ਸਿੱਖ ਮਿਸਲ ਡੱਲੇਵਾਲੀਆ ਨਾਲ ਸੰਬੰਧਿਤ ਦੁਲਵਾਂ ਪਿੰਡ ਦੇ ਸਰਦਾਰ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦਾ ਦੁਲਵਾਂ ਪਿੰਡ ਖੰਨਾ-ਸੰਘੋਲ ਸੜਕ ‘ਤੇ ਸਥਿਤ ਹੈ। ਇਸ ਪਿੰਡ ਦੇ ਸਿੱਖ ਸਰਦਾਰਾਂ ਦਾ ਸੰਬੰਧ ਸਿੱਖਾਂ ਦੀ ਡੱਲੇਵਾਲੀਆ ਮਿਸਲ ਨਾਲ ਹੈ। ਇਹ ਕੰਗ ਅਤੇ ਹੁੰਦਲ ਭਾਈਚਾਰੇ ਵਿੱਚੋਂ ਹਨ। ਮਿਸਲਾਂ ਸਿੱਖਾਂ ਦੀਆਂ ਉਹ ਜਥੇਬੰਦੀਆਂ ਸਨ ਜੋ ਦਲ ਖਾਲਸਾ ਦੀ ਸਥਾਪਨਾ ਤੋਂ ਬਾਅਦ ਹੋਂਦ ਵਿਚ ਆਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ‘ਤੇ ਸਖਤੀਆਂ ਦਾ ਦੌਰ ਸ਼ੁਰੂ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ। ਸਿੱਖਾਂ ਨੂੰ ਬੰਦ-ਬੰਦ ਕੱਟ ਕੇ, ਖੋਪਰੀਆਂ ਲਾਹ ਕੇ, ਚਰਖੜੀਆਂ ‘ਤੇ ਚਾੜ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਦੁੱਧ ਚੁੰਘਦੇ ਬੱਚਿਆਂ ਨੂੰ ਨੇਜਿਆਂ ‘ਤੇ ਬੋਚ ਕੇ ਉਨ੍ਹਾਂ ਦੀਆਂ ਆਂਦਰਾਂ ਦੇ ਹਾਰ ਮਾਵਾਂ ਦੇ ਗਲਾਂ ਵਿਚ ਪਾਏ ਜਾ ਰਹੇ ਸਨ। ਇਨ੍ਹਾਂ ਦਿਨਾਂ ਵਿਚ ਸਿੱਖ ਆਪਣੇ ਪਰਵਾਰਾਂ ਸਮੇਤ ਜੰਗਲਾਂ ਵਿਚ ਚਲੇ ਗਏ ਅਤੇ ਜ਼ਾਲਮ ਸਰਕਾਰਾਂ ਦਾ ਡੱਟ ਕੇ ਮੁਕਾਬਲਾ ਵੀ ਕਰਦੇ ਰਹੇ। ਸਿੱਖ ਛੋਟੇ-ਛੋਟੇ ਜਥੇ ਬਣਾ ਕੇ ਵਿਚਰਦੇ ਰਹੇ ਜੋ ਬਾਅਦ ਵਿਚ ਮਿਸਲਾਂ ਦਾ ਰੂਪ ਧਾਰਨ ਕਰ ਗਏ। ਸੰਨ ੧੭੪੩ ਈ. ਵਿਚ ਨਵਾਬ ਕਪੂਰ ਸਿੰਘ ਜੀ ਨੇ ਸਿੱਖਾਂ ਨੂੰ ਦੋ ਪ੍ਰਮੁੱਖ ਦਲਾਂ-ਬੁੱਢਾ ਦਲ ਤੇ ਤਰਨਾ ਦਲ ਵਿਚ ਵੰਡ ਦਿੱਤਾ। ਤਰਨਾ ਦਲ ਨੇ ਅੱਗੋਂ ਕਾਫੀ ਵਿਕਾਸ ਕੀਤਾ ਅਤੇ ਛੋਟੇ-ਛੋਟੇ ੬੫ ਜਥੇ ਬਣਾ ਲਏ। ੧੭੪੮ ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਥੇਬੰਦੀ ਹੇਠ ਦਲ ਖਾਲਸਾ ਦੀ ਸਥਾਪਨਾ ਹੋਈ। ਇਸ ਨੂੰ ਅੱਗੇ ੧੧ ਮਿਸਲਾਂ ਵਿਚ ਵੰਡਿਆ ਗਿਆ। ਇਨ੍ਹਾਂ ਮਿਸਲਾਂ ਵਿੱਚੋਂ ਹੀ ਇੱਕ ਮਿਸਲ ਡੱਲੇਵਾਲੀਆ ਸੀ। ਡੱਲੇਵਾਲੀਆ ਮਿਸਲ ਦਾ ਮੋਢੀ ਸਰਦਾਰ ਗੁਲਾਬ ਸਿੰਘ ਸੁਲਤਾਨਪੁਰ ਲੋਧੀ ਦੇ ਨੇੜੇ ਪਿੰਡ ਡੱਲੇ ਦਾ ਰਹਿਣ ਵਾਲਾ ਸੀ। ਇਨ੍ਹਾਂ ਦੇ ਪਿਤਾ ਸ੍ਰੀ ਸ਼ਰਧਾ ਰਾਮ ਜੀ ਪਿੰਡ ਵਿਚ ਛੋਟੀ ਜਿਹੀ ਦੁਕਾਨ ਚਲਾਉਂਦੇ ਸੀ। ਪਿਤਾ ਦੀ ਮੌਤ ਤੋਂ ਬਾਅਦ ਸਰਦਾਰ ਗੁਲਾਬ ਸਿੰਘ ਵੀ ਪਿਤਾ ਪੁਰਖੀ ਧੰਦਾ ਕਰਨ ਲੱਗ ਪਿਆ। ਇੱਕ ਰਾਤ ਦੁਕਾਨ ਦਾ ਸਾਰਾ ਸਾਮਾਨ ਚੋਰੀ ਹੋ ਗਿਆ। ਇਸ ਨੇ ਦੁਬਾਰਾ ਤੋਂ ਦੁਕਾਨ ਚਲਾਉਣ ਲਈ ਕੁਝ ਧਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ। ਇੱਕ ਦਿਨ ਇਸ ਨੇ ਸਰਦਾਰ ਕਪੂਰ ਸਿੰਘ ਫੈਜਲਪੁਰੀਆ ਪਾਸ ਜਾ ਕੇ ਖੰਡੇ ਦੀ ਪਾਹੁਲ ਪ੍ਰਾਪਤ ਕਰ ਲਈ ਅਤੇ ਦਲ ਖਾਲਸਾ ਵਿਚ ਭਰਤੀ ਹੋ ਗਿਆ। ਇਸ ਨੇ ਆਪਣਾ ਜਥਾ ਬਣਾ ਕੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਜਲੰਧਰ, ਲਾਹੌਰ ਅਤੇ ਕਸੂਰ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ । ਇਸ ਦੇ ਜਥੇ ਦਾ ਨਾਂ ਡੱਲੇਵਾਲੀਆਂ ਦਾ ਜਥਾ ਪੈ ਗਿਆ ਜੋ ਬਾਅਦ ਵਿਚ ਡੱਲੇਵਾਲੀਆ ਮਿਸਲ ਦੇ ਰੂਪ ਵਿਚ ਪ੍ਰਸਿੱਧ ਹੋਇਆ।
ਕੰਗ ਮੱਧ ਏਸ਼ੀਆ ਦੇ ਦਰਿਆ ਸਾਇਰ ਤੇ ਅਰਾਲ ਸਾਗਰ ਖੇਤਰ ਤੋਂ ਈਸਵੀ ਸਦੀ ਤੋਂ ਪਹਿਲਾਂ ਕਈ ਦੇਸ਼ਾਂ ਵਿਚ ਘੁੰਮਦੇ ਹੋਏ ਬਲਖ ਤੋਂ ਭਾਰਤ ਆਏ ਸਨ। ਮਹਾਂਭਾਰਤ ਦੇ ਸਮੇਂ ਕੰਗ ਭਾਰਤ ਵਿਚ ਆ ਚੁੱਕੇ ਸਨ । ਇਨ੍ਹਾਂ ਨੇ ਹੋਰ ਕਬੀਲਿਆਂ ਨਾਲ ਰਲ ਕੇ ਸਿਕੰਦਰ ਦਾ ਮੁਕਾਬਲਾ ਵੀ ਕੀਤਾ ਸੀ। ਇਹ ਕਬੀਲਾ ਹੋਲੀ-ਹੋਲੀ ਪੰਜਾਬ ਦੇ ਬਠਿੰਡਾ ਖੇਤਰ ਵਿਚ ਆ ਕੇ ਆਬਾਦ ਹੋ ਗਿਆ। ਕਾਂਗੜ ਨੂੰ ਇਨ੍ਹਾਂ ਨੇ ਰਾਜਧਾਨੀ ਬਣਾ ਲਿਆ। ਇਸ ਨੂੰ ਕੰਗਗੜ੍ਹ ਵੀ ਕਿਹਾ ਜਾਂਦਾ ਸੀ। ਹੂਣਾਂ ਨੇ ਇਸ ਪਿੰਡ ਨੂੰ ਬਰਬਾਦ ਕਰ ਕੇ ਥੇਹ ਕਰ ਦਿੱਤਾ। ਕੰਗ ਇਹ ਇਲਾਕਾ ਛੱਡ ਕੇ ਹੋਰ ਖੇਤਰਾਂ ਵਿਚ ਚਲੇ ਗਏ। ਇਸ ਸਮੇਂ ਹੀ ਕੰਗ ਦੀ ਛੇਵੀਂ ਪੀੜ੍ਹੀ ਦੇ ਮੰਗੂ ਦੇ ਪੁੱਤਰ ਕਲ੍ਹਾ ਤੇ ਮਲ੍ਹਾ ਵੀ ਆਪਣੇ ਪਰਵਾਰ ਸਮੇਤ ਗੱਡਿਆਂ ਵਿਚ ਸਾਮਾਨ ਲੱਦ ਕੇ ਕਿਸੇ ਚੰਗੀ ਠਹਿਰ ਦੀ ਭਾਲ ਵਿਚ ਚੱਲ ਪਏ। ਜਦੋਂ ਇਹ ਬਿਆਸ ਦਰਿਆ ਦੇ ਨੇੜੇ ਖਡੂਰ ਸਾਹਿਬ ਦੇ ਇਲਾਕੇ ਵਿਚ ਆਏ ਤਾਂ ਇਨ੍ਹਾਂ ਦੇ ਗੱਡੇ ਦਾ ਧੁਰਾ ਟੁੱਟ ਗਿਆ। ਮਿਸਤਰੀ ਦੀ ਭਾਲ ਕੀਤੀ। ਬਰਸਾਤ ਦੇ ਦਿਨਾਂ ਕਾਰਨ ਗੱਡੇ ਨੂੰ ਠੀਕ ਕਰਨ ਵਿਚ ਦੋ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ। ਚੰਗੀ ਉਪਜਾਉ ਧਰਤੀ ਦੇਖ ਕੇ ਇਨ੍ਹਾਂ ਨੇ ਇੱਥੇ ਹੀ ਰਹਿਣ ਦਾ ਮਨ ਬਣਾ ਲਿਆ। ਕਲ੍ਹੇ ਅਤੇ ਮਲ੍ਹੇ ਨੇ ਇੱਥੇ ਆਪਣੇ ਨਾਂ ‘ਤੇ ਦੋ ਪਿੰਡ ਕੰਗ ਅਤੇ ਕਲ੍ਹਾ ਆਬਾਦ ਕਰ ਲਏ। ਇਹ ਖਹਿਰਿਆਂ ਦਾ ਇਲਾਕਾ ਸੀ। ਖਹਿਰੇ ਇਨ੍ਹਾਂ ਨਾਲ ਖਾਰ ਖਾਣ ਲੱਗ ਪਏ। ਇਕ ਲੜਾਈ ਵਿਚ ਬਾਬਾ ਮਲ੍ਹਾ ਖਹਿਰਿਆਂ ਨਾਲ ਲੜਦਾ ਹੋਇਆ ਸ਼ਹੀਦੀ ਪਾ ਗਿਆ। ਖਹਿਰਿਆਂ ਅਤੇ ਕੰਗਾਂ ਦੀ ਦੁਸ਼ਮਣੀ ਲੰਬਾ ਸਮਾਂ ਚਲਦੀ ਰਹੀ। ਦੁਲਵਾਂ ਪਿੰਡ ਦੇ ਕੰਗ ਸਰਦਾਰ ਭਾਵੇਂ ਰਾਹੋਂ ਤੋਂ ਇਸ ਪਿੰਡ ਆਏ ਪਰ ਇਨ੍ਹਾਂ ਦਾ ਪਰਵਾਰਕ ਪਿਛੋਕੜ ਤਰਨ ਤਾਰਨ ਜ਼ਿਲ੍ਹੇ ਦੇ ਕੰਗ ਪਿੰਡ ਨਾਲ ਹੈ।
ਹੁੰਦਲਾਂ ਦਾ ਵਡੇਰਾ ਸਰਬਾ ਉੱਤਰ ਪ੍ਰਦੇਸ਼ ਦੇ ਅਯੁੱਧਿਆ ਇਲਾਕੇ ਤੋਂ ਚੱਲ ਮਾਲਵੇ ਵਿਚ ਆਇਆ ਸੀ। ਕੁਝ ਸਮਾਂ ਬਾਅਦ ਇਹ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਵਿਚ ਚਲਾ ਗਿਆ ਸੀ।
ਦੁਲਵਾਂ ਪਿੰਡ ਦੇ ਹੁੰਦਲ ਸਰਦਾਰਾਂ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਦੇ ਬੰਡਾਲਾ ਪਿੰਡ ਨਾਲ ਹੈ। ਬੰਡਾਲਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਕੰਦਰ ਨੇ ਜਦੋਂ ਭਾਰਤ ‘ਤੇ ਹਮਲਾ ਕਰ ਕੇ ਪੋਰਸ ਨੂੰ ਜਿੱਤ ਲਿਆ ਸੀ ਉਸ ਸਮੇਂ ਇਸ ਪਿੰਡ ਤੋਂ ਵਾਪਸ ਗਿਆ ਸੀ । ਇੱਥੋਂ ਦੇ ਯੋਧਿਆਂ ਨੇ ਉਸ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਪਿੰਡ ਵਾਸੀਆਂ ਨੇ ਕੁਝ ਪੁਰਾਤਨ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਦੁਲਵਾਂ ਪਿੰਡ ਵਿਚ ਆਏ ਹੁੰਦਲ ਸਰਦਾਰਾਂ ਦੇ ਦੁਲਵਾਂ ਪਿੰਡ ਵਿਚ ਨਾਨਕੇ ਸਨ।
ਦੁਲਵਾਂ ਪਿੰਡ ਦੇ ਸਰਦਾਰਾਂ ਬਾਰੇ ਜਾਣਨ ਲਈ ਸਿੱਖ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਨੂੰ ਜਾਣਨਾ ਜ਼ਰੂਰੀ ਹੈ । ਬਾਬੇ ਕਲ੍ਹੇ ਦੀ ਅੱਠਵੀਂ ਪੀੜ੍ਹੀ ਦਾ ਸਧਾਨਾ ਕੰਗ ਪਿੰਡ ਵਿਚ ਰਹਿੰਦਾ ਸੀ। ਸਧਾਨੇ ਦੇ ਦੋ ਪੁੱਤਰ ਸਨ ਅਮਰੀਕ ਤੇ ਭੂਮੀਆ। ਸਧਾਨੇ ਦੀ ਮੌਤ ਤੋਂ ਬਾਅਦ ਦੋਵੇਂ ਖੇਤੀ ਕਰਨ ਲੱਗ ਪਏ। ਅਮਰੀਕ ਗਰੀਬ ਸੀ ਅਤੇ ਉਸ ਪਾਸ ਖੇਤੀ ਕਰਨ ਲਈ ਸਿਰਫ ਇੱਕੋ ਬਲਦ ਸੀ। ਦੂਸਰਾ ਬਲਦ ਖਰੀਦਣ ਲਈ ਉਸ ਪਾਸ ਪੈਸੇ ਨਹੀਂ ਸਨ। ਇਸ ਨੇ ਇਕ ਹੋਰ ਕਿਸਾਨ ਨਾਲ ਭਾਈਵਾਲੀ ਕਰ ਲਈ ਉਸ ਪਾਸ ਵੀ ਇੱਕ ਹੀ ਬਲਦ ਸੀ। ਇਨ੍ਹਾਂ ਦਿਨਾਂ ਵਿਚ ਅਮਰੀਕ ਦੇ ਘਰ ਤਾਰਾ ਸਿੰਘ ਅਤੇ ਭੂਮੀਏ ਦੇ ਘਰ ਧਰਮ ਸਿੰਘ ਅਤੇ ਕਪੂਰ ਸਿੰਘ ਦਾ ਜਨਮ ਹੋਇਆ। ਤਾਰਾ ਸਿੰਘ ਦੀ ਉਮਰ ਅਜੇ ਚਾਰ ਕੁ ਸਾਲ ਦੀ ਹੀ ਸੀ ਕਿ ਉਸ ਦੀ ਮਾਤਾ ਦੀ ਮੌਤ ਹੋ ਗਈ। ਅਮਰੀਕ ਨੇ ਹੋਰ ਸ਼ਾਦੀ ਕਰ ਲਈ। ਮਤਰੇਈ ਮਾਂ ਦਾ ਸਲੂਕ ਤਾਰਾ ਸਿੰਘ ਨਾਲ ਕੋਈ ਵਧੀਆ ਨਹੀਂ ਸੀ ਇਸ ਲਈ ਉਹ ਅਲੱਗ ਰਹਿਣ ਲੱਗ ਪਿਆ। ਜਦੋਂ ਤਾਰਾ ਸਿੰਘ ਜਵਾਨ ਹੋ ਗਿਆ ਤਾਂ ਉਸ ਨੇ ਬਕਰੀਆਂ ਅਤੇ ਭੇਡਾਂ ਖਰੀਦ ਲਈਆਂ। ਤਾਰਾ ਸਿੰਘ ਆਪਣੀਆ ਬਕਰੀਆਂ ਨੂੰ ਚਾਰਨ ਲਈ ਪਿੰਡ ਦੇ ਨਾਲ ਲੱਗਦੀ ਬੇਈਂ (ਵੇਈਂ) ਤੋਂ ਪਾਰ ਲੈ ਜਾਂਦਾ ਇਸ ਕੰਮ ਲਈ ਉਸ ਨੇ ਰਸੀਆਂ ਦਾ ਇੱਕ ਪੁਲ ਬਣਾਇਆ ਹੋਇਆ ਸੀ। ਇਸ ਤਰ੍ਹਾਂ ਉਹ ਆਪਣੀਆਂ ਬਕਰੀਆਂ ਭੇਡਾਂ ਨਾਲ ਜੰਗਲ ਵਿਚ ਗਾਇਬ ਹੋ ਜਾਂਦਾ ਸੀ ਜਿਸ ਕਾਰਨ ਪਿੰਡ ਵਾਲੇ ਉਸ ਨੂੰ ਗਾਇਬਾ ਕਹਿ ਕੇ ਬਲਾਉਣ ਲੱਗ ਪਏ। ਇਕ ਦਿਨ ਸੁਲੀਮਾਨ ਨਾਂ ਦੇ ਗੁੱਜਰ ਨੇ ਇਸ ਦੀਆਂ ਭੇਡਾਂ ਬਕਰੀਆਂ ਚੋਰੀ ਕਰ ਲਈਆਂ। ਤਾਰਾ ਸਿੰਘ ਨੂੰ ਇਸ ਦਾ ਗਹਿਰਾ ਸਦਮਾ ਹੋਇਆ।
ਉਹ ਉਦਾਸ ਰਹਿਣ ਲੱਗ ਪਿਆ ਅਤੇ ਆਪਣੀਆਂ ਭੇਡਾਂ ਬਕਰੀਆਂ ਨੂੰ ਕਿਵੇਂ ਪ੍ਰਾਪਤ ਕਰੇ, ਸੋਚਦਾ ਰਹਿੰਦਾ। ਤਾਰਾ ਸਿੰਘ ਦੇ ਬਾਰ-ਬਾਰ ਬੇਨਤੀ ਕਰਨ ‘ਤੇ ਵੀ ਸੁਲੀਮਾਨ ਗੁੱਜਰ ‘ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਇਸ ਭਾਲ ਵਿਚ ਉਸ ਪਾਸ ਸਾਰੀ ਜਮ੍ਹਾਂ ਪੂੰਜੀ ਖਤਮ ਹੋ ਚੁੱਕੀ ਸੀ। ਤਾਰਾ ਸਿੰਘ ਘਰ ਵਾਪਸ ਆ ਗਿਆ ਤਾਂ ਉਸ ਨੇ ਦੇਖਿਆ ਘਰ ਵਿਚ ਖਾਣ ਲਈ ਕੁਝ ਵੀ ਨਹੀਂ ਸੀ। ਇਸ ਸਮੇਂ ਹੀ ਤਹਿਸੀਲਦਾਰ ਦਾ ਪਿਆਦਾ ਆਇਆ ਤੇ ਉਸ ਨੇ ਤਾਰਾ ਸਿੰਘ ਨੂੰ ਮਾਮਲੇ ਦੀ ਰਕਮ ਅਦਾ ਕਰਨ ਲਈ ਕਿਹਾ। ਤਾਰਾ ਸਿੰਘ ਨੇ ਪਿਆਦੇ ਨੂੰ ਕਿਹਾ ਕਿ ਇਸ ਸਮੇਂ ਘਰ ਵਿਚ ਇਸ ਖਾਲੀ ਬਰਤਨਾਂ ਤੋਂ ਸਿਵਾਏ ਕੁਝ ਵੀ ਨਹੀਂ ਹੈ। ਪਿਆਦਾ ਬਰਤਨ ਲੈ ਕੇ ਚਲਦਾ ਬਣਿਆ। ਤਾਰਾ ਸਿੰਘ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਤਾਰਾ ਸਿੰਘ ਨੇ ਡੱਲੇ ਪਿੰਡ ਵਿਚ ਸਰਦਾਰ ਗੁਰਦਿਆਲ ਸਿੰਘ ਪਾਸ ਜਾ ਕੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰ ਲਈ। ਸਰਦਾਰ ਗੁਰਦਿਆਲ ਸਿੰਘ ਨੇ ਇਸ ਨੂੰ ਸਰਦਾਰ ਗੁਲਾਬ ਸਿੰਘ ਦੇ ਜਥੇ ਵਿਚ ਭੇਜ ਦਿੱਤਾ। ਸ. ਤਾਰਾ ਸਿੰਘ ਦੇ ਨਾਲ ਹੀ ਇਸ ਦੇ ਭਰਾ ਅਤੇ ਭੈਣ ਦੇ ਪੁੱਤਰ ਮਾਨ ਸਿੰਘ ਸੁੱਚਾ ਸਿਘ ਤੇ ਦਾਨ ਸਿੰਘ ਵੀ ਜਥੇ ਵਿਚ ਭਰਤੀ ਹੋ ਗਏ। ਇਹ ਤਿੰਨੇ ਭਰਾ ਕੰਗ ਪਿੰਡ ਵਿਚ ਆ ਗਏ ਅਤੇ ਆਪਣੀ ਥੋੜੀ ਬਹੁਤੀ ਕਮਾਈ ਨਾਲ ਗੁਜ਼ਾਰਾ ਕਰਨ ਲੱਗ ਪਏ। ਚੜਤ ਸਿੰਘ ਕੰਗ ਕੰਧਰਾਵਾਲਾ ਵੀ ਤਾਰਾ ਸਿੰਘ ਨਾਲ ਸ਼ਾਮਲ ਹੋ ਗਿਆ।
ਅਦੀਨਾਬੇਗ ਦੇ ਰਾਜ ਸਮੇਂ ਅਹਿਮਦਸ਼ਾਹ ਅਬਦਾਲੀ ਭਾਰਤ ਆਇਆ। ਇਕ ਦਿਨ ਤਾਰਾ ਸਿੰਘ ਆਪਣੇ ਚਚੇਰੇ ਭਾਈਆਂ ਧਰਮ ਸਿੰਘ, ਤਾਰਾ ਸਿੰਘ ਕਕੜ, ਅਤੇ ਸੁਜਾਨ ਸਿੰਘ ਬਦੇਸ਼ਾ ਨਾਲ ਆਪਣੇ ਪਿੰਡ ਕੰਗ ਵਿਖੇ ਬੇਈਂ (ਵੇਈਂ) ਦੇ ਕੰਢੇ ‘ਤੇ ਬੈਠਾ ਸੀ। ਇਸ ਸਮੇਂ ਇਨ੍ਹਾਂ ਦੀ ਨਜ਼ਰ ਬੇਈਂ ਨੂੰ ਪਾਰ ਕਰਨ ਲਈ ਰਸਤਾ ਤਲਾਸ਼ ਰਹੇ ਅਬਦਾਲੀ ਦੇ ਚਾਰ ਘੋੜ ਸਵਾਰ ਸਿਪਾਹੀਆਂ ‘ਤੇ ਪਈ, ਜਿਨ੍ਹਾਂ ਪਾਸ ਬਹੁਤ ਸਾਰਾ ਲੁੱਟ ਦਾ ਸਾਮਾਨ ਸੀ। ਇਨ੍ਹਾਂ ਨੇ ਤਾਰਾ ਸਿੰਘ ਨੂੰ ਬੇਈਂ ਪਾਰ ਕਰਨ ਵਿਚ ਮਦਦ ਕਰਨ ਲਈ ਕਿਹਾ। ਤਾਰਾ ਸਿੰਘ ਇਨ੍ਹਾਂ ਨੂੰ ਜਾਣ ਬੁਝ ਕੇ ਉਸ ਥਾਂ ‘ਤੇ ਲੈ ਗਿਆ ਜਿੱਥੇ ਪਾਣੀ ਡੂੰਘਾ ਸੀ। ਜਦੋਂ ਅਫਗਾਨਾਂ ਨੇ ਪਾਣੀ ਵਿਚ ਪ੍ਰਵੇਸ਼ ਕੀਤਾ ਤਾਂ ਡੂੰਘੇ ਪਾਣੀ ਦਾ ਫਾਇਦਾ ਉਠਾਉਂਦਿਆਂ ਇਹ ਅਫਗਾਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਘੋੜੇ ‘ਤੇ ਸਾਮਾਨ ਲੈ ਕੇ ਰਫੂਚੱਕਰ ਹੋ ਗਏ। ਇਨ੍ਹਾਂ ਨੇ ਪਿੰਡ ਆ ਕੇ ਲੁੱਟ ਦਾ ਸਾਮਾਨ ਵੰਡ ਲਿਆ ਅਤੇ ਹੋਰ ਘੋੜੇ ਖਰੀਦ ਲਏ। ਤਾਰਾ ਸਿੰਘ ਨੇ ਆਪਣੇ ਪਾਸ ੧੦ ਤੋਂ ੧੫ ਸਿੰਘ ਇਕੱਠੇ ਕਰ ਲਏ ਅਤੇ ਆਪਣੇ ਆਪ ਨੂੰ ਇਲਾਕੇ ਦਾ ਸੁਤੰਤਰ ਜਥੇਦਾਰ ਘੋਸ਼ਿਤ ਕਰ ਦਿੱਤਾ। ਵੈਸਾਖੀ ਦੇ ਮੌਕੇ ‘ਤੇ ਤਾਰਾ ਸਿੰਘ ਕੰਗ ਨੇ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪਾਸ ਸ੍ਰੀ ਅੰਮ੍ਰਿਤਸਰ ਪੇਸ਼ ਹੋ ਕੇ ਪੰਥ ਪ੍ਰਤੀ ਆਪਣੀਆਂ ਸੇਵਾਵਾਂ ਅਰਪਨ ਕਰ ਦਿੱਤੀਆਂ। ਥੋੜੇ ਜਿਹੇ ਸਮੇਂ ਵਿਚ ਹੀ ਇਨ੍ਹਾਂ ਪਾਸ ੨੦੦ ਸਵਾਰ ਇਕੱਠੇ ਹੋ ਗਏ।੧੭੫੯ ਈ. ਵਿਚ ਕਲਾਨੌਰ ਦੀ ਜੰਗ ਵਿਚ ਅੰਬੋ ਖਾਂ ਦੇ ਵਿਰੁੱਧ ਲੜਦਾ ਡੱਲੇਵਾਲੀਆ ਮਿਸਲ ਦਾ ਸਰਦਾਰ ਗੁਲਾਬ ਸਿੰਘ ਸ਼ਹੀਦੀ ਪਾ ਗਿਆ। ਇਨ੍ਹਾਂ ਦੇ ਦੋ ਪੁੱਤਰ ਸ. ਜੈਪਾਲ ਸਿੰਘ ਅਤੇ ਹਰਦਿਆਲ ਸਿੰਘ ਵੀ ਜਲਦੀ ਹੀ ਬਸੌਲੀ ਦੀ ਲੜਾਈ ਵਿਚ ਸ਼ਹੀਦੀ ਪਾ ਗਏ। ਇਨ੍ਹਾਂ ਤੋਂ ਬਾਅਦ ਇਸ ਮਿਸਲ ਦਾ ਜਥੇਦਾਰ ਸਰਦਾਰ ਗੁਰਦਿਆਲ ਸਿੰਘ ਨੂੰ ਥਾਪਿਆ ਗਿਆ। ਸਰਦਾਰ ਗੁਰਦਿਆਲ ਸਿੰਘ ਦੀ ਵੀ ਇੱਕ ਸਾਲ ਦੇ ਅੰਦਰ ਹੀ ਮੌਤ ਹੋ ਗਈ। ਇਨ੍ਹਾਂ ਤੋਂ ਬਾਅਦ ਸ. ਤਾਰਾ ਸਿੰਘ ਕੰਗ ਨੂੰ ਡੱਲੇਵਾਲੀਆ ਮਿਸਲ ਦਾ ਜਥੇਦਾਰ ਥਾਪਿਆ ਗਿਆ।੫ ਫਰਵਰੀ, ੧੭੬੨ ਈ. ਵਿਚ ਅਹਿਮਦਸ਼ਾਹ ਨੇ ਸਿੰਘਾਂ ‘ਤੇ ਵੱਡਾ ਹਮਲਾ ਕਰ ਦਿੱਤਾ। ਇਸ ਇਤਿਹਾਸਿਕ ਘਟਨਾ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਅਹਿਮਦਸ਼ਾਹ ਅਬਦਾਲੀ ਦੇ ਵਾਪਸ ਚਲੇ ਜਾਣ ਤੋਂ ਬਾਅਦ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਇਕੱਠਾ ਕਰ ਕੇ ਸੰਨ ੧੭੬੪ ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਾਰੀਆਂ ਮਿਸਲਾਂ ਦੇ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਸਰਹਿੰਦ ‘ਤੇ ਹਮਲਾ ਕਰ ਦਿੱਤਾ। ਜੰਮ ਕੇ ਲੜਾਈ ਹੋਈ। ਸਿੰਘਾਂ ਨੇ ਅਫਗਾਨਾਂ ਨੂੰ ਲੱਕ-ਤੋੜਵੀਂ ਹਾਰ ਦਿੱਤੀ। ਇਸ ਸਮੇਂ ਡੱਲੇਵਾਲੀਆ ਮਿਸਲ ਦੇ ਸਰਦਾਰ ਤਾਰਾ ਸਿੰਘ ਗੈਬਾ (ਕੰਗ) ਦੇ ਨਾਲ ਅਕਾਲੀ ਮਿੱਤ ਸਿੰਘ ਦੰਗਈ ਵੀ ਸਨ। ਸਿੰਘਾਂ ਨੇ ਸਰਹਿੰਦ ਦੇ ਹਾਕਮ ਜੈਨ ਖਾਂ ਨੂੰ ਮਾਰ ਕੇ ਉਸ ਦਾ ਸਿਰ ਨੇਜੇ ਵਿਚ ਪਰੋ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅੱਗੇ ਜਾ ਪੇਸ਼ ਕੀਤਾ। ਸ਼ਾਹੀ ਸੈਨਾ ਨੂੰ ਜਿਧਰ ਵੀ ਰਾਹ ਲੱਭਿਆ ਭੱਜ ਗਈ। ਇਸ ਜਿੱਤ ਨਾਲ ਸਰਹਿੰਦ ਰਿਆਸਤ ਦਾ ੩੫੦ ਕਿਲੋਮੀਟਰ ਲੰਮਾ ਅਤੇ ੨੫੦ ਕਿਲੋਮੀਟਰ ਚੌੜਾ ਇਲਾਕਾ ਸਿੰਘਾਂ ਦੇ ਕਬਜ਼ੇ ਹੇਠ ਆ ਗਿਆ। ਇਹ ਉੱਤਰ ਵਿਚ ਸਤਲੁਜ ਤਕ ਅਤੇ ਦੱਖਣ ਵਿਚ ਕਰਨਾਲ ਤੇ ਰੋਹਤਕ ਜ਼ਿਲ੍ਹਿਆਂ ਤਕ ਪੱਛਮ ਵਿਚ ਬਾਹਵਲਪੁਰ ਦੀ ਰਿਆਸਤ ਅਤੇ ਪੂਰਬ ਵਿਚ ਜਮਨਾ ਨਦੀ ਤਕ ਫੈਲਿਆ ਹੋਇਆ ਸੀ। ਇਸ ਵਿੱਚੋਂ ਉਸ ਸਮੇਂ ਸਰਕਾਰ ਨੂੰ ੬੦ ਲੱਖ ਰੁਪਏ ਸਾਲਾਨਾ ਆਮਦਨੀ ਹੁੰਦੀ ਸੀ।
ਸਰਹਿੰਦ ਦੀ ਜਿੱਤ ਤੋਂ ਪਿੱਛੋਂ ਮਿਸਲਾਂ ਦੇ ਸਰਦਾਰਾਂ ਨੇ ਇਲਾਕੇ ਦੀ ਵੰਡ ਕਰ ਕੇ ਲੋਕਾਂ ਨੂੰ ਸਹੀ ਰਾਜ ਦੇਣ ਦੀ ਚਾਹਨਾ ਹੇਠ ਆਪਣੀਆਂ ਰਿਆਸਤਾਂ ਕਾਇਮ ਕਰ ਲਈਆਂ।
ਡੱਲੇਵਾਲੀਆ ਮਿਸਲ ਨੇ ਲੋਹੀਆਂ, ਰਾਸਾਪੁਰ, ਕੋਟ ਸ਼ਾਹ, ਕਿਲ੍ਹਾ ਮੋਹਰ ਸਿੰਘ, ਕਿਲ੍ਹਾ ਦਿਆਲ ਸਿੰਘ, ਪਾਸਲਾ, ਕੋਟ ਬਾਵਲ ਖਾਂ, ਨਕੋਦਰ, ਕਿਲ੍ਹਾ ਮਹਿਤਪੁਰ, ਕਿਲ੍ਹਾ ਦੱਖਣੀ, ਫਲੋਰ, ਨਵਾਂ ਸ਼ਹਿਰ, ਰਾਹੋਂ, ਮੌਰਾਂ, ਗੋਹੜਵਾਲ, ਸਰਹਿੰਦ, ਮੋਰਿੰਡਾ, ਖਮਾਣੋ, ਭੜੀ, ਮਾਛੀਵਾੜਾ, ਭਰਤਗੜ੍ਹ, ਸਿੰਘਾਣਾ, ਸੋਠੀਵਾਲਾ, ਬਰਵਾਲੀ, ਢੋਆ, ਸਾਰਨ, ਮੁਸਤਫਾਬਾਦ, ਬਿਜਰਾਲਾ, ਚਾਪੁਰ, ਧਮਸੀ, ਗੜੀ, ਜਾਮਾਰਈਆ, ਹੈਬਤਪੁਰ, ਖੇੜਾ, ਚੂਨੀਆ, ਲਾਡਵਾ, ਇੰਦਰੀ, ਸ਼ਾਮਗੜ੍ਹ, ਪਹੋਆ, ਕਹੋਦ, ਸਿਕੰਦਰਾ, ਸਿਕਰੀ, ਥਾਨੇਸਰ, ਸਿਆਲਬਾ, ਖੰਨਾ, ਧਰਮ ਸਿੰਘ ਵਾਲਾ, ਧਰਮਕੋਟ, ਮਾੜੀ, ਤਿਹਾੜਾ, ਕੰਗ, ਲੋਹੀਆਂ, ਰੋਪੜ, ਅਵਾਨਕੋਟ, ਸੀਸਵਾਲ, ਕੁਰਾਲੀ, ਖਿਜਰਾਬਾਦ, ਡੇਰਾ, ਟੰਡਵਾਲਾ, ਆਰਨੌਲੀ, ਸਿੱਧੂਵਾਲ, ਬਾਂਗਰ, ਆਮਲੂ, ਕੁਲਰ, ਖੜਿਆਲ, ਅਕਾਲਗੜ੍ਹ, ਬਰਾੜਾ, ਗੜਦੀਵਾਲ, ਗੜ੍ਹਸ਼ੰਕਰ, ਹੈਬਤਪੁਰ, ਤਲਬਨ, ਤਖਤਗੜ੍ਹ ਆਦਿ ਖੇਤਰਾਂ ‘ਤੇ ਕਬਜ਼ਾ ਕਰ ਲਿਆ।ਸਰਦਾਰ ਤਾਰਾ ਸਿੰਘ (ਕੰਗ) ਨੇ ਤਿੰਨ ਵਿਆਹ ਕੀਤੇ ਸਨ। ਇਨ੍ਹਾਂ ਦੀ ਪਹਿਲੀ ਪਤਨੀ ਰਾਜ ਕੌਰ ਮੌਖਾ ਪਿੰਡ ਦੀ ਸੀ ਜੋ ਕਿ ਜੰਗਲ ਦੇ ਏਰੀਏ ਵਿਚ ਸਥਿਤ ਸੀ। ਸਰਦਾਰ ਤਾਰਾ ਸਿੰਘ ਨੇ ਇਸ ਨੂੰ ਜਲੰਧਰ ਦਾ ਦੱਖਣੀ ਏਰੀਆ ਦਿੱਤਾ ਸੀ। ਇਨ੍ਹਾਂ ਦੇ ਘਰ ਇਕ ਪੁੱਤਰ ਦਸੌਂਧਾ ਸਿੰਘ ਦਾ ਜਨਮ ਹੋਇਆ।ਸਰਦਾਰਾ ਤਾਰਾ ਸਿੰਘ ਦੂਸਰੀ ਪਤਨੀ ਰਤਨ ਕੌਰ ਸਰਦਾਰ ਗੁਰਦਾਸ ਸਿੰਘ ਦੀ ਪੁੱਤਰੀ ਸੀ। ਇਨ੍ਹਾਂ ਦੇ ਘਰ ਦੋ ਪੁੱਤਰ ਦੂਲਾ ਸਿੰਘ, ਝੰਡਾ ਸਿੰਘ ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਤਾਰਾ ਸਿੰਘ ਨੇ ਇਸ ਨੂੰ ਨਕੋਦਰ, ਮਹਿਤਪੁਰ, ਮਲ੍ਹਾਂ, ਕੋਟ ਬਾਦਲ ਖਾਂ ਦਾ ਇਲਾਕਾ ਦਿੱਤਾ ਸੀ। ਸਰਦਾਰ ਤਾਰਾ ਸਿੰਘ ਦੀ ਤੀਸਰੀ ਪਤਨੀ ਰਜਿੰਦਰ ਕੌਰ ਨਾਰੰਗਵਾਲ ਦੇ ਦਰਗਾਹੀ ਦੀ ਪੁੱਤਰੀ ਸੀ। ਇਨ੍ਹਾਂ ਦੇ ਘਰ ਸਰਦਾਰ ਗੁੱਜਰ ਸਿੰਘ ਦਾ ਜਨਮ ਹੋਇਆ। ਇਨ੍ਹਾਂ ਨੂੰ ਘੁੰਗਰਾਣੇ ਦਾ ਇਲਾਕਾ ਦਿੱਤਾ ਸੀ। ਸਰਦਾਰ ਤਾਰਾ ਸਿੰਘ ਨੇ ਘੁੰਗਰਾਣਾ ਜ਼ਿਲ੍ਹੇ ਦਾ ਚੌਥਾ ਹਿੱਸਾ ਰਾਏਪੁਰੀਆਂ ਨੂੰ ਦੇ ਦਿੱਤਾ। ਰਾਹੋਂ, ਧਰਮਕੋਟ ਅਤੇ ਨਵਾਂ ਸ਼ਹਿਰ ਦਾ ਇਲਾਕਾ ਖੁਦ ਦੇ ਅਧੀਨ ਰੱਖਿਆ। ਰਾਹੋਂ ਇਲਾਕੇ ਦਾ ਚੌਥਾ ਹਿੱਸਾ ਉੱਥੋਂ ਦੇ ਪੁਰਾਣੇ ਮਾਲਕ ਰਾਜਪੂਤਾਂ ਨੂੰ ਦੇ ਦਿੱਤਾ। ਸਰਦਾਰ ਤਾਰਾ ਸਿੰਘ ਦੇ ਪਟਿਆਲਾ ਰਿਆਸਤ ਨਾਲ ਚੰਗੇ ਸੰਬੰਧ ਰਹੇ। ਪਟਿਆਲਾ ਰਿਆਸਤ ਦੇ ਕੰਵਰ ਹਿੰਮਤ ਸਿੰਘ ਦੀ ਸਪੁੱਤਰੀ ਚੰਦ ਕੌਰ ਨਾਲ ਸਰਦਾਰ ਤਾਰਾ ਸਿੰਘ ਦੇ ਸਪੁੱਤਰ ਦਸੌਂਧਾ ਸਿੰਘ ਦਾ ਵਿਆਹ ਹੋਇਆ। ਇਸ ਵਿਆਹ ਦੇ ਸ਼ੁਭ ਮੌਕੇ ‘ਤੇ ੧੨੦00 ਬਰਾਤੀ ੧੦ ਦਿਨ ਪਟਿਆਲਾ ਵਿਖੇ ਰਹੇ ਸਨ। ਇਸ ਵਿਆਹ ’ਤੇ ਉਨ੍ਹਾਂ ਦਿਨਾਂ ਵਿਚ ਪੰਜ ਲੱਖ ਰੁਪਏ ਖਰਚ ਹੋਏ ਸਨ।

ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦਾ ਪੁੱਤਰ ਰਣਜੀਤ ਸਿੰਘ (ਮਹਾਰਾਜਾ) ਸ. ਤਾਰਾ ਸਿੰਘ ਕੰਗ ਦਾ ਬਹੁਤ ਸਤਿਕਾਰ ਕਰਦਾ ਸੀ। ਉਸ ਨੇ ਸ਼ਸਤਰ ਵਿੱਦਿਆ ਸ. ਤਾਰਾ ਸਿੰਘ ਤੋਂ ਹੀ ਪ੍ਰਾਪਤ ਕੀਤੀ। ਉਹ ਤਾਰਾ ਸਿੰਘ ਨੂੰ ਬਾਪੂ ਕਹਿ ਕੇ ਸਨਮਾਨ ਦਿੰਦਾ ਸੀ।
ਸਰਦਾਰ ਤਾਰਾ ਸਿੰਘ ਨੇ ਆਪਣੇ ਨਾਲ ਕੰਗ ਪਿੰਡ ਤੋਂ ਆਏ ਹਰ ਇੱਕ ਭਰਾ ਨੂੰ ਇੱਕ- ਇੱਕ ਪਿੰਡ ਦਿੱਤਾ। ਸਰਦਾਰ ਜੈ ਸਿੰਘ ਅਤੇ ਸਰਦਾਰ ਰਾਮ ਸਿੰਘ ਜੋ ਕੰਗ ਪਿੰਡ ਦੇ ਹੀ ਸਨ ਇਨ੍ਹਾਂ ਨੂੰ ਖਮਾਣੋ, ਕੋਟਲਾ ਅਤੇ ਕਕਰਾਲਾ ਪਿੰਡ ਦਿੱਤੇ। ਸਰਦਾਰ ਤਾਰਾ ਸਿੰਘ ਕਕੜ ਨੂੰ ਫਲੋਰ ਦਾ ਇਲਾਕਾ ਦਿੱਤਾ। ਕੋਟ ਸੈਦੇ ਦੇ ੬੦ ਪਿੰਡ ਸਰਦਾਰ ਸੁਜਾਨ ਸਿੰਘ ਦੇ ਪੁੱਤਰ ਸ. ਮੇਹਰ ਸਿੰਘ, ਸ. ਮਾਨ ਸਿੰਘ ਅਤੇ ਸ. ਦਾਨ ਸਿੰਘ ਨੂੰ ਦਿੱਤੇ। ਨਕੋਦਰ ਦੇ ਆਲੇ-ਦੁਆਲੇ ਦੇ ੮੦ ਪਿੰਡ ਆਪਣੇ ਚਚੇਰੇ ਭਰਾ ਧਰਮ ਸਿੰਘ ਨੂੰ ਦਿੱਤੇ। ਖਿਦਰਾਣੇ ਦੇ ੧੧ ਪਿੰਡ ਚੜ੍ਹਤ ਸਿੰਘ ਨੂੰ ਦਿੱਤੇ।
ਅਕਾਲੀ ਮਿੱਤ ਸਿੰਘ ਨੂੰ ਸਰਹਿੰਦ ਦੇ ਇਲਾਕੇ ਵਿੱਚੋਂ ਖੇੜੀ ਸਯਦਾਂ ਦੇ ੨੧ ਪਿੰਡ ਅਤੇ ਥਨੇਸਰ ਦੇ ੫੯ ਪਿੰਡਾਂ ਸਮੇਤ ਕੁੱਲ ੮੦ ਪਿੰਡ ਦਿੱਤੇ ਗਏ। ਅਕਾਲੀ ਮਿੱਤ ਸਿੰਘ ਜੀ ਨੇ ਆਪਣੇ ਚਾਚਾ ਸ. ਨੌਧ ਸਿੰਘ ਜੀ ਨੂੰ ਜ਼ਖ਼ਮੀ ਹਾਲਤ ਵਿਚ ਖੇੜੀ ਸਯਦਾਂ ਨੇੜੇ ਪਿੰਡ ਸੁਹਵੀ ਦੇ ਵਸਨੀਕ ਸ. ਗੁਰਬਖਸ਼ ਸਿੰਘ ਬੜਿੰਗ ਦੇ ਘਰ ਲਿਆ ਠਹਿਰਾਇਆ। ਇੱਥੋਂ ਇਹ ਖੇੜੀ ਪਹੁੰਚੇ ਤਾਂ ਉੱਥੋਂ ਦੇ ਗੁੱਜਰ ਗੁਮਾਸ਼ਤਾ ਜਿਸ ਦਾ ਨਾਂ ਮਾਹੀਆ ਸੀ ਨੂੰ ਵੀ ਪਤਾ ਲੱਗ ਗਿਆ ਸੀ। ਉਸ ਨੇ ਆਪਣੇ ਪਿੰਡ ਦੇ ਕੁਝ ਹੋਰ ਗੁੱਜਰਾਂ ਨੂੰ ਨਾਲ ਲੈ ਕੇ ਮਿੱਤ ਸਿੰਘ ਜੀ ਪਾਸ ਆ ਕੇ ਸ. ਨੌਧ ਸਿੰਘ ਜੀ ਦੇ ਅੱਗੇ ਉਨ੍ਹਾਂ ਦੀ ਅਧੀਨਗੀ ਸਵੀਕਾਰ ਕਰ ਲਈ। ਸ. ਤਾਰਾ ਸਿੰਘ ਕੰਗ ਨੇ ਮਾਹੀਏ ਗੁਮਾਸ਼ਤੇ ਦੀ ਰੱਖਿਆ, ਗੁਜਾਰੇ ਭੱਤੇ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਸ. ਨੌਧ ਸਿੰਘ ਨੂੰ ਸੌਂਪ ਦਿੱਤੀ । ਮਾਹੀਆ ਗੁਮਾਸ਼ਤਾ ਆਪਣੇ ਪਰਵਾਰ ਨਾਲ ਅੱਜਕਲ੍ਹ ਵਾਲੇ ਦੁਲਵਾਂ ਪਿੰਡ ਵਾਲੇ ਸਥਾਨ ‘ਤੇ ਆਪਣੇ ਛੋਟੇ ਜਿਹੇ ਕਿਲ੍ਹੇ ਵਿਚ ਰਹਿਣ ਲੱਗ ਪਿਆ। ਉਨ੍ਹਾਂ ਦਿਨਾਂ ਵਿਚ ਇਹ ਸਥਾਨ ਖੇੜੀ ਨੌਧ ਸਿੰਘ ਦਾ ਹੀ ਹਿੱਸਾ ਸੀ। ਸ. ਨੌਧ ਸਿੰਘ ਨੇ ਖੇੜੀ ਸੱਯਦਾਂ ਵਿਚ ਇਕ ਛੋਟਾ ਕਿਲ੍ਹਾ ਬਣਵਾਇਆ ਅਤੇ ਇਸ ਦੇ ਨਾਲ ਹੀ ਇਸ ਪਿੰਡ ਦਾ ਨਾਂ ਵੀ ਖੇੜੀ ਸਯਦਾਂ ਤੋਂ ਖੇੜੀ ਨੌਧ ਸਿੰਘ ਪੈ ਗਿਆ।

ਅਹਿਮਦ ਸ਼ਾਹ ਅਬਦਾਲੀ ਨੇ ੧੭੬੬ ਈ. ਵਿਚ ਭਾਰਤ ਉੱਤੇ ਆਪਣਾ ਨੌਵਾਂ ਹਮਲਾ ਕਰ ਦਿੱਤਾ। ਇਸ ਵਾਰ ਉਹ ਆਪਣੀ ਪੂਰੀ ਤਿਆਰੀ ਕਰ ਕੇ ਆਇਆ ਸੀ ਜਿਸ ਕਾਰਨ ਇਸ ਵਾਰ ਦਾ ਹਮਲਾ ਉਸ ਦੇ ਪਹਿਲੇ ਹਮਲਿਆਂ ਨਾਲੋਂ ਬੜਾ ਭਿਆਨਕ ਸੀ। ਭਾਰਤ ਵਿਚ ਪ੍ਰਵੇਸ਼ ਕਰਦਿਆਂ ਹੀ ਉਸ ਦੀ ਮੁੱਠਭੇੜ ਥਾਂ-ਥਾਂ ’ਤੇ ਸਿੱਖ ਸਰਦਾਰਾਂ ਨਾਲ ਹੋਣੀ ਸ਼ੁਰੂ ਹੋ ਗਈ। ਅਹਿਮਦਸ਼ਾਹ ਨੇ ਇਸ ਵਾਰ ਆਪਣੀ ਫੌਜ ਦਾ ਉਤਾਰਾ ਸਤਲੁਜ ਦਰਿਆ ਦੇ ਕੰਢੇ ਮਾਛੀਵਾੜੇ ਕੀਤਾ। ਇਸ ਦੇ ਖਾਸ ਆਦਮੀ ਨਜੀਬੁ ਦੀਨ ਦਉਲਾ ਤੇ ਉਸ ਦੇ ਭਰਾ ਸੁਲਤਾਨ ਖਾਨ ਤੇ ਅਫ਼ਜ਼ਲ ਖ਼ਾਨ ਆਦਿ ਨੇ ਸਿੰਘਾਂ ਦਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ।

ਥਨੇਸਰ ਦੇ ਰਿਕਾਰਡ ਤੋਂ ਪਤਾ ਲਗਦਾ ਹੈ ਕਿ ੧੮੨੪ ਬਿਕ੍ਰਮੀ (੧੭੬੭ ਈ.) ਦੀ ਵੈਸਾਖੀ ਤੋਂ ਬਾਅਦ ਡੱਲੇਵਾਲੀਆ ਮਿਸਲ ਦਾ ਸਰਦਾਰ ਤਾਰਾ ਸਿੰਘ ਗੈਬਾ (ਕੰਗ) ਅਤੇ ਅਕਾਲੀ ਮਿੱਤ ਸਿੰਘ ਆਪਣੇ ਸਾਥੀਆਂ ਨਾਲ ਮਨੀ ਮਾਜਰੇ ਤੋਂ ੬-੭ ਮੀਲ ਦੀ ਦੂਰੀ ‘ਤੇ ਕਾਲਕਾ ਦੀਆਂ ਪਹਾੜੀਆਂ ਵਿਚ ਠਹਿਰੇ ਹੋਏ ਸਨ। ਇੱਥੇ ਦੁਰਾਨੀਆਂ ਨੇ ਅਫਜਲ ਖਾਨ ਰੁਹੇਲੇ ਦੀ ਕਮਾਨ ਹੇਠ ਜਥੇ ‘ਤੇ ਹੱਲਾ ਬੋਲ ਦਿੱਤਾ। ਦੋਨਾਂ ਪਾਸਿਆਂ ਤੋਂ ਜਬਰਦਸਤ ਮੁੱਠਭੇੜ  ਹੋਈ?। ਉਨ੍ਹਾਂ ਦਿਨਾਂ ਵਿਚ ਗਰਮੀ ਦਾ ਮੌਸਮ ਚੱਲ ਰਿਹਾ ਸੀ। ਅਹਿਮਦਸ਼ਾਹ ਅਬਦਾਲੀ ਗਰਮੀ ਤੋਂ ਤੰਗ ਹੋ ਕੇ ਵਾਪਸ ਪਰਤ ਜਾਣਾ ਚਾਹੁੰਦਾ ਸੀ। ਨਜੀਬੁ ਦੀਨ ਦਉਲਾ ਵੀ ਰੋਜ਼ ਦੀਆਂ ਮੁੱਠਭੇੜਾਂ ਕਾਰਨ ਬਿਮਾਰ ਪੈ ਗਿਆ ਸੀ ਜਿਸ ਕਾਰਨ ਉਹ ਵੀ ਵਾਪਸ ਜਾਣ ਲਈ ਕਾਹਲਾ ਸੀ ।
