ਪੱਤੇ ਦੋਹਾਂ ਅੱਖਾਂ ਉਪਰ ਰੱਖ ਕੇ ਕੱਸ ਕੇ ਕੱਪੜਾ ਬੰਨ੍ਹ ਦਿੱਤਾ। ਇੱਕ ਦਿਨ ਵਿੱਚ ਹੀ ਉਸਦੀਆਂ ਅੱਖਾਂ ਇਉਂ ਗਲ ਗਈਆਂ ਸਨ ਜਿਵੇਂ ਪੱਤੇ ਬੰਨ੍ਹਣ ਨਾਲ ਫੋੜਾ ਗਲ ਕੇ ਫੁੱਟ ਜਾਂਦਾ ਹੈ। ਪਰ ਉਸਨੇ ਸੀ ਤਕ ਨਹੀਂ ਸੀ ਕੀਤੀ।

ਜਦੋਂ ਸਾਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਲਗਭਗ ਸੌ ਸਿੱਖ ਵਕੀਲ ਦੌੜਦੇ ਹੋਏ ਸਾਡੇ ਕੇਸ ਲੜਨ ਹਿੱਤ ਪੇਸ਼ ਹੋਏ, ਤਦ ਸਾਡੇ ਜਿਸਮਾਂ ਵਿੱਚੋਂ ਬਦਬੂ ਏਨੀ ਤਿੱਖੀ ਆ ਰਹੀ ਸੀ ਸਾਡੇ ਨੇੜੇ ਕੋਈ ਖਲੋਣ ਲਈ ਤਿਆਰ ਨਹੀਂ ਸੀ। ਦੋ ਮਹੀਨੇ ਨਾ ਕਿਸੇ ਨੇ ਨਹਾਉਣ ਦਿੱਤੇ ਨਾ ਦਾਤਣ ਬਰੱਸ਼ ਕਿੱਧਰੇ ਮਿਲਿਆ। 27 ਬੰਦਿਆਂ ਵਿੱਚੋਂ ਲਗਭਗ ਅੱਧਿਆਂ ਦੇ ਜ਼ਖ਼ਮਾਂ ਵਿੱਚ ਕੀੜੇ ਪੈ ਗਏ ਹੋਏ ਹਨ। ਜੂਨ ਅਤੇ ਜੁਲਾਈ ਦੇ ਦੋ ਮਹੀਨੇ ਜਿਸ ਕਮਰੇ ਵਿੱਚ ਬੰਦ ਰੱਖਿਆ ਸੀ ਉੱਤੇ ਪੱਖਾ ਤਾਂ ਕੀ ਹੋਣਾ ਸੀ ਖਿੜਕੀ ਜਾਂ ਰੋਸ਼ਨਦਾਨ ਵੀ ਨਹੀਂ ਸੀ।

ਪੰਜ-ਪੰਜ ਸੱਤ-ਸੱਤ ਫਰਜ਼ੀ ਕੇਸ ਹਰੇਕ ਬੰਦੀ ਉੱਪਰ ਮੜ੍ਹ ਕੇ ਸਖ਼ਤ ਸੁਰੱਖਿਆ ਅੰਦਰ ਨਾਭੇ ਜੇਲ੍ਹ ਵਿੱਚ ਭੇਜ ਦਿੱਤੇ ਗਏ ਇਨ੍ਹਾਂ ਵਿੱਚੋਂ ਕੋਈ ਵੀ ਕੇਸ ਦੋ ਮਹੀਨੇ ਤੋਂ ਵਧੀਕ ਨਹੀਂ ਚੱਲਿਆ ਸਾਰਾ ਝੂਠ ਦਾ ਆਡੰਬਰ ਸੀ…ਨਾ ਸਬੂਤ ਨਾ ਗਵਾਹੀ ਨਾ ਸਰਕਾਰ ਵੱਲੋਂ ਪੈਰਵਾਈ। ਪਰ ਜਿਸ-ਜਿਸ ਦੀ ਜ਼ਮਾਨਤ ਹੋਣ ਲੱਗਦੀ ਜਾਂ ਕੋਈ ਬਰੀ ਹੋਣ ਲੱਗਦਾ ਉਸਨੂੰ ਜੇਲ੍ਹ ਦੀ ਡਿਉਢੀਓਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਕਰ ਲਿਆ ਜਾਂਦਾ। ਪੰਜਾਬੀ ਪਾਠਕਾਂ ਅੱਗੇ ਬੇਨਤੀ ਹੈ ਕਿ ਉਹ ਅੰਗਰੇਜ਼ਾਂ ਵੱਲੋ ਲਾਏ ਰੋਲਟ ਐਕਟ ਦਾ ਮੁਕਾਬਲਾ ਨੈਸ਼ਨਲ ਸਕਿਉਰਟੀ ਐਕਟ ਨਾਲ ਕਰਨ। ਭਾਰਤੀ ਦੇਸ਼ ਭਗਤਾਂ ਨੇ ਇਸ ਐਕਟ ਨੂੰ ਕਾਲਾ ਕਾਨੂੰਨ ਐਲਾਨ ਕੇ ਵਿਦਰੋਹ ਕੀਤਾ ਤਾਂ ਅੰਗਰੇਜ਼ੀ ਸਰਕਾਰ ਨੇ ਇਹ ਵਾਪਸ ਲੈ ਲਿਆ ਸੀ। ਭਾਰਤ ਸਰਕਾਰ ਵੱਲੋਂ ਆਇਦ ਐਨ.ਐਸ.ਏ. ਜਾਂ ਟਾਡਾ, ਰੋਲਟ ਐਕਟ ਤੋਂ ਕਿਤੇ ਭਿਅੰਕਰ ਐਕਟ ਹੈ ਤੇ 1984 ਤੋਂ ਲੈ ਕੇ ਅੱਜ ਤੱਕ ਇਸ ਐਕਟ ਅਧੀਨ ਕੁੱਲ ਹਿੰਦੁਸਤਾਨ ਵਿੱਚ ਜਿੰਨੇ ਵਿਅਕਤੀ ਨਜ਼ਰਬੰਦ ਕੀਤੇ ਗਏ ਉਸ ਵਿੱਚ 80% ਸਿੱਖ ਹਨ। ਕਿੰਨਿਆਂ ਨੂੰ ਕੀ- ਕੀ ਤਸੀਹੇ ਦਿੱਤੇ ਗਏ…ਇਹ ਅੰਕੜੇ ਪ੍ਰਾਪਤ ਨਹੀਂ ਹਨ।

ਉਨ੍ਹਾਂ ਸਿੱਖਾਂ ਦੇ ਖਿਲਾਫ ਅਜਿਹੇ ਭਰਮਾਰੂ ਕਾਨੂੰਨ ਸਰਕਾਰ ਨੇ ਘੜੇ ਜਿਨ੍ਹਾਂ ਸਿੱਖਾਂ ਨੇ ਹਿੰਦੁਸਤਾਨ ਨੂੰ ਬਚਾਉਣ ਲਈ ਆਪਣੀ ਕੋਈ ਪਿਆਰੀ ਵਸਤੂ ਕਦੀ ਸੰਭਾਲ ਕੇ ਨਹੀਂ ਰੱਖੀ। ਹੁਣ ਕਲ੍ਹ ਸੰਸਾਰ ਨੇ ਫੈਸਲਾ ਇਹ ਕਰਨਾ ਹੈ ਕਿ ਇਸ ਦੇਸ਼ ਦੇ ਖੈਰ ਖਵਾਹ ਕੌਣ ਹਨ: ਬਹੁਗਿਣਤੀ ਹਿੰਦੂ ਭਾਈਆਂ ਦੀਆਂ ਸਰਕਾਰਾਂ ਕਿ ਸਿੱਖ? ਸਿੱਖ ਦੇਸ਼ ਦੀ ਵੰਡ ਦੇ ਖਿਲਾਫ਼ ਰਹੇ। ਇਨ੍ਹਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਤੇ ਲੱਖਾਂ ਦੀ ਗਿਣਤੀ ਵਿੱਚ ਕਤਲ ਹੋਏ। ਅੱਜ ਤੱਕ ਦੇਸ਼ ਵੰਡ ਦੀ ਸੱਟ ਸਿੱਖਾਂ ਲਈ ਸੰਗੀਨ ਦਰਦ ਬਣ ਕੇ ਬੈਠੀ ਹੋਈ ਹੈ। ਜਿਨਾਹ ਅਤੇ ਨਹਿਰੂ ਨੇ ਦੇਸ਼ ਦੀ ਵੰਡ ਕਰਵਾਈ।

ਚੇਤੇ ਰਹੇ ਕਿ ਅੰਗਰੇਜ਼ ਦੇਸ਼ ਵੰਡ ਦੇ ਖਿਲਾਫ ਸੀ। ਜਿਨਾਹ ਅਤੇ ਨਹਿਰੂ ਤੁਰੰਤ ਹਕੂਮਤ ਸੰਭਾਲਣ ਲਈ ਤਰਲੋਮੱਛੀ ਹੋ ਰਹੇ ਸਨ। ਦੇਸ਼ ਦੀ ਵੰਡ ਹੋ ਗਈ। ਪਾਕਿਸਤਾਨ ਵਿੱਚ ਜਿਨਾਹ ਦੇਸ਼ ਭਗਤ ਹੈ ਤੇ ਭਾਰਤੀਆਂ ਲਈ ਨਹਿਰੂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਹੈ? ਸਿੱਖ, ਜਿਹੜੇ ਅੱਜ ਤੱਕ ਦੇਸ਼ ਵੰਡ ਦੇ ਖਿਲਾਫ਼ ਹਨ, ਗੱਦਾਰ ਐਲਾਨੇ ਗਏ ਹਨ। ਸਿੱਖਾਂ ਨੂੰ ਪਾਕਿਸਤਾਨ ਦੇ ਏਜੰਟ ਹੋਣ ਦੀਆਂ ਉਪਾਧੀਆਂ ਅਕਸਰ ਮਿਲਦੀਆਂ ਹਨ। ਧੰਨ ਹੈ ਭਾਰਤ। ਧੰਨ ਹਨ ਭਾਰਤੀ ਭਰਾ।

ਸਾਕਾ ਨੀਲਾ ਤਾਰਾ ਦੀ ਕਹਾਣੀ

ਭਾਈ ਜੋਗਿੰਦਰ ਸਿੰਘ ਵੇਦਾਂਤੀ

“ਉਸ ਦਿਨ 4 ਜੂਨ ਨੂੰ ਸਵੇਰੇ ਮੈਂ ਤਿੰਨ ਵਜੇ ਉੱਠਿਆ, ਇਸ਼ਨਾਨ- ਪਾਣੀ ਤੋਂ ਵਿਹਲਾ ਹੋ ਕੇ, ਠੀਕ ਚਾਰ ਵਜੇ ਆਪਣੀ ਧਰਮ ਪਤਨੀ ਸਮੇਤ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਡਿਊਟੀ ’ਤੇ ਪੁੱਜਾ। ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਦੇ ਜੱਥੇ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਹੋਇਆ ਸੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਲਕੀ ਸਾਹਿਬ ਆਉਣ ‘ਤੇ ਸਾਢੇ ਚਾਰ ਵਜੇ ਹੁਕਮਨਾਮਾ ਹੋਇਆ। ਲੱਗ-ਭੱਗ ਪੌਣੇ ਪੰਜ ਵਜੇ ਜਦ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਚਲ ਰਿਹਾ ਸੀ, ਤਾਂ ਤੋਪ ਦਾ ਇਕ ਗੋਲਾ ਸਿੰਧੀਆਂ ਦੀ ਧਰਮਸ਼ਾਲਾ ਵਿੱਚ ਆ ਕੇ ਲੱਗਾ। ਇਹ ਧਰਮਸ਼ਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤਰ ਵੱਲ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਥੜ੍ਹਾ ਸਾਹਿਬ ਦੇ ਵਿਚਕਾਰ ਸਥਿੱਤ ਸੀ, ਜੋ ਹੁਣ ਢਾਹ ਦਿੱਤੀ ਗਈ ਹੈ। ਤੋਪ ਦਾ ਇਹ ਗੋਲਾ ਜਲ੍ਹਿਆਂ ਵਾਲੇ ਬਾਗ ਵੱਲੋਂ ਆਇਆ ਜਾਪਦਾ ਸੀ। ਇਸ ਤੋਂ ਤਿੰਨ ਚਾਰ ਮਿੰਟ ਬਾਅਦ ਅੰਧਾ-ਧੁੰਦ ਫ਼ਾਇਰਿੰਗ ਸ਼ੁਰੂ ਹੋ ਗਈ ਜੋ ਲਗਾਤਾਰ ਰਾਤ ਦੇ ਸਾਢੇ ਦਸ ਵਜੇ ਤਕ ਚਲਦੀ ਰਹੀ। ਥੋੜੇ-ਥੋੜੇ ਅਰਸੇ ਬਾਅਦ ਵੱਖ-ਵੱਖ ਥਾਵਾਂ ਤੇ ਤੋਪਾਂ ਦੇ ਗੋਲੇ ਵੀ ਵਰ੍ਹਦੇ ਰਹੇ। ਚਾਰ ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਾਲਾਂ ਕੋਈ ਗੋਲੀ ਨਹੀਂ ਆਈ ਸੀ। ਅਸੀਂ ਇਹਤਿਆਤ ਵਜੋਂ ਹਰਿਮੰਦਰ ਸਾਹਿਬ ਦੇ ਬੂਹੇ ਬਾਰੀਆਂ ਅੰਦਰੋਂ ਬੰਦ ਕਰ ਲਈਆਂ ਸਨ। ਪ੍ਰਕਰਮਾਂ ਵਿੱਚ ਵੀ ਹਾਲਾਂ ਗੋਲੀਆਂ ਆਉਣੀਆਂ ਸ਼ੁਰੂ ਨਹੀਂ ਸਨ ਹੋਈਆਂ। ਮੈਂ ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਸਮੇਤ ਡਿਊਟੀ ਤੋਂ ਫਾਰਗ ਹੋ ਕੇ ਸਾਢੇ 9 ਵਜੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਇਆ ਅਤੇ ਅਸੀਂ ਆਪੋ ਆਪਣੇ ਟਿਕਾਣਿਆਂ ‘ਤੇ ਜਾ ਪੁੱਜੇ। ਚਾਰ ਤਾਰੀਖ ਸ਼ਾਮ ਨੂੰ ਹਰਿਮੰਦਰ ਸਾਹਿਬ ਤੋਂ ਮਹਾਰਾਜ ਦਾ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਲਿਜਾਇਆ ਗਿਆ, ਸਗੋਂ ਹਰਿ ਕੀ ਪਉੜੀ ਉੱਪਰ ਹੀ ਮਹਾਰਾਜ ਦਾ ਸੁਖਾਸਨ ਕੀਤਾ ਗਿਆ ਸੀ।

ਸ ਵਜੇ ਰਾਤ ਨੂੰ ਸਾਰੇ ਦਰਬਾਰ ਸਾਹਿਬ ਕੰਪਲੈਕਸ ਅਤੇ ਆਸ-ਪਾਸ ਦੀਆਂ ਬਿਲਡਿੰਗਾਂ ਦੀ ਬਿਜਲੀ ਕੱਟ ਦਿੱਤੀ ਗਈ। ਰਾਤ ਦੇ ਹਨੇਰੇ ਦੇ ਵਿੱਚ ਫੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਉੱਚੀਆਂ ਬਿਲਡਿੰਗਾਂ ਵਿੱਚ ਮੋਰਚੇ ਸਾਂਭ ਲਏ। ਰਾਤ ਸਾਢੇ ਦਸ ਵਜੇ ਤੋਂ ਅਗਲੀ ਸਵੇਰ ਕੋਈ ਪੌਣੇ ਪੰਜ ਵਜੇ ਤੱਕ ਫਾਇਰਿੰਗ ਬੰਦ ਰਹੀ। ਪੰਜ ਜੂਨ ਨੂੰ ਸਵੇਰੇ ਮੈਂ ਤਿਆਰ ਹੋ ਕੇ ਫੇਰ ਠੀਕ ਚਾਰ ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਡਿਊਟੀ ’ਤੇ ਪੁੱਜਾ। ਉਸ ਸਮੇਂ ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਕੁੱਝ ਸੇਵਾਦਾਰਾਂ ਸਮੇਤ ਹਰਿ ਕੀ ਪਉੜੀ ਤੋਂ ਮਹਾਰਾਜ ਦਾ ਸਰੂਪ ਹੇਠਾਂ ਲਿਆ ਰਹੇ ਸਨ। ਪ੍ਰਕਾਸ਼ ਕਰਨ ਉਪਰੰਤ ਹੁਕਮਨਾਮਾ ਹੋਇਆ। ਹਾਲਾਂ ਪੰਜ ਵੱਜਣ ਵਿੱਚ ਪੰਜ ਮਿੰਟ ਬਾਕੀ ਸਨ ਕਿ ਅਚਾਨਕ ਫੌਜੀਆਂ ਨੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ। ਤੋਪ ਦੇ ਅੱਠ ਗੋਲੇ ਲਗਾਤਾਰ ਸਿੰਧੀਆਂ ਦੀ ਧਰਮਸ਼ਾਲਾ ’ਤੇ ਲੱਗੇ। ਉਹਨਾਂ ਦੇ ਖੜ੍ਹਾਕ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਡਿੰਗ ਵੀ ਕੰਬ ਰਹੀ ਸੀ। ਇਉਂ ਪੰਜ ਜੂਨ ਨੂੰ ਫੇਰ ਫ਼ਾਇਰਿੰਗ ਸ਼ੁਰੂ ਹੋ ਗਈ। ਅੱਜ ਸਾਰੇ ਪਾਸਿਆਂ ਤੋਂ ਪ੍ਰਕਿਰਮਾ ਅੰਦਰ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਗੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸ ਲਈ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ ਸਨ। ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਦਰ ਕੋਈ ਵੀ ਥਾਂ ਸੁਰੱਖਿਅਤ ਨਹੀਂ ਸੀ।

ਸ੍ਰੀ ਹਰਿਮੰਦਰ ਸਾਹਿਬ ਅੰਦਰ ਉਸ ਸਮੇਂ ਕੋਈ ਚਾਰ ਪੰਜ ਅਖੰਡ ਪਾਠੀ, ਪੰਦਰਾਂ ਵੀਹ ਸੇਵਾਦਾਰ ਅਤੇ ਦਸ ਕੁ ਹੋਰ ਸ਼ਰਧਾਲੂ ਤੇ ਪ੍ਰੇਮੀ ਸਿੰਘ ਮੌਜੂਦ ਸਨ। ਇਹਨਾਂ ਵਿੱਚ ਸ. ਹਰਚਰਨ ਸਿੰਘ ਹੁਡਿਆਰਾ, ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਅਤੇ ਉਸ ਦੀ ਭੈਣ ਬੀਬੀ ਪਰਮਜੀਤ ਕੌਰ ਵੀ ਸ਼ਾਮਿਲ ਸਨ। ਇਹ ਬੀਬੀ ਪਰਮਜੀਤ ਕੌਰ ਪੰਜ ਜੂਨ ਦੀ ਰਾਤ ਨੂੰ ਬਾਬਾ ਸਵਾਇਆ ਸਿੰਘ ਦੀ ਛਬੀਲ ਲਾਗੇ ਸ਼ਹੀਦ ਹੋ ਗਈ ਸੀ। ਉਸ ਨਾਲ ਇੱਕ ਬੀਬੀ ਹੋਰ ਸੀ ਜਿਸਨੂੰ ਜ਼ਖ਼ਮੀ ਹਾਲਤ ਵਿੱਚ 6 ਜੂਨ ਨੂੰ ਗ੍ਰਿਫਤਾਰ ਕਰ ਲਿਆ ਸੀ, ਜੋ ਹਾਲਾਂ ਤੱਕ ਜੇਲ੍ਹ ਵਿੱਚ ਬੰਦ ਦੱਸੀਦੀ ਹੈ।

ਪੰਜ ਜੂਨ ਨੂੰ ਅਸੀਂ ਸਾਢੇ ਗਿਆਰਾਂ ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਰਹੇ। ਸਾਢੇ ਗਿਆਰਾਂ ਵਜੇ ਅਸੀਂ ਕੋਈ ਪੰਜ ਸਿੰਘ-ਮੈਂ, ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਜੀ ਅਤੇ ਕੋਈ ਤਿੰਨ ਕੁ ਸੇਵਾਦਰ ਪਿੱਤਲ ਦੇ ਜੰਗਲਿਆਂ ਵਿਚੋਂ ਦੀ ਲੰਮੇ ਪੈ ਪੈ ਕੇ ਦਰਸ਼ਨੀ ਡਿਉਢੀ ਤੱਕ ਅੱਪੜੇ, ਅੱਗੋਂ ਨੱਠ ਕੇ ਬਰਾਂਡੇ ਦੀ ਓਟ ਲਈ। ਇਉਂ ਲੁਕਦੇ-ਛਿੱਪਦੇ ਆਪਣੇ ਟਿਕਾਣਿਆਂ ‘ਤੇ ਅੱਪੜ ਗਏ। ਉਸ ਸਮੇਂ ਬਾਬਾ ਸਵਾਇਆ ਸਿੰਘ ਦੀ ਛਬੀਲ ਲਾਗੇ ਦੋ ਕੁ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਮੇਰੀ ਰਿਹਾਇਸ਼ ਵੀ ਉੱਤੇ ਸੁਰੱਖਿਅਤ ਨਹੀਂ ਸੀ। ਇਸ ਲਈ ਦੁਪਹਿਰ ਦੇ ਕੋਈ ਸਾਢੇ ਬਾਰਾਂ ਵਜੇ ਮੈਂ ਆਪਣੇ ਪਰਿਵਾਰ ਸਮੇਤ ਹੇਠਾਂ ਗਿੱਲੇ ਕਪੜਿਆਂ ਦੇ ਸਟੋਰ ਵਾਲੇ ਕਮਰੇ ਵਿੱਚ ਆ ਗਿਆ। ਇਸ ਸਟੋਰ ਦੇ ਕਮਰੇ ਵਿੱਚ ਪਹਿਲਾਂ ਹੀ ਸਿੰਘਾਂ ਦੀ ਕਾਫ਼ੀ ਭੀੜ ਸੀ, ਜਿਸ ਕਰਕੇ ਇੱਥੇ ਦਮ ਘੁੱਟਦਾ ਸੀ। ਇਸ ਤੋਂ ਅਸੀਂ ਉੱਪਰ ਆਪਣੇ ਮਕਾਨ ਵਿੱਚ ਜਾਣਾ ਹੀ ਠੀਕ ਸਮਝਿਆ। ਕੋਈ ਸਵਾ ਕੁ ਘੰਟੇ ਬਾਅਦ ਹੀ ਅਸੀਂ ਫੇਰ ਉੱਪਰ ਚਲੇ ਆਏ।

ਗੁਰੂ ਰਾਮਦਾਸ ਸਰਾਂ ਵਾਲੀ ਪਾਣੀ ਦੀ ਵੱਡੀ ਟੈਂਕੀ ਉਸ ਦਿਨ ਕੋਈ ਡੇਢ ਵਜੇ ਤੋੜੀ ਗਈ। ਹਾਲਾਂ ਅਸੀਂ ਹੇਠਾਂ ਸਟੋਰ ਦੇ ਕਮਰੇ ਵਿੱਚ ਹੀ ਬੈਠੇ ਸਾਂ। ਟੈਂਕੀ ਦਾ ਪਾਣੀ ਵਗਦਾ ਸਾਨੂੰ ਦਿਖਾਈ ਦਿੰਦਾ ਸੀ। ਟੈਂਕੀ ਉਪਰ ਲਗਾਤਾਰ ਕੋਈ ਦੋ ਸੌ ਗੋਲੇ ਮਾਰੇ ਗਏ। ਸ਼ਾਮ ਦੇ ਕੋਈ ਅੱਠ ਕੁ ਵਜੇ ਫੌਜ ਨੇ ਪਾਪੜਾਂ ਵਾਲੇ ਬਜ਼ਾਰ ਵਲੋਂ ਤੰਗ ਗਲੀਆਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਘੇਰਾ ਪਾਉਣ ਦਾ ਯਤਨ ਕੀਤਾ। ਫੌਜੀਆਂ ਨੂੰ ਮਿਲ ਰਹੇ ਆਰਡਰਾਂ ਦੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਸੀ। ਪਰ, ਸਾਡੇ ਪਾਸੇ ਦੀ ਗੁੱਠ ਵੱਲੋਂ ਸਿੰਘਾਂ ਨੇ ਪਿਛਲੀ ਗਲੀ ਵਿੱਚ ਦਾਖਲ ਹੋਏ ਫੌਜੀਆਂ ਉੱਪਰ ਅਚਾਨਕ ਕੁੱਝ ਸੁੱਟਿਆ ਅਤੇ ਫੌਜੀਆਂ ਦੀ ‘ਮਾਰ ਦੀਏ, ਮਾਰੀ ਦੀਏ’ ਕਹਿੰਦਿਆਂ ਦੀ ਆਵਾਜ਼ ਸਾਨੂੰ ਸੁਣਾਈ ਦਿੱਤੀ। ਸ਼ਾਇਦ ਉਥੇ ਸਾਰੇ ਫੌਜੀ ਹੀ ਮਾਰੇ ਗਏ। ਇਸ ਤੋਂ ਕੋਈ ਪੰਜ ਮਿੰਟ ਬਾਅਦ ਫੌਜੀਆਂ ਨੇ ਸਾਡੇ ਮਕਾਨ ਦੇ ਪਿੱਛੇ ਲੱਗਦੀ ਗਲੀ ਵਿੱਚ ਇੱਕ ਫੌਜੀ ਜੀਪ ਲਿਆ ਕੇ ਖੜੀ ਕਰਨ ਦਾ ਯਤਨ ਕੀਤਾ।

ਇਸ ਜੀਪ ਉੱਪਰ ਇੱਕ ਤੋਪ ਬੀੜੀ ਹੋਈ ਸੀ ਅਤੇ ਉਸ ਵਿੱਚ ਫੌਜੀ ਜਵਾਨ ਸਵਾਰ ਸਨ। ਪਰ ਉੱਪਰ ਕਿਸੇ ਟਿਕਾਣੇ ਬੈਠੇ ਸਿੰਘਾਂ ਨੇ ਇਨ੍ਹਾਂ ਦੇ ਅੱਗੇ ਵੱਧਣ ਤੇ ਰੋਕ ਪਾ ਦਿੱਤੀ। ਅਸੀਂ ਸੁਣਿਆ ਸੀ ਕਿ ਇਸ ਟਿਕਾਣੇ ਉੱਤੇ ਕੋਈ 12-13 ਸਿੰਘ ਸਨ ਜਿਨ੍ਹਾਂ ਆਖ਼ਰੀ ਦਮ ਤਕ, ਬਹਾਦਰੀ ਦੇ ਜੌਹਰ ਦਿਖਾਏ।

ਰਾਤ ਨੂੰ ਕੋਈ ਪੌਣੇ ਦਸ ਵਜੇ ਇੱਕ ਛੋਟਾ ਟੈਂਕ ਪ੍ਰੀਕਰਮਾ ਵਿੱਚ ਦਾਖਲ ਹੋਇਆ। ਇਸ ਟੈਂਕ ਦਾ ਗੋਲਾ ਸਾਡੇ ਗੁੱਠ ਵਾਲੇ ਕਮਰੇ ਵਿੱਚ ਆ ਕੇ ਲੱਗਾ। ਇਸ ਗੋਲੇ ਨਾਲ ਉਪਰੋਕਤ ਸਿੰਘਾਂ ਵਿੱਚੋਂ ਇੱਕ ਸਿੰਘ ਜ਼ਖ਼ਮੀ ਵੀ ਹੋ ਗਿਆ ਸੀ, ਜਿਸ ਨੂੰ ਉਸਦੇ ਸਾਥੀ ਹੇਠਾਂ ਛੱਡ ਗਏ ਸਨ। ਅਸੀਂ ਇਸ ਟੈਂਕ ਨੂੰ ਨਕਾਰਾ ਹੁੰਦਿਆਂ ਦੇਖਿਆ। ਅਗਲੇ ਦਿਨ ਇਹ ਟੈਂਕ ਬਾਬਾ ਸਵਾਇਆ ਸਿੰਘ ਦੀ ਛਬੀਲ ਪਾਸ ਗੁੱਠ ਵਿੱਚ ਉਸੇ ਹਾਲਤ ਵਿੱਚ ਖੜਾ ਸੀ । ਅਜਾਇਬ ਘਰ ਵਲੋਂ ਰਾਤ ਦੇ ਕੋਈ ਬਾਰਾਂ ਵਜੇ ਤੱਕ ਫੌਜ ਦੇ ਅੱਗੇ ਵੱਧਣ ‘ਤੇ ਰੁਕਾਵਟ ਪਾਈ ਜਾਂਦੀ ਰਹੀ। ਉਸ ਤੋਂ ਬਾਦ ਇਹ ਪਾਸਾ ਫੌਜ ਨੇ ਕਬਜ਼ੇ ‘ਚ ਕਰ ਲਿਆ।

ਰਾਤ ਨੂੰ ਕੋਈ ਸਾਢੇ ਕੁ ਦਸ ਵਜੇ ਕੁੱਝ ਟੈਂਕ ਲੰਗਰ ਵਾਲੇ ਰਸਤੇ ਪ੍ਰੀਕਰਮਾ ਵਿੱਚ ਦਾਖ਼ਲ ਹੋ ਗਏ ਸਨ। ਇਹਨਾਂ ਵਿੱਚੋਂ ਇੱਕ ਟੈਂਕ ਨੇ ਲਾਈਟ ਦਾ ਗੋਲਾ ਮਾਰਿਆ ਸੀ। ਅਗਲੇ ਦਿਨ ਇੱਕ ਟੈਂਕ ਬਾਬਾ ਦੀਪ ਸਿੰਘ ਵਾਲੀ ਛਬੀਲ ਪਾਸ, ਦੋ ਟੈਂਕ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਥਾਨ ਲੰਘ ਕੇ ਅੱਗੇ ਅਤੇ ਇੱਕ ਛੋਟਾ ਟੈਂਕ ਜੋ ਪਹਿਲਾਂ ਦਾਖਲ ਹੋਇਆ ਸੀ, ਉਹ ਬਾਬਾ ਸਵਾਇਆ ਸਿੰਘ ਦੀ ਛਬੀਲ ਕੋਲ ਖੜ੍ਹਾ ਸੀ। ਪਹਿਲਾਂ ਜ਼ਹਿਰੀਲੀ ਗੈਸ ਦਾ ਇੱਕ ਗੋਲਾ ਅਕਾਲ ਤਖ਼ਤ ਸਾਹਿਬ ਤੇ ਸੁੱਟਿਆ ਗਿਆ, ਜਿਸ ਦਾ ਅਸਰ ਸਾਡੇ ਕਮਰਿਆਂ ਤੱਕ ਵੀ ਹੋਇਆ। ਫਿਰ ਇਹਨਾਂ ਟੈਂਕਾਂ ਨੇ ਸਾਰੀ ਰਾਤ ਗੋਲਾਬਾਰੀ ਕੀਤੀ। ਇੱਕ-ਇੱਕ ਕਮਰੇ ਵਿੱਚ ਗੋਲੇ ਮਾਰੇ ਗਏ। ਚਾਰ ਜੂਨ ਦੀ ਸ਼ਾਮ ਤੋਂ ਬਾਅਦ ਅਸੀਂ ਆਪਣਾ ਲੰਗਰ ਤਿਆਰ ਨਹੀਂ ਕਰ ਸਕੇ, ਨਾ ਹੀ ਪੰਜ ਦੀ ਰਾਤ ਨੂੰ ਸੌਂ ਸਕੇ ਸਾਂ। ਸਾਡੇ ਅੰਦਰ ਵੀ ਗੋਲੀਆਂ ਆ ਰਹੀਆਂ ਸਨ।

ਛੇ ਜੂਨ ਦੀ ਸਵੇਰ ਨੂੰ ਕੋਈ ਪੌਣੇ ਨੌ ਵਜੇ ਤੋਂ ਸਵਾ ਨੌਂ ਵਜੇ ਦੇ ਵਿਚਕਾਰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਘਮਸਾਨ ਦਾ ਯੁੱਧ ਹੋਇਆ। ਇਸ ਤੋਂ ਬਾਅਦ ਫੌਜ ਹੋਰ ਸਾਰੇ ਪਾਸਿਆਂ ਤੇ ਤਾਂ ਕਾਬਜ਼ ਹੋ ਗਈ ਸੀ ਪਰ ਅਕਾਲ ਤਖ਼ਤ ਸਾਹਿਬ ਦੇ ਆਸੇ ਪਾਸੇ ਤੋਂ, ਸਾਡੀ ਵਾਲੀ ਗੁੱਠ ਉੱਪਰ ਅਤੇ ਬੁੰਗਿਆਂ ‘ਤੇ ਹਾਲਾਂ ਫੌਜ ਕਾਬਜ਼ ਨਹੀਂ ਸੀ ਹੋ ਸਕੀ। ਕੋਈ ਦੋ ਵਜੇ ਤੱਕ ਗੋਲੀ ਚਲਦੀ ਰਹੀ ਅਤੇ ਫਿਰ ਕੁੱਝ ਘੱਟ ਗਈ। ਜਿਵੇਂ ਕਿ ਪਿੱਛੇ ਦੱਸਿਆ ਸੀ, ਛੇ ਜੂਨ ਸ਼ਾਮ ਦੇ ਚਾਰ ਵੱਜ ਕੇ ਪੰਜ ਮਿੰਟ ‘ਤੇ ਫੌਜੀਆਂ ਵੱਲੋਂ ਮੈਗਾਫੋਨ ‘ਤੇ ਕੰਪਲੈਕਸ ਵਿੱਚ ਮੌਜੂਦ ਸਾਰਿਆਂ ਨੂੰ ਅੱਧੇ ਘੰਟੇ ਵਿੱਚ ਬਾਹਰ ਆਉਣ ਲਈ ਅਨਾਊਸਮੈਂਟ ਕੀਤੀ ਗਈ ਸੀ। ਪਹਿਲਾਂ ਤਾਂ ਅਸੀਂ ਜੱਕੋ ਤੱਕਿਆ ਵਿੱਚ ਸਾਂ ਪਰ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਆਏ ਭਾਈ ਗੁਰਦੀਪ ਸਿੰਘ ਜੀ ਅਰਦਾਸੀਏ ਅਤੇ ਹੋਰ ਸੇਵਾਦਾਰਾਂ ਨੂੰ ਦੇਖਿਆ ਤਾਂ ਅਸੀਂ ਝੱਟ-ਪੱਟ ਹੇਠਾਂ ਉਤਰ ਆਏ। ਕਾਹਲੀ ਵਿੱਚ ਅਸੀਂ ਕੇਵਲ ਬਾਹਰਲੇ ਗੇਟ ਨੂੰ ਹੀ ਤਾਲੇ ਮਾਰੇ ਸਨ। ਕੁੱਝ ਕੁ ਜ਼ਰੂਰੀ ਸਮਾਨ ਤੇ ਨਕਦੀ ਅਸੀਂ ਥੈਲੇ ਵਿੱਚ ਪਾਇਆ ਸੀ। ਪੰਜ ਕੁ ਸੌ ਰੁਪੈ ਨਕਦ, ਦੋ ਘੜੀਆਂ ਅਤੇ ਕੁਝ ਹੋਰ ਸੋਨੇ ਦਾ ਕੀਮਤੀ ਸਮਾਨ ਸੀ। ਥੈਲਾ ਸਾਡੇ ਪਾਸੋਂ ਫੌਜੀਆਂ ਨੇ ਖੋਹ ਲਿਆ। ਕਿਉਂਕਿ ਮੇਰੇ ਹੱਥ ਤਾਂ ਉਹਨਾਂ ਪੌੜੀਆਂ ਉਤਰਦਿਆਂ ਹੀ ਉਪਰ ਕਰਵਾ ਦਿੱਤੇ ਸਨ। ਫਿਰ ਦੱਖਣਵਾਲੀ ਡਿਉਢੀ ਪਾਸ ਜਾ ਕੇ ਸਿਰ ਦੀ ਛੋਟੀ ਦਸਤਾਰ ਨਾਲ ਮੇਰੇ ਹੱਥ ਪਿਛੇ ਬੰਨ੍ਹ ਦਿੱਤੇ। ਉਥੇ ਕੋਈ ਦੋ ਕੁ ਸੌ ਸਿੰਘ ਬੀਬੀਆਂ ਅਤੇ ਬੱਚੇ ਇਕੱਠੇ ਕੀਤੇ ਸਨ। ਗ੍ਰਿਫ਼ਤਾਰੀ ਦੇਣ ਸਮੇਂ ਹੇਠਾਂ ਛਬੀਲ ਦੇ ਕੋਲ ਇੱਕ ਵੀਹ ਕੁ ਦਿਨਾਂ ਦੇ ਬੱਚੇ ਦੀ ਲਾਸ਼ ਪਈ ਹੋਈ ਸੀ, ਲਾਸ਼ਾ ਸਾਹਮਣੇ ਪ੍ਰੀਕਰਮਾਂ ਵਿੱਚ ਪਈਆਂ ਸਨ, ਕਈ ਲਾਸ਼ਾਂ ਕਮਰਿਆਂ ਵਿੱਚ ਦਿਸਦੀਆਂ ਸਨ ਅਤੇ ਕੋਈ ਪੰਜ ਛੇ ਲਾਸ਼ਾਂ ਬਰਾਂਡੇ ਵਿੱਚ ਪਈਆਂ ਦਿਸ ਰਹੀਆਂ ਸਨ। ਦੱਖਣੀ ਡਿਉਢੀ ‘ਤੇ ਇਕੱਠੇ ਕੀਤੇ ਇਹਨਾਂ ਸਿੰਘਾਂ ਸਿੰਘਣੀਆਂ ਨੂੰ ਕੋਈ ਚਾਲੀ ਚਾਲੀ ਦੀ ਗਿਣਤੀ ਨਾਲ ਫੌਜ ਦੀਆਂ ਅੱਡ-ਅੱਡ ਯੂਨਿਟਾਂ ਦੇ ਹਵਾਲੇ ਕੀਤਾ ਗਿਆ। ਮੇਰੇ ਪਰਿਵਾਰ ਦੇ ਜੀਅ ਵੀ ਮੇਰੇ ਨਾਲ ਹੀ ਸਨ। ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉਢੀ ਨੂੰ ਅੱਗ ਲੱਗੀ ਹੋਈ ਸੀ ਅਤੇ ਦੋਵੇਂ ਬਿਲਡਿੰਗਾਂ ਸੜ ਰਹੀਆਂ ਸਨ। ਸਾਨੂੰ ਚਾਲੀ ਦੇ ਕਰੀਬ ਬੰਦੀਆਂ ਨੂੰ ਦੁਖਭੰਜਨੀ ਬੇਰੀ ਵਾਲੇ ਘੰਟਾ ਘਰ ਵਾਲੀ ਡਿਉਢੀ ਤੋਂ ਬਾਹਰ ਲਿਆ ਕੇ ਗੋਲੀਆਂ ਨਾਲ ਦੀਵਾਰਾਂ ਦੇ ਕਿਰੇ ਮਲਬੇ ਦੇ ਉੱਪਰ ਬਿਠਾ ਦਿੱਤਾ। ਬੀਬੀਆਂ ਤੇ ਬੱਚਿਆਂ ਨੂੰ ਮਰਦਾਂ ਨਾਲੋਂ ਵੱਖ ਕਰ ਦਿੱਤਾ।

ਸ੍ਰੀ ਹਰਿਮੰਦਰ ਸਾਹਿਬ ਅੰਦਰ ਪਿਛਲੇ ਦੋ ਦਿਨਾ ਤੋਂ ਘਿਰੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ, ਭਾਈ ਬਲਵੰਤ ਸਿੰਘ (ਦੋਵੇਂ ਸੂਰਮੇ ਸਿੰਘ), ਸਮੇਤ ਭਾਈ ਅਵਤਾਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਦੇ, 6 ਜੂਨ ਨੂੰ ਸਵੇਰ ਦੀ ਵੱਡੀ ਝੜਪ ਤੋਂ ਬਾਅਦ, ਫ਼ਾਇਰਿੰਗ ਘੱਟ ਹੋਣ ‘ਤੇ ਜਦ ਦਰਸ਼ਨੀ ਡਿਉਢੀ ਤੋਂ ਬਾਹਰ ਨਿਕਲੇ ਸਨ ਤਾਂ ਭਾਈ ਗੁਰਚਰਨ ਸਿੰਘ ਤੋਂ ਬਿਨਾਂ ਪਹਿਲਾਂ ਤਿੰਨੋਂ ਹੀ ਲਾਚੀ ਬੇਰੀ ਪਾਸ ਫੌਜੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ। ਭਾਈ ਗੁਰਚਰਨ ਸਿੰਘ ਨੂੰ ਗੋਲੀ ਨਾ ਲੱਗੀ, ਉਹ ਲਾਸ਼ਾਂ ਵਿਚ ਲੰਮਾ ਪੈ ਕੇ ਬਚ ਗਿਆ। ਬਾਅਦ ਵਿੱਚ ਉਸ ਨੂੰ ਦੂਜੇ ਜ਼ਖ਼ਮੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਉਂ ਜਦ ਅਸੀਂ ਦੱਖਣੀ ਡਿਉਢੀ ਤੋਂ ਘੰਟਾ ਘਰ ਗੇਟ ਵੱਲ ਨੂੰ ਚਲੇ ਤਾਂ ਕੋਈ ਛੇ ਸੱਤ ਲਾਸ਼ਾਂ ਦੁੱਖ-ਭੰਜਨੀ ਬੇਰੀ ਕੋਲ ਪਈਆਂ ਸਨ । ਬ੍ਰਹਮ ਬੂਟੇ ਵਾਲੀ ਛਬੀਲ ਦੇ ਨਾਲ ਦਾ ਕਮਰਾ ਦਗ-ਦਗ ਸੜ ਰਿਹਾ ਸੀ। ਇਸ ਨੂੰ ਟੈਂਕ ਦੇ ਗੋਲੇ ਨਾਲ ਅੱਗ ਲੱਗੀ ਸੀ। ਇਸ ਤੋਂ ਅੱਗੇ ਜ਼ਨਾਨਾ ਤੇ ਮਰਦਾਨਾ ਦੋਵੇਂ ਇਸ਼ਨਾਨ-ਘਰ ਲਾਸ਼ਾਂ ਨਾਲ ਭਰੇ ਪਏ ਸਨ। ਤਿੰਨ ਚਾਰ ਲਾਸ਼ਾਂ ਘੰਟਾ ਘਰ ਵਾਲੇ ਗੇਟ ਵਿੱਚ ਪਈਆਂ ਸਨ। ਸਾਰੀ ਪ੍ਰੀਕਰਮਾ ਕਾਰਤੂਸਾਂ ਦੇ ਖਾਲੀ ਖੋਲਾਂ ਨਾਲ ਭਰੀ ਹੋਈ ਸੀ। ਸਾਨੂੰ ਬਾਹਰ ਲਿਆਉਣ ਸਮੇਂ ਸਾਡੇ ‘ਤੇ ਇਹ ਪਾਬੰਦੀ ਲਾਈ ਗਈ ਸੀ ਕਿ ਅਸੀਂ ਏਧਰ ਉੱਧਰ ਨਹੀਂ ਦੇਖਣਾ। ਜਿੰਨ੍ਹਾਂ ਫੌਜੀਆਂ ਦੇ ਹਵਾਲੇ ਸਾਨੂੰ ਕੀਤਾ ਗਿਆ, ਉਹ ਮਦਰਾਸੀ ਤੇ ਬਿਹਾਰੀ ਜਾਪਦੇ ਸਨ। ਜੋ ਕੋਈ ਪਾਣੀ ਮੰਗਦਾ ਜਾਂ ਪਿਸ਼ਾਬ ਕਰਨ ਲਈ ਕਹਿੰਦਾ ਤਾਂ ਉਸ ਨੂੰ ਠੁੱਡੇ ਤੇ ਬੱਟ ਵੱਜਣੇ ਸ਼ੁਰੂ ਹੋ ਜਾਂਦੇ ਸਨ, ਕਹਿੰਦੇ ਸਨ, “ਥੋੜੀ ਦੇਰ ਠਹਿਰੋ, ਹੁਣੇ ਪਲਾਏਂਗੇ ਪਾਣੀ।”

ਅਸੀਂ ਏਥੇ ਸ਼ਾਮ ਨੂੰ ਕੋਈ ਸਾਢੇ ਛੇ ਵਜੇ ਬਿਠਾਏ ਸਾਂ। ਕੋਈ ਸੱਤ ਕੁ ਵਜੇ ਚਾਰ ਕਮਾਂਡੋ ਆਏ। ਉਹਨਾਂ ਕੋਲ ਕੁੱਝ ਫੋਟੋ ਸਨ, ਜਿਨ੍ਹਾਂ ਨਾਲ ਉਹਨਾਂ ਨੇ ਸਾਡੇ ਸਾਰਿਆਂ ਦੇ ਚਿਹਰੇ ਮਿਲਾ ਕੇ ਦੇਖੋ। ਉਹ ਕਹਿ ਰਹੇ ਸਨ-“ਬਤਾਓ ਭਿੰਡਰ ਕਹਾਂ ਗਿਆ।” ਉਹ ਆਪਣੀ ਕਾਰਵਾਈ ਕਰਕੇ ਚਲੇ ਗਏ।

ਅਸੀਂ ਠੁੱਡੇ ਤੇ ਬੱਟ ਖਾ-ਖਾ ਕੇ ਕੋਈ ਦਸ ਕੁ ਵਜੇ ਰਾਤ ਤਕ ਤਾਂ ਤਰੇਹ ਬਰਦਾਸ਼ਤ ਕੀਤੀ, ਪਰ ਹਾਹਾਕਾਰ ਮੱਚ ਉੱਠੀ। ਇਸ ਤੋਂ ਫੌਜੀਆਂ ਨੇ ਕੋਈ ਦਸ ਵਜੇ ਇਕ ਇਕ ਗਿਲਾਸ ਪਾਣੀ ਸਾਡੇ ਵਿਚੋਂ ਕਈਆਂ ਦੇ ਮੂੰਹਾਂ ਨਾਲ ਲਾ ਕੇ ਪਿਆ ਦਿੱਤਾ। ਸਾਡੇ ਵਿੱਚੋਂ ਚਾਰ ਕੁ ਨੌਜਵਾਨਾਂ ਦੀ ਰਾਤ ਨੂੰ ਬਹੁਤ ਮਾਰ- ਕੁਟਾਈ ਕੀਤੀ ਗਈ। ਸ਼ਾਮ ਨੂੰ ਜਦ ਬੈਂਕ ਦੇ ਸਾਹਮਣੇ ਕੋਈ ਚਾਰ ਲਾਸ਼ਾਂ ਪਈਆਂ ਸਨ, ਪਰ ਦਿਨ ਚੜ੍ਹਨ ‘ਤੇ ਇੱਥੇ 13 ਲਾਸ਼ਾਂ ਹੋ ਗਈਆਂ ਸਨ। ਜਿਸ ਨੂੰ ਉਹਨਾਂ ਮਾਰਨਾ ਹੁੰਦਾ ਸੀ ਉਸ ਨੂੰ ਲਾਈਨ ਵਿੱਚੋਂ ਉਠਾ ਕੇ ਲਾਂਭੇ ਲੈ ਜਾਂਦੇ ਸਨ। ਅੱਧੀ ਰਾਤ ਤੱਕ ਅਸੀਂ ਇਸ ਤਰ੍ਹਾਂ ਪਿੱਛੇ ਹੱਥ ਬੰਨ੍ਹੇ ਅਤੇ ਅੱਗੋਂ ਸਿਰ ਨੀਵਾਂ ਕਰਕੇ ਬੈਠੇ ਰਹੇ। ਅੱਧੀ ਰਾਤ ਤੋਂ ਬਾਅਦ ਕਿਹਾ ਗਿਆ ਕਿ ਲੇਟ ਜਾਵੋ। ਹੱਥ ਬੰਨ੍ਹੇ ਹੋਣ ਕਰਕੇ ਲੇਟਿਆ ਤਾਂ ਨਹੀਂ ਜਾਂਦਾ ਸੀ, ਪਰ ਅਸੀਂ ਵਿੰਗੇ ਟੇਢੇ ਏਧਰ ਓਧਰ ਰਿੜ੍ਹਦੇ ਰਹੇ।

7 ਜੂਨ ਦੀ ਸਵੇਰ ਹੋ ਗਈ। ਕੋਈ ਸੱਤ ਕੁ ਵਜੇ ਸਾਡੇ ਇੰਚਾਰਜ ਫੌਜੀ ਆਪਣੇ ਕਮਾਂਡਰਾਂ ਨੂੰ ਵਾਇਰਲੈੱਸ ਕਰ ਰਹੇ ਸਨ ਕਿ “ਸੰਤ ਭਿੰਡਰਾਂ ਵਾਲਾ ਮਾਰਿਆ ਗਿਆ ਹੈ ਅਤੇ ਦਰਬਾਰ ਸਾਹਿਬ ‘ਤੇ ਸਾਡਾ ਕਬਜ਼ਾ ਹੋ ਚੁੱਕਾ ਹੈ” ਸਵੇਰ ਹੋਣ ‘ਤੇ ਸਾਨੂੰ ਸਾਹਮਣੇ ਤੋਂ ਉਠਾ ਕੇ ਜੋੜਾ ਸਥਾਨ ਵੱਲ ਬਿਠਾ ਦਿੱਤਾ ਗਿਆ। ਕੋਈ 8 ਵਜੇ ਵੱਡੇ ਫੌਜੀ ਅਫ਼ਸਰਾਂ ਦੀਆਂ ਕਾਰਾਂ ਦਰਬਾਰ ਸਾਹਿਬ ਵੱਲ ਆਉਣੀਆਂ ਸ਼ੁਰੂ ਹੋ ਗਈਆਂ। ਤਿੰਨ ਫ਼ੌਜੀ ਗੱਡੀਆਂ ਅਸਲੇ ਦੀਆਂ ਭਰੀਆਂ ਬਾਹਰ ਤੋਂ ਆਈਆਂ ਜਿਨ੍ਹਾਂ ਵਿੱਚ ਭਾਂਤ-ਭਾਂਤ ਦੀਆਂ ਬੰਦੂਕਾਂ, ਤਲਵਾਰਾਂ ਅਤੇ ਭਾਲੇ ਆਦਿਕ ਸਨ। ਇਹ ਸਾਰੇ ਹਥਿਆਰ ਫੋਟੋ ਖਿੱਚਣ ਲਈ ਅਕਾਲ ਤਖ਼ਤ ਸਾਹਿਬ ਲਿਜਾਏ ਗਏ। ਦਰਬਾਰ ਸਾਹਿਬ ਦੇ ਅੰਦਰੋਂ ਦੋ ਫੌਜੀ ਅਫ਼ਸਰਾਂ ਦੀਆਂ ਲਾਸ਼ਾਂ ਉੱਪਰ ਚਾਦਰਾਂ ਪਾ ਕੇ ਬਾਹਰ ਲਿਆਂਦੀਆ ਗਈਆਂ। ਇਸ ਤੋਂ ਬਾਅਦ ਇੱਕ ਲਾਸ਼ ਉਹ ਵੀ ਲਿਆਂਦੀ ਗਈ, ਜੋ ਸੰਤ ਭਿੰਡਰਾਂਵਾਲਿਆਂ ਦੀ ਦੱਸੀ ਜਾਂਦੀ ਸੀ। ਇਸ ਲਾਸ਼ ‘ਤੇ ਪੀਲਾ ਕੱਪੜਾ ਪਾਇਆ ਹੋਇਆ ਸੀ ਅਤੇ ਇਸ ਨੂੰ ਘੰਟਾ ਘਰ ਵਾਲੀ ਡਿਊਢੀ ਦੇ ਵਿੱਚਕਾਰ ਬਰਫ਼ ਦੇ ਵਿੱਚ ਰੱਖਿਆ ਗਿਆ।

