ਅਕਲੀਆ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਅਕਲੀਆ, ਮਾਨਸਾ ਬਰਨਾਲਾ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੈ ਅਤੇ ਮਾਨਸਾ ਤੋਂ 24 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ 450 ਵਰ੍ਹੇ ਪਹਿਲਾਂ ਜੈਤੋ ਦੇ ਪੜਪੋਤੇ ਆਕਲੀਆ, ਜੋ ਆਪਣੇ ਨਾਨਕੀ ਸਿੰਧੂਆਂ ਪਾਸ ਸਰਦੂਲਗੜ੍ਹ ਰਿਹਾ ਕਰਦਾ ਸੀ, ਨੇ ਬੰਨ੍ਹਿਆ ਸੀ। ਜੋਗੇ-ਰੱਲੇ ਦੇ ਚਹਿਲ ਇਸ ਥਾਂ ਉੱਪਰ ਕਿਸੇ ਨੂੰ ਵਸਣ ਨਹੀਂ ਸਨ ਦੇਂਦੇ ਅਤੇ ਚਹਿਲਾਂ ਦੇ ਰਾਜ ਨੂੰ ਮਹਿਰਾਜ ਤੱਕ ਸੁਰੱਖਿਅਤ ਰੱਖਣਾ ਚਾਹੁੰਦੇ ਸਨ। ਇੱਕ ਵਾਰੀ ‘ਚੌਂ’ ਅਤੇ ‘ਪਖੋ’ ਦੇ ਚਰਦੇ ਪਸ਼ੂਆਂ ਨੂੰ ਚਹਿਲਾਂ ਨੇ ਘੇਰ ਲਿਆ ਤੇ ਖੋਹ ਕੇ ਲਿਜਾ ਰਹੇ ਸਨ । ਆਕਲੀਆ ਜੋ ਉਸ ਸਮੇਂ ਜਵਾਨ ਗੱਭਰੂ ਸੀ ਅਤੇ ਸਿੱਧੂ ਭਾਈਚਾਰੇ ਨੂੰ ਮਿਲਣ ਆਇਆ ਹੋਇਆ ਸੀ ਨੇ ਚਹਿਲਾਂ ਤੇ ਝਪਟ ਕੇ ਸਾਰੇ ਪਸ਼ੂ ਮੁੜਵਾ ਕੇ ਲਿਆਂਦੇ। ਇਸ ਬਹਾਦਰੀ ਨੂੰ ਵੇਖਕੇ ‘ਚੌ’ ਤੇ ‘ਪਖੋ’ ਵਾਲਿਆਂ ਨੇ ਤੀਜੇ ਹਿੱਸੇ ਦੀ 30,000 ਵਿੱਘੇ ਦੀ ਢੇਰੀ ਦੇ ਕੇ ਆਪਣੇ ਨਾਲ ਹੀ ਚਹਿਲਾਂ ਵਾਲੇ ਪਾਸੇ ਆਕਲੀਏ ਨੂੰ ਵਸਾ ਲਿਆ। ਭਾਵੇਂ ਅਕਲੀਆ ਨੇ ਵਾਸਾ ਕਰ ਲਿਆ ਪਰ ਚਹਿਲਾਂ ਨੇ ਇਸ ਨਾਲ ਝੜਪ ਲੈਣੋਂ ਨਾ ਛੱਡੀ। ਇੱਕ ਦਿਨ ਆਕਲੀਏ ਨੇ ਇੱਕ ਸ਼ੇਰ ਨੂੰ ਮਾਰਿਆ ਜੋ ਪਸ਼ੂਆਂ ਨੂੰ ਮਾਰਦਾ ਸੀ। ਚਹਿਲਾਂ ਵਿੱਚ ਆਕਲੀਏ ਦੀ ਧਾਂਕ ਬੈਠ ਗਈ। ਅਖੀਰ ਜੋਗੇ ਦੇ ਜੁਗਰਾਜ ਨੇ ਆਪਣੀ ਪੋਤੀ ਦਾ ਰਿਸ਼ਤਾ ਆਕਲੀਏ ਨੂੰ ਕਰ ਦਿੱਤਾ ਜਿਸ ਤੇ ਚਹਿਲਾਂ ਨੇ ਬਹੁਤ ਬੁਰਾ ਮਨਾਇਆ ਪਰ ਜੁਗਰਾਜ ਨੇ ਆਪਣਾ ਫੈਸਲਾ ਨਾ ਬਦਲਿਆ। ਆਕਲੀਏ ਦੇ ਛੇ ਪੁੱਤਰ ਹੋਏ ਨੰਦ, ਮੱਲਾ, ਕਾਂਧਲ, ਮਨੋਹਰ, ਲਾਲਾ ਅਤੇ ਮਾਨਾਂ। ਇਨ੍ਹਾਂ ਦੇ ਨਾਵਾਂ ਤੇ ਹੀ ਪਿੰਡ ਦੀਆਂ ਛੇ ਪੱਤੀਆਂ ਹਨ । ਬਾਅਦ ਵਿੱਚ ਭੱਠਲ, ਗਿੱਲ ਅਤੇ ਸਰਾਉਂ ਵੀ ਆ