ਅਹਿਮਦਸ਼ਾਹ ਅਬਦਾਲੀ ਤੋਂ ਰੱਖਿਆ ਕਰਨ ਲਈ ਬੀਕਾਨੇਰ ਦੇ ਰਾਜੇ ਨੇ ਇਕ ਲੱਖ ਰੁਪਇਆ ਨਕਦ ਅਤੇ ਰਸਦ ਦੇਣੀ ਕਰਕੇ ਖਾਲਸਾ ਫੌਜ ਤੋਂ ਮਦਦ ਮੰਗੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਰੁਹੇਲੇ ਸਰਦਾਰਾਂ ਤੋਂ ਬਦਲਾ ਲੈਣ ਦਾ ਇਹ ਚੰਗਾ ਮੌਕਾ ਸਮਝਿਆ। ਉਨ੍ਹਾਂ ਨੇ ਸ. ਮਿੱਤ ਸਿੰਘ ਦੀ ਕਮਾਨ ਹੇਠ ਦਸ ਹਜ਼ਾਰ ਸਿੰਘਾਂ ਦਾ ਜਥਾ ਦੇ ਕੇ ਨਜੀਬੂ ਦੀਨ ਦਉਲਾ ਨੂੰ ਸੋਧਣ ਲਈ ਭੇਜਿਆ। ਇਸ ਜਥੇ ਵਿਚ ਸ. ਮਿੱਤ ਸਿੰਘ ਦੇ ਨਾਲ ਜਥੇਦਾਰ ਅੱਘੜ ਸਿੰਘ, ਜਥੇਦਾਰ ਕਰਮ ਸਿੰਘ, ਜਥੇਦਾਰ ਕਰੋੜਾ ਸਿੰਘ, ਜਥੇਦਾਰ ਗੁਰਬਖਸ਼ ਸਿੰਘ ਆਦਿ ਸਿੱਖ ਯੋਧੇ ਸ਼ਾਮਲ ਸਨ। ਅਕਾਲੀ ਮਿੱਤ ਸਿੰਘ ਨੇ ਬੂੜੀਆ ਨਗਰ ਤੋਂ ਜਮਨਾ ਨਦੀ ਨੂੰ ਪਾਰ ਕਰ ਕੇ ਰੁਹੇਲਿਆਂ ਦੇ ਇਲਾਕੇ ‘ਤੇ ਹਮਲਾ ਕਰ ਦਿੱਤਾ। ਇਹ ਜ਼ਾਲਮਾਂ ਨੂੰ ਸੋਧਦੇ ਹੋਏ ਜਿੱਤਾਂ ਪ੍ਰਾਪਤ ਕਰਦੇ ਹੋਏ ਅੱਗੇ ਵੱਧਦੇ ਗਏ। ਜਦੋਂ ਨਜੀਬੁ ਦੀਨ ਦਾਉਲਾ ਨੇ ਮਾਛੀਵਾੜੇ ਅਬਦਾਲੀ ਦੇ ਕੈਂਪ ਵਿਚ ਪਹੁੰਚ ਕੇ ਸਿੰਘਾਂ ਦੀ ਜਿੱਤ ਦੀ ਖ਼ਬਰ ਦਿੱਤੀ ਤਾਂ ਅਬਦਾਲੀ ਨੇ ਜਹਾਨ ਖਾਂ ਅਤੇ ਜਾਪਤਾ ਖਾਂ ਨੂੰ ਭਾਰੀ ਫੌਜ ਦੇ ਕੇ ਸਿੰਘਾਂ ਦੇ ਮੁਕਾਬਲੇ ਲਈ ਭੇਜਿਆ। ਸ਼ਾਮਲੀ ਤੇ ਕੈਰਨੇਂ ਦੇ ਵਿਚਕਾਰ ਇਨ੍ਹਾਂ ਦੀ ਸਿੰਘਾਂ ਨਾਲ ਗਹਿਗੱਚ ਲੜਾਈ ਹੋਈ। ਇਸ ਜੰਗ ਵਿਚ ਮਿੱਤ ਸਿੰਘ ਸਮੇਤ ੬੦੦੦ ਹਜ਼ਾਰ ਦੇ ਕਰੀਬ ਸਿੰਘ ਸ਼ਹੀਦ ਹੋ ਗਏ।

ਸ. ਮਿੱਤ ਸਿੰਘ ਦੀ ਮੌਤ ਤੋਂ ਬਾਅਦ ਖੇੜੀ ਨੌਧ ਸਿੰਘ ਵਾਲੀ ਜਗੀਰ ਦੇ ਵਾਰਿਸ ਸ. ਨੌਧ ਸਿੰਘ ਬਣਿਆ। ਇਹ ਸਾਰਾ ਕੰਮ ਬੜੇ ਹੀ ਸੁੱਚਜੇ ਢੰਗ ਨਾਲ ਚਲਾਉਂਦੇ ਰਹੇ। ਸਰਦਾਰ ਨੌਧ ਸਿੰਘ ਖੇੜੀ ਨੌਧ ਸਿੰਘ ਵਿਖੇ ੧੮੦੦ ਈ. ਵਿਚ ਅਕਾਲ ਚਲਾਣਾ ਕਰ ਗਏ। ਇਨ੍ਹਾਂ ਤੋਂ ਬਾਅਦ ਸਰਦਾਰ ਗੁਲਾਬ ਸਿੰਘ ਖੇੜੀ ਨੌਧ ਸਿੰਘ ਵਾਲੀ ਜਗੀਰ ਦਾ ਵਾਰਿਸ ਬਣਿਆ। ਸਰਦਾਰ ਗੁਲਾਬ ਸਿੰਘ ਅਤੇ ਉਸ ਦੇ ਪੁੱਤਰਾਂ- ਸ. ਹਕੀਕਤ ਸਿੰਘ, ਸ. ਸੁਰਜਨ ਸਿੰਘ ਅਤੇ ਬਸੰਤ ਸਿੰਘ ਦੇ ਸੰਬੰਧ ਮਾਹੀਏ ਗੁੱਜਰ ਦੇ ਪਰਵਾਰ ਨਾਲ ਚੰਗੇ ਨਾ ਰਹੇ। ਮਾਹੀਏ ਗੁੱਜਰ ਦੇ ਪਰਵਾਰ ਨੇ ਰਾਹੋਂ ਜਾ ਕੇ ਸਰਦਾਰ ਤਾਰਾ ਸਿਘ ਪਾਸ ਫਰਿਆਦ ਕੀਤੀ ਤਾਂ ਤਾਰਾ ਸਿੰਘ ਨੇ ਆਪਣੇ ਪੁੱਤਰ ਦੂਲਾ ਸਿੰਘ ਨੂੰ ਇਸ ਪਰਵਾਰ ਦੀ ਰੱਖਿਆ ਲਈ ਭੇਜਿਆ। ਸਾਰੇ ਇਸ ਨੂੰ ਦੂਲੋ ਬਾਦਸ਼ਾਹ ਕਹਿ ਕੇ ਬਲਾਉਂਦੇ ਸਨ। ਇਹ ਰੱਬ ਦੀ ਭਗਤੀ ਵਿਚ ਰਹਿਣ ਵਾਲਾ ਬਹੁਤ ਹੀ ਨੇਕ ਦਿਲ ਇਨਸਾਨ ਸੀ। ਸਰਦਾਰ ਤਾਰਾ ਸਿੰਘ ਨੇ ਆਪਣੇ ਪੁੱਤਰ ਦੇ ਨਾਲ ਬਾਬਾ ਸੋਭਾ ਸਿੰਘ ਜੀ ਨੂੰ ਵੀ ਭੇਜਿਆ ਤਾਂ ਕਿ ਉਨ੍ਹਾਂ ਦਾ ਪਰਵਾਰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜਿਆ ਰਹੇ। ਤਾਰਾ ਸਿੰਘ ਨੇ ਆਪਣੇ ਪੁੱਤਰ ਨੂੰ ਇਕ ਗੋਲੀਆ ਕਿਰਪਾਨ ਅਤੇ ਆਪਣੇ ਪਾਠ ਕਰਨ ਵਾਲੀ ਗੁਰਬਾਣੀ ਦੀ ਪੋਥੀ ਵੀ ਦਿੱਤੀ।
ਮਾਹੀਏ ਗੁਮਾਸ਼ਤੇ ਦੇ ਪਰਵਾਰ ਪਾਸ ਆ ਕੇ ਦੂਲਾ ਸਿੰਘ ਨੇ ਆਪਣਾ ਨਿਵਾਸ ਉਨ੍ਹਾਂ ਪਾਸ ਹੀ ਕਿਲ੍ਹੇ ਵਿਚ ਕਰ ਲਿਆ। ਕਿਲ੍ਹੇ ਦੇ ਇਕ ਬੁਰਜ ਵਿਚ ਬਾਬਾ ਸੋਭਾ ਸਿੰਘ ਜੀ ਨੇ ਆਪਣਾ ਨਿਵਾਸ ਬਣਾਇਆ ਜਿੱਥੇ ਅੱਜਕਲ੍ਹ ਉਨ੍ਹਾਂ ਦੇ ਨਾਂ ਹੇਠ ਗੁਰਦੁਆਰਾ ਬਾਬਾ ਸੋਭਾ ਸਿੰਘ ਜੀ ਸੁਸ਼ੋਭਿਤ ਹੈ। ਦੂਲਾ ਸਿੰਘ ਨੇ ਮਾਹੀਏ ਗੁਮਾਸ਼ਤੇ ਦੇ ਗੁੱਜਰ ਪਰਵਾਰ ਨਾਲ ਰਲ ਕੇ ਨਵਾਂ ਪਿੰਡ ਆਬਾਦ ਕੀਤਾ ਜਿਸ ਦਾ ਨਾਂ ਦੁਲਾ ਸਿੰਘ ਦੇ ਨਾਂ ‘ਤੇ ਦੁਲਵਾਂ ਪੈ ਗਿਆ । ਬਾਬਾ ਸੋਭਾ ਸਿੰਘ ਜੀ ਦੇ ਕੁਝ ਸੇਵਕ ਜੋ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਉਹ ਵੀ ਇਸ ਪਿੰਡ ਵਿਚ ਆ ਕੇ ਰਹਿਣ ਲੱਗ ਪਏ। ਇਨ੍ਹਾਂ ਦੀ ਔਲਾਦ ਅੱਜ ਵੀ ਇਸ ਪਿੰਡ ਵਿਚ ਵਸਦੀ ਹੈ। ਖੇਤੀ ਦੇ ਕੰਮ ਕਾਰ ਲਈ ਧਮੋਟ ਤੋਂ ਝੱਲੀ ਗਿੱਲਾਂ ਨੂੰ ਲਿਆਂਦਾ ਅਤੇ ਇਨ੍ਹਾਂ ਦੀ ਔਲਾਦ ਇਸ ਪਿੰਡ ਵਿਚ ਵਸਦੀ ਹੈ। ਪ੍ਰਜਾਪਤ ਬਰਾਦਰੀ ਨਾਲ ਸੰਬੰਧਤ ਭਾਈਚਾਰੇ ਨੂੰ ਲੁਧਿਆਣਾ ਜ਼ਿਲ੍ਹੇ ਦੇ ਕਦੋਂ ਪਿੰਡ ਤੋਂ ਲਿਆ ਕੇ ਇਸ ਪਿੰਡ ਵਿਚ ਆਬਾਦ ਕੀਤਾ ਗਿਆ। ਇਨ੍ਹਾਂ ਦੀ ਔਲਾਦ ਵੀ ਇਸੇ ਪਿੰਡ ਵਿਚ ਵਸਦੀ ਹੈ। ਸਰਦਾਰ ਦੂਲਾ ਸਿੰਘ ਦੇ ਘਰ ਇਕ ਪੁੱਤਰ ਲਹਿਣਾ ਸਿੰਘ ਅਤੇ ਇਕ ਪੁੱਤਰੀ ਨੇ ਜਨਮ ਲਿਆ। ਦੂਲਾ ਸਿੰਘ ਨੇ ਆਪਣੀ ਪੁੱਤਰੀ ਦਾ ਵਿਆਹ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਬੰਡਾਲਾ ਪਿੰਡ ਵਿਚ ਕੀਤਾ। ਦੂਲਾ ਸਿੰਘ ਨੇ ਆਪਣੀ ਪੁੱਤਰੀ ਨੂੰ ਵੀ ਆਪਣੇ ਪਾਸ ਹੀ ਦੁਲਵਾਂ ਪਿੰਡ ਬੁਲਾ ਲਿਆ ਸੀ। ਇਸ ਦਾ ਪਰਵਾਰ ਹੁੰਦਲ ਸਰਦਾਰ ਅੱਜ ਵੀ ਪਿੰਡ ਵਿਚ ਵਸਦੇ ਹਨ। ਲਹਿਣਾ ਸਿੰਘ ਦੇ ਘਰ ਅਮਰ ਸਿੰਘ, ਅਮਰ ਸਿੰਘ ਦੇ ਘਰ ਨੱਥਾ ਸਿੰਘ ਦਾ ਜਨਮ ਹੋਇਆ। ਸਰਦਾਰ ਨੱਥਾ ਸਿੰਘ ਨੇ ਦੋ ਵਿਆਹ ਕੀਤੇ। ਪਹਿਲੀ ਪਤਨੀ ਦੇ ਘਰ ਸ. ਕੇਹਰ ਸਿੰਘ ਦਾ ਜਨਮ ਹੋਇਆ ਅਤੇ ਦੂਸਰੀ ਪਤਨੀ ਦੇ ਘਰ ਅਜਮੇਰ ਸਿੰਘ ਦਾ ਜਨਮ ਹੋਇਆ। ਕੇਹਰ ਸਿੰਘ ਦਾ ਵਿਆਹ ਸਿੰਘਾਂ ਦੀ ਸਲੌਦੀ ਵਿਖੇ ਪ੍ਰਸਿੱਧ ਸਿੱਖ ਘਰਾਣੇ ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਦੀ ਬੰਸ ਦੀ ਬੀਬੀ ਸਾਹਿਬ ਕੌਰ ਨਾਲ ਹੋਇਆ। ਇਸ ਨੂੰ ਪਿੰਡ ਵਿਚ ਸਾਰੇ ਸਲੌਦੀ ਵਾਲੀ ਬੀਬੀ ਕਹਿ ਕੇ ਬਲਾਉਂਦੇ ਸਨ। ਸਰਦਾਰ ਅਜਮੇਰ ਸਿੰਘ ਦੀ ਸ਼ਾਦੀ ਬੀਬੀ ਰਲੀ ਨਾਲ ਹੋਈ। ਸਰਦਾਰ ਅਜਮੇਰ ਸਿੰਘ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਤੋਂ ਇੰਜੀਨਿਅਰਿੰਗ ਦੀ ਸਿੱਖਿਆ ਪ੍ਰਾਪਤ ਕਰ ਕੇ ਮਹਾਰਾਜਾ ਪਟਿਆਲਾ ਦੀ ਕਾਰ ਵਰਕਸ਼ਾਪ ਵਿਚ ਨੌਕਰੀ ਕਰ ਲਈ। ਇਹ ਪਟਿਆਲੇ ਹੀ ਪਤਨੀ ਨਾਲ ਰਹਿੰਦਾ ਸੀ। ਇਕ ਵਾਰ ਅਜਮੇਰ ਸਿੰਘ ਪਿੰਡ ਆਇਆ ਤਾਂ ਇਸ ਦਾ ਕਤਲ ਹੋ ਗਿਆ।