ਦਰਬਾਰ ਸਾਹਿਬ ਦਾ ਇਨਫਰਮੇਸ਼ਨ ਅਫ਼ਸਰ ਸ. ਨਰਿੰਦਰ ਸਿੰਘ ਨੰਦਾ ਵੀ ਸਾਡੇ ਨਾਲ ਬੈਠਾ ਸੀ। ਰਾਤ ਨੂੰ ਉਸ ਦੀ ਬਹੁਤ ਮਾਰ ਕੁਟਾਈ ਹੋਈ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਿਚਰਨ ਸਿੰਘ ਸਾਡੇ ਨਾਲ ਸੀ। ਫੌਜੀ ਸ. ਨਰਿੰਦਰ ਸਿੰਘ ਨੰਦਾ ਅਤੇ ਭਾਈ ਹਰਿਚਰਨ ਸਿੰਘ ਰਾਗੀ ਨੂੰ ਸੰਤ ਭਿੰਡਰਾਂਵਾਲਿਆਂ ਦੀ ਲਾਸ਼ ਦੀ ਸ਼ਨਾਖਤ ਕਰਵਾਉਣ ਲਈ ਲੈ ਗਏ। ਜਦ ਉਹ ਵਾਪਸ ਪਰਤੇ ਤਾਂ ਮੈਂ ਭਾਈ ਹਰਿਚਰਨ ਸਿੰਘ ਰਾਗੀ ਨੂੰ ਪੁੱਛਿਆ ਕਿ ਕੀ ਉਹ ਲਾਸ਼ ਸੰਤ ਭਿੰਡਰਾਂਵਾਲਿਆਂ ਦੀ ਸੀ? ਭਾਈ ਹਰਿਚਰਨ ਸਿੰਘ ਰਾਗੀ ਨੇ ਦੱਸਿਆ ਕਿ “ਉਹਨਾਂ ਦਾ ਚਿਹਰਾਂ ਤਾਂ ਉੱਡਿਆ ਹੋਇਆ ਸੀ ਅਤੇ ਇੱਕ ਗੋਲੀ ਵਿਚੋਂ ਲੰਘੀ ਹੈ, ਪੂਰੀ ਪਛਾਣ ਤਾਂ ਨਹੀਂ ਹੁੰਦੀ, ਪਰ ਸ਼ਕਲ ਉਹਨਾਂ ਨਾਲ ਮਿਲਦੀ- ਜੁਲਦੀ ਹੈ। ਉਥੇ ਸਾਰੇ ਇਹ ਕਹਿ ਰਹੇ ਸਨ ਕਿ ਸੰਤ ਭਿੰਡਰਾਂਵਾਲਾ ਇਹ ਹੀ ਹੈ, ਇਸ ਲਈ ਅਸੀਂ ਵੀ ਕਹਿ ਦਿੱਤਾ ਕਿ ਹਾਂ ਇਹ ਲਾਸ਼ ਸੰਤ ਭਿੰਡਰਾਂਵਾਲਿਆਂ ਦੀ ਹੀ ਹੈ।”

ਸੱਤ ਜੂਨ ਨੂੰ ਸਵੇਰੇ ਕੋਈ ਅੱਠੇ ਨੌਂ ਵਜੇ ਦੇ ਵਿਚਕਾਰ ਦਾ ਸਮਾਂ ਸੀ ਕਿ ਪੰਥ ਦੇ ਪ੍ਰਸਿੱਧ ਸਵਰਗਵਾਸੀ ਰਾਗੀ ਭਾਈ ਗੋਪਾਲ ਸਿੰਘ ਦੇ ਭਰਾਤਾ ਰਾਗੀ ਭਾਈ ਜਗੀਰ ਸਿੰਘ ਦੀ ਵਹੁਟੀ ਨੂੰ ਕੁੱਝ ਫੌਜੀ ਘਸੀਟਦੇ ਉਹਨਾਂ ਦੇ ਘੰਟਾ ਘਰ ਸਾਈਡ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਉਪਰਲੇ ਰਿਹਾਇਸ਼ੀ ਮਕਾਨ ਵਿਚੋਂ ਹੇਠਾਂ ਸਾਡੇ ਪਾਸ ਲੈ ਆਏ। ਉਹ ਰੋਂਦੀ ਪਿੱਟਦੀ ਤੇ ਵਿਰਲਾਪ ਕਰਦੀ ਕਹਿ ਰਹੀ ਸੀ ਕਿ ਇਹਨਾਂ ਫੌਜੀਆਂ ਨੇ ਮੇਰੇ ਪਤੀ ਨੂੰ ਕਮਰੇ ਵਿੱਚੋਂ ਕੱਢ ਕੇ ਮਾਰ ਦਿੱਤਾ ਹੈ। ਸਾਡੇ ਸਾਹਮਣੇ ਉਸ ਨੂੰ ਗਸ਼ ਪੈ ਗਈ। ਉੱਥੋਂ ਉਸਨੂੰ ਹਸਪਤਾਲ ਲੈ ਗਏ, ਜਿਥੇ ਸਦਮਾ ਨਾ ਸਹਾਰਦੀ ਹੋਈ ਉਹ ਆਪਣੇ ਪਤੀ ਦੇ ਪਿੱਛੇ-ਪਿੱਛੇ ਹੀ ਆਪਣੇ ਪਿਆਰੇ ਦੇ ਦੇਸ (ਪ੍ਰਲੋਕ) ਜਾ ਪੁੱਜੀ।

ਇਸੇ ਤਰ੍ਹਾਂ ਹੀ ਭਾਈ ਪ੍ਰੀਤਮ ਸਿੰਘ ਅਤੇ ਭਾਈ ਰਣਧੀਰ ਸਿੰਘ ਦੋ ਸੱਕੇ ਭਰਾ ਏਥੇ ਦਰਬਾਰ ਸਾਹਿਬ ਅੰਦਰ ਸੇਵਾਦਾਰ ਲੱਗੇ ਹੋਏ ਸਨ। ਇਹ ਪਿੱਛੋਂ ਯੂ.ਪੀ. ਦੇ ਰਹਿਣ ਵਾਲੇ ਸਨ ਅਤੇ ਏਥੇ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਸਨ। ਬ੍ਰਹਮ ਬੂਟੇ ਉੱਤਰ ਵੱਲ ਸੇਵਾਦਾਰਾਂ ਦੇ ਕਵਾਟਰਾਂ ਵਿੱਚ ਉਹਨਾਂ ਦੀ ਰਿਹਾਇਸ਼ ਸੀ। ਇਹਨਾਂ ਵਿੱਚੋਂ ਭਾਈ ਪ੍ਰੀਤਮ ਸਿੰਘ ਦੀ ਵਹੁਟੀ ਅਤੇ ਉਸ ਦੀਆਂ ਦੋ ਛੋਟੀ ਉਮਰ ਦੀਆਂ ਲੜਕੀਆਂ ਏਥੇ ਉਸ ਪਾਸ ਸਨ, ਜਦ ਕਿ ਭਾਈ ਰਣਧੀਰ ਸਿੰਘ ਦੀ ਵਹੁਟੀ ਦਿੱਲੀ ਆਪਣੇ ਪੇਕੇ ਗਈ ਹੋਈ ਸੀ। ਪੰਜ ਜੂਨ ਨੂੰ ਇਹਨਾਂ ਦੇ ਮਕਾਨ ਦੀ ਤਲਾਸ਼ੀ ਹੋਈ ਅਤੇ ਕਿਹਾ ਕਿ ਤੁਸੀਂ ਕਿੱਧਰੇ ਬਾਹਰ ਨਹੀਂ ਜਾਣਾ ਏਥੇ ਅੰਦਰ ਰਹਿਣਾ, ਤੁਹਾਨੂੰ ਕੁਝ ਨਹੀਂ ਕਹਾਂਗੇ। ਪਰ ਸੱਤ ਜੂਨ ਨੂੰ ਪੰਜ ਸੱਤ ਫੌਜੀ ਆਏ, ਉਹਨਾਂ ਨੇ ਭਾਈ ਪ੍ਰੀਤਮ ਸਿੰਘ ਦਾ ਬੂਹਾ ਖੁਲ੍ਹਵਾ ਕੇ ਉਸ ਨੂੰ ਬਾਹਰ ਕੱਢ ਲਿਆ।

ਉਸ ਦੀਆਂ ਬਾਹਾਂ ਉਪਰ ਖੜੀਆਂ ਕਰਵਾ ਕੇ ਉਸ ਨੂੰ ਗੁਰੂ ਰਾਮ ਦਾਸ ਸਰਾਂ ਵੱਲ ਡਾਕਖਾਨੇ ਦੇ ਸਾਹਮਣੇ ਲੈ ਆਏ ਉਸ ਦਾ ਭਰਾ ਰਣਧੀਰ ਸਿੰਘ ਨੰਗੇ ਪਿੰਡੇ ਆਪਣੇ ਭਾਈ ਪ੍ਰੀਤਮ ਸਿੰਘ ਦੀ ਇੱਕ ਲੜਕੀ ਨੂੰ ਕੁੱਛੜ ਚੁੱਕ ਕੇ ਪਿੱਛੇ-ਪਿੱਛੇ ਆ ਗਿਆ। ਨਾਲ ਹੀ ਭਾਈ ਪ੍ਰੀਤਮ ਸਿੰਘ ਦੀ ਵਹੁਟੀ ਆਪਣੀ ਦੂਜੀ ਲੜਕੀ ਨੂੰ ਚੁੱਕ ਕੇ ਉਹਨਾਂ ਦੇ ਪਿੱਛੇ ਉੱਥੇ ਡਾਕਖਾਨੇ ਕੋਲ ਆ ਗਈ। ਏਥੇ ਫੌਜੀਆਂ ਨੇ ਪਹਿਲਾਂ ਭਾਈ ਪ੍ਰੀਤਮ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦੀ ਪਤਨੀ, ਭਰਾ ਅਤੇ ਦੋਵੇਂ ਲੜਕੀਆਂ ਦੇ ਦੇਖਦਿਆਂ ਸ਼ਹੀਦ ਕਰ ਦਿੱਤਾ। ਆਪਣੇ ਭਰਾ ਨੂੰ ਗੋਲੀਆਂ ਲੱਗਦੀਆਂ ਦੇਖ ਕੇ ਭਾਈ ਰਣਧੀਰ ਸਿੰਘ ਅੱਗੇ ਵਧਿਆ ਤਾਂ ਫੌਜੀਆਂ ਨੇ ਉਸ ਨੂੰ ਵੀ ਸਮੇਤ ਕੁੱਛੜ ਚੁੱਕੀ ਛੋਟੀ ਲੜਕੀ ਦੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਤੋਂ ਬਾਦ ਉਹ ਭਾਈ ਪ੍ਰੀਤਮ ਸਿੰਘ ਦੀ ਵਹੁਟੀ ਨੂੰ ਉਸ ਦੂਜੀ ਲੜਕੀ ਸਮੇਤ ਘਸੀਟਦੇ ਹੋਏ ਸਾਡੇ ਕੋਲ ਛੱਡ ਗਏ। ਉਹ ਰੋਂਦੀ ਪਿੱਟਦੀ ਅਤੇ ਵਿਰਲਾਪ ਕਰਦੀ ਦੱਸ ਰਹੀ ਸੀ ਕਿ ਇਹਨਾਂ ਫੌਜੀਆਂ ਨੇ ਉਸ ਦਾ ਪਤੀ ਤੇ ਉਸ ਦੇ ਪਤੀ ਦੇ ਭਰਾ ਨੂੰ ਸਮੇਤ ਉਸ ਦੀ ਕੁੱਛੜ ਚੁੱਕੀ ਲੜਕੀ ਦੇ ਉਸ ਦੀਆਂ ਅੱਖਾਂ ਸਾਹਮਣੇ ਗੋਲੀਆਂ ਮਾਰ ਕੇ ਭੁੰਨ ਸੁੱਟਿਆ ਹੈ।

ਪਿੰਡ ਪਲਾਸੌਰ (ਤਰਨ ਤਾਰਨ) ਦਾ ਰਹਿਣ ਵਾਲਾ ਭਾਈ ਤਰਸੇਮ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਮੀਤ ਖਜ਼ਾਨਚੀ ਲੱਗਾ ਸੀ, ਉਸ ਨੂੰ ਫੌਜੀ ਸੱਤ ਜੂਨ ਨੂੰ ਕੋਈ ਨੌਂ ਵਜੇ ਸਵੇਰੇ ਜ਼ਖ਼ਮੀ ਹਾਲਤ ਵਿੱਚ ਦਰਬਾਰ ਸਾਹਿਬ ਵਿੱਚੋਂ ਬਾਹਰ ਕੱਢ ਕੇ ਸਾਡੇ ਕੋਲ ਲਿਆਏ ਸਨ। ਉੱਥੇ ਉਹ ਕੋਈ ਘੰਟੇ ਕੁ ਬਾਦ ਹੀ ਚਲਾਣਾ ਕਰ ਗਿਆ ਸੀ।

ਕੋਈ ਸਾਢੇ ਕੁ ਦਸ ਵਜੇ ਫੌਜੀ ਅਫ਼ਸਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਅਰੰਭ ਕਰਵਾਇਆ। ਸਾਡੇ ਹੱਥ ਛੇ ਜੂਨ ਸ਼ਾਮੀਂ ਸਵਾ ਚਾਰ ਵਜੇ ਦੇ ਨੂੜੇ ਹੋਏ ਸੱਤ ਜੂਨ ਨੂੰ ਦੁਪਹਿਰ ਦੇ ਕੋਈ ਸਾਢੇ ਬਾਰਾਂ ਵਜੇ ਕੁਝ ਸਮੇਂ ਵਾਸਤੇ ਖਾਣਾ ਖਾਣ ਲਈ ਖੋਹਲੇ ਗਏ। ਇਹ ਖਾਣਾ ਕਿੱਥੋਂ ਤੇ ਕਿਵੇਂ ਆਇਆ? ਇਹ ਦੱਸਣਾ ਵੀ ਏਥੇ ਜ਼ਰੂਰੀ ਜਾਪਦਾ ਹੈ। ਇਹ ਖਾਣਾ ਹਿੰਦੂ ਦੁਕਾਨਦਾਰ ਵਰਤਾ ਰਹੇ ਸਨ ਜਿਹੜੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਕਾਰਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਦੇ ਮਾਰੇ ਜਾਣ ਤੇ ਲੋੜ ਤੋਂ ਵੱਧ ਖੁਸ਼ ਸਨ ਅਤੇ ਉਹ ਫੌਜੀਆਂ ਲਈ ਖੁੱਲ੍ਹੇ ਦਿਲ ਨਾਲ ਚਾਹ, ਰੋਟੀਆਂ, ਪੂੜੀਆਂ, ਸਬਜੀਆਂ ਤੇ ਦਾਲਾਂ ਤਿਆਰ ਕਰ-ਕਰ ਕੇ ਭੇਜ ਰਹੇ ਸਨ। ਉਸ ਵਿੱਚੋਂ ਖਾਣਾ ਲੈਣ ਨੂੰ ਉੱਕਾ ਦਿਲ ਨਹੀਂ ਕਰਦਾ ਸੀ ਭਾਵੇਂ ਅਸੀਂ ਪਿਛਲੇ ਦੋ ਦਿਨਾਂ ਤੋਂ ਭੁੱਖੇ ਤਿਹਾਏ ਸਾਂ। ਬੱਚੇ ਤੇ ਬੱਚੀਆਂ ਦੀ ਦਰਦਨਾਕ ਦਸ਼ਾ ਨੂੰ ਧਿਆਨ ਵਿੱਚ ਲਿਆ ਕੇ ਦੂਜੇ ਇਹ ਸੋਚ ਕੇ ਇਹ ਖਾਣਾ ਖਾਣ ਤੋਂ ਇਨਕਾਰ ਸਾਡੇ ਪ੍ਰਤੀ ਇਹਨਾਂ ਫੌਜੀਆਂ ਦੇ ਮਨਾਂ ਵਿੱਚ ਹੋਰ ਘਿਰਨਾ ਦੀ ਅੱਗ ਭੜਕਾਏਗਾ, ਅਸੀਂ ਵੀ ਥੋੜ੍ਹਾ ਬਹੁਤ ਖਾਣਾ ਲੈ ਲਿਆ। ਸਾਡੇ ਹੱਥ ਫੇਰ ਉਸੇ ਤਰ੍ਹਾਂ ਬੰਨ੍ਹ ਦਿੱਤੇ ਗਏ।

ਸ਼ਾਮ ਦੇ ਕੋਈ ਸਾਢੇ ਤਿੰਨ ਵਜੇ ਫੌਜੀ ਗੱਡੀਆਂ ਆਈਆਂ। ਸਾਨੂੰ ਉਹਨਾਂ ਵਿੱਚ ਚੜ੍ਹਨ ਲਈ ਕਿਹਾ ਗਿਆ। ਪਿੱਛੇ ਹੱਥ ਬੰਨ੍ਹੇ ਹੋਣ ਕਰਕੇ ਜੋ ਚੜ੍ਹਨ ਵਿੱਚ ਢਿੱਲ ਕਰਦਾ ਸੀ, ਉਸ ਦੀ ਬੰਦੂਕਾਂ ਦੇ ਬੱਟਾਂ ਨਾਲ ਮੁਰੰਮਤ ਸ਼ੁਰੂ ਹੋ ਜਾਂਦੀ ਸੀ। ਬਾਬਾ ਸ਼ਾਮ ਸਿੰਘ ਦੇ ਡੇਰੇ ਵਾਲਾ ਬਾਬਾ ਸਰਦਾਰਾ ਸਿੰਘ ਗੁਰੂ ਘਰ ਦਾ ਬੜਾ ਪ੍ਰੇਮੀ ਸੀ। ਤਿਪਹਿਰੇ ਦੀ ਚੌਂਕੀ ਵੇਲੇ ਉਹ ਹਰਿਮੰਦਰ ਸਾਹਿਬ ਹਰ ਰੋਜ਼ ਡੇਰੇ ਤੋਂ ਦੇਗ਼ ਸਜਾ ਕੇ ਭੇਟ ਕਰਿਆ ਕਰਦਾ ਸੀ। ਬਿਰਧ ਅਵੱਸਥਾ ਹੋਣ ਕਰਕੇ ਟਰੱਕਾਂ ਵਿੱਚ ਚੜ੍ਹਨ ਉਤਰਨ ਵੇਲੇ ਉਸ ਦੀ ਇਤਨੀ ਮਾਰ ਕੁਟਾਈ ਹੋਈ ਕਿ ਉਸ ਗੁਰਮੁਖ ਬਾਬੇ ਨੇ ਕੈਂਪ ਜੇਲ੍ਹ ਵਿੱਚ ਜਾ ਕੇ ਪ੍ਰਾਣ ਤਿਆਗ ਦਿੱਤੇ। ਇਉਂ ਹੀ ਗੱਠੜੀ ਘਰ ਦਾ ਸੇਵਾਦਾਰ ਭਾਈ ਕਿੱਕਰ ਸਿੰਘ ਉਰਫ਼ ਕੁਲਵੰਤ ਸਿੰਘ ਜੀ। ਉਸ ਦੀਆਂ ਲੱਤਾਂ ਠੀਕ ਕੰਮ ਨਹੀਂ ਕਰਦੀਆਂ ਸਨ। ਉਸ ਦੀ ਵੀ ਟਰੱਕ ‘ਤੇ ਚੜ੍ਹਨ ਉਤਰਨ ਸਮੇਂ ਬਹੁਤ ਮਾਰ ਕੁਟਾਈ ਕੀਤੀ ਗਈ ਸੀ, ਜਿਸ ਕਰਕੇ ਉਹ ਵੀ ਕੈਂਪ ਜੇਲ੍ਹ ਵਿੱਚ ਪੁੱਜ ਕੇ 9 ਜੂਨ ਨੂੰ ਚਲਾਣਾ ਕਰ ਗਿਆ।

ਛਾਉਣੀ ਵਿੱਚ ਬਣੇ ਸੈਨਿਕ ਸਕੂਲ ਦੀ ਉੱਤਲੀ ਛੱਤ ਦੇ ਤੰਗ ਕਮਰੇ ਵਿੱਚ ਸਾਨੂੰ ਪੰਜਾਹ ਬੰਦਿਆਂ ਨੂੰ ਤਾੜ ਦਿੱਤਾ ਗਿਆ। ਪਿਆਸ ਨਾਲ ਸਾਰੇ ਵਿਆਕੁਲ ਹੋਏ ਕੁਰਲਾ ਰਹੇ ਸਨ। ਕੋਈ ਤਿੰਨ ਘੰਟਿਆਂ ਪਿੱਛੋਂ ਪਾਣੀ ਦਿੱਤਾ ਗਿਆ। ਬੀਬੀਆਂ ਬੱਚੇ ਸਾਡੇ ਨਾਲੋਂ ਵੱਖ ਕਰ ਦਿੱਤੇ ਗਏ ਸਨ। ਇਸ ਕਮਰੇ ਵਿੱਚ ਪਾਣੀ ਦੀ ਇਕ ਟੂਟੀ ਟੱਟੀ ਵਾਲੇ ਕਮਰੇ ਵਿਚ ਹੀ ਸੀ, ਜਿਥੋਂ ਸਿੰਘ ਪੀਣ ਤੇ ਇਸ਼ਨਾਨ ਕਰਨ ਲਈ ਪਾਣੀ ਵਰਤਦੇ ਰਹੇ। ਦਿਨ ਵਿੱਚ ਦੋ ਵੇਰਾਂ ਸੁੱਕੇ ਪ੍ਰਸ਼ਾਦੇ ਸਾਨੂੰ ਵਰਤਾਏ ਜਾਂਦੇ ਸਨ।

ਏਥੇ ਹਰ ਇਕ ਬੰਦੇ ਦੀ ਵੱਖ-ਵੱਖ ਪੁੱਛ ਦੱਸ ਕੀਤੀ ਗਈ। ਦੋ-ਦੋ ਦਫ਼ਾ ਸਾਡੇ ਫੋਟੋ ਵੀ ਲਏ ਗਏ। ਪੁੱਛ ਪੜਤਾਲ ਸਮੇਂ ਸਾਡੇ ਪਾਸੋਂ ਇਸ ਤਰ੍ਹਾਂ ਦੇ ਸੁਆਲਾਂ ਦਾ ਉੱਤਰ ਮੰਗਿਆ ਜਾਂਦਾ ਸੀ:

(ੳ) ਅੱਤਿਵਾਦੀ ਕਦੋਂ ਤੋਂ ਹਥਿਆਰ ਜਮ੍ਹਾਂ ਕਰਦੇ ਆਏ ਹਨ?

(ਅ ) ਕੀ ਉਹ ਏਥੇ ਦਰਬਾਰ ਸਾਹਿਬ ਅੰਦਰ ਲੜਕੀਆਂ ਨਾਲ ਬਦਫੈਲੀ ਵੀ ਕਰਦੇ ਰਹੇ ਹਨ?

(ਏ) ਕੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਕੋਈ ਸੁਰੰਗ ਵੀ ਹੈ?

ਕੀ ਉਹ ਦਰਬਾਰ ਸਾਹਿਬ ਦੇ ਲਾਗੇ ਦੀਆਂ ਦੁਕਾਨਾਂ ਦਾ ਸਮਾਨ ਜ਼ਬਰਦਸਤੀ ਚੁੱਕ ਕੇ ਅੰਦਰ ਲਿਆਉਂਦੇ ਰਹੇ ਹਨ?

(ਸ) ਅੱਤਿਵਾਦੀਆਂ ਕੋਲ ਹਥਿਆਰ ਕਿੱਥੋਂ ਤੇ ਕਿਵੇਂ ਆਉਂਦੇ ਰਹੇ? ਮੈਂ ਤਰਤੀਬ ਦੇਣ ਬਾਰੇ ਇਹਨਾਂ ਸੁਆਲਾਂ ਦੇ ਉੱਤਰ ਇਉਂ ਦਿੱਤੇ

(ਹ) ਹਥਿਆਰਾਂ ਦੀ ਸਰਕਾਰ ਦੀ ਸੀ.ਆਈ.ਡੀ. ਨੂੰ ਹੀ ਸਹੀ ਜਾਣਕਾਰੀ ਹੋਵੇਗੀ।

(ਓ) ਲੜਕੀਆਂ ਬਾਰੇ ਅਜੇਹੀ ਗੱਲ ਪਹਿਲਾਂ ਅਸੀਂ ਨਾ ਸੁਣੀ ਹੈ, ਨਾ ਵੇਖੀ वै।

(ਏ) ਸ੍ਰੀ ਅਕਾਲ ਤਖਤ ਸਾਹਿਬ ਦੇ ਭੋਰੇ ਅੰਦਰ ਕੋਈ ਸੁਰੰਗ ਨਹੀਂ।

(ਸ) ਸਾਮਾਨ ਚੁੱਕ ਕੇ ਲਿਆਉਣ ਬਾਰੇ ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ। ਮੇਰਾ ਵਾਸਤਾ ਆਪਣੀ ਡਿਉਟੀ ਨਾਲ ਹੀ ਸੀ।

(ਹ) ਹਥਿਆਰ ਉਹਨਾਂ ਪਾਸ ਕਿੱਥੋਂ ਤੇ ਕਿਵੇਂ ਆਉਂਦੇ ਰਹੇ, ਇਸ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ।

ਇਸ ਤਰ੍ਹਾਂ ਪੁੱਛ ਪੜਤਾਲ ਅਤੇ ਛਾਣ-ਬੀਣ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ 83 ਹੋਰ ਕਰਮਚਾਰੀਆਂ ਸਮੇਤ ਮੈਨੂੰ 17 ਜੂਨ, 1984 ਨੂੰ ਰਿਹਾ ਕੀਤਾ ਗਿਆ। ਇਉਂ ਮੌਤ ਦੇ ਮੂੰਹ ਵਿੱਚੋਂ ਮੇਰੀ ਖਲਾਸੀ ਹੋਈ, ਪਰ ਮੇਰੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਨਾ ਛੱਡਿਆ ਗਿਆ। ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੋਂ ਮੈਂ 28 ਜੂਨ ਨੂੰ ਉਹਨਾਂ ਦੀ ਜ਼ਮਾਨਤ ਕਰਵਾ ਕੇ ਬਾਹਰ ਲਿਆਂਦਾ।

ਦਰਬਾਰ ਸਾਹਿਬ ਅੰਦਰ ਤਾਇਨਾਤ ਫੌਜੀਆਂ ਦੀ ਸਹਾਇਤਾ ਨਾਲ ਮੈਂ ਆਪਣੀ ਰਿਹਾਇਸ਼ ਵਾਲਾ ਮਕਾਨ ਦੇਖਣ ਗਿਆ। ਬਾਹਰ ਦਾ ਤਾਲਾ ਟੁੱਟਾ ਹੋਇਆ ਸੀ। ਘਰ ਦਾ ਸਾਰਾ ਸਾਮਾਨ ਏਥੋਂ ਤਕ ਕਿ ਭਾਂਡੇ ਤੇ ਕਪੜੇ ਆਦਿ ਵੀ ਸਭ ਚੁੱਕੇ ਗਏ ਸਨ। ਕੇਵਲ ਲੱਕੜ ਦੀਆਂ ਕੁਝ ਚੀਜ਼ਾਂ ਜੋ ਆਸਾਨੀ ਨਾਲ ਨਹੀਂ ਚੁੱਕੀਆਂ ਜਾ ਸਕਦੀਆਂ ਸਨ, ਰਹਿ ਗਈਆਂ ਸਨ, ਉਹ ਵੀ ਭੰਨੀਆਂ ਪਈਆਂ ਸਨ।

ਮੇਰੇ ਅਨੁਸਾਰ ਮੇਰੇ ਘਰ ਦਾ ਕੋਈ 20 ਹਜ਼ਾਰ ਰੁਪੈ ਦਾ ਨੁਕਸਾਨ ਹੋਇਆ ਹੈ। ਪਰ ਸ਼ੁਕਰ ਹੈ ਉਸ ਅਕਾਲ ਪੁਰਖ ਦਾ ਜਿਸ ਨੇ ਕੁੱਝ ਹੋਰ ਸਮੇਂ ਲਈ ਸੰਗਤ ਨਾਲ ਸਾਂਝ ਬਣਾਈ ਰੱਖਣ ਦਾ ਅਵਸਰ ਦੇ ਦਿੱਤਾ ਹੈ। ਘੰਟਾ ਘਰ ਗੇਟ ਅੱਗੇ ਬੰਨ੍ਹ ਕੇ ਬਿਠਾਏ ਹੋਏ ਅਸੀਂ ਜ਼ਿੰਦਗੀ ਦੀ ਆਸ ਉੱਕਾ ਲਾਹ ਬੈਠੇ ਸਾਂ।

ਅੱਖੀਂ ਡਿੱਠਾ ਹਾਲ

ਗਿਆਨੀ ਪੂਰਨ ਸਿੰਘ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ।

ਮੈਨੂੰ ਗੁਰਮੁਖ ਪਿਆਰੇ ਭਾਈ ਸਾਹਿਬ ਸੰਤ ਮਸਕੀਨ ਸਿੰਘ ਜੀ ਨੇ ਆਪ ਜੀ ਦੇ ਸਨਮੁਖ ਜੋ ਉਸ ਵੇਲੇ 5 ਤਰੀਕ ਰਾਤ ਨੂੰ ਸਰਕਾਰ ਨੇ ਜਾਲਮਾਨਾ ਬਹੁਧਾਰੀ ਹਮਲਾ ਕੀਤਾ ਉਸ ਸਾਕੇ ਤੋਂ ਆਪ ਜੀ ਨੂੰ ਜਾਣੂ ਕਰਵਾਉਣ ਨੂੰ ਕਿਹਾ ਹੈ ਕਿ ਮੈਂ 5 ਤਰੀਕ ਨੂੰ 7.30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗਿਆ ਸੀ।

ਗੋਲੀ ਜਿਆਦਾ ਚੱਲਣ ਕਰਕੇ ਉਹ ਪਹੁੰਚ ਨਹੀਂ ਸਕੇ। ਮੈਂ ਜਦ ਅਕਾਲ ਤਖ਼ਤ ਤੋਂ ਥੱਲੇ ਉਤਰਿਆ ਉਸ ਵੇਲੇ ਗੋਲੀ ਬਹੁਤ ਚਲ ਰਹੀ ਸੀ। ਥੱਲੇ ਉੱਤਰਕੇ ਮੈਂ ਮੋਰਚਿਆਂ ਵਿੱਚ ਬੈਠੇ ਸਿੰਘਾਂ ਨਾਲ ਗੱਲਬਾਤ ਕੀਤੀ ਕਿ ਗਿਆਨੀ ਮੋਹਨ ਸਿੰਘ ਜੀ ਰਹਿਰਾਸ ਦਾ ਪਾਠ ਕਰ ਜਾਣਗੇ। ਉਹਨਾਂ ਦਾ ਧਿਆਨ ਰੱਖਿਆ ਜਾਵੇ।

ਮਹਾਂਪੁਰਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਬੈਠ ਕੇ ਉਹਨਾਂ ਨਾਲ ਕੁਝ ਵਿਚਾਰਾਂ ਵੀ ਕੀਤੀਆਂ ਤੇ ਮੈਂ ਉਹਨਾਂ ਨੂੰ ਮਿਲਕੇ ਹਰਿਮੰਦਰ ਸਾਹਿਬ ਦੇ ਅੰਦਰ ਗਿਆ। ਅੰਦਰ ਰਹਿਰਾਸ ਦੀ ਜੋ ਡਿਊਟੀ ਸੀ ਉਹ ਗਿਆਨੀ ਮੋਹਨ ਸਿੰਘ ਦੀ ਸੀ। ਜਿੰਨਾਂ ਵਿੱਚ ਬਹੁਤੇ ਗਿਆਨੀ, ਦਰਬਾਰ ਸਾਹਿਬ ਦੇ ਸੇਵਾਦਾਰ ਮੁਲਾਜ਼ਮ ਸ਼ਾਮਿਲ

ਸਿੰਘਾਂ ਨੇ ਧਿਆਨ ਰੱਖਿਆ। ਅਕਾਲ ਤਖਤ ‘ਤੇ ਪਾਠ ਸ਼ੁਰੂ ਹੋ ਚੁੱਕਾ ਸੀ। ਹਾਲਾਂ ਕਿ ਹਰਿਮੰਦਰ ਸਾਹਿਬ ਵਿੱਚ 5 ਮਿੰਟ ਪਹਿਲਾਂ ਰਹਿਰਾਸ ਦਾ ਪਾਠ ਸ਼ੁਰੂ ਹੁੰਦਾ ਹੈ ਇਹ ਗੱਲ ਨੂੰ ਵਿਚਾਰਿਆ ਕਿ ਬਾਬਾ ਮੋਹਣ ਜੀ ਜਿਆਦਾ ਗੋਲੀ ਚੱਲਣ ਕਰਕੇ ਪਹੁੰਚ ਨਹੀਂ ਸਕਣਗੇ। ਉਸ ਉਪਰੰਤ ਮੈਂ ਚਲਦੀ ਗੋਲੀ ਦੇ ਵਿੱਚ ਦੌੜਿਆ ਤੇ ਦਰਸ਼ਨੀ ਡਿਊਢੀ ਵਿੱਚ ਫਿਰ ਦੌੜ ਲਾਈ। ਹਰਿਮੰਦਰ ਸਾਹਿਬ ਪੁੱਜ ਗਿਆ। ਉਸ ਦੌਰਾਨ ਹੀ ਗਿਆਨੀ ਮੋਹਨ ਸਿੰਘ ਆ ਪੁੱਜੇ ਤੇ ਸਾਡੇ ਨਾਲ 22 ਸਿੰਘ ਹੋਰ ਸਨ।

ਸਨ। ਜਿਸ ਵੇਲੇ ਰਹਿਰਾਸ ਦਾ ਭੋਗ ਪਾਇਆ ਅੰਧਾ ਧੁੰਦ ਗੋਲੀ ਚਲ ਰਹੀ ਸੀ। ਸਾਡੇ ਕੋਲ ਮਹਾਰਾਜ ਦੀ ਸਵਾਰੀ ਲੈ ਕੇ ਫਿਰ ਨਹੀਂ ਜਾਇਆ ਗਿਆ। ਮਹਾਰਾਜ ਦੀ ਸਵਾਰੀ ਆਸਣ ਕਰਕੇ ਹਰਿਮੰਦਰ ਸਾਹਿਬ ਦੇ ਉੱਪਰ ਲੈ ਗਏ ਤੇ ਉੱਤੇ ਹੀ ਹਰਿਮੰਦਰ ਸਾਹਿਬ ਅਸੀਂ ਸਾਂ। ਰਾਤ ਦੇ 10 ਵੱਜ ਚੁੱਕੇ ਸਨ।

ਉਸ ਵੇਲੇ ਪਹਿਲਾ ਟੈਂਕ ਬਾਹਰੋਂ ਅੰਦਰ ਆਇਆ। ਉਸ ਤੋਪ ਦਾ ਫਾਇਰ ਤਾਂ ਪਹਿਲਾਂ ਹੀ ਆ ਰਿਹਾ ਸੀ। ਇਹਨਾਂ ਦੀਆਂ ਗੋਲੀਆਂ ਨਾਲ ਸ਼ਹਿਰ ਨੂੰ ਅੱਗ ਲੱਗ ਗਈ ਸੀ। ਦੂਰ ਤੱਕ ਸ਼ਹਿਰ ਸੜਦਾ ਜਾ ਰਿਹਾ ਸੀ। ਉਸ ਵੇਲੇ ਬਖਤਰਬੰਦ ਗੱਡੀ ਆਣ ਸਰੋਵਰ ‘ਤੇ ਰੁਕੀ ਸੀ ਜਿਸ ਤੇ ਪੂਰੀਆਂ ਲਾਈਟਾਂ ਲੱਗੀਆਂ ਹੋਈਆਂ ਸਨ। ਬਾਹਰ ਚਾਨਣ ਹੀ ਚਾਨਣ ਸੀ ਅਸੀਂ ਉਸ ਵੇਲੇ ਦਰਬਾਰ ਸਾਹਿਬ ਦੀ ਵਿਚਕਾਰਲੀ ਛੱਤ ਤੇ ਸਾਂ ਤੇ ਉਥੋਂ ਲੜਾਈ ਤੱਕ ਰਹੇ ਸਾਂ ਉਸ ਵੇਲੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਅਸੀਂ ਸੋਚਿਆ ਸ਼ਾਇਦ ਸ਼ਹਿਰ ਨੂੰ ਅੱਗ ਲੱਗ ਗਈ ਹੈ। ਅੱਗ ਬੁਝਾਉਣ ਲਈ ਪਾਣੀ ਲੈਣ ਆਏ ਹਨ ਤੇ ਫਿਰ ਪ੍ਰਕਰਮਾ ਵਿੱਚ ਆ ਕੇ ਗੋਲੀ ਵਰਾਉਣ ਲੱਗ ਪਈ। ਸਾਨੂੰ ਪਤਾ ਲੱਗਾ ਕਿ ਇਹ ਤਾਂ ਟੈਂਕ ਹੈ ਇਸ ਤਰ੍ਹਾਂ 1-2-3-4- ਦੋਹਾਂ ਬੰਨਿਆਂ ਤੋਂ ਟੈਂਕ ਆਉਂਦੇ ਰਹੇ ਘੰਟਾ ਘਰ ਤੋਂ ਬ੍ਰਹਮ ਬੁੰਗਾ ਤੱਕ ਆਉਂਦਿਆਂ ਸਾਰਿਆਂ ਕਮਰਿਆਂ ਨੂੰ ਅੱਗ ਲਗਾ ਦਿੱਤੀ। ਸਿੰਘਾਂ ਨੂੰ ਹਰਿਮੰਦਰ ਸਾਹਿਬ ਦੀ ਉਪਰਲੀ ਛੱਤ ਵਿੱਚੋਂ ਨਿਕਲਦਿਆਂ ਤੇ ਸਰੋਵਰ ਵਿੱਚੋਂ ਪਾਣੀ ਲੈ ਕੇ ਅੱਗ ਬੁਝਾਉਂਦੇ ਦੇਖਿਆ। ਬਾਹਰ ਪ੍ਰਕਰਮਾ ਵਿੱਚ ਜਨਾਨੀਆਂ ਤੇ ਬੱਚਿਆਂ ਦੇ ਰੋਣ ਦੀ ਵੀ ਆਵਾਜ਼ ਆ ਰਹੀ ਸੀ। ਬਾਹਰ ਬਹੁਤ ਘੋਲ ਦਾ ਯੁੱਧ ਆਰੰਭ ਹੋ ਚੁੱਕਾ ਸੀ । ਘੰਟਾ ਘਰ ਤੇ ਆਟਾ ਮੰਡੀ ਵਾਲੀ ਦੱਖਣੀ ਡਿਉਢੀ ਦੀ ਸਰਾਂ ਤੇ ਮਿਲਟਰੀ ਦਾ ਕਬਜ਼ਾ ਹੋ ਚੁੱਕਾ ਸੀ।

ਅਗਲੇ ਬੰਨੇ ਲੜਨ ਵਾਲੇ ਮੇਰੀ ਸੋਚ ਅਨੁਸਾਰ 40-50 ਸਿੰਘ ਹੋਣਗੇ ਜਿਨ੍ਹਾਂ ਦਾ ਆਪਸ ਵਿੱਚ ਲਿੰਕ ਟੁੱਟ ਚੁੱਕਾ ਸੀ। ਇਹ ਸਿੰਘ ਬੜੀ ਬਹਾਦਰੀ ਨਾਲ ਉਨ੍ਹੀ ਦੇਰ ਤੱਕ ਲੜੇ ਜਿਨ੍ਹਾਂ ਚਿਰ ਜਾਂ ਤਾਂ ਸ਼ਹੀਦ ਨਹੀਂ ਹੋ ਗਏ ਤੇ ਜਾਂ ਫਿਰ ਪਲੀਸ਼ਨ ਨਹੀਂ ਮੁੱਕ ਗਿਆ ਤੇ 10.30 ਵਜੇ ਦੇ ਕਰੀਬ ਤੋਂ ਲੈ ਕੇ 4:30 ਵਜੇ ਤੱਕ ਹਰਿਮੰਦਰ ਸਾਹਿਬ ਦੇ ਅਸੀਂ ਉੱਤੇ ਸਾਂ ਤੇ 4:30 ਵਜੇ ਹੇਠਾਂ ਆ ਗਏ। ਹੇਠਾਂ ਆ ਕੇ ਪ੍ਰਕਾਸ਼ ਹੋਇਆ। ਆਸਾ ਦੀ ਵਾਰ ਦਾ ਕੀਰਤਨ ਪਰਾਅਰੰਭ ਹੋਇਆ। ਉਸ ਦਿਨ ਸਾਰੇ ਹੀ ਰਾਗੀ ਦਰਬਾਰ ਸਾਹਿਬ ਦੇ ਨਹੀਂ ਸਨ ਕਿਉਂਕਿ ਉਸ ਵੇਲੇ ਜੋ ਰਾਗੀ ਸਨ ਉਹ ਡਿਉਟੀ ਕਰਕੇ ਚਲੇ ਗਏ ਸਨ ਤੇ ਭਾਈ ਅਮਰੀਕ ਸਿੰਘ ਜੀ ਦਰਸ਼ਨੀ ਡਿਉਢੀ ਤੇ ਸ਼ਹੀਦ ਹੋ ਗਏ ਸਨ ਤੇ ਅੰਦਰ ਭਾਈ ਰਣਧੀਰ ਸਿੰਘ ਜੀ ਦੇ ਜੱਥੇ ਦੇ ਸਿੰਘ ਸਨ ਜਿਨ੍ਹਾਂ ਨੇ ਆਸਾ ਦੀ ਵਾਰ ਦਾ ਪਾਠ ਕੀਤਾ। ਉਨ੍ਹਾਂ ਸਿੰਘਾਂ ਦੇ ਵਿੱਚੋਂ ਹੀ ਜੋ ਹਰਿਮੰਦਰ ਸਾਹਿਬ ਵਿੱਚ ਸ਼ਹੀਦ ਹੋਏ ਭਾਈ ਅਵਤਾਰ ਸਿੰਘ ਜੀ ਸਨ ਜੋ ਪਰੋਬਾਲ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੇ ਦਰਵਾਜੇ ਵਿੱਚ ਦੀ ਆਣ ਕੇ ਗੋਲੀ ਲੱਗੀ। ਚਾਰ ਗੋਲੀਆਂ ਦੱਖਣ ਦੀ ਬਾਰੀ ਵਿੱਚੋਂ ਦੀ ਆਣ ਕੇ ਬੀੜ ਸਾਹਿਬ ਨੂੰ ਆਣ ਕੇ ਲੱਗੀਆਂ ਜਿਹੜੀ ਅੱਜ ਵੀ ਬੀੜ ਸਾਹਿਬ ਮੌਜੂਦ ਹੈ ਭਾਵ ਜਿਹੜੀ ਬੀੜ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਪੁਰਾਤਨ ਬੀੜ ਸਾਹਿਬ ਮੌਜੂਦ ਸੀ। ਇਸ ਤਰ੍ਹਾਂ ਦਿਨ ਵੀ ਲੰਘ ਗਿਆ ਤੇ ਰਾਤ ਵੀ ਲੰਘ ਗਈ ਤੇ ਕਰੀਬ 4 ਵਜੇ ਜਹਿਰੀਲਾ ਗੈਸ ਸੱਟ ਕੇ ਅਕਾਲ ਤਖ਼ਤ ਤੇ ਕਬਜ਼ਾ ਕੀਤਾ। ਜੇ ਏਨਾਂ ਜਹਿਰੀਲਾ ਗੈਸ ਨਾ ਸੁੱਟਦੇ ਤਾਂ ਸਿੰਘ ਸਾਰਾ ਦਿਨ ਤੇ ਰਾਤ ਕਬਜ਼ਾ ਨਾ ਦਿੰਦੇ। 4 ਵਜੇ ਲਗਭਗ ਸਾਰੇ ਸਥਾਨਾਂ ਤੇ ਇਹਨਾਂ ਦਾ ਕਬਜ਼ਾ ਹੋ ਗਿਆ ਤੇ ਸਾਢੇ 4 ਵਜੇ ਦੇ ਕਰੀਬ ਬਰਾੜ ਜਿਹੜਾ ਉਸ ਵੇਲੇ ਕਮਾਂਡ ਕਰ ਰਿਹਾ ਸੀ ਦੱਖਣੀ ਡਿਊਢੀ ਰਾਹੀਂ ਸਪੀਕਰ ਲਾ ਕੇ ਬੋਲਿਆ ਕਿ ਜਿਹੜਾ ਵੀ ਸਿੰਘ ਬੱਚਾ ਬੁੱਢੀ ਅੰਦਰ ਹੈ ਬਾਹਰ ਆ ਜਾਵੇ। ਹੁਣ ਤੱਕ ਜਿਹੜਾ ਵੀ ਸਿੰਘ ਬੁੱਢੀ, ਬੱਚਾ ਇਹਨਾਂ ਦੇ ਸਾਹਮਣੇ ਆਇਆ ਸੀ ਏਨ੍ਹਾਂ ਨੇ ਛੱਡਿਆ ਹੀ ਨਹੀਂ ਸੀ ਤੇ ਕੋਈ ਲੁਕਿਆ ਛੁਪਿਆ ਹੀ ਬਚਿਆ ਸੀ ਅਸੀਂ ਉਸ ਵੇਲੇ 22 ਸਿੰਘ ਅੰਦਰ ਸੀ। ਜਿਸ ਵੇਲੇ ਬਾਕੀ ਸਿੰਘ ਹੱਥ ਖੜੇ ਕਰਕੇ ਬਾਹਰ ਆਉਣ ਲੱਗੇ ਤਾਂ ਅਸੀਂ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਦੋ ਸਿੰਘ ਅਜੇ ਅੰਦਰ ਹਨ। ਜੇ ਲੋੜ ਹੈ ਤਾਂ ਲੈ ਜਾਣ ਜਦੋਂ ਉਹਨਾਂ ਸਿੰਘਾਂ ਨੇ ਬਾਹਰ ਜਾ ਕੇ ਦੱਸਿਆ ਤਾਂ ਬਰਾੜ ਇਹ ਮੰਨਣ ਲਈ ਤਿਆਰ ਨਹੀਂ ਸੀ ਤਾਂ ਉਸਨੇ ਇਸ ਤੋਂ ਬਾਅਦ ਤਿੰਨੇ ਵਾਰ ਫਿਰ ਸਪੀਕਰ ਵਿੱਚੇ ਬੋਲਿਆ ਪਰ ਮੈਂ ਤੇ ਮੋਹਨ ਸਿੰਘ ਬਾਹਰ ਨਾ ਆਏ। ਅਸੀਂ ਸੋਚਿਆ ਕਿ ਜੇ ਹੱਥ ਖੜੇ ਕਰਕੇ ਬਾਹਰ ਜਾਂਦਿਆਂ ਦੇ ਗੋਲੀ ਮਾਰੀ ਤਾਂ ਸਾਡੀ ਜਿੰਦੜੀ ਕਿਸ ਕੰਮ ਜੇ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ ਤਾਂ ਸਾਡੀ ਜਿੰਦੜੀ ਕਿਸੇ ਲੇਖੇ ਤਾਂ ਲੱਗੇਗੀ। ਕਰੀਬ 4 ਤੋਂ 7.30 ਵਜੇ ਤੱਕ ਅਸੀਂ ਅੰਦਰ ਹੀ ਬੈਠੇ ਰਹੇ। ਉਹਨਾਂ ਨੇ ਇੱਕ ਸੇਵਾਦਾਰ ਤੇ ਦੋ ਮਿਲਟਰੀ ਦੇ ਜੁਆਨ ਸਾਨੂੰ ਲੈਣ ਲਈ ਭੇਜੇ। ਜਦੋਂ ਅਸੀਂ ਬਾਹਰ ਆਏ ਉਹ ਸਿੰਘ ਜਿਉਂਦਾ ਛੱਡ ਕੇ ਆਏ ਜੋ ਬਾਅਦ ਵਿੱਚ ਸ਼ਹੀਦ ਹੋ ਗਿਆ। ਉਸਨੇ ਸਾਨੂੰ ਆਉਣ ਵੇਲੇ ਕਿਹਾ ਸੀ ਕਿ ਮੇਰਾ ਕੀ ਬਣੇਗਾ। ਅਸੀਂ ਆਖਿਆ ਸੀ ਕਿ ਜੇ ਅਸੀਂ ਜਿਉਂਦੇ ਰਹੇ ਤਾਂ ਅਸੀ ਤੇਰੇ ਬਾਰੇ ਜ਼ਰੂਰ ਕੁਝ ਕਰਾਂਗੇ। ਜਦੋਂ ਅਸੀਂ ਬਾਹਰ ਆਏ ਤਾਂ ਬਰਾੜ ਬੋਲਿਆ ਕਿ ਇਹਨਾਂ ‘ਤੇ ਕੋਈ ਵੀ ਗੋਲੀ ਨਹੀਂ ਚਲਾਵੇਗਾ। ਅਕਾਲ ਤਖ਼ਤ ਸਾਹਿਬ ਢੇਰੀ ਹੋ ਚੌਂਕ ਵਿੱਚ ਖਿਲਰਿਆ ਪਿਆ ਸੀ। ਲਹੂ ਨਾਲ ਭਿੱਜੀਆਂ ਲਾਸ਼ਾਂ ਕੋਈ ਟੇਢੀ, ਕੋਈ ਸਿੱਧੀ ਏਧਰ ਉੱਧਰ ਖਿੱਲਰੀਆਂ ਪਈਆਂ ਸਨ।

