ਸੌੜੀਆਂ ਪਿੰਡ ਦਾ ਇਤਹਾਸ | Saurian Village History

ਸੌੜੀਆਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਤਹਿਸੀਲ ਅਜਨਾਲਾ ਦਾ ਛੋਟਾ ਜਿਹਾ ਪਿੰਡ ਹੈ ਸੌੜੀਆਂ। ਇਹ ਪਿੰਡ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਨੰਬਰ 12 ਅਤੇ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਨੰਬਰ 2 ਅਧੀਨ ਆਉਂਦਾ ਹੈ। ਇਸ ਪਿੰਡ ਦਾ ਹੱਦ ਬਸਤ ਨੰਬਰ 162 ਹੈ। ਇਥੋਂ ਦੀ ਜਨਸੰਖਿਆ 1991 ਵਿਚ ਹੋਈ ਜਨਗਣਨਾ 767 ਹੈ।
ਇਹ ਪਿੰਡ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਪਰ ਰਾਵੀ ਦਰਿਆ ਤੋਂ 7-8 ਕਿਲੋਮੀਟਰ ਦੀ ਦੂਰੀ ’ਤੇ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਰਾਵੀ ਦਰਿਆ ਇਸ ਨਾਲ ਖਹਿ ਕੇ ਲੰਘਦਾ ਸੀ ਜੋ ਹੁਣ ਰਸਤਾ ਬਦਲ ਕੇ ਦੂਰ ਚਲਾ ਗਿਆ ਹੈ। ਮੁਗਲ ਰਾਜ ਤੋਂ ਲੈ ਕੇ ਬਿ੍ਟਿਸ਼ ਰਾਜ ਦੇ ਮੁਢਲੇ ਵਰ੍ਹਿਆਂ ਤੱਕ ਇਹ ਇਕ ਵੱਡਾ ਨਗਰ ਅਤੇ ਵਪਾਰ ਦੀ ਬਹੁਤ ਵੱਡੀ ਮੰਡੀ ਹੋਇਆ ਕਰਦਾ ਸੀ। ਉਨ੍ਹਾਂ ਸਮਿਆਂ ਵਿਚ ਇਸ ਪਿੰਡ ਨੂੰ ਤਹਿਸੀਲ ਦਾ ਦਰਜਾ ਹਾਸਿਲ ਸੀ। ਰਾਵੀ ਦਰਿਆ ਦੇ ਹੜਾਂ ਦੀ ਮਾਰ ਹੇਠ ਆ ਕੇ ਇਹ ਪਿੰਡ ਕਈ ਵਾਰ ਬੇਅਬਾਦ ਹੋਇਆ। ਸਮੇਂ ਦੇ ਨਾਲ-ਨਾਲ ਇਸ ਦੀ ਮਹੱਤਤਾ ਵੀ ਘਟਦੀ ਗਈ। ਇਹ ਆਪਣੀ ਇਤਿਹਾਸਕ ਪਛਾਣ ਖੋ ਕੇ ਛੋਟਾ ਜਿਹਾ ਪਿੰਡ ਰਹਿ ਗਿਆ ਹੈ।
ਇਸ ਪਿੰਡ ਨੂੰ ਇਬਰਹਿਮ ਲੋਧੀ ਦੀ ਹਕੂਮਤ ਵੇਲੇ ਆਬਾਦ ਕੀਤਾ ਗਿਆ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਪਿੰਡ ਸ਼ੇਰਸ਼ਾਹ ਸੂਰੀ ਦੇ ਸਮੇਂ ਆਬਾਦ ਹੋਇਆ ਸੀ। ਮੁਗਲ ਕਾਲ ਵੇਲੇ ਇਹ ਮੁਸਲਮਾਨ ਅਤੇ ਪਠਾਣਾ ਦਾ ਘੁੱਗ ਵਸਦਾ ਪਿੰਡ ਸੀ। ਉਸ ਸਮੇਂ ਦੇ ਪੰਜ ਮਕਬਰੇ, ਮਸਜ਼ਿਦਾਂ ਅਤੇ ਕੁਝ ਪੀਰਾਂ-ਫਕੀਰਾਂ ਦੀਆਂ ਮਜਾਰਾਂ ਤੇ ਤਕੀਏ ਅੱਜ ਵੀ ਪਿੰਡ ਵਿਚ ਮੋਜੂਦ ਹਨ ਜੋ ਸਾਂਭ ਸੰਭਾਲ ਪੱਖੋਂ ਖੰਡਰ ਬਣਦੇ ਜਾ ਰਹੇ ਹਨ।
