ਕੱਟਿਆਂ ਵਾਲੀ
ਸਥਿਤੀ:
ਤਹਿਸੀਲ ਮਲੋਟ ਦਾ ਪਿੰਡ ਕੱਟਿਆਂ ਵਾਲੀ, ਮਲੋਟ- ਅਬੋਹਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਲੋਟ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਰਾਵਾਂ ਬੋਦਲਾਂ ਦੇ ਮੁਸਲਮਾਨ ਜਗੀਰਦਾਰ ਨੇ ਆਪਣੀ ਧੀ ਨੂੰ ਦਾਜ ਵਿੱਚ ਦਿੱਤਾ ਸੀ। ਜਗੀਰਦਾਰ ਕੋਲ 24 ਹਜ਼ਾਰ ਵਿਘੇ ਜ਼ਮੀਨ ਦੇ ਸਨ ਜਿਸ ਵਿੱਚੋਂ 5 ਹਜ਼ਾਰ – ਵਿਘੇ ਉਸ ਨੇ ਆਪਣੇ ਜਵਾਈ ਨੂੰ ਦਾਜ ਵਜੋਂ ਦਿਤੇ ਸਨ। ਜਗੀਰਦਾਰ ਨੇ ਸਰਾਵਾਂ ਵਿੱਚੋਂ ਹੀ ਮੁਸਲਮਾਨ ਤੇ ਹੋਰ ਜਾਤਾਂ ਦੇ ਲੋਕ ਮੁਜਾਰਿਆਂ ਦੇ ਤੌਰ ‘ਤੇ ਆਪਣੀ ਧੀ ਨਾਲ ਭੇਜ ਦਿੱਤੇ ਸਨ। ਪਿੰਡ ਦਾ ਪਹਿਲਾਂ ਨਾਂ ਕੁੱਝ ਹੋਰ ਸੀ ਪਰ ‘ਕੱਟਿਆਂ ਵਾਲੀ’ ਪ੍ਰਚਲਤ ਹੋਣ ਦਾ ਕਾਰਣ ਇਹ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਛੱਪੜ ਸੀ ਜਿੱਥੇ ਆਉਂਦੇ ਜਾਂਦੇ ਰਾਹੀ ਆਰਾਮ ਕਰਦੇ ਅਤੇ ਆਪਣੇ ਕੱਟਿਆਂ ਨੂੰ ਨੁਹਾਉਂਦੇ ਸਨ। ਇਸ ਤਰ੍ਹਾਂ ਇਸ ਜਗ੍ਹਾ ਦਾਂ ਨਾਂ ‘ਕੱਟਿਆਂ ਵਾਲੀ’ ਮਸ਼ਹੂਰ ਹੋ ਗਿਆ।
1947 ਤੋਂ ਬਾਅਦ ਮੁਸਲਮਾਨ ਚਲੇ ਗਏ ਅਤੇ ਇਨ੍ਹਾਂ ਦੀ ਥਾਂ ਲਾਹੌਰੀਏ ਮਝੈਲਾਂ ਨੂੰ ਜ਼ਮੀਨ ਅਲਾਟ ਹੋਈ। ਇਨ੍ਹਾਂ ਨਾਲ ਹੀ ਵੱਖ ਵੱਖ ਇਲਾਕਿਆਂ ਵਿੱਚੋਂ ਕੰਬੋਜ ਸਿੱਖ, ਰਾਅ ਸਿੱਖ, ਮਜ਼੍ਹਬੀ ਸਿੱਖ, ਓਡ ਤੇ ਰਾਜਪੂਤ ਆ ਵਸੇ। ਜੱਟ ਕਿਸਾਨ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਉਹਨਾਂ ਕੋਲ ਵਧੀਆ ਜ਼ਮੀਨਾਂ ਸਨ ਅਤੇ ਇਧਰ ਟਿੱਬਿਆਂ ਵਾਲੀਆਂ ਜ਼ਮੀਨਾਂ ਮਿਲੀਆਂ ਪਰ ਉਹ ਹਿੰਮਤ ਨਹੀਂ ਹਾਰੇ ਤੇ ਆਪਣੀ ਮੇਹਨਤ ਨਾਲ ਇਸ ਜ਼ਮੀਨ ਨੂੰ ਸੁਆਰ ਕੇ ਉਪਜਾਊ ਬਣਾਇਆ ਹੈ। ਇਹ ਪਿੰਡ ਨਰਮੇ ਦਾ ਭੰਡਾਰ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਹੈ। ਪਿੰਡ ਦੇ ਕਾਫੀ ਵਿਅਕਤੀਆਂ ਨੇ ਅਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਯੋਗਦਾਨ ਪਾਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