ਅਸੀਂ ਚੁੱਪ-ਚਾਪ ਦੱਖਣੀ ਡਿਉਢੀ ਰਾਹੀਂ ਬਾਹਰ ਆ ਗਏ ਤਾਂ ਬਾਹਰ ਬਰਾੜ ਖੜ੍ਹਾ ਸੀ। ਉਸਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਸਨੇ ਕਿਹਾ ਕਿ ਮੈਂ ਵੀ ਸਿੱਖ ਹਾਂ ਤੇ ਤੁਸੀਂ ਦੇਖੋ ਕੀ ਕਰਨਾ ਚਾਹੁੰਦੇ ਹੋ। ਅਸੀਂ ਕਿਹਾ ਕਿ ਸਾਡੇ ਦੋ ਸਿੰਘ ਬਾਹਰ ਹਨ ਉਹਨਾਂ ਨੂੰ ਅੰਦਰ ਭੇਜਣਾ ਹੈ ਤੇ ਅਸੀਂ ਕਿਹਾ ਕਿ ਅਸੀਂ ਪਿਸ਼ਾਬ ਕਰਨਾ ਹੈ ਕਿਉਂਕਿ ਅੰਦਰ ਪਿਸ਼ਾਬ ਦੀ ਕੋਈ ਜਗ੍ਹਾ ਨਹੀਂ ਹੈ ਤੇ ਅਸੀਂ ਪਾਣੀ ਵੀ ਨਹੀਂ ਪੀਤਾ ਅਸੀਂ ਪਿਸ਼ਾਬ ਕੀਤਾ ਤੇ ਹੱਥ ਪੈਰ ਸੁੱਚੇ ਕੀਤੇ ਪਰ ਸਾਨੂੰ ਬਾਹਰ ਜਾਣ ਤੇ ਸਿੰਘ ਅੰਦਰ ਤੋਰਨ ਬਾਰੇ ਬਰਾੜ ਨਹੀਂ ਮੰਨਿਆ। ਹੁਣ ਕਰੀਬ ਅੱਠ ਵੱਜ ਚੁੱਕੇ ਸਨ। ਹੁਣ ਤੱਕ ਉਨ੍ਹਾਂ ਨੂੰ ਸੰਤਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਉਹਨਾਂ ਸਾਨੂੰ ਕਿਹਾ ਕਿ ਸੰਤ ਭਿੰਡਰਾਂਵਾਲੇ ਕਿੱਥੇ ਹਨ?। ਸਾਨੂੰ ਦੱਸੋ ਅਸੀਂ ਉਹਨਾਂ ਨੂੰ ਮਾਰਦੇ ਨਹੀਂ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਅੰਦਰ ਸਾਂ ਸਾਨੂੰ ਉਹਨਾਂ ਬਾਰੇ ਕੁੱਝ ਵੀ ਪਤਾ ਨਹੀਂ। ਤੁਸੀਂ ਉਹਨਾਂ ਨੂੰ ਮਾਰ ਦਿੱਤਾ ਹੈ ਜਾਂ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਹਰਿਮੰਦਰ ਸਾਹਿਬ ਦੀ ਛੱਤ ਤੇ ਮਸ਼ੀਨ ਗੰਨਾਂ ਫਿੱਟ ਕੀਤੀਆਂ ਹੋਈਆਂ ਹਨ। ਜਿਸ ਨਾਲ ਸਾਡੇ ਕਾਫੀ ਜਵਾਨ ਮਰੇ ਹਨ। ਅਸੀਂ ਕਿਹਾ ਕਿ ਸੰਤਾਂ ਦਾ ਕੋਈ ਵੀ ਬੰਦਾ ਦਰਬਾਰ ਸਾਹਿਬ ਵਿੱਚ ਨਹੀਂ ਆਇਆ ਤੇ ਨਾ ਹੀ ਹਰਿਮੰਦਰ ਸਾਹਿਬ ਵਿੱਚੋਂ ਕੋਈ ਗੋਲੀ ਚਲੀ ਹੈ। ਉਹਨਾਂ ਕਿਹਾ ਕਿ ਅਸੀਂ ਤਲਾਸ਼ੀ ਲੈਣੀ ਹੈ ਤੇ ਦੋ ਅਫਸਰ ਤੇ ਬਾਕੀ ਜਵਾਨ ਸਾਨੂੰ ਨਾਲ ਲੈ ਕੇ ਦਰਬਾਰ ਸਾਹਿਬ ਦੀ ਤਲਾਸ਼ੀ ਲੈਣ ਆਏ ਅਤੇ ਉਨ੍ਹਾਂ ਵਿੱਚੋਂ ਇਕ ਸਰਦਾਰ ਸੀ ਤੇ ਦੂਸਰਾ ਅਫਸਰ ਪਤਾ ਨਹੀਂ ਕੌਣ ਸੀ ਜਿਸਨੇ ਕਿਹਾ ਕਿ ਤੁਸੀਂ ਅੱਗੇ ਹੋਵੋ ਜੇ ਅੰਦਰੋਂ ਗੋਲੀ ਚੱਲੀ ਤਾਂ ਪਹਿਲਾਂ ਅਸੀਂ ਤੁਹਾਨੂੰ ਗੋਲੀ ਮਾਰਾਂਗੇ। ਅਸੀਂ ਕਿਹਾ ਕਿ ਜੇ ਕੋਈ ਅੰਦਰ ਹੋਊ ਤਾਂ ਹੀ ਗੋਲੀ ਚੱਲੂ। ਉਹਨਾਂ ਅੰਦਰ ਜਾ ਕੇ ਹਰ ਚੀਜ਼ ਦੀ ਤਲਾਸ਼ੀ ਲਈ ਮੈਂ ਕਿਹਾ ਕਿ ਜੇ ਏਥੇ ਕੋਈ ਮਸ਼ੀਨ ਗੰਨ ਹੁੰਦੀ ਹੈ ਤਾਂ ਉਸਦੇ ਖੋਪੇ ਨਾਂ ਏਥੇ ਹੁੰਦੇ। ਉਸਨੇ ਕਿਹਾ ਕਿ ਹਾਂ ਏਥੋਂ ਕੋਈ ਗੋਲੀ ਨਹੀਂ ਚੱਲੀ ਇਸ ਵੇਲੇ ਤੱਕ ਉਹ ਸਿੰਘ ਵੀ ਸ਼ਹੀਦ ਹੋ ਚੁੱਕਾ ਸੀ। ਅਸੀਂ ਦਰਬਾਰ ਸਾਹਿਬ ਵਿੱਚੋਂ ਚਾਦਰ ਲੈ ਕੇ ਉਸਨੂੰ ਚਾਦਰ ਵਿੱਚ ਪਾ ਕੇ ਉਸ ਥਾਂ ਤੇ ਲੈ ਕੇ ਆਏ। ਜਿੱਥੇ ਬਾਕੀ ਸਿੰਘ ਸ਼ਹੀਦ ਹੋਏ ਪਏ ਸਨ। ਰਾਤ ਲੰਘ ਗਈ ਤੇ ਦੂਸਰੇ ਦਿਨ 7 ਤਰੀਕ ਨੂੰ ਸਾਨੂੰ ਬਾਹਰ ਕੱਢਿਆ ਤੇ ਸਾਨੂੰ ਦੱਸਿਆ ਕਿ ਜਰਨੈਲ ਸਿੰਘ, ਸੁਬੇਗ ਸਿੰਘ, ਅਮਰੀਕ ਸਿੰਘ ਦੀ ਲਾਸ਼ ਮਿਲ ਗਈ ਹੈ। ਅਸੀਂ ਪੁੱਛਿਆ ਕਿ ਲਾਸ਼ ਕਿੱਥੋਂ ਦੀ ਮਿਲੀ ਹੈ ਤੇ ਅਮਰੀਕ ਤੇ ਸੁਬੇਗ ਸਿੰਘ ਦਾ ਸਰੀਰ ਨਿਸ਼ਾਨ ਸਾਹਿਬ ਦੇ ਪਿਛਲੇ ਬੰਨਿਓਂ ਮਿਲਿਆ ਹੈ ਤੇ ਇਹਨਾਂ ਨੇ ਜੋ ਖ਼ਬਰ ਦਿੱਤੀ ਉਹ ਇਹ ਕਿ ਸੰਤਾਂ ਦਾ ਸਰੀਰ ਤਹਿਖਾਨੇ ਵਿੱਚੋਂ ਮਿਲਿਆ ਹੈ। ਇਹਨਾਂ ਨੇ ਸੰਤਾਂ ਦੀ ਲਾਸ਼ ਨਹੀਂ ਦਿਖਾਈ। ਕਰੀਬ ਸਾਢੇ 7 ਵਜੇ ਦੇ ਕਰੀਬ ਮਿਲਟਰੀ ਰਾਹੀਂ ਘਰ ਭਿਜਵਾਇਆ ਗਿਆ ਤੇ ਵੱਡੇ ਸਿੰਘ ਸਹਿਬਾਨ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਸੰਤਾਂ ਦੀ ਲਾਸ਼ ਮਿਲ ਗਈ ਹੈ ਉਹਨਾਂ ਕਿਹਾ ਕਿ ਸਾਨੂੰ ਸੰਤਾਂ ਦੀ ਲਾਸ਼ ਦਿਖਾਈ ਜਾਵੇ। ਪਰ ਦਿਖਾਈ ਨਹੀਂ ਗਈ। ਇਸ ਗੱਲ ਵਿੱਚ ਵੱਡਾ ਭੇਦ ਹੈ ਜੇ ਉਹਨਾਂ ਨੂੰ ਸਰੀਰ ਮਿਲ ਜਾਂਦਾ ਤਾਂ ਉਹ ਸਾਨੂੰ ਆਪਣੀ ਤਸੱਲੀ ਲਈ ਜ਼ਰੂਰ ਦਿਖਾਉਂਦੇ ਕਿਸੇ ਵੀ ਵੱਡੇ ਮੁਖੀ ਜਾਂ ਸਿੰਘ ਸਹਿਬਾਨ ਨੂੰ ਇਹ ਨਹੀਂ ਦਿਖਾਇਆ ਗਿਆ ਤੇ ਇਹ ਕਹਿੰਦੇ ਰਹੇ ਕਿ ਜਿਸ ਬੰਨ੍ਹੇ ਲਾਸ਼ ਰੱਖੀ ਹੈ ਕੋਈ ਗਿਆ ਵੀ ਤਾਂ ਗੋਲੀ ਮਾਰ ਦਿਆਂਗੇ। ਜੇ ਕਿਸੇ ਮਾੜੇ ਮੋਟੇ ਕਾਰਨਾਮੇ ਕਰਨ ਵਾਲੇ ਦੀ ਇਹਨਾਂ ਨੂੰ ਲਾਸ਼ ਮਿਲਦੀ ਸੀ ਇਹ ਰੋਜ਼ ਅਖ਼ਬਾਰਾਂ ਵਿੱਚ ਲਾਉਂਦੇ ਹਨ ਪਰ ਸੰਤਾਂ ਦਾ ਜਿਨ੍ਹਾਂ ਤੇ ਅਰਬਾਂ ਰੁਪੈ ਖਰਚ ਹੋਇਆ ਤੇ ਹਜਾਰ ਮਿਲਟਰੀ ਸੀ ਜਿਸ ਨੂੰ ਭਾਵੇਂ ਇਹ 30 ਹੀ ਦੱਸਦੇ ਹਨ ਇਹਨਾਂ ਨੇ ਇਹ ਜਾਣ ਬੁੱਝ ਕੇ ਧਰਮ ਨੂੰ ਜਲੀਲ ਕਰਨ ਵਾਲੀ ਗੱਲ ਕੀਤੀ ਹੈ। ਹੋ ਸਕਦਾ ਹੈ ਕਿ ਉਹ ਉਹਨਾਂ ਨੂੰ ਦਿੱਲੀ ਲੈ ਜਾਂਦੇ ਤੇ ਦਵਾਈ ਲਾ ਕੇ ਕਈ ਦਿਨ ਉਹਨਾਂ ਦੇ ਸਰੀਰ ਨੂੰ ਰੱਖਦੇ। ਵਾਸਤਵ ਵਿੱਚ ਉਹਨਾਂ ਦਾ ਸਰੀਰ ਇਹਨਾਂ ਨੂੰ ਮਿਲਿਆ ਹੀ ਨਹੀਂ ਤੇ ਨਾ ਹੀ ਉਹ ਸ਼ਹੀਦ ਹੋਏ ਹਨ। ਤਾਂ ਇਹ ਸਮਾਂ ਲੰਘ ਗਿਆ ਤੇ ਇਕ ਗੱਲ ਹੋਰ ਕਿ 7 ਤਰੀਕ ਤੱਕ ਅਸੀਂ ਘਰ ਪਹੁੰਚ ਚੁੱਕੇ ਸਾਂ ਤੇ ਸਿੰਘ ਸਹਿਬਾਨ ਉੱਥੇ ਮਿਲਟਰੀ ਪਾਸ ਮੌਜੂਦ ਸਨ ਤੇ ਜੱਸਾ ਸਿੰਘ ਰਾਮਗੜੀਆ ਦਾ ਜੋ ਬੁੰਗਾ ਹੈ ਉਸ ਪਾਸ ਇਕ ਭੋਰਾ ਹੈ ਉਸ ਵਿਚ ਚਾਰ ਸਿੰਘ ਮੌਜੂਦ ਸਨ ਤੇ ਤਿੰਨ ਮਿਲਟਰੀ ਦੇ ਅਫ਼ਸਰ ਭੋਰੇ ਵਿੱਚ ਗਏ। ਜਿਨ੍ਹਾਂ ਵਿੱਚੋਂ ਇਕ ਡਾਕਟਰ ਕਪਤਾਨ ਸੀ। ਸਿੰਘਾਂ ਨੇ ਇਹਨਾਂ ਨੂੰ ਵਿੱਚ ਖਿੱਚ ਲਿਆ ਤੇ ਉੱਥੇ ਮਾਰ ਦਿੱਤੇ ਮਿਲਟਰੀ ਦਾ ਖਿਆਲ ਸੀ ਕਿ ਸਿੰਘ ਹਥਿਆਰ ਸੁੱਟਦੇ ਬਾਹਰ ਆ ਜਾਣ ਤਾਂ ਕਿ ਡਾਕਟਰ ਕਪਤਾਨ ਬਚ ਜਾਵੇ ਪਰ ਸਿੰਘਾਂ ਦੀ ਇੱਛਾ ਸੀ ਕਿ ਅਸੀਂ ਉਨ੍ਹਾਂ ਚਿਰ ਬਾਹਰ ਨਹੀਂ ਆਉਂਦੇ ਜਿਨ੍ਹਾਂ ਚਿਰ ਸਾਡੇ ਕਿਸੇ ਆਗੂ ਨੂੰਗੱਲਬਾਤ ਲਈ ਨਹੀਂ ਲਿਆਂਦਾ ਜਾਂਦਾ। ਮੈਂ ਲਿਆਂਦਾ ਗਿਆ ਸਿੰਘ ਸਾਹਿਬਾਨ ਵੀ ਉੱਥੇ ਹੀ ਸਨ। ਅਸੀਂ ਆਪਸ ਦੇ ਵਿੱਚ ਵਿਚਾਰ ਕੀਤੀ। ਉਹਨਾਂ ਮੈਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਆਵਾਜ਼ ਮਾਰੋ ਕਿ ਹਥਿਆਰ ਸੁੱਟਕੇ ਬਾਹਰ ਆ ਜਾਣ। ਮੈਂ ਉਹਨਾਂ ਨੂੰ ਆਖਿਆ ਕਿੰਮਾਰੋਗੇ। ਉਹਨਾਂ ਨੇ ਕਿਹਾ ਕਿ ਇਸ ਲਈ ਤੁਹਾਨੂੰ ਵੱਡੇ ਅਫ਼ਸਰ ਬ੍ਰਿਗੇਡੀਅਰ ਜਿਹੜਾ ਕਿ ਹਿੰਦੂ ਸੀ ਨਾਲ ਗੱਲ ਕਰਨੀ ਪਵੇਗੀ। ਮੈਂ ਉਸ ਨਾਲ ਗੱਲੀ ਕੀਤੀ ਉਸਨੇ ਕਿਹਾ ਕਿ ਏਥੇ ਇਹਨਾਂ ਨੂੰ ਨਹੀਂ ਮਾਰਿਆ ਜਾਵੇਗਾ। ਮੈਂ ਕਿਹਾ ਕਿ ਜੇ ਤੁਸੀਂ ਏਥੇ ਨਹੀਂ ਮਾਰੋਗੇ ਤਾਂ ਬਾਹਰ ਜਾ ਕੇ ਮਾਰ ਦਿਉਗੇ। ਇਹ ਠੀਕ ਨਹੀਂ ਇਹਨਾਂ ਦੇ ਬਾਕੀ ਸਿੰਘ ਤੇ ਪਰਿਵਾਰ ਮੇਰੇ ਪਰਿਵਾਰ ਅਤੇ ਮੈਨੂੰ ਮਾਰ ਦੇਣਗੇ ਕਿ ਤੂੰ ਇਹਨਾਂ ਨੂੰ ਨਿਹੱਥੇ ਕਰਕੇ ਫੌਜ ਪਾਸ ਪੇਸ਼ ਕੀਤੇ। ਮੈਂ ਕਿਹਾ ਕਿ ਤੁਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਸਜਾ ਦੇ ਦਿਉ ਤੇ ਬਾਅਦ ਵਿੱਚ ਮੈਂ ਸਿੰਘਾਂ ਨੂੰ ਕਿਹਾ ਕਿ ਤੁਹਾਡੇ ਨਾਲ ਦੇ ਬਾਕੀ ਸਿੰਘ ਸ਼ਹੀਦ ਹੋ ਗਏ ਹਨ। ਤੁਸੀਂ ਕੀ ਚਾਹੁੰਦੇ ਹੋ। ਉਹਨਾਂ ਕਿਹਾ ਕਿ ਜਿਵੇਂ ਤੁਹਾਡੀ ਰੈਅ ਹੈ ਤੇ ਮੈਂ ਅਫ਼ਸਰ ਦੇ ਪੁੱਛਣ ਤੇ ਇਹ ਵੀ ਪੁੱਛਿਆ ਕਿ ਜੋ ਮਿਲਟਰੀ ਦੇ ਅਫਸਰ ਤੁਹਾਡੇ ਪਾਸ ਆਏ ਸਨ ਉਹਨਾਂ ਵਿੱਚੋਂ ਕੋਈ ਜਿੰਦਾ ਵੀ ਹੈ ਜਾਂ ਮਾਰ ਦਿੱਤੇ। ਸਿੰਘ ਨੇ ਜਵਾਬ ਦਿੱਤਾ ਕਿ ਇੱਥੇ ਕੋਈ ਵੀ ਜਿੰਦਾ ਆਦਮੀ ਨਹੀਂ ਤਾਂ ਵੱਡਾ ਅਫਸਰ ਰੋਹ ਵਿੱਚ ਆ ਗਿਆ ਤੇ ਉਸਨੇ ਕਿਹਾ ਕਿ ਬਾਬਾ ਤੂੰ ਹਟ ਜਾ। ਹੁਣ ਅਸੀਂ ਆਪੇ ਨਿੱਬੜ ਲਵਾਂਗੇ। ਉਸ ਦਿਨ, ਦੂਸਰੇ ਦਿਨ, ਤੀਸਰੇ ਦਿਨ 10 ਤਰੀਕ ਤੱਕ ਗੋਲੀ ਚਲਦੀ ਰਹੀ। ਇੱਕ ਕਪਤਾਨ ਲਾਇਟ ਵਾਲੀ ਗੰਨ ਲੈ ਕੇ ਭੋਰੇ ਵਿੱਚ ਜਾਣ ਲੱਗਾ ਤਾਂ ਸਿੰਘ ਨੇ ਬਰੈਸਟ ਮਾਰ ਕੇ ਜਖਮੀ ਕਰ ਦਿੱਤਾ ਜੋ ਬਾਅਦ ਵਿੱਚ ਹਸਪਤਾਲ ਜਾ ਕੇ ਮਰਿਆ ਪਤਾ ਨਹੀਂ ਬਚਿਆ। ਇਸ ਭੋਰੇ ਦੀ ਹੇਠਲੀ ਛੱਤ ਪਾਣੀ ਦੇ ਸਮਤਲ ਦੇ ਬਰਾਬਰ ਦੀ ਹੈ। ਗਿਆਨੀ ਜੈਲ ਸਿੰਘ ਦੇ ਆਉਣ ਤੱਕ ਇਹ ਸਿੰਘ ਜਿੰਦਾ ਭੋਰੇ ਵਿੱਚ ਸਨ। ਕਈ ਕਹਿੰਦੇ ਹਨ ਕਿ ਇਹਨਾਂ ਨੇ ਗਿਆਨੀ ਤੇ ਗੋਲੀ ਚਲਾਈ ਪਰ ਅਸਲ ਵਿੱਚ ਉਹਨਾਂ ਨੂੰ ਤਾਂ ਇਸ ਦੁਸ਼ਟ ਦੇ ਆਉਣ ਦਾ ਪਤਾ ਹੀ ਨਹੀਂ ਸੀ।

ਸਿੰਘਾਂ ਨੇ ਭੋਰੇ ਵਿੱਚ ਸ਼ਹੀਦ ਤਾਂ ਹੋ ਹੀ ਜਾਣਾ ਸੀ ਪਰ ਜੇ ਉਨ੍ਹਾਂ ਨੂੰ ਇਸਦੇ ਆਉਣ ਦੀ ਖਬਰ ਹੁੰਦੀ ਤਾਂ ਇਹ ਸਿੰਘ ਇਸਨੂੰ ਜ਼ਰੂਰ ਮਾਰਦੇ। ਬਾਅਦ ਵਿੱਚ ਭੋਰੇ ਵਿੱਚ ਮਿਰਚਾਂ ਦੀਆਂ ਪੋਟਲੀਆਂ ਨੂੰ ਜਲਾਕੇ ਤੇ ਜਹਿਰੀਲੀ ਗੈਸ ਵਾਲੇ ਬੈਗ ਸੁੱਟੇ ਤੇ ਹੱਥ ਗਰਨੇਟਾਂ ਦੀ ਵਾਛੜ ਕੀਤੀ ਜਿਸ ਨਾਲ ਸਿੰਘਾਂ ਦੀਆਂ ਅੱਖਾਂ ‘ਤੇ ਅਸਰ ਹੋਇਆ। ਇਕ ਸਿੰਘ ਭੋਰੇ ਵਿੱਚੋਂ ਬਾਹਰ ਨਿਕਲਿਆ ਤੇ ਥਾਂ ਤੇ ਸ਼ਹੀਦ ਕਰ ਦਿੱਤਾ ਤੇ ਬਾਕੀ ਤਿੰਨ ਸਿੰਘ ਵੀ ਸ਼ਹੀਦ ਕਰ ਦਿੱਤੇ। ਇਸ ਤਰ੍ਹਾਂ ਸਰਕਾਰ ਨੇ ਜਾਲਮਾਨਾਂ ਢੰਗ ਨਾਲ ਹਮਲਾ ਕਰਕੇ ਧਰਮ ਦੀ ਬੇਪਤੀ ਕੀਤੀ।

ਵਾਹਿਗੁਰੂ ਜੀ ਕਾ ਖ਼ਾਲਸਾ। 

ਵਾਹਿਗੁਰੂ ਜੀ ਕੀ ਫ਼ਤਹਿ॥

“ਅੰਮ੍ਰਿਤਸਰ ਚਲੋਂ”

ਜਦੋਂ ਸਿੱਖ ਫੌਜੀਆਂ ਨੇ ਇਹ ਨਾਅਰਾ ਦਿੱਤਾ

ਪ੍ਰੋ. ਹਰਜਿੰਦਰ ਸਿੰਘ ਮਾਂਗਟ

3 ਜੂਨ ਨੂੰ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਗਈ। ਇਸ ਇਤਿਹਾਸ ਦੀ ਮਾੜੀ ਘਟਨਾ ਵਾਪਰਨ ਦਾ ਸਿੱਖ ਮਨਾਂ ਉੱਤੇ ਡੂੰਘਾ ਅਸਰ ਹੋਇਆ। ਇਸੇ ਕਰਕੇ ਫੌਜ ਵਿੱਚ ਜਦੋਂ ਉਸਨੇ ਇਕੱਲੇ ਤੌਰ ‘ਤੇ ਜਾਂ ਸਮੂਹਿਕ ਤੌਰ ‘ਤੇ ਇਸਦੇ ਖਿਲਾਫ ਜੋਰਦਾਰ ਆਵਾਜ਼ ਬੁਲੰਦ ਕੀਤੀ। ਪਰ ਇਸ ਵਿਰੋਧ ਵਿੱਚ ਸਭ ਤੋਂ ਵੱਡਾ ਰੋਸ ਸਿੱਖ ਫੌਜੀਆਂ ਦਾ ਸੀ ਜੋ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਧਰਮ ਅਸਥਾਨ ਹਰਿਮੰਦਰ ਸਾਹਿਬ ਵੱਲ ਚੱਲ ਪਏ। ਸੱਤ ਜੂਨ ਨੂੰ 9 ਸਿੱਖ ਰੈਜੀਮੈਂਟ ਨੇ ਗੰਗਾਨਗਰ ਤੋਂ ਬਗ਼ਾਵਤ ਕਰ ਦਿੱਤੀ। ਇਹ ਲੋਕ ਫਾਇਰਿੰਗ ਕਰਦੇ ਹੋਏ “ਸੰਤ ਜਰਨੈਲ ਸਿੰਘ ਜ਼ਿੰਦਾਬਾਦ” ਨਾਅਰੇ ਲਾਉਂਦੇ ਹੋਏ ਟਰੱਕਾਂ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਚੱਲ ਪਏ। ਰਸਤੇ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਇਕ ਪੁਲਿਸ ਵਾਲੇ ਦੀ ਮੌਤ ਹੋ ਗਈ ਤੇ ਕਈ ਫੱਟੜ ਹੋ ਗਏ। ਇਨ੍ਹਾਂ ਵਿੱਚੋਂ ਕੁਝ ਲੋਕ ਦਿੱਲੀ ਵੱਲ ਚੱਲ ਪਏ ਅਤੇ ਦਾਖਲ ਹੋ ਗਏ। ਇਨ੍ਹਾਂ ਸਿੱਖ ਫੌਜੀਆਂ ਦੀ ਗਿਣਤੀ 600 ਦੇ ਲਗਭਗ ਸੀ। ਇਹ ਪਹਿਲੀ ਸਿੱਖ ਰੈਜੀਮੈਂਟ ਸੀ ਜੋ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਈ ਸੀ। ਫਰੀਦਕੋਟ ਤੋਂ ਥੋੜ੍ਹੀ ਦੂਰ ਇੱਕ ਪਿੰਡ ਵਿੱਚ ਲੋਕਾਂ ਨੇ ਇਸ ਰੈਜੀਮੈਂਟ ਨੂੰ ਚਾਹ-ਪਾਣੀ ਪੀਣ ਲਈ ਰੋਕਿਆ। ਪਿੱਛਾ ਕਰ ਰਹੀ ਫੌਜ ਨੇ ਇਨ੍ਹਾਂ ਉੱਤੇ ਹਮਲਾ ਕਰ ਦਿੱਤਾ। 100 ਚੋਂ 15 ਸਿੱਖ ਫੌਜੀ ਮਾਰੇ ਗਏ। ਬਗ਼ਾਵਤ ਲਗਭਗ ਸਾਰੇ ਭਾਰਤ ਵਿਚ ਹੋਈ ਜਿਥੇ ਕਿਤੇ ਵੀ ਸਿੱਖ ਫੌਜੀ ਸਨ ਇੰਨ੍ਹਾਂ ਵਿੱਚ ਸਿੱਖ ਰੈਜੀਮੈਂਟਲ ਸੈਂਟਰ, ਰਾਮਗੜ੍ਹ ਰਾਂਚੀ ਪ੍ਰਮੁੱਖ ਹੈ। ਇੱਥੇ ਕੁੱਝ ਨਵੇਂ ਰੰਗਰੂਟਾਂ ਸਮੇਤ 2000 ਦੇ ਕਰੀਬ ਸਿੱਖ ਫੌਜੀ ਸਨ। ਇਨ੍ਹਾਂ ਦੀ ਅਗਵਾਈ ਸਿਪਾਹੀ ਗੁਰਨਾਮ ਸਿੰਘ ਕਰ ਰਿਹਾ ਸੀ । ਇਸਨੂੰ ਧਰਮ ਪ੍ਰਚਾਰਕ ਦਾ ਖਿਤਾਬ ਮਿਲਿਆ ਹੋਇਆ ਸੀ ਅਤੇ ਇਸ ਨੂੰ ਸਾਰੇ ਪਿਆਰ ਨਾਲ ਗਿਆਨੀ ਜੀ ਕਹਿੰਦੇ ਸਨ। ਉਸ ਦਿਨ ਐਤਵਾਰ ਸੀ। ਸਵੇਰ ਦੇ ਦੀਵਾਨ ਮਗਰੋਂ ਇਨ੍ਹਾਂ ਫੌਜੀਆਂ ਨੇ ਟਰੱਕਾਂ ਵਿੱਚ ਹਥਿਆਰ ਅਤੇ ਅਸਲਾ ਲੱਦਣਾ ਸ਼ੁਰੂ ਕਰ ਦਿੱਤਾ। ਡਿਊਟੀ ‘ਤੇ ਖੜ੍ਹੇ ਸੰਤਰੀਆਂ ਜਾਂ ਜੂਨੀਅਰ ਅਫਸਰਾਂ ਨੇ ਇਸਦਾ ਕੋਈ ਵਿਰੋਧ ਨਹੀਂ ਕੀਤਾ। ਇਹ ਸਾਰੇ ਲੋਕ ਮੂਕ-ਦਰਸ਼ਕ ਬਣ ਵੇਖ ਰਹੇ ਸਨ। ਬ੍ਰਿਗੇਡੀਅਰ ਐਸ.ਸੀ. ਪੁਰੀ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਕਾਰ ਵਿੱਚ ਦੌੜ ਕੇ ਇਨ੍ਹਾਂ ਫੌਜੀਆਂ ਨੂੰ ਰੋਕਣ ਲਈ ਗਿਆ। ਇਸ ਤੋਂ ਬਾਅਦ ਗੁਰਨਾਮ ਸਿੰਘ ਦੀ ਕਮਾਨ ਹੇਠ ਇਹ ਫੌਜੀ ਅਤੇ ਸਿਵੀਲਿਅਨ ਗੱਡੀਆਂ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਚੱਲ ਪਏ। ਪਰ 19• ਮੀਲ ਦੂਰ ਛੱਤੀਸਗੜ੍ਹ ਰੇਲਵੇ ਸਟੇਸ਼ਨ ਕੋਲ ਆਰਟਿਲਰੀ ਨੇ ਇਨ੍ਹਾਂ ਦਾ ਰਾਹ ਰੋਕਿਆ। ਇਨ੍ਹਾਂ ਵਿੱਚੋਂ ਕਈ ਮਾਰੇ ਗਏ ਅਤੇ 126 ਨੇ ਆਤਮ ਸਮਰਪਣ ਕਰ ਦਿੱਤਾ। ਪੂਨੇ ਵਿੱਚ 150 ਸਿੱਖ ਫੌਜੀ ਟਰੱਕਾਂ ਅਤੇ ਪ੍ਰਾਈਵੇਟ ਬੱਸਾਂ ਵਿੱਚ ਬੈਠ ਕੇ ਉੱਤਰੀ ਮੇਨ ਰੋਡ ਵੱਲ ਨੂੰ ਚੱਲ ਪਏ। ਮਹਾਰ ਰੈਜੀਮੈਂਟ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮਹਾਰ ਰੈਜੀਮੈਂਟ ਦੇ 3 ਜਵਾਨ ਮਾਰੇ ਗਏ ਅਤੇ ਕਈ ਫੱਟੜ ਹੋ ਗਏ।

ਗੁਜਰਾਤ ਵਿੱਚ ਬਲਸਰ ਵਿੱਚ ਫੌਜੀ ਬੈਰਕਾਂ ਤੋਂ ਬਾਹਰ ਆ ਗਏ। ਜਿਸ ਤਰ੍ਹਾਂ ਬਾਕੀ ਥਾਵਾਂ ‘ਤੇ ਵਾਪਰਿਆ ਇਸੇ ਤਰ੍ਹਾਂ ਇੱਥੇ ਵੀ ਹਥਿਆਰ ਲੁੱਟ ਲਏ ਗਏ ਅਤੇ ਫੌਜੀ ਗੱਡੀਆਂ ਵਿੱਚ ਸਵਾਰ ਹੋ ਕੇ ਪੰਜਾਬ ਵੱਲ ਨੂੰ ਚੱਲ ਪਏ। ਸਿੱਖ ਫੌਜੀਆਂ ਦੀ ਬਗਾਵਤ ਨੇ ਇਕ ਨਵੀਂ ਗੁੰਝਲਦਾਰ ਸਥਿਤੀ ਪੂਰੇ ਭਾਰਤ ਵਿੱਚ ਪੈਦਾ ਕਰ ਦਿੱਤੀ ਸੀ। ਬੰਗਾਲ, ਮੱਧ ਪ੍ਰਦੇਸ਼, ਬਿਹਾਰ, ਯੂ.ਪੀ., ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਇਨ੍ਹਾਂ ਸਾਰਿਆਂ ਰਾਜਾਂ ਵਿਚ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋ ਗਈ। ਲੋਕਲ ਪ੍ਰਸ਼ਾਸਨ ਠੱਪ ਹੋ ਚੁੱਕਾ ਸੀ। ਪੁਲਿਸ ਥਾਣਿਆਂ ਤੋਂ ਭੱਜ ਚੁੱਕੀ ਸੀ ਕਿ ਸਿੱਖ ਫੌਜ ਆ ਰਹੀ ਹੈ। ਫੌਜ ਨੂੰ ਫੌਜ ਹੀ ਰੋਕ ਸਕਦੀ ਸੀ। ਇਹ ਕਹਿਣਾ ਸੀ ਫੌਜੀ ਜਰਨੈਲ ਸਿੰਘ ਦਾ। ਇਨ੍ਹਾਂ ਸਿੱਖ ਫੌਜੀਆਂ ਦਾ ਰਵੱਈਆ ਆਮ ਲੋਕਾਂ ਨਾਲ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਰਵੱਈਆ ਫੌਜ ਦਾ ਪੰਜਾਬ ਵਿੱਚ ਸੀ। ਸਿੱਖ ਫੌਜੀਆਂ ਨੇ ਉਹ ਨਹੀਂ ਕੀਤਾ ਜੋ ਭਾਰਤੀ ਫੌਜ ਪੰਜਾਬ ਵਿੱਚ ਸਿੱਖਾਂ ‘ਤੇ ਕਰ ਰਹੀ ਸੀ। ਇਹ ਲੋਕ ਜਦੋਂ ਬੈਰਕਾਂ ‘ਚੋਂ ਨਿਕਲੇ ਤਾਂ ਇਨ੍ਹਾਂ ਕੋਲ ਅੰਮ੍ਰਿਤਸਰ ਪਹੁੰਚਣ ਲਈ ਫੌਜੀ ਟਰੱਕਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਜਿੰਨਾ ਅਸਲਾ ਇਨ੍ਹਾਂ ਨੂੰ ਮਿਲਿਆ ਉਹ ਇਨ੍ਹਾਂ ਨੇ ਚੁੱਕ ਲਿਆ, ਜਿੰਨਾਂ ਤੇਲ ਇਨ੍ਹਾਂ ਲੈਣਾ ਸੀ ਲੈ ਲਿਆ। ਜਰਨੈਲ ਸਿੰਘ ਅੱਗੇ ਕਹਿੰਦੇ ਹਨ ਕਿ ਅਸੀਂ ਕੇਵਲ ਹਵਾਈ ਜਹਾਜ਼ ਰਾਹੀਂ ਹੀ ਅੰਮ੍ਰਿਤਸਰ ਪਹੁੰਚ ਸਕਦੇ ਸੀ। ਪਰ ਹਵਾਈ ਅੱਡਿਆਂ ਉੱਤੇ ਸਖਤ ਚੌਕਸੀ ਰੱਖੀ ਜਾ ਰਹੀ ਸੀ। ਰਸਤੇ ਵਿੱਚ ਥਾਂ ਪਰ ਥਾਂ ਫੌਜ ਨੇ ਨਾਕੇ ਲਾਏ ਹੋਏ ਸਨ। ਇਸ ਬਾਰੇ ਸਾਨੂੰ ਇੱਧਰੋਂ ਜਾ ਰਹੇ ਪੰਜਾਬੀ ਟਰੱਕਾਂ ਵਾਲੇ ਹੀ ਦੱਸ ਦਿੰਦੇ ਸਨ ਕਿ ਐਨੇ ਕਿਲੋਮੀਟਰ ‘ਤੇ ਨਾਕਾ ਹੈ। ਪਹਿਲਾਂ ਤਾਂ ਅਸੀਂ ਰਸਤਾ ਬਦਲ ਲੈਂਦੇ ਸਾਂ ਪਰ ਜਦੋਂ ਕੋਈ ਚਾਰਾ ਨਾ ਹੁੰਦਾ ਤਾਂ ਅਸੀਂ ਮੋਰਚਾ ਤੋੜ ਕੇ ਅੱਗੇ ਲੰਘ ਜਾਂਦੇ ਸੀ ਕਿਉਂਕਿ ਇਹ ਲੋਕ ਸੜਕਾਂ ਦੇ ਕਿਨਾਰੇ ਮੋਰਚੇ ਲਾਈ ਬੈਠੇ ਸਨ ਪਰ ਅਸੀਂ ਗੱਡੀਆਂ ਵਿੱਚ ਇਨ੍ਹਾਂ ਤੋਂ ਥੋੜ੍ਹੇ ਬਿਹਤਰ ਸਥਿਤੀ ਵਿੱਚ ਹੁੰਦੇ ਸੀ। ਸੋ ਅਸੀਂ ਮੋਰਚਾ ਤੋੜਨ ਵਿੱਚ ਕਾਮਯਾਬ ਹੋ ਜਾਂਦੇ ਸਾਂ। ਭਾਰਤ ਸਰਕਾਰ ਲਈ ਸਭ ਤੋਂ ਵੱਡਾ ਖਤਰਾ ਅਤੇ ਚੁਣੌਤੀ ਸਿੱਖ ਫੌਜੀਆਂ ਨੇ ਪੈਦਾ ਕੀਤੀ। ਸਾਰੇ ਭਾਰਤ ਤੋਂ ਲਗਭਗ 4000 ਸਿੱਖ ਫੌਜੀ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਧਾਰਮਕ ਸਥਾਨ ਹਰਿਮੰਦਰ ਸਾਹਿਬ ਵੱਲ ਚੱਲ ਪਏ। ਇਨ੍ਹਾਂ ਫੌਜੀਆਂ ਨੇ ਇਹ ਖਬਰ ਸੁਣੀ ਕਿ ਫੌਜ ਦਰਬਾਰ ਸਾਹਿਬ ਵਿੱਚ ਵੜ ਗਈ ਹੈ ਤੇ ਉੱਥੇ ਇਸਨੇ ਬਹੁਤ ਨੁਕਸਾਨ ਕੀਤਾ ਹੈ।

ਇਹ ਖਬਰ ਸਾਰੀਆਂ ਸਿੱਖ ਰੈਜੀਮੈਂਟਾਂ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਇਹ ਵੀ ਇੱਕ ਸਚਾਈ ਹੈ ਕਿ ਕਿਸੇ ਵੀ ਰਾਜਨੀਤਿਕ, ਸਮਾਜਿਕ ਜਾਂ ਧਾਰਮਿਕ ਘਟਨਾਕ੍ਰਮ ਦਾ ਅਸਰ ਫੌਜ ‘ਤੇ ਵੀ ਹੋ ਸਕਦਾ ਹੈ।

ਪੂਨੇ ਵਿੱਚ ਪੰਜਾਬ ਰੈਜੀਮੈਂਟ ਦੇ ਸਿੱਖ ਸਿਪਾਹੀਆਂ ਨੇ ਬਗ਼ਾਵਤ ਕਰ ਦਿੱਤੀ। ਇਸਤੋਂ ਇਲਾਵਾ ਠਾਣੇ, ਮਹਾਰਾਸ਼ਟਰ ਵਿੱਚ, ਜੰਮੂ, ਸਿਲੀਗੁੜੀ, ਸਿਲਚਰ ਅਤੇ ਅਲਵਰ ਵਿੱਚ ਇਨ੍ਹਾਂ ਸਿੱਖ ਫੌਜੀਆਂ ਨੇ ਅੰਮ੍ਰਿਤਸਰ ਚੱਲਣ ਦਾ ਨਾਅਰਾ ਦਿੱਤਾ। ਇਨ੍ਹਾਂ ਵਿੱਚੋਂ ਕਈਆਂ ਨੇ ਜੀ.ਟੀ.ਰੋਡ ਦੇ ਨਾਲ-ਨਾਲ ਪੰਜਾਬ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਕਈਆਂ ਨੂੰ ਉੱਤਰ ਪ੍ਰਦੇਸ਼ ਬਾਰਡਰ ਉੱਤੇ ਗੜਵਾਲ ਰੈਜੀਮੈਂਟ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਥੇ ਵੀਹ-ਤੀਹ ਸਿੱਖ ਜਵਾਨ ਮਾਰੇ ਗਏ। ਇਨ੍ਹਾਂ ਸਿੱਖ ਫੌਜੀਆਂ ਉੱਤੇ ਅਣਗਿਣਤ ਤਸ਼ੱਦਦ ਹੋਏ। ਸੂਰਤਗੜ੍ਹ ਵਿੱਚ ਜਿਹੜੇ ਸਿੱਖ ਫੌਜੀਆਂ ਨੇ ਬਗ਼ਾਵਤ ਨਹੀਂ ਵੀ ਕੀਤੀ ਸੀ ਉਨ੍ਹਾਂ ਨੂੰ ਘਰਾਂ ਤੋਂ ਕੱਢ ਕੇ ਮਾਰਿਆ ਗਿਆ। ਜਿਹੜੇ ਫੌਜੀ ਛੁੱਟੀ ਆਏ ਹੋਏ ਸਨ ਉਨ੍ਹਾਂ ਨੂੰ ਵੀ ਭਗੌੜੇ ਕਰਾਰ ਦੇ ਦਿੱਤਾ ਗਿਆ। ਬਾਅਦ ਵਿੱਚ ਜਿੰਨੀ ਸਜ਼ਾ ਭਗੌੜੇ ਫੌਜੀਆਂ ਨੂੰ ਮਿਲੀ ਉਨੀ ਸਜ਼ਾ ਹੀ ਇਨ੍ਹਾਂ ਛੁੱਟੀ ਗਿਆਂ ਨੂੰ ਵੀ ਮਿਲੀ। ਇੱਥੇ ਇਹ ਵਰਨਦਯੋਗ ਹੈ ਕਿ ਉਸ ਸਮੇਂ 80,000 ਸਿੱਖ ਫੌਜੀ ਭਾਰਤ ਦੀ ਰੱਖਿਆ ਸੇਵਾਵਾਂ ਵਿੱਚ ਹਾਜ਼ਰ ਸਨ। ਪਰ ਕੇਵਲ 6 ਪ੍ਰਤੀਸ਼ਤ ਸਿੱਖ ਫੌਜੀਆਂ ਨੇ ਹੀ ਬਗ਼ਾਵਤ ਕੀਤੀ ਸੀ। ਲੈਫ. ਜਰਨਲ ਹਰਬਖਸ਼ ਸਿੰਘ ਜਦੋਂ ਗਿਆਨੀ ਜੈਲ ਸਿੰਘ ਨੂੰ ਇਸ ਬਾਰੇ ਮਿਲੇ, ਜੋ ਕਿ ਭਾਰਤੀ ਫੌਜਾਂ ਦੇ ਸੁਪਰੀਮ ਕਮਾਂਡਰ ਸਨ, ਉਨ੍ਹਾਂ ਨੇ ਇਸ ਗੱਲ ਦੀ ਪ੍ਰੋੜ੍ਹਤਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਮੂਹਰੇ ਕੀਤੀ ਕਿ ਸਿੱਖ ਫੌਜੀ ਕਿਵੇਂ ਸਾਰੇ ਘਟਨਾਕ੍ਰਮ ਤੋਂ ਅਲੱਗ ਰਹਿ ਸਕਦੇ ਸੀ। ਜਦੋਂ ਉਹ ਆਪਣੀ ਸੇਵਾ ਲਈ ਸੌਂਹ ਗੁਰੂ ਗ੍ਰੰਥ ਸਾਹਿਬ ਤੋਂ ਚੁੱਕਦੇ ਹਨ ਤਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਵੇਂ ਸਹਾਰ ਸਕਦੇ ਸੀ? ਸਿੱਖ ਫੌਜੀਆਂ ਦਾ ਬੈਰਕਾਂ ਛੱਡਣਾ 1947 ਤੋਂ ਬਾਅਦ ਫੌਜੀ ਬਗ਼ਾਵਤ ਦੀ ਪਹਿਲੀ ਘਟਨਾ ਸੀ। ਇਸਨੇ ਭਾਰਤੀ ਫੌਜ ਦੀ ਨੈਤਿਕ ਸ਼ਕਤੀ ਨੂੰ ਬਹੁਤ ਨੁਕਸਾਨ ਕੀਤਾ ਕਿਉਂਕਿ ਸਿੱਖਾਂ ਨੂੰ ਭਾਰਤੀ ਫੌਜ ਦੀ ਜਿੰਦ-ਜਾਨ ਸਮਝਿਆ ਜਾਂਦਾ ਹੈ। ਇਨ੍ਹਾਂ ਦਾ ਜੈਕਾਰਾ ਹੀ ਭਾਰਤੀ ਫੌਜ ਦਾ ਜੈਕਾਰਾ ਹੈ। ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ 1947, 1962, 1965, 1971 ਵਿੱਚ ਜਿੰਨੀ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹਨ ਸ਼ਾਇਦ ਕਿਸੇ ਵੀ ਦੂਜੀ ਕੌਮ ਦੀਆਂ ਨਹੀਂ ਹਨ। ਵੀਰਤਾ ਪਦਕ ਸਭ ਤੋਂ ਜ਼ਿਆਦਾ ਸਿੱਖਾਂ ਕੋਲ ਹਨ, ਪਰਮਵੀਰ ਚੱਕਰ ਜਿਸ ਨੂੰ ਸਰਬਉੱਚ ਵੀਰਤਾ ਪੁਰਸਕਾਰ ਮੰਨਿਆ ਜਾਂਦਾ ਹੈ 11 ਵਿਚੋਂ 5 ਸਿੱਖਾਂ ਕੋਲ ਹਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿਚ 1999 ਦੇ ਕਾਰਗਿਲ ਆਪਰੇਸ਼ਨ ਵਿੱਚ ਲੜਨ ਵਾਲੇ ਅਤੇ ਮਰਨ ਵਾਲੇ 50 ਪ੍ਰਤੀਸ਼ਤ ਫੌਜੀ ਸਿੱਖ ਸਨ।

ਇਤਿਹਾਸ ਗਵਾਹ ਹੈ ਕਿ 1943 ਵਿੱਚ ਸਭ ਤੋਂ ਪਹਿਲਾਂ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਵਾਲੇ ਫੌਜੀਆਂ ਵਿੱਚ 60 ਪ੍ਰਤੀਸ਼ਤ ਸਿੱਖ ਸਨ। ਇਸ ਸਮੇਂ ਦੌਰਾਨ ਪਹਿਲੀ ਪੰਜਾਬ ਰੈਜੀਮੈਂਟ ਨੇ ਬਗ਼ਾਵਤ ਕੀਤੀ ਸੀ, ਜਿਸ ਵਿੱਚ 80 ਪ੍ਰਤੀਸ਼ਤ ਸਿੱਖ ਸਨ। ਜਿਨ੍ਹਾਂ ਨੇ ਬਾਅਦ ਵਿੱਚ ਜਨਰਲ ਮੋਹਣ ਸਿੰਘ ਦੀ ਕਮਾਨ ਹੇਠ ਆਈ.ਐਨ.ਏ. ਬਣਾ ਕੇ ਸੁਭਾਸ਼ ਚੰਦਰ ਬੋਸ ਦਾ ਸਾਥ ਦਿੱਤਾ। ਸਹਿਲ, ਸ਼ਾਹ ਨਵਾਜ਼ ਤੇ ਮੇਜਰ ਢਿੱਲੋਂ ਤਿੰਨੇ ਅਫਸਰ ਜਿਨ੍ਹਾਂ ‘ਤੇ ਲਾਲ ਕਿਲੇ ਤੋਂ ਬਗ਼ਾਵਤ ਦਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ, ਇਹ ਸਾਰੇ ਪੰਜਾਬੀ ਸਨ। ਇਹ ਵੀ ਵਰਨਣਯੋਗ ਹੈ ਕਿ ਇਨ੍ਹਾਂ ਤਿੰਨੇ ਫੌਜੀ ਅਫਸਰਾਂ ਦੀ ਕਾਨੂੰਨੀ ਅਗਵਾਈ ਜਵਾਹਰ ਲਾਲ ਨਹਿਰੂ ਅਤੇ ਜਿਨਾਹ ਵਰਗੇ ਭਾਰਤ ਦੇ ਨੇਤਾਵਾਂ ਨੇ ਕੀਤੀ ਸੀ।

ਪਰ 1984 ਵਿੱਚ ਬੁਨਿਆਦੀ ਫਰਕ ਇਹ ਸੀ ਕਿ ਉਦੋਂ ਸਰਕਾਰ ਬਰਤਾਨੀਆਂ ਤੋਂ ਭਾਰਤੀਆਂ ਦੇ ਹੱਥ ਆ ਗਈ ਸੀ। ਬੇਸ਼ੱਕ ਅੰਤ ਨੂੰ ਫੈਸਲਾ ਇਹ ਹੋਇਆ ਕਿ ਇਨ੍ਹਾਂ ਦੀਆਂ ਪੈਨਸ਼ਨਾਂ ਜਾਰੀ ਰੱਖੀਆਂ ਜਾਣਗੀਆਂ। ਪਰ 1984 ਤੋਂ ਬਾਅਦ ਹੁਣ ਤਕ ਇਹ ਸਹੂਲਤਾਂ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਨਹੀਂ ਦਿੱਤੀਆਂ ਗਈਆਂ। ਬੇਸ਼ੱਕ ਬਹੁਤੇ ਧਰਮੀ ਫੌਜੀ ਵੀਰ ਪੰਜਾਬ ਦੇ ਕਈ ਅਦਾਰਿਆਂ ਵਿੱਚ ਜਿਨ੍ਹਾਂ ਵਿੱਚ ਬਹੁਗਿਣਤੀ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਕਰ ਰਹੀ ਹੈ ਪਰ ਇਸਤੋਂ ਇਲਾਵਾ ਅਜਿਹੇ ਫੌਜੀ ਵੀਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਅੱਜ ਤੱਕ ਰੋਜ਼ੀ ਰੋਟੀ ਦੀ ਲੜਾਈ ਵਿੱਚ ਲੱਗੇ ਹੋਏ ਹਨ। ਕਈ ਸੰਸਥਾਵਾਂ ਇਨ੍ਹਾਂ ਫੌਜੀ ਵੀਰਾਂ ਦੇ ਨਾਂ ਹੇਠ ਪੈਸਾ ਇਕੱਠਾ ਕਰੀ ਬੈਠੀਆਂ ਹਨ। ਪਰ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ।

ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਆਪਣੇ ਧਰਮ ਅਸਥਾਨਾਂ ਦੀ ਪਵਿੱਤਰਤਾ ਲਈ ਆਪਣੀਆਂ ਨੌਕਰੀਆਂ ਨੂੰ ਲੱਤ ਮਾਰ ਕੇ ਅੰਮ੍ਰਿਤਸਰ ਵੱਲ ਚਾਲੇ ਪਏ ਸਨ।

ਭਾਈ ਅਮਰੀਕ ਸਿੰਘ, ਧਰਮੀ ਫੌਜੀ ਐਸੋਸੀਏਸ਼ਨ ਦੇ ਪ੍ਰਧਾਨ ਹਨ। ਸਾਰੀਆਂ ਸੰਸਥਾਵਾਂ ਸਮੇਤੇ ਹਰੇਕ ਸਿੱਖ ਨੂੰ ਇਨ੍ਹਾਂ ਧਰਮੀ ਫੌਜੀਆਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਧਰਮੀ ਫੌਜੀ ਵੀਰਾਂ ਦੀ ਪਹਿਲੀ ਸ਼ਿਕਾਇਤ ਹੈ। ਇਸਤੋਂ ਇਲਾਵਾ ਪਿੰਡ ਪੱਧਰ ਜਾਂ ਗੁਰਦੁਆਰਾ ਕਮੇਟੀ ਪੱਧਰ ‘ਤੇ ਇਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਕ ਧਰਮੀ ਫੌਜੀ ਵਿੰਗ ਸਥਾਪਿਤ ਕਰੇ ਜੋ ਇਨ੍ਹਾਂ ਫੌਜੀ ਵੀਰਾਂ ਦੀ ਮਾਲੀ ਮਦਦ ਕਰੇ।

ਭਾਗ – ਤੀਜਾ

ਸਾਹਿਤ

ਲਹੂ ਦੇ ਚੁਬੱਚੇ

ਅਜੀਤ ਕੌਰ

ਖੁਸ਼ਵੰਤ ਸਿੰਘ ਹੁਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਹੈ। ਉਹਦੇ ਸਾਹਾਂ ਵਿੱਚ ਗੁੱਸੇ ਦੀਆਂ ਲਪਟਾਂ ਉੱਠ ਰਹੀਆਂ ਨੇ। “ਤਿੰਨ ਸੌ ਗੋਲੀਆਂ ਲੱਗੀਆਂ ਨੇ ਦਰਬਾਰ ਸਾਹਿਬ ‘ਤੇ। ਇਕ ਅੰਨ੍ਹਾ ਰਾਗੀ ਅਮਰੀਕ ਸਿੰਘ ਅੰਦਰ ਬੈਠਾ ਸੀ, ਉਹਨੂੰ ਉਥੇ ਹੀ ਗੋਲੀ ਲੱਗੀ। ਲਾਸ਼ ਤਾਂ ਧਰੀਕ ਕੇ ਬਾਕੀ ਲਾਸ਼ਾਂ ਨਾਲ ਹੀ ਸਾੜ ਦਿੱਤੀ ਗਈ, ਪਰ ਉਹਦਾ ਲਹੂ ਜਿਸ ਕਾਲੀਨ ‘ਤੇ ਡੁਲ੍ਹਿਆ, ਉਹ ਸਾਫ ਨਹੀਂ ਹੋ ਸਕਿਆ। ਪੂੰਝਿਆ, ਧੋਤਾ, ਰਗੜਿਆ ਪਰ ਮੱਖੀਆਂ ਆ ਕੇ ਉੱਥੇ ਹੀ ਬਹਿੰਦੀਆਂ ਹਨ। ਤੇ ਲਹੂ ਦੀ ਹਵਾੜ ਵੀ ਦਿਨੋ ਦਿਨ ਤਿੱਖੀ ਹੋਈ ਜਾਂਦੀ ਸੀ। ਸੋ ਮਿਲਟਰੀ ਵਾਲਿਆਂ ਨੇ ਉਸ ਕਾਲੀਨ ਦੀ ਉਨੀ ਟਾਕੀ ਹੀ ਕੱਟ ਕੇ ਲਾਹ ਲਈ ਤੇ ਓਡਾ ਹੀ ਹੋਰ ਟੁਕੜਾ ਉਸ ਕਾਲੀਨ ਵਿੱਚ ਜੋੜ ਦਿੱਤਾ ਏ।”

ਮੈਂ ਸੋਚਦੀ ਹਾਂ, ਸਾਡੇ ਸਾਰਿਆਂ ਦੇ ਦਿਲਾਂ ਵਿੱਚ ਵੀ ਖੂਨ ਦੇ ਇਹੋ ਜਿਹੇ ਚੁਬੱਚੇ ਜਿਹੜੇ ਬਣੇ ਨੇ, ਉਹਨਾਂ ਨੂੰ ਕਿੰਨਾਂ ਹੀ ਉਲੀਚ ਲਵੇ, ਜਿਹੜਾ ਲਹੂ ਮਿੱਟੀ ਵਿੱਚ ਰਚ ਗਿਆ ਏ ਉਹਦਾ ਕੀ ਹੋਵੇਗਾ? ਖੂਨ ਨੂੰ ਤਾਂ ਸ਼ਾਇਦ ਵਕਤ ਪੂੰਝ ਦੇਵੇਗਾ, ਪਰ ਦਾਗ ਉੱਥੇ ਹੀ ਰਹਿਣਗੇ। ਲਹੂ ਦੀ ਗੰਧ ਆਹਿਸਤਾ ਆਹਿਸਤਾ ਹਵਾੜ ਬਣੇਗੀ ਹੀ। ਖ਼ੌਲਦੇ ਗੁੱਸੇ ਦੀਆਂ ਤੇ ਨਪੁੰਸਕ ਰੋਹ ਦੀਆਂ ਮੱਖੀਆਂ ਲੱਖ ਉਡਾਉਣ ਦੇ ਬਾਵਜੂਦ ਵੀ ਮੁੜ-ਘਿੜ ਕੇ ਉਸੇ ਲਹੂ ਦੇ ਦਾਗ ‘ਤੇ ਭਿਣਭਿਣਾਉਂਣਗੀਆਂ।

ਜਿਨ੍ਹਾਂ ਦੇ ਹੱਥਾਂ ਵਿੱਚ ਤਾਕਤ ਹੈ, ਤੇ ਜਿਨ੍ਹਾਂ ਨੇ ਆਪਣੀ ਤਾਕਤ ਦਾ ਕਮਾਲ ਵਿਖਾਕੇ ਅਗਲੀਆਂ ਇਲੈਕਸ਼ਨਾਂ ਲਈ ਹਿੰਦੂ ਵੋਟਾਂ ਸੁਰੱਖਿਅਤ ਕਰ ਲਈਆਂ ਨੇ, ਉਨ੍ਹਾਂ ਕੋਲੋਂ ਸਿਰਫ ਮੈਂ ਹੀ ਨਹੀਂ, ਹਰ ਸਿੱਖ ਇਹੀ ਪੁਛਣਾ ਚਾਹੁੰਦਾ ਏ ਅੱਜ, ਕਿ ਸਾਡੇ ਦਿਲਾਂ ਵਿਚ ਹਵਾੜ ਛੱਡਦੇ ਇਸ ਲਹੂ ਦੇ ਦਾਗ ਦਾ ਕੀ ਕਰੋਗੇ? ਕੈਂਚੀ ਲੈ ਕੇ ਇਸ ਟੁਕੜੇ ਨੂੰ ਵੀ ਕੱਟ ਦਿਓਗੇ? ਤੇ ਇਹ ਦੀ ਥਾਵੇਂ ਇੱਕ ਨਵਾਂ ਟੁਕੜਾ ਜੋੜਕੇ ਰਫੂ ਕਰ ਦਿਓਗੇ?