ਇਸ ਪਿੰਡ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਿੰਡ ਵਿਚ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਸਮੇਂ ਇਸ ਪਿੰਡ ਵਿਚ ਚਰਨ ਪਾਏ ਸਨ। ਬਾਬਾ ਖੜਕ ਸਿੰਘ ਜੀ ਨੇ ਇਸ ਸਥਾਨ ਦੀ ਮੋਜੂਦਾ ਇਮਾਰਤ ਦੀ ਨੀਂਹ 15 ਅਪ੍ਰੈਲ 1986 ਈ: ਵਿਚ ਰੱਖੀ ਸੀ ਅਤੇ ਬਾਬਾ ਹਜ਼ਾਰਾ ਸਿੰਘ ਜੀ ਨੇ ਕਾਰ ਸੇਵਾ ਕਰਵਾਈ ਸੀ। ਇਸ ਸਥਾਨ ’ਤੇ ਹਰ ਮਹੀਨੇ ਮੱਸਿਆ ਦਾ ਮੇਲਾ ਲਗਦਾ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਬੋਰਡ ’ਤੇ ਸੌੜੀਆਂ ਦੇ ਇਸ ਸਥਾਨ ’ਤੇ ਗੁਰੂ ਸਾਹਿਬ ਦੀ ਉਬਾਰੇ ਖਾਂ (ਅਸਲ ਨਾਂ ਅਬਦੁਰ ਰਹਮਾਨ ਖਾਂ) ਅਤੇ ਸ਼ਾਹ ਆਦਮਾਣ ਨਾਲ ਹੋਈ ਗਲਬਾਤ ਸਬੰਧੀ ਕੁਝ ਜਾਣਕਾਰੀ ਦਿੱਤੀ ਗਈ ਹੈ। ਮੁਗਲ ਹਕੂਮਤ ਵੇਲੇ ਜਦੋਂ ਇਹ ਵੱਡਾ ਸ਼ਹਿਰ ਸੀ ਉਦੋਂ ਇਸ ਦੇ ਬਜ਼ਾਰਾ ਅਤੇ ਮੰਡੀ ਵਿਚ ਹਰ ਤਰ੍ਹਾਂ ਦਾ ਸਾਮਾਨ ਮਿਲਦਾ ਸੀ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਮੁਗਲ ਬਾਦਸ਼ਾਹ ਨਸੀਰਉਦੀਨ ਮੁਹੰਮਦ ਸ਼ਾਹ(1702-1748) ਦੇ ਸਮੇਂ ਪੰਜ ਵਰ੍ਹੇ ਇਹ ਗੁਰਦੁਆਰਾ ਸਾਹਿਬ ਵੀਰਾਨ ਰਿਹਾ। ਸਿੱਖ ਮਿਸਲਾਂ ਸਮੇਂ ਸ. ਗੁਰਬਖਸ਼ ਸਿੰਘ ਭੰਗੀ ਦਾ ਪੁੱਤਰ ਸ. ਜੋਧ ਸਿੰਘ ਭੰਗੀ ਇਸ ਪਿੰਡ ਹਾਕਮ ਬਣਿਆ ਅਤੇ ਇਸ ਪਿੰਡ ਦਾ ਤਹਿਸੀਲ ਦਾ ਦਰਜਾ ਕਾਇਮ ਰਿਹਾ। ਇਸ ਪਿੰਡ ਦੇ ਜੋਧ ਸਿੰਘ ਸੌੜੀਆਂ ਵਾਲਾ ਅਤੇ ਉਸਦਾ ਪੁੱਤਰ ਸ. ਅਮੀਰ ਸਿੰਘ ਸੌੜੀਆਂ ਵਾਲਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਬਹੁਤ ਵੱਡੇ ਜਰਨੈਲ ਸਨ। ਸ. ਜੋਧ ਸਿੰਘ ਸੌੜੀਆਂ ਵਾਲਾ ਦੇ ਅਧੀਨ 300 ਘੋੜ-ਸਵਾਰ ਅਤੇ ਪੈਦਲ ਸੈਨਾ ਸੀ ਅਤੇ ਮਹਾਰਾਜੇ ਵੱਲੋਂ ਡੇਢ ਲੱਖ ਰੁਪਏ ਦੀ ਜਾਗੀਰ ਪਿੰਡ ਸੌੜੀਆਂ ਵਿਚ ਦਿੱਤੀ ਗਈ ਸੀ। ਸਿੱਖ ਰਾਜ ਸਮੇਂ ਸੌੜੀਆਂ ਵਿਚਲੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਦੋ ਠਾਕੁਰ-ਦੁਆਰੇ ਬਣਾਏ ਗਏ ਸਨ। ਇਨ੍ਹਾਂ ਵਿਚੋਂ ਇਕ ਛੋਟਾ ਮੰਦਰ ਅੱਜ ਵੀ ਮੋਜੂਦ ਹੈ।
1857 ਈ: ਵਿਚ ਲਾਹੌਰ ਦੀ ਮੀਆਂ-ਮੀਰ ਛਾਉਣੀ ਵਿਚ ਹਿੰਦੋਸਤਾਨੀ ਸਿਪਾਹੀਆਂ ਵੱਲੋਂ ਬ੍ਰਿਟਸ਼ ਈਸਟ ਇੰਡੀਆਂ ਕੰਪਨੀ ਵਿਰੁੱਧ ਕੀਤੀ ਬਗਾਵਤ ਨੂੰ ਦਬਾਉਣ ਲਈ ਅਤੇ ਹਿੰਦੋਸਤਾਨੀ ਸੈਨਿਕਾਂ ਨੂੰ ਮਾਰ ਮਕਾਉਣ ਲਈ ਸੌੜੀਆਂ ਦੇ ਤਹਿਸੀਲਦਾਰ ਪ੍ਰਾਣ ਨਾਥ ਸਣੇ ਇੱਥੋਂ ਦੇ ਨਾਮੀ ਸਰਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਬ੍ਰਿਟਸ਼ ਹਕੂਮਤ ਦਾ ਸਾਥ ਦਿੱਤਾ ਗਿਆ। 31 ਜੁਲਾਈ 1857 ਈ: ਨੂੰ ਰਾਵੀ ਦਰਿਆ ਦੇ ਬਾਲ ਘਾਟ ਦੇ ਮੁਕਾਮ ਤੋਂ ਗ੍ਰਿਫਤਾਰ ਕੀਤੇ ਗਏ 282 ਹਿੰਦੋਸਤਾਨੀ ਸਿਪਾਹੀਆਂ ਨੂੰ ਅਜਨਾਲਾ ਵਿਚ ਫਾਂਸੀ ਲਗਾਉਣ ਲਈ ਲੰਬਾ ਰੱਸਾ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕਪੂਰ ਵੱਲੋਂ ਸਿਪਾਹੀ ਭੇਜ ਕੇ ਸੌੜੀਆਂ ਤੋਂ ਮੰਗਵਾਇਆ ਸੀ। ਇਸ ਇਲਾਕੇ ਦੇ ਵਸਨੀਕਾਂ ਨੇ ਭਾਵੇਂ ਬ੍ਰਿਟਸ਼ ਹਕੂਮਤ ਕੋਲੋ ਇਨਾਮ ਅਤੇ ਵਾਹ-ਵਾਹ ਖਟਣ ਲਈ ਖੁਲ੍ਹ ਕੇ ਸਾਥ ਦਿੱਤਾ ਪਰ ਇਸ ਦੇ ਬਾਵਜੂਦ ਥੋੜੇ ਸਮੇਂ ਬਾਦ ਹੀ ਸੌੜੀਆਂ ਕੋਲੋ ਤਹਿਸੀਲ ਦਾ ਦਰਜਾ ਖੋਹ ਕੇ ਅਜਨਾਲਾ ਨੂੰ ਦੇ ਦਿੱਤਾ ਗਿਆ।
ਸੌੜੀਆਂ ਪਿੰਡ ਦਾ ਇਤਹਾਸ | Saurian Village History

Leave a Comment

error: Content is protected !!