ਆਸਾ ਬੁੱਟਰ
ਸਥਿਤੀ :
ਤਹਿਸੀਲ ਗਿੱਦੜਬਾਹਾ ਦਾ ਪਿੰਡ ਆਸਾ ਬੁੱਟਰ, ਮੁਕਤਸਰ – ਭੁੱਲਰ – ਜੈਤੋਂ ਸੜਕ ‘ਤੇ ਸਥਿਤ ਹੈ ਅਤੇ ਮੁਕਤਸਰ ਰੇਲਵੇ ਸਟੇਸ਼ਨ ਤੋਂ 17 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 300 ਸਾਲ ਪਹਿਲਾਂ ਆਸਾ ਸਿੰਘ ਨਾਮ ਦਾ ਵਿਅਕਤੀ ਪਸ਼ੂ ਚਾਰਦੇ ਚਾਰਦੇ ਪਿੰਡ ਵਾਲੀ ਜਗ੍ਹਾ ਤੇ ਆ ਗਿਆ। ਇੱਥੇ ਵੱਡਾ ਛੱਪੜ ਤੇ ਆਸ ਪਾਸ ਚਰਾਂਦ ਵੇਖ ਕੇ ਇੱਥੇ ਡੇਰਾ ਲਾ ਲਿਆ। ਉਹ ਮੁਕਤਸਰ – ਬਠਿੰਡਾ ਸੜਕ ‘ਤੇ ਸਥਿਤ ਸ਼ਰੀਹ ਬੁੱਟਰ ਪਿੰਡ ਤੋਂ ਸੀ ਅਤੇ ਉਸਦਾ ਗੋਤ ਬੁੱਟਰ ਸੀ। ਉਸਦੇ ਨਾਂ ਤੇ ਗੋਤ ਤੋਂ ਪਿੰਡ ਦਾ ਨਾਂ ‘ਆਸਾ ਬੁੱਟਰ’ ਪੈ ਗਿਆ।
ਪਿੰਡ ਦੇ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਮੁਤਾਬਕ ਜਦੋਂ ਇਹ ਪਿੰਡ ਵੱਸਣ ਲੱਗਾ ਤਾਂ ਨਾਲ ਵਾਲੇ ਪਿੰਡ ਕਾਉਣੀ ਦੇ ਕੁੱਝ ਲੋਕਾਂ ਨੇ ਛੱਪੜ ਤੇ ਚਰਾਂਦ, ਜਿਸ ਨੂੰ ਉਹ ਆਪਣੀ ਮਲਕੀਅਤ ਸਮਝਦੇ ਸਨ, ਖੁਸਦੀ ਵੇਖ ਕੇ ਨਵੇਂ ਵੱਸੇ ਲੋਕਾਂ ਨੂੰ ਨਸਾਣ ਲਈ ਨਿੱਤ ਨਵੀਂ ਸਾਜਸ਼ ਕਰਨੀ ਸ਼ੁਰੂ ਕਰ ਦਿੱਤੀ। ਇੱਕ ਵਾਰੀ ਰਾਤ ਦੇ ਸਮੇਂ ਝੁੱਗੀਆਂ ਝੋਂਪੜੀਆਂ, ਜੋ ਪਿੰਡ ਦਾ ਮੁਢਲਾ ਰੂਪ ਸੀ, ਨੂੰ ਅੱਗ ਲਾਉਣ ਤੇ ਲੁੱਟ ਮਾਰ ਦੀ ਵਿਉਂਤ ਬਣਾਈ ਪ੍ਰੰਤੂ ਸਾਜਸ਼ ਕਾਮਯਾਬ ਨਾ ਹੋਈ। ਕਿਉਂਕਿ ਸ਼ਰੀਹ ਬੁੱਟਰ ਪਿੰਡ ਤੋਂ ਕਾਉਣੀ ਵਿਆਹੀ ਇੱਕ ਲੜਕੀ ਨੂੰ ਪਤਾ ਲਗ ਗਿਆ। ਆਸਾ ਬੁੱਟਰ ਦੇ ਲੋਕਾਂ ਨਾਲ ਪੇਕਿਆਂ ਵਾਲਾ ਰਿਸ਼ਤਾ ਹੋਣ ਕਰਕੇ ਉਹ ਰਾਤ ਨੂੰ ਇੱਕਲੀ ਤਿੰਨ ਮੀਲ ਦਾ ਰਸਤਾ ਇਕੱਲੀ, ਛੋਟੇ ਬੱਚੇ ਨੂੰ ਸੁੱਤਾ ਛੱਡ ਕੇ ਚੋਰੀ ਛਿਪੇ ਆ ਕੇ ਖਬਰ ਪਹੁੰਚਾ ਕੇ ਰਾਤੋ ਰਾਤ ਵਾਪਸ ਚਲੀ ਗਈ। ਆਸਾ ਬੁੱਟਰ ਦੇ ਲੋਕਾਂ ਨੇ ਬਚਾਅ ਲਈ ਤੁਰੰਤ ਬੰਦਾ ਭੇਜ ਕੇ ਰਾਜਾ ਫਰੀਦਕੋਟ ਕੋਲੋਂ ਸੈਨਿਕ ਸਹਾਇਤਾ ਮੰਗਵਾ ਲਈ। ਇਸ ਤਰ੍ਹਾਂ ਟਕਰਾਓ ਟਲ ਗਿਆ ਤੇ ਪਿੰਡ ਵੀ ਸਥਾਪਤ ਹੋ ਗਿਆ। ਬਾਅਦ ਵਿੱਚ ਗੁਲਾਬ ਰਾਏ ਨੇ ਘੋੜਾ ਫੇਰ ਕੇ ਪਿੰਡ ਆਸਾ ਬੁੱਟਰ ਦੀ ਵੱਖਰੀ ਹੱਦਬੰਦੀ ਕਰ ਦਿੱਤੀ ਤੇ ਕਾਉਣੀ ਵਾਲਿਆਂ ਵੀ ਇਸਨੂੰ ਪ੍ਰਵਾਨ ਕਰ ਲਿਆ। ਰਿਸ਼ਤੇਦਾਰੀਆਂ ਬਣਨ ਨਾਲ ਆਪਸੀ ਸਾਂਝ ਵਧੀ ਤੇ ਸੰਬੰਧ ਸੁਖਾਵੇਂ ਹੋ ਗਏ।
ਇਸ ਪਿੰਡ ਵਿੱਚ ਬੁੱਟਰ ਗੋਤ ਦੇ ਜੱਟਾਂ ਤੋਂ ਇਲਾਵਾ ਮਜ਼੍ਹਬੀ ਸਿੱਖ, ਮੁਸਲਮਾਨ, ਲੁਹਾਰ, ਹਿੰਦੂ ਬ੍ਰਾਹਮਣ, ਅਰੋੜੇ, ਖੱਤਰੀ, ਨਾਈ ਤੇ ਛੀਬੇਂ ਆਦਿ ਪਿੰਡ ਦੀਆਂ ਮੋੜ੍ਹੀ ਗੱਡ ਵਸਨੀਕ ਜਾਤੀਆਂ ਹਨ। ਸ਼ੁਰੂ ਵਿੱਚ ਇਹ ਸਾਰੇ ਜ਼ਮੀਨਾਂ ਦੇ ਮਾਲਕ ਸਨ । ਮੁਸਲਮਾਨ ਲੁਹਾਰ ਜੋ ਪਾਕਿਸਤਾਨ ਚਲੇ ਗਏ, ਤੋਂ ਬਿਨਾਂ ਬਾਕੀ ਸਭ ਦੀ ਔਲਾਦ ਪਿੰਡ ਦੀ ਵਸਨੀਕ वै।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