ਦੁਖੀ ਮਨਾਂ ਵਿੱਚ, ਖੌਲਦੇ ਜ਼ਿਹਨਾਂ ਵਿੱਚ, ਗੁੱਸੇ ਨਾਲ ਭਖਦੀਆਂ ਸੋਚਾਂ ਵਿੱਚ ਤੇ ਗੋਲੀਆਂ ਨਾਲ ਛਾਨਣੀ ਹੋਏ ਦਿਲਾਂ ਵਿੱਚ ਅੱਜ ਹਰ ਮਾਂ, ਹਰ ਭੈਣ, ਹਰ ਪਤਨੀ, ਆਪਣੇ ਚਰਖੇ ਦੀ ਮਾਹਲ ਨੂੰ ਫੜ ਕੇ ਪੁੱਠਿਆਂ ਗੇੜ ਰਹੀ ਏ, ਕਿਉਂਕਿ ਕਹਿੰਦੇ ਨੇ ਕਿ ਚਰਖੇ ਨੂੰ ਪੁੱਠਿਆਂ ਗੇੜੋ ਤਾਂ ਘਰੋਂ ਗਏ ਬੰਦੇ ਵਾਪਸ ਪਰਤ ਆਉਂਦੇ ਨੇ।”

ਹਰ ਤੀਜੇ ਘਰ ਵਿੱਚ ਕੋਈ ਨਾ ਕੋਈ ਅੰਮ੍ਰਿਤਸਰ ਗਿਆ ਹੋਇਆ ਏ। ਘਰਦਿਆਂ ਨੂੰ ਕੋਈ ਪਤਾ ਨਹੀਂ ਕਿ ਉਹ ਕਿੱਧਰੇ ਲੁਕਿਆ ਹੋਇਆ ਏ, ਅੰਡਰਗਰਾਉਂਡ ਏ, ਕਿਸੇ ਦੋਸਤ ਕੋਲ ਕਿਸੇ ਹੋਰ ਸ਼ਹਿਰ ਚਲਾ ਗਿਆ ਏ, ਕਿ ਮਾਰਿਆ ਜਾ ਚੁੱਕਾ ਏ।

ਮਰਨ ਵਾਲਿਆਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ। ਮਿਲਟਰੀ ਵਾਲੇ ਕਹਿੰਦੇ ਨੇ, ਸੱਤ ਅੱਠ ਸੌ ਬੰਦੇ ਮਰੇ ਨੇ। ਟਾਈਮਜ਼ (ਲੰਡਨ) ਦੀ ਖ਼ਬਰ ਸੀ ਕਿ ਸਾਢੇ ਤੇਰ੍ਹਾਂ ਸੌ ਲਾਸ਼ਾਂ ਜਲਾਈਆਂ ਨੇ ਮਿਲਟਰੀ ਨੇ। ਟ੍ਰਿਬਿਊਨ ਦਾ ਸਤਿੰਦਰ ਸਿੰਘ ਕਹਿੰਦਾ ਹੈ, “ਪੂਰੀ ਪ੍ਰਕਰਮਾਂ ਵਿੱਚ ਇੱਕ ਇੰਚ ਥਾਂ ਵੀ ਅਜਿਹਾ ਨਹੀਂ ਸੀ ਜਿਹੜੀ ਖਾਲੀ ਹੋਵੇ। ਲਾਸ਼ਾਂ ਕਿੱਧਰੇ ਇੱਕ ਦੂਜੇ ਦੇ ਉੱਤੇ ਪਈਆਂ ਸਨ, ਢੇਰਾਂ ਦੇ ਢੇਰ, ਤੇ ਕਿਧਰੇ ਏਨੀ ਨੇੜੇ ਕਿ ਇਕ ਦੀ ਬਾਂਹ ਦੂਜੇ ਦੀ ਬਾਂਹ ਨੂੰ ਜਾਂ ਲੱਤ ਨੂੰ ਛੂਹ ਰਹੀ ਸੀ। ਰਾਤ ਦੇ ਹਨੇਰੇ ਵਿੱਚ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਸੱਤ ਅੱਠ ਵੱਖੋ-ਵੱਖ ਮੜ੍ਹੀਆਂ ਵਿੱਚ ਲੈ ਗਏ, ਤੇ ਇਕੱਠੀਆਂ, ਢੇਰ ਲਾ ਕੇ ਸਾੜਦੇ ਰਹੇ। ਸਿਰਫ ਚਾਟੀ ਵਿੰਡ ਦੀਆਂ ਮੜ੍ਹੀਆਂ ਵਿੱਚ ਹੀ ਨੌਂ ਸੌ ਦੱਸ ਲਾਸ਼ਾਂ ਸਾੜੀਆਂ ਗਈਆਂ, ਜਿਹੜਾ ਇੰਚਾਰਜ ਸੀ, ਉਹਨੇ ਮੈਨੂੰ ਖੁਦ ਦੱਸਿਆ ਏ।

“ਇਸ ਹਿਸਾਬ ਨਾਲ?” ਮੇਰੀ ਆਵਾਜ਼ ਕੰਬਦੀ ਏ। ਲਾਸ਼ਾਂ ਦੀ ਗਿਣਤੀ ਦਾ ਹਿਸਾਬ ਕਰਦਿਆਂ ਮੈਨੂੰ ਆਪਣੇ ਜ਼ਿੰਦਾ ਹੋਣ ‘ਤੇ ਗੁੱਸਾ ਆਉਂਦਾ प्टे।

“ਠੀਕ ਅੰਦਾਜ਼ਾ ਨਹੀਂ, ਪਰ ਹਜ਼ਾਰਾਂ ਦੀ।” ਉਹ ਕਹਿੰਦਾ ਏ। ਏਡੇ ਲੰਮੇ ਉੱਚੇ ਤੇ ਕੁਰਾਹੜੇ ਬੰਦੇ ਦੀਆਂ ਅੱਖਾਂ ਵਿੱਚ ਸੁਰਖ਼ ਅੱਥਰੂ ਨੇ।

ਫੇਰ ਉਹ ਆਪੇ ਹੀ ਕਹਿੰਦਾ ਏ, “ਫੇਰ ਕੀ ਹੋਇਆ। ਸਤਾਰਾਂ ਸੌ ਸੱਤ ਤੋਂ ਸਤਾਰਾਂ ਸੌ ਇਕਾਨਵੇਂ ਤੱਕ ਦੋ ਲੱਖ ਸਿੱਖ ਮਾਰਿਆ ਗਿਆ ਸੀ। ਹਰਿਮੰਦਰ ਸਾਹਿਬ ਦੇ ਇਹੀ ਬੁੰਗੇ ਚਾਰ ਵਾਰੀ ਤਬਾਹ ਹੋਏ ਸਨ ਤੇ ਚਾਰ ਵਾਰੀ ਮੁੜਕੇ ‘ਬਣਾਏ ਗਏ ਸਨ। ਸਿੱਖ ਤਾਂ ਬਣਿਆ ਹੀ ਮਰਨ ਲਈ ਐ।”

ਇਹ ਘੱਲੂਘਾਰਾ ਜਦੋਂ ਵਾਪਰਿਆ, ਤਾਂ ਮੈਂ ਤੇ ਮੇਰੀ ਬੇਟੀ ਏਥਨਜ਼ ਵਿੱਚ ਸਾਂ। ਕਿਸੇ ਨੇ ਟੈਲੀਵੀਜ਼ਨ ਦੀਆਂ ਖਬਰਾਂ ਸੁਣੀਆਂ ਤੇ ਦੱਸਿਆ, “ਗੋਲਡਨ ਟੈਂਪਲ ‘ਤੇ ਫੌਜੀ ਹਮਲਾ ਹੋ ਗਿਆ ਏ।”

ਫੌਜੀ ਹਮਲਾ? ਗੋਲਡਨ ਟੈਂਪਲ ਵੀ ਕੋਈ ਗੋਆ ਜਾਂ ਢਾਕਾ ਐ ਕਿ ਫੌਜਾਂ ਨੇ ਚੜ੍ਹਾਈ ਕੀਤੀ ਏ ਉਹਦੇ ‘ਤੇ?

ਯਾਦ ਆਏ ਖ਼ੁਸ਼ਵੰਤ ਸਿੰਘ ਦੇ ਪਾਰਲੀਮੈਂਟ ਵਿਚ ਵਾਰ-ਵਾਰ ਆਖੇ ਲਫ਼ਜ਼, “ਜੇ ਗੋਲਡਨ ਟੈਂਪਲ ਵਿੱਚ ਫੌਜ ਦਾਖ਼ਲ ਹੋਏਗੀ, ਤਾਂ ਖ਼ੂਨ ਨਾਲ ਨਹਾਉਣਾਂ ਪਵੇਗਾ ਉਹਨੂੰ। ਲਹੂ ਦੀਆਂ ਨਦੀਆਂ ਵਹਿ ਤੁਰਨਗੀਆਂ। ਕੋਈ ਹੋਰ ਰਸਤਾ ਲੱਭੋ।” ਗੱਲਬਾਤ ਕਰੋ, ਸਮੱਸਿਆ ਦਾ ਹੱਲ ਲੱਭੋ।

ਤੇ ਇੰਦਰਾ ਗਾਂਧੀ ਦੇ ਵਾਰ-ਵਾਰ ਆਖੇ ਹੋਏ ਲਫ਼ਜ਼, “ਗੋਲਡਨ ਟੈਂਪਲ ਵਿਚ ਫ਼ੌਜ ਨੂੰ ਨਹੀਂ ਭੇਜਿਆ ਜਾਵੇਗਾ।”

ਤੇ ਹੁਣ–?

ਲੱਗਾ, ਇਹ ਗ੍ਰੀਕ ਟੈਜੇਡੀ ਸੀ। ਅਸਲੀ ਮਾਇਨਿਆਂ ਵਿੱਚ ਗ੍ਰੀਕ ਟੈਜੇਡੀ। ਜਿੱਥੇ ਸਭ ਪਾਤਰਾਂ ਨੂੰ ਪਤਾ ਹੁੰਦਾ ਏ ਕਿ ਉਹ ਮੌਤ ਦੀ ਭਿਆਨਕਤਾ ਵੱਲ ਵਧ ਰਹੇ ਨੇ, ਪਰ ਕੋਈ ਉਹਨਾਂ ਦੇ ਜਿਸਮਾਂ ਤੇ ਜ਼ਿਹਨਾਂ ਤੋਂ ਬਾਹਰਲੀ ਤਾਕਤ, ਜਿਸ ਨੂੰ ਗ਼ੈਬੀ ਸ਼ਕਤੀ ਵੀ ਕਿਹਾ ਜਾ ਸਕਦਾ ਹੈ ਜਾਂ ਖੁਦ ਮਲਕੁਲ ਮੌਤ–ਉਹਨਾਂ ਨੂੰ ਪਲ-ਪਲ ਪਰਲੋ ਵੱਲ ਤੋਰੀ ਲਿਜਾਂਦੀ ਏ।

ਇਥੇ ਇਹ ਗ਼ੈਬੀ ਤਾਕਤ ਸ਼ਾਇਦ ਇੰਦਰਾ ਗਾਂਧੀ ਖੁਦ ਸੀ। ਜ਼ਰਾ ਸੋਚੋ ਤਾਂ ਇਹੀ ਲੱਗਦਾ ਹੈ ਕਿ ਸਿਰਫ਼ ਉਸੇ ਨੂੰ ਪਤਾ ਸੀ ਕਿ ਇਹ ਪਰਲੋ ਵਾਪਰੇਗੀ, ਤੇ ਇਸ ਤਰ੍ਹਾਂ ਵਾਪਰੇਗੀ। ਇਹ ਵੀ ਸ਼ੱਕ ਹੁੰਦਾ ਏ ਕਿ ਕੀ ਇਹ ਪਹਿਲੋਂ ਸੋਚੀ ਅਤੇ ਸਮਝੀ ਹੋਈ, ਪਲੈਨ ਕੀਤੀ ਹੋਈ ਪਰਲੋ ਹੀ ਤਾਂ ਨਹੀਂ ਸੀ?

ਬੀ.ਬੀ.ਸੀ. ਦੀਆਂ ਖਬਰਾਂ, ਹਰ ਘੰਟੇ ਮਗਰੋਂ । ਹਮਲਾ, ਟੈਂਕ, ਤੋਪਾਂ, ਬਾਰੂਦ, ਲਾਸ਼ਾਂ।

ਟਾਈਮਜ਼ ਦੀ ਖ਼ਬਰ, “ਲਾਸ਼ਾਂ ਵਿਚ ਕੁਝ ਔਰਤਾਂ ਤੇ ਬੱਚਿਆਂ ਦੀਆਂ ਲਾਸ਼ਾਂ ਵੀ ਸਨ।”

ਹਰ ਗ੍ਰੀਕ ਦੋਸਤ ਸਾਡੇ ਦੋਹਾਂ ਨਾਲ ਵਧੇਰੇ ਨਰਮੀ ਨਾਲ ਪੇਸ਼ ਆ ਰਿਹਾ ਸੀ, ਅਫਸੋਸ ਕਰ ਰਿਹਾ ਸੀ। ਜਿਸ ਤਰ੍ਹਾਂ ਉਹ ਸਾਡੇ ਘਰ ਮਾਤਮ ‘ਤੇ ਆਏ ਹੋਣ।

ਪਰ ਹਿੰਦੁਸਤਾਨੀ ਕਲਚਰ ਗਰੁੱਪ ਦਾ ਹਰ ਬੰਦਾ, ਜਿਸ ਦੇ ਵਿੱਚ ਸਿੱਖ ਸਿਰਫ਼ ਦੋ ਹੀ ਸਨ: ਮੈਂ ਤੇ ਅਰਪਨਾ, ਸਿਰਫ਼ ਉਸ ਗੋਲੇ ਬਾਰੂਦ ਦੀ ਗੱਲ ਕਰ ਰਿਹਾ ਸੀ। ਜਿਹੜਾ ਸੰਤ ਭਿੰਡਰਾਂਵਾਲੇ ਅਤੇ ਉਸਦੇ ਸੇਵਕਾਂ ਨੇ ਅੰਦਰ ਜਮ੍ਹਾਂ ਕੀਤਾ ਹੋਇਆ ਸੀ। ਕਹਿ ਰਹੇ ਸਨ, ‘ਵਿਚਾਰੀ ਇੰਦਰਾ ਗਾਂਧੀ ਹੋਰ ਕਰਦੀ ਵੀ वी?’

ਅਰਪਨਾ ਦੀਆਂ ਅੱਖਾਂ ਵਿੱਚ ਗੁੱਸੇ ਦੇ ਅੱਥਰੂ ਸਨ, ਤੇ ਉਹ ਉਨ੍ਹਾਂ ਨੂੰ ਟਾਈਮਜ਼ ਦੀਆਂ ਖ਼ਬਰਾਂ ਵਿਖਾ ਰਹੀ ਸੀ। ਇਕ ਖ਼ਬਰ: ਲਾਸ਼ਾਂ ਵਿੱਚ ਕਈ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਸਨ ਜਿਨ੍ਹਾਂ ਦੇ ਹੱਥ ਪਿੱਠ ਪਿੱਛੇ ਬੰਨੇ ਹੋਏ ਸਨ, ਪੱਗਾਂ ਲੱਥੀਆਂ ਹੋਈਆਂ ਸਨ, ਤੇ ਮੱਥੇ ‘ਤੇ ਗੋਲੀ ਲੱਗੀ ਹੋਈ ਸੀ। ਦੂਜੀ ਖ਼ਬਰ: ਲਾਸ਼ਾਂ ਵਿੱਚ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ..।“ਬੱਚਿਆਂ ਨੇ ਕੀ ਕਸੂਰ ਕੀਤਾ ਸੀ? ਉਹ ਵੀ ਆਤੰਕਵਾਦੀ ਸਨ?” ਅਰਪਨਾ ਨੇ ਕਿਹਾ।

ਆਲ ਇੰਡੀਆ ਰੇਡੀਓ ਦਾ ਹਰੀਸ਼ ਅਵਸਥੀ ਕਹਿਣ ਲੱਗਾ, “ਆਰ ਯੂ ਸ਼ੋਅਰ ਦੇ ਵਰ ਇਨੋਸੈਂਟ?”

ਤੇ ਅਰਪਨਾ ਲੜ ਪਈ ਉਹਦੇ ਨਾਲ, “ਵਟ ਡੂ ਯੂ ਮੀਨ? ਬੱਚੇ ਇਨੋਸੈਂਟ ਨਹੀਂ ਹੁੰਦੇ ਤਾਂ ਕੀ ਹੁੰਦੇ ਨੇ? ਬੱਚਿਆਂ ਦੀਆਂ ਲਾਸ਼ਾਂ…।

ਮੈਂ ਉਹਨੂੰ ਕਮਰੇ ਵਿੱਚ ਲੈ ਆਈ ਉਹ ਰੋ ਰਹੀ ਸੀ। ਮੈਂ ਕਿਹਾ, “ਤੂੰ ਕਹਿੰਦੀ ਸੀ ਨਾ, ਆਪਣੇ ਮੁਲਕ ਤੋਂ ਬਾਹਰ ਹੋਰ ਕਿੱਧਰੇ ਨਹੀਂ ਰਹਿਣਾ! ਕਿਉਂਕਿ ਆਪਣੇ ਮੁਲਕ ਤੋਂ ਬਾਹਰ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਰਹਿਣਾ ਪੈਂਦਾ ਏ। ਪਰ ਆਪਣੇ ਹੀ ਮੁਲਕ ਵਿੱਚ ਹਰ ਮਾਈਨਾਰੇਟੀ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਨਾ ਪੈਂਦਾ ਏ, ਇਹ ਨਹੀਂ ਸੀ ਨਾ ਕਦੀ ਸੋਚਿਆ। ਹੁਣ ਸੋਚਣਾ ਪਵੇਗਾ।”

ਵਾਪਸ ਆਏ, ਤਾਂ ਇਕ ਅਜੀਬ ਤਰ੍ਹਾਂ ਦਾ ਦੋਫਾੜ ਸੀ। ਹਰ ਹਿੰਦੂ ਮਿਲਟਰੀ ਐਕਸ਼ਨ ਨੂੰ ਠੀਕ ਕਹਿ ਰਿਹਾ ਸੀ, ਤੇ ਸਿਰਫ਼ ਹਰਿਮੰਦਰ ਸਾਹਿਬ ਦੇ ਅੰਦਰ ਜਮ੍ਹਾਂ ਕੀਤੇ ਗਏ ਗੋਲਾ ਬਾਰੂਦ ਦੀ ਗੱਲ ਕਰ ਰਿਹਾ ਸੀ। ਤੇ ਹਰ ਸਿੱਖ ਖੂਨ ਦੀ ਉਸ ਹੋਲੀ ਦੀ ਗੱਲ ਕਰ ਰਿਹਾ ਸੀ ਜਿਹੜੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਖੇਡੀ ਗਈ।

ਹੋਰ ਤਾਂ ਹੋਰ ਮੇਰੀ ਤੀਹਾਂ ਵਰ੍ਹਿਆਂ ਦੀ ਅਜੀਜ਼ ਦੋਸਤ ਤੋਸ਼ੀ ਕਹਿਣ ਲੱਗੀ, “ਪਰ ਜੀਤ, ਅੰਦਰ ਏਨਾ ਗੋਲਾ ਬਾਰੂਦ ਸੀ, ਉਹ ਕਿਉਂ ਇਕੱਠਾ ਕੀਤਾ ਹੋਇਆ ਸੀ ਉਨ੍ਹਾਂ ਨੇ?”

“ਮੈਂ ਉਹਨਾਂ ਦੇ ਗੋਲੇ ਬਾਰੂਦ ਨੂੰ, ਰਾਈਫਲਾਂ ਤੇ ਮਸ਼ੀਨ ਗੰਨਾਂ ਨੂੰ ਜਸਟੀਫਾਈ ਨਹੀਂ ਕਰਦੀ। ਗ਼ਲਤ ਏ ਇਹ, ਕਿਸੇ ਵੀ ਮੰਦਰ, ਗੁਰਦੁਆਰੇ ਵਿੱਚ ਮੌਤ ਦਾ ਇਹ ਸਮਾਨ ਰੱਖਣਾ। ਪਰ ਜੇ ਤੂੰ ਮੁਲਕ ਦੀ ਵੰਡ ਵੇਲੇ ਵਾਘਿਓਂ, ਪਰਲੇ ਪਾਰ ਹੁੰਦੀ ਤਾਂ ਤੈਨੂੰ ਪਤਾ ਲੱਗਦਾ ਕਿ ਇਹ ਵੀ ਡਰ ਦੀ ਹੀ ਇੱਕ ਮੈਨੀਫ਼ੈਸਟੇਸ਼ਨ ਹੁੰਦੀ ਏ। ਉਂਜ ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਲੜਨਾ ਹੀ ਸੀ, ਬਚਾਅ ਕਰਨਾ ਹੀ ਸੀ ਕਿਸੇ ਹੋਰ ਥਾਂ ਤੋਂ ਕਰਦੇ, ਹਰਿਮੰਦਰ ਸਾਹਿਬ ਵਿੱਚ ਨਹੀਂ। ਪਰ ਫੇਰ ਵੀ, ਇਸ ਤਰ੍ਹਾਂ ਫੌਜ ਦਾ ਹਮਲਾ! ਜਿਵੇਂ ਕਿਸੇ ਦੂਜੇ ਮੁਲਕ ‘ਤੇ ਚੜ੍ਹਾਈ ਕੀਤੀ ਹੋਵੇ। ਹਨ੍ਹੇਰ ਐ ਨਾ, ਕਿ ਅੰਦਰ ਜਿੰਨੇ ਵੀ ਬੰਦੇ ਸਨ, ਸਭ ਨੂੰ ਮਾਰ ਸੁੱਟਿਆ !”

“ਪਰ ਤੈਨੂੰ ਪਤਾ ਏ ਕਿ ਅੰਦਰੋਂ, ਸਰੋਵਰ ਵਿੱਚੋਂ ਮਣਾਂ ਦੇ ਮਣ ਸੋਨੇ ਦੇ ਗਹਿਣੇ ਮਿਲੇ ਨੇ। ਐਹ ਜਿਹੜਾ ਕਰੋਲ ਬਾਗ਼ ਡਾਕਾ ਪਿਆ ਸੀ ਨਾ, ਉਹ ਗਹਿਣੇ ਵੀ ਉਥੋਂ ਹੀ ਲੱਭੇ ਨੇ।”

“ਅੱਛਾ, ਨਾਂ ਲਿਖਿਆ ਹੋਇਆ ਸੀ ਉਨ੍ਹਾਂ ਉੱਤੇ ਕਰੋਲ ਬਾਗ਼ ਵਾਲਿਆਂ ਦਾ? ਤੇ ਨਾਲੇ ਤੂੰ ਜਾ ਕੇ ਸਰੋਵਰ ਵਿੱਚੋਂ ਨਿਕਲਦੇ ਗਹਿਣੇ ਤੱਕ ਆਈ ਏਂ?” ਮੈਨੂੰ ਬਹੁਤ ਗੁੱਸਾ ਆ ਗਿਆ।

“ਮੇਰੇ ਨਾਲ ਕਾਹਨੂੰ ਲੜਨੀ ਏਂ ਟੀ.ਵੀ. ‘ਤੇ, ਰੇਡੀਓ ‘ਤੇ, ਅਖਬਾਰਾਂ ਵਿੱਚ, ਸਭ ਥਾਂ ਤੇ ਇਹੀ ਖ਼ਬਰਾਂ ਨੇ।”

ਕਿਉਂ ਨਾ ਹੋਣ। ਟੀ.ਵੀ. ‘ਤੇ, ਰੇਡੀਓ ‘ਤੇ, ਅਖ਼ਬਾਰਾਂ ਵਿੱਚ, ਸਭ ਥਾਂ ਤੇ ਇਹੀ ਖ਼ਬਰਾਂ ਨੇ।”

ਕਿਉਂ ਨਾ ਹੋਣ। ਟੀ.ਵੀ. ਤੇ ਰੇਡੀਓ ਸਰਕਾਰੀ ਅਖ਼ਬਾਰਾਂ ਉਨ੍ਹਾਂ ਲੋਕਾਂ ਦੀਆਂ ਜਿੰਨ੍ਹਾਂ ਨੇ ਹਰ ਦੂਜੇ ਦਿਨ ਸਰਕਾਰ ਕੋਲੋਂ ਲਾਇਸੈਂਸ ਲੈਣੇ ਹੁੰਦੇ ਨੇ, ਵੱਡੇ ਇੰਡਸਟਰੀਲਿਸਟ ਜਿਨ੍ਹਾਂ ਨੇ ਸਰਕਾਰ ਦੀ ਹੀ ਤੂਤੀ ਵਜਾਉਂਣੀ ਹੋਈ।”

ਉਹ ਤਾਂ ਚੁੱਪ ਹੋ ਗਈ ਪਰ ਮੈਨੂੰ ਤੀਹਾਂ ਸਾਲਾਂ ਵਿਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਤੋਸ਼ ਹਿੰਦੂ ਸੀ ਤੇ ਮੈਂ ਸਿੱਖ, ਏਸੇ ਕਰਕੇ ਅਸੀਂ ਦੋਵੇਂ ਵੱਖਰੋ-ਵੱਖਰੀ ਸੋਚ-ਸੋਚ ਰਹੀਆਂ ਸਾਂ।

ਇਹ ਕੀ ਕਰ ਦਿੱਤਾ ਵੋਟਾਂ ਦੇ ਮੰਗਤਿਆਂ ਨੇ? ਕਿਹੋ ਜਿਹੀ ਸ਼ਤਰੰਜ ਖੇਡੀ ਇਹ, ਕਿ ਚੌਪੜ ਹੀ ਵਿਚਕਾਰੋਂ ਟੁੱਟ ਗਈ।

ਪੰਜਾਬੀ ਮਨਾਂ ਵਿੱਚ ਇਹ ਲਕੀਰ ਪਾ ਦੇਣ ਦਾ ਗੁਨਾਹ ਕੋਈ ਵੀ ਇਤਿਹਾਸ ਮੁਆਫ ਨਹੀਂ ਕਰੇਗਾ ਇਹਨਾਂ ਨੂੰ।

ਟੈਲੀਵਿਯਨ ‘ਤੇ ਰੇਡੀਓ ‘ਤੇ, ਹਰ ਰੋਜ਼ ਸਰਕਾਰ ਆਪਣੀ ਫੌਜੀ ਕਾਰਵਾਈ ਨੂੰ ‘ਜਸਟੀਫਾਈ’ ਕਰਨ ਵਿੱਚ ਰੁੱਝੀ ਹੋਈ ਸੀ। ਤੇ ਇਹ ਸਾਬਤ ਕਰਨ ਲਈ ਟਿੱਲ ਲਾ ਰਹੀ ਸੀ ਕਿ ਹਰਿਮੰਦਰ ਸਾਹਿਬ ‘ਤੇ ਕੋਈ ਗੋਲੀ ਨਹੀਂ ਸੀ ਚਲਾਈ ਗਈ।

ਅਕਾਲ ਤਖਤ? ਬਕੌਲ ਸਰਕਾਰ ਦੇ, ਅਕਾਲ ਤਖ਼ਤ ਵਿੱਚ ਤਾਂ ਮੋਰਚੇ ਲੱਗੇ ਹੋਏ ਸਨ । ਕੰਧਾਂ ਨੂੰ ਪਾੜਕੇ ਮਸ਼ੀਨ ਗੰਨਾਂ ਤੇ ਤੋਪਾਂ ਬੀੜੀਆਂ ਹੋਈਆਂ ਸਨ। ਬਾਰੂਦ ਫਟ ਗਿਆ ਇਮਾਰਤ ਢਹਿ ਪਈ।

ਪਰ ਫ਼ੌਜੀ ਕਾਰਵਾਈ ਕਰਨ ਵਾਲਿਆਂ ਵਿੱਚੋਂ ਵੀ ਦੋ ਚਾਰ ਤਾਂ ਅਜਿਹੇ ਹੋਣਗੇ ਹੀ ਜਿੰਨਾਂ ਦਾ ਕਲੇਜਾ ਮੌਤ ਦੇ ਏਨੇ ਭਿਆਨਕ ਤਾਂਡਵ ਨੂੰ ਤੱਕ ਕੇ ਕੰਬ ਗਿਆ ਹੋਵੇਗਾ ਉਨ੍ਹਾਂ ਵਿੱਚੋਂ ਹੀ ਕਿਸੇ ਅਫ਼ਸਰ ਨੇ ਖ਼ੁਸਵੰਤ ਨੂੰ ਦੱਸਿਆ ਏ ਕਿ ਅਕਾਲ ਤਖ਼ਤ ਦੀ ਛੱਤ ਨੂੰ ਤਾਂ ਦੂਰੋਂ ਹੀ ਆਰਮਰਡ ਟੈਕਾਂ ਨਾਲ ਉਡਾ ਦਿੱਤਾ ਗਿਆ ਸੀ। ਤੇ ਫੇਰ ਅੰਦਰ ਸ਼ਾਇਦ ਅੱਗ ਲੱਗ ਗਈ ਸੀ। ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸੇਵਕ, ਜਿੰਨੇ ਵੀ ਅੰਦਰ ਸਨ ਬਾਹਰ ਨਿਕਲ ਆਏ। ਜਿਹੜੀ ਵੀ ਲੜਾਈ ਹੋਈ ਉਹ ਅਕਾਲ ਤਖ਼ਤ ਦੇ ਸਾਹਮਣੇ, ਬਾਹਰ ਖੁੱਲੀ ਪਰਿਕਰਮਾਂ ਵਿੱਚ ਹੋਈ। ਪਹਿਲੋ ਪਹਿਲ ਮਰਨ ਵਾਲਿਆਂ ਵਿੱਚ ਸੰਤ ਭਿੰਡਰਾਂਵਾਲੇ ਵੀ ਸਨ।

ਉਹਨੇ ਇਹ ਵੀ ਦੱਸਿਆ ਏ ਕਿ ਸਾਰੇ ਜਣੇ ਸ਼ਬਦ ਗਾਉਂਦੇ ਹੋਏ ਸ਼ਹੀਦ ਹੋਏ। ਹਾਂ ਦੋਸਤੋ, ਇਸ ਤਰ੍ਹਾਂ ਮਰਦਾਂ ਵਾਂਗੂੰ, ਮੌਤ ਦਾ ਮਖੌਲ ਉਡਾਉਂਦਿਆਂ ਹੋਇਆਂ ਤੇ ਟੈਕਾਂ ਦੇ ਗੋਲਿਆਂ ਦੀ ਵਾਛੜ ਦੇ ਸਾਹਮਣੇ ਸ਼ਬਦ ਗਾਉਂਦਿਆਂ ਹੋਇਆਂ ਮਰਨ ਵਾਲਿਆਂ ਨੂੰ ਸ਼ਹੀਦ ਹੀ ਆਖਿਆ ਜਾਂਦਾ ਏ।

ਤੇ ਅਸੀਂ ਸਾਰੇ ਅਮਨ-ਪਸੰਦ ਲੋਕ ਜਿਹੜੇ ਸਦਾ ਸੰਤ ਭਿੰਡਰਾਂਵਾਲੇ ਦੇ ਖਿਲਾਫ਼ ਬੋਲਦੇ ਰਹੇ ਸਾਂ ਤੇ ਪੰਜਾਬ ਵਿੱਚ ਹੋਣ ਵਾਲੇ ਹਰ ਬੇ-ਬੁਨਿਆਦੀ ਕਤਲ ਨੂੰ ਨਿੰਦਦੇ ਰਹੇ ਸਾਂ, ਉਹ ਵੀ ਟੈਂਕਾਂ ਦੇ ਸਾਹਮਣੇ ਮਰਨ ਵਾਲੇ ਇਨ੍ਹਾਂ ਲੋਕਾਂ ਦੀ ਮੌਤ ਦੇ ਸਾਹਮਣੇ ਅੱਜ ਖਾਮੋਸ਼ ਖੜ੍ਹੇ ਰਹਿਣ ਲਈ ਮਜ਼ਬੂਰ ਹਾਂ। ਜੇ ਇਹ ਲੋਕ ਕਾਤਲ ਸਨ, ਮੁਜ਼ਰਮ ਸਨ ਤਾਂ ਇਹਨਾਂ ਨੂੰ ਪਹਿਲਾਂ ਕਾਤਲ ਬਣਾਉਣ ਦੀ ਜ਼ਿੰਮੇਵਾਰੀ ਵੀ ਹਕੂਮਤ ਦੀ ਹੀ ਏ। ਇਹਨਾਂ ਨੂੰ ਹਰਿਮੰਦਰ ਸਾਹਿਬ ਪੁਚਾਉਣਾ ਵੀ ਇਸੇ ਸਾਜਿਸ਼ ਦਾ ਹੀ ਇੱਕ ਹਿੱਸਾ ਸੀ। ਬੜੇ ਤਾਮ-ਝਾਮ ਨਾਲ ਤੇ ਤੂਤੀਆਂ ਨਗਾਰਿਆਂ ਨਾਲ ਸੰਤ ਭਿੰਡਰਾਂਵਾਲੇ ਨੂੰ ਫੜ ਕੇ ਮਗਰੋਂ ਰਿਹਾ ਕਰ ਦੇਣਾ ਵੀ ਇਸੇ ਸਾਜਿਸ਼ ਦਾ ਹੀ ਇੱਕ ਹਿੱਸਾ ਸੀ। ਮਗਰੋਂ ਘੱਟੋ-ਘੱਟ ਡੇਢ ਸਾਲ ਦੇ ਦੌਰਾਨ ਉਹਨੂੰ ‘ਅਰੈਸਟ’ ਨਾ ਕਰਨਾ, ਤੇ ਹਾਲਾਤ ਨੂੰ ਇਸ ‘ਕਲਾਈਮੈਕਸ’ ‘ਤੇ ਪੁਚਾ ਦੇਣਾ, ਇਹ ਸਭ ਇੱਕ ਬਹੁਤ ਗਹਿਰੀ ਸਾਜਿਸ਼ ਹੀ ਲੱਗ ਰਹੀ ਏ। ਤੇ ਖ਼ੁਦ ਹਕੂਮਤ, ਯਾਨੀ ਇੰਦਰਾ ਗਾਂਧੀ, ਮੁਲਕ ਨੂੰ ਬਚਾਉਣ ਵਾਲੀ ਹੀਰੋਇਨ ਸਾਖ਼ਸ਼ਾਤ रेटी !

“ਪਰ ਸਤਿੰਦਰ ਤਾਂ ਕਹਿੰਦਾ ਸੀ ਕਿ ਲੜਾਈ ਦੋ ਦਿਨ ਤੇ ਦੋ ਰਾਤਾਂ ਹੁੰਦੀ ਰਹੀ !”

“ਉਹ ਤਾਂ ਤਿੰਨਾਂ ਦਿਨਾਂ ਮਗਰੋਂ ਜਦੋਂ ਗਿਆਨੀ ਜ਼ੈਲ ਸਿੰਘ ਓਥੇ ਗਏ, ਗੋਲੀਆਂ ਦੀਆਂ ਅਵਾਜ਼ਾਂ ਉਦੋਂ ਵੀ ਆ ਰਹੀਆਂ ਸਨ। ਅਸਾਂ ਸਾਰਿਆਂ ਨੇ ਸੁਣੀਆਂ ਸਨ ਟੈਲੀਵੀਜ਼ਨ ‘ਤੇ ਉਹ ਆਵਾਜ਼ਾਂ।”

“ਹਾਂ, ਸੁਣੀਆਂ ਸਨ।”

“ਸਾਰੀ ਪਰਿਕਰਮਾ ਦੇ ਹੇਠਾਂ ਰਿਹਾਇਸ਼ੀ ਤਹਿਖ਼ਾਨੇ ਨੇ। ਉਹਨਾਂ ਵਿੱਚ ਸੈਂਕੜੇ ਬੰਦੇ ਸਨ। ਸ਼ਾਇਦ ਹਜ਼ਾਰ, ਡੇਢ ਹਜ਼ਾਰ ਜਾਂ ਵਧੇਰੇ। ਉਹ ਆਲ੍ਹਿਆਂ ਝਰੋਖਿਆਂ ਵਿੱਚੋਂ ਗੋਲੀਆਂ ਚਲਾ ਰਹੇ ਸਨ। ਮਗਰੋਂ ਉਨ੍ਹਾਂ ਤਹਿਖਾਨਿਆਂ ਨੂੰ ਬਲਾਸਟ ਕਰ ਦਿੱਤਾ ਫੌਜ ਨੇ। ਪਰਿਕਰਮਾਂ ਵਿੱਚ ਤੁਰਦਿਆਂ ਅਜੇ ਵੀ ਬੋਅ ਆਉਂਦੀ ਏ।”

ਮੈਂ ਕੰਬ ਜਾਂਦੀ ਹਾਂ। ਮਲਬੇ ਹੇਠਾਂ ਸੜ ਰਹੀਆਂ ਲਾਸ਼ਾਂ ਦੇ ਉੱਤੇ ਤੁਰਨਾ!

ਯਾ ਖੁਦਾਇਆ !

ਮਦਨ ਗੋਪਾਲ ਹੁਣੇ ਅੰਮ੍ਰਿਤਸਰ ਤੋਂ ਆਇਆ ਏ। ਕਹਿੰਦਾ ਏ, ਜਿੰਨ੍ਹਾਂ ਸਫਾਈ ਵਾਲਿਆਂ ਨੇ ਲਾਸ਼ਾਂ ਨੂੰ ਚੁੱਕਿਆ ਸੀ ਪਰਿਕਰਮਾਂ ਵਿਚੋਂ, ਉਹਨਾਂ ‘ਚੋਂ ਦੋ ਨੂੰ ਮਿਲ ਕੇ ਆਇਆਂ। ਕਹਿੰਦੇ ਸਨ, ਏਨੀਆਂ ਲਾਸ਼ਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਤੱਕੀਆਂ। ਫੌਜ ਵਾਲੇ ਕਹਿੰਦੇ ਸਨ, ਜਿੰਨੀ ਮਰਜੀ ਏ ਸ਼ਰਾਬ ਪੀਓ, ਪਰ ਲਾਸ਼ਾਂ ਚੁੱਕ ਕੇ ਟਰੱਕਾਂ ਵਿੱਚ ਲੱਦ ਦਿਓ। ਸ਼ਰਾਬ ਤੋਂ ਬਿਨ੍ਹਾਂ ਏਨਾ ਲਹੂ ਤੇ ਏਨੀ ਮੌਤ ਝੱਲਣੀ ਹੀ ਨਾਮੁਮਕਿਨ ਹੁੰਦੀ ਏ।”

ਉਹ ਕਹਿੰਦਾ ਏ, “ਹਰਿਮੰਦਰ ਸਾਹਿਬ ‘ਤੇ ਚਾਰ ਸੌ ਬਾਹਟ ਨਿਸ਼ਾਨ ਨੇ ਗੋਲੀਆਂ ਦੇ। ਦਰਬਾਰ ਸਾਹਿਬ ‘ਤੇ ਚਾਰ ਬੰਦੇ ਮਰੇ, ਤੇ ਉਤਲੀ ਛੱਤੇ ਪਈ ਇਕ ਬੀੜ ਵੀ ਸੜ ਗਈ।”

“ਕਿੰਨੇ ਕੁ ਬੰਦੇ ਮਰੇ ਹੋਣਗੇ?”

ਕਹਿੰਦਾ ਹੈ “ਕੋਈ ਅੰਦਾਜ਼ਾ ਨਹੀਂ, ਪਰ ਹਜ਼ਾਰਾਂ ਹੀ। ਐਕਸੀਟਰੀਮਿਸਟ ਤਾਂ ਮਸਾਂ ਦੋ ਢਾਈ ਸੌ ਹੀ ਹੋਣਗੇ ਉਹਨਾਂ ‘ਚੋਂ। ਇਹੀ ਅੰਦਾਜ਼ਾ ਏ। ਕਿਉਂਕਿ ਕੁਝ ਪਿਛਲੇ ਪਾਸੇ ਬਣੇ ਘਰਾਂ ਦੀਆਂ ਛੱਤਾਂ ਤੋਂ ਟੱਪ ਕੇ ਭੱਜ ਵੀ ਗਏ ਸਨ।”

“ਪਰ ਬਹੁਤੇ ਬੰਦੇ ਜਿਹੜੇ ਮਰੇ, ਉਹ ਵਿਚਾਰੇ ਪਿੰਡਾਂ ਵਿੱਚੋਂ ਗੁਰਪੁਰਬ ਮਨਾਉਣ ਆਏ ਹੋਏ ਸਨ, ਬੀਵੀਆਂ ਬੱਚਿਆਂ ਨੂੰ ਨਾਲ ਲੈ ਕੇ।”

“ਪਰ ਸਰਕਾਰ ਤਾਂ ਕਹਿੰਦੀ ਐ ਕਿ ਫੌਜ ਨੇ ਪਹਿਲੋਂ ਲਾਉਡਸਪੀਕਰਾਂ ‘ਤੇ ਐਲਾਨ ਕੀਤਾ ਸੀ ਕਿ ਬਾਹਰ ਆ ਜਾਓ।”

“ਹਾਂ, ਦਰਬਾਰ ਸਾਹਿਬ ਦੇ ਅਟੈਕ ਵੇਲੇ ਤਾਂ ਐਲਾਨ ਕੀਤਾ ਹੀ ਸੀ, ਭਾਵੇਂ ਦੂਜਿਆਂ ਥਾਵਾਂ ‘ਤੇ ਗੁਰਦੁਆਰਿਆਂ ਉੱਤੇ ਬਿਨ੍ਹਾਂ ਕਿਸੇ ਐਲਾਨ ਦੇ ਹਮਲੇ ਹੋਏ।”

ਅਜੇ ਪਰਸੋਂ ਹੀ ਤਾਂ ਅਨੂਪ ਦੀ ਭੈਣ ਦੱਸ ਰਹੀ ਸੀ ਦੁਖਨਿਵਾਰਣ ਸਾਹਿਬ ਦੇ ਬਾਰੇ। ਪਟਿਆਲੇ ਵਿੱਚ ਇਸ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਉਹਨਾਂ ਦਾ ਘਰ ਹੈ। ਕਹਿਣ ਲੱਗੀ, “ਗੁਰਪੂਰਬ ਸੀ ਨਾ। ਪਿੰਡਾਂ ਵਿੱਚੋਂ ਹਜ਼ਾਰਾਂ ਲੋਕ ਆਏ ਹੋਏ ਸਨ। ਬਹੁਤ ਲੋਕ ਜਿਹੜੇ ਵਾਪਸ ਨਹੀਂ ਜਾਂਦੇ ਸ਼ਾਮ ਨੂੰ ਉੱਥੇ ਹੀ ਲੰਗਰ ‘ਚੋਂ ਰੋਟੀ ਖਾ ਕੇ ਸੌ ਜਾਂਦੇ ਨੇ, ਇਹ ਸੋਚ ਕੇ ਕਿ ਸਵੇਰ ਦਾ ਕੀਰਤਨ ਸੁਣ ਕੇ ਵਾਪਸ ਮੁੜ ਜਾਵਾਂਗੇ ਘਰਾਂ ਨੂੰ। ਅਸੀਂ ਘਬਰਾ ਕੇ ਬੱਤੀ ਜਗਾਈ, ਬਿਜਲੀ ਨਹੀਂ ਸੀ। ਟੈਲੀਫੋਨ ਵੇਖਿਆ ਡੈੱਡ ਸੀ। ਪੂਰੇ ਇਲਾਕੇ ਦੀ ਬਿਜਲੀ ਤੇ ਟੈਲੀਫੋਨ ਡੈੱਡ ਕਰਕੇ ਫੌਜ ਨੇ ਗੁਰਦੁਆਰੇ ‘ਤੇ ਹਮਲਾ ਕੀਤਾ। ਇੱਕ ਵੀ ਗੋਲੀ ਅੰਦਰੋਂ ਬਾਹਰ ਨਹੀਂ ਆਈ। ਆਉਣੀ ਵੀ ਕਿਸ ਤਰ੍ਹਾਂ ਸੀ। ਲੋਕੀਂ ਘਬਰਾਏ ਹੋਏ ਇੱਧਰ-ਓਧਰ ਦੌੜਦੇ ਸਨ। ਚੀਕਾਂ, ਸ਼ੋਰ ਤੇ ਗੋਲੀਆਂ ਦੀ ਦਰਦਨਾਹਟ। ਮਗਰੋਂ ਉਨ੍ਹਾਂ ਨੇ ਕਈ ਟਰੱਕ ਲਾਸ਼ਾਂ ਦੇ ਲੱਦੇ। ਸਾਡੇ ਸਾਹਮਣੇ। ਅਸੀਂ ਅੰਦਰੋਂ ਸ਼ੀਸ਼ਿਆਂ ਨਾਲ ਅੱਖਾਂ ਜੋੜ ਕੇ ਤੱਕ ਰਹੇ ਸਾਂ, ਤੇ ਕੰਬ ਰਹੇ ਸਾਂ। ਏਨਾ ਭਿਆਨਕ ਦ੍ਰਿਸ਼। ਬੋਰੀਆਂ ਵਾਂਗੂੰ ਭੁਆ-ਭੁਆ ਕੇ ਲਾਸ਼ਾਂ ਨੂੰ ਟਰੱਕਾਂ ਵਿੱਚ ਸੁੱਟਿਆ ਜਾ ਰਿਹਾ ਸੀ।… ਹਨੇਰਾ ਸੀ, ਸ਼ੋਰ ਸੀ, ਪਰਲੋ ਸੀ। ਤੜਫ਼-ਤੜਫ਼ ਉਸ ਤੋਂ ਮਗਰੋਂ ਅਸੀਂ ਬੱਸ ਦੋ ਦਿਨ ਕੱਢੇ ਨੇ। ਕਰਫਿਊ ਸੀ ਨਾ। ਰਤਾ ਕੁ ਢਿੱਲਾ ਹੋਇਆ ਏ ਤਾਂ ਦਿੱਲੀ ਆ ਗਏ ਹਾਂ। ਓਥੇ ਤਾਂ ਰੋਟੀ ਦੀ ਗਰਾਹੀ ਸੰਘ ਵਿੱਚ ਅੜ ਜਾਂਦੀ ਸੀ। ਰਾਤੀਂ ਨੀਂਦਰ ਨਹੀਂ ਸੀ ਆਉਂਦੀ, ਆ ਵੀ ਜਾਵੇ ਤਾਂ ਗੋਲੀਆਂ ਦੀ ਦਰਦਨਾਹਟ ਸੁਣਾਈ ਦੇਂਦੀ ਸੀ।”

ਮੈਂ ਮਦਨ ਗੋਪਾਲ ਤੋਂ ਪੁਛਦੀ ਹਾਂ, “ਫੇਰ ਕਿਉਂ ਨਹੀਂ ਚਲੇ ਆਏ ਉਹ ਲੋਕ?”

“ਪੇਂਡੂ ਬੰਦੇ। ਸਿੱਧੇ ਸਾਦੇ। ਸੋਚਿਆ, ਬਾਹਰ ਫੌਜ ਏ, ਬਾਲ ਬੱਚਿਆਂ ਨਾਲ ਬਾਹਰ ਨਿਕਲੇ ਤਾਂ ਫੜ ਲੈਣਗੇ ਉਹ। ਏਥੇ ਤਾਂ ਗੁਰੂ ਰਾਮਦਾਸ ਦਾ ਘਰ ਐ, ਏਥੇ ਕਿਹੜੀ ਆਫਤ ਆ ਸਕਦੀ ਏ?”

ਸਕੂਟਰ ਵਿੱਚ ਬੈਠੀ ਹਾਂ। ਸਕੂਟਰ ਡਰਾਈਵਰ ਸਿੱਖ ਮੁੰਡਾ ਏ। ਮੈਂ ਗੱਲਾਂ ਕਰਨ ਲੱਗ ਪੈਂਦੀ ਹਾਂ, “ਕਾਕਾ ਕਿੱਥੋਂ ਦੇ ਰਹਿਣ ਵਾਲੇ ਓ?” “ਬਾਬਾ ਬਕਾਲੇ ਦੇ त्ती!”

“ਐਹ ਅੰਮ੍ਰਿਤਸਰ ਵਿਚ ਜੋ ਹੋਇਆ, ਉਹਦਾ ਪਤਾ ਏ? ਖ਼ਬਰਾਂ ਸੁਣਦੇ ਸਾਓ?”

“ਪਤਾ ਕਿਉਂ ਨਹੀਂ ਜੀ? ਸਾਡੇ ਘਰ ਤਾਂ ਦੋ ਦਿਹਾੜੀ ਤਾਂ ਰੋਟੀ ਨਹੀਂ ਸੀ ਪੱਕੀ। ਮਾਂ ਮੇਰੀ ਤਾਂ ਅਜੇ ਵੀ ਰੋਂਦੀ ਰਹਿੰਦੀ ਐ। ਸਵੇਰੇ ਪਾਠ ਕਰਕੇ ਅਰਦਾਸ ਕਰਨ ਵੇਲੇ ਬਾਪੂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸ਼ਹੀਦਾਂ ਦਾ ਨਾਂ ਵੀ ਲੈਂਦਾ ਏ। ਇਹ ਬਚਣਗੇ ਨਹੀਂ ਜੀ, ਇਹ ਜਿਨ੍ਹਾਂ ਨੇ ਏਡਾ ਜ਼ੁਲਮ ਕਮਾਇਆ ਏ…।” ਤੇ ਉਹ ਗੁੱਸੇ ਨਾਲ, ਰੋਹ ਨਾਲ ਭਰਿਆ ਹੋਇਆ ਬੋਲੀ ਜਾ ਰਿਹਾ ਏ।

“ਪਰ ਹੁਣ ਹੋਏਗਾ ਕੀ?”-ਉਹ ਪੁਛਦਾ ਏ।

“ਪਤਾ ਨਹੀਂ, “ਮੈਂ ਕਹਿੰਦੀ ਹਾਂ। ਤੇ ਸੱਚ ਕਹਿ ਰਹੀ ਹਾਂ ਮੈਂ, ਕੁਝ ਪਤਾ ਨਹੀਂ ਕੀ ਹੋਏਗਾ।

ਉਹ ਬੜੇ ਵਿਸ਼ਵਾਸ ਨਾਲ ਕਹਿੰਦਾ ਏ, “ਬੱਸ ਜੀ, ਖਾਲਿਸਤਾਨ ਬਣੇਗਾ ਹੁਣ ਤਾਂ। ਏਨਾ ਲਹੂ ਡੁਲ੍ਹਿਆ ਹੋਇਆ ਐਵੇਂ ਤੇ ਜਾਂਦਾ ਨਹੀਂ।”

ਮੈ ਕੰਬ ਜਾਂਦੀ ਹਾਂ। ਇਹ ਕੀ ਕਰ ਦਿੱਤਾ ਇਸ ਗ੍ਰੀਕ ਟੈਜੇਡੀ ਨੂੰ ਸਟੇਜ ਕਰਨ ਵਾਲਿਆਂ ਨੇ। ਖਾਲਿਸਤਾਨ ਦੀ ਗੱਲ ਤਾਂ ਦੋ ਚਾਰ ਵਿਦੇਸ਼ਾਂ ਵਿੱਚ ਰਹਿ ਰਹੇ ਬੰਦੇ ਹੀ ਕਰਿਆ ਕਰਦੇ ਸਨ ਜਿਨ੍ਹਾਂ ਨੇ ਪ੍ਰੈਸ ਦਾ ਤੇ ਹੋਰਨਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੁੰਦਾ ਸੀ, ਜਾਂ ਖਾਲਿਸਤਾਨ ਦੇ ਨਾਅਰੇ ਥੱਲੇ ਆਪਣੇ ਭਰਾਵਾਂ- ਭਤੀਜਿਆਂ ਨੂੰ ਇੰਗਲੈਂਡ ਜਾਂ ਜਰਮਨੀ ਜਾਂ ਕੈਨੇਡਾ ਮੰਗਵਾਉਣਾ ਹੁੰਦਾ ਸੀ। ਖਾਲਿਸਤਾਨ ਦੀ ਗੱਲ ਕਿਸੇ ਵੀ ਸੋਚ-ਸਮਝ ਵਾਲੇ ਬੰਦੇ ਨੇ ਨਾ ਕਦੇ ਸੋਚੀ ਸੀ, ਨਾ ਕੀਤੀ ਸੀ। ਨਾ ਇਹ 1982 ਤੋਂ ਮੋਰਚਾ ਚਲਾਉਣ ਵਾਲੇ ਅਕਾਲੀਆਂ ਦੀ ਮੰਗ ਸੀ, ਤੇ ਨਾ ਹੀ ਮਗਰੋਂ ਸੰਤ ਭਿੰਡਰਾਂਵਾਲੇ ਨੇ ਇਹਨੂੰ ਆਪਣਾ ਨਾਹਰਾ ਬਣਾਇਆ ਸੀ।

ਅੱਜ ਇਹ ਕੀ ਹੋ ਗਿਆ?