ਸ. ਕੇਹਰ ਸਿੰਘ ਦੇ ਘਰ ਇੱਕ ਪੁੱਤਰ ਅਮਰਾਓ ਸਿੰਘ ਅਤੇ ਇੱਕ ਪੁੱਤਰੀ ਦਾ ਜਨਮ ਹੋਇਆ। ਅਮਰਾਓ ਸਿੰਘ ਛੋਟੀ ਉਮਰ ਦਾ ਹੀ ਸੀ ਕਿ ਉਸ ਦੇ ਪਿਤਾ ਕੇਹਰ ਸਿੰਘ ਦੀ ਮੌਤ ਹੋ ਗਈ। ਕੇਹਰ ਸਿੰਘ ਦੀ ਮੌਤ ਤੋਂ ਬਾਅਦ ਬੀਬੀ ਸਾਹਿਬ ਕੌਰ ਬੱਚਿਆਂ ਨੂੰ ਆਪਣੇ ਪੇਕੇ ਪਿੰਡ ਸਲੌਦੀ ਲੈ ਗਈ। ਅਮਰਾਓ ਸਿੰਘ ਦੀ ਪਾਲਣਾ ਅਤੇ ਪੜ੍ਹਾਈ ਸਲੌਦੀ ਪਿੰਡ ਵਿਚ ਹੀ ਹੋਈ। ਇਨ੍ਹਾਂ ਦੀ ਗੈਰਹਾਜ਼ਰੀ ਵਿਚ ਪਿੰਡ ਦੁਲਵਾਂ ਦੀ ਜਗੀਰ ਦਾ ਸਾਰਾ ਕੰਮ ਹੁੰਦਲ ਸਰਦਾਰਾਂ ਨੇ ਸੰਭਾਲ ਲਿਆ। ਹੁੰਦਲ ਪਰਵਾਰ ਦਾ ਵੀ ਗੁੱਜਰ ਪਰਵਾਰ ਨਾਲ ਕੋਈ ਚੰਗਾ ਵਿਵਹਾਰ ਨਾ ਰਿਹਾ। ਜਦੋਂ ਅਮਰਾਓ ਸਿੰਘ ਜਵਾਨ ਹੋ ਗਿਆ ਤਾਂ ਗੁੱਜਰ ਪਰਵਾਰ ਨੇ ਉਸ ਨੂੰ ਸਲੌਦੀ ਤੋਂ ਪਿੰਡ ਦੁਲਵਾਂ ਲੈ ਆਂਦਾ। ਅਮਰਾਓ ਸਿੰਘ ਨੇ ਪੁਲਿਸ ਵਿਚ ਨੌਕਰੀ ਕਰ ਲਈ ਅਤੇ ਆਪਣੀ ਭੈਣ ਦਾ ਵਿਆਹ ਕਲਸੀਆਂ ਰਿਆਸਤ ਦੇ ਛਛਰੋਲੀ ਘਰਾਣੇ ਵਿਚ ਪਿੰਡ ਲੈਦਾ (ਹਰਿਆਣਾ) ਵਿਖੇ ਕਰ ਦਿੱਤਾ। ਇਨ੍ਹਾਂ ਨੇ ਆਪਣਾ ਵਿਆਹ ਵੀ ਕਲਸੀਆਂ ਰਿਆਸਤ ਦੇ ਕੋਟ ਵਸਾਵਾ ਸਿੰਘ ਪਿੰਡ ਦੇ ਸਰਦਾਰ ਕਰਤਾਰ ਸਿੰਘ ਦੀ ਪੁੱਤਰੀ ਬੀਬੀ ਹਰਬੰਸ ਕੌਰ ਨਾਲ ਕਰਵਾ ਲਿਆ।
ਸੰਨ ੧੯੪੭ ਈ. ਵਿਚ ਦੇਸ਼ ਦੀ ਵੰਡ ਹੋ ਗਈ। ਇਸ ਸਮੇਂ ਦੁਲਵਾਂ ਪਿੰਡ ਵਿਚ ਰਹਿੰਦੇ ਮਾਹੀਏ ਗੁਮਾਸ਼ਤੇ ਦੀ ਬੰਸ ਦਾ ਗੁਲਾਮ ਅਲੀ ਆਪਣੀ ਪਤਨੀ ਨੂਰਾਂ ਅਤੇ ਪਰਵਾਰ ਸਮੇਤ ਪਿੰਡ ਛੱਡ ਪਾਕਿਸਤਾਨ ਨੂੰ ਰਵਾਨਾ ਹੋ ਗਿਆ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਨ੍ਹਾਂ ਦਾ ਰਸਤੇ ਵਿਚ ਦੰਗਾਕਾਰੀਆਂ ਨੇ ਕਤਲ ਕਰ ਦਿੱਤਾ।
ਅਮਰਾਓ ਸਿੰਘ ਦੇ ਘਰ ਦੋ ਪੁੱਤਰ ਗੁਰਦੇਵ ਸਿੰਘ, ਬਲਦੇਵ ਸਿੰਘ ਅਤੇ ਇਕ ਪੁੱਤਰੀ ਸੁਰਜੀਤ ਕੌਰ ਦਾ ਜਨਮ ਹੋਇਆ। ਸਰਦਾਰ ਅਮਰਾਓ ਸਿੰਘ ਨੇ ਲੰਮਾਂ ਸਮਾਂ ਪਿੰਡ ਦੀ ਸਰਪੰਚੀ ਵੀ ਕੀਤੀ। ਬਲਦੇਵ ਸਿੰਘ ਦਾ ਵਿਆਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਮਾਲਪੁਰ ਦੀ ਬੀਬੀ ਰਣਜੀਤ ਕੌਰ ਨਾਲ ਹੋਇਆ ਇਨ੍ਹਾਂ ਦੇ ਘਰ ਦੋ ਪੁੱਤਰੀਆਂ ਅਤੇ ਦੋ ਪੁੱਤਰ ਜਗਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਜਨਮ ਹੋਇਆ। ਬਲਦੇਵ ਸਿੰਘ ਕੋ-ਓਪਰੇਟਿਵ ਸੁਸਾਇਟੀ ਵਿਚ ਇੰਸਪੈਕਟਰ ਭਰਤੀ ਹੋ ਗਏ ਅਤੇ ਰਾਜਪੁਰਾ ਵਿਖੇ ਰਹਿਣ ਲੱਗ ਪਏ। ਕੁਝ ਸਮਾਂ ਬਾਅਦ ਉਹ ਘਰੋਂ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ਪਰਵਾਰ ਰਾਜਪੁਰੇ ਵਿਖੇ ਹੀ ਰਹਿੰਦਾ ਹੈ।
ਸਰਦਾਰ ਗੁਰਦੇਵ ਸਿੰਘ ਨੇ ਪਹਿਲਾਂ ਪੁਲਿਸ ਵਿਚ ਨੌਕਰੀ ਕੀਤੀ ਅਤੇ ਜਲਦੀ ਹੀ ਪੁਲਿਸ ਦੀ ਨੌਕਰੀ ਛੱਡ ਕੇ ਅਧਿਆਪਨ ਦਾ ਕਿੱਤਾ ਅਪਣਾਅ ਲਿਆ। ਸਰਦਾਰ ਗੁਰਦੇਵ ਸਿੰਘ ਨੇ ਦੋ ਵਿਆਹ ਕਰਵਾਏ। ਪਹਿਲਾ ਵਿਆਹ ਮਾਨਸਾ ਜ਼ਿਲ੍ਹੇ ਦੇ ਢੈਪਈ ਪਿੰਡ ਦੇ ਸਰਦਾਰ ਨਰੰਜਨ ਸਿੰਘ ਦੀ ਪੁੱਤਰੀ ਜਗਦੀਪ ਕੌਰ ਧਾਲੀਵਾਲ ਨਾਲ ਹੋਇਆ। ਸਰਦਾਰ ਨਰੰਜਨ ਸਿੰਘ ਮਹਾਰਾਜਾ ਪਟਿਆਲਾ ਦੀ ਫੌਜ ਵਿਚ ਰਸਾਲਦਾਰ ਸਨ। ਇਨ੍ਹਾਂ ਦੇ ਘਰ ਚਾਰ ਪੁੱਤਰੀਆਂ ਜਸਬੀਰ ਕੌਰ, ਰਾਜਿੰਦਰ ਕੌਰ, ਕਮਲਜੀਤ ਕੌਰ, ਉਪਦੇਸ਼ ਕੌਰ ਅਤੇ ਇੱਕ ਪੁੱਤਰ ਸਿਮਰਜੀਤ ਸਿੰਘ ਦਾ ਜਨਮ ਹੋਇਆ। ਇਹ ਪਰਵਾਰ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਸ਼ਹਿਰ ਵਿਚ ਰਹਿੰਦਾ ਹੈ। ਦੂਸਰੀ ਪਤਨੀ ਪੁਸ਼ਪਾ ਰਾਣੀ ਤੋਂ ਇਕ ਪੁੱਤਰ ਗੁਰਪ੍ਰੀਤ ਸਿੰਘ ਅਤੇ ਇੱਕ ਪੁੱਤਰੀ ਮਨਪ੍ਰੀਤ ਕੌਰ ਨੇ ਜਨਮ ਲਿਆ। ਇਹ ਪਰਵਾਰ ਫਤਿਹਗੜ੍ਹ ਸਾਹਿਬ ਵਿਖੇ ਰਹਿੰਦਾ ਹੈ।

ਸਿਮਰਜੀਤ ਸਿੰਘ ਨੇ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਨ ਤੋਂ ਬਾਅਦ ਪੱਤਰਕਾਰੀ ਦੇ ਖੇਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੇ ਕਈ ਦੇਸ਼ ਵਿਦੇਸ਼ ਦੇ ਅਖਬਾਰਾਂ ਵਿਚ ਕੰਮ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਮਹੀਨਾਵਾਰ ਪਤ੍ਰਿਕਾ ‘ਗੁਰਮਤਿ ਪ੍ਰਕਾਸ਼’ ਦੇ ਸੰਪਾਦਕ ਦੇ ਤੌਰ ‘ਤੇ ਨੌਕਰੀ ਕਰ ਲਈ। ਅੱਜ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵਧੀਕ ਸਕੱਤਰ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ। ਸਿਮਰਜੀਤ ਸਿੰਘ ਦਾ ਵਿਆਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੌਲੜੀ ਦੇ ਸ. ਹਰਚਰਨ ਸਿੰਘ ਦੀ ਪੁੱਤਰੀ ਜਸਵਿੰਦਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਪੁੱਤਰੀਆਂ ਕਰਮਪ੍ਰੀਤ ਕੌਰ, ਨਵਨੀਤ ਕੌਰ ਅਤੇ ਇਕ ਪੁੱਤਰ ਦਮਨਜੀਤ ਸਿੰਘ ਨੇ ਜਨਮ ਲਿਆ।
ਹੁੰਦਲ ਪਰਵਾਰ ਦੇ ਸਰਦਾਰ ਖੜਕ ਸਿੰਘ ਦਾ ਜਨਮ ਇਸ ਪਿੰਡ ਵਿਚ ਹੋਇਆ। ਖੜਕ ਸਿੰਘ ਦੇ ਘਰ ਪੁੱਤਰ ਸੁੱਖਾ ਸਿੰਘ ਅਤੇ ਸੁੱਖਾ ਸਿੰਘ ਦੇ ਘਰ ਪੁੱਤਰ ਨਿਹਾਲ ਸਿੰਘ ਦਾ ਜਨਮ ਹੋਇਆ। ਨਿਹਾਲ ਸਿੰਘ ਦੇ ਘਰ ਦੋ ਪੁੱਤਰ ਜੈ ਸਿੰਘ ਅਤੇ ਦੇਵਾ ਸਿੰਘ ਦਾ ਜਨਮ ਹੋਇਆ।
ਸਰਦਾਰ ਜੈ ਸਿੰਘ ਦੇ ਘਰ ਚਾਰ ਪੁੱਤਰ ਸ. ਬਸਤਾ ਸਿੰਘ, ਸ. ਹਰਚੰਦ ਸਿੰਘ, ਸ. ਮੁਕੰਦ ਸਿੰਘ ਅਤੇ ਸ. ਅਮਰ ਸਿੰਘ ਦਾ ਜਨਮ ਹੋਇਆ।
ਸ. ਬਸਤਾ ਸਿੰਘ ਦੇ ਘਰ ਇਕ ਪੁੱਤਰ ਸ. ਜਸਵੰਤ ਸਿੰਘ ਅਤੇ ਇਕ ਪੁੱਤਰੀ ਨੱਛਤਰ ਕੌਰ ਦਾ ਜਨਮ ਹੋਇਆ। ਸ. ਜਸਵੰਤ ਸਿੰਘ ਦਾ ਵਿਆਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਵਿਖੇ ਬੀਬੀ ਬਲਵੀਰ ਕੌਰ ਨਾਲ ਹੋਇਆ। ਸ. ਜਸਵੰਤ ਸਿੰਘ ਨੇ ਸਰਕਾਰੀ ਅਧਿਆਪਕ ਤੌਰ ‘ਤੇ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿਚ ਇਹ ਪਰਿਵਾਰ ਕੈਨੇਡਾ ਚਲਾ ਗਿਆ। ਸ. ਜਸਵੰਤ ਸਿੰਘ ਦੇ ਘਰ ਚਾਰ ਪੁੱਤਰੀਆਂ ਅਤੇ ਦੋ ਪੁੱਤਰ ਮਨਮੋਹਨ ਸਿੰਘ ਅਤੇ ਗੁਰਜੀਤ ਕੌਰ ਦਾ ਜਨਮ ਹੋਇਆ। ਇਹ ਪਰਵਾਰ ਕੈਨੇਡਾ ਜਾ ਕੇ ਆਬਾਦ ਹੋ ਗਿਆ ਹੈ।