ਕੇ ਇੱਥੇ ਵੱਸੇ। ਦੋ ਪੱਤੀਆਂ ਰਵਿਦਾਸੀਆਂ ਤੇ ਤਿੰਨ ਮਜ੍ਹਬੀਆਂ ਦੀਆਂ ਵੀ ਹਨ। ਇਸ ਪਿੰਡ ਵਿੱਚ ਦੋ ਗੁਰਦੁਆਰੇ ਹਨ। ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਡ ਵਿੱਚ ਆਉਣ ਦੀ ਯਾਦ ਵਿੱਚ ਹੈ। ਦੋ ਉਦਾਸੀਆਂ ਦੇ ਡੇਰੇ ਹਨ ਇੱਕ ਡੇਰਾ ਭਾਈ ਭਾਗ ਤੇ ਦੂਸਰਾ ਡੇਰਾ ਘਤੂਆਂ। ਡੇਰਾ ਭਾਗ ਵਿਖੇ ਇੱਕ ਸੰਤ ਸੀ ਜਿਸਦੀ ਦਵਾਈ ਨਾਲ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਘਰ ਪੁੱਤਰ ਹੋਇਆ। ਮਹਾਰਾਜੇ ਨੇ ਸੰਤਾਂ ਦੀ ਸੰਗਮਰਮਰ ਦੀ ਸਮਾਧ ਬਣਾਈ ਤੇ 660 ਰੁਪਏ ਦੀ ਜਗੀਰ ਡੇਰੇ ਨੂੰ ਲਗਵਾਈ ਜੋ ਅਜ਼ਾਦੀ ਤੋਂ ਬਾਅਦ ਵੀ ਜਾਰੀ ਰਹੀ।
ਇਸ ਪਿੰਡ ਦਾ ਇੱਕ ਪੰਡਤ ਉੱਤਮ ਸਿੰਘ, ਜੋ ਨਾਭੇ ਪੜ੍ਹਿਆ ਸੀ, ਇੱਕ ਚੰਗਾ ਵੈਦ ਸੀ। ਉਹ ਬਾਅਦ ਵਿੱਚ ਬਰਮਾ ਜਾ ਕੇ ਵੈਦਗੀ ਕਰਦੇ ਹੋਏ ਇੱਕ ਅੰਗਰੇਜ਼ ਤੋਂ ਸ਼ਰਾਬ ਬਣਾਉਣ ਦਾ ਕੰਮ ਸਿੱਖ ਕੇ ਆਇਆ ਸੀ। ਜਦੋਂ ਮਹਾਰਾਜਾ ਨਾਭਾ ਨੇ ਨਾਭਾ ਵਿਖੇ ਡਿਸਟਲਰੀ ਖੋਲ੍ਹੀ ਤਾਂ ਉਸਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ। ਇਨ੍ਹਾਂ ਵਿੱਚੋਂ ਹੀ ਬਾਅਦ ਵਿਚ, ਪੰਡਤ ਆਸਾ ਸਿੰਘ ਮਹਾਰਾਜਾ ਰਿਪਦੁਮਨ ਸਿੰਘ ਦਾ ਏ. ਡੀ. ਸੀ. ਬਣਿਆ ਜੋ ਅੰਗਰੇਜ਼ਾਂ ਦੇ ਸਰਕਾਰੀ ਦਫਤਰਾਂ ਵਿੱਚੋਂ ਸਾਰੇ ਖੂਫ਼ੀਆ ਕਾਗਜ਼ਾਂ ਦੀਆਂ ਨਕਲਾਂ ਲੈ ਆਉਂਦਾ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