ਅਟਾਰੀ
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਅਟਾਰੀ, ਅੰਮ੍ਰਿਤਸਰ-ਵਾਘਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਵੀ ਅਟਾਰੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਾਲੀ ਜਗ੍ਹਾ ਤੇ ਪਹਿਲਾਂ ਜੰਗਲ ਹੁੰਦਾ ਸੀ ਅਤੇ ਉਪਰ ਇੱਕ ਥੇਹ ਤੇ ਮਹੰਤਾਂ (ਸਾਧੂਆਂ) ਦਾ ਮੰਦਰ ਹੁੰਦਾ ਸੀ। ਇਸ ਮੰਦਰ ਵਿੱਚ ਮੁਗਲ ਬਾਦਸ਼ਾਹੀਆਂ, ਇਰਾਨ ਦੇ ਮੁਗਲ ਸ਼ਹਿਨਸ਼ਾਹ ਵਲੋਂ ਸੋਨਾ ਚਾਂਦੀ ਦੇ ਰੂਪ ਵਿੱਚ ਬਹੁਤ ਚੜ੍ਹਾਵਾ ਚੜਾਇਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਉਘੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ ਪਿਤਾ ਅਤੇ ਚਾਚਾ ਪਿੰਡ ਕਾਉਂਕੇ (ਜਿਲ੍ਹਾ ਲੁਧਿਆਣਾ) ਤੋਂ ਉਠ ਕੇ ਇੱਥੇ ਨੇੜੇ ਆ ਕੇ ਬੈਠ ਗਏ। ਉਹ ਮਹੰਤਾਂ ਦੇ ਡੇਰੇ ਵੀ ਆਉਂਦੇ ਸਨ। ਉਸ ਵੇਲੇ ਇਸ ਜਗ੍ਹਾ ਨੂੰ ਉਹ ਲੋਕ ਉਜਾੜ ਕਹਿੰਦੇ ਸਨ ਪਰ ਮਹੰਤਾਂ ਨੇ ਕਿਹਾ ਕਿ ਇੱਥੇ ‘ਅਟਾਰੀਆਂ ਪੈਣਗੀਆਂ। ਸ਼ਾਮ ਸਿੰਘ ਅਟਾਰੀਵਾਲਾ ਬਹੁਤ ਤਕੜਾ ਜਵਾਨ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ। ਲਾਹੌਰ ਨੂੰ ਜਾਂਦਾ ਇੱਥੋਂ ਲੰਘਦਾ ਸੀ ਤਾਂ ਉਹ ਲੁੱਟ ਲੈਂਦਾ ਸੀ । ਜਦੋਂ ਤੀਸਰੀ ਵਾਰੀ ਖਜ਼ਾਨਾ ਲੁੱਟਿਆ ਗਿਆ ਤਾ ਮਹਾਰਾਜੇ ਨੇ ਮੁਨਿਆਦੀ ਕਰਵਾ ਦਿੱਤੀ ਕਿ ਜਿਹੜਾ ਗਭੱਰੂ ਖਜ਼ਾਨਾ ਲੁੱਟਦਾ ਹੈ ਉਹ ਆਵੇ ਤੇ ਮਹਾਰਾਜਾ ਉਸਨੂੰ ਆਪਣੀ ਫੌਜ ਵਿੱਚ ਜਰਨੈਲ ਬਣਾ ਦਏਗਾ। ਇਸ ਤਰ੍ਹਾ ਸ਼ਾਮ ਸਿੰਘ ਖਾਲਸਈ ਫੌਜ ਦਾ ਜਰਨੈਲ ਬਣ ਗਿਆ। ਉਹਨਾਂ ਇੱਥੇ ਕਚਹਿਰੀ, ਕਿਲ੍ਹਾ, ਮਹੱਲ ਮਾੜੀਆਂ (ਅਟਾਰੀਆਂ) ਬਣਵਾਈਆਂ। ਇਸ ਤਰ੍ਹਾਂ ਮਹੰਤਾਂ ਦੀ ਭਵਿੱਖ ਬਾਣੀ ਤੇ ਲਫਜ਼ਾਂ ਤੋਂ ਪਿੰਡ ਦਾ ਨਾਂ ‘ਅਟਾਰੀ’ ਪੈ ਗਿਆ।
ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਬਰਾਤ ਸ਼ਾਮ ਸਿੰਘ ਅਟਾਰੀ ਵਾਲੇ ਦੇ ਘਰ ਢੁੱਕੀ ਸੀ। ਕਹਿੰਦੇ ਹਨ ਹਾਥੀ ਘੋੜਿਆਂ ‘ਤੇ ਬਰਾਤ ਇੱਕ ਪਾਸੇ ਇੱਥੇ ਪਹੁੰਚ ਗਈ ਅਤੇ ਦੂਸਰੇ ਪਾਸੇ ਅਜੇ ਅੰਮ੍ਰਿਤਸਰ ਹੀ ਸੀ। ਤਿੰਨ ਦਿਨ ਬਰਾਤ ਰਹੀ। ਬਹੁਤ ਸਾਰਾ ਦਾਜ ਦਿੱਤਾ ਗਿਆ।
ਮਹਾਨ ਜਰਨਲ ਸਭਰਾਵਾਂ ਦੀ ਲੜਾਈ ਵਿੱਚ ਸ਼ਹੀਦ ਹੋਏ ਅਤੇ ਇਸ ਪਿੰਡ ਵਿੱਚ ਸਸਕਾਰ ਕੀਤਾ ਗਿਆ। ਉਹਨਾਂ ਦੀ ਸਮਾਧ ਤਲਾਅ ਦੇ ਕੰਢੇ ਪਿੰਡ ਵਿੱਚ ਹੈ। ਸਮਾਧ ਦੇ ਗੇਟ ਤੇ ਲਿਖਿਆ ਹੈ : –
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ ਸ਼ਸਤਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆ ਦੇ ਵਾਂਗ ਨਿੰਬੂਆ ਲਹੂ ਨਿਚੋੜ ਸੁੱਟੇ।