ਸ. ਹਰਚੰਦ ਸਿੰਘ ਦੇ ਘਰ ਇਕ ਪੁੱਤਰ ਸ. ਕੁਲਵੰਤ ਸਿੰਘ ਅਤੇ ਇਕ ਪੁੱਤਰੀ ਸੁਰਿੰਦਰ ਕੌਰ ਦਾ ਜਨਮ ਹੋਇਆ। ਕੁਲਵੰਤ ਸਿੰਘ ਦਾ ਵਿਆਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਮਰਾਲਾ ਦੀ ਬੀਬੀ ਜੋਗਿੰਦਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਚਾਰ ਪੁੱਤਰੀਆਂ ਅਤੇ ਇੱਕ ਪੁੱਤਰ ਦਾ ਜਨਮ ਹੋਇਆ।
ਸ. ਮੁਕੰਦ ਸਿੰਘ ਨੇ ਸਰਕਾਰੀ ਅਧਿਆਪਕ ਦੇ ਤੌਰ ‘ਤੇ ਨੌਕਰੀ ਕੀਤੀ। ਇਨ੍ਹਾਂ ਦੇ ਘਰ ਇਕ ਪੁੱਤਰ ਸ. ਬਲਜਿੰਦਰ ਸਿੰਘ ਅਤੇ ਇਕ ਪੁੱਤਰੀ ਸੁਰਿੰਦਰ ਕੌਰ ਦਾ ਜਨਮ ਹੋਇਆ।
ਬਲਜਿੰਦਰ ਸਿੰਘ ਨੇ ਹਵਾਈ ਸੈਨਾ ਵਿਚ ਨੌਕਰੀ ਕੀਤੀ। ਇਨ੍ਹਾਂ ਦਾ ਵਿਆਹ ਜ਼ਿਲ੍ਹਾ ਲੁਧਿਆਣਾ ਦੇ ਨਗਰ ਨਾਰੰਗਵਾਲ ਦੀ ਬੀਬੀ ਜਸਵੰਤ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਚਾਰ ਪੁੱਤਰੀਆਂ ਅਤੇ ਇੱਕ ਪੁੱਤਰ ਕਮਲਪ੍ਰੀਤ ਸਿੰਘ ਦਾ ਜਨਮ ਹੋਇਆ। ਇਹ ਪਰਵਾਰ ਅੱਜਕਲ੍ਹ ਕੈਨੇਡਾ ਚਲਾ ਗਿਆ ਹੈ।
ਸ. ਅਮਰ ਸਿੰਘ ਦੇ ਦੋ ਵਿਆਹ ਹੋਏ। ਇਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਪੁੱਤਰ ਸ. ਸੁਖਦੇਵ ਸਿੰਘ ਅਤੇ ਸ. ਬਲਦੇਵ ਸਿੰਘ ਦਾ ਜਨਮ ਹੋਇਆ। ਸੁਖਦੇਵ ਸਿੰਘ ਦੀ ਸ਼ਾਦੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੀ ਬੀਬੀ ਭੁਪਿੰਦਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ- ਪੁੱਤਰ ਸ. ਮਨਜੀਤ ਸਿੰਘ, ਅਮਨਜੀਤ ਸਿੰਘ, ਪਰਮਜੀਤ ਸਿੰਘ ਅਤੇ ਇੱਕ ਪੁੱਤਰੀ ਮਨਪ੍ਰੀਤ ਕੌਰ ਦਾ ਜਨਮ ਹੋਇਆ।
ਸ. ਅਮਰ ਸਿੰਘ ਦੀ ਦੂਸਰੀ ਪਤਨੀ ਪ੍ਰੀਤਮ ਕੌਰ ਬਠਿੰਡਾ ਜ਼ਿਲ੍ਹੇ ਦੇ ਡਿੱਖ ਪਿੰਡ ਦੀ ਸੀ। ਇਨ੍ਹਾਂ ਦੇ ਘਰ ਤਿੰਨ ਪੁੱਤਰ ਸ. ਕਰਮ ਸਿੰਘ, ਸ. ਸੋਹਣ ਸਿੰਘ ਅਤੇ ਸ. ਭੁਪਿੰਦਰ ਸਿੰਘ ਦਾ ਜਨਮ ਹੋਇਆ।
ਸ. ਕਰਮ ਸਿੰਘ ਦਾ ਵਿਆਹ ਮਨਾਣਾ ਪਿੰਡ ਦੀ ਬੀਬੀ ਹਰਭਜਨ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਪੁੱਤਰੀਆਂ ਹਰਬੀਰ ਕੌਰ, ਰਾਜਵੰਤ ਕੌਰ ਅਤੇ ਇਕ ਪੁੱਤਰ ਬਰਮਾਨ ਸਿੰਘ ਦਾ ਜਨਮ ਹੋਇਆ।
ਸੋਹਣ ਸਿੰਘ ਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਪੁੱਤਰ ਸ. ਮਲਕੀਤ ਸਿੰਘ ਅਤੇ ਸ. ਅਸਵਿੰਦਰ ਸਿੰਘ ਦਾ ਜਨਮ ਹੋਇਆ। ਸ. ਮਲਕੀਤ ਸਿੰਘ ਦਾ ਵਿਆਹ ਸ਼ਮਸ਼ਪੁਰ ਕੋਟਲਾ ਦੀ ਬੀਬੀ ਪ੍ਰਭਜੋਤ ਕੌਰ ਨਾਲ ਹੋਇਆ ਅਤੇ ਅਸਵਿੰਦਰ ਸਿੰਘ ਦਾ ਵਿਆਹ ਸੰਗਰੂਰ ਦੀ ਬੀਬੀ ਹਰਦੀਪ ਕੌਰ ਨਾਲ ਹੋਇਆ।
ਸ. ਭੁਪਿੰਦਰ ਸਿੰਘ ਦਾ ਵਿਆਹ ਬਠਿੰਡਾ ਜ਼ਿਲ੍ਹੇ ਦੇ ਚੋਟੀਆ ਪਿੰਡ ਦੀ ਮਹਿੰਦਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਪੁੱਤਰ ਸਤਵੰਤ ਸਿੰਘ ਦਾ ਜਨਮ ਹੋਇਆ ਇਸ ਦੀ ਸ਼ਾਦੀ ਜਲੰਧਰ ਦੇ ਸ਼ਾਹੀ ਪਰਵਾਰ ਵਿਚ ਹੋਈ।
ਸ. ਦੇਵਾ ਸਿੰਘ ਦੇ ਘਰ ਦੋ ਪੁੱਤਰ ਸਰਵਣ ਸਿੰਘ, ਕਰਤਾਰ ਸਿੰਘ ਅਤੇ ਇਕ ਪੁੱਤਰੀ ਦਾ ਜਨਮ ਹੋਇਆ।
ਸਰਵਣ ਸਿੰਘ ਦੇ ਘਰ ਸ. ਬਚਿੱਤਰ ਸਿੰਘ ਦਾ ਜਨਮ ਹੋਇਆ। ਬਚਿੱਤਰ ਸਿੰਘ ਦੇ ਘਰ ਦੋ ਪੁੱਤਰੀਆਂ ਰੁਪਿੰਦਰ ਕੌਰ, ਸੁਪਿੰਦਰ ਕੌਰ ਅਤੇ ਦੋ ਪੁੱਤਰ ਤੇਜਵੰਤ ਸਿੰਘ ਅਤੇ ਰੂਪ ਸਿੰਘ ਦਾ ਜਨਮ ਹੋਇਆ। ਤੇਜਵੰਤ ਸਿੰਘ ਦਾ ਵਿਆਹ ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਭੜੀ ਦੇ ਭੰਗੂ ਪਰਵਾਰ ਵਿਚ ਹੋਇਆ। ਰੂਪ ਸਿੰਘ ਦੇ ਘਰ ਪੁੱਤਰ (ਗੋਲਾ) ਦਾ ਜਨਮ ਹੋਇਆ।
ਦੇਵਾ ਸਿੰਘ ਦੇ ਦੂਸਰੇ ਪੁੱਤਰ ਕਰਤਾਰ ਸਿੰਘ ਦੇ ਘਰ ਚਾਰ ਪੁੱਤਰ ਮਹਿੰਦਰ ਸਿੰਘ, ਜੋਗਿੰਦਰ ਸਿੰਘ, ਕਰਨੈਲ ਸਿੰਘ, ਸੰਤੋਖ ਸਿੰਘ ਅਤੇ ਦੋ ਪੁੱਤਰੀਆਂ ਜਸਪਾਲ ਕੌਰ ਅਤੇ ਮਹਿੰਦਰ ਕੌਰ ਦਾ ਜਨਮ ਹੋਇਆ।ਫੁੱਟ ਨੋਟ:-
੧. ਕੰਗ ਜੱਟਾਂ ਦਾ ਪੁਰਾਤਨ ਕਬੀਲਾ ਸਾਕਾਬੰਸ ਵਿੱਚੋਂ ਹੈ। ਇਸ ਗੋਤ ਦਾ ਮੋਢੀ ਕੰਗ ਸੀ।
ਕੰਗ ਆਪਣਾ ਸੰਬੰਧ ਯੋਗੇ ਨਾਲ ਜੋੜਦੇ ਹਨ ਅਤੇ ਜੋਗਰੇ ਨੂੰ ਆਪਣਾ ਵਡੇਰਾ ਮੰਨਦੇ ਹਨ।
ਨੱਤ ਅਤੇ ਰਾਏ ਵੀ ਜੋਗਰੇ ਦੀ ਬੰਸ ਵਿੱਚੋਂ ਹੀ ਹਨ।
੨. ਕਾਂਗੜ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦਾ ਪਿੰਡ ਹੈ।
੩. ਕੰਗ ਅਤੇ ਕਲ੍ਹਾ ਪਿੰਡ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਖਡੂਰ ਸਾਹਿਬ ਵਿਚ ਹਨ।
੪. ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਤਹਿਸੀਲ ਅੰਮ੍ਰਿਤਸਰ-੧ ਦਾ ਬੰਡਾਲਾ ਪਿੰਡ ਹੈ ।
੫. ਇਸ ਬਾਰੇ ਪੁਸਤਕ ‘The Rajas of punjab’ ਵਿਚ ਜ਼ਿਕਰ ਹੈ ਕਿ: “The founder of the Thanesar family was Mith singh a jat of sarhali near Mahajha, and recived the pahul from Gurdial singh, who obtained for him the post of Personal attendant (gar wa bardar, a servent who carries vessel and drinking water) to Tara singh Gheba.