ਇਹ ਫੱਟੜ ‘ਸਾਇਕੀ’ ਦੀ ਮੰਗ ਹੈ ਜਾਂ ਗੁੱਠੇ ਲਗੀ ‘ਆਈਡੈਂਟਿਟੀ’ ਦੀ? ਮੈਂ ਇਸ ਲਫਜ਼ ਨੂੰ ਅੱਜ-ਕੱਲ੍ਹ ਰੋਜ਼ ਕਈ ਵਾਰੀ ਸੁਣਦੀ ਹਾਂ-ਪੜ੍ਹੇ ਲਿਖੇ ਤੇ ਸਿੱਧੇ ਸਾਦੇ, ਦੋਹਾਂ ਕਿਸਮਾਂ ਦੇ ਬੰਦਿਆਂ ਦੇ ਮੂੰਹੋਂ।

ਇਹ ਗਲਤੀ ਹੋ ਗਈ ਡਰਾਮਾ ਰਚਣ ਵਾਲਿਆਂ ਤੋਂ। ਉਹਨਾਂ ਨੇ ਤਾਂ ਸਿੱਧਾ ਸਾਦਾ ਵੋਟਾਂ ਦਾ ਡਰਾਮਾ ਖੇਡਿਆ ਸੀ, ਜਿਸ ਦੀ ਮਾਨਸਿਕਤਾ ਤੇ ‘ਸਾਈਕਾਲੋਜੀ ਮੇਰੇ ਵਰਗੇ ਗੈਰ-ਪੁਲੀਟੀਕਲ ਬੰਦੇ ਨੂੰ ਵੀ ਸਮਝ ਆਉਂਦੀ ਪਈ ਏ। ਜਿਸ ਤਰ੍ਹਾਂ ਮਾਰਗਰੇਟ ਥੈਚਰ ਨੇ ਫਾਕਲੈਂਡ ਦਾ ਡਰਾਮਾ ਕੀਤਾ ਸੀ ਤੇ ਦੂਜੀ ਵਾਰੀ ਪਰਾਈਮ ਮਨਿਸਟਰਸ਼ਿਪ ਜਿੱਤ ਲਈ, ਜਿਸ ਤਰ੍ਹਾਂ ਰੀਗਨ ਨੇ ਗਰੇਨੇਡਾ ਦਾ ਡਰਾਮਾ ਕੀਤਾ, ਜਿਸ ਤਰ੍ਹਾਂ ਖੁਦ ਇੰਦਰਾ ਗਾਂਧੀ ਨੇ ਹੀ ਬੰਗਲਾਦੇਸ਼ ਦਾ ਡਰਾਮਾ ਕੀਤਾ ਸੀ, ਉਸੇ ਤਰ੍ਹਾਂ ਦਾ ਡਰਾਮਾ ਇਹ ਵੀ ਸੀ ਕਿਉਂਕਿ ਇਲੈਕਸ਼ਨਾਂ ਬੱਸ ਔਹ ਮੋੜ ‘ਤੇ ਖਲੋਤੀਆਂ ਨੇ। ਉਂਝ ਸੋਚਿਆ ਜਾਵੇ ਤਾਂ ਅਕਾਲੀ ਪਾਰਟੀ ਨੇ ਵੀ ਮੋਰਚਾ ਸ਼ੁਰੂ ਕਰਨ ਲੱਗਿਆ ਤਾਂ ਈਲੈਕਸ਼ਨਾਂ ਦੀ ਗੱਲ ਸੋਚਣੀ ਹੀ ਏ। ਲੋਕ? ਜਨਤਾ? ਉਹ ਕੀ ਚੀਜ਼ ਏ! ਉਹ ਤਾਂ ਸਿਰਫ ਵੋਟਾਂ ਦੀ ਗਿਣਤੀ ਨੇ, ਜਾਂ ਝਗੜੇ-ਫਸਾਦਾਂ ਦੀ ਤੇ ਜੰਗਾਂ ਦੀ ਭੱਠੀ ਵਿੱਚ ਬਲਣ ਵਾਲਾ ਬਾਲਣ ! ਫੇਰ ਇੰਦਰਾ ਗਾਂਧੀ ਨੇ ਤਾਂ 1977 ਦੀ ਭਿਆਨਕ ਹਾਰ ਵੇਖੀ ਹੋਈ ਏ ਤੇ ਉਸ ਤੋਂ ਮਗਰੋਂ, ਮੁੜ ਕੇ ਪਾਵਰ ਵਿੱਚ ਆ ਜਾਣ ਮਗਰੋਂ ਵੀ, ਦੱਖਣ ਭਾਰਤ ਵਿਚ ਹੋਈ ਜ਼ਬਰਦਸਤ ਹਾਰ ਦੇ ਉਹਦੇ ਜ਼ਖਮ ਅਜੇ ਅੱਲੇ ਨੇ। ਇਲੈਕਸ਼ਨਾਂ ਵਾਸਤੇ ਕਿਸੇ ਇਹੋ ਜਿਹੇ ਡਰਾਮੇ ਦੀ ਲੋੜ ਸੀ ਹਕੂਮਤ ਨੂੰ। ਇਸ ਕਰਕੇ ਪਿਛਲੇ ਦੋ ਸਾਲਾਂ ਤੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸੋਚਿਆ ਗਿਆ। ਜਦੋਂ ਵੀ ਗੱਲਬਾਤ ਸਿਰੇ ਚੜ੍ਹਨ ਲੱਗੀ, ਜਾਂ ਖੁਦ ਕੋਈ ਸਖਤ ਗੱਲ ਕਹਿ ਦਿੱਤੀ ਪਾਰਲੀਮੈਂਟ ਵਿੱਚ ਜਾਂ ਹੋਮ ਮਨਿਸਟਰ ਸੇਠੀ ਕੋਲੋਂ ਅਖਵਾ ਦਿੱਤੀ। ਗੱਲ ਸਿਰੇ ਚੜ੍ਹਦੀ-ਚੜ੍ਹਦੀ ਟੁੱਟ ਗਈ।

ਉਂਜ ਗੱਲ ਵਿੱਚੋਂ ਹੈ ਵੀ ਕੀ ਸੀ। ਅਗਸਤ 1982 ਵਿੱਚ ਜਦੋਂ ਅਕਾਲੀਆਂ ਨੇ ਮੋਰਚਾ ਸ਼ੁਰੂ ਕੀਤਾ ਸੀ ਤਾਂ ਅਸਲੀ ਮੰਗਾਂ ਨਿਰੋਲ ਆਰਥਿਕ ਸਨ। ਧਾਰਮਕ ਮੰਗਾਂ ਤਾ ਐਵੇਂ ਗੋਟੇ ਵਾਂਗੂੰ ਨਾਲ ਟਾਂਕੀਆਂ ਹੋਈਆਂ ਸਨ। ਉਹ ਮੰਨ ਵੀ ਲਈਆਂ ਗਈਆਂ। ਪਰ ਆਰਥਕ ਮੰਗਾਂ, ਜਿਹੜੀਆਂ ਸਮੁੱਚੇ ਪੰਜਾਬੀਆਂ ਲਈ ਸਨ, ਹਿੰਦੂਆਂ ਤੇ ਸਿੱਖਾਂ ਦੋਹਾਂ ਲਈ,ਯਾਨੀ ਚੰਡੀਗੜ੍ਹ ਦੀ ਮੰਗ, ਪਾਣੀ ਦੀ ਮੰਗ ਤੇ ਪੰਜਾਬੀ ਬੋਲਣ ਵਾਲੇ ਇਲਾਕਿਆਂ ਦੀ ਬੋਲੀ ਦੇ ਆਧਾਰ ‘ਤੇ ਜਾਂਚ-ਪੜਤਾਲ ਦੀ ਮੰਗ। ਇਹਨਾਂ ਵਿੱਚੋਂ ਪੰਜਾਬੀ ਬੋਲਣ ਵਾਲੇ ਇਲਾਕਿਆਂ ਬਾਰੇ ਤੇ ਦਰਿਆਵਾਂ ਦੇ ਪਾਣੀ ਬਾਰੇ, ਦੋਵੇਂ ਮਸਲੇ ਟ੍ਰਿਬਿਊਨਲ ਨੂੰ ਦੇਣ ਲਈ ਅਕਾਲੀ ਮੰਨ ਗਏ ਸਨ।

ਬਾਕੀ ਰਹੀ ਗੱਲ ਚੰਡੀਗੜ੍ਹ ਦੀ। ਉਹਦੇ ਬਦਲੇ ਉਹ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਪਿੰਡ, ਤੇ ਪੈਸਾ ਵੀ, ਹਰਿਆਣੇ ਨੂੰ ਦੇਣਾ ਮੰਨਦੇ ਸਨ। ਇਹ ਕੀ ਸੀ ਜਿਸ ਨੇ ਏਨੀ ਜਾਇਜ਼ ਮੰਗ ਵਿੱਚ ਵੀ ਅੜਿੱਕਾ ਡਾਹੀ ਰੱਖਣ ਲਈ ਹਕੂਮਤ ਨੂੰ ਉਕਸਾਇਆ?

ਇਹਦੇ ਬਾਰੇ ਸਿਰਫ ਕਿਆਸ ਹੀ ਕੀਤਾ ਜਾ ਸਕਦਾ ਹੈ। (ਉਂਜ ਤਾਂ ਇਹੀ ਕਹਿੰਦੇ ਨੇ ਸਾਰੇ, ਕਿ ਇੰਦਰਾ ਗਾਂਧੀ ਦੇ ਮਨ ਵਿੱਚ ਕੀ ਐ, ਇਹ ਉਹਦੇ ਸਾਹਵਾਂ ਨਾਲ ਉਹਦੇ ਜਿਸਮ ਦੇ ਅੰਦਰ ਜਾਂਦੀ ਹਵਾ ਨੂੰ ਵੀ ਪਤਾ ਨਹੀਂ ਲੱਗਦਾ, ਤੇ ਕੋਲ ਬੈਠੇ ਬੰਦੇ ਨੂੰ ਕੀ ਪਤਾ ਲੱਗੇਗਾ। ਉਹਦੇ ਮਨ ਵਿੱਚ ਬੁਣੇ ਜਾਂਦੇ ਪੇਟੇ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਪਰ ਕਿਆਸ ਤਾਂ ਕੀਤਾ ਹੀ ਜਾ ਸਕਦਾ ਏ। ਨਹੀਂ?)

ਬਹੁਤੇ ਲੋਕਾਂ ਦਾ ਕਿਆਸ ਇਹੀ ਹੈ ਕਿ ਇਹ ਸਾਰੀ ਖੇਡ ਸੋਚੀ-ਸਮਝੀ ਤੇ ਗਿਣੀ- ਮਿੱਥੀ ਹੋਈ ਸੀ। ਇਹ ਗ੍ਰੀਕ ਟੈਜੇਡੀ ਪਹਿਲੋਂ ਹੀ ਬੜੀ ਸੁਆਰ ਕੇ ਜ਼ਿਹਨ ਵਿੱਚ ਲਿਖ ਲਈ ਹੋਈ ਸੀ, ਮਗਰੋਂ ਸਿਰਫ ਸਟੇਜ ਕੀਤੀ ਗਈ। ਹਰ ਗੱਲਬਾਤ ਕਿਸ ਤਰ੍ਹਾਂ ਤੋੜ ਦਿੱਤੀ ਜਾਂਦੀ ਰਹੀ ਇਹਦੇ ਬਾਰੇ ਤੁਸੀਂ ਸਾਰੇ ਹਰਕਿਸ਼ਨ ਸਿੰਘ ਸੁਰਜੀਤ ਦਾ ਆਰਟੀਕਲ ਆਰਸੀ ਵਿੱਚ ਪੜ੍ਹ ਹੀ ਚੁੱਕੇ ਹੋ। ਕੋਈ ਫੈਸਲਾ ਸਿਰੇ ਨਹੀਂ ਚੜ੍ਹਨ ਦਿੱਤਾ ਗਿਆ, ਕਿਉਂਕਿ ਹਕੂਮਤ ਨੂੰ ਇਹ ਪੱਕਾ ਪਤਾ ਸੀ ਕਿ ਇਸ ਤਰ੍ਹਾਂ ਲਮਕਾਈ ਰੱਖਣ ਨਾਲ ਘੱਟੋ ਘੱਟ ਇਹ ਸਮੱਸਿਆ ਤਾਂ ਸੁਲਝੇਗੀ ਨਹੀਂ, ਸਗੋਂ ਹੋਰ ਤੇਜ਼ ਹੋਵੇਗੀ, ‘ਮੋਮੈਂਟਮ’ ਫੜੇਗੀ। ਪਤਾ ਸੀ, ਜਦੋਂ ਐਜੀਟੇਸ਼ਨ ਭਖੀ, ਕੁਝ ਕਤਲ ਹੋਏ, ਹਰਿਮੰਦਰ ਸਾਹਿਬ ਵਿੱਚ ਅਸਲਾ ਜਮ੍ਹਾਂ ਹੋਇਆ, ਹਿੰਦੂਆਂ ਵਿੱਚ ਰੋਸ ਵਧੇਗਾ। ਅਮਨ-ਪਸੰਦ ਅਕਾਲੀ ਲੀਡਰਾਂ ਦੇ ਹੱਥੋਂ ਮੋਰਚੇ ਦੀ ਵਾਗਡੋਰ ਨਿਕਲ ਕੇ ‘ਜੰਗੀ’ ਲੀਡਰਸ਼ਿਪ, ਯਾਨੀ ਸ਼ੁਰੂ ਵਿੱਚ ਕਾਂਗਰਸ ਵਲੋਂ ਭੇਜੇ ਗਏ ਸੰਤ ਭਿੰਡਰਾਂਵਾਲੇ ਦੇ ਹੱਥ ਵਿੱਚ ਆ ਜਾਵੇਗੀ। ਉਦੋਂ ਜਾਂ ਦੋਵੇ ਗਰੁੱਪ ਆਪਸ ਵਿੱਚ ਲੜਨਾ ਸ਼ੁਰੂ ਕਰ ਦੇਣਗੇ, ਤੇ ਫੇਰ ਬੜੀ ਸ਼ਾਨ ਨਾਲ ਫੌਜ ਨੂੰ ਅੰਦਰ ਭੇਜ ਕੇ ਵਾਹ-ਵਾਹ ਖੱਟ ਲਈ ਜਾਵੇਗੀ; ਤੇ ਜੇ ਆਪਸ ਵਿੱਚ ਨਾ ਲੜੇ ਤਾਂ ‘ਬਾਹਰਲੇ ਅਮਨ’ ਦੀ ਖਾਤਰ ਫੌਜੀ ਕਾਰਵਾਈ ਕੀਤੀ ਜਾਵੇਗੀ। ਤੇ ਪੂਰੇ ਹਿੰਦੋਸਤਾਨ ਦੀ ਹਿੰਦੂ ਆਬਾਦੀ ਇਹੀ ਕਹੇਗੀ, ‘ਬਚਾ ਲਿਆ ਇੰਦਰਾ ਗਾਂਧੀ ਨੇ ਮੁਲਕ ਨੂੰ। ਵਰਨਾ।”

ਹਿੰਦੂ ਵੋਟਾਂ ਜੇਬ ਵਿੱਚ! ਅਗਲੀਆਂ ਚੋਣਾਂ ਵਿਚ ਪੱਕੀ ਜਿੱਤ।

ਇਹ ਕਿਹੋ ਜਿਹੀ ਰਾਜਨੀਤੀ ਏ, ਹਕੂਮਤ ਦਾ ਇਹ ਕਿਹੋ ਜਿਹਾ ਨਸ਼ਾ ਏ, ਜਿਹੜਾ ਬੰਦੇ ਨੂੰ ਲਾਸ਼ਾਂ ਦੇ ਉੱਤੋਂ ਦੀ ਤੋਰ ਕੇ ਲੈ ਜਾਂਦਾ ਏ ਤੇ ਉਹਦੀ ਜ਼ਮੀਰ ਖਾਮੋਸ਼ ਰਹਿੰਦੀ ਏ।

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ

ਪ੍ਰਿੰਸੀਪਲ ਸਤਿਬੀਰ ਸਿੰਘ

ਅੰਬਾਲੇ ਜੇਲ੍ਹ ਤੋਂ ਰਿਹਾ ਹੋਣ ਪਿੱਛੋਂ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਸ਼ਾਨ-ਏ-ਪੰਜਾਬ ਤੇ ਸਵਾਰ ਹੋਣ ਲੱਗਾ ਤਾਂ ਪਹਿਲੀ ਗੱਲ ਮੂੰਹੋਂ ਨਿੱਕਲੀ:

“ਕਿੱਥੇ ਹੈ ਪੰਜਾਬ ਦੀ ਸ਼ਾਨ!”

ਇਹ ਤਾਂ ਦਿੱਲੀ ਨੂੰ ਇੱਕ ਅੱਖ ਨਹੀਂ ਭਾਈ। ਇਹ ਆਨ-ਸ਼ਾਨ ਹੀ ਤਾਂ ਦਿੱਲੀ ਦੀ ਅੱਖ ਵਿੱਚ ਤੀਲ੍ਹੇ ਵਾਂਗ ਰੜਕਦੀ ਸੀ। ਜਦ ਅਸੀਂ ਕਹਿੰਦੇ ਸਾਂ, ਗਿਣਤੀ ਤੋਂ ਕਿਤੇ ਵੱਧ ਅਸਾਂ ਕੁਰਬਾਨੀਆਂ ਦੇ ਕੇ ਹਿੰਦੁਸਤਾਨ ਆਜ਼ਾਦ ਕਰਵਾਇਆ ਤਾਂ ਫੱਟ ਇੰਦਰਾ ਗਾਂਧੀ ਕਹਿੰਦੀ ਸੀ ਕਿ ‘ਸਾਡੇ ਯੂ.ਪੀ. ਦੀ ਘਾਲ ਘੱਟ ਨਹੀਂ।

ਅਸੀਂ ਜਦ ਦੱਸਦੇ ਹਾਂ ਕਿ ਹੁਣ ਭੁੱਖੇ ਹਿੰਦੁਸਤਾਨ ਨੂੰ ਅੰਨ ਪਹੁੰਚਾ ਰਹੇ ਹਾਂ ਤਾ ਜੁਆਬ ਮਿਲਦਾ ਹੈ ਕਿ ਪਾਣੀ, ਬਿਜਲੀ ਸਾਡੀ ਕਰ ਕੇ ਇਹ ਚਮਤਕਾਰ ਹੋਇਆ ਹੈ। ਪਾਣੀ, ਬਿਜਲੀ ਖੋਹ ਕੇ ਬੰਜਰ ਬਣਾ ਸਕਦੀ ਹਾਂ, ਇਸ ਪੰਜਾਬ ਨੂੰ। ਅਸੀਂ ਬੋਲਦੇ ਹਾਂ ਕਿ ਪੰਜਾਬ ਹਿੰਦੁਸਤਾਨ ਦੀ ਰੱਖਿਆ ਦੇ ਬਾਜੂ ਹਨ ਤਾਂ ਇਹ ਕਹਿੰਦੀ ਹੈ ਕਿ ਹੁਣ ਜਵਾਨਾਂ ਦੀ ਲੋੜ ਨਹੀਂ, ਜੰਗ ਤਕਨੀਕੀ ਹੋ ਗਈ ਹੈ।

ਮੈਨੂੰ ਯਕਦਮ ਚੇਤਾ ਆਇਆ। 15 ਅਪ੍ਰੈਲ, 1984 ਦੀ ਉਹ ਘਟਨਾ ਜਦ ਮਿਸੇਜ਼ ਫਿਰੋਜ਼ ਗਾਂਧੀ ਚੰਡੀਗੜ੍ਹ ਹਵਾਈ ਅੱਡੇ ‘ਤੇ ਕੁੱਝ ਪਲਾਂ ਲਈ ਰੁਕੀ ਸੀ। ਉਸ ਵੇਲੇ ਦੇ ਗਵਰਨਰ ਪਾਂਡੇ ਨੇ ਸਵਾਗਤ ਕਰਦੇ ਹੋਏ ਚੰਮੇਲੀ ਦੇ ਫੁੱਲਾਂ ਦਾ ਹਾਰ ਪੇਸ਼ ਕੀਤਾ ਤਾਂ ਉਸ ਨਾਲ ਟੁਰਦੇ ਟਾਰਮੈਕ ਤੇ ਗੱਲਾਂ ਕਰਦੇ ਤੋੜ-ਤੋੜ ਹਰ ਫੁੱਲ ਨੂੰ ਮਸਲੀ ਸੁਟੀ ਗਈ:

ਜੋ ਜੀਇ ਹੋਇ ਸੁ ਉਗਵੈ। ਉਹ ਤਾਂ ਸਾਨੂੰ ਕੁੱਚਲਣ ਦੇ ਮਨਸੂਬੇ ਬਣਾ ਚੁੱਕੀ ਸੀ। ਬਾਕੀ ਤਾਂ ਬਾਤਾਂ ਹੀ ਬਾਤਾਂ ਸਨ।

ਦੋ ਜੂਨ ਦੀ ਰਾਤ ਨੂੰ ਟੀ.ਵੀ. ’ਤੇ ਕਹਿ ਰਹਿ ਰਹੀ ਸੀ ਕਿ ਖੂਨ ਨ ਵਗਾਉ, ਨਫ਼ਰਤ ਗਵਾਓ, ਪਰ ਤਿੰਨ ਜੂਨ ਦੀ ਸਵੇਰ ਨੂੰ ਸਾਰੇ ਪੰਜਾਬ ਨੂੰ ਬੰਦੀ ਪਾ, ਸਾਰੇ ਹਿੰਦੁਸਤਾਨ ਵਿੱਚ ਘਿਰਣਾ ਦਾ ਪ੍ਰਚਾਰ ਕਰ, ਦਰਬਾਰ ਸਾਹਿਬ ਖੂਨ ਦੀ ਨਦੀ ਵਗਾਉਣ ਤੁਰ ਪਈ ਸੀ। ਅਸੀਂ ਹੀ ਸਾਂ ਜੋ ਭੁਲੇਖੇ ਵਿੱਚ ਬੈਠੇ ਸਾਂ ਕਿ ਦਰਬਾਰ ਸਾਹਿਬ ਫੌਜਾਂ ਲੈ ਕੇ ਨਹੀਂ ਆਵੇਗੀ। ਸ਼ਰਾਰਤੀਆਂ ਨੇ ਜਦ ਅੰਮ੍ਰਿਤਸਰ ਸਟੇਸ਼ਨ ‘ਤੇ ਸ੍ਰੀ ਦਰਬਾਰ ਸਾਹਿਬ ਦਾ ਸੋਨੇ ਦਾ ਬਣਿਆ ਮਾਡਲ ਤੋੜਿਆ, ਤਾਂ ਭਾਵਨਾ ਸਮਝ ਲੈਣੀ ਚਾਹੀਦੀ ਸੀ ਕਿ ਹਕੂਮਤ ਲਈ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਇਮਾਰਤ ਤੋਂ ਵੱਧ ਕੁੱਝ ਨਹੀਂ, ਤੁਹਾਡੇ ਲਈ ਬੇਸ਼ੱਕ ਇਹ ਖ਼ੁਦਾ ਦਾ ਘਰ ਹੋਵੇ ਜਾਂ ਅਕਾਲ ਦਾ ਤਖ਼ਤ।

ਸ੍ਰੀ ਅੰਮ੍ਰਿਤਸਰ ਪੁੱਜਾ ਤਾਂ ਇੰਜ ਲੱਗੇ ਜਿਵੇਂ ਅਣਪਛਾਤੀ ਨਗਰੀ ਆ ਗਿਆ ਹਾਂ। ਹਰ ਥਾਂ ਮਿਲਟਰੀ, ਥਾਂ ਥਾਂ ਬੰਦੂਕਾਂ, ਸਟੇਨ ਗੰਨਾਂ, ਰਾਈਫ਼ਲਾਂ ਤਣੀਆਂ। ਚੱਪੇ-ਚੱਪੇ ਤੇ ਪਹਿਰਾ ਫੌਜੀਆਂਦੀ ਘੂਰਦੀ ਕੈਰੀ ਅੱਖ। ਜ਼ਰਹ ਬਖ਼ਤਰ ਗੱਡੀਆਂ ਦੀ ਆਵਾਜਾਈ। ਘੁੰਮਦੀਆਂ ਹਰੀਆਂ ਗੱਡੀਆਂ ਦੇਖ ਨਾਮਦੇਵ ਜੀ ਦੀ

ਤੁਕ ਮੂੰਹੋਂ ਨਿਕਲੀ:-

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ।

ਉਫ਼! ਗੁਰੂ ਕੀ ਨਗਰੀ ਹਿੰਦੁਸਤਾਨੀ ਫੌਜ, ਨਿਰੀ ਆਈ ਹੀ ਨਹੀਂ, ਹਮਲਾਵਰ ਹੋਈ। ਜਿਸ ਅੰਮ੍ਰਿਤਸਰ ਵਿੱਚ ਸੰਨ 1733 ਤਕ ਥਾਣਾ ਨਹੀਂ ਸੀ। ਜਿਸ ਅੰਮ੍ਰਿਤਸਰ ਵਿੱਚ ਸੁਖ ਸਹਜ ਸ਼ਾਂਤ ਦੇ ਥਾਟ ਸਨ। ਸ਼ਾਹ ਵਪਾਰੀ ਏਕੈ ਥਾਟ ਸਨ। ਜੋ ਅੰਮਿ੍ਤਸਰ ਸਿਫ਼ਤੀ ਦਾ ਘਰ ਸੀ, ਜਿਸ ਨੂੰ ਪੁਰਖ ਬਿਧਾਤੇ ਆਪ ਬੱਧਾ ਸੀ। ਨਾ ਕਰ ਸੀ, ਨਾ ਜਜ਼ੀਆ। ਸਭ ਅਜ਼ਾਦ। ਅੱਜ ਫੌਜੀ ਬੂਟਾਂ ਹੇਠ ਲਿਤਾੜ ਦਿੱਤਾ ਗਿਆ। ਕੋਈ ਆਜ਼ਾਦੀ ਨਾਲ ਫਿਰ ਨਹੀਂ ਸਕਦਾ। ਕੋਈ ਭਾਸਰ ਨਹੀਂ ਸਕਦਾ। ਕੀ ਕਹਿਰ ਵਰਤਾਇਆ। ਕੈਸੀ ਅਨ੍ਹੇਰੀ ਚੱਲੀ।

ਘੰਟਾ ਘਰ ਪੁੱਜਿਆ, ਇਨਫ਼ਰਮੇਸ਼ਨ ਦਫ਼ਤਰ ਸਮਾਨ ਰੱਖਿਆ ਤਾਂ ਸਰਦਾਰ ਭਾਨ ਸਿੰਘ ਜੀ ਤੇ ਸਰਦਾਰ ਅਬਿਨਾਸ਼ੀ ਸਿੰਘ ਜੀ ਨੂੰ ਉੱਥੇ ਬੈਠਾ ਦੇਖ ਧਾਹ ਮਿਲਿਆ। ਜ਼ੁਬਾਨ ਦਾ ਕੰਮ ਅੱਖਾਂ ਨੇ ਕੀਤਾ। ਵਹਿ ਹੀ ਤੁਰੀਆਂ ਅੱਖਾਂ। ਉਨ੍ਹਾਂ ਅੱਖੀਂ ਡਿੱਠਾ ਸਾਕਾ ਸੀ। ਅਸੀਂ ਤਾਂ ਦੂਜੇ ਤੀਜੇ ਥਾਵੇਂ ਸੁਣਿਆ ਸੀ ਤੇ ਜੀਅ ਨਹੀਂ ਸੀ ਠਹਿਰਦਾ, ਉਨ੍ਹਾਂ ਤਾਂ ਲਾਸ਼ਾ ਦੇ ਢੇਰ ਦੇਖੇ ਸਨ। ਗੁਰਪੁਰੀ ਨੂੰ ਮਾਸਪੁਰੀ ਦੇ ਰੂਪ ਵਿੱਚ ਡਿੱਠਾ ਸੀ।

ਜਦ ਜਾ ਪ੍ਰੀਕਰਮਾ ਦੀ ਇੱਕ ਸਿਲ ‘ਤੇ ਮੱਥਾ ਟੇਕਿਆ, ਧੂੜ ਮੱਥੇ ਲਗਾਉਣ ਲੱਗਾ ਤਾਂ ਲਹੂ ਦਾ ਟਿੱਕਾ ਲੱਗ ਗਿਆ। ਸਭ ਕੁੱਝ ਧੋ ਦਿੱਤਾ ਸੀ। ਪਰ ਜੋ ਖੂਨ ਦਰਜਾਂ ਵਿੱਚ ਵੜ ਗਿਆ, ਉਸ ਨੂੰ ਉਹ ਲੱਖ ਜਤਨ ਕਰ ਕੱਢ ਨਾ ਸਕੇ।

ਦੱਸਦੇ ਹਨ ਕਿ ਹਰ ਸੰਗ ਮਰਮਰ ਦੀ ਸਿਲ ਲਾਲ ਹੋ ਗਈ ਸੀ, ਕਾਲੀ ਭੂਰੀ ਚਿੱਟੀ ਮਿੱਝ ਨਾਲ। ਬ੍ਰਹਮ ਬੂਟੇ ਦੇ ਥੜ੍ਹੇ ਚੜ੍ਹੀ ਫੌਜ ਅਜੇ ਵੀ ਦਰਬਾਰ ਸਾਹਿਬ ਵੱਲ ਬੰਦੂਕਾਂ ਕਰੀ ਖੜੀ ਸੀ। ਦੁੱਖ ਭੰਜਨੀ ਦਾ ਜਲ ਬਹੁਤ ਹੇਠਾਂ ਲਹਿ ਚੁੱਕਾ ਸੀ। ਬਾਬਾ ਦੀਪ ਸਿੰਘ ਜੀ ਦੀ ਸਮਾਧ ਪਾਸ ਕਈ ਖੜੇ ਸ਼ਰਧਾਲੂ ਦੱਸ ਰਹੇ ਸਨ ਕਿ ਇੱਥੇ ਜ਼ਾਹਰਾ ਕਰਾਮਾਤ ਹੋਈ ਸੀ ਤੇ ਟੈਂਕ ਅੱਗੇ ਨਹੀਂ ਸਨ ਜਾ ਸਕੇ। ਉੱਥੋਂ ਹੀ ਨਿਸ਼ਾਨਾ ਅਕਾਲ ਤਖ਼ਤ ਵੱਲ ਮਾਰਦੇ ਸਨ। ਤੋਸ਼ਾਖਾਨਾ ਦੀ ਇੱਕ ਦੀਵਾਰ ਵਿੱਚ ਇੱਥੋਂ ਹੀ ਚੱਲੇ ਤੋਪ ਦੇ ਗੋਲੇ ਨਾਲ ਮਘੋਰ ਹੋਇਆ ਸੀ ਤੇ ਚਾਨਣੀ ਸੜ ਕੇ ਸੁਆਹ ਹੋਈ ਸੀ। ਸੋਨੇ ਦੇ ਪਾਵਨ ਬੀੜ ਦੇ ਇੱਕ ਪਾਵੇ ਦੇ ਹੀਰੇ ਕੋਲਾ ਹੋ ਰਾਖ ਹੋਏ ਸਨ। ਸੁਨਹਿਰੀ ਮੁਕਟ ਝੁਲਸ ਗਿਆ ਸੀ। ਸ਼ਹੀਦੀ ਬੀੜ ਧਮਾਕੇ ਨਾਲ ਭੁੰਜੇ ਗਿਰ ਗਈ ਸੀ। ਉਸ ਨੇ ਪਹਿਲਾਂ ਨਨਕਾਣਾ ਸਾਹਿਬ ਦਾ ਸਾਕਾ ਅੱਖੀਂ ਦੇਖਿਆ ਸੀ। ਹੁਣ ਦਰਬਾਰ ਸਾਹਿਬ ਵਿੱਚ ਹੋਏ ਅੱਤਿਆਚਾਰ ਦੀ ਗਵਾਹ ਸੀ। ਨਨਕਾਣਾ ਸਾਹਿਬ ਵਿੱਚ ਹੋਏ ਅਤਿਆਚਾਰ ਨੂੰ ਗਾਂਧੀ ਜੀ ਨੇ ਮੌਲਾਨਾਂ ਸ਼ੌਕਤ ਅਲੀ ਨਾਲ ਦੇਖਣ ਪਿਛੋਂ ਕਿਹਾ ਸੀ:

“ਜੋ ਕੁੱਝ ਮੈਂ ਤੱਕਿਆਂ ਤੇ ਸੁਣਿਆ, ਉਹ ਦਰਸਾਂਦਾ ਹੈ ਕਿ ਇਹ ਡਾਇਰਜ਼ਮ ਦਾ ਦੂਜਾ ਐਡੀਸ਼ਨ ਹੈ। ਮੇਰੀ ਜਾਚੇ ਤਾਂ ਉਸ ਨਾਲੋਂ ਕਿਤੇ ਵੱਧ ਜ਼ਾਲਮਾਨਾ ਮਨਸੂਬਾ ਬਣਾ ਅਤਿਆਚਾਰ ਕੀਤਾ ਨੇ ਅਤੇ ਜਲ੍ਹਿਆਂਵਾਲੇ ਦੇ ਡਾਇਰ ਦੇ ਸ਼ੈਤਾਨੀ ਰਾਖਸ਼ਸ਼ ਕਰਮ ਨਾਲੋਂ ਵੀ ਅੱਗੇ ਲੰਘ ਗਿਆ ਹੈ।”

Everything I saw & heard points to second edition of Dyerism. More barbarous, more calculated & more fiendish than the Dyerism of Jallianwalla (Collected work of Gandhi Vol. XIX P.P. 399)

ਇੱਥੇ ਤਾਂ ਉੱਤੋੜਤੀ ਜਲ੍ਹਿਆਂਵਾਲੇ ਬਾਗ ਦੇ ਡਾਇਰਾਂ ਨੇ ਕਿਤਨੇ ਹੀ ਐਡੀਸ਼ਨ ਤਿੰਨਾਂ ਦਿਨਾਂ ਵਿੱਚ ਕੱਢ ਦਿੱਤੇ ਸਨ। ਚੰਦਨ ਦੇ ਚੌਰ ਦੀਆਂ ਤਾਰਾਂ ਤਾਰ-ਤਾਰ ਹੋ ਗਈਆਂ ਸਨ। ਸੋਨੇ ਦੇ ਦਵਾਰ ਛਲਨੀ ਹੋ ਗਏ ਸਨ।

ਅੱਗੋਂ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਪੌੜੀਆਂ ਚੜ੍ਹਨ ਹੀ ਲੱਗਾ ਸਾਂ ਤਾਂ ਬਾਹਰ ਹੀ ਸਟੀਲ ਦੀਆਂ ਪਈਆਂ ਅਲਮਾਰੀਆਂ ਦੀ ਦੁਰਦਸ਼ਾ ਪਈ ਦਸਦੀ ਸੀ ਕਿ ਕੋਈ ਕਿਤਾਬ ਫੌਜੀਆਂ ਦੇ ਅਤਾਬ ਤੋਂ ਨਹੀਂ ਬਚੀ ਹੋਣੀ। ਇਹ ਕੀ ਕੀਤਾ ਹਤਿਆਰਿਆਂ ਨੇ? ਪਿਛੋਂ 9 ਜੂਨ ਨੂੰ ਸਾੜਿਆ। ਸੈਂਕੜੇ ਸਾਲਾਂ ਦਾ ਅਮੁੱਲ ਖਜ਼ਾਨਾ ਭਸਮ ਕਰ ਦਿੱਤਾ। 220° ਤਾਂ ਹੱਥ ਲਿਖਤਾਂ, ਹੁਕਮਨਾਮੇ, ਕੀਮਤੀ ਨੁਸਖੇ, ਪੁਰਾਤਨ ਸੋਮੇ, ਦੁਰਲੱਭ ਸਾਹਿਤ, ਪੁਰਾਣਾ ਰਿਕਾਰਡ, ਅਖ਼ਬਾਰਾਂ ਸਮੇਤ ਬਾਰੂਦ ਨਾਲ ਉਡਾ ਦਿੱਤਾ। 22,000 ਦੇ ਕਰੀਬ ਪੁਸਤਕਾਂ ਸਨ ਜਿਨ੍ਹਾਂ ਦਾ ਥਹੁ- ਪਤਾ ਨਹੀਂ, ਇੱਕ ਨਾ ਛੱਡੀ ਹਤਿਆਰਆਂ ਨੇ। ਸੁਨਹਿਰੀ ਜਿਲਦਾਂ ਵਿੱਚ ਜੜ੍ਹੇ ਜੋ ਗੁਰੂ ਪਾਤਸ਼ਾਹਾਂ ਦਾ ਇਤਿਹਾਸ ਦਸ ਜਿਲਦਾਂ ਵਿੱਚ ਮੈਂ ਹਰਿ ਕੀ ਪਉੜੀ ਭੇਂਟ ਕੀਤਾ ਸੀ, ਉਹ ਵੀ ਨਜ਼ਰੀਂ ਨਾ ਆਇਆ।

ਜਾਹਨ ਸਟੈਨ ਬੈਂਕ ਨੇ ਇਕ ਵਾਰੀ ਕਿਹਾ:

“ਡਿਕਟੇਟਰ ਕਤਲ ਕਰਦਾ ਹੈ, ਘਾਇਲ ਕਰ ਮਨੁੱਖਾਂ ਨੂੰ ਅਪਾਹਜ ਵੀ ਬਣਾ ਦਿੰਦਾ ਹੈ, ਤਸੀਹੇ ਵੀ ਦੇਂਦਾ ਹੈ ਅਤੇ ਇਹਨਾਂ ਕਾਰਿਆਂ ਕਰਕੇ ਲੋਕੀਂ ਘਿਰਣਾ ਵੀ ਕਰਦੇ ਹਨ। ਰੋਹ ਵਿੱਚ ਆਉਂਦੇ ਹਨ। ਪਰ ਜਦੋਂ ਅਤਿਆਚਾਰੀ ਪੁਸਤਕਾਂ ਨੂੰ ਸਾੜਦਾ ਹੈ ਤਾਂ ਜ਼ੁਲਮ ਦੀ ਇੰਤਹਾ ਹੋ ਗਈ ਜਾਣੋ। ਇਹ ਖਿਮਾਂ ਕਰਨ ਯੋਗ ਨਹੀਂ।”

(But when books are burnt, the ultimate in tyrannay has happened. This we cannot forgive.)

ਜਦ ਉੱਤੋਂ ਹੇਠਾਂ ਆਇਆਂ ਤੇ ਪ੍ਰਕਰਮਾ ਦਾ ਆਖ਼ਰੀ ਮੋੜ ਮੁੜਿਆ ਤਾਂ ਲਾਚੀ ਬੇਰੀ ਝੜੀ ਹੋਈ ਡਿੱਠੀ। ਇੱਥੇ ਹੀ ਮੱਸਾ ਰੰਘੜ ਦਾ ਸਿਰ ਉਤਾਰਨ ਲਈ ਘੋੜੇ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਨੇ ਬੰਨ੍ਹੇ ਸਨ। ਉੱਥੇ ਸਭ ਕੁੱਝ ਤਾਜ਼ਾ-ਤਾਜ਼ਾ ਸੀ, ਪੇਂਟ ਸਮੇਤ।

ਅਕਾਲ ਤਖ਼ਤ ਵੱਲ ਸਿਰ ਨਿਵਾ ਜਦ ਸਿਰ ਚੁੱਕਿਆ ਤਾਂ ਸਿਰ ਨੀਵਾਂ ਹੋ ਗਿਆ। ਇਹ ਕੀ ਸ਼ਕਲ ਬਣਾ ਦਿੱਤੀ ਇਹਨਾਂ ਨੇ, ਰੂਪ ਹੀ ਵਿਗਾੜ ਸੁੱਟਿਆ। ਸਭ ਕੁੱਝ ਬਨਾਵਟੀ।

ਪਰ ਪਹਿਲਾਂ ਮਰਯਾਦਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਬਣਦਾ ਸੀ। ਦਰਸ਼ਨੀ ਡਿਉਢੀ ਦੀ ਦਲ੍ਹੀਜ਼ ਪਾਸ ਪਾਣੀ ਗਿੱਟੇ-ਗਿੱਟੇ ਰੁਕਿਆ ਹੋਇਆ ਸੀ। ਮੈਂ ਪੁੱਛਣ ਹੀ ਲੱਗਾ ਸਾਂ ਕਿ ਇਹ ਕੀ? ਤਾਂ ਚੋਬਦਾਰ ਨੇ ਦੱਸਿਆ, ਇੱਥੋਂ ਤਕ ਜ਼ਰਹ ਬਖ਼ਤਰ ਗੱਡੀਆਂ ਆ ਗਈਆਂ ਸਨ ਤੇ ਜੰਮ ਕੇ ਇੱਥੇ ਹੀ ਲੜਾਈ ਹੋਈ ਸੀ, ਥਾਂ ਦੱਬ ਗਈ ਸੀ।

ਭਾਈ ਸਾਹਿਬ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਦੱਸਿਆ, ਕਿ ਗਿੱਟੇ-ਗਿੱਟੇ ਖੂਨ ਹੋ ਗਿਆ ਸੀ ਉੱਥੇ। ਅਕਾਲ ਤਖ਼ਤ ਸਾਹਿਬ ਨੂੰ ਜਦ ਉੜਾਂਦੇ ਸਨ ਤਾਂ ਮਲਬਾ ਵੀ ਇੱਥੇ ਹੀ ਡਿੱਗਦਾ ਸੀ। ਜਦ ਜੇਠ ਦੀ ਛੇ ਸੁਦੀ ਰਾਤ ਨੂੰ ਚਾਨਣ ਦਾ ਗੋਲਾ ਸੁਟਿਆ ਸੀ ਤਾਂ ਸੈਂਕੜੇ ਲਾਸ਼ਾਂ ਇੱਥੇ ਦਿਸੀਆਂ ਸਨ।

ਦਰਬਾਰ ਸਾਹਿਬ ਦਰਸ਼ਨ ਕਰ ਜਦ ਨੁੱਕਰ ਵਿੱਚ ਬੈਠਾ ਤਾਂ ਉਥੇ ਅਕਾਸ਼ਵਾਣੀ ਦੀ ਫੱਟੀ ਲੱਗੀ ਹੋਈ ਸੀ। ਇਹ ਕਿਸ ਲਗਾਉਣ ਦਿੱਤੀ? ਅੰਦਰ ਤਾਂ ਕਿਸੇ ਦਾ ਜ਼ਿਕਰ ਤੱਕ ਨਹੀਂ ਹੋ ਸਕਦਾ। ਇਹ ਫੱਟੀਆਂ ਲਗਾਈ ਫਿਰ ਰਹੇ ਹਨ।

ਭਾਈ ਮੋਹਨ ਸਿੰਘ ਜੀ ਨੇ ਦੱਸਿਆ, ਕਿ ਉਹ ਤਿੰਨ ਦਿਨ ਤੇ ਤਿੰਨ ਰਾਤਾਂ ਬਗੈਰ ਖਾਧੇ-ਪੀਤੇ ਮਹਾਰਾਜ ਦੀ ਤਾਬਿਆ ਦਰਬਾਰ ਸਾਹਿਬ ਰਹੇ ਸਨ। ਹਿੰਦੁਸਤਾਨੀ ਮੀਡੀਆ ਕਹਿੰਦਿਆਂ ਨਹੀਂ ਸੀ ਥੱਕਦਾ, ਕਿ ਕੋਈ ਗੋਲੀ ਦਰਬਾਰ ਸਾਹਿਬ ਵੱਲ ਨਹੀਂ ਚਲਾਈ। ਪਰ, ਦਰਬਾਰ ਸਾਹਿਬ ਵੱਲ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹੇ, ਜਿਲਦ ਤੇ ਪੱਤਰਿਆਂ ਨੂੰ ਚੀਰ ਕੇ ਸੁਖਮਨੀ ਸਾਹਿਬ ਦੀ ਬਾਣੀ ‘ਤੇ ਜਾ ਠੰਡੀ ਹੋਈ ਸੀ ਇੱਕ ਗੋਲੀ।

ਮੁਗਲਾਂ ਦੀ ਔਲਾਦ ਨੇ ਤਾਂ ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਨੂੰ, ਜੋ ਨੇਤਰਹੀਣ ਸਨ, ਗੋਲੀ ਨਾਲ ਮਾਰ ਮੁਕਾਇਆ ਸੀ। ਉਪਰਲੀ ਮੰਜ਼ਿਲ ਤੱਕ ਗੋਲੀਆਂ ਨਾਲ ਛਲਣੀ-ਛਲਣੀ ਹੋਈ ਪਈ ਸੀ। ਸਭ ਥਾਂ ਟਾਂਕੇ ਲੱਗੇ ਹੋਏ ਸਨ। ਇਹ ਸੱਚ, ਦਸ ਰਹੇ ਸਨ ਕਿ ਪਾਪੀਆਂ ਕਿਤਨੇ ਪਾਪ ਕਮਾਏ।

ਅਕਾਲ ਤਖ਼ਤ ਸਾਹਿਬ ਦੀਆਂ ਪਉੜੀਆਂ ਚੜ੍ਹ, ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ ਅਤੇ ਉਹਨਾਂ ਸਭ ਸ਼ਹੀਦਾਂ ਨੂੰ ਯਾਦ ਕਰ ਅਰਦਾਸ ਕੀਤੀ, ਜਿਹਨਾਂ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਕਰਦੇ ਸ਼ਹੀਦੀਆਂ ਪਾਈਆਂ।

ਕਿਤਨੇ ਕੁ ਅਕਾਰ ਦਾ ਹੈ ਅਕਾਲ ਤਖ਼ਤ, ਜਿਥੇ ਕਹਿੰਦੇ ਨੇ ਅਸਲੇ ਦਾ ਭੰਡਾਰ ਮਿਲਿਆ ਸੀ। ਕੁਲ ਰਕਬਾ 444 ਫੁੱਟ ਦਾ ਹੈ। ਵਿੱਚੇ ਕੋਠਾ ਸਾਹਿਬ, ਘੁਰਨਾ ਸਾਹਿਬ, ਪ੍ਰਕਾਸ਼ ਅਸਥਾਨ, ਸ਼ਸਤਰ ਸਜੇ ਤਖ਼ਤ ਇਹ ਸਭ ਦੇਖ ਹੀ ਤਾਂ ਇੰਡੀਆ ਟੂਡੇ ਨੇ ਲਿਖਿਆ ਸੀ ਕਿ:

“ਅਕਾਲ ਤਖ਼ਤ ਵਿੱਚ ਕੇਵਲ 34 ਸਿੰਘ ਸਨ, ਜਿਨ੍ਹਾਂ ਸਾਰੀ ਹਿੰਦੁਸਤਾਨ ਦੀ ਫੌਜ ਨੂੰ ਤਿੰਨ ਦਿਨ ਰੋਕੀ ਰੱਖਿਆ।”

ਸਰਦਾਰ ਅਜੀਤ ਸਿੰਘ (ਬੰਗਲਾਦੇਸ਼ ਜਿੱਤਣ ਵਾਲੇ) ਨੇ ਬੜੇ ਪਤੇ ਦੀ ਗੱਲ ਲਿਖੀ ਹੈ ਕਿ:

“ਜਿਹੜੇ ਝੂਠੇ ਮੂਠੇ ਹਥਿਆਰ ਤੁਸਾਂ ਦਰਬਾਰ ਸਾਹਿਬ ਤੋਂ ਪ੍ਰਾਪਤ ਦਿਖਾਏ ਹਨ, ਉਨ੍ਹਾਂ ਨੂੰ 250 ਤੋਂ ਘੱਟ ਆਦਮੀ ਵਰਤ ਹੀ ਨਹੀਂ ਸਕਦੇ।

ਸਵਾ ਲਾਖ ਸਿਉਂ ਇੱਕ-ਇੱਕ ਲੜਿਆ ਹੈ। ਮਾਰੇ ਤਾਂ ਦਰਸ਼ਨ ਇਸ਼ਨਾਨ ਕਰਦੇ ਭਗਤ, ਕੀਰਤਨ ਕਰਦੇ ਕੀਰਤਨੀਏ, ਪਾਠ ਕਰਦੇ ਪਾਠੀ, ਸੇਵਾ ਕਰਦੇ ਸੇਵਾਦਾਰ, ਸ਼੍ਰੋਮਣੀ ਕਮੇਟੀ ਵਿਚ ਕੰਮ ਕਰਦੇ ਕਰਮਚਾਰੀ, ਸਮਾਧੀ ਸਥਿੱਤ ਹੋਏ ਸਾਧੂ, ਗੁਰੂ ਰਾਮਦਾਸ ਸਰਾਂ ਵਿੱਚ ਅਰਾਮ ਕਰਦੇ ਦਰਸ਼ਨਾਂ ਨੂੰ ਆਏ ਯਾਤਰੂ। ਤਿੰਨ ਹਜ਼ਾਰ ਤਾਂ ਜੋੜੇ ਹੀ ਇਕੋ ਜੋੜਾ ਘਰੋਂ ਮਿਲੇ। ਭਲਾ ਕੋਈ ਦਸੇ ਕਿ ਗਿਆਨੀ ਅਮੀਰ ਸਿੰਘ ਜੀ ਦੀ ਟਕਸਾਲ ਦੇ ਪਾਠ ਸੰਥਿਆ ਸਿੱਖਦੇ ਸਿੱਖਾਂ ਦਾ ਕੀ ਕਸੂਰ ਸੀ ਕਿ ਆਖਰੀ ਪਾਠੀ ਤੱਕ ਭੁੰਨ ਸੁਟਿਆ? ਬਾਬਾ ਖੜਕ ਸਿੰਘ ਜੀ ਦੇ ਨਿਸ਼ਕਾਮ ਸੇਵਾਦਾਰਾਂ ਦਾ ਕੀ ਕਸੂਰ ਸੀ ਕਿ ਥਾਂ ਹੀ ਮਾਰ ਦਿੱਤੇ? ਤੇਜਾ ਸਿੰਘ ਸਮੁੰਦਰੀ ਹਾਲ ਦੀ ਬਿਲਡਿੰਗ ਨੂੰ ਅੱਗ ਲਗਾ ਕੇ ਹਮਲੇ ਪਿੱਛੋਂ ਕਿਉਂ ਸਾੜਿਆ? ਹੁਕਮ ਸੀ ਕਿ ਇਤਨਾ ਜ਼ਬਰ ਕਰੋ ਕਿ ਯਾਦ ਕਰੇਗਾ ਖਾਲਸਾ। ਭਲੇ ਲੋਕੋ! ਸਾਡੀ ਨਿਤ ਦੀ ਅਰਦਾਸ ਤਾਂ ਹੈ ਹੀ ਯਾਦਾਂ ਦਾ ਇਤਿਹਾਸ। ਜਿਨ੍ਹਾਂ ਬੰਦ-ਬੰਦ ਕਟਵਾਏ, ਖੋਪਰ ਲੁਹਾਏ, ਚਰਖੜੀਆਂ ਤੇ ਚੜ੍ਹੇ ਤੇ ਖ਼ਾਲਸਾ ਕਹਿਆ ਕਰੇਗਾ ਉਨ੍ਹਾਂ ਨਾਲ ਰਲਾ ਜਿਨ੍ਹਾਂ ਨੂੰ ਟੈਂਕਾ ਥਲ੍ਹੇ ਲਿਤਾੜ ਸ਼ਹੀਦ ਕੀਤਾ। ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀ ਰੱਖਿਆ ਲਈ ਸ਼ਹੀਦੀਆਂ ਪਾਈਆਂ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਅਕਾਲ ਤਖ਼ਤ ਤੋਂ ਅਕਾਲਸਰ ਬਾਹਰ ਵਿਹੜੇ ਵਿੱਚ ਇੰਜ ਕੱਢ ਦਿੱਤਾ ਜਿਵੇਂ ਹਿੱਸਾ ਚੀਨ ਹੋਵੇ। ਸ਼ਰਾਰਤੀ ਦਿਮਾਗ ਨੇ ਅਕਾਲ ਤਖ਼ਤ ਦੀ ਪ੍ਰੀਕਰਮਾ ਬਣਾ ਦਿੱਤੀ ਤਾਂ ਕਿ ਇਹ ਤਖ਼ਤ ਨਾ ਹੋ ਕੇ ਕੋਈ ਪੂਜਾ ਸਥਾਨ ਲੱਗੇ। ਤਖ਼ਤ ਕੋਈ ਪੂਜਾ ਦਾ ਅਸਥਾਨ ਨਹੀਂ, ਇਹ ਸਾਰੇ ਪੰਥ ’ਤੇ ਕੁੰਡਾ ਹੈ। ਇਸੇ ਲਈ ਜਥੇਦਾਰ ਗਿਆਨੀ ਕਿਰਪਾਲ ਸਿੰਘ ਜੀ ਨੇ ਕਿਹਾ ਹੈ ਸਾਨੂੰ ਤੁਹਾਡਾ ਠੇਕੇ ‘ਤੇ ਬਣਾਇਆ ਅਕਾਲ ਤਖ਼ਤ ਮਨਜ਼ੂਰ ਨਹੀਂ। ‘ਪਾਵਨ ਸ਼ਸਤਰਾਂ ਨਾਲ ਕੀ ਬੀਤੀ’ ਗਰੰਥੀ ਸਿੰਘ ਜੀ ਨੇ ਦੱਸਿਆ ਕਿ ਸਾਰੇ ਹੀ ਮਰੁੰਡ, ਵਿਗੜ ਕੇ ਕਾਲੇ ਸਿਆਹ ਹੋ ਗਏ ਹਨ। ਦੋ ਤਾਂ ਲੱਭੇ ਹੀ ਨਹੀਂ। ਬਾਕੀਆਂ ਨੂੰ ਪਾਲਿਸ਼ ਕਰ ਰਖਿਆ ਹੈ। ਸਭ ਪੁਰਾਤਨਤਾ ਮਿਟਾ ਦਿੱਤੀ ਨੇ। ਅਕਾਲ ਤਖ਼ਤ ‘ਤੇ ਭਿੱਤੀ ਚਿੱਤਰਾਂ ਦੀ ਥਾਂ ਰੰਗੀਨ ਪੇਪਰ ਲਗਾ ਦਿੱਤਾ ਨੇ, ਪਰ ਸ਼ਰਧਾਲੂਆਂ ਉਖਾੜ ਪਰ੍ਹਾਂ ਸੁਟਿਆ।

ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੀ ਸਮਾਧ ਮੱਥਾ ਟੇਕਦੇ ਉਨ੍ਹਾਂ ਦੇ ਬਚਨ ਯਾਦ ਆਏ ਜੋ ਉਨ੍ਹਾਂ ਸ਼ਹੀਦੀ ਪ੍ਰਾਪਤ ਕਰਨ ਵੇਲੇ ਕਹੇ ਸਨ ਕਿ ਕੀ ਕਲਗੀਆਂ ਵਾਲਿਆ ਇਹ ਪੰਥ ਤੁਸਾਂ ਬੁਚੜਾਂ ਹੱਥੋਂ ਖੁਹਾਏ ਜਾਣ ਲਈ ਸਾਜਿਆ मी ?

ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹਿ॥ ਦੱਖਣੀ ਪਛਮੀ ਕਿਮ ਲੈ ਜਾਹਿ॥ 94॥

(ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 522)

ਮਲਬਾ ਉਲੰਘ ਮੁੜ ਪ੍ਰੀਕਰਮਾ ਵਿਚ ਆਇਆ ਤਾਂ ਇੱਕ ਹੀ ਸਵਾਲ ਹਰ ਜ਼ਬਾਨ ਤੇ ਸੀ ਕਿ ਕੀ ਸੰਤ ਜਰਨੈਲ ਸਿੰਘ ਸ਼ਹੀਦ ਹੋਏ ਹਨ ਕਿ ਬਚ-ਬਚ ਨਿਕਲ ਗਏ। ਜਦ ਵਾਰ-ਵਾਰ ਬਹੁਤਿਆਂ ਨੇ ਪੁੱਛਿਆ ਤਾਂ ਮੈਂ ਇਤਨਾ ਕਿਹਾ ਕਿ ਸੰਤਾਂ ਮਰਨਾ ਮੰਡ ਲਿਆ ਸੀ, ਉਹ ਸਨਮੁੱਖ ਸ਼ਹੀਦ ਹੋਏ ਹਨ। ਬੜੇ ਅਜੀਬ ਹੋ ਤੁਸੀਂ ਜੋ ਸ਼ਹੀਦ ਹੋ ਗਏ, ਉਹ ਤਾ ਜ਼ਿੰਦਾ ਹਨ ਤੇ ਜੋ ਜ਼ਿੰਦਾ ਆਗੂ ਜੇਲੀਂ ਤਸੀਹੇ ਝੱਲ ਰਹੇ ਹਨ, ਉਹ ਤੁਸੀਂ ਮਾਰਨਾ ਲੋੜਦੇ ਹੋ। ਇਹ ਚਾਲ ਹੈ, ਕੌਮ ਨੂੰ ਬਹੁਤੀ ਦੇਰ ਤਕ ਆਗੂ ਰਹਿਤ ਰੱਖਣ ਦੀ। ਵਾਈਟ ਪੇਪਰ ਦੇ 197 ਸਫੇ ਤੇ 17 ਲਾਈਨਾਂ ਝੂਠੀਆਂ ਪਰ ਉਨ੍ਹਾਂ ਝੂਠਿਆਂ ਦੀ, ਇਹ ਸੱਤਰ ਕਿ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਆਪ ਨੂੰ ਹਵਾਲੇ (ਸਰੰਡਰ) ਕਰ ਦਿੱਤਾ। ਕਿਸੇ ਹਵਾਲੇ ਨਹੀਂ ਕੀਤਾ, ਫੌਜ ਨੇ ਕਬਜ਼ਾ (ਕੈਪਚਰਚ) ਕੀਤਾ, ਜਿਵੇਂ ਹਮਲੇ ਤੋਂ ਬਾਅਦ ਫੌਜਾਂ ਕਰਦੀਆਂ ਹਨ। ਇੰਦਰਜੀਤ ਜਰਨਲਿਸਟ ਨੇ ਆਪਣੀ ਡਾਇਰੀ ਵਿੱਚ ਠੀਕ ਲਿਖਿਆ ਸੀ ਕਿ ਇਹ ਵਾਈਟ ਪੇਪਰ ਭੱਦੀ ਤਰ੍ਹਾਂ ਤਿਆਰ ਕੀਤਾ ਇਕ ਨਿਕੰਮਾ ਸਰਕਾਰੀ ਦਸਤਾਵੇਜ਼ ਹੈ ਜਿਸ ਵਿੱਚ ਸਭ ਕੁਝ ਕੂੜ ਹੈ, ਕੂੜਾ ਹੈ।

ਅਜਾਇਬ ਘਰ ਜਾ ਕੇ ਤਾਂ ਬੜੀ ਹੀ ਹੈਰਾਨੀ ਹੋਈ ਕਿ ਹਰ ਦੀਵਾਰ ਗੋਲੀਆਂ ਨਾਲ ਛਲਣੀ। 132 ਕੀਮਤੀ ਚਿਤ੍ਰ ਛਲਣੀ-ਛਲਣੀ ਕਰ ਸੁੱਟੇ। ਦੋ ਕੀਮਤੀ ਨੁਸਖੇ ਸਾੜ ਸੁੱਟੇ।

ਇੱਕ ਹੀ ਖਿਆਲ ਰਹਿ-ਰਹਿ ਸਤਾਏ ਕਿ ਜੰਗ ਨੂੰ ਨਾਂ ਕੀ ਦੇਵੀਏ? ਤੀਜਾ ਘੱਲੂਘਾਰਾ ਕਹਿ ਨਹੀਂ ਸਕਦੇ ਕਿਉਂਕਿ ਘੱਲੂਘਾਰੇ ਵਿੱਚ ਮਾਰਦੇ ਮਰਦੇ ਸਾਂ। ਸਾਵੇਂ ਹਥਿਆਰ ਸਨ। ਅੰਗਰੇਜ਼ਾਂ ਸਿੱਖਾਂ ਦੀਆਂ ਲੜਾਈਆਂ ਨੂੰ ਸ਼ਾਹ ਮੁਹੰਮਦ ਨੇ ‘ਜੰਗ ਹਿੰਦ ਪੰਜਾਬ’ ਦਾ ਕਹਿ ਕੇ ਸਭ ਪੰਜਾਬੀਆਂ ਦੇ ਭਾਵ ਦਰਸਾ ਦਿੱਤੇ ਸਨ।

ਇੱਥੇ ਤਾਂ ਅੰਮ੍ਰਿਤਸਰ ਦਾ ਇੱਕ ਵਰਗ ਫੌਜੀਆਂ ਨੂੰ ਦੁੱਧ, ਮਠਿਆਈਆਂ, ਸ਼ਰਦਾਈ ਤੇ ਥਿੰਧਾਈ ਪਿਲਾ ਰਿਹਾ ਸੀ, ਸਲੂਣੇ ਪਕਵਾਨ ਪੇਸ਼ ਕਰ ਰਿਹਾ ਸੀ। ਖ਼ੁਸ਼ੀਆਂ ਮਨਾ ਰਿਹਾ ਸੀ। ਇਸ ਨੂੰ ਅਕਾਲ ਤਖ਼ਤ ਦੀ ਜੰਗ ਕਹਿਣਾ ਸ਼ੋਭਦਾ ਹੈ। ਕਿਉਂਕਿ ਵਾਰ-ਵਾਰ ਹਿੰਦੁਸਤਾਨ ਦੇ ਹੁਕਮਰਾਨ ਕਹਿ ਰਹੇ ਸਨ ਕਿ ਅਸਾਂ ਦਰਬਾਰ ਸਾਹਿਬ ਗੋਲੀ ਨਹੀਂ ਚਲਾਈ ਪਰ ਅਕਾਲ ਤਖ਼ਤ ਉੜਾਉਣਾ ਹੈ। ਰਾਜਿੰਦਰ ਯਾਦਵ ਨੇ ਪੱਕੇ ਹਵਾਲੇ ਨਾਲ ਲਿਖਿਆ ਹੈ ਕਿ ਜਦ ਫੌਜ ਦੇ ਭੇਜੇ ਪਹਿਲੇ ਦਸਤੇ ਮਾਰੇ ਗਏ ਤਾਂ ਜਨਰਲ ਸੁੰਦਰਜੀ ਨੇ ਦਰਬਾਰ ਸਾਹਿਬ ਤੋਂ ਸਿੱਧਾ ਸੰਪਰਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਾਇਮ ਕਰਕੇ ਪੁੱਛਿਆ ਹੁਣ ਕੀ ਕਰੀਏ, ਅਕਾਲ ਤਖ਼ਤ ਦੀ ਘੱਟ ਤੋਂ ਘੱਟ ਤਬਾਹੀ ਹੋਵੇ (ਸੈਂਕਸ਼ਨਡ ਡੈਮਿਜ ਟੂ ਅਕਾਲ ਤਖ਼ਤ ਮਸਟ ਬੀ ਮਿਨੀਮਮ) ਪਰ ਆਗਿਆ ਹੈ ਦਾ ਹੁਕਮ ਪਾ ਕੇ ਫੌਜੀਆਂ ਅਤਿਆਚਾਰ ਦੀ ਅਤਿ ਕਰ ਦਿੱਤੀ। ਅਕਾਲ ਤਖ਼ਤ ਖੰਡਰਾਤ ਬਣਾ ਦਿੱਤਾ। ਅਣਖ ਦੀ ਲੜਾਈ ਵਿੱਚ ਅਣਖੀਆਂ ਨੇ ਅਣਖ ਪਾਲੀ। ਇੱਕ ਅਮਰੀਕਨ ਈਸਾਈ ਨੇ ਅਮਰੀਕਾ ਵੱਸਦੇ ਇੱਕ ਸਿੱਖ ਨੂੰ ਪੁੱਛਿਆ ਕਿ ਤੁਸੀਂ ਇੱਥੇ ਬੈਠੇ ਇਤਨਾ ਕਿਉਂ ਤੜਪ ਰਹੇ ਹੋ ਤਾਂ ਸਿੱਖ ਨੇ ਕਿਹਾ, “ਤੁਸੀਂ ਉਤਨੀ ਦੇਰ ਤੱਕ ਸਾਡੇ ‘ਤੇ ਬੀਤੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਦ ਤੱਕ ਤੁਸੀਂ ਇਹ ਨ ਚਿਤਵੋ ਕਿ ਕੋਈ ਤੁਹਾਡੇ ਵੈਟੀਕਨ (ਰੋਮ) ਨੂੰ ਦੁਸ਼ਮਣ ਦੇਸ਼ ਦੀ ਫੌਜ ਢਾਹ ਢੇਰੀ ਕਰ ਮਲੀਆਮੇਟ ਨ ਕਰ ਦੇਵੇ।”

ਕੌਮ ਦਾ ਅੰਦਰਲਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸੰਗਤਾਂ ਦੇ ਉਤਸ਼ਾਹ, ਕਾਰ ਸੇਵਾ ਵਿੱਚ ਜੁਟੇ ਲੱਖਾਂ ਹੱਥਾਂ, ਖੁਲੀਆਂ ਗੱਲਾਂ, ਸਿੱਧੇ ਸਵਾਲ, ਤਿੱਖੇ ਬਚਨ, ਚੜ੍ਹੇ ਰੋਹ, ਤਣੀਆਂ ਭਵਾਂ ਦੇਖ ਕਤੀਲ ਸ਼ੈਫਾਈ ਦਾ ਸ਼ਿਅਰ ਯਾਦ ਆਇਆ:

ਹਮ ਨੇ ਬਨਾ ਲੀਆ ਹੈ ਨਯਾ ਫਿਰ ਸੇ ਆਸ਼ਯਾਂ,

ਜਾਉ ਯਹਿ ਬਾਤ ਫਿਰ ਸੇ ਕਿਸੀ ਤੂਫ਼ਾਂ ਸੇ ਕਹੋ।

ਕਰਨ ਯੋਗ ਕਾਰਜ

ਪਹਿਲੀ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਉਸ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਾ ਸੀ। ਉਸ ਸਮੇਂ ਮਾਤਾ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਜੀ ਨੇ ਲੋੜੀਂਦੀ ਤੇ ਸੁਚੱਜੀ ਅਗਵਾਈ ਦੇ ਕੇ ਪੰਥ ਵਿੱਚ ਸਾਹਸ ਭਰੀ ਰੱਖਿਆ। ਇਸ ਵੇਲੇ ਪੰਜ ਸਿੰਘ ਸਾਹਿਬਾਨ ਨੇ ਮੌਕਾ ਸੰਭਾਲ ਕੇ ਹਾਈ-ਜੈੱਕ ਕੀਤੇ ਦਰਬਾਰ ਸਾਹਿਬ ਨੂੰ ਨੁਮਾਇੰਦਾ ਜਥੇਬੰਦੀ ਹੱਥ ਕਰਾਇਆ ਹੈ ਅਤੇ ਪੰਥ ਤੋਂ ਛੇਕਿਆਂ ਹੱਥੀਂ ਨਹੀਂ ਜਾਣ ਦਿੱਤਾ। ਮਾਤਾ ਸੁੰਦਰੀ ਜੀ ਦੇ ਕਰਤੱਵ ਨੂੰ ਦਿੱਲੀ ਤੇ ਬਾਹਰ ਦੇ ਸਿੰਘਾਂ ਨੇ ਨਿਭਾਇਆ ਹੈ। ਮਾਤਾ ਸੁੰਦਰੀ ਜੀ ਨੇ ਇਕ ਹੁਕਮਨਾਮੇ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਮੱਥੇ ਨਹੀਂ ਲਗਾਉਣਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਬੇ ਮੁੱਖ ਹੋਏ ਹਨ ਅਤੇ ਨਾਲ ਲਿਖਿਆ ਸੀ ਕਿ ਹੁਣ ਕੋਈ ਕਾਰ ਭੇਟ ਉਗ੍ਰਾਹੀ ਦੀ ਰਕਮ ਉਨ੍ਹਾਂ ਪਾਸ ਦਿੱਲੀ ਨਾ ਭੇਜੋ ਲੋੜ ਅੰਮ੍ਰਿਤਸਰ ਹੈ। ਸੋ, ਹਰ ਸੰਸਥਾ, ਸਿੰਘ ਸਭਾ, ਜਥੇਬੰਦੀ, ਸਰਦਾ-ਪੁੱਜਦਾ ਸਿੱਖ ਕਿਰਤੀ ਤੇ ਕਾਮਖਾ ਚਾਕਰੀ ਕਰਦਾ ਜਾਂ ਵਪਾਰੀ ਸਿੱਖ ਇਹ ਮਨ ਬਣਾ ਲਵੇ ਕਿ ਉਹ ਇੱਕ ਵੇਲੇ ਦੀ ਖਾ ਗੁਜ਼ਾਰਾ ਕਰ ਲਵੇਗਾ ਪਰ ਸ਼ਹੀਦਾਂ ਦੇ ਪਰਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਪਹੁੰਚਾਏਗਾ। ਸ਼ਹੀਦਾਂ ਦੇ ਪਰਵਾਰਾਂ ਨੂੰ ਜਦ ਇਹ ਪਤਾ ਲੱਗੇਗਾ ਕਿ ਸਾਰਾ ਪੰਥ ਉਨ੍ਹਾਂ ਦੀ ਪਿੱਠ ‘ਤੇ ਹੈ ਤਾਂ ਸ਼ਹੀਦੀ ਦਾ ਚਾਅ ਪੰਥ ਵਿੱਚ ਮੱਠਾ ਨਹੀਂ ਪੈਣ ਲੱਗਾ। ਅਜੇ ਕਿਹੜੀ ਬਸ ਹੋ ਗਈ ਹੈ। ਹਰ ਜ਼ਬਾਨ ‘ਤੇ ਹੈ, ਹੋਰ ਬੁਰਾ ਹੋਣ ਵਾਲਾ ਹੈ (ਵਰਸਟ ਟੁ ਕਮ) ਸ਼ਹੀਦੀ ਫੰਡ ਵਿੱਚ ਇਤਨੀ ਚੋਖੀ ਰਕਮ ਕਰ ਦਿੱਤੀ ਜਾਵੇ ਕਿ ਪੰਥਕ ਪਰਿਵਾਰਾਂ ਦੀ ਪਾਲਣਾ ਕੀਤਾ ਜਾ ਸਕੇ। ਜਿਨ੍ਹਾਂ ਦੇ ਬੱਚੇ ਬੰਦੂਕਾਂ ਦੀਆਂ ਨੋਕਾਂ ਮਾਰ ਕੇ ਮਾਰੇ ਗਏ, ਟੈਂਕਾਂ ਹੇਠ ਲਿਤਾੜੇ ਗਏ, ਉਨ੍ਹਾਂ ਨੂੰ ਜਾ ਕੇ ਕਹਿਣਾ ਹੈ ਕਿ ਕੌਮਾਂ ਦੀਆਂ ਕਿਸਮਤਾਂ ਦਾ ਮਹਿਲ ਉਸਾਰਨ ਵੇਲੇ ਸ਼ਹੀਦਾਂ ਦੇ ਹੀ ਸਿਰਾਂ ਦੀ ਰੋੜੀ ਕੁੱਟੀ ਜਾਂਦੀ ਹੈ। ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ ਸਰੀਰ ਜੋ ਠੀਕਰਾ ਸੀ, ਜੋ ਦਿੱਲੀ ਦੀ ਦਲ੍ਹੀਜ਼ ‘ਤੇ ਦੂਜੇ ਦੇ ਧਰਮ ਦੀ ਰੱਖਿਆ ਕਰਦੇ ਫੋੜਿਆ ਗਿਆ, ਤੁਸੀਂ ਤਾਂ ਕਰਮਾਂ ਵਾਲੇ ਹੋ ਜਿਨ੍ਹਾਂ ਦੇ ਠੀਕਰੇ ਹਰਿ ਕੇ ਦੁਆਰ ਟੁੱਟੇ ਤੇ ਪਰਵਾਨ ਹੋਏ।

ਦੂਜਾ-ਪੰਜ ਪਿਆਰਿਆਂ ਦੇ ਕੀਤੇ ‘ਤੇ ਕਦੇ ਕਿੰਤੂ ਨਹੀਂ ਕਰਨਾ

ਐਸੀ ਚਾਲ ਸਰਕਾਰ ਚਲ ਰਹੀ ਹੈ ਕਿ ਸਾਡੀ ਹਰ ਮਰਯਾਦਾ ਨੂੰ ਸ਼ੱਕੀ ਕਰ ਦਿੱਤਾ ਜਾਏ ਅਤੇ ਸੰਸਥਾ ਨੂੰ ਨਕਾਰਾ ਬਣਾ ਦਿੱਤਾ ਜਾਏ। ਪੰਜਾਂ ਪਿਆਰਿਆਂ ਦੀ ਇੱਕ ਐਸੀ ਉੱਚ ਸੰਸਥਾ ਗੁਰੂ ਪੰਥ ਪਾਸ ਹੈ। ਜੇ ਇਸੇ ਨੂੰ ਕਿੰਤੂ ਦਾ ਨਿਸ਼ਾਨਾ ਬਣਾ ਕੇ ਖੇਰੂੰ-ਖੇਰੂੰ ਕਰ ਦਿੱਤਾ ਤਾਂ ਬਿਖੜੇ ਸਮੇਂ ਅਗਵਾਈ ਕੌਣ ਦੇਵੇਗਾ? ਇਕੱਲਾ ਕਮਜ਼ੋਰੀ ਵੀ ਦਿਖਲਾ ਸਕਦਾ ਹੈ, ਪਰ ਪੰਜਾਂ ਵਿੱਚ ਉਹ ਆਪ ਵਰਤਦਾ वै।

ਪੰਚਾ ਕਾ ਗੁਰੁ ਏਕੁ ਧਿਆਨੁ॥

ਕਲਗੀਧਰ ਨੇ ਆਪੂੰ ਇੱਕ ਵਾਰੀ ਬਚਨ ਕੀਤੇ ਸਨ:

ਪੰਜ ਮੁਕਤੇ ਮੇਰੇ ਪਾਨ। ਜੋ ਕਰੇ ਸੋ ਪਰਵਾਨ।

ਤੀਜੀ-ਵੱਡੀ ਲੋੜ ਪੰਜਾਬ ਤੇ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਸਾਕੇ ਦੀ ਨਿਰਪੱਖ ਪੜਤਾਲ ਕਰਾਉਣ ਦੀ ਹੈ। ਸੰਸਾਰ ਭਰ ਵਿੱਚ ਐਸਾ ਵਾਤਾਵਰਨ ਬਣਾਇਆ ਜਾਵੇ ਕਿ ਇਥੇ ਸੱਚ ਉਘੜ ਕੇ ਬਾਹਰ ਆਵੇ। ਹੋਏ ਜ਼ੁਲਮਾਂ ਤੇ ਕੀਤੇ ਗਏ ਅੱਤਿਆਚਾਰਾਂ ਦਾ ਪਤਾ ਤਾਂ ਹੀ ਸਭ ਨੂੰ ਲੱਗ ਸਕੇਗਾ। ਅਜੇ ਤੱਕ ਤਾਂ ਸ਼ਹੀਦ ਹੋਏ ਸਿੰਘਾਂ ਦੇ ਨਾਮ ਤਕ ਦਾ ਪਤਾ ਨਹੀਂ ਲੱਗਾ। ਪੜਤਾਲੀਆ ਕਮੇਟੀ ਬਣਦੇ ਸਾਰ ਲੋਕੀਂ ਹਾਲਾਤ ਲਿਖਣ ਲੱਗ ਪੈਣਗੇ। ਪੂਰੀ ਅਦਾਲਤ ਲਗਾ ਕੇ ਬੈਠਣਾ ਚਾਹੀਦਾ ਹੈ। ਬੀਬੀ ਜੀ (ਹਿੰਦੁਸਤਾਨੀ ਰੇਡੀਓ ਤੇ ਟੀ.ਵੀ.) ਦੀ ਹਾ-ਹੂ ਵਿੱਚ ਸੱਚ ਦੱਬ ਕੇ ਨਾ ਰਹਿ ਜਾਏ। ਆਦਿ ਸੱਚ ਦਾ ਹੋਕਾ ਤਾਂ ਹੀ ਦਿੱਤਾ ਜਾ ਸਕੇਗਾ ਜੇ ਤੱਥ ਪਾਸ ਹੋਣਗੇ।

ਲੋਕਾ ਮਤ ਕੋ ਫਕੜਿ ਪਾਇ (ਪੰਨਾ 358)

ਦੀ ਆਵਾਜ਼ ਦੇਣੀ ਹੈ ਕਿ ਅਖ਼ਬਾਰਾਂ, ਦੂਰ-ਦਰਸ਼ਨ ਤੇ ਰੇਡਿਓ ਤੇ ਫੱਕੜ ਤੋਲ-ਤੋਲ ਕਿਵੇਂ ਬਚ ਨਿਕਲੇਂਗੀ? ਇਸ ਦੀਬਾਨੋਂ, ਜੇ ਝੂਠ ਬੋਲ-ਬੋਲ ਬਚ ਵੀ ਗਈ ਤਾਂ ਹਰਿ ਕੇ ਦੀਬਾਨੋਂ ਕਿਵੇਂ ਨਿਕਲ ਸਕੇਗੀ?

ਹਰਿ ਕੀ ਵਡਿਆਈ ਵਡੀ ਹੈ,

ਜਾ ਨਿਆਉ ਹੈ ਧਰਮ ਕਾ

ਵਿਰੋਧੀ ਪਾਰਟੀਆਂ ਨੂੰ ਸਮਝਾਉਣਾ ਹੈ ਕਿ ਉਹਨਾਂ, ਇੰਦਰਾ ਜਾਲ ਵਿੱਚ ਫਸ ਕੇ ਕੌਮ ਨੂੰ ਜ਼ਖ਼ਮੀ ਕਰਨ ਵਿੱਚ ਸਹਾਇਤਾ ਪਹੁੰਚਾਈ ਹੈ। ਹੁਣ ਨਾਂ ਅਜਿਹੀ ਚਾਲ ਵਿੱਚ ਆਉਣਾ। ਜਿਹੜੇ ਉਸ ਦੀ ਭਾਵਨਾ ਤਾੜ ਗਏ ਹਨ, ਉਹਨ੍ਹਾਂ ਨੂੰ ਨਾਲ ਲੈ ਕੇ ਟੁਰਨਾ ਹੈ।

ਚੌਥੇ-ਉਹਨਾਂ ਧਰਮੀ ਜਿਉੜਿਆਂ, ਜਿਨ੍ਹਾਂ ਧਰਮ ਦੀ ਹੋਈ ਹਾਨੀ ਸੁਣ ਕੇ, ਸੀਸ ਤਲੀ ‘ਤੇ ਲੈ ਕੇ ਫੌਜਾਂ ਵਿੱਚੋਂ ਸ੍ਰੀ ਅੰਮ੍ਰਿਤਸਰ ਵੱਲ ਭੱਜ ਉੱਠੇ, ਉਹਨਾਂ ਨੂੰ ਭਗੌੜੇ ਜਾਂ ਡਿਜ਼ਰਟਰ ਨਹੀਂ ਰਹਿਣ ਦੇਣਾ। ਜਿਸ ਧਾਰਮਿਕ ਜਜ਼ਬੇ ਤਹਿਤ ਉਹ ਦੇਸ਼ ਦੀ ਰਖਿਆ ਲਈ ਜੂਝਦੇ ਸਨ, ਉਹ ਹੀ ਕੁਚਲਿਆ ਜਾਣਾ ਸੁਣ, ਉਹ ਕਿਉਂ ਰੁਕਦੇ? ਇਹ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਦਾ ਮੱਕਾ ਢਾਹਿਆ ਜਾ ਰਹਿਆ ਹੋਵੇ, ਉਹ ਚੁਪ ਕੀਤੇ ਬੈਠਕਾਂ ਵਿੱਚ ਬੈਠੇ ਰਹਿਣ। ਉਹ ਧਰਮੀ ਜੀਊੜੇ ਆਪਣੇ ਆਪ ਨੂੰ ਫੌਜ ਦਾ ਅੰਗ ਕਿਵੇਂ ਕਹਿ ਸਕਦੇ ਸਨ। ਜੋ ਫੌਜ ਅੱਗੇ ਹੋ ਅਕਾਲ ਤਖ਼ਤ ਸ਼ਹੀਦੀ ਪੂਰਬ ਵਾਲੇ ਦਿਨ ਗਿਰਾ ਰਹੀ ਸੀ। ਉਹਨਾਂ ਸਭਨਾਂ ਦੀ ਰੱਖਿਆ ਰਿਆਇਤ ਲਈ ਮੈਦਾਨ ਤਿਆਰ ਕਰਨਾ ਹੈ। ਕਾਨੂੰਨੀ, ਇਖ਼ਲਾਕੀ ਤੇ ਪ੍ਰਬੰਧਕੀ ਸਹਾਇਤਾ ਪਹੁੰਚਾਉਣੀ ਹੈ।

ਪੰਜਵੇਂ-ਜਿਨ੍ਹਾਂ ‘ਤੇ ਸਪੈਸ਼ਲ ਕੋਰਟਾਂ ਵਿੱਚ ਬਗੈਰ ਸੁਣੇ, ਸਜ਼ਾਵਾਂ ਦੇਣ ਦਾ ਮਨਸੂਬਾ ਬਣਾਇਆ ਹੈ, ਉਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤਿ ਸਭਿ ਥੋਕ ਉਬਾਰੇ (ਪੰਨਾ 25) ਅਦਾਰਿਆਂ ਨੂੰ ਅੱਗੇ ਲਗਾ ਕੇ ਇਸ ਕਾਰਜ ਨੂੰ ਸੰਭਾਲਣਾ ਚਾਹੀਦਾ ਹੈ। ਦੇਵਨੇਤ ਨਾਲ ਸਭ ਹੱਥ ਲਿਖਤਾਂ ਦੀ ਸੂਚੀ ਸਾਡੇ ਪਾਸ ਹੈ। ਉਸ ਮੁਤਾਬਿਕ ਜਿੱਥੋਂ-ਜਿੱਥੋਂ ਹੱਥ-ਲਿਖਤਾਂ ਮਿਲਣ ਜਾਂ ਪਤਾ ਲੱਗਣ ਤੇ ਉਹਨਾਂ ਦੇ ਜ਼ੀਰੋਕਸ ਜਾਂ ਕਾਪੀਆਂ ਕਰਵਾ ਕੇ ਲਾਇਬਰੇਰੀ ਅਸਥਾਪਨ ਕਰਨੀ ਚਾਹੀਦੀ ਹੈ। ਬਾਕੀ ਪੁਸਤਕਾਂ ਲਈ ਸਭ ਪਾਸ ਅਪੀਲ ਹੋਵੇ ਤੇ ਉਹ ਸ੍ਰੀ ਅੰਮ੍ਰਿਤਸਰ ਪਹੁੰਚਾਉਣ। ਹੱਥ-ਲਿਖਤ ਬੀੜ, ਚੰਗੇ ਖੁਸ਼ਨਸੀਬ ਕੋਲੋਂ ਲਿਖਵਾ ਕੇ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਹੋਵੇ।

ਸੱਤਵੇਂ-ਇਹ ਨਹੀਂ ਭੁੱਲ ਜਾਣਾ ਕਿ ਇਹ ਧਰਮ ਯੁੱਧ ਦਾ ਮੋਰਚਾ ਸ਼ੁਰੂ ਹੋਇਆ ਸੀ ਆਪਣੇ ਹੱਕ ਲੈਣ ਲਈ ਅਤੇ ਕਹਿੰਦੀ ਨਹੀਂ ਥੱਕਦੀ ਸੀ ਸ੍ਰੀਮਤੀ ਫਿਰੋਜ਼ ਗਾਂਧੀ ਕਿ ਬੰਦੂਕ ਦੀ ਨਾਲੀ ਉਸ ਦੇ ਸਿਰ ਤੇ ਰੱਖ ਗੱਲ ਨਹੀਂ ਹੋ ਸਕਦੀ। ਉਸ ਨੇ ਸਾਡੀਆਂ ਛਾਤੀਆਂ ‘ਤੇ ਟੈਂਕ ਚਾੜ੍ਹ ਮੁਕਾਉਣ ਦੀ ਗੱਲ ਕੀਤੀ ਹੈ। ਇਹ ਕੌਮ ਨੂੰ ਸਮਝਾਉਣਾ ਹੈ। ਇਹ ਵੀ ਦ੍ਰਿੜ੍ਹ ਕਰਾਉਣਾ ਹੈ ਕਿ ਜੇ ਇਕੁ ਹੋਇ ਤਾਂ ਉਗਵੈ॥

ਇਹ ਰਵੋਗੇ ਤਾਂ ਹਰ ਚੀਜ਼ ਪਾ ਲਵੋਗੇ। ਦੁਫਾੜ ਹੋਇਆਂ ਗ਼ੈਰਾਂ ਨੇ ਹੀ ਸਿਰ ਚੜ੍ਹਨਾ ਹੈ। ਵਕਤ ਦੇ ਹਾਕਮਾਂ ਨੂੰ ਵੀ ਕਹਿ ਦੇਵੋ ਕਿ:

ਸੁਲਗ ਉਠੇਗਾ ਯਹ ਮਕਤਲ, ਪਿਘਲ ਜਾਂਇਗੀ ਯਹ ਜ਼ੰਜੀਰੇਂ।

ਅਭੀ ਵਾਕਿਫ ਨਹੀਂ ਤੁਮ,

ਗਰਮੀਏ ਖ਼ੂਨਿ ਸ਼ਹੀਦੋਂ ਸੇ।

ਅੰਤ ਵਿੱਚ ਸੰਸਾਰ ਪ੍ਰਸਿੱਧ ਇਤਿਹਾਸਕਾਰ ਚਾਰਲਸ ਬੀਯਰਡ ਦੀਆਂ ਉਹ ਚਾਰ ਸੱਤਰਾਂ ਲਿਖੀਆਂ ਹਨ ਜੋ ਉਸ ਨੇ ਸਮੁੱਚੇ ਇਤਿਹਾਸ ਨੂੰ ਵਰਣਨ ਕਰਦੇ ਲਿਖੀਆਂ ਸਨ। ਉਸ ਦਾ ਕਹਿਣਾ ਸੀ:

  1. ਜਿਸ ਨੂੰ ਵਾਹਿਗੁਰੂ ਨੇ ਤਬਾਹ ਕਰਨਾ ਹੁੰਦਾ ਹੈ ਉਸ ਨੂੰ ਪਹਿਲਾਂ ਤਾਕਤ ਦੇ ਨਸ਼ੇ ਵਿੱਚ ਪਾਗਲ ਬਣਾ ਦੇਂਦਾ ਹੈ।
  2. ਵਾਹਿਗੁਰੂ ਦੀ ਚੱਕੀ ਚਲਦੀ ਬੜੀ ਆਹਿਸਤਾ-ਆਹਿਸਤਾ ਹੈ, ਪਰ ਪੀਸਦੀ ਬੜਾ ਬਾਰੀਕ ਹੈ।
  3. ਸ਼ਹਿਦ ਦੀ ਮੱਖੀ ਜਿਸ ਫੁੱਲ ਦਾ ਰਸ ਚੂਸਦੀ ਹੈ ਉਸ ਦੇ ਪਰਾਗ (ਫੁੱਲ ਧੂੜ) ਨੂੰ ਆਪਣੇ ਖੰਭਾਂ ਵਿੱਚ ਸਮੋ ਦੂਰ-ਦੂਰ ਤੱਕ ਹੋਰ ਅਨੇਕਾਂ ਫੁੱਲ ਪੈਦਾ ਕਰਨ ਲਈ ਧਰਤੀ ‘ਤੇ ਖਲੇਰ ਦੇਂਦੀ ਹੈ।
  4. ਜਦ ਰਾਤ ਘੁੱਪ ਅਨ੍ਹੇਰੀ ਹੋ ਜਾਏ ਤਾਂ ਤਾਰਿਆਂ ਦੀ ਰੌਸ਼ਨੀ ਜ਼ਿਆਦਾ ਹੋ ਚਮਕਣ ਲੱਗ ਪੈਂਦੀ ਹੈ।

 

ਸਾਕਾ 1984 ਸੰਪਾਦਕ ਪ੍ਰਭਸ਼ਰਨਬੀਰ ਸਿੰਘ | Saka 1984 Sampadak PrabhSharanBir Singh

ਹਰਿਮੰਦਰ ਮੁਸਕ੍ਰਾਉਂਦਾ ਹੈ

ਕੁਲਬੀਰ ਸਿੰਘ ਕਾਂਗ

ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਨਗਰ ਦਾ ਵਾਸੀ ਹਾਂ, ਇੱਥੇ ਹੀ ਜੰਮਿਆ, ਪਲਿਆ ਤੇ ਪੜ੍ਹਿਆ ਹਾਂ। ਕਈ ਨਗਰਾਂ ਤੇ ਮਹਾਂ-ਨਗਰਾਂ ਦੀ ਧੂੜ ਫੱਕ ਕੇ ਅੱਜ ਕਲ੍ਹ ਫਿਰ ਆਪਣੇ ਨਗਰ ਇੱਥੇ ਹੀ ਆ ਵਸਿਆ ਹਾਂ।

ਹਰਿਮੰਦਰ (ਦਰਬਾਰ ਸਾਹਿਬ) ਇਸ ਨਗਰ ਦੀ ਚੂਲ ਹੈ। ਬਚਪਨ ਵਿੱਚ ਸਾਡਾ ਘਰ ਦਰਬਾਰ ਸਾਹਿਬ ਦੀ ਬਾਹਰਲੀ ਪ੍ਰਕਰਮਾ ਦੇ ਇੱਕ ਪੁਰਾਣੇ ਮਕਾਨ ਵਿੱਚ ਸੀ। ਸੁਰ੍ਹਾ ਸਵੇਰੇ, ਅੰਮ੍ਰਿਤ ਵੇਲੇ ਜਾਂ ਭਿੰਨੀ-ਰੈਨੜੀਏ ਸਮੇਂ ਜਦੋਂ ਰਾਗੀ ਸਿੰਘ ਪੱਕੇ ਰਾਗ ਵਿੱਚ ਗੁਰੂ ਸਾਹਿਬ ਜਾਂ ਕਿਸੇ ਭਗਤ ਦੀ ਬਾਣੀ ਦਾ ਗਾਇਨ ਸ਼ੁਰੂ ਕਰਦੇ ਤਾਂ ਤਬਲੇ ਉੱਤੇ ਕਿਸੇ ਪ੍ਰਬੀਨ ਕਲਾਕਾਰ ਦੀ ਪਹਿਲੀ ਟੁਣਕਾਰ ਨਾਲ ਹੀ ਮੇਰੀ ਨੀਂਦ ਟੁੱਟ ਜਾਂਦੀ ਸੀ। ਸਾਰਾ ਨਗਰ, ਨੀਂਦਰ ਦੀ ਮਿੱਠੀ ਲੋਰੀ ਵਿੱਚ ਸੁੱਤਾ ਹੁੰਦਾ! ਹਰਿਮੰਦਰ ਸਾਹਿਬ ਦੇ ਸਰੋਵਰ ਦੇ ਜਲ ਦੀਆਂ ਤਰੰਗਾਂ ਨੂੰ ਪਾਰ ਕਰਕੇ ਗੁਰਬਾਣੀ ਦੇ ਸੰਗੀਤ ਦੀਆਂ ਇਹ ਮਧੁਰ ਸੁਰਾਂ ਮੇਰੇ ਕੰਨ ਵਿੱਚ ਅਨਹਦ ਨਾਦ ਜਗਾ ਦੇਂਦੀਆਂ। ਉਸ ਵੇਲੇ ਘਰ ਵਿੱਚ ਦਾਦੀ ਜਾਂ ਮੇਰੇ ਪਿਤਾ ਵੀ ਜਾਗੇ ਹੁੰਦੇ ਜਾਂ ਬਿਸਤਰੇ ਵਿੱਚ ਲੇਟੇ ਹੀ ਇਸ ਅਮਰ ਵਾਣੀ ਨੂੰ ਮਾਣਦੇ ਸਨ। ਮੈਂ ਕਈ ਵਾਰ ਚੌਂਕੜੀ ਮਾਰ ਕੇ ਮੰਜੀ ‘ਤੇ ਬਹਿ ਜਾਂਦਾ ਜਾਂ ਮੇਰਾ ਦਿਲ ਕਰਦਾ ਕਿ ਝੱਟ- ਪੱਟ ਮੂੰਹ-ਹੱਥ ਧੋ ਕੇ ਸਰੋਵਰ ਦੀਆਂ ਲਹਿਰਾਂ ਉੱਤੇ ਤਰਦੇ ਹਰਿਮੰਦਰ ਦੇ ਅੰਦਰ ਜਾ ਬੈਠਾਂ। ਪਰ ਫਿਰ ਇਸ ਖ਼ਿਆਲ ਨਾਲ ਮਨ ਵਿੱਚ ਸੰਤਾਪ ਜਾਗਦਾ ਕਿ ਸਰੋਵਰ ਦੀਆਂ ਲਹਿਰਾਂ ਨੂੰ ਪਾਰ ਕਰ ਕੇ ਹਰਿਮੰਦਰ ਜਾਣਾ ਕਿੰਨਾ ਬੁਰਾ ਲੱਗੇਗਾ।

ਹੇਠਾਂ ਗਲੀ ਵਿੱਚ, ਸਾਡੇ ਘਰ ਦੇ ਕੋਲ ਹੀ ਉੱਚੀ ਮਣ ਵਾਲੇ ਖੂਹ ਉੱਤੇ ਬਾਬਾ ਭਗਤ ਸਿੰਘ ਖੂਹ ਵਿੱਚੋਂ ਡੋਲ ਕੱਢ ਕੱਢ ਕੇ ਪਿੰਡੇ ‘ਤੇ ਪਾਈ ਜਾਂਦਾ ਅਤੇ ਨਾਲ-ਨਾਲ ਹੀ ਗੁਰੂ ਗੋਬਿੰਦ ਸਿੰਘ ਦੀ ਮਹਾਂ-ਬਾਣੀ ‘ਜਾਪੁ ਸਾਹਿਬ’ ਦਾ ਪਾਠ ਵੀ ਕਰੀ ਜਾਂਦਾ ਸੀ। ਬਾਬਾ ਭਗਤ ਸਿੰਘ ਬਹੁਤ ਵੱਡਾ ਭੰਗੜ ਵੀ ਸੀ। ਉਹ ਸਾਡੇ ਇਸ ਖੂਹ ਉੱਤੇ ਬਣੇ, ਇੱਕ ਨਿੱਕੇ ਜਿਹੇ ਕਮਰੇ ਵਿੱਚ ਇੱਕ ਰੁਪਿਆ ਮਹੀਨਾ ਕਿਰਾਏ ‘ਤੇ ਰਹਿੰਦਾ ਸੀ, ਕਿਰਾਇਆ ਵੀ ਉਨ੍ਹਾਂ ਦਿਨਾਂ ਵਿੱਚ ਕੌਣ ਦੇਂਦਾ ਸੀ। ਨਿਰਮਲਾ ਸਾਧ ਸੀ, ਸਾਰੀ ਉਮਰ ਬਿਨਾਂ ਵਿਆਹ ਕੀਤਿਆਂ ਬਿਤਾ ਦਿੱਤੀ ਸੀ। ਉਦੋਂ ਉਹ ਅੱਧ-ਖੜ੍ਹ ਸੀ। ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਬਾਅਦ ‘ਜਾਪੁ ਸਾਹਿਬ’ ਦਾ ਪਾਠ ਸੰਪੂਰਨ ਕਰ ਕੇ-ਹਰਿਮੰਦਰ ਸਾਹਿਬ ਦੀ ਹਜ਼ੂਰੀ ਭਰਨਾ ਤੇ ਫਿਰ ਵਾਪਸ ਆ ਕੇ ਉੱਚੀ ਆਵਾਜ਼ ਵਿਚ ਕਹਿੰਦਾ, ‘ਜਾਗੋ, ਬਈ ਓ, ਗੁਰੂ ਸਾਹਿਬ ਬੁਲਾ ਰਹੇ ਨੇ!’ ਫਿਰ ਚੌੜੀ ਜਿਹੀ ਦੌਰੀ ਵਿੱਚ, ਸਾਰੀ ਸਮੱਗਰੀ ਪਾ ਕੇ, ਹੇਠੋਂ ਪਤਲੇ ਤੇ ਉਪਰੋਂ ਮੋਟੇ ਘੋਟਣੇ ਨਾਲ ਸੁਖ-ਨਿਧਾਨ ਘੋਟਣਾ ਸ਼ੁਰੂ ਕਰ ਦੇਂਦਾ, ਘੋਟਣੇ ਨਾਲ ਲੱਗੇ ਘੁੰਗਰੂਆਂ ਦੀ ਮਧੁਰ ਆਵਾਜ਼ ਨਾਲ ਵੀ ਉਹ ਬਾਣੀ ਪੜ੍ਹੀ ਜਾਂਦਾ। ਸੁੱਖ-ਨਿਧਾਨ ਦੀ ਮੁਕੰਮਲ ਤਿਆਰੀ ਬਾਅਦ ਉਹ ਇਸ ਵੱਡੇ ਸਾਰੇ ਗੋਲੇ ਨੂੰ ਗਿੱਲੇ ਪਰਨੇ ਵਿੱਚ ਲਪੇਟ ਲੈਂਦਾ। ਦਸਮ-ਗੁਰੂ ਦੀ ਅਰਦਾਸ ਕਰ ਕੇ ਪਹਿਲਾ ਛਾਂਦਾ ਆਪ ਛਕਦਾ, ਫਿਰ ਸਾਰੀ ਦਿਹਾੜੀ ਆਏ ਗਏ ਸਾਧੂ-ਮਲੰਗ ਦੀ ਸੇਵਾ ਵੀ ਕਰਦਾ। ਪ੍ਰਸ਼ਾਦ-ਪਾਣੀ ਦੀ ਉਸ ਨੂੰ ਕਦੀ ਤੋਟ ਨਹੀਂ ਸੀ ਆਈ।

ਹਰਿਮੰਦਰ ਦਾ ਇਹ ਅੰਮ੍ਰਿਤ ਵੇਲਾ ਮੇਰੇ ਮਨ ਦੇ ਸੰਸਕਾਰਾਂ ਨਾਲ ਅਜਿਹਾ ਜੁੜਿਆ ਹੈ ਕਿ ਮੈਂ ਇਸ ਨਾਲੋਂ ਕਦੀ ਵੀ ਟੁੱਟ ਨਹੀਂ ਸਕਾਂਗਾ। ਅੱਜ- ਕਲ੍ਹ ਤਾਂ ਹਰਿਮੰਦਰ ਸਾਹਿਬ ਦਾ ਕੀਰਤਨ ਸਵੇਰੇ 4-30 ਵਜੇ ਹੀ ਘਰ ਘਰ ਸੁਣਿਆ ਜਾ ਸਕਦਾ ਹੈ, ਪਰ ਉਦੋਂ ਉਸ ਮਾਹੌਲ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੇ ਪ੍ਰਕਾਸ਼ ਤੱਕ ਸੰਗਤਾਂ ਦੇ ਨਾਲ ਨਾਲ ਤੁਰਨ ਵਿੱਚ ਇੱਕ ਅਲਾਹੀ ਆਨੰਦ ਸੀ। ਰੁਪਹਿਲੀ ਪਾਲਕੀ ਸਾਹਿਬ ਵਿੱਚ ਬਾਬਾ ਜੀ ਦੀ ਬੀੜ ਬਿਰਾਜਮਾਨ ਹੁੰਦੀ ਸੀ। ਪਾਲਕੀ ਦੀ ਬਾਹੀ ਨੂੰ ਮੋਢੇ ਦਾ ਆਸਰਾ ਦੇਣ ਲਈ ਹਰ ਕੋਈ ਅੱਗੇ ਹੋ ਹੋ ਸੇਵਾ ਦਾ ਮੌਕਾ ਭਾਲਦਾ। ਸ਼ਹਿਰ ਦੇ ਬਹੁਤ ਪੁਰਾਣੇ ਵਸਨੀਕ ਘਰਾਣਿਆਂ ਦੇ ਹਿੰਦੂ- ਸਿੱਖ ਇਹ ਸੇਵਾ ਨਿਸ਼ਕਾਮ ਭਾਵ ਨਾਲ ਕਰਦੇ ਸਨ। ਪਹਿਲੀ ਚੌਕੀ ਦਾ ਜੱਥਾ ਅੱਗੇ ਅੱਗੇ ਸ਼ਬਦ ਨੂੰ ਦੁਹਰਾਈ ਜਾਂਦਾ। ਅੰਦਰਲੇ ਹਰਿਮੰਦਰ ਦੇ ਪ੍ਰਵੇਸ ਦਵਾਰ ਉੱਤੇ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਸਵਾਗਤ ਵਜੋਂ ਕੀਰਤਨੀਏ ਸਿੰਘ ਖ਼ਾਮੋਸ਼ ਹੋ ਜਾਂਦੇ, ਫਿਰ ਮਹਾਰਾਜ ਦਾ ਸਿੰਘਾਸਣ ਸਜਾਉਣ ਤੱਕ ਸਾਰੀ ਸੰਗਤ ਰਲ ਕੇ ਸ਼ਬਦ ਪੜ੍ਹਦੀ। ਉਨ੍ਹਾਂ ਦਿਨਾਂ ਵਿੱਚ ਇੱਕ ਅਰਦਾਸੀਆ ਸਿੰਘ ਸਾਹਿਬ ਸਨ: ਭਾਈ ਨਿੱਕਾ ਸਿੰਘ ਉਨ੍ਹਾਂ ਵਰਗੀ ਅਰਦਾਸ ਮੈਂ ਅੱਜ ਤੱਕ ਨਹੀਂ ਸੁਣੀ। ਅੰਮ੍ਰਿਤ ਵੇਲੇ ਦੀ ਸੁਗੰਧ-ਸੁਮੀਰ ਦੀ ਫ਼ਿਜ਼ਾ ਵਿੱਚ ਜਦੋਂ ਉਨ੍ਹਾਂ ਦੀ ਬੁਲੰਦ ਆਵਾਜ਼ ਗੂੰਜਦੀ : ‘ਬੋਲਣਾ ਜੀ, ਸ੍ਰੀ ਵਾਹਿਗੁਰੂ-ਸ੍ਰੀ ਵਾਹਿਗੁਰੂ।’ ਤਾਂ ਸਰੀਰ ਦਾ ਰੋਮ-ਰੋਮ ਖਿਲ ਜਾਂਦਾ। ਮੈਂ ਪਾਲਕੀ ਸਾਹਿਬ ਦੀ ਸੇਵਾ ਵਿਚ ਬਹੁਤ ਘਟ ਵਾਰ ਸ਼ਾਮਲ ਹੋਇਆ ਸਾਂ, ਪਰ ਗਰਮੀਆਂ ਦੀ ਭਿੰਨੀ ਸਵੇਰ ਸਮੇਂ, ਮੈਂ ਮੰਜੇ ‘ਤੇ ਪਿਆ ਜਾਂ ਚੌਂਕੜੀ ਮਾਰ ਕੇ ਬੈਠਾ ਸਭ ਕੁਝ ਸਾਹਮਣੇ ਹੁੰਦਾ ਮਹਿਸੂਸ ਕਰਦਾ ਸਾਂ। ਇਸ ਸਮੇਂ ਨੂੰ ਅੰਮ੍ਰਿਤਸਰ ਵਿੱਚ ਹਰ ਕੋਈ ਮਾਣਦਾ ਸੀ। ਹਰਿਮੰਦਰ ਸਾਹਿਬ ਦੀ ਇਸ ਪਰੰਪਰਾ ਵਿੱਚ ਭਾਰਤ ਦੇ ਅਨੇਕਾਂ ਧਰਮਾਂ ਦੀਆਂ ਰਵਾਇਤਾਂ ਦਾ ਮਿਸ਼ਰਣ ਹੈ, ਇਸੇ ਕਾਰਣ ਕੋਈਵੀ ਭਾਰਤੀ ਇਸ ਸਮੇਂ ਹਾਜ਼ਰ ਹੋ ਕੇ ਇਹੀ ਭਾਵ ਮਹਿਸੂਸ ਕਰੇਗਾ। ਮਹਾਂ-ਕਵੀ ਰਵਿੰਦਰ ਨਾਥ ਠਾਕੁਰ ਇੱਕ ਮਹੀਨਾ ਅੰਮ੍ਰਿਤਸਰ ਰਹੇ ਸਨ; ਤਾਂ ਇਸ ਅੰਮ੍ਰਿਤ ਵੇਲੇ ਦੇ ਆਨੰਦ ਬਾਰੇ ਉਨ੍ਹਾਂ ਨੇ ਵੀ ਜ਼ਿਕਰ ਕੀਤਾ ਹੈ, ਖਾਸ ਕਰ ਕੇ ‘ਸੁਖਮਨੀ ਸਾਹਿਬ’ ਬਾਣੀ ਦੀ ਬਹੁਤ ਮਹਿਮਾ ਕਹੀ ਹੈ। ਮੇਰਾ ਨਿੱਜੀ ਵਿਸ਼ਵਾਸ ਹੈ-ਅਤੇ ਇਹ ਵਿਸ਼ਵਾਸ ਮੈਂ ਕਈਆਂ ਨਾਲ ਸਾਂਝਾ ਵੀ ਕਰ ਚੁੱਕਾ ਹਾਂ- ਕਿ ‘ਗੀਤਾਂਜਲੀ’ ਦੀ ਰਚਨਾ ਸਮੇਂ ਰਵੀ ਬਾਬੂ ਜੀ ਦੇ ਮਨ ਉੱਤੇ ਗੁਰਬਾਣੀ ਦੇ ਵਿਸਮਾਦ ਦਾ ਪ੍ਰਭਾਵ ਸੀ-ਉਨ੍ਹਾਂ ਦੇ ਅਨੇਕਾਂ ਗੀਤਾਂ ਵਿਚੋਂ ‘ਸੁਖਮਨੀ’ ਦੀ ਭਾਹ ਮਿਲਦੀ ਹੈ।

ਹਰਿਮੰਦਰ ਦੇ ਅੰਮ੍ਰਿਤ ਵੇਲੇ ਦੇ ਆਨੰਦ ਬਾਰੇ ਮੈਂ ਅੱਜ ਤੱਕ ਵਿਸਮਾਦਿਤ ਹਾਂ। ਕੇਵਲ ਜੂਨ 84 ਵਿੱਚ ਮਨ ਬਹੁਤ ਦੁਖੀ ਹੋਇਆ ਸੀ। ਉਦੋਂ ਸਾਰਾ ਪੰਜਾਬ ਅਤੇ ਖਾਸ ਕਰ ਕੇ ਅਸੀਂ ਅੰਮ੍ਰਿਤਸਰ ਦੇ ਵਸਨੀਕ ਤਾਂ ਦੁਨੀਆਂ ਨਾਲੋਂ ਟੁੱਟ ਹੀ ਗਏ ਸਾਂ। ਛੇ ਜੂਨ ਦੀ ਸਵੇਰ, ਮੇਰੀ ਬਿਰਧ ਮਾਤਾ ਕਰਫ਼ਿਊ ਦੇ ਸਿਪਾਹੀਆਂ ਤੋਂ ਬਚਦੀ ਬਚਾਉਂਦੀ ਜਾਂ ਮਿੰਨਤ-ਤਰਲਾ ਕਰਦੀ ਹੋਈ ਅਜੀਤ ਨਗਰੋਂ, ਮੇਰੇ ਘਰ ਆਜ਼ਾਦ ਨਗਰ ਪਹੁੰਚ ਗਈ, ਉਸ ਦਾ ਪਹਿਲਾ ਵਾਕ ਤਾਂ ਸੰਤਾਂ ਬਾਰੇ ਸੀ ਪਰ ਜਦੋਂ ਉਸ ਨੇ ਕਿਹਾ ਕਿ ‘ਦਰਬਾਰ ਸਾਹਿਬ ਵੀ ਢਹਿ-ਢੇਰੀਕਰ ਦਿੱਤਾ ਨੇ।’ ਤਾਂ ਮੇਰੇ ਹੰਝੂ ਠਲ੍ਹੇ ਨਹੀਂ ਸਨ ਗਏ। ਮੈਂ ਉਦੋਂ ਵੀ ਕਿਹਾ ਸੀ:

‘ਬੀਬੀ ਜੀ, ਕਦੀ ਹਰਿਮੰਦਰ ਵੀ ਢੱਠੇ ਨੇ। ਇੱਟਾਂ, ਚੂਨਾ, ਸੰਗਮਰਮਰ ਤੇ ਸੋਨੇ ਨਾਲ ਹੀ ਹਰਿਮੰਦਰ ਨਹੀਂ ਬਣਦਾ। ਹਰਿਮੰਦਰ ਤਾਂ ਮੇਰੇ ਮਨ ਵਿੱਚ ਵਸਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਭੁੱਲ ਗਈ ਏਂ?’ ‘ਮਨ ਮੰਦਰ ਤਨ ਵੇਸ ਕਲੰਦਰ, ਘਟਿ ਹੀ ਤੀਰਥ ਨਾਵਾ।। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹੁੜਿ ਜਨਮ ਨਾ ਆਵਾ॥

ਪਰ ਭੋਲੀ ਮਾਂ ਇਹ ਗੱਲ ਸਮਝ ਕੇ ਵੀ ਦੁਖੀ ਸੀ। ਜਿਸ ਹਰਿਮੰਦਰ ਦੀਆਂ ਪ੍ਰੀਕਰਮਾਂ ਵਿਚ ਸਾਡਾ ਬਾਲਪਣ ਬੀਤਿਆ ਹੋਵੇ, ਜਿਸ ਦੇ ਸਰੋਵਰ ਦੀ ਗੋਦ ਵਿੱਚ ਬੈਠ ਕੇ ਸ਼ੀਤਲਤਾ ਮਾਣੀ ਹੋਣੇ, ਉਸ ਬਾਰੇ ਕੋਈ ਵੀ ਸੋਗੀ ਖ਼ਬਰ ਸਾਨੂੰ ਸਭ ਨੂੰ ਦੁਖੀ ਕਰ ਸਕਦੀ ਹੈ। ਫਲਸਫਾ ਹੋਰ ਹੈ, ਭਾਵੁਕਤਾ ਹੋਰ। ਹਰਿਮੰਦਰ ਕਾਇਮ ਸੀ, ਅੱਜ ਵੀ ਉਸੇ ਸ਼ਾਨ ਨਾਲ ਉਸ ਦੇ ਕੇਸਰੀ ਨਿਸ਼ਾਨ ਸਾਹਿਬ ਠਾਠਾਂ ਮਾਰਦੀ ਪੌਣ ਵਿੱਚ ਲਹਿਰਾ ਰਹੇ ਨੇ।

ਹਰਿਮੰਦਰ ਸਾਹਿਬ ਵਿੱਚ ਮੇਰੀ ਜੀਵਨ-ਪ੍ਰੇਰਣਾ ਦਾ ਦੂਜਾ ਸ੍ਰੋਤ ਉਹ ਸ਼ਾਮ ਵੇਲਾ ਹੁੰਦਾ ਸੀ, ਜਦੋਂ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ‘ਰਹਿਰਾਸ’ ਅਤੇ ‘ਅਰਦਾਸ’ ਤੋਂ ਮਗਰੋਂ ਮੱਧ-ਕਾਲੀ ਯੋਧਿਆਂ, ਸਾਹਿਬਜ਼ਾਦਿਆਂ ਤੇ ਗੁਰੂ ਸਾਹਿਬ ਦੇ ਨਿੱਜੀ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਸਨ। ਪਹਿਲਾਂ ਅਕਾਲ ਤਖ਼ਤ ਦੇ ਪਵਿੱਤਰ ਆਂਗਣ ਦੀ ਸੇਵਾ ਕਰਦੇ, ਉੱਥੇ ਕੀਰਤਨ ਹੁੰਦਾ ਸੀ। ਭਾਈ ਨਾਹਰ ਸਿੰਘ ਬੜਾ ਉੱਚਾ ਲੰਮਾ ਤੇ ਜਵਾਨ ਤਬਲਚੀ ਸੀ। ਉਸ ਦੇ ਭਾਰੇ ਹੱਥਾਂ ਵਿੱਚ ਜੋੜੀ ਦੇ ਦੋਵੇਂ ਤਬਲੇ ਖਿਡਾਉਣੇ ਜਾਪਦੇ ਸਨ। ਇੱਕ ਅੰਨ੍ਹਾ ਭਾਈ ਸਾਰੰਗੀ ਵਜਾਉਂਦਾ ਸੀ, ਦੋ ਰਾਗੀ ਸਿੰਘ ਹਾਰਮੋਨੀਅਮ ‘ਤੇ ਸ਼ਬਦ ਗਾਂਵਦੇ। ਉਨ੍ਹਾਂ ਦਾ ਇਹ ਜਥਾ ਰਾਗ ਤੇ ਆਨੰਦ ਦੇ ਪੱਖੋਂ ਬਹੁਤਾ ਕਲਾਵੰਤ ਨਹੀਂ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਜ਼ੂਰੀ ਰਾਗੀ-ਜਥਾ ਹੋਣ ਕਰ ਕੇ ਲੋਕ ਇਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। ਇੱਥੇ ਅਰਦਾਸ ਤੋਂ ਬਾਅਦ, ਵਾਕ ਲਿਆ ਜਾਂਦਾ।

ਫਿਰ ਕੁਝ ਲੋਕ ਸੰਗਮਰਮਰ ਦੀਆਂ ਪੋੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਦੇ ਛੋਟੇ ਜਿਹੇ ਮਰਮਰੀ ਆਂਗਣ ਵਿੱਚ ਇਕੱਤਰ ਹੋ ਜਾਂਦੇ। ਭਾਰੇ ਜਿਹੇ ਸਰੀਰ ਦਾ ਇੱਕ ਜਥੇਦਾਰ, ਪਹਿਲਾਂ (ਹਰ ਰੋਜ਼ ਵਾਂਗ) ਪ੍ਰਾਚੀਨ ਹਥਿਆਰਾਂ ਤੇ ਸ਼ਹੀਦਾਂ ਦੀ ਮਹਾਨਤਾ ਬਾਰੇ 15-20 ਫਿਕਰੇ ਬੋਲਦਾ, ਫਿਰ ਸ਼ਸਤਰਾਂ ਦਾ ਪ੍ਰਦਰਸ਼ਨ ਸ਼ੁਰੂ ਹੁੰਦਾ। ਇੱਕ ਸੁਨਹਿਰੀ ਚਬੂਤਰੇ ਵਿੱਚੋਂ ਵਾਰ ਵਾਰ ਹਰ ਸ਼ਸਤਰ ਨੂੰ ਪਹਿਲਾਂ ਇੱਕ ਸ੍ਵਛ ਜਿਹੇ ਵਸਤਰ ਨਾਲ ਸਾਫ਼ ਕਰ ਕੇ ਉਸ ਸ਼ਸਤਰ ਦੀ ਮਹਾਨਤਾ ਅਤੇ ਸੰਬੰਧਿਤ ਯੋਧੇ ਦਾ ਜ਼ਿਕਰ ਕੀਤਾ ਜਾਂਦਾ। ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਸੁਨਹਿਰੀ ਤੀਰਾਂ ਦੀ ਵਾਰੀ ਆਉਂਦੀ ਤਾਂ ਜਥੇਦਾਰ ਜੀ ਕਹਿੰਦੇ, ‘ਗੱਜ ਕੇ ਬੋਲੋ ਸ੍ਰੀ ਵਾਹਿਗੁਰੂ, ਇਹ ਤੀਰਾਂ ਦਾ ਜੋੜਾ ਸਾਹਿਬ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਦਾ ਹੈ। ਗੁਰੂ ਸਾਹਿਬ ਦੇ ਹਰ ਤੀਰ ਨਾਲ ਤੋਲਾ ਤੋਲਾ ਸੋਨਾ ਲਗਿਆ ਹੁੰਦਾ ਸੀ, ਤਾਂ ਜੁ ਜ਼ਖ਼ਮੀ ਦਾ ਇਲਾਜ ਵੀ ਹੋ ਸਕੇ। ਸੁਣ ਕੇ ਇਹ ਗੱਲ ਕੁਝ ਅਤਿ-ਕਥਨੀ ਲੱਗਦੀ, ਪਰ ਅਸੀਂ ਇਹ ਅੰਦਾਜ਼ਾ ਲਗਾ ਲੈਂਦੇ ਸਾਂ ਕਿ ਅਜਿਹੇ ਕੁਝ ਕੁ ਹੀ ਤੀਰ ਮਹਾਰਾਜ ਨੇ ਉਚੇਚੇ ਬਣਵਾਏ ਹੋਣਗੇ, ਵਰਨਾ ਜੰਗ ਵਿੱਚ ਇਹ ਦਯਾ-ਭਾਵ ਕਿਸੇ ਪੱਖੋਂ ਵੀ ਜਾਇਜ਼ ਨਹੀਂ ਸੀ। ਬਾਬਾ ਦੀਪ ਸਿੰਘ, ਮਹਾਨ ਸ਼ਹੀਦ, ਦੇ ਸ਼ਸਤਰਾਂ ਬਾਅਦ ਭੋਗ ਪੈ ਜਾਂਦਾ ਅਤੇ ਸਾਨੂੰ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਵੀ ਦਿੱਤੇ ਜਾਂਦੇ। ਸ਼ਸਤਰਾਂ ਦੀ ਇਹ ਰੋਜ਼ਾਨਾ ਪ੍ਰਦਰਸ਼ਨੀ ਮੇਰੇ ਅੰਦਰ ਇਹ ਭਾਵਨਾ ਪੈਦਾ ਕਰਦੀ ਗਈ ਕਿ ਜ਼ੁਲਮ ਅੱਗੇ ਨਹੀਂ ਝੁਕਣਾ, ਸੱਚ ਦੀ ਖ਼ਾਤਰ ਮਰ ਜਾਣਾ ਹੀ ਅਸਲ ਸ਼ਹਾਦਤ ਹੈ। ਹਰਿਮੰਦਰ ਸਾਹਿਬ ਦਾ ਇਹ ਸ਼ਾਮ ਵੇਲਾ ਸੈਂਕੜੇ ਹਜ਼ਾਰਾ ਲੋਕਾਂ ਲਈ ਸਵਰਗ ਦਾ ਝੂਟਾ ਸੀ-ਕਿਉਂਕਿ ਉਦੋਂ ਅੰਮ੍ਰਿਤਸਰ ਦੇ ਲੋਕ ਘਰੋਂ ਪ੍ਰਸ਼ਾਦੇ ਪਕਾ ਕੇ ਲਿਆਉਂਦੇ ਸਨ ਤੇ ਅਕਾਲ ਤਖ਼ਤ ਸਾਹਿਬ ਸਾਹਵੇਂ ਬਣੇ ਦੀਵਾਨ ਸਥਾਨ ਵਿਚ ਬੈਠ ਕੇ ਪਰਿਵਾਰਾਂ ਸਮੇਤ ਪ੍ਰਸ਼ਾਦੇ ਛਕਦੇ। ਫਿਰ ਦੋ ਚਾਰ ਪ੍ਰਕਰਮਾ ਕੀਤੀਆਂ ਜਾਂਦੀਆ। ਇੰਨੇ ਨੂੰ ਚੌਕ ਸਾਹਿਬ ਦਾ ਸਮਾਂ ਹੋ ਜਾਂਦਾ। ਮੈਨੂੰ ਉਸ ਸਮੇਂ ਦੀ ਚੌਕੀ ਸਾਹਿਬ ਦਾ ਇੱਕ ਬੋਲਾ ਸਿੰਘ ਕਦੀ ਨਹੀਂ ਭੁੱਲ ਸਕਦਾ। ਉਹ ਕਿਸੇ ਹੋਰ ਹੀ ਪ੍ਰਾਂਤ ਤੋਂ ਦਰਸ਼ਨਾਂ ਲਈ ਆਇਆ ਇੱਥੇ ਸਿੰਘ ਸੱਜ ਗਿਆ ਸੀ।

ਉਹ ਚਿੱਟੇ ਕਪੜਿਆਂ ਵਿੱਚ ਮਬਲੂਸ, ਨੀਲੀ ਪੱਗ ਬੱਧੀ, ਹੱਥ ਵਿੱਚ ਚਾਂਦੀ ਦੀ ਚੋਬ ਫੜ ਕੇ ਚੌਕੀ ਸਾਹਿਬ ਦੇ ਅੱਗੇ ਅੱਗੇ ਤੁਰੀ ਜਾਂਦਾ ਅਤੇ ਹਰ ਬੈਠੇ ਸੱਜਣ ਨੂੰ ਬੜੀ ਉੱਚੀ ਆਵਾਜ਼ ਵਿੱਚ ਕਹਿੰਦਾ, ‘ਉਠੋ ਪਿਆਰਿਓ, ਚੌਕੀ ਸਾਹਿਬ ਆ ਰਹੀ ਹੈ। ਬੋਲਾ ਹੋਣ ਕਰ ਕੇ ਉਹ ਬਹੁਤ ਉੱਚੀ ਬੋਲਦਾ ਸੀ। ਇੱਕ ਦੋ-ਵਾਰ, ਬਾਲ- ਵਰੇਸ ਸਮੇਂ ਮੈਂ ਉਸ ਦੀ ਆਵਾਜ਼ ਦੀ ਨਕਲ ਲਾਹੀ। ਉਹ ਚਾਂਦੀ ਦਾ ਡੰਡਾ (ਚੋਬ) ਲੈ ਕੇ ਮੇਰੇ ਮਗਰ ਭੱਜਿਆ, ਮੈਨੂੰ ਬੜਾ ਡਰ ਲੱਗਾ, ਬੜੀ ਮੁਸ਼ਕਲ ਨਾਲ ਮੇਰੀ ਦਾਦੀ ਨੇ ਉਸ ਤੋਂ ਮੁਆਫ਼ੀ ਮੰਗ ਕੇ ਮੇਰੀ ਜਾਨ-ਬਖ਼ਸ਼ੀ ਕਰਾਈ। ਉਹ ਬੜਾ ਭਲਾ ਸਮਾਂ ਸੀ-ਦਰਬਾਰ ਸਾਹਿਬ (ਸ੍ਰੀ ਹਰਿਮੰਦਰ) ਪੰਜਾਬ ਦੀ ਸਾਂਝੀ ਕਲਚਰ ਦਾ ਅਤਿ ਉੱਤਮ ਨਮੂਨਾ ਸੀ, ਅੱਜ ਵੀ ਹੈ। ਕੁਝ ਵਕਤੀ ਦੌਰ ਆਉਂਦੇ ਹਨ, ਇਹ ਵੀ ਟੁਰ ਜਾਣਗੇ।

ਹਰਿਮੰਦਰ ਤੇ ਅਕਾਲ ਤਖ਼ਤ ਸਦਾ ਮੁਸਕ੍ਰਾਂਦੇ ਹਨ। ਭੋਲੇ ਇਨਸਾਨ ਇਹ ਸਮਝਦੇ ਹਨ ਕਿ ਕਿਸੇ ਦੁਸ਼ਟ ਦੇ ਤੋੜਿਆਂ ਇਹ ਟੁੱਟ ਜਾਂਦੇ ਹਨ। ਇਹ ਤਾਂ ਸਾਡੇ ਮਨਾਂ ਵਿੱਚ ਵੱਸਦੇ ਹਨ।

ਮੈਨੂੰ ਯਾਦ ਹੈ, ਜਦ ਮੈਂ 16 ਜੂਨ (1984) ਨੂੰ ਕਰਫਿਊ ਖ਼ਤਮ ਹੋਣ ‘ਤੇ ਸ੍ਰੀ ਹਰਿਮੰਦਰ ਸਾਹਿਬ ਗਿਆ, ਤਾਂ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀ ਮੁਰੰਮਤ ਹੋ ਰਹੀ ਸੀ। ਸੱਜੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਜਰੂਰ ਸਨ। ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਡਿਉਢੀ ਦੇ ਵਿਚਕਾਰ ਖਲੋਤਿਆਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸਨ-ਪਰ ਉਦੋਂ ਹੀ ਮੈਨੂੰ ਇੱਕ ਗ਼ੈਬੀ ਆਵਾਜ਼ ਸੁਣਾਈ ਦਿੱਤੀ, ਇਹ ਦੂਜੀ ਵਾਰ ਸੀ ਜਦੋਂ ਮੈਨੂੰ ਇਸ ਪ੍ਰਕਾਰ ਦਾ ਕਲਪਿਤ ਅਹਿਸਾਸ ਹੋਇਆ, ਤਿੰਨ ਮਹਾਂ ਪੁਰਸ਼ਾਂ ਦੀ ਸਾਂਝੀ ਆਵਾਜ਼, (ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਅਤੇ ਸਾਈਂ ਮੀਆਂ ਮੀਰ) ਉਹ ਬੋਲ ਸਨ, ‘ਕਲਮਕਾਰ ਬੇਟਾ, ਉਦਾਸ ਨਾ ਹੋ, ਅਸੀਂ ਜਿਸ ਏਕਤਾ ਦੇ ਮੰਦਰ ਦੀ ਨੀਂਹ ਰੱਖੀ ਸੀ, ਉਹ ਸਦਾ ਕਾਇਮ ਹੈ। ਇਸ ਨੂੰ ਦੁਨਿਆਵੀ ਸ਼ਕਤੀਆਂ ਤੋੜ ਭਾਵੇਂ ਲੈਣ, ਪਰ ਇਸ ਮੰਦਰ ਦੀ ਰੂਹ ਸਦੀਵੀਂ ਹੈ। ਇਸ ਦਾ ਸੰਦੇਸ਼ ਸਦੀਵੀ ਹੈ। ਮਨ ਨੂੰ ਪੱਕਾ ਰੱਖੋ, ਵਿਤ ਮੂਜਬ ਕਲਮ ਨਾਲ ਹੀ ਸੇਵਾ ਜਾਰੀ ਰੱਖੋ। ਇਸ ਵਿੱਚੋਂ ਹੀ ਤੁਹਾਨੂੰ ਹਰਿਮੰਦਰ ਨਜ਼ਰ ਆਵੇਗਾ।

ਪਦਮ ਸ਼੍ਰੀ ਦੀ ਵਾਪਸੀ

ਪੂਰਨ ਸਿੰਘ ਭਗਤ

ਸੇਵਾ ਵਿਖੇ,

ਰਾਸ਼ਟਰਪਤੀ ਭਾਰਤ,

ਰਾਸ਼ਟਰਪਤੀ ਭਵਨ,

ਦਿੱਲੀ।

ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁੱਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉੱਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ‘ਤੇ ਪਿਆ ਹੈ ਉਹ ਆਪਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿੱਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ।

  1. ਸ੍ਰੀ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ‘ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇੱਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
  2. ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ, ਇਸਤਰੀਆਂ, ਮਰਦਾਂ ਤੇ ਬੱਚਿਆਂ ‘ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ। ਜਿਸ ਤਰ੍ਹਾਂ ਜ਼ਹਿਰੀਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।
  3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿੱਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ‘ਤੇ ਸਿੱਖਾਂ ਨਾਲ ਹੋਇਆ ਉਸਨੇ ਸਿੱਖ ਜਗਤ ਦੇ ਹਿਰਦਿਆਂ ‘ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ‘ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕੀਤਾ ਗਿਆ। ਮੁੰਡਿਆਂ ਨੂੰ ਪਿੱਛੋਂ ਬੰਨ੍ਹ ਕੇ ਮੱਥੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ।
  4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਸੀ.ਆਰ.ਪੀ.ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ.ਆਰ.ਪੀ. ਵੱਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ ਉਸ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇੱਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂ ਕਿ ਉਸਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇੱਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਅੰਮ੍ਰਿਤਸਰ ਦਾ ਇਕ ਇਲਾਕਾ) ਵਿੱਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ । ਉਸਨੂੰ ਫੌਜੀਆਂ ਨੇ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਸਨੇ ਪੀਲੀ ਪੱਗ ਬੰਨ੍ਹੀ ਹੋਈ ਸੀ।
  5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇੱਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਗ੍ਰਿਫ਼ਤਾਰ ਕਰਨ ਗਏ ਤਾਂ ਇੱਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚੱਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇੱਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।
  6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿੱਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪ੍ਰੀਕਰਮਾਂ ਵਿੱਚ ਧੁੱਪ ਵਿੱਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹਨਾਂ ਵਿੱਚੋਂ ਇੱਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।
  7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਫੌਜੀ ਐਕਸ਼ਨ ਤੋਂ ਪਿੱਛੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।

ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ ਸ਼੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।

ਇੰਦਰਾ ਗਾਂਧੀ ਨੇ ਤਾਂ ਮਹਿਮੂਦ ਗਜਨਵੀ ਨੂੰ ਮਾਤ ਪਾ ਦਿੱਤਾ ਹੈ

-ਪਿਆਰੇ ਰਾਸ਼ਟਰਪਤੀ ਜ਼ੈਲ ਸਿੰਘ ਜੀ,

ਪੰਜਾਬ ਅੰਦਰ ਵਾਪਰੀਆਂ ਤਾਜ਼ਾ ਘਟਨਾਵਾਂ, ਖਾਸ ਕਰ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ‘ਤੇ ਫੌਜ ਚਾੜ੍ਹਕੇ ਇਹਨਾਂ ਪਵਿੱਤਰ ਅਸਥਾਨਾਂ ਦੀ ਬੇਹੁਰਮਤੀ ਕਰਨ, ਧਰਮੀ ਬੰਦਿਆਂ ਨੂੰ ਮਾਰਨ, ਸਿੱਖਾਂ ਲਈ ਜਾਨ ਤੋਂ ਵੱਧ ਪਿਆਰੀਆਂ ਥਾਵਾਂ ਤੇ ਵਸਤੂਆਂ ਨੂੰ ਲੁੱਟਣ ਅਤੇ ਤਬਾਹ ਕਰਨ ਬਾਰੇ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਨਾ ਮੇਰੇ ਲਈ ਮੁਸ਼ਕਲ ਹੈ। ਭਾਰਤੀ ਫੌਜ ਦੀਆਂ ਚਾਰ ਕੋਰਾਂ, 24 ਟੈਂਕਾਂ ਅਤੇ 13• ਮਿ.ਮੀ. ਦੀਆਂ ਤੋਪਾਂ ਦੀ ਮਦਦ ਨਾਲ ਪਾਵਨ ਪ੍ਰੀਕਰਮਾ ਵਿੱਚ ਦਾਖਲ ਹੋ ਗਈਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ 3.7” ਇੰਚ ਦੇ ਰਾਕਟ ਲਾਂਚਰਾਂ ਨਾਲ ਢਾਹ-ਢੇਰੀ ਕਰ ਦਿੱਤਾ। ਇਸੇ ਤਰ੍ਹਾਂ ਹੀ 37 ਹੋਰ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ। ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਪਤਾ ਹੈ ਕਿ ਗੁਰਦੁਆਰਿਆਂ ਦੇ ਦਰ ਹਰ ਪ੍ਰਾਣੀ-ਮਾਤਰ ਲਈ ਖੁੱਲ੍ਹੇ ਹਨ ਚਾਹੇ ਉਹ ਕਿਸੇ ਵੀ ਵਿਸ਼ਵਾਸ ਜਾਂ ਧਰਮ ਦਾ ਧਾਰਨੀ ਹੋਵੇ ਪਰ ਸਿੱਖਾਂ ਨੇ ਕਿਸੇ ਸਰਕਾਰੀ ਧਾੜ ਨੂੰ ਕਦੇ ਅੰਦਰ ਨਹੀਂ ਲੰਘਣ ਦਿੱਤਾ। ਨਾਂ ਮੁਗਲਾਂ ਨੂੰ, ਨਾਂ ਅਫਗਾਨਾਂ ਨੂੰ ਅਤੇ ਨਾਂ ਹੀ ਅੰਗਰੇਜ਼ਾਂ ਨੂੰ। ਹਰ ਸਰਕਾਰੀ ਧਾੜ ਦਾ ਡਟ ਕੇ ਮੁਕਾਬਲਾ ਕੀਤਾ। ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਕਰਾਰੀ ਟੱਕਰ ਦਿੱਤੀ ਜਦੋਂ ਉਸਨੇ ਹਰਿਮੰਦਰ ਸਾਹਿਬ ਨੂੰ ਉਡਾ ਦਿੱਤਾ ਸੀ ਅਤੇ ਪਵਿੱਤਰ ਸਰੋਵਰ ਨੂੰ ਗਾਵਾਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ ਸੀ। ਇਸੇ ਹੀ ਟਕਸਾਲ ਦੇ ਚੌਦਵੇਂ ਜਥੇਦਾਰ ਅਤੇ ਮਹਾਨ ਮਿਸ਼ਨਰੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਹੁਣ ਹਰਿਮੰਦਰ ਸਾਹਿਬ ਦੇ ਸਨਮਾਨ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ।

1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਸਮੇਂ ਲੈਫਟੀਨੈਂਟ ਕਰਨਲ ਸਮਿੱਥ ਸ਼ਹਿਰ ‘ਤੇ ਹਵਾਈ ਬੰਬਾਰੀ ਕਰਨ ਦੇ ਪੱਖ ਵਿੱਚ ਸੀ ਪਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਜੀ.ਏ. ਵਾਥਨ ਨੇ ਅਜਿਹਾ ਕਰੜਾ ਕਦਮ ਚੁੱਕਣ ਦੇ ਖਿਲਾਫ ਅੰਗਰੇਜ਼ਾਂ ਨੂੰ ਖਬਰਦਾਰ ਕੀਤਾ ਸੀ। ਉਸਨੇ ਦਲੀਲ ਦਿੱਤੀ ਸੀ ਕਿ ਜੇ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਪੁੱਜ ਗਿਆ ਤਾਂ ਸਿੱਖ ਸਦਾ ਸਦਾ ਲਈ ਅੰਗਰੇਜ਼ਾਂ ਤੋਂ ਦੂਰ ਹੋ ਜਾਣਗੇ। ਫੌਜੀ ਭਰਤੀ ਦਾ ਵੱਡਾ ਹਿੱਸਾ ਸਿੱਖਾਂ ਵਿੱਚੋਂ ਹੀ ਆਉਂਦਾ ਹੈ। ਮੈਂ ਵੀ ਲਗਾਤਾਰ ਸਰਕਾਰ ਨੂੰ ਅਜਿਹਾ ਕਦਮ ਚੁੱਕਣ ਦੇ ਖਿਲਾਫ ਸੁਚੇਤ ਕਰਦਾ ਰਿਹਾ ਹਾਂ। ਸਭ ਤੋਂ ਦੁਖਦਾਈ ਗੱਲ ਤਾਂ ਇਹ ਹੈ ਕਿ ਭਾਰਤੀ ਫੌਜ ਨੇ ਮਹਾਨ ਕੌਮੀ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੀ ਦੇਹ ਨੂੰ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਬਾਬਾ ਥਾਰ੍ਹਾ ਸਿੰਘ ਦੀਆਂ ਮ੍ਰਿਤਕ ਦੇਹਾਂ ਦੇ ਨਾਲ ਦਰਸ਼ਨੀ ਡਿਊਢੀ ਦੇ ਮੂਹਰੇ ਹਿੰਦੂਆਂ ਦੇ ਦੇਖਣ ਲਈ ਰੱਖ ਦਿੱਤਾ ਜੋ ਖੁਸ਼ੀ ਨਾਲ ਪਾਗਲ ਹੋ ਗਏ। ਉਹਨਾਂ ਨੇ ਇਸ ਮਹਾਨ ਜਿੱਤ ਦੇ ਜਸ਼ਨ ਮਨਾਉਣ ਲਈ ਫੌਜੀਆਂ ਮਠਿਆਈਆਂ ਪੇਸ਼ ਕੀਤੀਆਂ। ਇਹ ਅਫਸੋਸਨਾਕ ਹੈ ਕਿ ਫੌਜੀਆਂ ਮਠਿਆਈਆਂ ਪ੍ਰਵਾਨ ਕਰ ਲਈਆਂ ਅਤੇ ਅਜਿਹਾ ਕਰਕੇ ਸਿੱਖ ਕੌਮ ਨੂੰ ਹੋਰ ਅਪਮਾਨਤ ਕੀਤਾ। ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ‘ਤੇ ਕਬਜ਼ਾ ਕਰਕੇ ਸੈਂਕੜੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਅਦ ਵਿੱਚ ਗੋਲੀਆਂ ਨਾਲ ਉਡਾ ਦਿੱਤਾ (ਜੋ ਕਿ ਜਨੇਵਾ ਕਾਨਫਰੰਸ ਦੇ ਨਿਯਮਾਂ ਦੇ ਉਲਟ ਹੈ) ਤੋਸ਼ੇਖਾਨਾ ਲੁੱਟ ਲਿਆ ਗਿਆ। ਸਫਾਈ ਦੀ ਮੁਹਿੰਮ ਪੂਰੀ ਕਰਨ ਤੋਂ ਪਿੱਛੋਂ ਉੱਥੇ ਕਈ ਤਰ੍ਹਾਂ ਦੇ ਹਥਿਆਰ ਰੱਖ ਦਿੱਤੇ ਗਏ, ਤਾਂਕਿ ਇਹ ਸਾਬਤ ਕੀਤਾ ਜਾ ਸਕੇ ਕਿ ਸਿੱਖਾਂ ਕੋਲ ਅਤਿ- ਆਧੁਨਿਕ ਹਥਿਆਰ ਸਨ ਅਤੇ ਉਹ ਸਰਕਾਰ ਦੇ ਖਿਲਾਫ ਜੰਗ ਛੇੜਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਕਿ ਆਪਣਾ ਆਜ਼ਾਦ ਅਤੇ ਖੁਦ-ਮੁਖਤਿਆਰ ਰਾਜ ਦਾ ਸੁਪਨਾ ਹਾਸਲ ਕਰ ਸਕਣ। ਇਸ ਚਿੱਠੀ ਦੀ ਤੀਜੀ ਅੰਤਿਕਾ ਜਿਸ ਵਿੱਚ ਹਥਿਆਰਾਂ ਦੀ ਨੁਮਾਇਸ਼ ਲਗਾਈ ਹੋਈ ਹੈ ਅਤੇ ਫੌਜੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਬੂਟ ਪਾਈ ਦਿੱਸ ਰਹੇ ਹਨ।

ਤੁਹਾਨੂੰ ਯਾਦ ਹੋਵੇਗਾ ਕਿ 1919 ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਨੇ ਜਨਰਲ ਡਾਇਰ ਦੀ ਕਾਰਵਾਈ ਦਾ ਪੱਖ ਲੈਂਦਿਆਂ ਇਹੋ ਜਿਹੀਆਂ ਹੀ ਦਲੀਲਾਂ ਦਿੱਤੀਆਂ ਸਨ। ਉਸਨੇ ਕਿਹਾ ਸੀ ਕਿ ਫੌਜੀ ਕਾਰਵਾਈ ਅਟੱਲ ਸੀ ਕਿਉਂਕਿ ਲੋਕ 1857 ਵਾਂਗ ਬਗਾਵਤ ‘ਤੇ ਉੱਤਰ ਆਏ ਸਨ। ਕਿਉਂਕਿ ਤੁਸੀਂ ਫੌਜਾਂ ਦੇ ਸੁਪਰੀਮ ਕਮਾਂਡਰ ਹੋ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਥੋੜ੍ਹੇ ਜਿਹੇ ਹਥਿਆਰਾਂ ਨਾਲ ਲੈਸ ਸਿੱਖ ਭਾਰਤ ਸਰਕਾਰ ਦੇ ਖਿਲਾਫ ਜੰਗ ਨਹੀਂ ਲੜ ਸਕਦੇ ਅਤੇ ਉਹਨਾਂ ’ਤੇ ਏਨੇ ਵਹਿਸ਼ਿਆਨਾ ਢੰਗ ਨਾਲ ਕੀਤੇ ਗਏ ਹਮਲੇ ਨੇ ਸਾਡੇ ਇਸ ਡਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਰਕਾਰ ਸਿੱਖਾਂ ਦੀ ਨਸਲਕੁਸ਼ੀ ਕਰਨ ‘ਤੇ ਤੁਲੀ ਹੋਈ ਹੈ। ਭਾਰਤ ਸਰਕਾਰ ਦੇ ਇਸ ਜ਼ਹਿਰੀਲੇ ਪ੍ਰਚਾਰ ਦੇ ਹੱਕ ਵਿੱਚ ਤੁਹਾਡੇ ਵੱਲੋਂ ਜਾਰੀ ਕੀਤੇ ਗਏ ਬਿਆਨ ਨੇ ਹਰ ਸਿੱਖ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਸਿੱਖ ਭਾਰਤ ਦੇ ਵਫਾਦਾਰ ਅਤੇ ਦੇਸ਼ ਭਗਤ ਰਹੇ ਹਨ ਪਰ ਬਹੁ-ਗਿਣਤੀ ਭਾਈਚਾਰੇ ਦੀ ਹੈਂਕੜ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਓਪਰਾ ਬਣਾ ਦਿੱਤਾ ਹੈ। ਜੇ ਭਾਰਤ ਸਰਕਾਰ ਗੱਲਬਾਤ ਰਾਹੀਂ ਹੱਲ ਕੱਢਣ ਲਈ ਗੰਭੀਰ ਹੁੰਦੀ ਤਾਂ ਫੌਜੀ ਕਾਰਵਾਈ ਤੋਂ ਬਚਿਆ ਜਾ ਸਕਦਾ ਸੀ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਯਕੀਨ ਦਿਵਾਇਆ ਸੀ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਭੰਗ ਨਹੀਂ ਕੀਤੀ ਜਾਵੇਗੀ। ਬਦਕਿਸਮਤੀ ਇਹ ਹੈ ਕਿ ਦੋਵੇਂ ਹੀ ਝੂਠ ਬੋਲ ਰਹੇ ਸਨ। ਤੁਹਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਜਾਲਮਾਨਾ ਕਾਰਵਾਈ ਕਰਕੇ ਮਹਿਮੂਦ ਗਜਨਵੀ ਨੂੰ ਵੀ ਮਾਤ ਪਾ ਦਿੱਤੀ ਹੈ। ਉਸਨੇ ਸ਼ੰਕਰ ਅਚਾਰੀਆ, ਜਿਸ ਨੇ ਭਾਰਤ ਅੰਦਰੋਂ ਬੁੱਧ ਧਰਮ ਦਾ ਸਫਾਇਆ ਕਰ ਦਿੱਤਾ ਸੀ, ਤੋਂ ਬਾਅਦ ਦੀ ਸਭ ਤੋਂ ਵੱਡੀ ਹਿੰਦੂ ਲੀਡਰ ਹੋਣ ਦਾ ਰੁਤਬਾ ਹਾਸਲ ਕਰ ਲਿਆ ਹੈ।

ਪੰਜਾਬ ਅੰਦਰ ਫੌਜੀ ਕਾਰਵਾਈ ਸਿਰਫ ਇੱਕ ਦਾਅਪੇਚਕ ਜਿੱਤ ਹੈ। ਇਸ ਲਈ ਹਿੰਦੂ ਬਹੁ-ਗਿਣਤੀ ਉਸਨੂੰ ਆ ਰਹੀਆਂ ਪਾਰਲੀਮੈਂਟ ਚੋਣਾਂ ਵਿੱਚ ਇੱਕ ਵਾਰ ਫਿਰ ਗੱਦੀ ‘ਤੇ ਬਿਠਾ ਦੇਵੇਗੀ। ਪਰ ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਅਤੇ ਸਿੱਖ ਇਤਿਹਾਸ ਦਾ ਗਿਆਨ ਰੱਖਦੇ ਹੋਣ ਕਰਕੇ ਤੁਸੀਂ ਆਪਣੀ ਪ੍ਰਧਾਨ ਮੰਤਰੀ ਨੂੰ ਵਰਜ ਸਕਦੇ ਸੀ ਅਤੇ ਉਸਨੂੰ ਆਪਣੇ ਹੀ ਲੋਕਾਂ ਖਿਲਾਫ ਛੇੜੀ ਗਈ ਇਸ ਜਾਲਮਾਨਾ ਮੁਹਿੰਮ ਦੀ ਨਿਰਾਰਥਕਤਾ ਦਿਖਾ ਸਕਦੇ ਸੀ। ਭਾਰਤ ਸਰਕਾਰ ਬਹੁਤ ਤਾਕਤਵਰ ਹੈ ਅਤੇ ਸਿਰਫ ਸਵੈ ਭਰਮੀ ਜ਼ਿਹਨੀ ਤੌਰ ‘ਤੇ ਬੀਮਾਰ ਅਤੇ ਧੋਖੇਬਾਜ ਹਿੰਦੂ ਹੀ ਇਹ ਵਿਸ਼ਵਾਸ ਕਰਨਗੇ ਕਿ ਸਿੱਖ ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਨ ਵਾਲੇ ਸਨ।

ਜਲਿਆਂਵਾਲੇ ਬਾਗ ਦੀ ਤਰਾਸਦੀ ਸਮੇਂ ਆਪਣੇ ਸਰ ਦੇ ਖਿਤਾਬ ਨੂੰ ਵਾਪਸ ਕਰਦਿਆਂ ਨੋਬਲ ਇਨਾਮ ਜੇਤੂ ਰਾਬਿੰਦਰ ਨਾਥ ਟੈਗੋਰ ਨੇ ਵਾਇਸਰਾਇ ਨੂੰ ਲਿਖਿਆ ਸੀ, “ਸਰਕਾਰ ਵਲੋਂ ਪੰਜਾਬ ਅੰਦਰ ਇੱਕ ਸਥਾਨਕ ਗੜਬੜ ਨੂੰ ਰੋਕਣ ਲਈ ਕੀਤੀ ਗਈ ਦੁਸ਼ਟ ਕਾਰਵਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਅੰਦਰ ਬਰਤਾਨਵੀ ਹਕੂਮਤ ਦੀ ਪਰਜਾ ਹੋਣ ਕਾਰਨ ਅਸੀਂ ਕਿੰਨੇ ਲਾਚਾਰ ਹਾਂ।”

ਉਹਨਾਂ ਵੱਲੋਂ ਲਿਖੀ ਗਈ ਚਿੱਠੀ ਦੇ 65 ਸਾਲ ਬਾਅਦ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਮੇਰੇ ਕੋਲ ਇਸ ਤੋਂ ਵੱਖਰੇ ਹੋਰ ਕੋਈ ਸ਼ਬਦ ਨਹੀਂ ਹਨ। ਰਾਸ਼ਟਰਪਤੀ ਸਾਹਿਬ, ਕਿੰਨਾ ਵੱਡਾ ਕਤਲੇਆਮ ਹੋਇਆ ਹੈ ਅਤੇ ਕਿੰਨੀ ਬੇਦਰਦੀ ਨਾਲ ਹੋਇਆ ਹੈ? ਭਾਰਤੀ ਫੌਜ ਦੇ ਜਿਹੜੇ ਮਾਰੇ ਗਏ ਉਹਨਾਂ ਦੇ ਵਾਰਸਾਂ ਨੂੰ ਇੱਕ ਇੱਕ ਲੱਖ ਰੁਪਿਆ ਅਤੇ ਇਸ ਤੋਂ ਇਲਾਵਾ ਹਰ ਕਿਸਮ ਦੇ ਪੈਨਸ਼ਨ ਲਾਭ ਦਿੱਤੇ ਜਾ ਰਹੇ ਹਨ। ਜਿਹੜੇ ਫੌਜੀ 1962, 1965 ਅਤੇ 1971 ਦੀਆਂ ਲੜਾਈਆਂ ਵਿੱਚ ਮਾਰੇ ਗਏ ਸਨ ਉਹਨਾਂ ਨੂੰ ਤਾਂ ਅਜਿਹੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਸਨ। ਹੁਣ ਜਿਹੜੀ ਕੁਝ ਜ਼ਿਆਦਾ ਹੀ ਉਦਾਰਤਾ ਦਿਖਾਈ ਜਾ ਰਹੀ ਹੈ ਇਹ ਸਪਸ਼ਟ ਕਰਦੀ ਹੈ ਕਿ ਭਾਰਤ ਸਰਕਾਰ ਲਈ ਸਿੱਖ ਹੁਣ ਸਭ ਤੋਂ ਵੱਡੇ ਦੁਸ਼ਮਣ ਹਨ। ਪਾਕਿਸਤਾਨ ਅਤੇ ਚੀਨ ਦੂਜੇ ਅਤੇ ਤੀਜੇ ਦਰਜੇ ‘ਤੇ ਚਲੇ ਗਏ ਹਨ। ਤੁਸੀਂ ਹੁਣੇ ਹੀ ਅਰਜਨਟਾਈਨਾ ਤੋਂ ਹੋ ਕੇ ਆਏ ਹੋ ਜਿਸ ਨੂੰ ਬਰਤਾਨੀਆਂ ਨੇ ਫਾਕਲੈਂਡ ਦੀ ਜੰਗ ਵਿੱਚ ਸ਼ਰਮਨਾਕ ਹਾਰ ਦਿੱਤੀ ਹੈ।

ਅਰਜਨਟਾਈਨਾ ਦੀ ਫੌਜ ਵੱਲੋਂ ਬੇਦਿਲੀ ਨਾਲ ਕੀਤੇ ਮੁਕਾਬਲੇ ਦਾ ਕਾਰਨ ਇਹ ਸੀ ਕਿ ਉਸ ਦੇਸ਼ ਦੇ ਜਰਨੈਲਾਂ ਨੇ ਆਪਣੇ ਹੀ 6000 ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਸੀ। ਤੁਸਾਂ ਦੇਖਿਆ ਹੀ ਹੋਵੇਗਾ ਇਹ ਜਰਨੈਲ ਹੁਣ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਹਨ। ਜਲਦੀ ਹੀ ਇਹਨਾਂ ਨੂੰ ਸਜ਼ਾ ਹੋਣ ਵਾਲੀ ਹੈ। ਇਹ ਸਜ਼ਾ ਫਾਂਸੀ ਦੇ ਰੂਪ ਵਿੱਚ ਵੀ ਹੋ ਸਕਦੀ ਹੈ। ਪੰਜਾਬ ਅੰਦਰ ਕੀਤੀ ਗਈ ਜਾਲਮਾਨਾ ਅਤੇ ਮੂਰਖਤਾ ਭਰੀ ਕਾਰਵਾਈ ਇੰਦਰਾ ਗਾਂਧੀ ਨੂੰ ਮੁੜ ਕੁਰਸੀ ਤੇ ਤਾਂ ਬੈਠਾ ਦੇਵੇਗੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇ ਜੰਗ ਛਿੜ ਪਈ ਤਾਂ ਜੋ ਕੁੱਝ ਤੁਹਾਡੀ ਸਰਕਾਰ ਅਤੇ ਹਥਿਆਰਬੰਦ ਫੌਜਾਂ ਨੇ ਪੰਜਾਬ ਅੰਦਰ ਕੀਤਾ ਹੈ ਅਤੇ ਅਜੇ ਵੀ ਪੂਰੇ ਜੋਸ਼ੋ ਖਰੋਸ਼ ਨਾਲ ਕਰ ਰਹੀਆਂ ਹਨ, ਉਸਨੂੰ ਦੇਖਦਿਆਂ ਹੋਇਆਂ ਸਿੱਖ ਸਰਕਾਰ ਦੀ ਜੰਗ ਵਿੱਚ ਮਦਦ ਨਹੀਂ ਕਰਨਗੇ। ਸਿੱਖ ਫੌਜੀ, ਜੋ ਦੁਸ਼ਮਣ ਦਾ ਦਲੇਰੀ ਨਾਲ ਟਾਕਰਾ ਕਰਨ ਲਈ ਦੁਨੀਆਂ ਭਰ ਅੰਦਰ ਮਸ਼ਹੂਰ ਹਨ, ਉਹੋ ਜਿਹੀ ਡੀਫੈਂਸ ਨਹੀਂ ਕਰਨਗੇ ਜਿਸ ਨੇ ਸਦਾ ਹੀ ਦੇਸ਼ ਦੀ ਅਖੰਡਤਾ ਨੂੰ ਬਚਾ ਕੇ ਰੱਖਿਆ ਹੈ। ਫੌਜ ਪਹਿਲਾਂ ਹੀ ਸਾਡੇ 20000 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ ਅਤੇ 50000 ਹੋਰਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹਨ। ਤੁਹਾਡੀ ਪ੍ਰਧਾਨ ਮੰਤਰੀ ਅਤੇ ਤੁਹਾਡੇ ਜਰਨੈਲ ਜਿਹੋ ਜਿਹੀ ਨੀਤੀ ਲਾਗੂ ਕਰ ਰਹੇ ਹਨ ਉਸ ਦੇ ਸਾਹਵੇਂ ਤਾਂ ਜਨਰਲ ਡਾਇਰ ਵੀ ਨਰਮ ਲੱਗਣ ਲੱਗ ਜਾਂਦਾ ਹੈ। ਕਿਉਂਕਿ ਮੈਂ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਾਡੇ ਗੁਰਦੁਆਰਿਆਂ ਅੰਦਰ ਕੀਤੀ ਗਈ ਫੌਜੀ ਕਾਰਵਾਈ ਅਤੇ ਸਿੱਖ ਭਰਾਵਾਂ ਦੇ ਕੀਤੇ ਗਏ ਅੰਨ੍ਹੇਵਾਹ ਕਤਲੇਆਮ ਦਾ ਜੋਰਦਾਰ ਵਿਰੋਧੀ ਹਾਂ, ਇਸ ਲਈ ਮੈਂ ਇੰਡੀਅਨ ਪੁਲਿਸ ਸਰਵਿਸ ਤੋਂ ਫੌਰੀ ਅਸਤੀਫਾ ਦੇਂਦਾ ਹਾਂ। ਹੁਣ ਤੋਂ ਬਾਅਦ ਮੈਂ ਉਹਨਾਂ ਸਿੱਖ ਪਰਿਵਾਰਾਂ ਦੇ ਮੁੜ-ਵਸੇਬੇ ਲਈ ਕੰਮ ਕਰਾਂਗਾ ਜੋ ਇਸ ਵਹਿਸ਼ੀਆਨਾ ਕਾਰਵਾਈ ਵਿੱਚ ਮਾਰੇ ਗਏ ਹਨ। ਪਰਮਾਤਮਾ ਮੈਨੂੰ ਸਫਲਤਾ ਬਖਸ਼ੇ। ਇਹ ਅਸਤੀਫਾ ਦੇਣ ਸਮੇਂ ਮੇਰੇ ਮਨ ਵਿੱਚ ਕਿਸੇ ਦੇ ਖਿਲਾਫ ਕੋਈ ਮੰਦਭਾਵਨਾ ਨਹੀਂ ਕਿਉਂਕਿ ਅਜਿਹਾ ਕਰਨਾ ਸਾਡੇ ਧਾਰਮਿਕ ਅਸੂਲਾਂ ਦੇ ਉਲਟ ਹੈ।

ਅੰਤ ਵਿੱਚ ਮੈਂ ਸਾਰੇ ਸਿੱਖ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਰ ਮਹੀਨੇ ਦੀ 6 ਤਰੀਕ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਕਰਨ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਜਾ ਕੇ ਆਪਣੇ ਸਿਰ ਪੇਸ਼ ਕਰਿਆ ਕਰਨ ਤਾਂ ਕਿ ਉਹ ਸਿੱਖਾਂ ਦੇ ਖੂਨ ਦੀ ਆਪਣੀ ਪਿਆਸ ਮਿਟਾ ਲਿਆ ਕਰੇ। ਪਰਮਾਤਮਾ ਦੀ ਮਿਹਰ ਸਦਕਾ ਮੈਂ 6 ਜੁਲਾਈ 1984 ਨੂੰ ਆਪਣੇ ਆਪ ਨੂੰ ਉਸ ਦੇ ਸਾਹਮਣੇ ਪੇਸ਼ ਕਰਾਂਗਾ। ਸੂਬਾਈ ਰਾਜਧਾਨੀਆਂ ਵਿੱਚ ਰਹਿ ਰਹੇ ਸਿੱਖ ਵੀ ਏਸੇ ਤਰ੍ਹਾਂ ਆਪਣੇ ਆਪ ਨੂੰ ਰਾਜ ਭਵਨਾਂ ਦੇ ਸਾਹਮਣੇ ਪੇਸ਼ ਕਰਿਆ ਕਰਨ ਤਾਂ ਕਿ ਗਵਰਨਰ ਉਨ੍ਹਾਂ ਦੇ ਸਿਰ ਕੱਟਕੇ ਪ੍ਰਧਾਨ ਮੰਤਰੀ ਨੂੰ ਭੇਜ ਦਿਆ ਕਰਨ। ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਭਾਰਤੀ ਹਾਈ ਕਮਿਸ਼ਨਾਂ ਅਤੇ ਰਾਜਦੂਤ ਘਰਾਂ ਦੇ ਸਾਹਮਣੇ ਜਾਇਆ ਕਰਨ ਅਤੇ ਇਹੋ ਜਿਹੀਆਂ ਕੁਰਬਾਨੀਆਂ ਲਈ ਰਾਜਦੂਤਾਂ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਿਆ ਕਰਨ। ਇਸ ਔਰਤ ਦੀ ਸਿੱਖਾਂ ਦੇ ਖੂਨ ਦੀ ਪਿਆਸ ਨੂੰ ਮਿਟਾ ਕੇ ਹੀ ਅਸੀਂ ਆਪਣੀ ਵਿਲੱਖਣ ਧਾਰਮਿਕ ਹਸਤੀ ਨੂੰ ਬਰਕਰਾਰ ਰੱਖ ਸਕਦੇ ਹਾਂ।

ਸਤਿਕਾਰ ਨਾਲ,

ਤੁਹਾਡਾ ਸ਼ੁਭਚਿੰਤਕ

ਸਿਮਰਨ ਜੀਤ ਸਿੰਘ ਮਾਨ (ਆਈ.ਪੀ.ਐਸ.)

ਗਰੁੱਪ ਕਮਾਂਡੈਂਟ

ਸੈਂਟਰਲ ਇੰਡਸਟਰੀਅਲ ਸਕਿਊਰਟੀ ਫੋਰਸ, ਬੰਬਈ।

ਅਕਾਲੀ ਆਗੂਆਂ ਦੀਆਂ ਬਲਿਊ ਸਟਾਰ ਤੋਂ ਪਹਿਲਾਂ ਸਰਕਾਰ ਨਾਲ ਗੁਪਤ ਮੀਟਿੰਗਾਂ ???