੬. ਇਸ ਸਬੰਧ ਵਿਚ ਅਹਿਵਾਲ ਮੁਤਲਕਾ ਖਾਨਦਾਨ ਸਦਾਰਾਨ ਖੇੜੀ ਨੌਧ ਸਿੰਘ ਔ ਥਨੇਸਰ ਵਿਚ ਜਿਕਰ ਹੈ ਕਿ: “ਖੇੜੀ ਸਯਦਾਂ ਮੇਂ ਸਰਹੰਦ ਕੇ ਸਯਦਾਂ ਕੀ ਤਰਫ ਸੇ ਏਕ ਮਾਹੀਆ ਨਾਮੀਂ ਗੁਜਰ ਗਮਾਸ਼ਤਾ ਥਾ। ਜਿਸ ਦੀ ਉਲਾਦ ਦੁਲਵਾਂ ਜੋ ਖੇੜੀ ਕਾ ਹੀ ਏਕ ਗਿਰਦ ਨਵਾਹੀ ਗਾਉਂ ਹੈ ਅਬਾਦ ਹੋ ਗਈ। “ਸ: ਮਿਤ ਸਿੰਘ ਔ ਨੌਧ ਸਿੰਘ ਵਗੈਰਾ ਨੇ ਲੜਾਈ ਮੇਂ ਬਜ਼ਰਬ ਗੋਲਾ ਤੌਪ ਜ਼ਖ਼ਮੀ ਹੂਆ ਥਾ। ਸ: ਮਿਤ ਸਿੰਘ ਇਸੇ ਜਖਮੀ ਕੀ ਹਾਲਤ ਮੇਂ ਬਾਦ ਦੁਪਹਿਰ ਮੌਜਿਆ ਸੁਹਾਵੀਆਂ ਸ: ਗੁਰਬਖਸ਼ ਸਿੰਘ ਬੜਿੰਗ ਗੋਤ ਕੇ ਹਾਂ ਠਹਿਰਾ ਸ਼ਾਮ ਕੋ ਖੇੜੀ ਸਯਦਾ ਮੇ ਪਹੁੰਚਾ। ਮਾਹੀਆ ਗੁਮਾਸ਼ਤਾ ਨੇ ਘੋੜੇ ਕੀ ਬਾਗ ਪਕੜੀ ਔਰ ਪਾਉਂ ਚੂਮੇਂ…। ਸ: ਮਿਤ ਸਿੰਘ ਨੇ ਇਲਾਕਾ ਮੇਂ ਘੋੜਾ ਫੇਰ ਇਕੀਸ ਗਾਉਂ ਪਰ ਕਬਜ਼ਾ ਕੀਆ। ਯੱਕੇ ਬਾਅਦ ਚੀਗਰੇ ਥਨੇਸਰ ਕਾਬਾ ਕੇ ਉਨਾਹਠ ਗਾਉਂ ਕਾ ਕਬਜ਼ਾ ਲੇਕਰ ਰਿਆਸਤ ਕਾਇਮ ਕੀ।…”
੭. ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਪ੍ਰੋ. ਹਰੀ ਰਾਮ ਗੁਪਤਾ ਸਿੱਖ ਇਤਿਹਾਸ ਵਿਚ ਲਿਖਦੇ ਹਨ ਕਿ: ਉਸ ਨੂੰ ਖਬਰ ਮਿਲੀ ਕਿ ਉਨ੍ਹਾਂ ਦਾ ਇਕ ਵੱਡਾ ਜੱਥਾ ੪੦ ਮੀਲ ਪੂਰਬ ਵਾਲੇ ਪਾਸੇ ਮਨੀ ਮਾਜਰੇ ਦੀਆਂ ਪਹਾੜੀਆਂ ਵਿਚ ਠਹਿਰਿਆ ਹੋਇਆ ਹੈ। ਨਜੀਬੁਦੀਨ ਤੇ ਅਫਜਲ ਖਾਨ ਦੀ ਕਮਾਨ ਹੇਠ ਦੁਰਾਨੀ ਅਸਵਾਰ ਉਨ੍ਹਾਂ ਪਰ ਜਾ ਪਏ ।…ਬਹੁਤ ਸਾਰੇ ਮਰਦ ਔਰਤਾਂ ਨੂੰ ਕੈਦੀ ਬਣਾ ਕੇ ਲੈ ਆਏ। ਪਰ ਉਨ੍ਹਾਂ ਦਾ ਲੀਡਰ ਨਾ ਫੜਿਆ ਗਿਆ। ਲੁੱਟ ਦਾ ਬਹੁਤ ਸਾਰਾ ਮਾਲ ਅਤੇ ਕੈਦੀ ਕੈਂਪ ਵਿਚ ਸਸਤੇ ਭਾਅ ਵਿਕੇ।
੮. ਨਿਰਮਲੇ ਸੰਤ ਬਾਬਾ ਸੋਭਾ ਸਿੰਘ ਜੀ ਹੋਸ਼ਿਆਰਪੁਰ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਇਹ ਸਰਦਾਰ ਤਾਰਾ ਸਿੰਘ ਕੰਗ ਪਾਸ ਰਾਹੋਂ ਰਹਿ ਕੇ ਸਿੱਖਾਂ ਨੂੰ ਗੁਰਬਾਣੀ ਦਾ ਗਿਆਨ ਦਿੰਦੇ ਸਨ । ਬਾਬਾ ਸੋਭਾ ਸਿੰਘ ਜੀ ਨੂੰ ਸਾਰੇ ਭਾਈ ਸਾਹਿਬ ਕਹਿ ਕੇ ਸਤਿਕਾਰ ਦਿੰਦੇ ਸਨ। ਜ਼ਿਲ੍ਹਾ ਭਗਤ ਸਿੰਘ ਨਗਰ ਦੇ ਪੋਸੀ ਪਿੰਡ ਵਿਚ ਭਾਈ ਸਾਹਿਬ ਦਾ ਡੇਰਾ ਅੱਜਤਕ ਹੈ। ਇਹ ਨਿਰਮਲਾ ਡੇਰਾ ਅੱਜਕਲ੍ਹ ਕਾਸ਼ੀ ਦੇ ਭਾਰੀ ਅਖਾੜੇ ਨਾਲ ਸੰਬੰਧਿਤ ਹੈ। ਇਸ ਪਿੰਡ ਵਿਚ ਭਾਈ ਸਾਹਿਬ ਜੀ ਬਾਰੇ ਬਹੁਤ ਸਾਰੀਆਂ ਕਥਾਵਾਂ ਪ੍ਰਚਲਿਤ ਹਨ। ਇਨ੍ਹਾਂ ਵਿੱਚੋਂ ਇੱਕ ਹੈ ਕਿ ਪੋਸੀ ਦੇ ਸਰਦਾਰ ਮੰਗਲ ਸਿਘ ਦੀ ਪੁੱਤਰੀ ਪੱਦੀ ਅਤੇ ਨਾਲ ਦੇ ਪਿੰਡ ਦੇ ਡੱਲੇਵਾਲੀਆ ਮਿਸਲ ਦਾ ਸਰਦਾਰ ਸੂਰਾ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ । ਮੰਗਲ ਸਿੰਘ ਨੂੰ ਇਹ ਮਨਜੂਰ ਨਹੀਂ ਸੀ ਅਤੇ ਇਸ ਨੇ ਇਨ੍ਹਾਂ ਦਾ ਕਤਲ ਕਰਵਾ ਦਿੱਤਾ। ਇਨ੍ਹਾਂ ਦੀ ਜੋੜੀ ਲੋਕਾਂ ਵਿਚ ਇਤਨੀ ਹਰਮਨ ਪਿਆਰੀ ਸੀ ਕਿ ਇਨ੍ਹਾਂ ਦੀ ਪ੍ਰੇਮ ਕਹਾਣੀ ਦੰਦ ਕਥਾ ਬਣ ਗਈ ਅਤੇ ਲੋਕਾਂ ਨੇ ਪਿੰਡ ਦਾ ਨਾਂ ਹੀ ਪੱਦੀ ਸੂਰਾ ਸਿੰਘ ਰੱਖ ਦਿੱਤਾ। ਜਦੋਂ ਇਨ੍ਹਾਂ ਦੇ ਕਤਲ ਬਾਰੇ ਬਾਬਾ ਸੋਭਾ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਰਦਾਰ ਮੰਗਲ ਸਿੰਘ ਨੂੰ ਕਿਹਾ ਕਿ ਤੂੰ ਬਹੁਤ ਵੱਡਾ ਪਾਪ ਕੀਤਾ ਹੈ ਤੇਰਾ ਇਹ ਵਿਸ਼ਾਲ ਕਿਲ੍ਹਾ ਢਹਿ-ਢੇਰੀ ਹੋ ਜਾਵੇਗਾ ਅਤੇ ਥੋੜੇ ਸਮੇਂ ਵਿਚ ਹੀ ਉਹ ਕਿਲ੍ਹਾ ਢਹਿ ਢੇਰੀ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਪੋਸੀ ਵਿਚਲੇ ਇਸ ਡੇਰੇ ਦੇ ਨਾਂ ਬਹੁਤ ਸਾਰੀ ਜ਼ਮੀਨ ਲਗਵਾਈ ਸੀ ਜਿੱਥੇ ਬਾਬਾ ਜੀ ਦੇ ਸੇਵਕ ਅੱਜ ਵੀ ਰਹਿ ਰਹੇ ਹਨ।
੯. ਧਮੋਟ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਅਤੇ ਬਲਾਕ ਦੋਰਾਹਾ ਦਾ ਪਿੰਡ ਹੈ।
ਸ੍ਰੋਤ:
੧. ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ
੨. ਤਾਰੀਖ-ਏ-ਪੰਜਾਬ, ਘਨਈਆ ਲਾਲ
੩. ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ
੪. ਤਾਰੀਖ-ਏ-ਪੰਜਾਬ, ਬੂਟੇ ਸ਼ਾਹ
੫. ਇਬਰਤਨਾਮਾ, ਅਲੀ-ਉਦ-ਦੀਨ ਮੁਫਤੀ
੬. ਤਵਾਰੀਖ-ਏ-ਸਿੱਖਾਂ, ਖੁਸ਼ਵੰਤ ਰਾਏ
੭. ਚਾਰ-ਬਾਗ-ਏ-ਪੰਜਾਬ, ਗਣੇਸ਼ ਦਾਸ ਬਾਡੇਹਰਾ
੮. ਉਮਦੱਤ-ਉਲ-ਤਵਾਰੀਖ, ਸੋਹਣ ਲਾਲ ਸੂਰੀ
੯. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸੋਹਣ ਸਿੰਘ ਸੀਤਲ
৭০. A History of the sikh misals, Dr. Bhagat singh
৭৭. History of Punjab, Muhammad Latif
१२. History of Sikhs, Hari Ram Gupta
१३. History of Sikhs, Cunningham
৭৪. District and States Gazetteers of undivided Punjab

Leave a Comment

error: Content is protected !!