ਗੁਰਚਰਨਜੀਤ ਸਿੰਘ ਲਾਂਬਾ, ਐਡਵੋਕੇਟ

ਸਾਕਾ ਨੀਲਾ ਤਾਰਾ ਸਿੱਖ ਪੰਥ ਨਾਲ ਵਾਪਰੇ ਘੱਲੂਘਾਰਿਆਂ ਦੀ ਲੜੀ ਦਾ ਭਿਆਨਕ ਹਾਦਸਾ ਹੈ।

ਇਹ ਸਾਕਾ ਸਿੱਖ ਪੰਥ ਨਾਲ ਕੀਤੇ ਵਿਸਾਹਘਾਤ, ਬੇਵਿਸਾਹੀ, ਵਿਤਕਰਿਆਂ ਅਤੇ ਤਸ਼ੱਦਦ ਦੇ ਡਰਾਮੇ ਦਾ ਆਖਰੀ ਸੀਨ ਸੀ। ਇਸ ਤੋਂ ਪਹਿਲਾਂ ਹੋ ਵਾਪਰੇ ਛੋਟੇ ਅਤੇ ਵੱਡੇ ਘੱਲੂਘਾਰੇ ਸਿੱਖ ਪੰਥ ‘ਤੇ ਮਾਰੂ ਹਮਲਾ ਸਨ। ਪਰ ਆਜ਼ਾਦ ਦੇਸ਼ ਵਿੱਚ ਸਿੱਖੀ ਦੇ ਸੋਮੇ ਅਤੇ ਪੰਥ ਦੇ ਸਰਬਉੱਚ ਧਾਰਮਿਕ ਅਸਥਾਨ ਅਤੇ ਸੌ ਦੇ ਕਰੀਬ ਹੋਰ ਧਾਰਮਿਕ ਅਸਥਾਨਾਂ ‘ਤੇ ਪੁਰੇ ਫੌਜੀ ਤਾਣ ਨਾਲ ਕੀਤੇ ਹਮਲੇ ਨੇ ਤਾਂ ਸਿੱਖੀ ਦੇ ਖੂਨੀ ਇਤਿਹਾਸ ਵਿੱਚ ਇੱਕ ਐਸਾ ਅਧਿਆਇ ਜੋੜ ਦਿੱਤਾ ਹੈ ਜਿਸਦਾ ਨਾਸੂਰ ਹਮੇਸ਼ਾ ਵਗਦਾ ਰਹੇਗਾ। ਚਾਹ ਕੇ ਵੀ ਇਸਨੂੰ ਕੋਈ ਭੁਲਾ ਨਹੀਂ ਸਕੇਗਾ।

ਵੀਹਵੀਂ ਸਦੀ ਦੇ ਦੂਸਰੇ ਦਹਾਕੇ ਦੇ ਅਰੰਭ ਵਿੱਚ ਖਾਲਸਾ ਪੰਥ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਸੰਕਲਪ ਨੂੰ ਅਮਲੀ ਰੂਪ ਦਿਵਾਉਣ ਲਈ ਸਿਰ ਧੜ ਦੀ ਬਾਜੀ ਲਾ ਕੇ ਗੁਰਦੁਆਰਾ ਸੁਧਾਰ ਲਹਿਰ ਆਰੰਭੀ। ਇਸਦੇ ਸਿੱਟੇ ਵਜੋਂ 1924 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਦੇ ਬਾਅਦ ਅੰਗਰੇਜ਼ਾਂ ਨੇ 1942 ਤੱਕ ਗੁਰਦੁਆਰਿਆਂ ਵਿੱਚ ਦਖਲ ਨਾ ਦੇਣ ਦੇ ਅਹਿਦ ਨੂੰ ਪੂਰਾ ਕੀਤਾ ਅਤੇ ਗੁਰਦੁਆਰਾ ਐਕਟ ਵਿੱਚ ਕਿਸੇ ਵੀ ਕਿਸਮ ਦੀ ਤਰਮੀਮ ਧੱਕੇ ਨਾਲ ਨਾ ਕੀਤੀ।

ਦੇਸ਼ ਦੇ ਬਟਵਾਰੇ ਦੇ ਤੁਰੰਤ ਬਾਅਦ ਕੇਂਦਰ ਸਰਕਾਰ ਹਿੰਦੁਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਖਾਸ ਕਰਕੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਉੱਤੇ ਸਿੱਧੇ ਅਸਿੱਧੇ ਢੰਗ ਨਾਲ ਕਬਜ਼ਾ ਕਰਨ ਦੇ ਲੋਭ ਨੂੰ ਲੁਕਾ ਨਾ ਸਕੀ ਅਤੇ ਇਸ ਲਈ ਹਰਕਤ ਵਿੱਚ ਆਈ। 1947 ਤੋਂ ਸ਼ੁਰੂ ਹੋ ਕੋ ਇਸਨੇ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਨ ਲਈ ਸਿੱਖ ਲੀਡਰਸ਼ਿਪ ਦੇ ਵਿਕਾਊ ਆਗੂਆਂ ਨੂੰ ਖਰੀਦਿਆ, ਆਰਡੀਨੈਂਸਾਂ ਰਾਹੀਂ ਗੁਰਦੁਆਰਾ ਐਕਟ ਵਿੱਚ ਧੱਕੇ ਨਾਲ ਤਰਮੀਮਾਂ ਕੀਤੀਆਂ, ਸਹਿਜਧਾਰੀਆਂ ਦੇ ਨਾਮ ਥੱਲੇ ਗੈਰ ਸਿੱਖਾਂ ਅਤੇ ਸਿੱਖ ਵਿਰੋਧੀਆਂ ਨੂੰ ਵੋਟਰ ਬਣਾਇਆ, ਕਾਂਗਰਸ ਅਤੇ ਕਮਿਊਨਿਸਟਾਂ ਨੇ ਸਾਧ ਸੰਗਤ ਬੋਰਡ ਅਤੇ ਦੇਸ਼ ਭਗਤ ਬੋਰਡ ਬਣਵਾਏ, ਸੰਵਿਧਾਨ ਦੀਆਂ ਮੱਦਾਂ ਅਤੇ ਹਿੰਦੂ ਕੋਡ ਬਿੱਲ ਰਾਹੀਂ ਧਾਰਮਿਕ ਤੌਰ ‘ਤੇ ਸਿੱਖ ਕੌਮ ਦੀ ਨਿਆਰੀ, ਨਿਵੇਕਲੀ ਅਤੇ ਆਜਾਦ ਹਸਤੀ ਅਤੇ ਪਛਾਣ ਦੀ ਸਮਾਪਤੀ ਆਦਿ ਤਰੀਕੇ ਵਰਤੇ।

ਇਸ ਦੌਰਾਨ ਜੋ ਕੁੱਝ ਵਾਪਰਿਆ ਉਹ ਇਤਿਹਾਸ ਨੀਝ ਵਾਲੀ ਘੋਖ ਅਤੇ ਖੋਜ ਦਾ ਵਿਸ਼ਾ ਹੈ। ਪਰ ਇਸ ਸਾਰੇ ਪਿਛੋਕੜ ਵਿੱਚ ਸਤੰਬਰ, 1981 ਵਿੱਚ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਨੂੰ 84 ਧਾਰਮਿਕ ਰਾਜਸੀ ਆਰਥਿਕ ਅਤੇ ਸਮਾਜਿਕ ਵਿਤਕਰਿਆਂ ਦੀ ਇੱਕ ਸੂਚੀ ਭੇਜੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ, 1971 ਵਿੱਚ ਦਿੱਲੀ ਗੁਰਦੁਆਰਿਆਂ ਉੱਤੇ ਜਬਰਦਸਤੀ ਕਬਜ਼ਾ ਕਰਨਾ, ਸਿੱਖ ਸਿਧਾਂਤਾਂ ਵਿੱਚ ਦਖਲ ਅਤੇ ਸਿੱਖ ਰਵਾਇਤਾਂ ਦੀ ਪਵਿੱਤਰਤਾ ਦੀ ਉਲੰਘਣਾ, ਪੁਲਿਸ ਦੀ ਮਦਦ ਨਾਲ ਦਿੱਲੀ ਗੁਰਦੁਆਰਿਆਂ ਦੇ ਗੈਰਕਾਨੂੰਨੀ ਅਤੇ ਜਬਰਦਸਤੀ ਕਬਜ਼ਾ ਆਦਿ ਸਨ। ਇਹ ਵਿਤਕਰਿਆਂ ਦੀ ਇਕ ਸੂਚੀ ਸੀ ਜੋ ਅਕਾਲੀ ਲੀਡਰਸ਼ਿਪ ਵੱਲੋਂ ਸਰਕਾਰ ਨੂੰ ਭੇਜੀ ਗਈ ਪਰ ਸੰਜੀਦਗੀ ਦੀ ਘਾਟ, ਅਣਗਹਿਲੀ ਅਤੇ ਹਾਸੋਹੀਣੀ ਹਾਲਤ ਇਹ ਹੈ ਕਿ ਇਸ ਸੂਚੀ ਦੇ ਉੱਤੇ ਵਿਤਕਰਿਆਂ ਦੀ ਥਾਵੇਂ ਇਸਨੂੰ ‘ਮੰਗਾਂ ਦੀ ਸੂਚੀ’ ਲਿਖਿਆ ਗਿਆ। ਕੀ ਉਕਤ ਕਾਰਵਾਈਆਂ ਦੀ ਸਰਕਾਰ ਤੋਂ ਮੰਗ ਕੀਤੀ ਗਈ ਸੀ? ਵੈਸੇ ਇਹ ਬਹੁਤੀ ਬਹਿਸ ਦਾ ਵਿਸ਼ਾ ਨਹੀਂ ਰਿਹਾ ਕਿ ਅਕਾਲੀ ਪੰਥਕ ਸਰਕਾਰ ਨੇ ਉਕਤ ਮੰਗਾਂ ਤੇ ਪੂਰੀ ਤਰ੍ਹਾਂ ਅਮਲ ਕੀਤਾ।

1981 ਸ਼ੁਰੂ ਹੋ ਕੇ 1984 ਦੇ ਸਾਕਾ ਨੀਲਾ ਤਾਰਾ ਤੱਕ ਦਾ ਸਫਰ, ਵੱਖ ਵੱਖ ਪਾਤਰਾਂ ਦਾ ਕਿਰਦਾਰ, ਉਹਨਾਂ ਦੀਆਂ ਕਾਰਵਾਈਆਂ ਇਤਿਹਾਸਕਾਰਾਂ ਦੀ ਖੋਜ ਦਾ ਵਿਸ਼ਾ ਹੈ, ਇਸ ਬਾਰੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਹਾਂ ਨੇ ਆਪਣੇ- ਆਪਣੇ ਪੱਖ ਬਾਰੇ ‘ਵਾਈਟ ਪੇਪਰ’ ਜਾਰੀ ਕੀਤੇ। ਸਰਕਾਰ ਦਾ ਵਾਈਟ ਪੇਪਰ ਜੁਲਾਈ, 1984 ਵਿੱਚ ਹੋਰ ਕਈ ਜਬਾਨਾਂ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਛਾਪਿਆ ਗਿਆ ਪਰ ਸ਼੍ਰੋਮਣੀ ਕਮੇਟੀ ਦਾ ਵਾਈਟ ਪੇਪਰ ਕਈ ਸਾਲ ਮਗਰੋਂ ਅਤੇ ਕਾਫੀ ਟਾਲਮਟੋਲ ਦੇ ਬਾਅਦ ਅੰਗਰੇਜ਼ੀ ਵਿੱਚ ਛਾਪਿਆ ਗਿਆ ਅਤੇ ਇਸ ਦੀ ਕੀਮਤ ਤਿੰਨ ਸੌ ਰੁਪਏ ਰੱਖੀ ਗਈ। ਜਿਵੇਂ ਕਿ ਆਮ ਤੌਰ ‘ਤੇ ਹੁੰਦਾ ਹੈ ਦੋਨੋਂ ਹੀ ਵਾਈਟ ਪੇਪਰ ਕਿਸੇ ਵੀ ਤੱਥ ਬਾਰੇ ਜਾਣਕਾਰੀ ਅਤੇ ਕੀਤੇ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੇ।

ਪਰ ਭਾਰਤ ਸਰਕਾਰ ਦੇ ਵਾਈਟ ਪੇਪਰ ਵਿੱਚ ਅਨੈਸਚਰਜ਼ ਅਨੁਸਾਰ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੱਕ ਭਾਰਤ ਸਰਕਾਰ, ਇਸਦੇ ਪ੍ਰਧਾਨ ਮੰਤਰੀ ਦੂਸਰੇ ਸੀਨੀਅਰ ਮੰਤਰੀਆਂ, ਸਕੱਤਰਾਂ ਅਤੇ ਹੋਰ ਨੇਤਾਵਾਂ ਅਤੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਹੋਰ ਪੰਥਕ ਆਗੂਆਂ ਵਿਚਕਾਰ ਦਿੱਲੀ ਅਤੇ ਚੰਡੀਗੜ੍ਹ ਵਿੱਚ ਤਕਰੀਬਨ 24 ਮੀਟਿੰਗਾਂ ਹੋਈਆਂ। ਸਰਕਾਰ ਵੱਲੋਂ ਨਸ਼ਰ ਕੀਤੀ ਗਈ ਇਸ ਸੂਚੀ ਵਿੱਚ 9 ਗੁਪਤ ਮੀਟਿੰਗਾਂ ਦਾ ਵੀ ਵੇਰਵਾ ਹੈ ਜੋ ਕਿ ਵੱਖ-ਵੱਖ ਗੈਸਟ ਹਾਊਸਾਂ, ਨਿੱਜੀ ਮਕਾਨਾਂ, ਹਵਾਈ ਅੱਡੇ ਦੇ ਲਾਂਜ ਆਦਿ ਥਾਵਾਂ ‘ਤੇ ਹੋਈਆਂ। ਕੁਝ ਮੀਟਿੰਗਾਂ ਤਾਂ ‘ਬਲਿਊ ਸਟਾਰ’ ਤੋਂ ਕੁਝ ਦਿਨ ਪਹਿਲਾਂ ਹੀ ਹੋਈਆਂ ਸਨ। ਇਹਨਾਂ ਇਕੱਤਰਤਾਵਾਂ ਵਿੱਚ ਹੋਰਨਾਂ ਤੋਂ ਇਲਾਵਾ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਰਜੀਤ ਸਿੰਘ ਬਰਨਾਲਾ, ਸਰਦਾਰ ਬਲਵੰਤ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਰਦਾਰ ਰਵੀਇੰਦਰ ਸਿੰਘ ਆਦਿ ਸਿੱਖ ਕੌਮ ਵੱਲੋਂ ਸ਼ਾਮਿਲ ਹੋਏ। ਇਹਨਾਂ ਮੀਟਿੰਗਾਂ ਬਾਰੇ ਸਰਕਾਰੀ ਵਾਈਟ ਪੇਪਰ ਵਿੱਚ ਹੇਠ ਅੰਕਤ ਵੇਰਵਾ ਦਿੱਤਾ ਗਿਆ ਹੈ।

ਸਾਕਾ ਨੀਲਾ ਤਾਰਾ ਆਮ ਲੋਕਾਂ ਦੇ ਪ੍ਰਤੀਕਰਮ

ਪ੍ਰੋ. ਹਰਜਿੰਦਰ ਸਿੰਘ ਮਾਂਗਟ

ਸੇਵਾ ਮੁਕਤ ਅਧਿਆਪਕ ਮਾਸਟਰ ਕਰਨੈਲ ਸਿੰਘ ਤਲਵੰਡੀ ਖੁਰਦ ਦਾ ਕਹਿਣਾ ਹੈ ਕਿ, “ਸਿੱਖਾਂ ਦੀ ਧਾਰਮਿਕ ਸੱਤਾ ਦਾ ਕੇਂਦਰ ਨਸ਼ਟ ਕਰਕੇ ਸਿੱਖ ਸੋਚ ਨੂੰ ਸਦਾ ਸਦਾ ਲਈ ਖ਼ਤਮ ਕਰਨ ਦਾ ਯਤਨ ਕੀਤਾ ਗਿਆ, ਸਿੱਖਾਂ ਦੇ ਦਿਲ ਤੇ ਦਿਮਾਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਸਿੱਖ ਹਿਰਦੇ ਵਲੂੰਧਰੇ। ਕੇਂਦਰ ਸਰਕਾਰ ਇਸ ਘਟਨਾ ਦੀ ਪੂਰੀ ਤਰ੍ਹਾਂ ਜਿੰਮੇਵਾਰ ਹੈ।”

ਮੁਲਾਂਪੁਰ ਦੇ ਹਾਰਡਵੇਅਰ ਦੁਕਾਨ ਦੇ ਮਾਲਕ ਪਰਮਜੀਤ ਸਿੰਘ ਮੋਹੀ ਦਾ ਕਹਿਣਾ ਹੈ, “ਕੇਂਦਰ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਉਹ ਇਸ ਸਾਕੇ ਦੇ ਜ਼ੁੰਮੇਵਾਰ ਹਨ। ਸਿੱਖਾਂ ਦੇ ਹਿਰਦੇ ਹਾਲੇ ਵੀ ਉਸ ਸਾਕੇ ਕਰਕੇ ਵਲੂੰਧਰੇ ਪਏ ਹਨ।” ਹਿਜਰਤ ਕਰਕੇ ਆਏ ਟੇਲਰ ਮਾਸਟਰ ਸ. ਅਜੀਤ ਸਿੰਘ ਦਾ ਵਿਚਾਰ ਹੈ, “ਸਿੱਖ ਉਸ ਘਟਨਾ ਵਾਲੇ ਦਿਨ ਹੀ ਸਾਕੇ ਨੂੰ ਯਾਦ ਕਰਦੇ ਹਨ, ਇਉਂ ਲੱਗਦਾ ਹੈ ਜਿਵੇਂ ਭੁੱਲ ਗਏ ਹੋਣ। ਹਿੰਦੋਸਤਾਨ ਦੀ ਸਰਕਾਰ ਮੁੱਖ ਤੌਰ ‘ਤੇ ਜ਼ੁੰਮੇਵਾਰ ਹੈ।” 2

ਟਰੱਕ ਮਾਲਕ ਮਨਜੀਤ ਸਿੰਘ ਬਿੱਲੂ ਲੋਹਟ ਬੱਦੀ (ਜ਼ਿਲ੍ਹਾ ਸੰਗਰੂਰ) ਦਾ ਵਿਚਾਰ ਹੈ ਕਿ “ਸਾਕਾ ਨੀਲਾ ਤਾਰਾ ਜਿਉਂ ਹੀ ਯਾਦ ਆਉਂਦਾ ਹੈ, ਬੱਸ ਰੋ ਲਈਦਾ ਹੈ, ਉਨ੍ਹਾਂ ਸੂਰਮਿਆਂ ਨੂੰ ਸਿਜਦਾ ਕਰ ਲਈਦਾ ਹੈ, ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰੱਖਿਆ ਲਈ ਜਾਨਾਂ ਵਾਰੀਆਂ, ਇੰਦਰਾ ਗਾਂਧੀ ਤੇ ਉਸਦੀ ਹਕੂਮਤ ਜ਼ੁੰਮੇਵਾਰ ਹੈ।”

ਪਿੰਡ ਜੜਤੌਲੀ ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨ ਇੰਜੀਨੀਅਰ ਅਮਨਦੀਪ ਸਿੰਘ ਢਿੱਲੋਂ ਦਾ ਵਿਚਾਰ ਹੈ “ਜੋ ਕੁਝ ਹੋਇਆ ਬਹੁਤ ਮਾੜਾ ਹੋਇਆ-ਦੋਨੋਂ ਧਿਰ ਹੀ ਜ਼ੁੰਮੇਵਾਰ ਹਨ। ਅੰਦਰਲੇ ਬੰਦੇ ਠੰਡੇ ਮਤੇ ਨਾਲ ਫੜੇ ਜਾ ਸਕਦੇ ਸੀ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਜੇ ਕੋਈ ਗਲਤੀ ਕਰ ਦੇਵੇ, ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ-ਫਿਰ ਵੀ ਜੋ ਹੋਇਆ ਮਾੜਾ ਹੀ ਹੋਇਆ। ਸਿੱਖ ਨਤੀਜੇ ਭੁਗਤ ਰਹੇ ਨੇ।” ਸੰਤ ਭਿੰਡਰਾਂਵਾਲੇ ਵੱਲੋਂ ਜਦੋ-ਜਹਿਦ ਬਾਰੇ ਪੁੱਛੇ ਜਾਣ ਤੇ ਅਮਨਦੀਪ ਸਿੰਘ ਦਾ ਕਹਿਣਾ ਸੀ, “ਉਹ ਬਿਲਕੁਲ ਠੀਕ ਸੀ।” ਸੰਤ ਭਿੰਡਰਾਂਵਾਲਿਆਂ ਦੀ ਲਹਿਰ ਨੂੰ ਉਹ ਸਿੱਖ ਹੱਕਾਂ ਦੀ ਲਹਿਰ ਦੱਸਦਾ ਹੈ। ਕਚਿਹਰੀਆਂ ‘ਚ ਨੌਕਰੀ ਕਰਦੇ ਸ. ਨਰਿੰਦਰ ਸਿੰਘ ਦਾ ਸਪੱਸ਼ਟ ਉੱਤਰ ਸੀ, “ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੀ ਗਲਤੀ ਸੀ।” ਸੰਤਾਂ ਦੀ ਲੜਾਈ ਨੂੰ ਵਾਜਬ ਮੰਨਦੇ ਨਰਿੰਦਰ ਸਿੰਘ ਦਾ ਵਿਚਾਰ ਹੈ “ਜੋ ਕੁਝ ਹੋਇਆ ਪ੍ਰਮਾਤਮਾ ਦੀ ਰਜ਼ਾ ‘ਚ ਹੋਇਆ।

ਲੁਧਿਆਣੇ ਦੇ ਪੀ.ਸੀ.ਓ. ਦੇ ਮਾਲਕ ਹਰਜੀਤ ਸਿੰਘ ਨੇ ਅਕਾਲ ਤਖ਼ਤ ਢਾਹੁਣ ਲਈ ਸਰਕਾਰ ਨੂੰ ਦੋਸ਼ੀ ਦੱਸਿਆ। ਉਨ੍ਹਾਂ ਨੇ ਇਹ ਨੁਕਤਾ ਉਠਾਉਂਦਿਆਂ ਸਰਕਾਰ ਨੂੰ ਪੁੱਛਿਆ ਜੇ ਚਰਾਰੇ ਸ਼ਰੀਫ਼ ਵਿੱਚੋਂ ਵਿਦੇਸ਼ੀ ਖਾੜਕੂ ਨੇਤਾ ਮਸਤਗੁਲ ਨੂੰ ਮਸਜਿਦ ਚੋਂ ਨਿਕਲਣ ਲਈ ਸਰਕਾਰ ਨੇ ਸਾਫ਼ ਰਾਹ ਦਿੱਤਾ, ਉਸ ਵੇਲੇ ਸਾਰੇ ਖਾੜਕੂ ਬਚਾ ਲਏ ਗਏ ਸਨ। ਪਰ ਦਰਬਾਰ ਸਾਹਿਬ ‘ਤੇ ਹਮਲੇ ਵੇਲੇ ਇਉਂ ਨਹੀਂ ਕੀਤਾ।”

ਸਿੱਧਵਾਂ ਖੁਰਦ ਕਾਲਜ ਦੀ ਇੱਕ ਲੈਕਚਰਾਰ ਨੇ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਆਪਣੇ ਵਿਚਾਰਾਂ ਨੂੰ ਵੱਖਰੇ ਜਿਹੇ ਰੂਪ ਵਿੱਚ ਪ੍ਰਗਟਾਇਆ ਉਨ੍ਹਾਂ ਅਨੁਸਾਰ, “ਮੀਰੀ ਪੀਰੀ ਦੇ ਤਖ਼ਤ ਨੂੰ ਸਰਕਾਰ ਨੈ ਜਾਣ ਬੁੱਝ ਕੇ ਬਰਬਾਦ ਕਰਨ ਦਾ ਯਤਨ ਕੀਤਾ, ਇਹ ਸੋਚੀ ਸਮਝੀ ਚਾਲ ਨਾਲ ਕੀਤਾ ਗਿਆ। ਕਿਉਂਕਿ ਸੰਤ ਭਿੰਡਰਾਂਵਾਲੇ ਦੇ ਰੂਪ ਵਿੱਚ ਸਿੱਖਾਂ ਨੂੰ ਸੰਤ ਸਿਪਾਹੀ ਯੋਧਾ ਮਿਲ ਗਿਆ ਸੀ। ਜਿਸ ਨੂੰ ਹਕੂਮਤ ਖਤਰੇ ਦੀ ਘੰਟੀ ਸਮਝ ਰਹੀ ਸੀ-ਉਸ ਅਨੁਸਾਰ ਇੰਦਰਾ ਗਾਂਧੀ ਨੇ ਗੁਰੂ ਘਰ ਢਾਹਿਆ ਪ੍ਰਮਾਤਮਾ ਨੇ ਉਸ ਨੂੰ ਸਜ਼ਾ ਦਿੱਤੀ।”

ਲੁਧਿਆਣੇ ਸ਼ਹਿਰ ਦੀ ਚਰਚਿਤ ਸ਼ਖ਼ਸੀਅਤ ਜੱਥੇਦਾਰ ਮਾਨ ਸਿੰਘ ਨੇ ਆਪਣੇ ਵਿਚਾਰਾਂ ਵਿੱਚ ਪੰਥਕ ਜੱਥੇਬੰਦੀਆਂ ‘ਤੇ ਗਿਲਾ ਕਰਦਿਆਂ ਆਖਿਆ “ਦਰਬਾਰ ਸਾਹਿਬ ‘ਤੇ ਹਮਲੇ ਵੇਲੇ ਸ਼ਹੀਦ ਹੋਏ ਤੇ ਬਾਅਦ ਵਿੱਚ ਮਾਰੇ ਮੁੰਡਿਆਂ ਦੀ ਹੁਣ ਤੱਕ ਲਿਸਟ ਹੀ ਨਹੀਂ ਤਿਆਰ ਕੀਤੀ ਗਈ। ਗੁਰਦੁਆਰੇ ‘ਚ 50 ਰੁ: ਦੀ ਦੇਗ ਕਰਾਉਣ ਵਾਲੇ ਨੂੰ ਸਿਰੋਪਾ ਬਖ਼ਸ਼ਿਆ ਜਾਂਦਾ ਹੈ। ਕੀ ਸ਼ਹੀਦੀ ਦਾ ਮੁੱਲ ਪੰਜਾਹ ਰੁ: ਤੋਂ ਵੀਂ ਘੱਟ ਹੈ? ਸਿੱਖ ਹੋਰ ਨਹੀਂ ਕੁਝ ਕਰ ਸਕਦੇ ਉਨ੍ਹਾਂ ਸ਼ਹੀਦ ਹੋਏ ਮੁੰਡਿਆਂ ਦੇ ਘਰ ਫੋਕੀ ਚਿੱਠੀ ਪਾਕੇ ਧੰਨਵਾਦ ਹੀ ਕਰ ਦਿੱਤਾ ਜਾਵੇ।” ਸਿੱਖ ਜਥੇਬੰਦੀਆਂ ‘ਤੇ ਜ਼ੋਰ ਦਿੰਦੇ ਹੋਏ ਆਖਿਆ “ਉਹ ਸ਼ਹੀਦਾਂ ਦੀਆਂ ਲਿਸਟਾਂ ਜ਼ਰੂਰ ਤਿਆਰ ਕਰਨ। ਇਹ ਬੜਾ ਭਲੇ ਵਾਲਾ ਕੰਮ ਹੈ।”

ਸਵਾਰੀਆਂ ਢੋਣ ਵਾਲੇ ਟੈਂਪੂ ਦੇ ਮਾਲਕ ਸ. ਜਸਵੀਰ ਸਿੰਘ ਸਵੱਦੀ ਕਲਾਂ ਦਾ ਦੋ ਟੁੱਕ ਵਿਚਾਰ ਸੀ, “ਇਸ ਕਾਰੇ ਲਈ ਇੰਦਰਾ ਗਾਂਧੀ ਜ਼ੁੰਮੇਵਾਰ ਹੈ। ਸੰਤ ਭਿੰਡਰਾਂਵਾਲਿਆਂ ਦੀ ਹਥਿਆਰਬੰਦ ਲੜਾਈ ਠੀਕ ਸੀ।” ਇਹੋ ਜਿਹਾ ਵਿਚਾਰ ਹੀ ਉਸਦੇ ਨਾਲ ਬੈਠੇ ਸਾਥੀ ਟੈਂਪੁ ਮਾਲਕ ਸ. ਰਣਧੀਰ ਸਿੰਘ ਧੀਰਾ ਦਾ ਸੀ। ਖੇਤੀਬਾੜੀ ਕਰਦੇ ਨੌਜਵਾਨ ਗਰੈਜੁਏਟ ਮੁਖਤਿਆਰ ਸਿੰਘ ਖੰਜਰਵਾਲ ਦਾ ਵਿਚਾਰ ਵੀ ਇਨ੍ਹਾਂ ਨਾਲ ਰਲਦਾ ਜਿਹਾ ਸੀ। ਉਸ ਅਨੁਸਾਰ “ਸਾਕਾ ਨੀਲਾ ਤਾਰਾ ਲਈ ਇੰਦਰਾ ਗਾਂਧੀ ਦਾ ਕਸੂਰ ਸੀ । ਸੰਤ ਭਿੰਡਰਾਂਵਾਲਾ ਤਾਂ ਸਿੱਖ ਹੱਕਾਂ ਲਈ ਲੜ ਰਿਹਾ ਸੀ। ਖੰਨੇ ਸ਼ਹਿਰ ਦੀ ਅੰਮ੍ਰਿਤਧਾਰੀ ਲੈਕਚਰਾਰ ਜਸਵਿੰਦਰ ਕੌਰ ਨੇ ਸਰਕਾਰ ਨੂੰ ਸਵਾਲ ਕੀਤਾ “ਕਿਉਂ ਇਹ ਸਭ ਸ਼ਹੀਦੀ ਪੂਰਬ ਨੂੰ ਕੀਤਾ ਹੈ? ਸਰਕਾਰ ਦੀ ਬੇਈਮਾਨੀ ਸੀ। ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ।

ਹਜ਼ਾਰਾਂ ਬੇਕਸੂਰ ਔਰਤਾਂ, ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਕਤਲ ਕਰਨ

ਵਾਲੇ ਭਾਈਚਾਰੇ ਨੇ ਵੀ ਸਿੱਖਾਂ ਦੇ ਮਨਾਂ ‘ਤੇ ਉਸ ਸਮੇਂ ਲੂਣ ਹੀ ਛਿੜਕਿਆ। ਜਦੋਂ ਇਹ ਹਕੂਮਤ ਦੇ ਵਫ਼ਾਦਾਰ ਫੌਜੀਆਂ ਨੂੰ ਤਿਲਕ ਲਗਾ ਰਹੇ ਸਨ-ਕੜਾਹ ਪੂੜੀਆਂ ਛੋਲੇ ਖੁਆ ਰਹੇ ਸਨ।” ਬੜੇ ਹੀ ਜਜ਼ਬਾਤੀ ਸੁਰ ‘ਚ ਤੇ ਅੱਖਾਂ ‘ਚ ਪਾਣੀ ਭਰ ਕੇ ਜਸਵਿੰਦਰ ਕੌਰ ਨੇ ਆਖਿਆ, “ਫਿਰ ਸਾਡੀ ਸਾਂਝ ਕਾਹਦੀ ਰਹਿ ਗਈ? ਸਾਡੇ ਪ੍ਰਮਾਤਮਾ ਦੇ ਘਰ ਤੇ ਹਮਲਾ ਹੋਵੇ ਤੇ ਇਹ ਲੱਡੂ ਵੰਡਣ।”

ਭਾਰਤੀ ਫੌਜ ਦੇ ਗੋਲਡਨ ਟੈਂਪਲ ਉੱਤੇ ਫੌਜੀ ਹਮਲੇ ਦੀ ਹਥਿਆਰਬੰਦ ਵਿਰੋਧਤਾ ਠੀਕ ਸੀ

ਲੈਫ. ਜਨਰਲ ਐਸ.ਕੇ.ਸਿਨਹਾ

ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਸਿੱਖ ਗੋਲਡਨ ਟੈਂਪਲ ਵਿੱਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ, ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ। ਇਸ ਗੱਲ ਦਾ ਪ੍ਰਗਟਾਵਾ ਰਿਟਾਇਰਡ ਲੈਫਟੀਨੈਂਟ ਜਨਰਲ ਐੱਸ.ਕੇ. ਸਿਨਹਾ ਨੇ ਕੀਤਾ। ਇਹ ਲੈ. ਜਨਰਲ ਐੱਸ.ਕੇ. ਸਿਨਹਾ ਉਹੀ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਲਈ ਇਨ੍ਹਾਂ ਨੂੰ ਆਰਮੀ ਦਾ ਚੀਫ਼ ਨਹੀਂ ਬਣਾਇਆ ਗਿਆ ਸੀ। ਇਨ੍ਹਾਂ ਦੀ ਥਾਂ ਤੇ ਫਿਰ ਜਨਰਲ ਵੈਦਯਾ ਨੂੰ ਫੌਜ ਦਾ ਚੀਫ਼ ਬਣਾਇਆ ਗਿਆ ਸੀ।

“ਫੌਜੀ ਕਾਰਵਾਈ ਕੋਈ ਆਖ਼ਰੀ ਰਸਤਾ ਨਹੀਂ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮਨਵਾਉਣਾ ਚਾਹੁੰਦੀ ਹੈ। ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ।” ਜਨਰਲ ਸਿਨਹਾ ਨੇ ਦੱਸਿਆ ਕਿ ਜਦੋਂ ਉਹ ਪੱਛਮੀ ਕਮਾਂਡ ਦੇ ਮੁੱਖੀ ਸਨ (GOC in C of Western Commands) ਤਾਂ ਉਹਨਾਂ ਨੂੰ ਕੋਈ ਰਾਤ ਦੇ 10 ਵਜੇ ਟੈਲੀਫ਼ੋਨ ਤੇ ਇਹ ਦੱਸਿਆ ਗਿਆ ਕਿ ਸਰਕਾਰ ਨੇ ਇਹ ਉੱਚ ਪੱਧਰ ‘ਤੇ ਫ਼ੈਸਲਾ ਕਰ ਲਿਆ ਹੈ ਕਿ ਫੌਜ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਦਾ ਕੰਮ ਸੌਂਪ ਦਿੱਤਾ ਜਾਏ। ਪਰ ਜਦੋਂ ਜਨਰਲ ਸਿਨਹਾ ਨੇ ਉਸ ਟੈਲੀਫੋਨ ਕਰਨ ਵਾਲੇ ਨੂੰ ਇਹ ਕਿਹਾ ਕਿ ਜਦ ਤੱਕ ਉਹਨਾਂ ਨੂੰ ਫੌਜ ਦੇ ਮੁੱਖੀ ਜਾਂ ਰੱਖਿਆ ਮੰਤਰੀ ਵੱਲੋਂ ਆਦੇਸ਼ ਪ੍ਰਾਪਤ ਨਹੀਂ ਹੁੰਦੇ ਉਹ ਕੋਈ ਕਾਰਵਾਈ ਨਹੀਂ ਕਰਨਗੇ ਤਾਂ ਇਸ ਤੋਂ ਬਾਅਦ ਇਹੋ ਜਿਹੇ ਕੋਈ ਆਦੇਸ਼ ਨਹੀਂ ਮਿਲੇ। ਇਹ 1981 ਦੇ ਅਖੀਰ ਦੀ ਗੱਲ ਹੈ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਸੋ ਇਹ ਗੱਲ ਤਹਿ ਹੈ ਕਿ ਤਕਰੀਬਨ 30 ਮਹੀਨੇ ਪਹਿਲਾਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਜਾ ਚੁੱਕਾ ਸੀ, ਜਿਸ ਨੂੰ ਅਮਲੀ ਜਾਮਾ ਜੂਨ, 1984 ਵਿੱਚ ਪਹਿਨਾਇਆ ਗਿਆ।”

“ਫੇਰ ਜਦੋਂ ਸੰਤ ਜਰਨੈਲ ਸਿੰਘ ਚੌਂਕ ਮਹਿਤਾ ਗਏ ਤਾਂ ਇੱਕ ਵਾਰ ਫੇਰ दैत्त डें Armoured Personnel Carriers (PAC) री भेग वीडी गष्टी डां ਜੋ ਪੁਲਿਸ ਨੂੰ ਇਹ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਵਿੱਚ ਸਹਾਈ ਹੋ ਸਕਣ। ਇਹ ਗੱਲ ਅਕਾਲੀਆਂ ਦੇ ਧਰਮ-ਯੁੱਧ ਮੋਰਚੇ ਦੇ ਸ਼ੁਰੂ ਣ ਤੋਂ (ਅਗਸਤ 1982) ਕਈ ਚਿਰ ਪਹਿਲਾਂ ਦੀ ਹੈ। ਮੋਰਚਾ ਲੱਗਣ ਤੋਂ ਥੋੜ੍ਹਾ ਚਿਰ ਬਾਅਦ ਹੀ ਦੂਨ ਵਾਦੀ ਨੇੜੇ ਚਕਰਾਤਾ ਛਾਉਣੀ ਵਿੱਚ ਫੌਜ ਨੇ ਕਮਾਂਡੋ ਐਕਸ਼ਨ ਦੀ ਵਿਉਂਤਬੰਦੀ ਤੇ ਰਿਹਰਸਲ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਕੰਮ ਲਈ ਗੋਲਡਨ ਟੈਂਪਲ ਕੰਪਲੈਕਸ ਦਾ ਇੱਕ ਮਾਡਲ ਵੀ ਤਿਆਰ ਕਰ ਲਿਆ ਗਿਆ ਸੀ।

“ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿੱਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ ‘ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨੀ ਤੇ ਇਖ਼ਲਾਕੀ ਫ਼ਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿੱਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਮਿੰਦਰ ਸਾਹਿਬ ਸੀ।

“ਦੂਸਰੇ ਤੁਹਾਨੂੰ ਮੁਕਾਬਲਾ ਕਰਨ ਲਈ ਦੁਸ਼ਮਣਾਂ ਨਾਲੋਂ ਵੱਧ ਨਹੀਂ ਤਾਂ ਬਰਾਬਰ ਦੇ ਹਥਿਆਰਾਂ ਦੀ ਜ਼ਰੂਰਤ ਹੈ। ਇੰਦਰਾ ਗਾਂਧੀ ਦਾ ਇਹ ਕਹਿਣਾ ਸੀ ਸੰਤ ਭਿੰਡਰਾਂਵਾਲੇ ਪਿਛਲੇ ਇੱਕ ਸਾਲ ਤੋਂ ਹਥਿਆਰ ਇਕੱਠੇ ਕਰ ਰਹੇ ਹਨ। ਪਰ ਇਹ ਉਸ ਦੇ ਫੌਜੀ ਹਮਲੇ ਦੀ ਕਾਰਵਾਈ ਦੇ ਫੈਸਲੇ ਤੋਂ ਬਾਅਦ ਕਾਫੀ ਚਿਰ ਬਾਅਦ ਵਿੱਚ ਸ਼ੁਰੂ ਹੋਇਆ।

“ਦਸੰਬਰ, 1983 ਵਿੱਚ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਦੋ ਸੁਰੰਗਾਂ ਖੋਦੀਆਂ ਪਰ ਉਹਨਾਂ ਨੂੰ ਇਹ ਸੁਰੰਗਾਂ ਬੰਦ ਕਰਨ ਲਈ ਮਨਾ ਲਿਆ ਗਿਆ ਤੇ ਇਹ ਸੁਰੰਗਾਂ ਬੰਦ ਕਰ ਦਿੱਤੀਆਂ ਗਈਆਂ। ਸੋ ਇਸ ਤੋਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਦਸੰਬਰ, 1983 ਤੱਕ ਕੋਈ ਵੀ ਸਿੱਖ ਨੇਤਾ ਸਰਕਾਰ ਨਾਲ ਹਥਿਆਰਬੰਦ ਲੜਾਈ ਲਈ ਤਿਆਰ ਨਹੀਂ ਸੀ।

“ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਭਾਨ ਸਿੰਘ ਮੁਤਾਬਕ ਗੋਲਡਨ ਟੈਂਪਲ ਕੰਪਲੈਕਸ ਦੀ ਮੋਰਚਾਬੰਦੀ 17 ਫਰਵਰੀ, 1984 ਨੂੰ ਸ਼ੁਰੂ ਹੋਈ। ਇਹ ਵੀ ਇਸ ਲਈ ਸ਼ੁਰੂ ਹੋਈ ਕਿਉਂਕਿ ਙਞ- ਤੇ ਨਛ- ਦੇ ਨੀਮ ਫੌਜੀ ਦਸਤਿਆਂ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਕਬਜ਼ੇ ਵਿੱਚ ਲੈ ਕੇ ਉੱਥੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਬਿਨਾਂ ਕਿਸੇ ਕਾਰਨ ਹਰਿਮੰਦਰ ਸਾਹਿਬ ਵੱਲ ਰੁਕ- ਰੁਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਸਰਕਾਰ ਦੀ ਇਸ ਕਾਰਵਾਈ ਨੇ ਸੰਤ ਜਰਨੈਲ ਸਿੰਘ ਨੂੰ ਮੋਰਚਾਬੰਦੀ ਦੇ ਲਈ ਉਕਸਾਇਆ। ਫੇਰ ਮਈ ਦੇ ਅਖ਼ੀਰ ਵਿਚ CRPF ਤੇ BSF ਨੇ ਹਰ ਰੋਜ਼ 10,000 ਗੋਲੀਆਂ ਦੀ ਬੁਛਾੜ ਗੋਲਡਨ ਟੈਂਪਲ ਕੰਪਲੈਕਸ ਵੱਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਮੁੱਖ ਮੰਤਵ ਸੀ ਕਿ ਜਦੋਂ ਇਸ ਦੇ ਜਵਾਬ ਵਿੱਚ ਗੋਲੀ ਚਲੇ ਤਾਂ ਪਤਾ ਲੱਗ ਸਕੇ ਸੰਤ ਜਰਨੈਲ ਸਿੰਘ ਨੇ ਉਨ੍ਹਾਂ ਦੇ ਸਾਥੀਆਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਤੇ ਉਹਨਾਂ ਦੇ ਮੋਰਚੇ ਕਿਸ-ਕਿਸ ਪਾਸੇ ਹਨ। ਇਸ ਦਾ ਦੂਸਰਾ ਮੰਤਵ ਲੜਾਈ ਨੂੰ ਜਾਣ ਬੁੱਝ ਕੇ ਭੜਕਾਉਣਾ ਸੀ।

“ਕੋਈ ਵੀ ਰੱਬ ਦਾ ਪਿਆਰਾ ਸਿੱਖ ਕਿਸੇ ਵੀ ਫੌਜ ਨੂੰ ਆਪਣੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਵੱਲ ਵਧਣ ਦੀ ਇਜਾਜ਼ਤ ਨਹੀਂ ਦੇ ਸਕਦਾ। ਇਹ ਹਰ ਸਿੱਖ ਦਾ ਇਖ਼ਲਾਕੀ ਤੇ ਧਾਰਮਿਕ ਫ਼ਰਜ਼ ਬਣਦਾ ਹੈ ਕਿ ਉਹ ਹਰਿਮੰਦਰ ਸਾਹਿਬ ਵੱਲ ਵਧਣ ਵਾਲੇ ਹਰੇਕ ਦੁਸ਼ਮਣ ਦੇ ਦੰਦ ਖੱਟੇ ਕਰੇ ਤੇ ਇਸ ਦੀ ਹਿਫਾਜ਼ਤ ਲਈ ਮਰ ਮਿਟੇ। ਸੰਤ ਭਿੰਡਰਾਂਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਸਿੱਖ ਜੁਝਾਰੂ ਸੂਰਬੀਰਾਂ ਦੀ ਪ੍ਰੰਪਰਾ ਦਾ ਪਾਲਣ ਕਰਦੇ ਹੋਏ ਆਖਰੀ ਗੋਲੀ ਤੇ ਆਖਰੀ ਸੁਆਸ ਤੱਕ ਲੜਾਈ ਕੀਤੀ। ਇਹੋ ਹੀ ਕਾਰਨਾਂ ਕਰਕੇ ਆਦਮੀ, ਔਰਤਾਂ ਤੇ ਬੱਚੇ ਜੋ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਨੇ ਵੀ ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ।”

ਸਾਕਾ ਨੀਲਾ ਤਾਰਾ – ਕਿਸਨੇ ਕੀ ਕੀ ਕਿਹਾ

ਮੇਜਰ ਸਿੰਘ

ਸਿੱਖਾਂ ਦੀ ਸਮੱਸਿਆਵਾਂ ਦਾ ਹੱਲ ਮੁਗ਼ਲ ਰਾਜਿਆਂ ਤੇ ਅੰਗਰੇਜ਼ ਗਵਰਨਰ ਨੇ ਫੌਜੀਆਂ ਦੀ ਤਾਕਤ ਨਾਲ ਸੁਲਝਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਿਸਦੇ ਨਤੀਜੇ ਵਜੋਂ ਇਸ ਕੌਮ ਦੇ ਸ਼ਹੀਦਾਂ ਦੀਆਂ ਕਤਾਰਾਂ ਲੱਗ ਗਈਆਂ, ਜਿਨ੍ਹਾਂ ਨੂੰ ਕਿ ਇਹ ਕਾਬਿਲੇ ਫ਼ਖ਼ਰ ਕੌਮ ਦੇ ਲੋਕ ਯਾਦ ਕਰਦੇ ਹਨ। ਉਹ 1919 ਦੀ ਵਿਸਾਖੀ ਵਾਲਾ ਉਹ ਦਿਹਾੜਾ ਨਹੀ ਭੁੱਲੇ ਹਨ ਅਤੇ ਨਾਂ ਹੀ ਜਨਰਲ ਡਾਇਰ ਵੱਲੋਂ ਕੀਤੇ ਵਹਿਸ਼ੀਆਨਾ ਹਮਲੇ ਨੂੰ ਬਖ਼ਸ਼ਿਆ ਹੈ। ਇੰਦਰਾ ਗਾਂਧੀ ਨੇ ਵੀ ਉਹੀ ਗਲਤੀ ਦੁਹਰਾਈ ਹੈ।

ਆਰ.ਐੱਚ. ਗਰੀਨਫੀਲਡ, ਸੰਡੇ ਟੈਲੀਗਰਾਫ, ਲੰਡਨ

(10 ਜੂਨ ,1984)

ਇਤਿਹਾਸਕ ਸਮਾਂਨਤਰ ਅਵੱਸਥਾ ਦੀ ਤੁਲਨਾ ਖਤਰਨਾਕ ਹੋ ਸਕਦੀ ਹੈ, ਪਰ ਪਿਛਲੇ ਹਫਤੇ ਗੋਲਡਨ ਟੈਂਪਲ ਦੇ ਹੋਏ ਹਮਲੇ ਦੌਰਾਨ ਕਤਲੇ-ਆਮ ਤੇ 1919 ਵਿੱਚ ਦੇ ਜਲ੍ਹਿਆਂਵਾਲੇ ਬਾਗ ਵਿੱਚ ਹੋਏ ਕਤਲੇ-ਆਮ ਵਿੱਚ ਕਈ ਧਿਆਨ ਦੇਣ ਯੋਗ ਸਮਾਨਤਾਵਾਂ ਹਨ। ਸਿਰਫ ਮੌਕਾ-ਏ-ਵਾਰਦਾਤ ਵਿੱਚ ਕੁੱਝ ਗੱਲਾਂ ਦਾ ਫ਼ਰਕ ਹੈ। ਸਰਕਾਰੀ ਸੂਤਰਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਇੱਕੋ ਜਿੰਨੀ ਸੀ। 1919 ਵਿੱਚ ਰਾਬਿੰਦਰ ਨਾਥ ਟੈਗੋਰ ਨੇ ਅੰਗਰੇਜ਼ਾਂ ਵੱਲੋਂ ਦਿੱਤਾ ਸਨਮਾਨ iਅਜਪੀਵੀਰਰਦ) ਵਾਪਸ ਕਰ ਦਿੱਤਾ ਸੀ। 1984 ਵਿੱਚ ਪ੍ਰਮੁੱਖ ਸਿੱਖ ਹਸਤੀਆਂ ਨੇ ਇਸ ਦੁਖਾਂਤ ਦੇ ਵਿਰੋਧ ਵਿੱਚ ਹਿੰਦੁਸਤਾਨ ਦੀ ਸਰਕਾਰ ਵੱਲੋਂ ਦਿੱਤੇ ਸਨਮਾਨ ਵਾਪਸ ਕਰ ਦਿੱਤੇ। 1919 ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਪਲਾਸੀ ਦੀ ਲੜਾਈ ਨੇ ਅੰਗਰੇਜ਼ ਹਕੂਮਤ ਦੀ ਨੀਂਹ ਰੱਖੀ ਸੀ, ਜਲ੍ਹਿਆਂ ਵਾਲੇ ਬਾਗ ਨੇ ਇਸਨੂੰ ਕਰਾਰਾ ਝਟਕਾ ਦਿੱਤਾ ਹੈ। ਹਿੰਦੁਸਤਾਨ ਦੀ ਖਾਤਰ ਅਸੀਂ ਉਮੀਦ ਕਰ ਸਕਦੇ ਹਾਂ ਪਿਛਲੇ ਹਫਤੇ ਹੋਏ ਕਤਲੇ-ਆਮ ਨਾਲ ਕਿਸੇ ਹੋਰ ਅੰਤ ਦੀ ਸ਼ੁਰੂਆਤ ਨਾ ਹੋਵੇ।

Sunday Times, London Editorial

Jun 10, 1984

ਭਾਵੇਂ ਹੁਣ ਇੰਦਰਾ ਗਾਂਧੀ ਵੱਲੋਂ ਕੀਤੀ ਕਾਰਵਾਈ ਦਾ ਠੀਕ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਪਰ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਉਸ ਨੂੰ ਹਿੰਦੂਆਂ ਵੱਲੋਂ ਸ਼ੁਕਰਾਨੇ ਦੇ ਵੋਟ ਜ਼ਰੂਰ ਮਿਲਣਗੇ।

ਚਿੱਠੀਆਂ ਜ਼ਮੀਰ ਵੇਚਣ ਵਾਲਿਆਂ ਦੀਆਂ

30 ਜਨਵਰੀ 1984

ਮਿਸਟਰ ਆਰ.ਐਨ.ਰਾਓ.

ਕੈਬਨਟ ਸੈਕਰੀਟੇਰੀਏਟ

ਸਕਿਊਰਿਟੀ

ਬੀਕਾਨੇਰ ਹਾਊਸ, ਸ਼ਾਹਜਹਾਨ

ਨਵੀਂ ਦਿੱਲੀ

ਪਿਆਰੇ ਸ਼੍ਰੀਮਾਨ ਜੀ,

ਮਿਸਟਰ ਮਿਹਤਾਨੀ ਮੈਨੂੰ ਕੱਲ੍ਹ ਮਿਲਿਆ ਸੀ ਅਤੇ ਆਪ ਜੀ ਦਾ ਸੁਨੇਹਾ ਦਿੱਤਾ ਸੀ। ਉਸਨੇ ਮੈਨੂੰ ਦੱਸਿਆ ਕਿ ਤੁਸੀਂ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ‘ਤੇ ਕੰਮ ਕਰ ਰਹੇ ਹੋ। ਮੈਂ ਬਹੁਤ ਖੁਸ਼ ਹਾਂ ਕਿ ਡਾਕਟਰ ਜਗਜੀਤ ਸਿੰਘ ਚੌਹਾਨ ਆਪ ਜੀ ਨਾਲ ਕੰਮ ਕਰਨ ਲਈ ਮੰਨ ਗਿਆ ਹੈ। ਉਸਨੇ ਮੈਨੂੰ ਦੱਸਿਆ ਹੈ ਕਿ ਤੁਸੀਂ ਉਸ ਨੂੰ ਪਹਿਲਾਂ ਹੀ ਖਰਚਾ ਦੇ ਦਿੱਤਾ ਹੈ।

ਡਾਕਟਰ ਚੌਹਾਨ ਨੇ ਰਾਤੀਂ ਮੈਨੂੰ ਟੈਲੀਫੋਨ ਕੀਤਾ ਸੀ ਅਤੇ ਉਹ ਸਾਡੇ ਨਾਲ ਕੰਮ ਕਰਨ ਲਈ ਸਹਿਮਤ ਹੋ ਗਿਆ ਹੈ ਅਤੇ ਉਸਨੇ ਕਿਹਾ ਹੈ ਸਾਨੂੰ ਸਕੀਮ ਅਨੁਸਾਰ ਅੱਗੇ ਚੱਲਣਾ ਚਾਹੀਦਾ ਹੈ ਅਤੇ ਉਹ, ਉਹ ਕੁਝ ਕਰੇਗਾ ਜੋ ਆਪਾਂ ਕਰਨ ਨੂੰ ਕਹਾਂਗੇ। ਉਸਨੇ ਪਹਿਲਾਂ ਹੀ ਇੱਕ ਕਨੇਡੀਅਨ ਪੰਜਾਬੀ ਅਖ਼ਬਾਰ ਨਾਲ ਸੌਦਾ ਕਰ ਲਿਆ ਹੈ ਅਤੇ ਪੈਸੇ ਦੀ ਅਦਾਇਗੀ ਦਾ ਧਿਆਨ ਰੱਖੇਗਾ। ਉਹ ਇੰਗਲੈਂਡ ਵਿੱਚ ਵੀ ਇੱਕ ਅਖ਼ਬਾਰ ਨਵੀਸ ਨਾਲ ਉਹੋ ਜਿਹਾ (ਕਨੇਡਾ ਵਰਗਾ) ਸੌਦਾ ਕਰ ਰਿਹਾ ਹੈ। ਉਹ (ਅਖ਼ਬਾਰ ਨਵੀਸ) ਡਾਕਟਰ ਚੌਹਾਨ ਨੂੰ ਸੰਤ ਭਿੰਡਰਾਂਵਾਲੇ ਦੇ ਆਦਮੀਆਂ ਬਾਰੇ ਸੂਚਨਾਵਾਂ ਦੇ ਰਿਹਾ ਹੈ। ਅਮਰੀਕਾ ਅਤੇ ਇੰਗਲੈਂਡ ਵਿੱਚ ਸੰਤ ਭਿੰਡਰਾਂਵਾਲੇ ਦੇ ਤਕੜੇ ਸ਼ਰਧਾਲੂ ਹਨ ਇਸ ਲਈ ਸਾਨੂੰ ਉਹਨਾਂ ਬਾਰੇ ਕੁਝ ਕਰਨਾ ਪੈਣਾ ਹੈ। ਮਿਸਟਰ ਮੇਹਤਾਨੀ ਆਪ ਜੀ ਨੂੰ ਆਪਣੀ ਵਿਉਂਤਬੰਦੀ ਦੀਆਂ ਤਾਰੀਕਾਂ ਦੱਸ ਦੇਵਾਂਗਾ।

ਆਪ ਜੀ ਦਾ ਆਗਿਆਕਰੀ

ਦਸਤਖਤ

ਗੁਰਚਰਨ ਸਿੰਘ

 

 

 

Credit – ਸਾਕਾ 1984 ਸੰਪਾਦਕ ਪ੍ਰਭਸ਼ਰਨਬੀਰ ਸਿੰਘ

 

 

Leave a Comment

error: Content is protected !!